Saturday, February 7, 2015

ਸਲਾਮ ਅੰਕ-6 ਭਾਗ ਪਹਿਲਾ


ਅਜਮੇਰ ਸਿੰਘ ਔਲਖ: ਗੁਰਸ਼ਰਨ ਸਿੰਘ ਦੀਆਂ ਨਜ਼ਰਾਂ 'ਚ 
ਅਜਮੇਰ ਔਲਖ ਅਜੋਕੇ ਪੰਜਾਬੀ ਨਾਟਕ ਦਾ ਇੱਕ  ਪ੍ਰਮੁੱਖ ਹਸਤਾਖ਼ਰ ਹੈ। ਉਹਦੀਆਂ ਨਾਟਕ ਕਿਰਤਾਂ ਵਿੱਚ ਵੰਨ-ਸੁਵੰਨਤਾ ਹੈ। ਉਹਨਾਂ ਵਿੱਚ ਜਿੱਥੇ ਰਾਜਸੀ ਵਿਅੰਗ, ਸਮਾਜਿਕ ਇਨਸਾਫ਼ ਦੀ ਚੇਤਨਾ, ਮਨੁੱਖ ਖ਼ਾਸ ਕਰਕੇ ਥੁੜੇ ਹੋਏ ਮਨੁੱਖ ਦੇ ਅੰਤਰੀਵ ਮਨ ਵਿੱਚ ਵਾਪਰ ਰਿਹਾ ਵਰਤਾਰਾ ਆਦਿਕ ਸ਼ਾਮਿਲ ਹਨ, ਉਥੇ ਉਹਦੀ ਵਿਸ਼ੇਸ਼ ਦੇਣ ਪੇਂਡੂ ਰੰਗਮੰਚ ਨੂੰ ਸਿਖਰ ਤੱਕ ਪਹੁੰਚਾਉਣ ਦੀ ਹੈ। ਪੇਂਡੂ ਰੰਗਮੰਚ ਦੀ ਆਪਣੀ ਇੱਕ ਸ਼ੈਲੀ ਹੈ, ਆਪਣਾ ਇੱਕ ਮੁਹਾਵਰਾ ਹੈ। ਵਿਸ਼ਵ ਨਾਟਕ ਦੇ ਵਿਦਿਆਰਥੀ ਜਾਂ ਵਿਸ਼ਵ ਨਾਟਕ ਬਾਰੇ ਜਾਣਕਾਰੀ ਰੱਖਣ ਵਾਲੇ ਸਹਿਜੇ ਹੀ ਆਖ ਸਕਦੇ ਹਨ ਕਿ ਔਲਖ ਦਾ ਪੇਂਡੂ ਰੰਗਮੰਚ ਵਿਸ਼ਵ ਪੱਧਰ ਦਾ ਹੈ। ਪੰਜਾਬੀ ਬੋਲੀ ਦੀ ਅਤੇ ਸਮੁੱਚੇ ਪੰਜਾਬੀ ਸਾਹਿਤ ਵਿੱਚ ਇਹ ਇੱਕ ਤ੍ਰਾਸਦੀ ਹੈ ਕਿ ਔਲਖ ਦੀ ਪਹਿਚਾਣ ਹਾਲੇ ਸੀਮਤ ਪੰਜਾਬੀ ਦਾਇਰੇ 'ਤੋਂ ਬਾਹਰ ਨਹੀਂ ਜਾ ਸਕੀ। ਇਹਦੇ ਲਈ ਉਪਰਾਲਾ ਕਰਨਾ ਜ਼ਰੂਰੀ ਹੈ, ਸਗੋਂ ਬਹੁਤ ਜ਼ਰੂਰੀ ਹੈ। ਇਥੇ ਔਲਖ ਦੇ ਨਾਟਕਾਂ ਦਾ ਜ਼ਿਕਰ ਪੇਂਡੂ ਰੰਗਮੰਚ ਦੇ ਸੰਦਰਭ ਵਿੱਚ ਹੀ ਕੀਤਾ ਜਾ ਰਿਹਾ ਹੈ।

ਪੰਜਾਬ ਦੇ 80 ਫ਼ੀਸਦੀ ਲੋਕ ਪਿੰਡਾਂ ਵਿੱਚ ਰਹਿੰਦੇ ਹਨ। ਪੰਜਾਬੀ ਨਾਟਕ ਦਾ ਵਰਤਮਾਨ ਅਤੇ ਭਵਿੱਖ ਬਹੁਤ ਹੱਦ ਤੱਕ ਪਿੰਡਾਂ ਨਾਲ ਜੁੜਿਆ ਹੋਇਆ ਹੈ। ਇਹ ਇੱਕ ਤਸੱਲੀ ਵਾਲੀ ਗੱਲ ਹੈ, ਕਿ ਪੰਜਾਬ ਦਾ ਪੇਂਡੂ ਰੰਗਮੰਚ ਸਰਗਰਮ ਰੰਗਮੰਚ ਹੈ। ਮੇਰਾ ਇਹ ਨਿਮਾਣਾ ਜਿਹਾ ਦਾਅਵਾ ਹੈ ਕਿ ਪੰਜਾਬ ਦਾ ਪੇਂਡੂ ਰੰਗਮੰਚ ਦੁਨੀਆਂ ਵਿੱਚ ਸਾਰਿਆਂ ਨਾਲੋਂ ਵੱਧ ਸਰਗਰਮ ਰੰਗਮੰਚ ਹੈ। ਜਿੰਨੇਂ ਨਾਟਕ ਪੰਜਾਬ ਦੇ ਪਿੰਡਾਂ ਵਿੱਚ ਹੁੰਦੇ ਹਨ, ਓਨੇ ਬਾਕੀ ਦੁਨੀਆਂ ਦੇ ਪਿੰਡਾਂ ਵਿੱਚ ਜਾਂ ਹਿੰਦੋਸਤਾਨ ਦੇ ਹੋਰ ਸੂਬਿਆਂ ਵਿੱਚ ਕਿਤੇ ਨਹੀਂ। ਬੰਗਾਲ, ਕੇਰਲਾ, ਕਰਨਾਟਕ, ਤਾਮਿਲਨਾਡੂ, ਮਹਾਂਰਾਸ਼ਟਰਾ,ਗੁਜਰਾਤ ਵਿੱਚ ਥੀਏਟਰ ਭਾਵੇਂ ਬਹੁਤ ਵਿਕਸਤ ਹੈ ਅਤੇ ਤਕਨੀਕੀ ਤੌਰ 'ਤੇ ਬਹੁਤ ਅੱਗੇ ਹੈ ਪਰ ਪੇਂਡੂ ਰੰਗਮੰਚ ਦੇ ਸੰਦਰਭ ਵਿੱਚ ਪੰਜਾਬ ਅੱਗੇ ਹੈ। ਪੰਜਾਬ ਦੇ ਪੇਂਡੂ ਨਾਟਕ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਫੋਕ ਥੀਏਟਰ ਤੋਂ ਵੱਖ ਆਧੁਨਿਕ ਸੰਵੇਦਨਾ ਦਾ ਪੇਂਡੂ ਨਾਟਕ ਹੈ (Rural “heatre of Modern Sensibility)। ਇਤਿਹਾਸ, ਮਿਥਿਹਾਸ ਜਾਂ ਪਰੀ ਕਹਾਣੀਆਂ ਤੋਂ ਉੱਤੇ ਉੱਠ ਕੇ ਥੀਏਟਰ ਹੈ। ਅਜਮੇਰ ਔਲਖ ਦੀ ਇਸ ਸੰਦਰਭ ਵਿੱਚ ਇੱਕ ਬਹੁਤ ਵੱਡੀ ਦੇਣ ਹੈ। ਉਹ ਪਿੰਡ ਦੇ ਨਿਮਨ ਵਰਗ ਦੇ ਲੋਕਾਂ ਦੀ ਜ਼ਿੰਦਗੀ ਜਾਂ ਥੁੜੀ ਹੋਈ ਕਿਸਾਨੀ ਦੇ ਆਧੁਨਿਕ ਮਸਲਿਆਂ ਨੂੰ ਆਪਣਾ ਵਿਸ਼ਾ ਬਣਾਉਂਦਾ ਹੈ। ਇਹ ਉਹਦੀ ਵਿਸ਼ੇਸ਼ਤਾ ਹੈ। ਅਜਮੇਰ ਔਲਖ ਦੀ ਪੇਂਡੂ ਜ਼ਿੰਦਗੀ ਬਾਰੇ ਜਾਣਕਾਰੀ ਡੂੰਘੀ ਹੈ। ਪੇਂਡੂ ਮੁਹਾਵਰੇ ਤੇ ਉਹਦੀ ਪੂਰੀ ਤਰ੍ਹਾਂ ਪਕੜ ਹੈ। ਕਿਸਾਨਾਂ ਦੇ ਸੰਕਟ ਨੂੰ ਉਹ ਪੂਰੀ ਤਰ੍ਹਾਂ ਸਮਝਦਾ ਹੈ। ਉਹਦੇ ਨਾਟਕ 'ਬਗਾਨੇ ਬੋਹੜ ਦੀਛਾਂ' ਦਾ ਇੱਕ ਵਾਰਤਾਲਾਪ ਇਹਦਾ ਪ੍ਰਮਾਣ ਹੈ। ਇਹ ਇੱਕ ਕਲਾਸਕੀ ਦਰਜਾ ਰੱਖਣ ਵਾਲਾ ਨਾਟਕੀ ਵਾਰਤਾਲਾਪ ਹੈ।

ਪੀਤਾ: ''ਓਇ ਆਪਣਾ ਜੱਟਾਂ ਦਾ ਤਾਂ ਚੰਦਾ ਸਿਆਂ, ਏ ਹੀ ਹਾਲ ਰਹੂ। ਆਪਣਾ ਨੀਂ, ਜੇ ਤੂੰ ਕਹੇਂ, ਕਦੇ ਹੱਥ ਖੁਲ੍ਹਾ ਹੁੰਦਾ। ਤੂੰ ਦੇਖ ਲੈ, ਐਨੀ ਉਮਰ ਤੇਰੀ ਨੰਘਗੀ, ਚਾਲ੍ਹੀਆਂ ਦੇ ਨੇੜੇ ਤੇੜੇ ਮੈਂ ਹੋਊਂ। ਓਹੋ ਬਾਹਾਂ, ਉਹੋ ਕੁਹਾੜੀ। ਨਵੇਂ ਬੀ ਵੀ ਆ ਗੇ, ਜੂਰੀਏ ਵੀ ਆਗੇ, ਟਰੈਕਟਰ ਵੀ ਆਗੇ, ਪਰ ਕੱਟੇ ਨੂੰ ਮਣ ਦੁੱਧ ਦਾ ਕੀ ਲੇਸ? ਕੀ ਕਹਿੰਦੈਂ? ਥੋੜੀ ਪਰਖੋਂ ਆਲੇ ਤਾਂ ਓਹੀ ਮੌਲਿਆਂ ਦੇ ਪੁੜੇ ਕੁੱਟਦੇ ਫਿਰਦੇ ਐ, ਦਾਣੇ ਚਾਰ ਮਣ ਵਧ ਹੋਗੇ ਤਾਂ ਕਿਸੇ ਵਿਆਹ 'ਸਾਹੇ ਤੇ ਲੱਗਗੇ ਪਨਾਲਾ ਓਥੇ ਦਾ ਓਥੇ? ਆਪਣਾ ਤਾਂ ਇਹ ਹਸਾਬ ਐ ਚਾਚਾ ਸਿਆਂ ਬਈ ਪੈਂਦੀ ਪੈ ਲੀਏ, ਸਰ੍ਹਾਣੇ ਪੈ ਲੀਏ ਚਿੱਤੜ ਤਾਂ ਵਚਾਲੇ ਈ ਆਉਣੇ ਐ, ਕੀ ਕਹਿੰਦੇ, ਨਾਲੇ ਤੂੰ ਸਿਆਣੇ। ਕਿਸਾਨੀ ਦੇ ਸੰਕਟ ਨੂੰ ਜਿਥੇ ਉਹ ਪੂਰੀ ਤਰ੍ਹਾਂ ਸਮਝਦਾ ਹੈ, ਉਹ ਇਸ ਸੰਕਟ ਦਾ ਵਿਸ਼ਲੇਸ਼ਣ ਵੀ ਕਰਦਾ ਹੈ। ਉਸ ਸੰਕਟ ਦੇ ਹੱਲ ਲਈ ਸੁਨੇਹਾ ਦੇਂਦਾ ਹੈ। ਆਪਣੀ ਗੱਲ ਕਹਿਣ ਲਈ ਉਹ ਨਾਟਕ ਦੀ ਵਿਧਾ ਨੂੰ ਪੂਰੀ ਸਫ਼ਲਤਾ ਨਾਲn ਵਰਤਦਾ ਹੈ ਅਤੇ ਦਰਸ਼ਕਾਂ ਨੂੰ ਝੰਜੋੜਦਾ ਹੈ। ਉਹਦੇ ਨਾਟਕਾਂ ਦਾ ਹਮੇਸ਼ਾਂ ਕੋਈ ਨਾ ਕੋਈ ਉਦੇਸ਼ ਹੁੰਦਾ ਹੈ। ਉਹਦੇ ਨਾਟਕਾਂ ਦੀ ਉਸਾਰੀ ਪੂਰੀ ਵਿਉਂਤ ਨਾਲ ਚੱਲਦੀ ਹੈ। ਉਹਨਾਂ ਦਾ ਸ਼ੁਰੂ ਹੈ, ਦਰਮਿਆਨ ਹੈ ਅਤੇ ਸਿਖ਼ਰ ਹੈ। ਇੱਕ ਸਫ਼ਲ ਕਾਰੀਗਰ ਵਾਂਗ ਉਹ ਜਾਣਦਾ ਹੈ ਕਿ ਉਹਨੇ ਵਿਸ਼ੇ ਨੂੰ ਕਿਸ ਤਰ੍ਹਾਂ ਇੱਕ ਉੱਤਮ ਕਲਾਕ੍ਰਿਤ ਵਿੱਚ ਬਦਲਣਾ ਹੈ। ''ਬਗਾਨੇ ਬੋਹੜ ਦੀ ਛਾਂ'' ਉਹਦਾ ਸਾਰਿਆਂ ਨਾਲੋਂ ਮਕਬੂਲ ਨਾਟਕ ਹੈ ਪਰ ਮੇਰੀ ਨਜ਼ਰ ਵਿੱਚ ''ਬਹਿਕਦਾ ਰੋਹ'' ਉਹਦੀ ਸ਼ਾਹਕਾਰ ਸਿਰਜਣਾ ਹੈ। ਇਸ ਨਾਟਕ ਦਾ ਸ਼ੁਰੂ ਹੈ ਜਦੋਂ ਕਿਸਾਨ ਦੀ ਫ਼ਸਲ ਘਰ ਆਂਦੀ ਹੈ। ਸਾਰੇ ਘਰ ਦੇ ਜੀਆਂ ਅਤੇ ਸੀਰੀ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ। ਔਲਖ ਨੇ ਨਿੱਕੀਆਂ ਨਿੱਕੀਆਂ ਵਾਰਤਾਲਾਪੀ ਛੋਹਾਂ ਨਾਲ ਕਿਸ ਤਰ੍ਹਾਂ ਇਹ ਖੁਸ਼ੀ ਸਥਾਪਤ ਕੀਤੀ ਹੈ, ਇਹ ਆਪਣੇ ਆਪ ਵਿੱਚ ਪੰਜਾਬੀ ਨਾਟਕ ਦੀ ਵੀ ਅਤੇ ਸਮੁੱਚੇ ਪੰਜਾਬੀ ਸਾਹਿਤ ਦੀ ਵੀ ਇੱਕ ਪ੍ਰਾਪਤੀ ਹੈ। ਮਿਹਨਤ ਕਰਨ ਵਾਲਿਆਂ ਦੀ ਮਿਹਨਤ ਜਦੋਂ ਘਰ ਆਉਂਦੀ ਹੈ ਤਾਂ ਇੱਕ ਮਾਸੂਮ ਖੁਸ਼ੀ ਵਿੱਚ ਆਉਣ ਵਾਲੇ ਦੁਖਾਂਤ ਦਾ ਮੁੱਢ ਬੰਨ੍ਹਿਆ ਜਾਂਦਾ ਹੈ। ਨਾਟਕ ਦਾ ਦਰਮਿਆਨ ਹੈ, ਜਦੋਂ ਲਹਿਣੇਦਾਰ ਆਪਣਾ ਦਿੱਤਾ ਹੋਇਆ ਪੈਸਾ ਵਾਪਸ ਮੰਗਣ ਆ ਜਾਂਦਾ ਹੈ। ਇੱਕ ਫਖ਼ਰ ਅਤੇ ਮਾਣ ਵਾਲਾ ਕਿਸਾਨ ਆਜਿਜ਼ ਇੱਕ ਫਖ਼ਰ ਅਤੇ ਮਾਣ ਵਾਲਾ ਕਿਸਾਨ ਆਜਿਜ਼ ਹੋਕੇ ਰਹਿ ਜਾਂਦਾ ਹੈ। ਬੈਂਕ ਵਾਲੇ ਕਰਜ਼ੇ ਦੀ ਵਸੂਲੀ ਲਈ ਆ ਜਾਂਦੇ ਹਨ। ਕੁਝ ਪਲ ਪਹਿਲਾਂ ਦੀ ਖੁਸ਼ੀ ਹੁਣ ਗਮੀ ਵਿੱਚ ਬਦਲ ਜਾਂਦੀ ਹੈ। ਘਰ ਵਿੱਚ ਰਿਝਦਾ ਮਹਾਂਪ੍ਰਸ਼ਾਦ ਚੁੱਲੇ ਉੱਤੇ ਸੜਦਾ ਲੱਗਦਾ ਹੈ। ਨਾਟਕ ਦਾ ਸਿਖ਼ਰ ਹੈ ਜਦੋਂ ਕਿਸਾਨ ਤਰਾਂਗਲ ਚੁੱਕਦਾ ਹੈ ਅਤੇ ਇੱਕ ਲਪੇਟਵੀਂ ਗਾਲ੍ਹ ਨਾਲ ਬੋਹਲ਼ ਖਾਲੀ ਕਰਨ ਵਾਲੇ ਨੂੰ ਵੰਗਾਰਦਾ ਹੈ। ਇਹ ਚੁੱਕਿਆ ਹੋਇਆ ਤਰਾਂਗਲ ਹੀ ਇਸ ਗੱਲ ਦਾ ਪ੍ਰਤੀਕ ਹੈ, ਜਦੋਂ ਮਿਹਨਤ ਕਰਨ ਵਾਲੇ ਆਪਣੀ ਮਿਹਨਤ ਦੀ ਰਖ਼ਵਾਲੀ ਲਈ ਬਗ਼ਾਵਤ ਕਰਨਗੇ। ਕਿਸੇ ਨਾਟਕ ਦਾ ਸਟਰਕਚਰ ਖੜ੍ਹਾ ਕਰਨ ਲਈ ਵਿਉਂਤਬੰਦੀ ਦੀ ਇਸ ਤੋਂ ਵੱਧ ਕੋਈ ਹੋਰ ਚੰਗੀ ਮਿਸਾਲ ਨਹੀਂ ਦਿੱਤੀ ਜਾ ਸਕਦੀ।

ਨਾਟਕਾਂ ਵਿੱਚ ਪੇਂਡੂ ਮੁਹਾਵਰੇ ਦੀ ਵਰਤੋਂ ਦੀ ਔਲਖ ਦੀ ਤੁਲਨਾ ਮੋਢੀ ਨਾਟਕਕਾਰ ਨੰਦਾ ਨਾਲ ਕੀਤੀ ਜਾ ਸਕਦੀ ਹੈ। ਇਹ ਤੁਲਨਾ ਅਕਾਦਮਿਕ ਹਲਕਿਆਂ ਵਿੱਚ ਇੱਕ ਖੋਜ ਦਾ ਮੁੱਦਾ ਵੀ ਹੋ ਸਕਦਾ ਹੈ। ਨੰਦਾ ਦੀ ਪਕੜ ਵੀ ਪੇਂਡੂ ਮੁਹਾਵਰੇ ਤੇ ਸੀ ਤੇ ਉਹਨੇ ਇਹਦੀ ਵਰਤੋਂ ਆਪਣੇ ਨਾਟਕਾਂ ਵਿੱਚ ਬਹੁਤ ਕੀਤੀ। ਉਹਦੀ ਮਿਸਾਲ ਉਹਦੀ ਪ੍ਰਮੁੱਖ ਰਚਨਾ 'ਸੁਭੱਦਰਾ' ਵਿੱਚ ਮਿਲਦੀ ਹੈ। ਨੰਦਾ ਨੇ ਇਹ ਪਕੜ ਬਹੁਤ ਮੇਹਨਤ ਕਰਕੇ ਹਾਸਲ ਕੀਤੀ ਲਗਦੀ ਸੀ। ਪਰ ਔਲਖ ਦੀ ਇਹ ਪਕੜ ਉਹਦੇ ਜੀਵਨ ਤਜ਼ਰਬੇ ਤੋਂ ਬਹੁਤ ਸੁਭਾਵਕ ਹੈ ਅਤੇ ਇਹਦੀ ਵਰਤੋਂ ਵੀ ਸੁਭਾਵਕ ਤਰੀਕੇ ਨਾਲ ਕੀਤੀ ਗਈ ਹੈ। ਪੜ੍ਹਦਿਆਂ ਸੁਣਦਿਆਂ ਰੂਹ ਸਰਸ਼ਾਰ ਹੁੰਦੀ ਹੈ। ਔਲਖ ਦੇ ਪੇਂਡੂ ਨਾਟਕਾਂ ਦੀ ਗੱਲ ਕਰਦਿਆਂ ਸਮੁੱਚੇ ਪੇਂਡੂ ਥੀਏਟਰ ਦੀ ਗੱਲ ਕਰਨੀ ਬਣਦੀ ਹੈ। ਪੇਂਡੂ ਰੰਗਮੰਚ ਦੇ ਸੀਮਤ ਸਾਧਨ ਹਨ। ਸ਼ਹਿਰ ਦੇ ਥੀਏਟਰਾਂ ਵਾਂਗ ਉੱਥੇ ਰੌਸ਼ਨੀ ਅਤੇ ਆਵਾਜ਼ ਦੀਆਂ ਬਹੁਤੀਆਂ ਸਹੂਲਤਾਂ ਨਹੀਂ ਹਨ। ਇਸ ਲਈ ਉੱਥੇ ਨਾਟਕ ਦੀ ਪੇਸ਼ਕਾਰੀ ਆਪਣੇ ਹੀ ਤਰੀਕੇ ਨਾਲ ਡਿਜ਼ਾਈਨ ਕੀਤੀ ਜਾਂਦੀ ਹੈ। ਪਿੰਡਾਂ ਵਿੱਚ ਦਰਸ਼ਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ। ਦਰਸ਼ਕ ਨਾਲ ਸੰਚਾਰ ਖ਼ਾਸ ਮਿਹਨਤ ਮੰਗਦਾ ਹੈ। ਔਲਖ ਦੇ ਨਾਟਕਾਂ ਦੀ ਇਹ ਖੂਬੀ ਹੈ ਕਿ ਉਹ ਪਹਿਲੇ ਹੀ ਇੱਕ ਦੋ ਮਿੰਟਾਂ ਵਿੱਚ ਇਹ ਸੰਚਾਰ ਪੈਦਾ ਕਰ ਲੈਂਦੇ ਹਨ ਅਤੇ ਫੇਰ ਨਾਟਕ ਦੇ ਅੰਤ ਤੱਕ ਇਹ ਸੰਚਾਰ ਕਾਇਮ ਰਹਿੰਦਾ ਹੈ। ਅਜਮੇਰ ਦੀ ਇਹ ਵੱਡੀ ਪ੍ਰਾਪਤੀ ਗਿਣੀ ਜਾ ਸਕਦੀ ਹੈ। ਜਿਸ ਤਰ੍ਹਾਂ ਸ਼ੁਰੂ ਵਿੱਚ ਹੀ ਕਿਹਾ ਗਿਆ ਹੈ ਕਿ ਅਜਮੇਰ ਔਲਖ ਜਿਸ ਸ਼ਿੱਦਤ ਨਾਲ ਆਪਣੇ ਨਾਟਕ ਸਿਰਜਦਾ ਹੈ ਅਤੇ ਪੇਂਡੂ ਮੁਹਾਵਰੇ ਤੇ ਉਹਦੀ ਪਕੜ ਹੈ, ਇਹ ਆਪਣੇ ਆਪ ਵਿੱਚ ਪੰਜਾਬੀ ਨਾਟਕ ਦੀ ਵੱਡੀ ਪ੍ਰਾਪਤੀ ਹੈ, ਪਰੰਤੂ ਇਹ ਆਪਣੇ ਆਪ ਵਿੱਚ ਇੱਕ ਤ੍ਰਾਸਦੀ ਹੈ ਕਿ ਉਹਦੀ ਨਾਟਕ ਕਲਾ ਦੀ ਜਾਣਕਾਰੀ ਹਾਲੇ ਪੰਜਾਬ ਤੋਂ ਬਾਹਰ ਦੇ ਨਾਟਕ ਹਲਕਿਆਂ ਵਿੱਚ ਨਹੀਂ ਪਹੁੰਚੀ। ਵਿਸ਼ਵ ਪੱਧਰ ਦੀ ਔਲਖ ਦੀ ਪੇਂਡੂ ਨਾਟਕ ਕਲਾ ਹਾਲੀਂ ਪੰਜਾਬੋਂ ਬਾਹਰ ਦੇ ਨਾਟਕ ਅਲੋਚਕਾਂ ਦੀ ਨਜ਼ਰ ਵਿੱਚ ਨਹੀਂ ਆਈ। ਕੁੱਝ ਸਾਲ ਹੋਏ ਹਿੰਦੁਸਤਾਨ ਦੀ ਸੰਗੀਤ ਨਾਟਕ ਅਕੈਡਮੀ ਦੀ ਕਾਰਜ ਕਾਰਨੀ ਕਮੇਟੀ ਵਿੱਚ ਮੈਂ ਔਲਖ ਦਾ ਜ਼ਿਕਰ ਕੀਤਾ। ਮੈਨੂੰ ਹੈਰਾਨੀ ਹੋਈ ਕਿ ਹਿੰਦੁਸਤਾਨ ਦੇ ਨਾਟਕ ਖੇਤਰ ਵਿੱਚ ਕੰਮ ਕਰਨ ਵਾਲਿਆਂ ਨੂੰ ਔਲਖ ਦੇ ਕੰਮ ਬਾਰੇ ਵਾਕਫ਼ੀਅਤ ਨਹੀਂ ਸੀ, ਕਿਉਂਕਿ ਉਹਦੇ ਨਾਟਕ ਹਿੰਦੀ ਜਾਂ ਅੰਗਰੇਜ਼ੀ ਵਿੱਚ ਅਨੁਵਾਦ ਹੋਕੇ ਪਾਠਕਾਂ ਦੇ ਸਾਹਮਣੇ ਨਹੀਂ ਆਏ। ਇਹ ਕੰਮ ਕਰਨਾ ਬਣਦਾ ਹੈ। ਔਲਖ ਪੰਜਾਬੀ ਨਾਟਕ ਦੀ ਇੱਕ ਵੱਡੀ ਪ੍ਰਾਪਤੀ ਹੈ।

(ਸੁਖਦੇਵ ਸਿੰਘ ਸਿਰਸਾ ਵੱਲੋਂ ਸੰਪਾਦਤ ਪੁਸਤਕ

''ਅਜਮੇਰ ਔਲਖ ਦੀ ਨਾਟ-ਭੂਮੀ'' 'ਚੋਂ)
ਸਿਰਲੇਖ ਸੰਪਾਦਕ ਵੱਲੋ





ਅਜਮੇਰ ਔਲਖ ਦੀ ਨਾਟ-ਕਲਾ ਦਾ ਮਹੱਤਵ
ਗੁਰਦਿਆਲ ਸਿੰਘ
ਅਜਮੇਰ ਔਲਖ ਨਾਲ ਜਾਣ-ਪਛਾਣ ਤਾਂ ਤੀਹ ਸਾਲ ਤੋਂ ਵੱਧ ਸਮੇਂ ਤੋਂ ਹੈ, ਪਰ ਉਹਨੂੰ ਨਾਟਕਕਾਰ ਵਜੋਂ ਉਦੋਂ ਹੀ ਜਾਣਿਆ ਜਦੋਂ 1972-73 ਵਿੱਚ ਉਹ ਪੰਜਾਬੀ ਯੂਨੀਵਰਸਿਟੀ ਦੇ 'ਇਲਾਕਾਈ ਯੁਵਕ ਮੇਲੇ' ਵਿੱਚ ਆਪਣਾ ਨਾਟਕ ਖੇਡਣ ਲਈ, ਬਰਜਿੰਦਰਾ ਕਾਲਜ, ਫਰੀਦਕੋਟ ਆਇਆ। ਉਸਦੇ ਕਾਲਜ ਦੇ ਵਿਦਿਆਰਥੀਆਂ ਨੇ ਨਾਟਕ ਖੇਡਿਆ ਤਾਂ ਇੰਜ ਲੱਗਿਆ ਜਿਵੇਂ ਪੰਜਾਬੀ ਨਾਟਕ ਦੀ ਜੋ ਲਹਿਰ ਗੁਰਸ਼ਰਨ ਭਾਅ ਜੀ ਨੇ ਚਲਾਈ ਸੀ ਉਹਦਾ ਅਸਰ ਮਾਲਵੇ ਵਿੱਚ ਅਜਿਹਾ ਹੋਇਆ ਕਿ ਔਲਖ ਵਰਗਾ ਨਾਟਕਕਾਰ ਪੈਦਾ ਹੋ ਸਕਿਆ।
ਪਰ ਬਹੁਤੀ ਹੈਰਾਨੀ ਉਦੋਂ ਹੋਈ ਜਦੋਂ ਔਲਖ ਨੇ ਦੱਸਿਆ ਕਿ ਉਹਨੇ ਨਾਟਕ ਦੀ ਮੁਕੰਮਲ ਸਕ੍ਰਿਪਟ ਤਿਆਰ ਨਹੀਂ ਸੀ ਕੀਤੀ, ਐਵੇਂ ਕਾਗਜ਼ਾਂ ਉੱਤੇ ਕੱਟ-ਵੱਢ ਕੇ ਨਾਟਕ ਲਿਖਿਆ ਹੋਇਆ ਸੀ। ਡਾ. ਟੀ. ਆਰ. ਵਿਨੋਦ, ਪ੍ਰੋ. ਪ੍ਰੇਮ ਪਾਲੀ ਤੇ ਮੈਂ ਅਸੀਂ ਤਿੰਨਾਂ ਨੇ ਉਹਨੂੰ ਜਦੋਂ ਪੁੱਛਿਆ ਕਿ ਨਾਟਕ ਦਾ ਮੁਕੰਮਲ ਖਰੜਾ ਕਿੱਥੇ ਹੈ, ਤਾਂ ਉਸਨੇ ਹੱਸਦਿਆਂ ਆਖਿਆ, 'ਮੁੰਡਿਆਂ-ਕੁੜੀਆਂ ਕੋਲੇ ਐ – ਆਪੋ ਆਪਣੇ ਕਾਗਜ਼ ਲਈ ਫਿਰਦੇ ਐ।' ਇਹਦੇ ਨਾਲ ਹੋਰ ਇੱਕ ਭੇਤ ਵੀ ਖੁੱਲ੍ਹਿਆ ਕਿ ਉਹਨੇ ਆਪਣੇ ਅਦਾਕਾਰ ਮੁੰਡੇ-ਕੁੜੀਆਂ ਨੂੰ ਅਜਿਹੀ ਖੁੱਲ੍ਹ ਵੀ ਦਿੱਤੀ ਹੋਈ ਸੀ ਕਿ ਉਹ ਨਾਟਕ ਦੇ ਵਿਸ਼ੇ ਤੋਂ ਬਾਹਰ ਜਾ ਕੇ ਨਾਟਕ ਖੇਡਦੇ-ਖੇਡਦੇ ਆਪੇ ਹੀ ਵਿੱਚ ਕੋਈ ਗੱਲ ਜੋੜ ਲੈਂਦੇ ਸਨ।
ਇੱਕ ਨਾਟਕ ਔਲਖ ਦੀ ਟੀਮ ਨੇ ਗੁਰਚਰਨ ਸਿੰਘ ਜਾਸੂਜਾ ਦਾ ਵੀ ਖੇਡਿਆ। ਉਹ ਨਾਟਕ ਖੇਡਣ ਸਮੇਂ ਸਾਡੇ
ਪ੍ਰਿੰਸੀਪਲ ਨੇ ਸਟੇਜ ਮੇਰੇ ਹਵਾਲੇ ਕਰ ਦਿੱਤੀ ਸੀ। ਜਦੋਂ ਮੈਂ ਨਾਟਕ ਦੇ ਅੰਤ ਵਿੱਚ ਉਹਦੇ ਅਦਾਕਾਰਾਂ ਦੀ ਜਾਣ-ਪਛਾਣ ਕਰਵਾਉਣ ਲੱਗਿਆ ਤਾਂ ਹਰੇਕ ਅਦਾਕਾਰ ਮੁੰਡੇ-ਕੁੜੀ ਨੇ ਆਪਣਾ ਮਨਭਾਉਂਦਾ ਕੋਈ ਨਾ ਕੋਈ ਡਾਇਲਾਗ ਬੋਲਿਆ। ਪਰ ਇੱਕ ਕੁੜੀ ਜਿਹੜੀ ਬੁੱਢੀ ਔਰਤ ਦਾ ਰੋਲ ਕਰ ਰਹੀ ਸੀ,ਕੁੱਬੀ-ਕੁੱਬੀ ਸਟੇਜ ਤੇ ਆਈ ਤੇ ਮੱਥੇ ਉੱਤੇ ਹੱਥ ਦੀ ਛਾਂ ਕਰਦਿਆਂ ਐਨਕ ਵਿੱਚੋਂ ਦੀ (ਖਚਰੀ ਜਿਹੀ) ਮੇਰੇ ਵੱਲ ਝਾਕਦੀ, ਆਪਣਾ ਕੋਈ ਡਾਇਲਾਗ ਬੋਲਣ ਦੀ ਥਾਂ ਬੋਲੀ, ''ਵੇ ਪੁੱਤ ਤੂੰ ਕਿਹੜੈਂ? ਮੈਨੂੰ ਤਾਂ ਤੇਰੀ ਪਛਾਣ ਨ੍ਹੀਂ ਆਈ।'' ਸਰੋਤੇ ਕਿੰਨਾ ਚਿਰ ਹਸਦੇ ਰਹੇ। ਮੈਂ ਵੀ ਹਸਦਾ ਰਿਹਾ। ਭਾਵੇਂ ਮੈਂ ਅਦਾਕਾਰੀ ਦਾ ਊੜਾ-ਐੜਾ ਵੀ ਨਹੀਂ ਸਾਂ ਜਾਣਦਾ, ਪਰ ਹਸਦਿਆਂ-ਹਸਦਿਆਂ ਮੈਨੂੰ ਵੀ ਇੱਕ ਗੱਲ ਸੁੱਝ ਗਈ। ਜਦੋਂ ਸਰੋਤਿਆਂ ਦਾ ਹਾਸਾ ਰਤਾ ਮੱਠਾ ਪਿਆ ਤਾਂ ਮੈਂ ਕਿਹਾ, ''ਇਹ ਨਾਟਕ ਕਲਾ ਦਾ ਹੀ ਕਮਾਲ ਕਿ ਮੇਰੀ ਧੀ ਦੇ ਹਾਣ ਦੀ ਕੁੜੀ ਮੈਨੂੰ ਪੁੱਤ ਕਹਿ ਕੇ ਤੁਰ ਗਈ।'' ਇੱਕ ਵਾਰ ਫਿਰ ਸਰੋਤੇ ਹੱਸਣ ਲੱਗ ਪਏ ਤੇ ਮੇਰੀ ਵੀ 'ਇੱਜ਼ਤ' ਬਚ ਗਈ।
ਉਸ ਤੋਂ ਅਗਲੇ ਸਾਲ ਜਦੋਂ ਔਲਖ ਫੇਰ ਆਪਣੀ ਟੀਮ ਨਾਲ ਯੂਨੀਵਰਸਿਟੀ 'ਖੇਤਰੀ ਯੁਵਕ-ਮੇਲੇ' ਵਿੱਚ ਭਾਗ ਲੈਣ ਆਇਆ ਤਾਂ ਜਿਸ ਗੱਡੀ ਵਿੱਚ ਔਲਖ ਤੇ ਉਹਦੇ ਨਾਟਕ ਦੇ ਅਦਾਕਾਰ ਮੁੰਡੇ ਕੁੜੀਆਂ ਮਾਨਸਾ ਤੋਂ ਫ਼ਰੀਦਕੋਟ ਜਾ ਰਹੇ ਸਨ, ਉਸੇ ਵਿੱਚ ਜੈਤੋ ਤੋਂ ਮੈਂ ਵੀ ਕਿਸੇ ਹੋਰ ਡੱਬੇ ਵਿੱਚ ਚੜ੍ਹ ਗਿਆ ਸਾਂ। ਜਦੋਂ ਫ਼ਰੀਦਨਗਰ (ਕਾਲਜ ਕੋਲ ਬਣਿਆ ਨਵਾਂ ਸਟੇਸ਼ਨ) ਉਤਰਿਆ ਤਾਂ ਪਿਛਲੇ ਸਾਲ ਵਾਲੀ ਉਹੋ ਬੁੱਢੀ ਦਾ ਰੋਲ ਕਰਨ ਵਾਲੀ ਕੁੜੀ, ਆਪਣੀ ਸਹੇਲੀ ਨਾਲ ਭਾਰਾ ਬਿਸਤਰਬੰਦ ਚੁੱਕੀ ਜਦੋਂ ਮੇਰੇ ਨੇੜੇ ਆਈ ਤਾਂ ਮੁਸਕਰਾ ਕੇ ਕਹਿਣ ਲੱਗੀ, ''ਕੀ ਹਾਲ ਐ, ਪੁੱਤ। ਹੋਰ ਬਾਲ-ਬੱਚਾ ਤਾਂ ਸਭ ਰਾਜ਼ੀ ਐ?'' ਗੱਡੀ ਦੇ ਸਾਹਮਣੇ ਡੱਬੇ ਦੇ ਕੁੱਝ ਮੁਸਾਫ਼ਰ ਜਦੋਂ ਇਸ ਗੱਲ 'ਤੇ ਹੱਸੇ ਤਾਂ ਕੁੱਝ ਸਕਿੰਟ ਜਿਵੇਂ ਮੈਂ ਬੌਂਦਲ ਜਿਹਾ ਗਿਆ, ਕਿਉਂਕਿ ਕੁੜੀ ਨੂੰ ਚੰਗੀ ਤਰ੍ਹਾਂ ਪਛਾਣ ਨਹੀਂ ਸੀ ਸਕਿਆ। ਪਰ ਜਦੋਂ ਮਗਰ ਔਲਖ ਆਉਂਦਾ ਵੇਖਿਆ ਤਾਂ ਮੈਂ ਉੱਚੀ ਸਾਰੀ ਹੱਸ ਕੇ, ਮੇਰਾ ਸਿਰ ਪਲੋਸਦੀ ਉਸ ਕੁੜੀ ਨੂੰ, ਖੁਸ਼ੀ ਦੇ ਰੌਂਅ ਵਿੱਚ ਕਿਹਾ, ''ਅੰਬੋ ਸਭ ਤੇਰੀ ਕਿਰਪੈ। ਹੋਰ ਤੂੰ ਤਾਂ ਤਕੜੀ ਐਂ? ਪੋਤੇ-ਦੋਹਤੇ ਸਭ ਰਾਜ਼ੀ ਐ?'' ਤੇ ਜਿਸ ਡੱਬੇ ਦੇ ਸਾਹਮਣੇ ਅਸੀਂ ਕੁਝ ਸਕਿੰਟ ਰੁਕੇ ਸਾਂ ਉਹਦੇ ਮੁਸਾਫ਼ਰ ਕੁੱਝ ਦੀਆਂ ਤਾਂ ਹੈਰਾਨੀ ਨਾਲ ਅੱਖਾਂ ਟੱਡੀਆਂ ਰਹਿ ਗਈਆਂ, ਪਰ ਕੁੱਝ ਮਾੜੀ ਮੋਟੀ ਗੱਲ ਸਮਝ ਕੇ ਹੱਸਣ ਵੀ ਲੱਗ ਪਏ।
ਇਹ ਗੱਲ ਮੈਨੂੰ 24-25 ਸਾਲ ਤੋਂ ਬਾਅਦ ਵੀ ਨਹੀਂ ਭੁੱਲੀ। ਉਹ ਕੁੜੀ ਹੁਣ ਜ਼ਰੂਰ 40-45 ਸਾਲ ਦੀ ਬਾਲ ਬੱਚੇਦਾਰ ਔਰਤ ਹੋਏਗੀ, ਪਰ ਮੈਨੂੰ ਇਹ ਕੱਲ੍ਹ ਦੀ ਗੱਲ ਲੱਗਦੀ ਹੈ। ਉਹਦਾ ਕਾਰਨ ਵੀ ਮੈਂ ਸਮਝ ਸਕਦਾ ਹਾਂ। ਜਦੋਂ ਕੋਈ ਵੀ ਕਲਾ ਮਨੁੱਖੀ ਜੀਵਨ ਦੇ ਮੂਲ ਸਰੋਕਾਰਾਂ ਨਾਲ ਜੁੜ ਜਾਂਦੀ ਹੈ ਤਾਂ ਉਹ ਮਨੁੱਖੀ ਜੀਵਨ ਨੂੰ ਵੀ ਪ੍ਰਭਾਵਿਤ ਕਰਦੀ ਹੈ। ਇਹ ਪ੍ਰਭਾਵ ਭਾਵੁਕ ਵੀ ਹੁੰਦੇ ਹਨ ਤੇ ਵਿਚਾਰਾਤਮਿਕ ਵੀ। ਪਰ ਇਹਦੇ ਲਈ ਜ਼ਰੂਰੀ ਹੈ ਕਲਾਕਾਰ ਜੀਵਨ ਦੀਆਂ ਗੋਝਾਂ ਤੇ ਸੂਖਣ ਭਾਵਾਂ ਤੋਂ ਜਾਣੂ ਹੋਵੇ। (ਤੇ ਔਲਖ ਦੇ ਅਦਾਕਾਰ ਸ਼ਾਇਦ ਖਾਸੀ ਹੱਦ ਤੱਕ ਇਹ ਕਲਾ ਜਾਣਦੇ ਸਨ।) ਔਲਖ ਦੀ ਸ਼ਾਇਦ ਸਭ ਤੋਂ ਵੱਡੀ ਪ੍ਰਾਪਤੀ ਇਹੋ ਹੈ ਕਿ ਉਹਨੇ ਇੱਕ ਤਾਂ ਆਪਣੇ ਨਾਟਕਾਂ ਵਿੱਚ ਪੇਂਡੂ ਜੀਵਨ ਨੂੰ ਏਨੇ ਸਜੀਵ ਢੰਗ ਨਾਲ ਤੇ ਯਥਾਰਥਕ ਰੂਪ ਵਿੱਚ ਪੇਸ਼ ਕੀਤਾ ਹੈ ਕਿ ਉਹਦੇ ਪ੍ਰਤਿਭਾਸ਼ਾਲੀ ਅਦਾਕਾਰ, ਉਪਰਲੀ ਘਟਨਾ ਵਿੱਚ ਦੱਸੇ ਆਮ ਵਰਤਾਰੇ ਵਿੱਚ ਵੀ ਨਾਟਕੀਅਤਾ ਦੇ ਅੰਸ਼ ਪੈਦਾ ਕਰਕੇ ਕਲਾ ਤੇ ਜੀਵਨ ਦਾ ਅਜਿਹਾ ਸਬੰਧ ਜੋੜ ਦਿੰਦੇ ਹਨ ਕਿ ਕਲਾ ਦੀ ਸਮਰੱਥਾ ਕੇਵਲ 'ਖੇਡ ਤਮਾਸ਼ੇ' ਤੱਕ ਹੀ ਸੀਮਤ ਨਹੀਂ ਰਹਿੰਦੀ, ਉਹ ਜੀਵਨ ਯਥਾਰਥ ਨੂੰ ਪ੍ਰਭਾਵਿਤ ਕਰਨ ਵਿੱਚ ਵੀ ਸਮਰੱਥ ਹੁੰਦੀ ਹੈ।
ਦੂਸਰੀ ਗੱਲ ਏਥੇ ਮੈਂ ਇਹ ਕਹਿਣੀ ਚਾਹੁੰਦਾ ਹਾਂ ਕਿ ਅਜਮੇਰ ਔਲਖ ਨੇ ਆਪਣੀ ਨਾਟਕ-ਕਲਾ ਵਿਦੇਸ਼ੀ ਦੇਸੀ ਨਾਟਕ ਪੜ੍ਹ ਕੇ ਹੀ ਵਿਕਸਿਤ ਨਹੀਂ ਕੀਤੀ, ਸਗੋਂ ਨਿੱਜੀ ਤੇ ਸਮਾਜਿਕ ਜੀਵਨ ਦੇ ਪ੍ਰਭਾਵਾਂ ਦੇ ਅਨੁਭਵ ਤੋਂ ਵਿਕਸਿਤ ਕੀਤੀ ਹੈ। ਇੱਕ ਵਾਰ ਉਹਨੇ ਭਰੇ ਮਨ ਨਾਲ ਕਿਹਾ ਸੀ ਕਿ, 'ਆਪਣੇ ਹੀ ਜ਼ਖਮਾਂ ਦੀ ਦਾਸਤਾਨ ਜਦੋਂ ਨਾਟਕਾਂ ਵਿੱਚ ਢਾਲਣੀ ਪੈਂਦੀ ਹੈ ਤਾਂ ਕਈ ਪੁਰਾਣੇ ਜ਼ਖਮ ਵੀ ਉੱਚੜ ਜਾਂਦੇ ਹਨ।'
ਉਦੋਂ ਔਲਖ ਪਹਿਲਾਂ ਨਾਟਕ ਦੀ ਮੁਕੰਮਲ ਸਕ੍ਰਿਪਟ ਤਿਆਰ ਨਹੀਂ ਸੀ ਕਰਦਾ। ਨਾਟਕ ਲਿਖਣ ਮਗਰੋਂ ਉਹਨੂੰ ਕਈ ਕਈ ਵਾਰ ਆਪ ਹੀ ਨਿਰਦੇਸ਼ਕ ਵਜੋਂ ਨਾਟਕ ਖਿਡਾ ਕੇ ਸਕ੍ਰਿਪਟ ਵਿੱਚ ਲੋੜ ਅਨੁਸਾਰ ਤਬਦੀਲੀਆਂ ਕਰਦਾ ਰਹਿੰਦਾ। ਜਦੋਂ ਉਹਦੀ ਪੂਰੀ ਤਸੱਲੀ ਹੋ ਜਾਂਦੀ, ਫੇਰ ਕਿਧਰੇ ਜਾ ਕੇ ਇਸ ਸਕ੍ਰਿਪਟ ਨੂੰ ਸੋਧ-ਸੰਵਾਰ ਕੇ ਲਿਖ ਦਿੰਦਾ ਸੀ। ਉਹਦੇ ਪਹਿਲੇ ਨਾਟਕ-ਸੰਗ੍ਰਿਹ ਨੂੰ ਜਦੋਂ ਛਪਣ ਤੋਂ ਪਹਿਲਾਂ ਮੈਂ ਪੜਿਆ ਤਾਂ ਮੈਨੂੰ ਉਹਦੇ ਨਾਟਕਾਂ ਦੀ ਕਲਾ-ਕੌਸ਼ਲਤਾ ਤੇ ਸ਼ਕਤੀ ਦਾ ਅਹਿਸਾਸ ਹੋਇਆ। ਉਸਦੇ ਪਹਿਲੇ ਨਾਟਕਾਂ ਵਿੱਚ ਭਾਵੇਂ ਵਾਰਤਾਲਾਪ ਵਿੱਚ ਕੁਝ ਸੋਧਾਂ ਦੀ ਲੋੜ ਵੀ ਮਹਿਸੂਸ ਹੋਈ (ਜੋ ਅਸੀਂ ਲੰਮੇ ਤੇ ਲਗਾਤਾਰ ਵਿਚਾਰ ਵਟਾਂਦਰੇ ਮਗਰੋਂ ਕਰ ਲਈ ਸੀ।) ਮੈਨੂੰ ਨਾਟਕ-ਲੇਖਣ ਦਾ ਬਹੁਤਾ ਗਿਆਨ ਨਾ ਹੋਣ ਕਾਰਨ, ਉਹਨਾਂ ਨਾਟਕਾਂ ਦੀਆਂ ਸੋਧਾਂ ਵਿੱਚ ਬਹੁਤੀ ਸਹਾਇਤਾ ਨਹੀਂ ਸੀ ਕਰ ਸਕਦਾ, ਪਰ ਸਾਡੇ ਦੋਹਾਂ ਦੇ ਜੀਨਵ-ਅਨੁਭਵ ਤੇ ਵਿਚਾਰਾਂ ਦੀ ਸਾਂਝ ਕਾਰਨ ਅਜਿਹੀ ਸੋਧ-ਸੁਧਾਈ ਵਿੱਚ ਵਧੇਰੇ ਮੁਸ਼ਕਲ ਵੀ ਨਹੀਂ ਆਈ।
ਹੁਣ ਤੱਕ ਅਜਮੇਰ ਔਲਖ ਨੇ ਜਿੰਨੇ ਨਾਟਕ ਲਿਖੇ ਹਨ ਉਹਨਾਂ ਦੀ ਸੁਰ ਤਿੱਖੀ ਤੇ ਵਧੇਰੇ ਪ੍ਰਭਾਵਸ਼ਾਲੀ ਹੋਣ ਦਾ ਮੂਲ ਕਾਰਨ ਉਹਦੇ ਜੀਵਨ-ਅਨੁਭਵ ਦੀ ਪਰਪੱਕਤਾ ਹੈ ਤੇ ਉਹਨੇ ਹੌਲੀ ਹੌਲੀ ਨਾਟਕਕਾਰ ਦੇ ਤੌਰ ਉੱਤੇ ਆਪਣੀ ਵੱਖਰੀ ਥਾਂ ਬਣਾ ਲਈ ਹੈ। ਪੰਜਾਬੀ ਨਾਟਕ ਅਜੇ ਤੱਕ ਆਪਣੀ ਯੋਗ ਤੇ ਪੱਕੀ ਪਛਾਣ ਬਣਾਉਣ ਵਿੱਚ, ਸ਼ਾਇਦ ਪੂਰੀ ਤਰ੍ਹਾਂ ਸਫ਼ਲ ਨਹੀਂ ਸੀ ਹੋ ਸਕਿਆ। ਪਰ ਪਿਛਲੇ ਦੋ ਕੁ ਦਹਾਕਿਆਂ ਤੋਂ ਸਮੇਤ ਗੁਰਸ਼ਰਨ ਭਾਅ ਜੀ ਦੇ, ਅਜਮੇਰ ਔਲਖ ਤੇ ਆਤਮਜੀਤ ਜਿਹੇ ਸਮਰੱਥ ਨਾਟਕਕਾਰ ਤੇ ਰੰਗਕਰਮੀਅਾਂ ਨੇ ਜੋ ਆਪਣੇ ਸਫ਼ਲ ਯਤਨਾਂ ਸਦਕਾ, ਪੰਜਾਬੀ ਨਾਟਕ ਦੀ ਪਛਾਣ ਬਣਾ ਲਈ ਹੈ, ਉਸ ਨਾਲ ਨਾਟਕਸਾਹਿਤ ਦਾ ਭਵਿੱਖ ਉਜਲਾ ਲੱਗਣ ਲੱਗ ਪਿਆ ਹੈ। ਮੇਰੀ ਆਸ ਤੇ ਕਾਮਨਾ ਹੈ ਕਿ ਅਜਮੇਰ ਤੇ ਗੁਰਸ਼ਰਨ ਭਾਅ ਜੀ ਦੇ ਕਿਤਨੇ ਹੀ ਹੋਰ ਸਾਥੀ, ਇਸ ਖੇਤਰ ਵਿੱਚ ਆਉਣਗੇ ਜਿਹਨਾਂ ਸਦਕਾ ਪੰਜਾਬੀ ਨਾਟਕ ਖੇਤਰ ਸਮਰਿਧ ਹੁੰਦਾ ਜਾਏਗਾ।

ਆਖ਼ਰੀ ਗੱਲ ਵੀ ਜ਼ਰੂਰ ਕਹਿਣੀ ਬਣਦੀ ਹੈ। ਸੰਸਾਰ ਵਿੱਚ ਜਿਹਨਾਂ ਕੋਮਲ-ਕਲਾਵਾਂ ਦਾ ਅੱਜ ਤੱਕ ਵਿਕਾਸ ਹੋਇਆ ਹੈ, ਉਹਦਾ ਮੂਲ ਕਾਰਣ ਇਹ ਹੈ ਕਿ ਹਰ ਕਲਾ ਆਪੋ-ਆਪਣੇ ਸਮਾਜਾਂ ਨਾਲ ਵਿਕਸਿਤ ਹੋਈ ਹੈ। ਕੋਮਲਕਲਾਵਾਂ ਸਮਾਜਿਕ-ਵਰਤਾਰੇ ਦੇ ਅਜਿਹੇ ਪ੍ਰਭਾਵਸ਼ਾਲੀ ਪ੍ਰਤੀਬਿੰਬ ਹੁੰਦੀਆਂ ਹਨ, ਜਿਨ੍ਹਾਂ ਸਦਕਾ ਸਮਾਜਿਕ ਜੀਵਨ ਵਿੱਚ ਚੇਤਨਾ ਪ੍ਰਚੰਡ ਹੁੰਦੀ ਹੈ ਤੇ ਸਮਾਜਿਕ ਵਰਤਾਰੇ ਵਿੱਚ ਮਾਨਵੀ ਸ਼ਕਤੀ ਦਾ ਸੰਚਾਰ ਇੰਜ ਹੁੰਦਾ ਹੈ ਕਿ ਸਮਾਜ ਵਧੇਰੇ ਸਮਰਿਧ, ਮਾਨਵਵਾਦੀ ਕਦਰਾਂ ਕੀਮਤਾਂ ਦੇ ਧਾਰਨੀ ਬਣਦੇ ਜਾਂਦੇ ਹਨ। ਇਸ ਲਈ ਹਰ ਕੋਮਲ-ਕਲਾ ਦਾ ਓਨਾ ਹੀ ਵੱਡਾ ਸਮਾਜਿਕ ਕਾਰਜ ਹੁੰਦਾ ਹੈ ਜਿੱਡਾ ਹੋਰ ਸਮਾਜਿਕ ਸੰਸਥਾਵਾਂ ਦਾ| ਭਾਰਤੀ ਨਾਟਕ-ਕਲਾ ਦਾ, ਕਾਲੀਦਾਸ ਤੋਂ ਲੈ ਕੇ ਬੜਾ ਅਮੀਰ ਵਿਰਸਾ ਹੈ। ਪਰ ਪਿਛਲੇ ਹਜ਼ਾਰ ਸਾਲ ਅੰਦਰ, ਭਾਰਤੀ ਸਮਾਜ ਦੀਆਂ ਊਣਤਾਈਆਂ ਕਾਰਨ, ਜਿੱਥੇ ਭਾਰਤੀ-ਕਲਾ ਵਿੱਚ ਕਾਵਿ-ਕਲਾ ਨੇ ਆਪਣਾ ਬਣਦਾਸਰਦਾ ਫਰਜ਼ ਨਿਭਾਇਆ, ਉੱਥੇ ਨਾਟਕ-ਕਲਾ ਦਾ ਵਿਕਾਸ ਨਹੀਂ ਹੋ ਸਕਿਆ। ਇਹ ਵਧੇਰੇ ਵੀਹਵੀਂ ਸਦੀ ਦੇ ਆਰੰਭ ਤੋਂ (ਅੰਗਰੇਜ਼ੀ ਸਾਹਿਤ ਦੇ ਪ੍ਰਭਾਵਾਂ ਕਾਰਨ) ਹੀ ਹੋਣਾ ਸ਼ੁਰੂ ਹੋਇਆ। ਇਸੇ ਕਾਰਨ ਇਸ ਸਾਰਥਿਕ ਤੇ ਮਹੱਤਵਪੂਰਨ ਕਲਾ ਦਾ ਵਿਕਾਸ ਜਿਵੇਂ ਵੀ ਪਿਛਲੀ ਅੱਧੀ ਸਦੀ ਤੋਂ ਹੋ ਰਿਹਾ ਹੈ, ਉਹ ਇਸ ਕਰਕੇ ਵੀ ਮਹੱਤਵਪੂਰਨ ਹੈ ਕਿ ਗੁਰਸ਼ਰਨ ਭਾਅ ਜੀ, ਅਜਮੇਰ ਔਲਖ ਤੇ ਇਹਨਾਂ ਦੇ ਕੁੱਝ ਹੋਰ ਸੰਗੀ-ਨਾਟਕਕਾਰਾਂ ਨੇ ਨਾਟਕ-ਕਲਾ ਨੂੰ ਸਮਾਜਿਕ-ਕਾਰਜ ਵਜੋਂ ਜਿਵੇਂ ਨਿਭਾਇਆ ਹੈ (ਇਹਨੂੰ ਨਿਰਾ ''ਰੰਗ-ਤਮਾਸ਼ਾ'' ਨਹੀਂ ਰਹਿਣ ਦਿੱਤਾ) ਉਹ ਬਹੁਤ ਸ਼ੁਭ-ਸ਼ਗਨ ਹੈ। ਇਹਨਾਂ ਹੀ ਨਾਟਕਕਾਰਾਂ ਨਿਰਦੇਸ਼ਕਾਂ ਨੇ ਨਾਟਕ-ਕਲਾ ਦੀ ਸਮਰੱਥਾ ਤੇ ਕਾਰਜ ਨੂੰ ਪਛਾਣ ਕੇ ਜੋ ਨਵੇਂ ਪ੍ਰਯੋਗ ਵੀ ਕੀਤੇ ਹਨ, ਉਹ ਇਸ ਕਰਕੇ ਵੀ ਸਫ਼ਲ ਰਹੇ ਹਨ ਕਿ ਇਹਨਾਂ ਨੂੰ ਵਰਤਮਾਨ ਪੰਜਾਬੀ ਸਮਾਜ ਅੰਦਰਲੇ ਉਤਰਾਵਾਂ-ਚੜ੍ਹਾਵਾਂ, ਵਿਕਾਰਾਂ ਸੰਭਾਵਨਾਵਾਂ ਤੇ ਆਮ ਆਦਮੀ ਦੇ ਦੁੱਖ-ਸੁੱਖ ਤੇ ਉਸ ਦੀਆਂ ਸਮੱਸਿਆਵਾਂ ਦਾ ਗਿਆਨ ਵੀ ਹੈ ਤੇ ਜੀਵਨ ਯਥਾਰਥ ਦੀ ਗਹਿਰਾਈ ਤੱਕ ਪਹੁੰਚ ਕੇ ਉਹਦੀਆਂ ਗੁੱਝੀਆਂ ਤੇ ਸੂਖਮ ਭਾਵਨਾਵਾਂ ਨੂੰ ਸਮਝਣ ਦੀ ਪ੍ਰਤਿਭਾ ਵੀ।
ਤੇ ਔਲਖ ਵਿੱਚ ਇੱਕ ਸਮਰੱਥ ਨਾਟਕਕਾਰ ਤੇ ਨਿਰਦੇਸ਼ਕ ਦੇ ਉਹ ਗੁਣ ਮੌਜੂਦ ਹਨ ਜਿਹੜੇ ਉਹਦੀ ਸਫ਼ਲਤਾ ਦੇ ਜ਼ਾਮਨ ਹਨ।


(ਸੁਖਦੇਵ ਸਿੰਘ ਸਿਰਸਾ ਵੱਲੋਂ ਸੰਪਾਦਤ ਪੁਸਤਕ

''ਅਜਮੇਰ ਔਲਖ ਦੀ ਨਾਟ-ਭੂਮੀ'' 'ਚੋਂ)




ਰਾਜਨੀਤਕ ਜਾਗਰਣ ਦਾ ਥੀਏਟਰ
ਡਾ. ਸੁਖਦੇਵ ਸਿੰਘ ਸਿਰਸਾ


ਪੰਜਾਬੀ ਅਦਬੀ ਹਲਕਿਆਂ ਅੰਦਰ ਅਜਮੇਰ ਔਲਖ  ਦੀ ਪਛਾਣ ਭਾਵੇਂ ਇੱਕ ਨਾਟਕਕਾਰ ਅਤੇ ਨਿਰਦੇਸ਼ਕ ਵਜੋਂ ਬਣੀ, ਪਰ ਉਸ ਨੇ ਆਪਣਾ ਸਾਹਿਤਕ ਸਫ਼ਰ ਕਵਿਤਾ ਲਿਖਣ ਨਾਲ ਸ਼ੁਰੂ ਕੀਤਾ। ਸਕੂਲ ਵਿੱਚ ਪੜ੍ਹਦਿਆਂ ਹੀ ਉਸਨੇ ਸਰਲ-ਸੁਬੋਧ ਲੋਕ-ਸ਼ੈਲੀ ਵਿੱਚ ਤੁਕਾਂ ਜੋੜਨੀਆਂ ਸ਼ੁਰੂ ਕਰ ਦਿੱਤੀਆਂ ਸਨ। ਉਸ ਸਮੇਂ ਪੈਪਸੂ ਖਿੱਤੇ ਵਿੱਚ ਮੁਜ਼ਾਰਾ ਲਹਿਰ ਸਿਖ਼ਰ ਉੱਤੇ ਸੀ। ਗਰੀਬ ਮੁਜ਼ਾਰਾ ਪਰਿਵਾਰ ਦਾ ਜੀਅ ਹੋਣ ਕਾਰਨ ਅਜਮੇਰ ਔਲਖ ਨੂੰ ਮੁਜ਼ਾਰਿਆਂ ਦੇ ਦੁੱਖ ਦਰਦ ਦਾ ਨੇੜਲਾ ਅਨੁਭਵ ਸੀ। ਬਚਪਨ 'ਚ ਭੋਗੇ ਬਿਸਵੇਦਾਰਾਂ ਦੇ ਅਣ-ਮਨੁੱਖੀ ਦਮਨ ਨੇ ਉਸਦੇ ਬਾਲ-ਮਨ ਉੱਤੇ ਐਸੀਆਂ ਗਹਿਰੀਆਂ ਝਰੀਟਾਂ ਪਾਈਆਂ, ਜਿਨ੍ਹਾਂ ਦਾ ਪ੍ਰੇਤ-ਪਰਛਾਵਾਂ ਅਜੇ ਵੀ ਉਸਦੇ ਚਿਤਰੇ ਪਾਤਰਾਂ ਦੇ ਮਨਾਂ ਉੱਪਰ ਸਾਫ਼ ਦਿਸਦਾ ਹੈ। ਭੁੱਖ, ਦਮਨ ਅਤੇ ਬੇਪਤੇ ਨੇ ਬਾਲ-ਵਰੇਸੇ ਔਲਖ ਦੇ ਅਵਚੇਤਨ ਵਿੱਚ ਰੋਹ ਦਾ ਬੀਅ ਬੀਜ ਦਿੱਤਾ। ਉਹ ਆਪਣੇ ਸਕੂਲ ਦੇ ਹਾਣੀਆਂ ਦੀ ਢਾਣੀ ਨੂੰ ਇਕੱਠੇ ਕਰਕੇ ਕਮਿਊਨਿਸਟ ਜਲਸਿਆਂ 'ਚੋਂ ਸੁਣੇ ਗੀਤ ਗਾਉਂਦਾ ਤੇ ਨਾਹਰੇ ਮਾਰਦਾ। ਰੋਜ਼ ਦਿਹਾੜੀ ਅਤਿ ਸਧਾਰਨ  ਤੇ ਨਿਗੂਣੀਆਂ ਚੀਜ਼ਾਂ ਨੂੰ ਤਰਸਦੇ ਕਿਰਤੀ-ਪੁੱਤਰਾਂ ਨੇ ਆਪਣੇ ਅੰਦਰਲੇ ਰੋਹ ਦੇ ਪ੍ਰਗਟਾਵੇ ਲਈ ਕਵਿਤਾ ਦੀ ਸ਼ਰਨ ਜਾ ਲਈ। ਅਜਮੇਰ ਔਲਖ ਦੇ ਧੁਰ ਅੰਦਰਲੀ ਰੋਹ ਦੀ ਇਸ ਗੱਠ ਨੇ ਉਸ ਦੇ ਨਾਟਕਾਂ ਵਿੱਚ ਗਾਲ੍ਹਾਂ ਦੇ ਰੂਪ ਵਿੱਚ ਪ੍ਰਗਟਾਵਾ ਲੱਭਿਆ ਹੈ। ਤਲਖੀ ਨਾਲ ਭਰੇ ਆਪਣੇ ਪਾਤਰਾਂ ਤੋਂ ਦਮਨਕਾਰੀ ਧਿਰਾਂ ਨੂੰ ਗਾਲ੍ਹ ਕਢਵਾ ਕੇ ਔਲਖ ਆਪਣੇ ਬਚਪਨ 'ਚ ਸਹੇ ਆਤੰਕ ਦੇ ਪ੍ਰੇਤ-ਪ੍ਰਛਾਵੇਂ ਤੋਂ ਮੁਕਤ ਹੋਣ ਦਾ ਯਤਨ ਹੀ ਤਾਂ ਕਰਦਾ ਹੈ। ਔਲਖ ਅਤੇ ਉਸਦੇ ਚਚੇਰੇ ਭਰਾ ਸੁਖਦੇਵ ਨੇ ਕਮਿਊਨਿਸਟ ਜਲਸਿਆਂ ਵਿੱਚ ਕਵਿਤਾ ਗਾਉਣੀ ਸ਼ੁਰੂ ਕੀਤੀ। ਲੋਕ-ਧਾਰਨਾ ਤੇ ਚਲੰਤ ਤਰਜ਼ਾਂ ਨੂੰ ਮੁੱਖ ਰੱਖ ਕੇ ਅਜਮੇਰ ਔਲਖ ਕਵਿਤਾ ਜੋੜਦਾ ਤੇ ਸੁਖਦੇਵ ਨਾਲ ਰਲਕੇ ਰਾਜਸੀ ਮੰਚਾਂ ਤੇ ਗਾਉਂਦਾ ਇਹ ਬਾਲ-ਜੋੜੀ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨੂੰ ਬਦਲ ਤਾਂ ਨਹੀਂ ਸੀ ਸਕਦੀ, ਪਰ ਵੰਗਾਰਨ ਦਾ ਸੁਪਨਾ ਜ਼ਰੂਰ ਲੈਂਦੀ ਸੀ। ਸਕੂਲ ਦੇ ਦਿਨਾਂ 'ਚ ਲਿਖੀ ਕਵਿਤਾ ਦਾ ਇੱਕ ਬੰਦ ਔਲਖ ਹੁਣ ਵੀ ਕਦੇ ਕਦੇ ਪੂਰੇ ਜਲਾਲ 'ਚ ਆਕੇ ਸੁਣਾਉਂਦਾ ਹੈ:



ਇਹ ਤਾਂ ਦੂਹਰੀਆਂ ਪੁਸ਼ਾਕਾਂ ਪਾਉਂਦੇ
ਤੈਨੂੰ ਫਿੱਡੇ ਛਿੱਤਰ ਨਾ ਥਿਆਉਂਦੇ
ਹੁਣ ਹੋ ਹੁਸ਼ਿਆਰ, ਜੱਟਾ ਕਰ ਮਾਰੋ ਮਾਰ
ਜਾ ਕੇ ਵੈਰੀ ਦੇ ਬੂਹੇ ਤੇ ਅੜ ਜਾ
ਵੈਰੀ ਦੇ ਟਾਕਰੇ ਨੂੰ, ਤਿਆਰ ਹੋ ਕੇ ਤੂੰ ਖੜ੍ਹ ਜਾ।

ਮੁਜ਼ਾਰਾ ਲਹਿਰ ਦੀ ਚੜ੍ਹਤ ਸਮੇਂ ਇੱਕ ਕਾਨਫ਼ਰੰਸ 'ਚ ਗਾਏ ਗੀਤ ਬਦਲੇ ਅਜਮੇਰ ਔਲਖ ਨੂੰ ਜ਼ਿੰਦਗੀ ਦਾ ਪਹਿਲਾ (ਉਸ ਦੀ ਨਜ਼ਰ ਵਿੱਚ ਸਭ ਤੋਂ ਵੱਡਾ ਵੀ) ਇਨਾਮ ਇੱਕ ਰੁਪਿਆ ਮਿਲਿਆ। ਪ੍ਰਸਿੱਧ ਕਮਿਊਨਿਸਟ ਘੁਲਾਟੀਏ ਜਗੀਰ ਸਿੰਘ ਜੋਗਾ ਅਤੇ ਧਰਮ ਸਿੰਘ ਫ਼ੱਕਰ ਨੇ ਔਲਖ ਵਿਚਲੇ ਸਾਹਿਤਕਾਰ ਨੂੰ ਅਜਿਹਾ ਥਾਪੜਾ ਦਿੱਤਾ ਕਿ ਉਹ ਸਦਾ ਲਈ ਇਨਕਲਾਬੀ ਲਹਿਰ ਨੂੰ ਪ੍ਰਣਾਇਆ ਗਿਆ। ਤਾਅ-ਉਮਰ ਜਿਸ ਧਜ ਤੇ ਦ੍ਰਿੜਤਾ ਨਾਲ ਉਸਨੇ ਲੋਕਹਿਤਾਂ ਲਈ ਪਹਿਰਾ ਦਿੱਤਾ ਹੈ, ਇਸ ਪਿੱਛੇ ਉਸ ਦਾ ਖ਼ੁਦ ਹੰਢਾਇਆ ਦਰਦ, ਸੰਵੇਦਨਸ਼ੀਲ ਮਨ ਅਤੇ ਵਿਚਾਰਧਾਰਕ ਸਾਫ਼ਗੋਈ ਦਾ ਕਮਾਲ ਹੈ। ਆਪਣੇ ਚੁਣੇ ਰਾਹ ਉੱਤੇ ਉਹ ਅਜੇ ਵੀ ਕਰਮ-ਜੋਗੀਆਂ ਵਾਂਗ ਅਡੋਲ ਤੁਰ ਰਿਹਾ ਹੈ। ਬਾਅਦ ਵਿੱਚ ਔਲਖ ਨੇ ਭਾਵੇਂ ਕਵਿਤਾ ਲਿਖਣੀ ਛੱਡ ਦਿੱਤੀ। ਪਰ ਉਸਦੇ ਨਾਟਕਾਂ ਵਿੱਚ ਦਰਜ ਕਾਵਿ-ਟੁਕੜੀਆਂ ਸਥਿਤੀਆਂ ਨੂੰ ਗਹਿਰਾਈ ਪ੍ਰਦਾਨ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।

ਸਮੇਂ ਦੇ ਗੇੜ ਨਾਲ ਬਿਸਵੇਦਾਰੀ ਪ੍ਰਥਾ ਤਾਂ ਖ਼ਤਮ ਹੋ ਗਈ, ਪਰ ਅਜਮੇਰ ਔਲਖ ਦੇ ਮਨ ਵਿਚਲੀ ਚੀਸ ਮੱਠੀ ਨਾ ਪਈ। ਬਚਪਨ 'ਚ ਝੱਲੀਆਂ ਬੇਇਨਸਾਫ਼ੀਆਂ ਦਾ ਕੰਡਾ ਸਾਰੀ ਉਮਰ ਔਲਖ ਦੇ ਨਾਲ ਨਾਲ ਤੁਰਦਾ ਰਿਹਾ, ਚੁਭਦਾ ਰਿਹਾ, ਛਿਲਤ ਵਾਂਗ ਬੇਚੈਨ ਕਰਦਾ ਰਿਹਾ। ਇਸ ਕੰਡੇ ਦੀ ਚੋਭ ਉਸਨੂੰ ਕਦੇ ਗੀਤ, ਕਦੇ ਕਹਾਣੀ, ਕਦੇ ਨਾਵਲ ਅਤੇ ਕਦੇ ਨਾਟਕ ਲਿਖਣ ਲਈ ਪ੍ਰੇਰਦੀ ਰਹੀ। ਦਸਵੀਂ ਦੇ ਇਮਤਿਹਾਨ ਤੋਂ ਵਿਹਲਾ ਹੋ ਕੇ ਉਸ ਨੇ ਇੱਕ ਨਾਵਲ 'ਬਿਸਵੇਦਾਰੀ'\ ਲਿਖਿਆ, ਜਿਸ ਵਿੱਚ ਮੁਜ਼ਾਰਿਆਂ ਦੀ ਤ੍ਰਾਸਦ ਜ਼ਿੰਦਗੀ ਦਾ ਚਿਤਰ ਸੀ। ਜਸਵੰਤ ਸਿੰਘ ਕੰਵਲ ਦੀ ਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਲਿਖਿਆ ਇਹ ਨਾਵਲ ਆਰਥਕ ਤੰਗੀਆਂ ਤੇ ਹੋਰ ਕਾਰਨਾਂ ਕਰਕੇ ਪ੍ਰਕਾਸ਼ਿਤ ਨਾ ਹੋ ਸਕਿਆ। 1970 ਈ. ਦੇ ਆਸ ਪਾਸ ਨਕਸਲਵਾੜੀ ਲਹਿਰ ਦੇ ਉਭਾਰ ਸਮੇਂ ਔਲਖ ਨੇ ਲੋਕ-ਰੰਗ ਸ਼ੈਲੀ ਵਿੱਚ ਵਿਦਰੋਹੀ ਕਵਿਤਾਵਾਂ ਲਿਖੀਆਂ ਜੋ ਪਾਸ਼ ਦੁਆਰਾ ਸੰਪਾਦਿਤ ਰਸਾਲੇ 'ਸਿਆੜ' ਵਿੱਚ ਛਪੀਆਂ।  ਇਸ ਸਮੇਂ ਵਿੱਚ ਔਲਖ ਨੇ ਕੁਝ ਕਹਾਣੀਆਂ ਲਿਖੀਆਂ ਜੋ 'ਹੇਮਜਯੋਤੀ', 'ਸੰਮਤਾ', 'ਸਿਰਜਣਾ', ਅਤੇ 'ਸੇਧ' ਆਦਿ ਰਸਾਲਿਆਂ ਵਿੱਚ ਛਪੀਆਂ। ਔਲਖ ਦੇ ਬਹੁਤ ਮਕਬੂਲ ਹੋਏ ਨਾਟਕ 'ਜਦੋਂ ਬੋਹਲ ਰੋਂਦੇ ਹਨ' ਅਤੇ 'ਇੱਕ ਰਮਾਇਣ ਹੋਰ' ਪਹਿਲਾਂ ਕਹਾਣੀਆਂ ਦੇ ਰੂਪ ਵਿੱਚ ਛਪੇ। ਬਾਅਦ ਵਿੱਚ ਔਲਖ ਨੇ ਇਨ੍ਹਾਂ ਨੂੰ ਲਘੂ-ਨਾਟਕਾਂ ਦਾ ਰੂਪ ਦਿੱਤਾ।  1972-73 ਵਿੱਚ ਔਲਖ ਨੇ 'ਨਾਗ-ਨਿਵਾਸਾਂ' ਨਾਂ ਦੇ ਸਾਹਿਤਕ ਰਸਾਲੇ ਦਾ ਸੰਪਾਦਨ ਕਰਨਾ ਸ਼ੁਰੂ ਕੀਤਾ, ਇਸਦੇ ਚਾਰ-ਪੰਜ ਅੰਕ ਹੀ ਪ੍ਰਕਾਸ਼ਿਤ ਹੋ ਸਕੇ, ਲਹਿਰ ਦੀਆਂ ਸਰਗਰਮੀਆਂ ਅਤੇ ਪੁਲਿਸ ਦੀ ਖੱਜਲ ਖੁਆਰੀ ਕਰਕੇ ਇਹ ਰਸਾਲਾ ਛੇਤੀ ਹੀ ਬੰਦ ਕਰਨਾ ਪਿਆ। ਆਪਣੀ ਸਾਹਿਤਕ ਅਤੇ ਰਾਜਨੀਤਕ ਸਰਗਰਮੀ ਕਰਕੇ ਔਲਖ ਨੂੰ ਐਮਰਜੈਂਸੀ ਵਿੱਚ ਕੁਝ ਸਮਾਂ ਜੇਲ੍ਹ ਅੰਦਰ ਰਹਿਣਾ ਪਿਆ। . . . . . .



. . . . . ਰੰਗਮੰਚ ਦੀ ਲੋਕ-ਪੱਖੀ ਲਹਿਰ 'ਇਪਟਾ' ਅਤੇ ਗੁਰਸ਼ਰਨ ਸਿੰਘ ਦੇ ਥੀਏਟਰ ਦਾ ਬੌਧਿਕ ਵਾਰਸ ਹੋਣ ਕਾਰਨ ਔਲਖ ਦਾ ਥੀਏਟਰ ਰਾਜਨੀਤਕ ਜਾਗਰਣ ਦਾ ਥੀਏਟਰ ਹੈ। ਪੰਜਾਬ ਦੇ ਪਿੰਡਾਂ ਵਿੱਚ ਰਾਜਸੀ ਚੇਤਨਾ ਦੇ ਥੀਏਟਰ ਨੂੰ ਵਿਕਸਤ ਕਰਨ ਲਈ ਉਸਨੇ 1976 ਈ. ਵਿੱਚ 'ਲੋਕ ਕਲਾ ਮੰਚ, ਮਾਨਸਾ' ਦੀ ਸਥਾਪਨਾ ਕੀਤੀ। ਉਸਦਾ ਪੂਰਾ ਪਰਿਵਾਰ ਇਸ ਸੰਸਥਾ ਦੀਆਂ ਸਰਗਰਮੀਆਂ ਨਾਲ ਜੁੜਿਆ ਹੋਇਆ ਹੈ। ਇਸ ਸੰਸਥਾ ਦੇ ਉਦੇਸ਼ ਬਾਰੇ ਉਸਨੇ ਇੱਕ ਮੁਲਾਕਾਤ ਵਿੱਚ ਕਿਹਾ ਸੀ ''..... ਇੱਛਾ ਇਹੋ ਹੈ ਕਿ ਗੁਰਸ਼ਰਨ ਸਿੰਘ ਦੇ ਰੰਗ ਮੰਚ ਨੂੰ ਹੁਣ ਅੱਗੇ ਤੋਰਿਆ ਜਾਵੇ, ਜਿਸ ਅਨੁਸਾਰ ਨਾਟਕ ਸਿਰਫ਼ ਰੱਜੇ-ਪੁੱਜੇ ਲੋਕਾਂ ਦੇ ਮਨੋਰੰਜਨ ਦਾ ਸਾਧਨ ਹੀ ਕਿਉਂ ਰਹੇ, ਸਗੋਂ ਇਹ ਪਿੰਡਾਂ ਦੀਆਂ ਸੱਥਾਂ, ਗਲੀਆਂ ਤੇ ਥੜਿਆਂ ਤੱਕ ਪਹੁੰਚਣਾ ਚਾਹੀਦਾ ਹੈ।'' ਔਲਖ ਦਾ ਫ਼ਿਕਰ ਆਮ ਆਦਮੀ ਨੂੰ ਰਾਜਨੀਤਕ ਤੌਰ ਤੇ ਚੇਤੰਨ ਕਰਨ ਦਾ ਰਿਹਾ ਹੈ। ਉਸਦਾ ਵਿਸ਼ਵਾਸ ਹੈ ਕਿ ਨਾਟਕ ਅਤੇ ਥੀਏਟਰ ਇਸ ਕੰਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਨਾਟਕ ਤੇ ਥੀਏਟਰ ਨੂੰ ਆਮ ਆਦਮੀ ਤੱਕ ਪਹੁੰਚਾਉਣ ਲਈ ਉਸਨੇ ਸਰਲ ਮੰਚ-ਜੜਤ, ਯਥਾਰਥਵਾਦੀ ਰਚਨਾ-ਵਿਧੀ, ਲੋਕ-ਨਾਟ-ਜੁਗਤਾਂ ਅਤੇ ਲੋਕ-ਬੋਲੀ ਦੀ ਸੁਚੇਤ ਪੱਧਰ ਤੇ ਵਰਤੋਂ ਕੀਤੀ ਹੈ। ਉਸਦਾ ਥੀਏਟਰ ਨਾ ਵਿਸ਼ੇਸ਼ ਮੰਚ-ਜੜਤ ਦਾ ਮੁਥਾਜ ਹੈ, ਨਾ ਆਧੁਨਿਕ ਮੰਚੀ-ਤਕਨੀਕਾਂ ਦਾ। ਪੇਂਡੂ ਰੰਗਮੰਚ ਦੀਆਂ ਸੀਮਾਵਾਂ ਨੂੰ ਸਮਝਦਾ ਹੋਣ ਕਾਰਨ ਉਹ 'ਬਹੁਤੀਆਂ ਤਕਨੀਕੀ ਗੁੰਝਲਾਂ' ਵਿੱਚ ਨਹੀਂ ਪੈਂਦਾ। ਭਾਵੇਂ ਉਸਨੇ ਆਪਣੇ ਕੁਝ ਨਾਟਕਾਂ - 'ਅਰਬਦ ਨਰਬਦ ਧੁੰਦੂਕਾਰਾ', 'ਈਦਰਾ ਕਦੀਬਰਾ', 'ਸਿਧਾ ਰਾਹ ਵਿੰਗਾ ਬੰਦਾ' ਆਦਿ ਵਿੱਚ ਪ੍ਰਤੀਕਾਤਮਕ ਰਚਨਾ-ਵਿਧੀ ਤੇ ਐਬਸਰਡ ਮੰਚ-ਸ਼ੈਲੀ ਦੀ ਵਰਤੋਂ ਕੀਤੀ ਹੈ, ਪਰ ਸਮੁੱਚੇ ਤੌਰ ਤੇ ਉਹ ਯਥਾਰਥਵਾਦੀ ਰਚਨਾ-ਵਿਧੀ ਤੇ ਸਰਲ ਮੰਚੀ ਜੁਗਤਾਂ ਦੀ ਵਰਤੋਂ ਨੂੰ ਹੀ ਪਹਿਲ ਦਿੰਦਾ ਹੈ। ਉਹ ਸੰਕਟ ਮੂੰਹ ਆਈ ਛੋਟੀ ਕਿਸਾਨੀ ਦੇ ਆਰਥਿਕ ਵਿਗੋਚਿਆਂ ਤੇ ਉਸ ਤੋਂ ਉਪਜੇ ਭਾਵੁਕ ਸੰਕਟਾਂ ਨੂੰ ਪੇਸ਼ ਕਰਨ ਲਈ ਨਾ ਮੰਚ ਉੱਤੇ ਵਿਸ਼ੇਸ਼ ਸੈੱਟ ਲਾਉਂਦਾ ਹੈ, ਨਾ ਪਾਤਰਾਂ ਦੀ ਵੇਸ਼-ਭੂਸ਼ਾ ਤੇ ਮੇਕਅੱਪ ਦੀ ਬਹੁਤੀ ਪ੍ਰਵਾਹ ਕਰਦਾ ਹੈ, ਨਾ ਪਿੱਠ-ਵਰਤੀ ਸੰਗੀਤ ਤੇ ਰੌਸ਼ਨੀ-ਪ੍ਰਭਾਵ ਦੀ ਵਰਤੋਂ ਰਾਹੀਂ ਵਿਸ਼ੇਸ਼ ਪ੍ਰਭਾਵ ਸਿਰਜਦਾ ਹੈ। ਉਸਦੇ ਥੀਏਟਰ ਨੂੰ ਸਹਿਜ ਮੰਚ-ਜੜ੍ਹਤ ਦਾ ਥੀਏਟਰ ਕਿਹਾ ਜਾ ਸਕਦਾ ਹੈ। ਉਸਦੇ ਥੀਏਟਰ ਦੀ ਸਾਰੀ ਸ਼ਕਤੀ ਜੀਵਨ ਦੇ ਯਥਾਰਥ ਨੂੰ ਉਸਦੇ ਵਿਵੇਕ ਸਮੇਤ ਸਿਰਜਨ ਕਰਕੇ ਹੈ। ਯਥਾਰਥਵਾਦੀ ਰਚਨਾ-ਦ੍ਰਿਸ਼ਟੀ ਕਰਕੇ ਹੀ ਉਸਦਾ ਨਾਟਕ ਤੇ ਥੀਏਟਰ ਸਧਾਰਨ ਮਲਵਈਆਂ ਤੋਂ ਲੈ ਕੇ ਆਧੁਨਿਕ ਮਹਾਂਨਗਰੀ ਸੁਹਜ-ਸੁਆਦ ਵਾਲੇ ਪਾਠਕਾਂ-ਦਰਸ਼ਕਾਂ ਤੱਕ ਨੂੰ ਇੱਕੋ ਜਿੰਨਾ ਅਪੀਲ ਕਰਦਾ ਹੈ। ਇਹੋ ਅਜਮੇਰ ਔਲਖ ਦੀ ਨਿਰ-ਉਚੇਚ ਮੰਚਕਾਰੀ ਦੀ ਸ਼ਕਤੀ ਹੈ।
(ਡਾ. ਸੁਖਦੇਵ ਸਿੰਘ ਸਿਰਸਾ ਵੱਲੋਂ ਸੰਪਾਦਤ
ਪੁਸਤਕ ''ਅਜਮੇਰ ਔਲਖ ਦੀ ਨਾਟ-ਭੂਮੀ'' ਦੀ 
ਸੰਪਾਦਕੀ ਦੇ ਅੰਸ਼)
ਸਿਰਲੇਖ ਸੰਪਾਦਕ ਵੱਲੋਂ



ਪੰਜਾਬੀ ਨਾਟ-ਸਾਹਿਤ ਅਤੇ ਰੰਗਮੰਚ ਦਾ ਬੁਲੰਦ ਸਿਤਾਰਾ — ਔਲਖ
ਜਸਪਾਲ ਮਾਨਖੇੜਾ

ਪ੍ਰੋ. ਅਜਮੇਰ ਔਲਖ ਨੂੰ ਆ ਚਿੰਬੜੀ ਨਾਮੁਰਾਦ ਬਿਮਾਰੀ ਬਾਰੇ ਸੁਣ ਕੇ ਇੱਕ ਵਾਰ ਤਾਂ ਸੰਨਾਟਾ ਛਾ ਗਿਆ ਸੀ। ਉਸ ਦੇ ਨਾਟਕਾਂ ਦੇ ਲੱਖਾਂ ਦਰਸ਼ਕਾਂ, ਉਸ ਦੇ ਉਪਾਸ਼ਕਾਂ, ਕਰੀਬੀਆਂ, ਦੋਸਤਾਂ-ਮਿੱਤਰਾਂ ਅਤੇ ਸਾਹਿਤਕ ਹਲਕਿਆਂ ਵਿੱਚ ਸੁੰਨ ਵਰਤ ਗਈ ਸੀ। ਹਰ ਦਿਲ ਉਦਾਸ ਸੀ। ਹਰ ਮਨ ਮਸੋਸਿਆ ਗਿਆ ਸੀ। ਹਰ ਹੱਥ ਦੁਆ ਵਿੱਚ ਜੁੜ ਗਿਆ ਸੀ। ਲੱਖਾਂ ਲੋਕਾਂ
ਨੇ ਉਸ ਦੀ ਤੰਦਰੁਸਤੀ ਅਤੇ ਸਿਹਤਯਾਬੀ ਲਈ ਕਾਮਨਾਵਾਂ ਕੀਤੀਆਂ। ਡਾਕਟਰੀ ਵਿਗਿਆਨ ਅਤੇ ਦਵਾ-ਦਾਰੂ ਦੇ ਨਾਲ 
ਨਾਲ ਲੱਖਾਂ ਲੋਕਾਂ ਦੀਆਂ ਦੁਆਵਾਂ ਅਤੇ ਕਾਮਨਾਵਾਂ ਦਾ ਹੀ ਸਿੱਟਾ ਹੈ ਕਿ ਪ੍ਰੋ. ਔਲਖ ਨੌਂ-ਬਰ-ਨੌਂ ਸਾਡੇ ਵਿੱਚ ਹਨ। ਫਿਰ 
ਉਸੇ ਸਰਗਰਮੀ, ਸ਼ਿੱਦਤ ਅਤੇ ਸਮਰੱਥਾ ਨਾਲ ਨਾਟਕ ਸਿਰਜ ਰਿਹਾ ਹੈ। ਪਿੰਡ-ਪਿੰਡ, ਸ਼ਹਿਰ-ਸ਼ਹਿਰ ਨਾਟਕਾਂ ਦਾ ਮੰਚਨ 
ਕਰ ਰਿਹਾ ਹੈ।

ਪ੍ਰੋ. ਅਜਮੇਰ ਔਲਖ ਤੀਜੀ ਪੀੜ੍ਹੀ ਦਾ ਮੋਢੀ ਨਾਟਕਕਾਰ ਹੈ। ਉਹ ਨਾਟਕ ਨੂੰ ਪੰਜਾਬ ਅਤੇ ਪੰਜਾਬੀ ਬੋਲਦੇ ਖੇਤਰ ਵਿੱਚ ਪਿੰਡਾਂ ਦੀਆਂ ਅੰਦਰਲੀਆਂ ਗੁੱਠਾਂ ਤੱਕ ਲੈ ਗਿਆ। ਉਸ ਦੇ ਨਾਟਕ ਵੇਖਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਹੁੰਮ ਹੁੰਮਾਕੇ ਪੁੱਜਦੇ ਹਨ। ਔਲਖ ਦੀਆਂ ਪੇਸ਼ਕਾਰੀਆਂ ਨੂੰ ਅਨਪੜ੍ਹ ਪੇਂਡੂ ਲੋਕ ਵਰ੍ਹਿਆਂ ਤੱਕ ਆਪਣੇ ਚੇਤਿਆਂ ਵਿੱਚ ਵਸਾਈ ਰੱਖਦੇ ਹਨ। ਆਪਣੇ ਜਾਂ ਆਪਣੇ ਵਰਗੇ ਲੋਕਾਂ, ਦੁੱਖਾਂ ਦਰਦਾਂ ਦੀ ਗਾਥਾ ਸੁਣ ਕੇ ਕਿਰਤੀ ਕਿਸਾਨ ਕੀਲੇ ਜਾਂਦੇ ਹਨ। ਪ੍ਰੋ. ਔਲਖ ਜੋ ਸੁਨੇਹਾ ਆਪਣੇ ਨਾਟਕਾਂ ਰਾਹੀਂ ਲੋਕਾਂ ਨੂੰ ਦੇਣਾ ਚਾਹੁੰਦਾ ਹੈ ਉਹ ਸਹਿਜੇ ਹੀ ਲੋਕ ਮਨਾਂ ਵਿੱਚ ਵਸ ਜਾਂਦਾ ਹੈ। ਪ੍ਰੋ. ਔਲਖ ਦੀ ਨਾਟਕੀ ਅਤੇ ਰੰਗ-ਮੰਚੀ ਕਲਾਮਈ ਪ੍ਰਤਿਭਾ ਇਸ ਗੱਲ ਵਿੱਚ ਹੈ ਕਿ ਉਸ ਦੇ ਨਾਟਕ ਅਨਪੜ੍ਹ ਪੇਂਡੂ ਦਰਸ਼ਕਾਂ ਤੋਂ ਲੈ ਕੇ ਪੜ੍ਹੇ ਲਿਖੇ ਗੰਭੀਰ ਦਰਸ਼ਕ ਵਰਗ ਤੱਕ ਡੂੰਘਾ ਪ੍ਰਭਾਵ ਪਾਉਂਦੇ ਹਨ।

ਪੰਜਾਬੀ ਕਿਸਾਨੀ ਖ਼ਾਸ ਕਰ ਮਾਲਵੇ ਦੀ ਥੁੜੀ ਟੁੱਟੀ ਨਿਮਨ ਕਿਸਾਨੀ ਦੀਆਂ ਸਮੱਸਿਆਵਾਂ ਪ੍ਰੋ. ਔਲਖ ਦੇ ਨਾਟਕਾਂ ਦੇ ਵਿਸ਼ੇ ਹਨ। ਜੀਮੀਂ, ਤੀਮੀਂ ਅਤੇ ਢਿੱਡ ਦੀ ਭੁੱਖ ਦੇ ਸਤਾਏ ਕਿਸਾਨਾਂ-ਖੇਤ ਮਜ਼ਦੂਰਾਂ ਦੀ ਦਰਦਮਈ ਗਾਥਾ ਅਤੇ ਕਰੁਨਾਮਈ ਸਥਿਤੀ ਉਸ ਦੇ ਨਾਟਕਾਂ ਵਿੱਚ ਪੇਸ਼ ਕੀਤੀ ਗਈ ਹੁੰਦੀ ਹੈ। ਅਰਬਦ ਨਰਬਦ ਧੁੰਧੂਕਾਰਾ, ਬਿਗਾਨੇ ਬੋਹੜ ਦੀ ਛਾਂ, ਸੱਤ ਬਿਗਾਨੇ, ਗਾਨੀ, ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀਂ, ਝਨਾਂ ਦੇ ਪਾਣੀ, ਅਵੇਸਲੇ ਯੁੱਧਾਂ ਦੀ ਨਾਇਕਾ ਵਰਗੇ ਨਾਟਕ ਸਿਰਜ ਕੇ ਪ੍ਰੋ. ਅਜਮੇਰ ਔਲਖ ਯਥਾਰਥਵਾਦੀ, ਅਗਾਂਹਵਧੂ, ਪ੍ਰਤਿਭਾਸ਼ੀਲ ਨਾਟਕਕਾਰ ਦੇ ਤੌਰ 'ਤੇ ਸਥਾਪਤ ਹੋਇਆ ਹੈ| ਉਸਦੀ ਮਾਰਕਸਵਾਦੀ ਵਿਚਾਰਧਾਰਾ ਨੇ
ਉਸ ਨੂੰ ਲੋਕ-ਪੱਖੀ 
ਨਾਟਕਕਾਰ ਦੇ ਤੌਰ 'ਤੇ ਮੂਹਰਲੀ ਕਤਾਰ ਦੇ ਲੇਖਕਾਂ, 
ਨਾਟਕਕਾਰਾਂ ਵਿੱਚ ਸ਼ਾਮਲ ਕੀਤਾ ਹੋਇਆ ਹੈ। ਔਲਖ ਦੇ 
ਨਾਟਕ ਕਦੇ ਵੀ ਨਾਹਰਾ ਨਹੀਂ ਬਣੇ। ਨਾ ਹੀ ਉਸ ਨੇ ਆਪਣੇ 
ਨਾਟਕਾਂ ਵਿੱਚ ਕੋਈ 'ਹੱਲ' ਪਰੋਸ ਕੇ ਦਿੱਤਾ ਹੈ।

ਪੰਜਾਬੀ ਸਮਾਜ ਵਿੱਚ ਔਰਤ ਦੀ ਦੂਹਰੀ ਦੁਰਦਸ਼ਾ ਵੀ ਪ੍ਰੋ. ਔਲਖ ਦੇ ਨਾਟਕਾਂ ਦਾ ਵਿਸ਼ਾ ਬਣੀ ਹੈ। ਅਵੇਸਲੇ ਯੁੱਧਾਂ ਦੀ ਨਾਇਕਾ, ਝਨਾਂ ਦੇ ਪਾਣੀ, ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀਂ ਨਾਟਕਾਂ ਵਿੱਚ ਔਰਤ ਵੱਲੋਂ ਝੱਲੇ ਜਾਂਦੇ ਦਸੌਟਿਆਂ ਦੇ  ਬਿਰਤਾਂਤ ਬਹੁਤ ਹੀ ਸਹਿਜ, ਯਥਾਰਥਕ ਅਤੇ ਕਲਾਮਈ ਢੰਗ ਨਾਲ ਸਿਰਜਿਆ ਗਿਆ ਹੈ ਜਿਸ ਨੂੰ ਵੇਖ ਕੇ ਦਰਸ਼ਕਾਂ ਦੀਆਂ ਅੱਖਾਂ ਭਰ ਜਾਂਦੀਆਂ ਹਨ। ਨਾਟਕਾਂ ਨਾਲ ਇੱਕਮਿਕ ਹੋਏ ਦਰਸ਼ਕਾਂ ਦੇ ਦਿਮਾਗ਼ਾਂ ਵਿੱਚ ਨਾਟਕਕਾਰ ਅਛੋਪਲੇ ਜਿਹੇ ਕੀ, ਕਿਉਂ, ਕਿਵੇਂ ਦੇ ਸਵਾਲ ਛੱਡ ਜਾਂਦਾ ਹੈ। ਦਰਸ਼ਕਾਂ ਨੂੰ ਇਨ੍ਹਾਂ ਸਵਾਲਾਂ ਨਾਲ ਖੌਝਲਣ ਲਾ ਕੇ ਨਾਟਕ ਤਾਂ ਖ਼ਤਮ ਹੋ ਜਾਂਦਾ ਹੈ ਪਰ ਹਜ਼ਾਰਾਂ ਲੱਖਾਂ ਦੇ ਇਕੱਠ ਵਿੱਚੋਂ ਸਾਰੇ ਸੰਜੀਦਾ ਦਰਸ਼ਕਾਂ ਦੇ ਜ਼ਿਹਨ ਵਿੱਚ 'ਦਰਸਾਇਆ ਸੰਤਾਪ ਅਤੇ ਇਸ ਸੰਤਾਪ ਤੋਂ ਛੁਟਕਾਰਾ ਕਿਵੇਂ' ਦੇ ਕੀਟਾਣੂ ਚੱਕਰ ਕੱਟਣ ਲਗਦੇ ਹਨ।
ਜੋ ਦੁੱਖ-ਦਰਦ ਅਤੇ ਸਮੱਸਿਆਵਾਂ ਪ੍ਰੋ. ਅਜਮੇਰ ਔਲਖ ਦੇ ਨਾਟਕਾਂ ਦੇ ਮਜ਼ਮੂਨ ਬਣੇ ਹਨ, ਉਨ੍ਹਾਂ ਦਾ ਨਿੱਜੀ ਅਨੁਭਵ ਉਸ ਕੋਲ ਹੈ। ਆਪਣੇ ਲੰਬੇ ਅਭਿਆਸ, ਅਧਿਐਨ, ਅਧਿਆਪਨ ਅਤੇ ਅਨੁਭਵ ਦੇ ਨਾਲ-ਨਾਲ ਪ੍ਰੋ. ਔਲਖ ਦਾ ਪੇਂਡੂ ਪਿਛੋਕੜ ਉਸ ਦੇ ਕਾਰਜ ਵਿੱਚ ਮੱਦਦਗਾਰ ਸਾਬਤ ਹੁੰਦਾ ਹੈ। ਭੀਖੀ ਦੇ ਬਹੁਤ ਪੱਛੜੇ ਅਤੇ ਮੁਜ਼ਾਰਿਆਂ ਦੇ ਪਿੰਡ ਕਿਸ਼ਨਗੜ੍ਹ ਫਰਵਾਹੀ ਦਾ ਜੰਮਪਲ ਅਜਮੇਰ ਆਪਣੇ ਘਰ ਦੀਆਂ ਤੰਗੀਆਂ-ਤੁਰਸ਼ੀਆਂ ਦਾ ਸ਼ਿਕਾਰ ਰਿਹਾ ਹੈ। ਉਸ ਨਿਗੂਣੀ ਮੱਕੀ ਦੀ ਛੱਲੀ, ਸਾਗ ਦੀਆਂ ਦੋ ਚੀਰਨੀਆਂ, ਚੌਲਾਂ ਦੀ ਮੁੱਠ ਬਦਲੇ ਆਪਣੀ ਮਾਂ ਅਤੇ ਮਾਂ ਵਰਗੀਆਂ ਕਿਸਾਨ ਔਰਤਾਂ ਨੂੰ ਬਿਸਵੇਦਾਰਾਂ ਅਤੇ ਉਨ੍ਹਾਂ ਦੇ ਕੌਲੀ ਚੱਟਾਂ ਹੱਥੋਂ ਜਲੀਲ ਹੁੰਦੇ ਵੇਖਿਆ ਸੀ। ਲਟਾਪੀਂਘ ਹੋ ਕੇ ਵਿੱਦਿਆ ਪ੍ਰਾਪਤ ਕੀਤੀ। ਮਸਾਂ ਰੋਟੀ ਦੇ ਸਿਰੇ ਹੋਇਆ ਅਜਮੇਰ ਜਦੋਂ ਪ੍ਰੋ. ਅਜਮੇਰ ਔਲਖ ਬਣ ਕੇ ਸਾਹਿਤਕਾਰੀ ਦੇ ਪਿੜ ਵਿੱਚ ਆਇਆ ਤਾਂ ਉਸ ਰੁਮਾਨੀ ਜਾਂ ਰੁਮਾਂਸ ਦੇ ਕਿੱਸੇ ਨਹੀਂ ਲਿਖੇ ਆਪਣੇ ਬਾਪ ਭਰਾਵਾਂ ਵਰਗੇ ਲੋਕਾਂ ਦੇ ਦੁੱਖੜੇ ਉਸ ਦੀ ਕਲਮ ਦੀ ਨੋਕ 'ਤੇ ਆ ਬੈਠੇ ਤੇ ਫਿਰ ਚੱਲ ਸੋ ਚੱਲ ... ...।
''ਕਲਾਕਾਰ ਸਾਹਿਤਕ'' ਮੈਗਜ਼ੀਨ ਦੇ ਅਜਮੇਰ
ਔਲਖ ਵਿਸ਼ੇਸ਼ ਅੰਕ ਦੀ ਸੰਪਾਦਕੀ ਦਾ ਇੱਕ ਭਾਗ

No comments: