Thursday, January 5, 2017

“ਗੁਰਦਿਆਲ ਸਿੰਘ ਦਿਵਸ” ਦਾ ਮਹੱਤਵ



ਗੁਰਦਿਆਲ ਸਿੰਘ ਦਿਵਸਦਾ ਮਹੱਤਵ
            10 ਜਨਵਰੀ ਨੂੰ ਪੰਜਾਬੀ ਦੇ ਸ਼੍ਰੋਮਣੀ ਨਾਵਲਕਾਰ ਗੁਰਦਿਆਲ ਸਿੰਘ ਦਾ ਜਨਮ ਦਿਹਾੜਾ ਹੈ। ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫਲਾਵੱਲੋਂ ਇਸ ਦਿਹਾੜੇ ਨੂੰ ਗੁਰਦਿਆਲ ਸਿੰਘ ਦਿਵਸਵਜੋਂ ਮਨਾਉਣ ਦਾ ਸੱਦਾ ਦਿੱਤਾ ਗਿਆ ਹੈ। ਸਲਾਮ ਕਾਫਲਾਦਾ ਇਹ ਸੱਦਾ ਸਿਰਫ ਸਾਹਿਤਕਾਰਾਂ-ਕਲਾਕਾਰਾਂ ਲਈ ਹੀ ਨਹੀਂ ਹੈ, ਉਹਨਾਂ ਸਭਨਾਂ ਲੋਕਾਂ ਲਈ ਹੈ ਜੋ ਮੌਜੂਦਾ ਸਰਬੱਤ ਦੋਖੀ ਸਮਾਜਕ ਨਿਜ਼ਾਮ ਹੱਥੋਂ ਦੁਖੀ ਹਨ ਅਤੇ ਇਸ ਖਿਲਾਫ ਜੂਝ ਰਹੇ ਹਨ। 10 ਜਨਵਰੀ ਨੂੰ ਗੁਰਦਿਆਲ ਸਿੰਘ ਦਿਵਸਵਜੋਂ ਮਨਾਉਣਾ, ਸਾਹਿਤਕ ਹਲਕਿਆਂ ਅਤੇ ਹੋਰਨਾਂ ਜਾਗਰੂਕ ਹਿੱਸਿਆਂ ਦੀ ਸਾਂਝੀ ਪਿਰਤ ਬਣਨੀ ਚਾਹੀਦੀ ਹੈ। ਸਲਾਮ ਕਾਫਲਾਵੱਲੋਂ 10 ਜਨਵਰੀ ਦਾ ਗੁਰਦਿਆਲ ਸਿੰਘ ਸਮਾਗਮਉਨ੍ਹਾਂ ਦੇ ਜੱਦੀ ਕਸਬੇ ਜੈਤੋ ਚ ਕੀਤਾ ਜਾ ਰਿਹਾ ਹੈਇਸ ਸਮਾਗਮ ਚ ਸਾਹਿਤ ਅਤੇ ਕਲਾ ਖੇਤਰ ਦੀਆਂ ਅਹਿਮ ਹਸਤੀਆਂ ਤੋਂ ਇਲਾਵਾ ਮਜਦੂਰਾਂ, ਕਿਸਾਨਾਂ ਅਤੇ ਹੋਰਨਾਂ  ਲੋਕਾਂ ਦੇ ਜਾਗਰਤ ਜੁਝਾਰ ਹਿੱਸੇ ਸ਼ਾਮਲ ਹੋਣਗੇ।
            ਗੁਰਦਿਆਲ ਸਿੰਘ ਦਿਵਸ ਕਿਵੇਂ ਮਨਾਇਆ ਜਾਣਾ ਚਾਹੀਦਾ ਹੈ? ਇਸ ਸਵਾਲ ਦਾ ਜਵਾਬ ਸਾਹਿਤ ਅਤੇ ਸਮਾਜ ਦੇ ਆਪਸੀ ਸਬੰਧ ਨਾਲ ਜੁੜਿਆ ਹੋਇਆ ਹੈਸਾਹਿਤ ਅਤੇ ਕਲਾ ਸਮਾਜਕ ਮਨੁੱਖੀ ਚੇਤਨਾ ਦਾ ਹੀ ਵਿਸ਼ੇਸ਼ ਰੂਪ ਹਨ। [1] ਮਨੁੱਖਤਾ ਵੱਲੋਂ ਆਪਣੀਆਂ ਜੀਵਨ ਹਾਲਤਾਂ ਦੀ ਥਾਹ ਪਾਉਣ ਅਤੇ ਇਨਾਂ ਦੀ ਸੂਝ ਨੂੰ ਪ੍ਰਗਟ ਕਰਨ ਦਾ ਹੀ ਵਿਸ਼ੇਸ਼ ਰੂਪ ਹਨ। ਕਿਉਂਕਿ ਸਾਹਿਤ ਅਤੇ ਕਲਾ ਰਚਨਾਵਾਂ   ਜ਼ਿੰਦਗੀ ਬਾਰੇ ਚੇਤਨਾ ਸਮੋਈ ਹੁੰਦੀ ਹੈ, ਇਸ ਕਰਕੇ ਇਹ ਮਨੁੱਖ ਨੂੰ ਸਿਰਫ ਅਨੰਦਤ ਹੀ ਨਹੀਂ ਕਰਦੀਆਂ, ਉਸਦੀ ਸਮਾਜਿਕ ਜੀਵਨ ਸਰਗਰਮੀ ਅਤੇ ਦਿਸ਼ਾ ਨੂੰ ਪ੍ਰਭਾਵਤ ਵੀ ਕਰਦੀਆਂ ਹਨ। ਸਗੋਂ ਇਹ ਕਹਿਣਾ ਵਧੇਰੇ ਠੀਕ ਹੈ ਕਿ ਪ੍ਰਭਾਵਤ ਕੀਤੇ ਬਿਨਾ ਰਹਿ ਹੀ ਨਹੀਂ ਸਕਦੀਆਂ। ਕਿਸੇ ਸਾਹਿਤ ਜਾਂ ਕਲਾ ਰਚਨਾ ਦੀ  ਮਨੁੱਖੀ ਜੀਵਨ ਸਰਗਰਮੀ ਤੇ ਮੋਹਰ ਛਾਪ ਇਸ ਚ ਸਮੋਈ ਸਮਾਜਿਕ ਮਨੁੱਖੀ ਚੇਤਨਾ ਤੇ ਨਿਰਭਰ ਕਰਦੀ ਹੈ। ਸਾਹਿਤ ਅਤੇ ਕਲਾ ਰਚਨਾਵਾਂ ਦੀ ਸਾਰਥਕਤਾ, ਮਨੁੱਖੀ ਚੇਤਨਾ ਅਤੇ ਜੀਵਨ ਸਰਗਰਮੀ ਨੂੰ ਚੰਗਾ ਰੁਖ ਦੇਣ ਦੀ ਇਹਨਾਂ ਦੀ ਸ਼ਕਤੀ ਰਾਹੀਂ ਪਰਖੀ ਜਾਂਦੀ ਹੈਸਾਹਿਤ ਅਤੇ ਕਲਾ ਦੀ ਪਰਖ ਦੇ ਇਸ ਪੈਮਾਨੇ ਨੂੰ ਹੀ ਸੁਰਜੀਤ ਪਾਤਰ ਨੇ ਇਹਨਾਂ ਸ਼ਬਦਾਂ ਚ ਪੇਸ਼ ਕੀਤਾ ਹੈ:
            ਇਹ ਜੋ ਰੰਗਾਂ ਚ ਚਿਤਰੇ ਨੇ ਖੁਰ ਜਾਣਗੇ
            ਇਹ ਜੋ ਮਰਮਰ ਚ ਉਕਰੇ ਨੇ ਮਿਟ ਜਾਣਗੇ
            ਬਲ਼ਦੇ ਹੱਥਾਂ ਨੇ ਜਿਹੜੇ ਹਵਾ ਚ ਲਿਖੇ
            ਹਰਫ ਉਹੀ ਹਮੇਸ਼ਾ ਲਿਖੇ ਰਹਿਣਗੇ
            ਗੁਰਦਿਆਲ ਸਿੰਘ ਨੇ ਆਪਣੀ ਸਾਹਿਤਕ ਦ੍ਰਿਸ਼ਟੀ ਨੂੰ ਕਲਾ, ਸਾਹਿਤ ਅਤੇ ਸਮਾਜ ਦੇ ਇਸੇ ਰਿਸ਼ਤੇ ਅਨੁਸਾਰ ਢਾਲਿਆ ਅਤੇ ਆਪਣੀ ਸਾਹਿਤ ਰਚਨਾ ਚ ਸਾਕਾਰ ਕੀਤਾ ਹੈਕਲਾ ਨੂੰ ਇਸਦੇ ਸਮਾਜਿਕ ਮਨੋਰਥ ਨਾਲੋਂ ਤੋੜਨ ਖਿਲਾਫ ਡਟਦਿਆਂ,  ਉਹਨਾਂ ਨੇ ਕਲਾ ਕਲਾ ਲਈਦੇ ਪੈਰੋਕਾਰਾਂ ਨਾਲੋਂ ਨਿਖੇੜਾ ਕੀਤਾਅੱਜ ਸੰਸਾਰੀਕਰਣ ਦੇ ਹੱਲੇ ਦੇ ਅੰਗ ਵਜੋਂ ਸਾਹਿਤ ਅਤੇ ਕਲਾ ਨੂੰ ਇਸਦੇ ਸਮਾਜਿਕ ਮੰਤਵ ਤੋਂ ਵਿਰਵੇ ਕਰਨ ਅਤੇ ਨਿਰੋਲ ਮੰਡੀ ਦੀ ਜਿਣਸ ਬਣਾ ਦੇਣ ਦਾ ਅਮਲ ਤੇਜ਼ ਹੋ ਰਿਹਾ ਹੈ। ਇਸ ਕਰਕੇ ਗੁਰਦਿਆਲ ਸਿੰਘ ਦਿਵਸਸਾਹਿਤ ਅਤੇ ਸਮਾਜ ਦੇ ਰਿਸ਼ਤੇ ਦੇ ਸਵਾਲ ਤੇ ਕਲਾ ਕਲਾ ਲ਼ਈਦੇ ਢੰਡੋਰਚੀਆਂ ਨਾਲੋਂ ਨਿਖੇੜੇ ਨੂੰ ਬੁਲੰਦ ਕਰਨ ਅਤੇ ਸਾਹਿਤ-ਕਲਾ ਦੇ ਬਾਜ਼ਾਰੀਕਰਣ ਖਿਲਾਫ ਮੋਰਚੇ ਮੱਲਣ  ਦਾ ਦਿਹਾੜਾ ਬਣਨਾ ਚਾਹੀਦਾ ਹੈ।
            ਗੁਰਦਿਆਲ ਸਿੰਘ ਦੀ ਸਾਹਿਤਕ ਨੀਝ ਰਾਹੀਂ ਪਰਗਟ ਹੋਈ ਸਮਾਜ ਦੀ ਤਸਵੀਰ ਜਮਾਤਾਂ ਚ ਵੰਡੇ ਸਮਾਜ ਦੀ ਤਸਵੀਰ ਹੈ। ਮਿਹਨਤਕਸ਼ਾਂ ਅਤੇ ਦੱਬੇ ਕੁਚਲਿਆਂ ਦੀ ਵਿਸ਼ਾਲ ਲੋਕਾਈ ਤੇ ਸਕਤਿਆਂ ਦੇ ਦਾਬੇ ਅਤੇ ਦਮਨ ਦੀ ਤਸਵੀਰ ਹੈ। ਜਾਇਦਾਦ ਪ੍ਰਧਾਨ ਜਮਾਤੀ ਸਮਾਜ ,ਇਸਦੀਆਂ ਸੰਸਥਾਵਾਂ ਅਤੇ ਕਾਨੂੰਨ ਉਹਨਾਂ ਦੀ ਰਚਨਾ ਚ ਬੇਕਿਰਕ ਅਲੋਚਨਾ ਅਤੇ ਵਿਅੰਗ ਦਾ ਨਿਸ਼ਾਨਾ ਹਨਇਨ੍ਹਾਂ ਖਿਲਾਫ ਗੁੱਸਾ ਅਤੇ ਨਫਰਤ ਗੁਰਦਿਆਲ ਸਿੰਘ ਦੀਆਂ ਨਜ਼ਰਾਂ ਚ ਹੱਕੀ ਹਨਗੁਰਦਿਆਲ ਸਿੰਘ ਨੇ ਆਪਣੇ ਪਾਤਰ ਆਮ ਕਰਕੇ ਮਜ਼ਲੂਮ ਲੋਕਾਈ ਦੀਆਂ ਉਹਨਾਂ ਪਰਤਾਂ ਚੋਂ ਸਿਰਜੇ ਹਨ,ਜਿਹੜੀਆਂ ਨਾ ਸਿਰਫ ਇਨਕਲਾਬੀ ਜਮਾਤੀ ਚੇਤਨਾ ਤੋਂ ਸੱਖਣੀਆਂ ਹਨ, ਸਗੋਂ ਜਥੇਬੰਦ ਜਮਾਤੀ ਘੋਲ ਦੇ ਕਲਾਵੇ ਤੋਂ ਵੀ ਬਾਹਰ ਹਨ। [2] ਇਨਕਲਾਬੀ ਜਮਾਤੀ ਚੇਤਨਾ ਦੀ ਗ਼ੈਰਹਾਜ਼ਰੀ ਚ ਹਾਲਤ ਨਾਲ ਆਢਾ ਲਾਉਂਦੇ ਇਹ ਪਾਤਰ ਮਜ਼ਲੂਮ ਸ਼੍ਰੇਣੀਆਂ ਦੇ ਸੁਤੇ ਸਿਧ ਜਮਾਤੀ ਗੁਣਾਂ ਨੂੰ ਜ਼ਾਹਰ ਕਰਦੇ ਹਨ ਅਤੇ ਪਾਠਕਾਂ ਦੇ ਸਤਿਕਾਰ ਦੇ ਪਾਤਰ ਬਣਦੇ ਹਨ। ਦੂਜੇ ਪਾਸੇ ਇਹਨਾਂ ਪਾਤਰਾਂ ਤੇ ਕਾਬਜ਼ ਨਜ਼ਾਮ ਦੇ ਸੱਭਿਆਚਾਰ ਦੇ ਅਸਰਾਂ ਦੀ ਤਸਵੀਰ ਉੱਘੜਦੀ ਹੈ। ਇਹ ਅਸਰ ਕਮਜ਼ੋਰੀਆਂ ਅਤੇ ਸੀਮਤਾਈਆਂ ਵਜੋਂ ਸਾਹਮਣੇ ਆਉਂਦੇ ਹਨ। ਕਮਜ਼ੋਰੀਆਂ ਅਤੇ ਸੀਮਤਾਈਆਂ ਦੀ ਇਹ ਪੇਸ਼ਕਾਰੀ ਇਹਨਾਂ ਪਾਤਰਾਂ ਨੂੰ ਹਮਦਰਦੀ ਦੇ ਪਾਤਰ ਤਾਂ ਬਣਾਉਂਦੀ ਹੈ, ਪਰ ਤਰਸ ਦੇ ਪਾਤਰ ਨਹੀਂ ਬਣਾਉਂਦੀਇਸ ਪੇਸ਼ਕਾਰੀ ਚ ਇਤਿਹਾਸ ਦੇ ਸਿਰਜਣਹਾਰਾਂ ਦੇ ਉਸ ਤੰਤ   ਦੇ  ਸੰਕੇਤ ਮਿਲਦੇ ਹਨ, ਜਿਸ ਨੇ ਇਨਕਲਾਬੀ ਜਮਾਤੀ ਚੇਤਨਾ ਨਾਲ ਜੁੜਕੇ ਸਾਕਾਰ ਹੋਣਾ ਹੈ। ਇਉਂ ਗੁਰਦਿਆਲ ਸਿੰਘ ਵੱਲੋਂ ਪੇਸ਼ ਕੀਤੀ ਗਿਆਨ ਵਿਹੂਣੀ”,“ਰੱਈਅਤਦੇ ਜੀਵਨ ਦੀ ਤਸਵੀਰ ਮਜ਼ਲੂਮ ਜਮਾਤਾਂ ਪ੍ਰਤੀ ਤ੍ਰਿਸਕਾਰ ਦੀ ਨਹੀਂ, ਫਖਰ ਦੀ ਭਾਵਨਾ ਜਗਾਉਂਦੀ ਹੈ। ਉਨ੍ਹਾਂ ਦੀਆਂ ਸੰਭਾਵਨਾਵਾਂ ਚ ਵਿਸ਼ਵਾਸ਼ ਤਕੜਾ ਕਰਦੀ ਹੈਗੁਰਦਿਆਲ ਸਿੰਘ ਦੀ ਰਚਨਾ ਕਾਬਜ਼ ਜਮਾਤਾਂ ਵੱਲੋਂ ਨਿਮਾਣੇ, ਨਿਤਾਣੇ, ਅਣਹੋਏ ਅਤੇ ਪੈਰਾਂ ਦੀ ਧੂੜ ਸਮਝੇ ਜਾਣ ਵਾਲੇ ਪਾਤਰਾਂ ਨੂੰ ਪਾਠਕ ਦੀਆਂ ਪਲਕਾਂ ਤੇ ਬਿਠਾਉਂਦੀ ਹੈ। ਇਓਂ ਗੁਰਦਿਆਲ ਸਿੰਘ ਦੇ ਨਾਵਲ ਸਕਤਿਆਂ ਨਾਲ ਅਣਹੋਇਆਂਦੀ ਟੱਕਰ ਚ ਪਾਠਕ ਦੀ ਸੰਵੇਦਨਾ ਨੂੰ ਅਣਹੋਇਆਂਦੇ ਪੱਖ ਚ ਝੰਜੋੜਦੇ ਹਨ।
  ਮਧਵਰਗ ਦੀ ਸੰਵੇਦਨਾ ਅਤੇ ਸਮਾਜਕ ਰੋਲ ਨੂੰ ਸਹੀ ਦਿਸ਼ਾ ਚ ਪ੍ਰਭਾਵਤ ਕਰਨ ਪੱਖੋਂ ਗੁਰਦਿਆਲ ਸਿੰਘ ਦੀ ਰਚਨਾ ਵਿਸ਼ੇਸ਼ ਕਰਕੇ ਅਹਿਮ ਹੈ, ਕਿਉਂਕਿ ਇਹ ਰਚਨਾ ਪੜ੍ਹੇ-ਲਿਖੇ ਮਧਵਰਗ ਦੀ ਸੰਵੇਦਨਾ ਨੂੰ ਹਾਕਮ ਜਮਾਤੀ ਚੇਤਨਾ ਦੇ ਅਸਰਾਂ ਤੋਂ ਮੁਕਤ ਕਰਨ ਦਾ ਹਥਿਆਰ ਬਣਦੀ ਹੈਇਹ ਹਾਕਮ ਜਮਾਤੀ ਚੇਤਨਾ ਊਚ-ਨੀਚ ਦੇ ਜਗੀਰੂ ਸੰਸਕਾਰਾਂ ਰਾਹੀਂ ਵਗਦੀ ਹੈਇਹ ਸੰਸਕਾਰ ਮਨੁੱਖ ਦੇ ਸਮਾਜੀ ਰੁਤਬੇ ਨੂੰ ਜਾਇਦਾਦ ਦੇ ਗਜ ਨਾਲ ਮਿਣਦੇ ਹਨ। ਮਨੁੱਖੀ ਕਿਰਤ ਅਤੇ ਕਿਰਤੀਆਂ ਦੀ ਬੇਕਦਰੀ ਇਹਨਾਂ ਸੰਸਕਾਰਾਂ ਚ ਸਮੋਈ ਹੋਈ ਹੈਗੁਰਦਿਆਲ ਸਿੰਘ ਦੇ ਨਾਵਲ ਇਹਨਾਂ ਸੰਸਕਾਰਾਂ ਨਾਲ ਦਸਤਪੰਜਾ ਲੈਂਦੇ ਹਨ ਅਤੇ ਪਾਠਕ ਦੀ ਮਨੁੱਖੀ ਸੰਵੇਦਨਾ ਨੂੰ ਇਹਨਾਂ ਸੰਸਕਾਰਾਂ ਖਿਲਾਫ ਸੇਧਤ ਕਰਦੇ ਹਨ। ਮਧਵਰਗ ਦੀ ਸੰਵੇਦਨਾਤੇ ਗੁਰਦਿਆਲ ਸਿੰਘ ਦੀ ਸਾਹਿਤ ਰਚਨਾ ਦੀ ਛਾਪ ਦਾ ਵਿਸ਼ੇਸ਼ ਮਹੱਤਵ ਇਸ ਕਰਕੇ ਹੈ,ਕਿਉਂਕਿ ਹਾਕਮ ਜਮਾਤਾਂ ਆਪਣੇ ਸਮਾਜਿਕ ਸੱਭਿਆਚਾਰਕ ਦਾਬੇ ਨੂੰ ਪੱਕੇ ਪੈਰੀਂ ਕਰਨ ਲਈ ਮਧਵਰਗ ਦੀ ਚੇਤਨਾ ਨੂੰ ਸੰਨ੍ਹ ਲਾਉਣ ਤੇ ਕੇਂਦਰਤ ਕਰਦੀਆਂ ਹਨਪਿਛਾਂਹ ਖਿਚੂ ਸਾਹਿਤ ਦਾ ਸੁਤੇਸਿਧ ਸਿੱਧਾ ਨਿਸ਼ਾਨਾ ਵੀ ਇਸ ਹਿੱਸੇ ਦੀਆਂ ਪੜ੍ਹੀਆਂ ਲਿਖੀਆਂ ਪਰਤਾਂ  ਬਣਦੀਆਂ ਹਨ।  ਗੁਰਦਿਆਲ ਸਿੰਘ ਮਧਵਰਗ ਦੀ ਸੰਵੇਦਨਾ ਨੂੰ ਆਪੋ ਆਪਣੇ ਪੱਖ ਚ ਟੁੰਬਣ ਦੀ ਕਿਰਤੀਆਂ ਅਤੇ ਹਾਕਮ ਜਮਾਤਾਂ ਦੀ ਟੱਕਰ ਚ ਕਿਰਤੀ ਜਮਾਤਾਂ ਦੇ ਪੱਖ ਚ ਖੜ੍ਹੇ ਨਜ਼ਰ ਆਉਂਦੇ ਹਨ।
         ਪਾਠਕਾਂ ਦੇ ਮਨ ਚ ਦੱਬੇ ਕੁਚਲਿਆਂ ਨਾਲ ਆਪਣੇਪਣ ਦੀ ਭਾਵਨਾ ਦਾ ਸੰਚਾਰ ਅਤੇ ਦੱਬੇ ਕੁਚਲਿਆਂ ਦੇ ਸਵੈਮਾਨ ਦੀ ਵਡਿਆਈ ਗੁਰਦਿਆਲ ਸਿੰਘ ਦੇ ਨਾਵਲਾਂ ਦੀ ਤਾਕਤ ਹੈਇਸ ਕਰਕੇ ਗੁਰਦਿਆਲ ਸਿੰਘ ਦਿਵਸਦੱਬੇ ਕੁਚਲਿਆਂ ਦੇ ਸਵੈਮਾਨ ਨੂੰ ਬੁਲੰਦ ਕਰਦੀ  ਸਾਹਿਤਕ ਘਾਲਣਾ ਨੂੰ ਸਲਾਮ ਦਾ ਦਿਹਾੜਾ ਬਣਨਾ ਚਾਹੀਦਾ ਹੈ।
            ਗੁਰਦਿਆਲ ਸਿੰਘ ਨੇ ਪੰਜਾਬੀ ਦੇ ਸ਼ਰੋਮਣੀ ਨਾਵਲਕਾਰ ਹੋਣ ਦਾ ਗੌਰਵ ਪ੍ਰਾਪਤ ਕੀਤਾ ਹੈ। ਉਹਨਾਂ ਦੇ ਨਾਵਲ ਮੜ੍ਹੀ ਦਾ ਦੀਵਾਦੀ ਤੁਲਨਾ ਮੁਨਸ਼ੀ ਪ੍ਰੇਮ ਚੰਦ ਦੇ ਗੋਦਾਨਅਤੇ ਫੁਣੇਸ਼ਵਰ ਰੇਣੂ ਦੇ ਮੈਲਾ ਆਂਚਲਨਾਲ਼ ਹੋਈ ਹੈ। ਸਿਰਫ ਪੰਜਾਬੀ ਦੇ ਹੀ ਨਹੀਂ, ਹੋਰਨਾ ਭਾਸ਼ਾਵਾਂ ਦੇ ਉੱਘੇ ਸਾਹਿਤ ਪਾਰਖੂਆਂ ਵੱਲੋਂ ਹੋਈ ਹੈ। ਪ੍ਰਿੰਸੀਪਲ ਸੰਤ ਸਿੰਘ ਸੇਖੋਂ ਨੇ ਉਹਨਾਂ ਦੇ ਨਾਵਲ ਅਣਹੋਏਦੇ ਪਾਤਰ ਬਿਸ਼ਨਾਦੀ ਪੇਸ਼ਕਾਰੀ ਦੀ ਤੁਲਨਾ ਸ਼ੈਕਸਪੀਅਰ ਦੇ ਪਾਤਰ ਹੈਮਲਟਦੀ ਪੇਸ਼ਕਾਰੀ ਨਾਲ ਕੀਤੀ ਹੈਅਜਿਹੀਆਂ ਟਿੱਪਣੀਆਂ ਇੱਕ ਨਾਵਲਕਾਰ ਵਜੋਂ ਉਹਨਾਂ ਦੀ ਸਾਹਿਤਕ ਸਮਰੱਥਾ ਦੇ ਅਕਸ ਨੂੰ ਜ਼ਾਹਿਰ ਕਰਦੀਆਂ ਰਹੀਆਂ ਹਨਗੁਰਦਿਆਲ ਸਿੰਘ ਦਿਵਸਪੰਜਾਬੀ ਬੋਲੀ, ਸਾਹਿਤ ਅਤੇ  ਸੱਭਿਆਚਾਰ ਦੀ ਕੁੱਖ ਚੋਂ ਪੁੰਗਰੀ ਅਜਿਹੀ  ਪ੍ਰਤਿਭਾ ਤੇ ਫ਼ਖ਼ਰ ਦਾ ਦਿਹਾੜਾ ਬਣਨਾ ਚਾਹੀਦਾ ਹੈ।     
            ਗੁਰਦਿਆਲ ਸਿੰਘ ਪੰਜਾਬੀ ਨਾਵਲ ਅੰਦਰ ਨਾ ਸਿਰਫ ਆਪਣੀ ਸਾਹਿਤਕ ਪ੍ਰਤਿਭਾ ਕਰਕੇ ਸ਼ਰੋਮਣੀ ਹਨ, ਸਗੋਂ ਗੁਰਦਿਆਲ ਸਿੰਘ ਦੇ ਨਾਵਲਾਂ ਰਾਹੀਂ ਪੰਜਾਬੀ ਨਾਵਲ ਦਾ ਯਥਾਰਥਵਾਦੀ ਮੁਹਾਂਦਰਾ ਉੱਭਰਿਆਤੇ ਸਥਾਪਤ ਹੋਇਆ ਹੈ। ਗੁਰਦਿਆਲ ਸਿੰਘ ਤੋਂ ਪਹਿਲਾਂ ਪੰਜਾਬੀ ਨਾਵਲ ਨੂੰ ਕਾਫੀ ਹੱਦ ਤੱਕ ਰੋਮਾਂਟਿਕ-ਆਦਰਸ਼ਵਾਦੀ ਦ੍ਰਿਸ਼ਟੀ ਅਤੇ ਰੰਗਣ ਦਾ ਗ੍ਰਹਿਣ ਲੱਗਿਆ ਹੋਇਆ ਸੀਇਹ ਗ੍ਰਹਿਣ ਸਮਾਜ ਸੁਧਾਰਕ ਨਾਵਲਾਂ, ਪਿਆਰ ਦੇ ਨਾਵਲਾਂ ਅਤੇ ਇਨਕਲਾਬ ਜਾਂ ਸਮਾਜਵਾਦ ਦੀ ਗੱਲ ਕਰਨ ਵਾਲੇ ਨਾਵਲਾਂ ਦੀ ਵੀ ਹੋਣੀ ਬਣਿਆ ਰਿਹਾਇਹ ਸੁਹਜ ਅਤੇ ਕਲਾ-ਸੰਵੇਦਨਾ ਦੇ ਝਰੋਖੇ ਰਾਹੀਂ ਸਮਾਜਿਕ ਅਸਲੀਅਤ ਦੀ ਗਹਿਰਾਈ ਚ ਜਾਣ ਅਤੇ ਇਸ ਨੂੰ ਪੇਸ਼ ਕਰਨ ਦੇ ਮਾਮਲੇ ਚ ਪੰਜਾਬੀ ਨਾਵਲ ਦੀ ਸੀਮਤਾਈ ਦਾ ਪ੍ਰਗਟਾਵਾ ਸੀਇਸ ਹਾਲਤ ਚ ਇਨਕਲਾਬ ਦੀ ਗੱਲ ਕਰਨ ਵਾਲੇ ਨਾਵਲਕਾਰ ਵੀ ਇਨਕਲਾਬੀ ਰੁਮਾਂਸ ਦੇ ਗੁਬਾਰਿਆਂ ਰਾਹੀਂ ਪਾਠਕਾਂ ਦੀ ਤ੍ਰਿਪਤੀ ਵੱਲ ਉੱਲਰਦੇ ਰਹੇ। ਬਿਨਾ ਸ਼ੱਕ ਪੰਜਾਬੀ ਨਾਵਲ ਦਾ ਇਨਕਲਾਬ ਜਾਂ ਸਮਾਜਵਾਦ ਵਰਗੇ ਆਦਰਸ਼ਾ ਤੋਂ ਪ੍ਰੇਰਤ ਹੋਣਾ ਚੰਗੀ ਗੱਲ ਸੀ,ਪਰ ਪੰਜਾਬੀ ਨਾਵਲ ਦੀ ਰੁਮਾਂਟਿਕ ਆਦਰਸ਼ਵਾਦੀ ਰੰਗਣ ਅਤੇ ਮੁਹਾਵਰੇ ਚ ਤਬਦੀਲੀ ਨਾ ਆਈਇਨਕਲਾਬ ਦੇ ਆਦਰਸ਼ ਤੋਂ ਪ੍ਰੇਰਤ ਨਾਵਲਕਾਰਾਂ ਦਾ ਨਾਵਲ ਨੂੰ ਜ਼ਿੰਦਗੀ ਦੇ ਯਥਾਰਥ ਦਾ ਡੂੰਘਾ ਅਕਸ ਬਣਾਕੇ ਇਸਦਾ ਕੱਦ ਉੱਚਾ ਕਰਨ ਚ ਹਿੱਸਾ ਸੀਮਤ ਰਿਹਾ। [3]
            ਇਸ ਪ੍ਰਸੰਗ ਚ ਇਹ ਕਹਿਣਾ ਅੱਤਕਥਨੀ ਨਹੀਂ ਹੈ ਕਿ ਗੁਰਦਿਆਲ ਸਿੰਘ ਦਾ ਪਹਿਲਾ ਨਾਵਲ ਮੜ੍ਹੀ ਦਾ ਦੀਵਾਪੰਜਾਬੀ ਨਾਵਲ ਦੇ ਵਿਹੜੇ ਚ ਯਥਾਰਥਵਾਦ ਦਾ ਦੀਵਾ ਬਣਕੇ ਜਗਿਆਇਹ ਰਚਨਾ ਪੰਜਾਬੀ ਨਾਵਲ ਦੇ ਅਗਾਂਹਵਧੂ ਯਥਾਰਥਵਾਦੀ ਮੁਹਾਂਦਰੇ ਦਾ ਹਵਾਲਾ ਬਣ ਗਈ।
            ਪੰਜਾਬੀ ਸਾਹਿਤ ਜਗਤ ਚ ਮੁੱਖ ਤੌਰ ਤੇ ਨਾਵਲਕਾਰ ਵਜੋਂ ਵਿਚਰਦਿਆਂ ਗੁਰਦਿਆਲ ਸਿੰਘ ਨੇ ਕਹਾਣੀਆਂ, ਨਾਟਕ , ਨਿਬੰਧ, ਸਫਰਨਾਮਿਆਂ ਅਤੇ ਸਵੈ-ਜੀਵਨੀ ਵਰਗੇ ਸਾਹਿਤ  ਰੂਪਾਂ ਚ ਵੀ ਆਪਣੀ ਸਾਹਿਤਕ ਪ੍ਰਤਿਭਾ ਨੂੰ ਪ੍ਰਗਟ ਕੀਤਾ ਹੈ। ਹਥਲੀ ਲਿਖਤ ਉਹਨਾਂ ਦੀ ਸਾਹਿਤਕ ਘਾਲਣਾ, ਰੋਲ ਅਤੇ ਸਥਾਨ ਦਾ ਮੁਲੰਕਣ ਨਹੀਂ ਹੈਤਾਂ ਵੀ ਇਹ ਕਹਿਣਾ ਜ਼ਰੂਰੀ ਹੈ ਕਿ ਜਨ ਸਧਾਰਣ ਦੀ ਮਹਾਨਤਾ ਦੀ ਪਹਿਚਾਣ ਅਤੇ ਇਸ ਪਹਿਚਾਣ ਨੂੰ ਇਖ਼ਲਾਕੀ ਮੁੱਲ ਵਜੋਂ ਸਥਾਪਤ ਕਰਨ ਦੀ ਧੁੱਸ ਇੱਕ ਸਾਹਿਤਕਾਰ ਵਜੋਂ ਗੁਰਦਿਆਲ ਸਿੰਘ ਦੀ ਦ੍ਰਿਸ਼ਟੀ ਦਾ ਸਭ ਤੋਂ ਵੱਡਾ ਗੁਣ ਹੈ ਇਸ ਦ੍ਰਿਸ਼ਟੀ ਅਨੁਸਾਰ ਚੰਗੇ ਅਤੇ ਮਾੜੇ ਮਨੁੱਖੀ ਕਰਮਾਂ ਦਾ ਕੋਈ ਵੀ ਲੇਖਾਜੋਖਾ  ਮਜ਼ਲੂਮ ਜਨਤਾ ਨੂੰ ਦੇਣਦਾਰ ਸਾਬਤ ਨਹੀਂ ਕਰ ਸਕਦਾ। ਇਹ ਦ੍ਰਿਸ਼ਟੀ ਮੜ੍ਹੀ ਦਾ ਦੀਵਾਵਿੱਚ ਪਾਤਰਾਂ ਦੇ ਆਪਣੀਆਂ ਸਥਿਤੀਆਂ ਬਾਰੇ ਅਨੁਭਵ ਰਾਹੀਂ ਪ੍ਰਗਟ ਹੋਈ ਹੈ। ਇਸ ਅਨੁਭਵ ਦੀਆਂ ਨਾਵਲ ਦੀ ਸਥਿਤੀ ਚ ਪੇਸ਼ ਸੰਭਾਵਨਾਵਾਂ ਦੇ ਅਧਾਰ ਤੇ ਪ੍ਰਗਟ ਹੋਈ ਹੈਨਾਵਲ ਦੇ ਪਾਤਰ ਰੌਣਕੀ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਸਮਾਜ ਤੇ ਕਾਬਜ ਸਕਤਿਆਂ ਦੀ ਧਿਰ ਆਪਣੇ (ਕੁ)ਕਰਮਾਂ ਦੀ ਦੇਣਦਾਰੀ ਤੋਂ ਮੁਨਕਰ ਹੈਸਮਾਜਿਕ ਜ਼ਿੰਦਗੀ ਦੇ ਤਜਰਬੇ ਚੋਂ ਪੁੰਗਰਦਾ ਇਹ ਅਹਿਸਾਸ ਇੰਨਾ ਸ਼ਕਤੀਸ਼ਾਲੀ ਹੈ ਕਿ ਇਹ ਰੱਬਦੇ ਆਸਰੇ ਦੀ ਸਥਾਪਤ ਧਾਰਨਾ ਚ ਵਿਸ਼ਵਾਸ਼ ਨੂੰ ਫੇਟ ਮਾਰ ਦਿੰਦਾ ਹੈ। [4] ਧਰਤੀ ਦੇ ਸਕਤਿਆਂ ਵਾਂਗ ਰੌਣਕੀ ਨੂੰ ਉੱਪਰਲੇਵੀ ਨਾ ਸਿਰਫ ਧਰਤੀ ਦੇ ਮਜ਼ਲੂਮਾਂ ਦੇ ਦੇਣਦਾਰ ਨਜ਼ਰ ਆਉਂਦੇ ਹਨ, ਸਗੋਂ ਆਪਣੀ ਕੀਤੀ ਦਾ ਲੇਖਾ ਦੇਣ ਤੋਂ ਮੁੱਕਰਦੇ ਨਜ਼ਰ ਆਉਂਦੇ ਹਨਅਜਿਹੇ ਪਾਤਰ ਦੀ ਹੋਂਦ ਦਾ ਮਹੱਤਵ ਮਜ਼ਲੂਮ ਜਨਤਾ ਦੀਆਂ ਉਨ੍ਹਾਂ ਭੀੜਾਂ ਵੱਲ ਝਾਤ ਪਾਇਆਂ ਪ੍ਰਤੱਖ ਹੁੰਦਾ ਹੈ ਜਿਹੜੀਆਂ ਸੰਤਾਂ ਬਾਬਿਆਂ ਰਾਹੀਂ ਰੱਬਦੀ ਸ਼ਰਨ ਭਾਲਣ ਵੱਲ ਧੱਕੀਆਂ ਜਾਂਦੀਆਂ ਹਨ। ਇਉਂ ਰੌਣਕੀ ਜਨ ਸਧਾਰਣ ਦੀ ਉਸ ਪਰਤ ਦੀ ਨੁਮਾਇੰਦਗੀ ਕਰਦਾ ਹੈ ਜਿਸਦੀਆਂ ਨਜ਼ਰਾਂ ਤੇ ਜ਼ਿੰਦਗੀ ਦੇ ਤਲਖ ਅਨੁਭਵ ਨੇ ਕੋਈ ਜਾਲੇ ਨਹੀਂ ਰਹਿਣ ਦਿੱਤੇ, ਜਿਹੜੀ ਮੌਜੂਦਾ ਨਜ਼ਾਮ ਦੀ ਸਮਾਜਿਕ ਜ਼ਿੌਦਗੀ ਦੇ ਹਕੀਕੀ ਬਦਲ ਤੋਂ ਬਿਨਾ ਹੋਰ ਕਾਸੇ ਨਾਲ ਸੰਤੁਸ਼ਟ ਨਹੀਂ ਹੋ ਸਕਦੀ ਅਤੇ ਪਾਸ਼ ਦੇ ਸ਼ਬਦਾਂ ਸਭ ਕੁਝ ਸੱਚੀ ਮੁੱਚੀਂ ਦਾਚਾਹੁੰਦੀ ਹੈਇਹ ਮੌਜੂਦਾ ਨਜ਼ਾਮ ਦੇ ਹਕੀਕੀ ਬਦਲ ਬਾਰੇ ਚੇਤਨਾ ਅਤੇ ਭਰੋਸੇ ਦੀ ਚਿਣਗ ਮੰਗਦੀ ਸਥਿਤੀ ਹੈਇਸ ਸਥਿਤੀ ਨੂੰ ਆਪਣੀ ਰਚਨਾ ਚ ਸਾਕਾਰ ਕਰਕੇ ਗੁਰਦਿਆਲ ਸਿੰਘ ਨੇ ਜ਼ਿੰਦਗੀ ਦੇ ਭਵਿੱਖ ਦੀਆਂ ਹਕੀਕੀ ਸੰਭਾਵਨਾਵਾਂ ਤੋਂ ਪਰਦਾ ਹਟਾਇਆ ਹੈਜ਼ਿੰਦਗੀ ਦੇ ਚੰਗੇ ਭਵਿੱਖ ਚ ਯਕੀਨ ਨੂੰ ਤਕੜਾਈ ਦੇਣ ਲਈ ਸਾਹਿਤ ਅੰਦਰ ਪੇਤਲੀਆਂ ਰੁਮਾਂਚਿਕ ਪੇਸ਼ਕਾਰੀਆਂ ਦੀ ਨਹੀਂ ਅਜਿਹੀ ਗੰਭੀਰ ਪਰਦਾ ਹਟਾਈ ਦੀ ਜ਼ਰੂਰਤ ਹੈ।
            ਆਪਣੇ ਨਾਵਲ ਅੱਧ ਚਾਨਣੀ ਰਾਤਦੇ ਨਾਟਕੀ ਰੂਪ ਚ ਗੁਰਦਿਆਲ ਸਿੰਘ ਨੇ ਜਨ ਸਧਾਰਣ ਦੀ ਮਹਾਨਤਾ ਬਾਰੇ ਆਪਣੀ ਦ੍ਰਿਸ਼ਟੀ ਨੂੰ ਉਘਾੜ ਕੇ ਪੇਸ਼ ਕਰਨ ਦੀਆਂ ਸੰਭਾਵਨਾਵਾਂ ਦੀ ਵਿਸ਼ੇਸ਼ ਕਲਾਤਮਕ ਵਿਧੀ ਰਾਹੀਂ ਵਰਤੋਂ ਕੀਤੀ ਹੈ। ਇਸ ਨਾਟਕੀ ਰੂਪ ਚ ਛੋਟੀ ਮਾਲਕ ਕਿਸਾਨੀ ਦਾ ਜਿੳਣ ਭੋਗ ਰਹੇ ਪਾਤਰ ਮੋਦਨਦੇ ਚੰਗੇ-ਮਾੜੇ ਕਰਮਾਂ ਦਾ ਪਤਾ ਲਾਉਣ ਲਈ ਧਰਤੀ ਤੇ ਆਏ ਯਮਰਾਜ ਦੇ ਏਜੰਟ ਬੁਰੀ ਤਰ੍ਹਾਂ ਬੌਂਦਲ਼ ਜਾਂਦੇ ਹਨ, ਧਰਤੀ ਦੇ ਜਨ ਸਧਾਰਣ ਮਨੁੱਖਾਂ ਦੀਆਂ ਦੁਸ਼ਵਾਰੀਆਂ ਅਤੇ ਇਹਨਾਂ ਦਾ ਸਾਹਮਣਾ ਕਰਨ ਦੀ ਅਡੋਲਤਾ ਨੂੰ ਵੇਖ ਕੇ ਸਿਜਦਾ ਕਰਨ ਲਈ ਮਜਬੂਰ ਹੋ ਜਾਂਦੇ ਹਨ, ਧਰਤੀ ਦਾ ਜਨ ਸਧਾਰਣ ਜੋ ਝੱਲਦਾ ਹੈ ਉਸਦੇ ਲੇਖੇ ਬਿਨਾ ਰੱਬਦੇ ਕਿਸੇ ਵੀ ਇਨਸਾਫ ਨੂੰ ਮੰਨਣ ਤੋਂ ਇਨਕਾਰ ਕਰ ਦਿੰਦੇ ਹਨ ਅਤੇ ਏਤੀ ਮਾਰ ਪਈ ਕੁਰਲਾਣੈਂ, ਤੈਂ ਕੀ ਦਰਦ ਨਾ ਆਇਆਦੀ ਸੁਰ ਉੱਚੀ ਕਰਦੇ ਹਨ।
            ਏਤੀ ਮਾਰ ਪਈ ਕੁਰਲਾਣੈਂਦੀ ਇਹ ਧੁਨੀ ਇੱਕ ਜਾਂ ਦੂਜੇ ਰੂਪ ਚ ਗੁਰਦਿਆਲ ਸਿੰਘ ਦੇ ਲਗਭਗ ਸਮੁੱਚੇ ਨਾਵਲ ਜਗਤ ਚ ਗੂੰਜਦੀ ਹੈ ਅਤੇ ਮਜਲੂਮਾਂ ਦੀ ਧਿਰ ਨਾਲ਼ ਇੱਕ ਸਾਹਿਤਕਾਰ ਵਜੋਂ ਉਹਨਾਂ ਦੇ ਪੱਕੇ ਕਰੀਬੀ ਰਿਸ਼ਤੇ ਦੀ ਗਵਾਹੀ ਦਿੰਦੀ ਹੈ।
            ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਏਤੀ ਮਾਰ ਪਈ ਕੁਰਲਾਣੈਂਦੀ ਇਹ  ਹਾਲਤ ਗੁਰਦਿਆਲ ਸਿੰਘ ਦੇ ਨਾਵਲਾਂ ਚ ਨਿਰਾਸ਼ਾ ਦਾ ਇਸ਼ਤਿਹਾਰ ਨਹੀਂ ਬਣਦੀਗੁਰਦਿਆਲ ਸਿੰਘ ਪੰਜਾਬੀ ਨਾਵਲ ਜਗਤ ਚ ਆਪਣੇ ਪਹਿਲੇ ਨਾਵਲ ਮੜ੍ਹੀ ਦਾ ਦੀਵਾਰਾਹੀਂ  ਆਸ਼ਾਵਾਦ ਦੀ ਤੰਦ ਲੈਕੇ ਹੀ ਦਾਖਲ ਹੋਏ ਸਨਇਹ ਨਾਵਲ ਇਸ ਧਾਰਨਾ ਦਾ ਜ਼ੋਰਦਾਰ ਖੰਡਨ ਹੈ ਕਿ ਮਨੁੱਖ ਲਈ ਜਾਇਦਾਦ ਅਤੇ ਸੰਤਾਨ ਹੀ ਮਰਨ ਪਿੱਛੋਂ ਸਮਾਜ ਅੰਦਰ ਆਪਣੀ ਪੈੜ ਛੱਡਣ ਦਾ ਜ਼ਰ੍ਹੀਆ ਹਨ। ਨਾਵਲ ਦੇ ਨਾਇਕ ਜਗਸੀਰਨਾਲ ਜਗੀਰੂ ਸਮਾਜ ਅਤੇ ਇਸਦਾ ਸਭਿਆਚਾਰ ਜੱਗੋਂ ਤੇਰ੍ਹਵੀਂ ਕਰਦਾ ਹੈਜਗੀਰੂ ਨਿਜ਼ਾਮ ਅਤੇ ਇਸਦੇ ਕਦਰ ਪ੍ਰਬੰਧ ਦੀ ਸ਼ਕਤੀ ਉਸਦੀ ਆਪਣੀ ਮਾਂ ਦੇ ਇਸ ਝੋਰੇ ਰਾਹੀਂ ਬੋਲਦੀ ਹੈ ਕਿ ਉਸ ਦੇ ਅਣਵਿਆਹੇ ਪੁੱਤ ਦੀ ਮੜ੍ਹੀ ਨੂੰ ਕੋਈ ਦੀਵਾ ਨਸੀਬ ਨਹੀਂ ਹੋਵੇਗਾ। ਜਗੀਰੂ ਨਿਜ਼ਾਮ  ਪਿਤਾ ਪੁਰਖੀ ਬਖ਼ਸ਼ਿਸ਼ ਚ ਸਬੱਬੀ ਹਾਸਲ ਹੋਈ ਜ਼ਮੀਨ ਦੇ ਟੁਕੜੇ ਦੀ ਮੇਰ ਵੀ, ਉਸ ਨੂੰ ਜ਼ਲੀਲ ਕਰਕੇ ਖੋਹ ਲੈਂਦਾ ਹੈ ਅਤੇ ਦਲਿਤ ਪਰਿਵਾਰ ਦੇ ਜਾਏ ਵਜੋਂ ਉਸਦੀ ਆਪਣੀ ਅਸਲ ਜੂਨ ਦਾ ਵਿੰਨ੍ਹਵਾਂ ਅਹਿਸਾਸ  ਤਿੱਖਾ ਕਰ ਦਿੰਦਾ ਹੈ। ਉਸਦਾ ਆਪਣਾ ਦਲਿਤ ਭਾਈਚਾਰਾ ਉਸ ਨੂੰ ਹੋਰ ਵੀ ਨੀਵੀਂ ਜਾਤ ਦੀ ਪੇਕਿਆਂ ਬਾਹਰੀ ਮਾਂ ਦਾ ਪੁੱਤ ਹੋਣ ਦੀ ਸਜ਼ਾ ਦਿੰਦਾ ਹੈਪ੍ਰਭਾਵਸ਼ਾਲੀ ਜੁੱਸੇ ਦਾ ਮਾਲਕ  ਇਹ ਦਸਾਂ ਨੌਹਾਂ ਦਾ ਕਿਰਤੀ ਗੱਭਰੂ ਉਮਰ ਭਰ ਅਣਵਿਆਹਿਆ ਹੋਣ ਦਾ ਸੰਤਾਪ ਭੋਗ ਕੇ ਮਰਦਾ ਹੈ
           

ਪਰ ਉਸਦੀ ਮੜ੍ਹੀ 'ਤੇ ਦੀਵਾ ਇਸਦੇ ਬਾਵਜੂਦ ਜਗਦਾ ਹੈ।ਜਾਇਦਾਦਾਂ ਦੀ ਉੱਚਤਾ ਦੀ ਧਾਰਨਾ ਨੂੰ ਛੰਡ ਕੇ ਜਗਦਾ ਹੈ।ਜ਼ਾਤਾਂ ਦੀ ਵਿੱਥ ਚੀਰਕੇ ਅਤੇ ਜਾਤ ਹੰਕਾਰ ਦੀ ਵਗਦੀ ਹਵਾ ਦੇ ਬਾਵਜੂਦ ਜਗਦਾ ਹੈ। ਪਿਆਰ'ਚ ਰੰਗੀ ਇੱਕ ਅਜਿਹੀ ਵਿਆਹੁਤਾ ਮੁਟਿਆਰ ਦੇ ਧੜਕਦੇ ਮਨੁੱਖੀ ਜਜ਼ਬੇ ਅਤੇ ਸਿਦਕ ਦੇ ਜ਼ੋਰ 'ਤੇ ਜਗਦਾ ਹੈ।ਜਿਹੜੀ ਜਾਤਪਾਤੀ ਸਮਾਜੀ ਪੌੜੀ 'ਚ ਉਸ ਨਾਲੋਂ ਉੱਪਰਲੇ ਟੰਬੇ 'ਤੇ ਹੈ।ਜਗੀਰੂ ਸਮਾਜ ਦੀ ਸੱਭਿਆਚਾਰਕ ਮਰਿਆਦਾ ਅਤੇ ਇਸਦੇ ਸਹਿਮ ਤੋਂ ਨਾਬਰ ਹੋਕੇ ਜਗਦਾ ਹੈ।ਬੇਗਰਜ਼ ਮਨੁੱਖੀ ਰਿਸ਼ਤੇ ਦੀ ਅਡੋਲ ਲਾਟ  ਹੋਕੇ ਜਗਦਾ ਹੈ।ਇਸ ਦੀਵੇ ਦੀ ਰੌਸ਼ਨੀ 'ਚ ਇਸ ਸੱਭਿਆਚਾਰਕ ਧਾਰਨਾ ਦੀਆਂ ਲੀਰਾਂ ਉਡਦੀਆਂ ਨਜ਼ਰ ਆਉਂਦੀਆਂ ਹਨ ਕਿ ਮਨੁੱਖੀ ਜੀਵਨ ਦੀ ਉੱਤਮਤਾ ਅਤੇ ਸਾਰਥਕਤਾ ਜਾਇਦਾਦੀ ਰਿਸ਼ਤਿਆਂ ਅਤੇ ਇਹਨਾਂ ਦੀ ਪਰਕਰਮਾ,ਰਾਖੀ ਅਤੇ ਚਾਕਰੀ ਕਰਦੀ ਗਰਜ਼ਮੁਖੀ ਪਰਿਵਾਰ ਸੰਸਥਾ 'ਚ ਬਿਰਾਜਮਾਨ ਹੈ। ਨਾਬਰੀ ਦੇ ਅਜਿਹੇ ਟਾਵੇਂ-ਟੱਲੇ ਦੀਵਿਆਂ ਦੀ ਹਕੀਕੀ ਲਿਸ਼ਕੋਰ ਗੁਰਦਿਆਲ ਸਿੰਘ ਦੀ ਕਲਾ ਸ਼ਕਤੀ ਨਾਲ ਸੰਘਣੀ ਹੋਕੇ ਪਾਠਕਾਂ ਦੇ ਮਨਾਂ ਨੂੰ ਰੌਸ਼ਨ ਕਰਦੀ ਹੈ।ਇਹ ਲਿਸ਼ਕੋਰ ਲੋਕ ਮਨਾਂ 'ਤੇ ਛਾਏ ਜਗੀਰੂ ਸੱਭਿਆਚਾਰਕ ਗਲਬੇ ਦੀਆਂ ਤਰੇੜਾਂ ਦਾ ਸ਼ੀਸ਼ਾ ਵਿਖਾਉਂਦੀ ਹੈ ਅਤੇ ਇਸ ਵਿਸ਼ਵਾਸ਼ ਨੂੰ ਬਲ ਬਖ਼ਸ਼ਦੀ ਹੈ ਕਿ ਅੰਦਰੋਂ ਥੋਥੇ ਜਗੀਰੂ ਸੱਭਿਆਚਾਰ ਦਾ ਗਲਬਾ ਕਤਈ ਅਤੇ ਸਦੀਵੀ ਨਹੀਂ ਹੈ,ਕਿ ਬੇਗਰਜ਼ ਮਨੁੱਖੀ ਰਿਸ਼ਤਿਆਂ ਦੇ ਅੰਸ਼ਾਂ ਅਤੇ ਦਮ ਘੋਟੂ ਜਾਇਦਾਦ ਮੁਖੀ ਸੱਭਿਆਚਾਰ ਦਰਮਿਆਨ ਟਕਰਾ ਮੌਜੂਦਾ ਨਜ਼ਾਮ ਦੇ ਅੰਦਰ ਹੀ ਮੌਜੂਦ ਹੈ,ਪਰ ਬੇਗਰਜ਼ ਮਨੁੱਖੀ ਰਿਸ਼ਤਿਆਂ ਦੀ ਦੁਨੀਆਂ ਮੌਜੂਦਾ ਜਾਇਦਾਦ ਪ੍ਰਧਾਨ ਸਮਾਜਿਕ ਢਾਂਚੇ ਦੇ ਮਲਬੇ 'ਤੇ ਉੱਸਰਨੀ ਹੈ।ਉਂਝ ਗੁਰਦਿਆਲ ਸਿੰਘ ਦੀ ਸਮੁੱਚੀ ਨਾਵਲ ਰਚਨਾ' ਚ ਹੀ ਨਿੱਜੀ ਮਾਲਕੀ ਅਤੇ ਇਸਦੀਆਂ ਸੰਗੀ ਸੰਸਥਾਵਾਂ, ਰਾਜ ਅਤੇ ਪਰਿਵਾਰ ਦਾ ਦਾਬਾ ਹੰਢਾਉਂਦੀ  ਅਤੇ ਪਿਸਦੀ ਮਨੁੱਖੀ ਜ਼ਿੰਦਗੀ ਦੇ ਪ੍ਰਭਾਵਸ਼ਾਲੀ ਯਥਾਰਥਕ ਚਿੱਤਰ ਮੌਜੂਦ ਹਨ।
             ਅੱਜ ਸੰਸਾਰੀਕਰਨ ਦੇ ਹੱਲੇ ਨੇ ਪੇਂਡੂ ਮਿਹਨਤਕਸ਼ਾਂ ਦੇ ਗੁਰਦਿਆਲ ਸਿੰਘ ਵੱਲੋਂ ਖਿੱਚੇ ਜੀਵਨ ਚਿੱਤਰਾਂ ਦਾ ਮੁੱਲ ਵਧਾ ਦਿੱਤਾ ਹੈਇਹ ਚਿੱਤਰ ਵਪਾਰੀਕਰਨ ਦੇ ਅਸਰਾਂ ਹੇਠ ਆਏ ਅਤੇ ਸੰਕਟ ਸਦਕਾ  ਹੋਰ ਵੀ ਕਰੂਰ ਹੋ ਰਹੇ ਜਗੀਰੂ ਦਾਬੇ ਦੀ ਤਸਵੀਰ ਖਿੱਚਦੇ ਹਨਦੂਜੇ ਪਾਸੇ ਜਗੀਰੂ ਦਾਬੇ ਅਤੇ ਲੁੱਟ ਦੇ ਝੰਬੇ ਅਤੇ ਪਿੰਡਾਂ ਚੋਂ ਧਰਕੱਲੇ ਜਾ ਰਹੇ ਇਹਨਾਂ ਹਿੱਸਿਆਂ ਨੂੰ ਲੰਗੜਾ ਪੂੰਜੀਵਾਦ ਗੁਰਦਿਆਲ ਸਿੰਘ ਦੀ ਰਚਨਾ ਚ ਬੰਦ ਗਲ਼ੀ ਹੋਕੇ ਟੱਕਰਦਾ ਹੈਉਹਨਾਂ ਦਾ ਨਾਵਲ ਅੰਨ੍ਹੇ ਘੋੜੇ ਦਾ ਦਾਨਪਿੰਡੋਂ ਸ਼ਹਿਰ ਗਏ ਕਿਰਤੀ ਦੇ ਮਜਬੂਰ ਹੋਕੇ ਜਗੀਰੂ ਦਾਬੇ ਹੇਠਲੇ ਪੇਂਡੂ ਜੀਵਨ ਦੀ ਸ਼ਰਨਗਾਹ ਚ ਮੁੜ ਪਰਤਣ ਦਾ ਦੁਖਾਂਤ ਪੇਸ਼ ਕਰਦਾ ਹੈ, ਜਿੱਥੇ ਜਗੀਰੂ ਜਾਤਪਾਤੀ ਦਾਬੇ, ਦਮਨ ਅਤੇ ਹਿੰਸਾ ਦੀਆਂ ਸਾਵੀਆਂ ਛੁਰੀਆਂ ਨਾਲ ਉਸਦਾ ਮੁੜ ਵਾਹ ਪੈਣ ਜਾ ਰਿਹਾ ਹੈਅੱਜ ਸੰਸਾਰੀਕਰਨ ਸਦਕਾ ਹੋ ਰਹੀ ਸੱਅਨਤ ਦੀ ਤਬਾਹੀ ਨੇ ਬੰਦ ਗਲੀ ਦੀ ਇਹ ਹਕੀਕਤ ਹੋਰ ਗੂਹੜੀ ਕਰ ਦਿੱਤੀ ਹੈਲੰਗੜਾ ਪੂੰਜੀਵਾਦ ਪਿੰਡਾਂ ਚੋਂ ਧਰਕੱਲੇ ਕਿਰਤੀਆਂ ਨੂੰ ਸ਼ਹਿਰਾਂ ਚ ਝੱਲਣ ਤੋਂ ਇਨਕਾਰੀ ਹੈ ਜਦੋਂ ਕਿ ਜਗੀਰੂ ਦਾਬਾ ਹੰਢਾੳਂਦੇ ਪਿੰਡਾਂ ਚ ਨਿੱਤ ਨਵੇਂ ਦਿਲ ਕੰਬਾਊ ਤਾਂਡਵ ਵਰਤ ਰਹੇ ਹਨ।
 ਮੜ੍ਹੀ ਦਾ ਦੀਵਾਵਿੱਚ ਗੁਰਦਿਆਲ ਸਿੰਘ ਨੇ ਆਪਣੇ ਪਾਤਰ ਧਰਮ ਸਿੰਘ ਦੇ ਦੁਖਾਂਤਕ ਹਸ਼ਰ ਰਾਹੀਂ ਜਗੀਰੂ ਸਮਾਜ ਦੇ ਅਖੌਤੀ ਮਾਨਵਵਾਦ ਦੀ ਔਕਾਤ ਨਸ਼ਰ ਕੀਤੀ ਸੀ ਅਤੇ ਇਸ ਸਮਾਜ ਦੇ ਅਣਮਨੁੱਖੀ ਅਸਲੇ ਨੂੰ ਉਘਾੜਿਆ ਸੀਅੱਜ ਇਹ ਅਣਮਨੁੱਖੀ ਅਸਲਾ ਮੁਲਕ ਭਰ ਚ ਵੱਖ ਵੱਖ ਥਾਈਂ ਜਗੀਰੂ ਚੌਧਰੀਆਂ ਦੀ ਜਥੇਬੰਦ ਕੀਤੀ ਸਮੂਹਕ ਹਿੰਸਾ ਰਾਹੀਂ ਮੁੰਹਜ਼ੋਰ ਹੋਕੇ ਚਿੰਘਾੜ ਰਿਹਾ ਹੈ। ਹਰੇ ਇਨਕਲਾਬਦੀ ਧਰਤੀ ਪੰਜਾਬ ਤੇ ਵੀ ਚਿੰਘਾੜ ਰਿਹਾ ਹੈਬੰਤ ਝੱਬਰ ਦੀਆਂ ਕੱਟੀਆਂ ਬਾਹਾਂ ਦੀ ਹਕੀਕਤ ਅਤੇ ਜਲੂਰ ਦੀ ਧਰਤੀ ਤੇ ਝੁੱਲੀ  ਜਗੀਰੂ ਜਾਤਪਾਤੀ ਹਿੰਸਾ ਵਰਗੀਆਂ ਘਟਨਾਵਾਂ ਦਾ ਕਹਿਰ ਪੰਜਾਬੀ ਨਾਵਲਕਾਰਾਂ (ਅਤੇ ਹੋਰਨਾ ਸਾਹਿਤਕਾਰਾਂ) ਲਈ ਇੱਕ ਵਾਰੀ ਫਿਰ ਇਹਨਾਂ ਘਟਨਾਵਾਂ ਦੀ ਤਹਿ ਹੇਠਲੇ ਸਮਾਜਕ ਜੀਵਨ ਚ ਡੂੰਘੇ ਉਤਰਨ ਦੀ ਚੁਣੌਤੀ ਹੈਇਹ ਚੁਣੌਤੀ ਗੁਰਦਿਆਲ ਸਿੰਘ ਦੀ ਕਲਮ ਦੀ ਸ਼ਾਨ ਨੂੰ ਬੁਲੰਦ ਕਰਨ ਅਤੇ ਨਵਿਆਓਣ ਦੀ ਹੀ ਚੁਣੌਤੀ ਹੈ।
            ਗੁਰਦਿਆਲ ਸਿੰਘ ਦਿਵਸਇਸ ਚੁਣੌਤੀ ਨੂੰ ਕਬੂਲ ਕਰਨ ਲਈ ਸੁਹਿਰਦ ਘਾਲਣਾ ਦੇ ਇਕਰਾਰ ਦਾ ਦਿਵਸ ਬਣਨਾ ਚਾਹੀਦਾ ਹੈ।     
            ਆਓ! ਗੁਰਦਿਆਲ ਸਿੰਘ ਦਿਵਸਨੂੰ ਮਿਹਨਤਕਸ਼ਾਂ ਲਈ ਧੜਕਦੀ ਸਾਹਿਤਕਾਰ ਦੀ ਸੰਵੇਦਨਾ ਦਾ  ਜਸ਼ਨ  ਬਣਾਈਏ।       


[1] ਵਿਸ਼ੇਸ਼ਤਾ ਇਸ ਗੱਲ ਚ ਹੈ ਕਿ ਜੀਵਨ ਦੀ ਥਾਹ ਪਾਉਣ ਅਤੇ ਇਸਨੂੰ ਪ੍ਰਗਟ ਕਰਨ ਦਾ ਇਹ ਅਮਲ ਮਨੁੱਖ ਦੀ ਕਲਾ ਅਤੇ ਸੁਹਜ ਸੰਵੇਦਨਾ ਦੀ ਤ੍ਰਿਪਤੀ ਨਾਲ ਗੁੰਦਿਆ ਹੁੰਦਾ ਹੈ।
[2] ਜਥੇਬੰਦ ਜਮਾਤੀ ਘੋਲ ਦੇ ਕਲਾਵੇ ਤੋਂ ਬਾਹਰਲੀ ਸਮਾਜਿਕ ਜ਼ਿੰਦਗੀ ਦੇ ਚਿਤਰਨ ਤੇ ਕਿਸੇ ਸਾਹਿਤਕਾਰ ਦਾ ਫੋਕਸ  ਆਪਣੇ ਆਪਚ ਇਨਕਲਾਬੀਆਂ ਲਈ ਕਿਸੇ ਸਾਹਿਤਕਾਰ ਦੀ ਰਚਨਾ ਦਾ ਮਹੱਤਵ ਨਹੀਂ ਘਟਾਉਂਦਾ।ਖਾਸ ਕਰਕੇ ਉਨ੍ਹਾ ਹਾਲਤਾਂ ਚ ਜਦੋਂ ਵਿਸ਼ਾਲ ਲੋਕਾਈ ਜਥੇਬੰਦ ਜਮਾਤੀ ਘੋਲ ਅਤੇ ਇਨਕਲਾਬੀ ਜਮਾਤੀ ਚੇਤਨਾ ਦੇ ਕਲਾਵੇ ਤੋਂ ਬਾਹਰ ਹੋਵੇ।ਅਹਿਮ ਗੱਲ ਇਹ ਹੇ ਕਿ ਸਾਹਿਤ ਚ ਵਿਸ਼ਾਲ ਲੋਕਾਈ ਦੇ ਜੀਵਨ ਦੀ ਪੇਸ਼ਕਾਰੀਚ ਇਸ ਜੀਵਨ ਦਾ ਜਮਾਤੀ ਸੱਚ ਕਿਵੇਂ ਉੱਘੜਦਾ ਹੈ।ਟਾਲਸਟਾਏ ਦੀ ਰਚਨਾ ਦੇ ਇਸ ਪਹਿਲੂ ਨੇ ਹੀ ਲੈਨਿਨ ਦੀਆਂ ਨਜ਼ਰਚ ਟਾਲਸਟਾਏ ਨੂੰ ਰੂਸੀ ਇਨਕਲਾਬ ਦਾ ਸ਼ੀਸ਼ਾਬਣਾਇਆ ਸੀ।
[3] ਅਗਾਂਹਵਧੂ ਪੰਜਾਬੀ ਨਾਵਲ ਦੀ ਪਹਿਚਾਣ ਵਜੋਂ ਜਾਣੀ ਜਾਂਦੀ ਰਹੀ ਇੱਕ ਨਾਮੀ ਹਸਤੀ ਵੱਲੋਂ ਫਿਰਕੂ ਦਹਿਸ਼ਤਗਰਦੀ ਦੇ ਦੌਰਚ ਭੁਆਂਟਣੀ ਖਾ ਜਾਣ ਦੀਆਂ ਜੜ੍ਹਾਂ ਵੀ, ਮੋੜਵੀਂ ਝਾਤ ਪਾਇਆਂ ਉਸਦੇ ਅਗਾਂਹ ਵਧੂ ਨਾਵਲਾਂ ਚ ਝਲਕਦੀ ਜੀਵਨ ਦੇ ਯਥਾਰਥ ਦੀ ਸਤਹੀ ਪਕੜ ਚ ਲੱਭਦੀਆਂ ਹਨ।
[4]  ਲੈ, ਭਲਾ ਕਿਸੇ ਨੂੰ ਕੀ ਸੁਫ਼ਨਾ ਆਉਂਦੈ ਬਈ ਪਿਛਲੇ ਜਰਮ ਚ ਕੋਈ ਕੀ ਕਰ ਕੇ ਆਇਐ?...ਐਵੇਂ ਕੁੱਤੀ ਜਾਤ ਭੌਂਕਦੀ ਐ!...
ਜਦੋਂ ਰੌਣਕਾ ਅਗਲੀ ਦਰਗਾਹ ਬੰਦੇ ਦਾ ਲੇਖਾ ਹੂੰਦੈ, ਉਦੋਂ ਨਿਰਾ ਲੈਣਾ ਈ ਦਸਦੇ ਐ ਕਿ ਦੇਣੇ ਦਾ ਹਿਸਾਬ ਵੀ ਕਰਦੇ   ?... ਦੇਣੇ ਦਾ ਕੀ ਕਰਦੇ ਹੋਣੇ ਐਂ! ਜਦੋਂ ਐਥੇ ਆਲ਼ੇ ਨ੍ਹੀਂ ਕਰਦੇ, ਉਥੋਂ ਆਲ਼ਿਆਂ ਨੇ ਕੀ ਕਰਨੈਂ…!......”