Tuesday, September 11, 2012

ਇਨਕਲਾਬੀ ਰੰਗਮੰਚ ਦਿਵਸ ਸਮਾਗਮ ਅਤੇ ਮੁਹਿੰਮ


ਇਨਕਲਾਬੀ ਰੰਗਮੰਚ ਦਿਵਸ ਸਮਾਗਮ ਅਤੇ ਮੁਹਿੰਮ 
'ਚ ਸ਼ਾਮਲ ਹੋਣ ਦਾ ਸੱਦਾ
ਗੁਰਸ਼ਰਨ ਸਿੰਘ ਇਨਕਲਾਬੀ ਸਨਮਾਨ ਸਮਾਰੋਹ ਕਮੇਟੀ ਅਤੇ ਇਸ ਕਮੇਟੀ ਵੱਲੋਂ ਗੁਰਸ਼ਰਨ ਸਿੰਘ ਦੇ ਸਨਮਾਨ 'ਚ ਚੱਲ ਰਹੇ ਸਲਾਮ ਪ੍ਰਕਾਸ਼ਨ ਨੇ ਗੁਰਸ਼ਰਨ ਸਿੰਘ ਦੀ ਪਹਿਲੀ ਬਰਸੀ ਮੌਕੇ ਹੋ ਰਹੇ ਸਮਾਗਮਾਂ 'ਚ ਪੁੱਜਣ ਦਾ ਸੱਦਾ ਦਿੱਤਾ ਹੈ। ਕਮੇਟੀ ਦੀ ਤਰਫੋਂ ਬਿਆਨ ਜਾਰੀ ਕਰਦਿਆਂ ਕਮੇਟੀ ਮੈਂਬਰ ਪਾਵੇਲ ਕੁੱਸਾ ਨੇ ਦੱਸਿਆ ਕਿ ਸ਼੍ਰੀ ਗੁਰਸ਼ਰਨ ਸਿੰਘ ਦੀ ਪਹਿਲੀ ਬਰਸੀ ਇਨਕਲਾਬੀ ਰੰਗਮੰਚ ਦਿਵਸ ਵਜੋਂ ਮਨਾਈ ਜਾ ਰਹੀ ਹੈ। ਇਸ ਲਈ ਮੁਹਿੰਮ ਦੀ ਸ਼ੁਰੂਆਤ ਸ਼੍ਰੀ ਗੁਰਸ਼ਰਨ ਸਿੰਘ ਦੇ ਜਨਮ ਦਿਹਾੜੇ 16 ਸਤੰਬਰ ਮੌਕੇ ਉਹਨਾਂ ਦੇ ਜੱਦੀ ਸ਼ਹਿਰ ਅੰਮ੍ਰਿਤਸਰ ਤੋਂ ਹੋ ਰਹੀ ਹੈ। ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਸੱਦੇ 'ਤੇ ਚੱਲਣ ਵਾਲੀ ਇਸ ਮੁਹਿੰਮ ਦਾ ਸਿਖ਼ਰ ਚੰਡੀਗੜ• 'ਚ 27 ਸਤੰਬਰ ਨੂੰ ਇਨਕਲਾਬੀ ਰੰਗ ਮੰਚ ਦਿਵਸ ਮਨਾਏ ਜਾਣ ਨਾਲ ਹੋਵੇਗਾ। ਇਸ ਪੂਰੀ ਮੁਹਿੰਮ ਲਈ ਪੰਜਾਬ ਭਰ 'ਚ ਨਾਟਕ ਮੇਲਿਆਂ ਤੋਂ ਲੈ ਕੇ ਨੁੱਕੜ ਨਾਟਕਾਂ, ਮੀਟਿੰਗਾਂ, ਮਾਰਚਾਂ ਦੀ ਲੜੀ ਸ਼ੁਰੂ ਹੋ ਚੁੱਕੀ ਹੈ। ਕਮੇਟੀ ਨੇ ਇਸ ਮੁਹਿੰਮ ਤੇ ਇਹਨਾਂ ਸਮਾਗਮਾਂ ਨੂੰ ਪੂਰਨ ਸਮਰਥਨ ਅਤੇ ਹਰ ਸੰਭਵ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ ਤੇ ਲੋਕਾਂ ਨੂੰ ਇਹਨਾਂ ਸਮਾਗਮਾਂ 'ਚ ਵਧ ਚੜ• ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਉਹਨਾਂ ਕਿਹਾ ਕਿ ਸ਼੍ਰੀ ਗੁਰਸ਼ਰਨ ਸਿੰਘ ਵੱਲੋਂ ਲੋਕਾਂ ਲਈ ਰੰਗ ਮੰਚ ਦੇ ਖੇਤਰ ਰਾਹੀਂ ਘਾਲੀ ਘਾਲਣਾ ਨੂੰ ਜਿੱਥੇ ਸਿਜਦਾ ਕੀਤਾ ਜਾ ਰਿਹਾ ਹੈ ਉੱਥੇ ਉਹਨਾਂ ਦੇ ਜਾਣ ਬਾਅਦ ਸਾਹਿਤਕ ਸੱਭਿਆਚਾਰਕ ਕਾਮਿਆਂ ਦੇ ਮੋਢਿਆਂ ਤੇ ਪਈ ਜਿੰਮੇਵਾਰੀ ਨਿਭਾਉਣ ਲਈ ਇਰਾਦਿਆਂ ਨੂੰ ਵੀ ਚੰਡਿਆ ਜਾ ਰਿਹਾ ਹੈ। ਉਹਨਾਂ ਵੱਲੋਂ ਖਿਲਾਰੇ ਬੀਜਾਂ 'ਚ ਹੋਰ ਕਈ ਲੋਕ ਪੱਖੀ ਨਾਟਕਕਾਰ ਤੇ ਸਹਿਤਕਾਰ ਕਲਾਕਾਰ ਉਭਰ ਕੇ ਆ ਰਹੇ ਹਨ। ਸੰਘਰਸ਼ਸ਼ੀਲ ਲੋਕ ਪੱਖੀ ਜੱਥੇਬੰਦੀਆਂ ਵੱਲੋਂ ਇਹਨਾਂ ਸਮਾਗਮਾਂ ਨੂੰ ਭਰਿਆ ਜਾ ਰਿਹਾ ਹੁੰਗਾਰਾ ਲੋਕ ਰੰਗ ਮੰਚ ਤੇ ਲੋਕ ਹੱਕਾਂ ਦੀ ਲਹਿਰ ਦੇ ਰਿਸ਼ਤੇ ਦੇ ਹੋਰ ਡੂੰਘਾ ਹੁੰਦੇ ਜਾਣ ਦਾ ਪ੍ਰਤੀਕ ਹੈ।
ਜ਼ਿਕਰਯੋਗ ਹੈ ਕਿ ਸੰਨ 2006 'ਚ ਇਸ ਕਮੇਟੀ ਦੇ ਸੱਦੇ 'ਤੇ ਪੰਜਾਬ ਭਰ 'ਚੋਂ ਇਕੱਠੇ ਹੋਏ ਦਹਿ ਹਜ਼ਾਰਾਂ ਮਿਹਨਤਕਸ਼ ਲੋਕਾਂ ਨੇ ਸ਼੍ਰੀ ਗੁਰਸ਼ਰਨ ਸਿੰਘ ਨੂੰ ਮੋਗਾ ਜ਼ਿਲ•ੇ ਦੇ ਪਿੰਡ ਕੁੱਸਾ 'ਚ 'ਇਨਕਲਾਬੀ ਨਿਹਚਾ ਸਨਮਾਨ' ਨਾਲ ਸਨਮਾਨਿਤ ਕੀਤਾ ਸੀ। ਇਸ ਮੌਕੇ ਪੰਡਾਲ 'ਚ ਉੱਘੇ ਲੋਕ ਆਗੂਆਂ ਤੋਂ ਇਲਾਵਾ ਸਾਹਿਤਕ ਸਭਿਆਚਾਰਕ ਖੇਤਰ ਦੇ ਵੀ ਸੈਂਕੜੇ ਕਾਮੇ ਸ਼ਾਮਲ ਸਨ। ਪੰਜਾਬੀ ਦੇ ਚੋਟੀ ਦੇ ਸਾਹਿਤਕਾਰ ਸੰਤੋਖ ਧੀਰ, ਸੁਰਜੀਤ ਪਾਤਰ, ਵਰਿਆਮ ਸੰਧੂ, ਅਜਮੇਰ ਔਲਖ ਹੋਰੀਂ ਮੰਚ ਤੋਂ ਦਹਿ ਹਜ਼ਾਰ ਲੋਕਾਂ ਨੂੰ ਸੰਬੋਧਿਤ ਹੋਏ ਸਨ। ਪਿਛਲੇ ਵਰ•ੇ ਸ਼੍ਰੀ ਗੁਰਸ਼ਰਨ ਸਿੰਘ ਦੇ ਦੇਹਾਂਤ ਤੋਂ ਬਾਅਦ ਪਿੰਡ ਕੁੱਸੇ 'ਚ ਹੀ ਇੱਕ ਵੱਡਾ ਸ਼ਰਧਾਂਜਲੀ ਸਮਾਗਮ  ਹੋਇਆ ਸੀ ਅਤੇ ਦਹਿ  ਹਜ਼ਾਰਾਂ ਲੋਕਾਂ ਨੇ ਸ਼੍ਰੀ ਗੁਰਸ਼ਰਨ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਸੀ। ਇਸ ਕਮੇਟੀ 'ਚ ਝੰਡਾ ਸਿੰਘ ਜੇਠੂਕੇ, ਗੁਰਦਿਆਲ ਭੰਗਲ, ਜੋਰਾ ਸਿੰਘ ਨਸਰਾਲੀ, ਅਮੋਲਕ ਸਿੰਘ, ਦਰਸ਼ਨ ਸਿੰਘ ਕੂਹਲੀ, ਡਾ. ਪਰਮਿੰਦਰ ਸਿੰਘ, ਯਸ਼ਪਾਲ, ਅਤਰਜੀਤ, ਹਰਜਿੰਦਰ ਸਿੰਘ, ਪੁਸ਼ਪ ਲਤਾ, ਪਾਵੇਲ ਕੁੱਸਾ ਤੇ ਜਸਪਾਲ ਜੱਸੀ (ਕਨਵੀਨਰ) ਸ਼ਾਮਲ ਹਨ।
ਵੱਲੋਂ — ਪਾਵੇਲ ਕੁੱਸਾ, 
ਕਮੇਟੀ ਮੈਂਬਰ (94170-54015

No comments: