Saturday, October 22, 2011

ਸਲਾਮ 3 -- ਭਾਗ ਦੂਜਾ

ਕੁੱਸਾ 'ਚ ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਗਮ ਦੌਰਾਨ ਤਕਰੀਰਾਂ

(9 ਅਕਤੂਬਰ 2011)

ਗੁਰਸ਼ਰਨ ਸਿੰਘ ਦੀ ਬਰਸੀ

ਇਨਕਲਾਬੀ ਰੰਗਮੰਚ ਦਿਵਸ ਬਣੇਗੀ

-ਕੇਵਲ ਧਾਲੀਵਾਲ

ਸੂਰਮਿਆਂ, ਯੋਧਿਆਂ ਦੀ ਧਰਤੀ 'ਤੇ ਬੈਠੇ ਹੋਏ, ਲੇਖਕਾਂ ਦੀ ਧਰਤੀ 'ਤੇ ਬੈਠੇ ਹੋਏ, ਸਾਡੇ ਬਜ਼ੁਰਗੋ, ਬੱਚਿਓ, ਭੈਣੋ, ਸਾਡੀਆਂ ਮਾਵਾਂ ਬੈਠੀਆਂ ਨੇ, ਦੋਸਤੋ, ਗੁਰਸ਼ਰਨ ਭਾਅ ਜੀ ਜਿਸ ਸੋਚ ਵਾਸਤੇ, ਜਿਸ ਚੰਗੀ ਜ਼ਿੰਦਗੀ ਵਾਸਤੇ, ਜਿਹਨਾਂ ਨੇ ਸਾਰੀ ਉਮਰ ਸੰਘਰਸ਼ ਕੀਤਾ, ਔਰ ਆਪਣੇ ਨਾਟਕਾਂ ਦੇ ਰਾਹੀਂ ਆਵਾਜ਼ ਬੁਲੰਦ ਕੀਤੀ, ਇਹ ਉਹੀ ਧਰਤੀ ਐ, ਜਿਥੇ ਤਕਰੀਬਨ ਛੇ ਸਾਲ ਪਹਿਲਾਂ ਸਨਮਾਨ ਕਮੇਟੀ ਬਣੀ, ਭਾਅ ਜੀ ਦਾ ਬਹੁਤ ਵੱਡਾ ਸਨਮਾਨ ਹੋਇਆ। ਉਸੇ ਜਗਾਹ ਦੇ ਉੱਤੇ ਅੱਜ ਅਸੀਂ ਭਾਅ ਜੀ ਦੀ ਯਾਦ ਵਿੱਚ, ਇਕੱਠੇ ਹੋਏ ਹਾਂ। ਔਰ ਯਾਦ ਵਿੱਚ ਇਕੱਠੇ ਹੁੰਦਿਆਂ ਹੋਇਆਂ, ਮੈਨੂੰ ਲੱਗਦੈ ਕਿ ਅਸੀਂ ਉਹਨਾਂ ਪਲਾਂ ਨੂੰ ਉਹਨਾਂ ਗੱਲਾਂ ਨੂੰ ਭਾਅ ਜੀ ਦੀ ਉਸ ਸੋਚ ਨੂੰ, ਉਸ ਵਿਚਾਰਧਾਰਾ ਨੂੰ ਚੇਤੇ ਰੱਖੀਏ, ਉਸ ਸੰਗਰਾਮ ਨੂੰ ਚੇਤੇ ਰੱਖੀਏ, ਜਿਸਦੀਆਂ ਲੀਹਾਂ ਭਾਅ ਜੀ ਨੇ ਪਾਈਆਂ ਸੀ। ਭਾਅ ਜੀ ਹਮੇਸ਼ਾਂ ਆਪਣੇ ਨਾਟਕਾਂ ਰਾਹੀਂ ਗੱਲ ਕਰਦੇ ਹੁੰਦੇ ਸੀ, ਕਿ ਐ ਮੇਰੀ ਧਰਤੀ ਦੇ ਲੋਕੋ, ਇਹ ਜੋ ਜ਼ਿੰਦਗੀ ਤੁਸੀਂ ਜੀਅ ਰਹੇ ਓ, ਇਹ ਜੀਣ ਦੇ ਕਾਬਲ ਨਹੀਂ ਐ। ਇਸ ਨੂੰ ਅਸੀਂ ਬਦਲਨੈ। ਔਰ ਹਮੇਸ਼ਾਂ ਭਾਅ ਜੀ ਦੇ ਨਾਟਕਾਂ ਦੇ ਵਿੱਚ, ਇੱਕ ਬਹੁਤ ਉੱਚੀ ਆਵਾਜ਼ ਦੇ ਵਿੱਚ ਭਾਅ ਜੀ ਜਿਹੜੀ ਗੱਲ ਕਰਦੇ ਸੀ, ਕਿ ਇਸ ਧਰਤੀ ਦੇ ਉੱਤੇ ਜਿੰਨੀ ਦੇਰ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੁੰਦੀ, ਓਨੀ ਦੇਰ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਸੋ ਉਸ ਸੰਘਰਸ਼ ਦੀ ਬਾਤ ਪਾਉਣ ਵਾਲਾ ਸੂਰਮਾ, ਲੇਖਕ, ਨਾਟਕਕਾਰ ਔਰ ਸਾਡੇ ਰੰਗਮੰਚ ਦਾ ਪਿਤਾਮਾ, ਜੀਹਦੇ ਸਿਰ ਦੇ ਉੱਤੇ ਅੱਜ ਅਸੀਂ ਜਿੰਦਾ ਹਾਂ, ਅੱਜ ਤੁਹਾਡੇ ਸਾਹਮਣੇ ਖੜ• ਕੇ ਗੱਲ ਕਰਨ ਜੋਗੇ ਹੋਏ ਆਂ, 27 ਸਤੰਬਰ ਨੂੰ......... ਮੈਂ ਹਮੇਸ਼ਾਂ ਕਹਿੰਦਾ ਸੀਗਾ, ਗੁਰਸ਼ਰਨ ਭਾਅ ਨੂੰ ਦੇਖ ਕੇ ਮੈਂ ਕਿਧਰੇ ਵੀ ਹੁੰਦਾ, ਹਮੇਸ਼ਾਂ ਕਹਿਣਾ, ਭਾਅ ਜੀ ਜੇ ਅੱਜ ਭਗਤ ਸਿੰਘ ਵੀ ਜਿੰਦਾ ਹੁੰਦਾ ਤਾਂ ਉਹਨੇ ਵੀ ਐਦਾਂ ਦਾ ਈ ਹੋਣਾ ਸੀ। ਐਸੇ ਤਰ•ਾਂ ਈ ਤੁਰੇ ਫਿਰਨਾ ਸੀ ਲੋਕਾਂ ਦੇ ਵਿੱਚ। ਔਰ 28 ਸਤੰਬਰ ਨੂੰ ਭਗਤ ਸਿੰਘ ਦਾ ਜਨਮ ਦਿਨ ਸੀ, ਪਰ 27 ਸਤੰਬਰ ਨੂੰ ਰਾਤ ਗਿਆਰਾਂ ਵਜ ਕੇ ਪੰਜਾਹ ਮਿੰਟ ਦੇ ਉੱਤੇ ਭਾਅ ਜੀ ਸਾਡੇ ਕੋਲੋਂ ਅਲਵਿਦਾ ਲੈ ਗਏ। ਤੇ 12 ਵਜੇ ਭਗਤ ਸਿੰਘ ਦਾ ਜਨਮ ਹੁੰਦੈ। ਇੱਕ ਭਗਤ ਸਿੰਘ ਜਾ ਰਿਹਾ ਸੀ, ਦੂਜਾ ਭਗਤ ਸਿੰਘ ਜਨਮ ਲੈ ਰਿਹਾ ਸੀ। ਸੋ ਭਗਤ ਸਿੰਘ ਦੀ ਵਿਚਾਰਧਾਰਾ ਨੂੰ, ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਲੇ, ਆਪਣੇ ਰੰਗਮੰਚ ਦੇ ਮੰਚ ਰਾਹੀਂ ਸਾਡੇ ਨਾਟਕਕਾਰ, ਸਾਡੇ ਭਾਅ ਜੀ ਗੁਰਸ਼ਰਨ ਭਾਅ ਜੀ ਸਾਡੇ ਦਿਲਾਂ ਦੇ ਵਿੱਚ ਨੇ, ਸਾਡੇ ਵਿਚਕਾਰ ਨੇ, ਸਾਡੇ ਸਾਰਿਆਂ ਦੇ ਰੂਬਰੂ ਨੇ। ਸੋ, ਅਸੀਂ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਦੇ ਹੋਏ 27 ਸਤੰਬਰ ਨੂੰ ਅਸੀਂ ਜਿਥੇ ਵੀ ਕਿਧਰੇ ਬੈਠੇ ਹੋਵਾਂਗੇ, ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਪੰਜਾਬੀ ਰੰਗਕਰਮੀ ਹੀ ਨਹੀਂ, ਦੁਨੀਆਂ ਦੇ ਹਰ ਕਿਸਮ ਦੇ, ਹਰ ਭਾਸ਼ਾ ਦੇ ਰੰਗਕਰਮੀ ਜਿਥੇ ਵੀ ਹੋਵਾਂਗੇ, 27 ਸਤੰਬਰ ਨੂੰ ਅਸੀਂ ਇਨਕਲਾਬੀ ਰੰਗਮੰਚ ਦਿਵਸ ਮਨਾਇਆ ਕਰਾਂਗੇ। ਉਹ ਗੁਰਸ਼ਰਨ ਭਾਅ ਜੀ ਦੇ ਨਾਮ ਉੱਤੇ ਹੋਏਗਾ। ਇਨਕਲਾਬੀ ਰੰਗਮੰਚ ਦਿਵਸ, ਉਸ ਰੰਗਮੰਚ ਦਿਵਸ ਦੇ ਬਾਬੇ ਨੂੰ ਸਾਡਾ ਲਾਲ ਸਲਾਮ।

ਰੰਗਮੰਚ ਦੇ ਸੂਹੇ ਸੂਰਜ ਨੂੰ ਸਾਡਾ ਲਾਲ ਸਲਾਮ!

ਬਹੁਤ ਬਹੁਤ ਸ਼ੁਕਰੀਆ ਦੋਸਤੋ।

ਵਚਨਬੱਧਤਾ ਗੁਰਸ਼ਰਨ ਸਿੰਘ ਦੀ ਸਭ ਤੋਂ ਵੱਡੀ ਦੇਣ

-ਪ੍ਰੋ. ਅਜਮੇਰ ਔਲਖ

ਲੋਕ ਸਭਿਆਚਾਰ, ਲੋਕ ਰੰਗਮੰਚ, ਲੋਕ ਚੇਤਨਾ ਦੇ ਮਹਾਂ ਨਾਇਕ ਸਰਦਾਰ ਗੁਰਸ਼ਰਨ ਸਿੰਘ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਮਿਹਨਤਕਸ਼ ਲੋਕੋ, ਇਸ ਸੰਸਾਰ 'ਤੇ ਜਦੋਂ ਕੋਈ ਜੀਅ ਆਉਂਦੈ, ਜਦੋਂ ਕੋਈ ਥੋੜ•ੀ ਜਿਹੀ ਸੁਰਤ ਸੰਭਾਲਦੈ, ਤਾਂ ਉਹ ਸੰਸਾਰ ਨੂੰ ਵੇਖਦੈ, ਕਈਆਂ ਨੂੰ ਠੀਕ ਲੱਗਦੈ ਬਈ ਨਹੀਂ, ਠੀਕ ਚੱਲ ਰਿਹੈ ਸਭ ਕੁਝ। ਲੇਕਿਨ ਬਹੁਤ ਲੋਕ ਐਹੋ ਜਿਹੇ ਹੁੰਦੇ ਨੇ, ਜਿਹਨਾਂ ਨੂੰ ਲੱਗਦੈ ਬਈ ਠੀਕ ਨਹੀਂ ਚੱਲ ਰਿਹੈ। ਉਹ ਗੱਲ ਗੱਲ 'ਤੇ ਸੁਆਲ ਕਰਦੇ ਨੇ। ਸੁਆਲ ਕਰਦੇ ਨੇ ਕਿ ਦੁਨੀਆਂ ਅਮੀਰ ਤੇ ਗਰੀਬ ਵਿੱਚ ਕਿਉਂ ਵੰਡੀ ਹੋਈ ਐ। ਦੁਨੀਆਂ ਜਾਤਾਂ-ਪਾਤਾਂ ਦੇ ਵਿੱਚ ਕਿਉਂ ਵੰਡੀ ਹੋਈ ਐ? ਆਹ ਚੀਜ਼ ਇਸ ਤਰ•ਾਂ ਕਿਉਂ ਐ? ਔਰ ਫੇਰ ਉਸਦੇ ਉੱਤੇ ਵਿਚਾਰ ਕਰਕੇ ਉਸ ਨੂੰ ਬਦਲਨ ਦੀ ਕੋਸ਼ਿਸ਼ ਕਰਦੇ ਨੇ। ਕੋਈ ਆਪਣੇ ਤਰੀਕੇ ਨਾਲ, ਕੋਈ ਆਪਣੇ ਤਰੀਕੇ ਨਾਲ। ਜਿਸ ਨੂੰ ਵੀ ਕੁਦਰਤ ਵੱਲੋਂ ਕੋਈ ਗੁਣ ਮਿਲਿਐ, ਕਿਸੇ ਨੂੰ ਨੇਤਾਗਿਰੀ ਦਾ ਮਿਲਿਐ, ਰਾਜਨੀਤੀ ਦਾ ਗੁਣ ਮਿਲਿਐ, ਰਾਜਨੀਤੀ ਦੀ ਭਾਸ਼ਾ 'ਚ ਗੱਲ ਕਰ ਸਕਦੈ ਕੋਈ ਕਲਾ ਦੀ ਭਾਸ਼ਾ 'ਚ ਗੱਲ ਕਰ ਸਕਦੈ, ਕੋਈ ਲਿਖ ਕੇ ਕਰ ਸਕਦੈ, ਪਰ ਮਤਲਬ ਇਹ ਐ ਕਿ ਉਹ ਕਰਦਾ ਕੀਹਦੇ ਵਾਸਤੇ ਐ, ਕਿਉਂ ਐ? ਗੁਰਸ਼ਰਨ ਸਿੰਘ ਭਾਅ ਜੀ ਇੱਕ ਅਜਿਹੀ ਸਖਸ਼ੀਅਤ ਸਨ, ਜਿਹੜੇ ਹਮੇਸ਼ਾਂ ਜਦੋਂ ਵੀ ਕੋਈ ਜ਼ਿੰਦਗੀ ਦੇ ਵਿੱਚ ਗੱਲ ਵਾਪਰਦੀ ਸੀ, ਤਾਂ ਉਹਦੇ ਉੱਤੇ ਸੁਆਲ ਕਰਦੇ ਸਨ। ਉਹਨਾਂ ਦੀ ਜ਼ਿੰਦਗੀ ਬਾਰੇ ਜੇ ਪੜ•ੀਏ ਤਾਂ ਅਸਾਂ ਨੂੰ ਪਤਾ ਲੱਗਦੈ ਕਿ ਉਹ ਆਪ ਘਰੋਂ ਬੜੇ ਰੱਜੇ-ਪੁੱਜੇ ਸਨ ਕਿਸੇ ਤਰ•ਾਂ ਦਾ ਘਾਟਾ ਨਹੀਂ ਸੀ। ਲੇਕਿਨ ਇੱਕ ਦਿਨ ਜਦੋਂ ਸੜਕ 'ਤੇ ਜਾ ਰਹੇ ਸਨ, ਉਹਨਾਂ ਦਾ ਸਕੂਲ ਦਾ ਦੋਸਤ, ਜਿਹੜਾ ਪੜ•ਨ ਦੇ ਵਿੱਚ ਬੜਾ ਹੁਸ਼ਿਆਰ ਸੀ, ਉਹ ਸੜਕ ਦੇ ਉੱਤੇ ਝਾੜੂ ਮਾਰ ਰਿਹਾ ਸੀ, ਝਾੜੂ, ਹੁਣ ਸਾਡੇ ਵਿੱਚੋਂ ਤਾਂ ਇਹ ਬਹੁਤੇ ਲੋਕ, ਅੱਸੀ ਪਰਸੈਂਟ, ਇਹੀ ਕਹਿਣਗੇ, ਕਿ ਕਿਉਂਕਿ ਉਹ ਘਰ ਹੀ ਅਜਿਹੇ ਜੰਮਿਆ ਸੀ, ਇਸ ਲਈ ਉਸਨੇ ਝਾੜੂ ਈ ਮਾਰਨਾ ਸੀ, ਹੋਰ ਕੀ ਕਰਨਾ ਸੀ। ਗੁਰਸ਼ਰਨ ਸਿੰਘ ਨੇ ਸਵਾਲ ਕੀਤਾ ਬਈ ਮੇਰੇ ਲਈ, ਮੇਰਾ ਕਲਾਸਫੈਲੋ ਮੇਰੇ ਨਾਲ ਪੜ•ਦਾ, ਮੇਰੇ ਤੋਂ ਵੀ ਵੱਧ ਹੁਸ਼ਿਆਰ ਤੇ ਮੈਂ ਤਾਂ ਚੰਗੇ ਕੱਪੜੇ ਪਾ ਕੇ ਇਸ ਤਰ•ਾਂ ਫਿਰ ਰਿਹਾਂ। ਇਹ ਇਥੇ ਝਾੜੂ ਕਿਉਂ ਮਾਰ ਰਿਹੈ। ਇਹ ਗੱਲਾਂ ਹੁੰਦੀਆਂ ਨੇ ਜ਼ਿੰਦਗੀ ਦੇ ਵਿੱਚ। ਜਿਹੜੇ ਬੰਦੇ ਸੁਆਲ ਨਹੀਂ ਕਰ ਸਕਦੇ, ਉਹ ਅਗਾਂਹ ਜ਼ਿੰਦਗੀ ਵਾਸਤੇ ਕੁਝ ਨਹੀਂ ਕਰ ਸਕਦੇ। ਇਸ ਤਰ•ਾਂ ਜ਼ਿੰਦਗੀ ਦੇ ਅਨੇਕਾਂ ਮਸਲੇ ਨੇ। ਫੇਰ ਉਹਨਾਂ ਨੂੰ ਪਤਾ ਲੱਗਦੈ ਕਿ ਇਹ ਦੁਨੀਆਂ ਦੀ ਬਣਤਰ ਕੀ ਐ, ਕਿਉਂ ਐ? ਇਹ ਝਾੜੂ ਕਿਉਂ ਮਾਰ ਰਿਹੈ? ਤੇ ਫਿਰ ਸਮਝਣ ਦੀ ਕੋਸ਼ਿਸ਼ ਕਰਦੈ ਕਿ ਇਹਦੇ ਪਿੱਛੇ ਆਹ ਆਹ ਕਾਰਨ ਨੇ। ਇਹਦੇ ਪਿੱਛੇ ਇੱਕ ਸਮਾਜਿਕ, ਰਾਜਨੀਤਕ ਆਰਥਿਕ ਢਾਂਚਾ ਹੈ। ਜਿਹੜਾ ਕਿ ਐਹੋ ਜਿਹੇ ਬੁੱਧੀਮਾਨ ਬੱਚਿਆਂ ਨੂੰ ਸੜਕਾਂ 'ਤੇ ਝਾੜੂ ਮਾਰਨ ਲਈ ਮਜਬੂਰ ਕਰ ਰਿਹੈ। ਤੁਸੀਂ ਅੱਜ ਵੀ ਵੇਖਦੇ ਓ, ਦੂਜੇ ਪਾਸੇ ਗੱਲ ਮੈਂ ਬਹੁਤੀ ਨਹੀਂ ਜਾਣ ਦੇਣਾ ਚਾਹੁੰਦਾ, ਕਿਉਂਕਿ ਟਾਈਮ ਬੜਾ ਥੋੜ•ਾ ਐ, ਅੱਜ ਵੀ ਪਿੰਡਾਂ 'ਚ ਵਿਤਰਰਾ ਐ, ਉਸ ਵਿਤਕਰੇ ਨੂੰ ਵੇਖਣ ਵਾਲੇ ਵੀ ਹਨ। ਤਾਂ ਫੇਰ ਉਹਨਾਂ ਨੇ ਦੂਜਾ ਸਵਾਲ ਉਹਨਾਂ ਨੇ ਫੇਰ ਉਦੋਂ ਕੀਤਾ, ਜਦੋਂ ਭਾਖੜਾ ਡੈਮ ਉੱਸਰ ਰਹੀ ਸੀ, ਉਥੇ ਬਹੁਤ ਵੱਡੇ ਅਫਸਰ ਸਨ, ਔਰ ਜਦੋਂ ਭਾਖੜਾ ਡੈਮ ਬਣੀ ਤਾਂ ਭਾਖੜਾ ਡੈਮ ਬਣਾਈ ਕਿਹਨਾਂ ਲੋਕਾਂ ਨੇ, ਉਹਦੇ ਵਿੱਚ ਖੂਨ-ਪਸੀਨਾ ਮਿਹਨਤ ਕਿਹੜੇ ਲੋਕਾਂ ਦੀ ਲੱਗੀ, ਭਾਵ ਮਜ਼ਦੂਰਾਂ ਦੀ ਲੱਗੀ। ਲੇਕਿਨ ਜਿੱਦੇਂ ਸਭ ਕੁਝ ਬਣ ਗਿਐ, ਉਥੇ ਇੱਕ ਕਲਚਰਲ ਪ੍ਰੋਗਰਾਮ ਰੱਖਿਆ ਗਿਆ, ਸਭਿਆਚਾਰਕ ਪ੍ਰੋਗਰਾਮ ਰੱਖਿਆ ਗਿਆ, ਔਰ ਉਸ ਸਭਿਆਚਾਰ ਦੇ ਵਿੱਚ ਹੋਰ ਸਾਰੇ ਆਏ ਸਨ, ਜਿਹਨਾਂ ਨੇ ਉਥੇ ਸ਼ਾਇਦ ਕੰਮ ਵੀ ਨਾ ਕੀਤਾ ਹੋਵੇ, ਇੱਕ ਦਿਨ ਵੀ ਕੰਮ ਨਾ ਕੀਤਾ ਹੋਵੇ। ਉਹਨਾਂ ਦੇ ਲਈ ਤਾਂ ਕੁਰਸੀਆਂ ਡਾਹੀਆਂ ਗਈਆਂ। ਮਾਣ-ਆਦਰ ਨਾਲ ਬੁਲਾਇਆ ਗਿਆ। ਲੇਕਿਨ ਜਿਹੜੇ ਲੋਕਾਂ ਨੇ ਮਿੱਟੀ ਪੁੱਟ ਕੇ ਨਹਿਰਾਂ ਪੁੱਟੀਆਂ ਸਨ, ਇੱਟਾਂ ਲਾਈਆਂ ਸਨ, ਇੰਜਣ ਲਾਏ ਸਨ, ਮਸ਼ੀਨਰੀ ਲਾਈ ਸੀ। ਮਜ਼ਦੂਰਾਂ ਨੂੰ ਉਥੇ ਅਲਾਓ ਨਹੀਂ ਕੀਤਾ ਗਿਆ। ਔਰ ਗੁਰਸ਼ਰਨ ਸਿੰਘ ਭਾਅ ਜੀ ਨੇ ਇਕੱਲੇ ਨੇ ਇਹ ਲੜਾਈ ਲੜੀ। ਔਰ ਫੇਰ ਅਲਾਓ ਨਹੀਂ ਕੀਤਾ ਗਿਆ। ਉਹਨਾਂ ਵਾਸਤੇ ਆਪਣੇ ਤੌਰ 'ਤੇ ਵੱਖਰਾ, ਕਿਉਂਕਿ ਉਹਨਾਂ ਕੋਲੇ ਕਲਾ ਸੀ। ਡਰਾਮਾ ਕਰਨ ਦੀ, ਥੀਏਟਰ ਕਰਨ ਦੀ ਰੰਗਮੰਚ ਕਰਨ ਦੀ, ਤਾਂ ਉਹਨਾਂ ਨੇ ਉਹਨਾਂ ਮਜ਼ਦੂਰਾਂ ਵਾਸਤੇ, ਕਿਰਤੀਆਂ ਵਾਸਤੇ ਇੱਕ ਵੱਖਰਾ ਸਮਾਗਮ ਉਹਨਾਂ ਵਾਸਤੇ, ਉਹਦੇ ਮੁਕਾਬਲੇ 'ਚ ਕੀਤਾ। ਜਿਥੋਂ ਪਤਾ ਲੱਗਦੈ ਕਿ ਗੁਰਸ਼ਰਨ ਭਾਅ ਜੀ ਦੇ ਮਨ ਅੰਦਰ ਆਮ ਕਿਰਤੀ ਕਾਮੇ ਲਈ ਐਨੀ ਸੰਵੇਦਨਸ਼ੀਲਤਾ ਸੀ। ਉਸਦਾ ਦੁੱਖ ਸੀ ਕਿ ਕਿਉਂ ਇਹਨਾਂ ਲੋਕਾਂ ਨੂੰ ਇਗਨੋਰ ਕੀਤਾ ਜਾ ਰਿਹੈ। ਇਹਨਾਂ ਲੋਕਾਂ ਨੂੰ ਕਿਉਂ ਉਸ ਤਰ•ਾਂ ਦਾ ਮਾਣ-ਸਤਿਕਾਰ ਨਹੀਂ ਦਿੱਤਾ ਜਾ ਰਿਹੈ। ਬਲਕਿ ਓਦੂੰ ਵੱਧ ਦੇਣਾ ਚਾਹੀਦੈ। ਤਾਂ ਇਥੋਂ ਤੁਰੇ ਗੁਰਸ਼ਰਨ ਭਾਅ ਜੀ ਨੇ ਥੀਏਟਰ ਰਾਹੀਂ ਫੇਰ ਉਹ ਲੀਹਾਂ ਪਾਈਆਂ, ਉਹਨਾਂ ਨੇ ਹਮੇਸ਼ਾਂ ਤੋੜ ਕੇ ਗੱਲ ਕੀਤੀ। ਪਹਿਲਾਂ ਤਾਂ ਕਿਹਾ ਇਹ ਗੱਲ ਕਰ ਲਈ ਐ, ਨਹੀਂ ਇਹ ਨਹੀਂ ਹੋਣੀ ਇਹ ਆਮ ਬੰਦੇ ਵਾਸਤੇ ਨਹੀਂ ਐ, ਇਹ ਕਿਰਤੀ ਕਾਮੇ ਵਾਸਤੇ ਨੀ ਐ। ਕੋਈ ਵੀ ਬੰਦਾ ਜਿਹੜਾ ਆਪਣੀ ਸੋਚ ਦੇ ਵਿੱਚ ਉਹ ਹਮੇਸ਼ਾਂ ਨਵੀਆਂ ਲੀਹਾਂ ਪਾਉਂਦੈ। ਸਾਡੇ ਪੰਜਾਬੀ ਦੇ ਸ਼ਾਇਰ ਨੇ ਬਹੁਤ ਵੱਡੇ, ਸੁਰਜੀਤ ਪਾਤਰ ਹੋਰੀਂ ਉਹਨਾਂ ਦੀ ਇੱਕ ਸਤਰ ਐ, ਭਾਵੇਂ ਪੂਰੀ ਤਾਂ ਨਹੀਂ ਯਾਦ ਮੈਨੂੰ, ਪਰ ਮੈਂ ਰਾਹਾਂ 'ਤੇ ਨਹੀਂ ਤੁਰਦਾ।

ਮੈਂ ਤੁਰਦਾਂ ਹਾਂ ਤਾਂ ਰਾਹ ਬਣਦੇ ਨੇ।

ਮੈਂ ਰਾਹਾਂ 'ਤੇ ਨਹੀਂ ਤੁਰਦਾ,
ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ
ਯੁਗਾਂ ਤੋਂ ਕਾਫਲੇ ਨੇ ਆਉਂਦੇ
ਮੇਰੇ ਸੱਚ ਦੇ ਗਵਾਹ ਬਣਦੇ ਨੇ।

ਔਰ ਬਹੁਤ ਸਾਰੇ ਲੋਕ ਐ, ਜਿਹੜੇ ਰਾਹ ਬਣੇ ਹੁੰਦੇ ਐ, ਉਹਨਾਂ 'ਤੇ ਤੁਰੇ ਆਉਂਦੇ ਨੇ ਕੋਈ ਵਿਚਾਰ ਨਹੀਂ ਕਰਦੇ। ਪਰ ਮੈਂ ਜਿਵੇਂ ਕਹਿ 'ਤਾ ਉਵੇਂ ਈ ਬਈ ਐਂ ਨਹੀਂ ਦੇਖਣਾ ਗੁਰੂ ਗੋਬਿੰਦ ਸਿੰਘ ਨੇ ਕਿਉਂ ਪੈਦਾ ਕੀਤਾ ਗੁਰੂ ਨਾਨਕ ਨੇ ਕਿਉਂ ਪੈਦਾ ਕੀਤਾ। ਮੁੜ ਮੁੜ ਕੇ ਉਹ ਮਨੁੱਖਤਾ ਨੂੰ ਇੱਕ ਬਰਾਬਰ ਕਰਨ ਵਾਸਤੇ ਤੁਰੇ ਸੀ। ਤੇ ਇਸੇ ਤਰ•ਾਂ ਭਾਅ ਜੀ ਨੇ ਇਹ ਜਿਹੜਾ ਹੁਣ ਥੀਏਟਰ ਹੈ, ਜਾਂ ਇਸ ਤੋਂ ਪਹਿਲਾਂ ਥੀਏਟਰ ਹੋ ਰਿਹਾ ਸੀ, ਜਿਹੜਾ ਇਹਦਾ ਬਹੁਤਾ ਹਿੱਸਾ, ਇਹਦਾ ਹਿੱਸਾ, ਇਹਦਾ ਫਰਜ਼ ਬਣਦੈ ਕਿ ਆਮ ਕਿਰਤੀ ਕਾਮੇ ਲਈ ਹੋਵੇ। ਉਹ ਨਾਟਕ ਕਰਦੇ ਰਹੇ, ਪਰ ਅੰਮ੍ਰਿਤਸਰ ਦੇ ਵਿੱਚ, ਲੇਕਿਨ ਜਦ 1969 ਦੇ ਵਿੱਚ ਐਡਾ ਇਕੱਠ ਸੀ, ਗੁਰੂ ਨਾਨਕ ਸਾਹਿਬ ਦੀ ਪੰਜਵੀਂ ਸ਼ਤਾਬਦੀ ਸੀ ਤਾਂ ਉਹ ਵਕਤ ਆਇਆ, ਪਿੰਡਾਂ ਦੇ ਵਿੱਚ ਦੇਖਿਆ ਤਾਂ ਉਥੇ ਉਹਨਾਂ ਨੂੰ ਸਵਾਲ ਪੈਦਾ ਹੋਇਆ ਕਿ ਨਾਟਕ ਦੇ ਦਰਸ਼ਕ ਤਾਂ ਆਹ ਬੈਠੇ ਨੇ ਮੈਂ ਸ਼ਹਿਰਾਂ 'ਚ ਕੀ ਕਰਦਾ ਹਾਂ? ਸ਼ਹਿਰੀਆਂ ਨੂੰ ਬੁਲਾਉਂਦੇ ਆਂ, ਅਸੀਂ ਚੰਡੀਗੜ• ਦੇ ਵਿੱਚ ਵੀ ਨਾਟਕ ਕਰਦੇ ਆਂ, ਲੇਕਿਨ ਉਹਨਾਂ ਨੂੰ ਕਾਰਡ ਭੇਜਦੇ ਐਂ, ਉਹਨਾਂ ਨੂੰ ਬੇਨਤੀ ਕਰਨੀ ਪੈਂਦੀ ਐ, ਬਾਈ ਜੀ ਆਇਓ। ਨਾਟਕ ਵੇਖਿਓ। ਐਥੇ ਪਿੰਡਾਂ ਵਿੱਚ ਹਜ਼ਾਰਾਂ ਡਰਾਮੇ ਹੋਏ ਗੁਰਸ਼ਰਨ ਭਾਅ ਜੀ ਸਟੇਜ 'ਤੇ ਕਰਕੇ ਗਏ ਨੇ ਕਿ ਤੁਸੀਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿਚੋਂ ਦੋ ਦਿਨ ਅਨਾਊਂਸਮੈਂਟ ਕਰ ਦਿਓ, ਜੇ ਇਸ਼ਤਿਹਾਰ ਲਾ ਦਿਓ ਤਾਂ ਹੋਰ ਵੀ ਵੱਡੀ ਗੱਲ। ਦਸ-ਦਸ, ਪੰਦਰਾਂ-ਪੰਦਰਾਂ ਹਜ਼ਾਰ ਆਦਮੀ ਡਰਾਮਾ ਦੇਖਣ ਵਾਸਤੇ ਆ ਜਾਂਦਾ। ਉਹਨਾਂ ਦੀ ਜਿੰਦਗੀ ਨਾਲ ਜੁੜ ਜਾਂਦੈ ਇਸ ਵਾਸਤੇ ਮੈਂ ਸਮਝਦਾਂ ਕਿ ਥੀਏਟਰ ਦੇ ਰੰਗਕਰਮੀ ਦੇ ਤੌਰ 'ਤੇ, ਕਿਉਂਕਿ ਮੈਂ ਆਪ ਨਾਟਕ ਕਰਦਾਂ ਕਿ ਗੁਰਸ਼ਰਨ ਭਾਅ ਜੀ ਨੇ ਇੱਕ ਲੀਹ ਪਾਈ ਐ, ਪੰਜਾਬੀ ਰੰਗਕਰਮੀਆਂ ਨੂੰ ਇਹ ਦੱਸਿਆ ਸੀ ਇੱਕ ਆਹ ਰਸਤਾ ਐ। ਆਹ ਰਾਹ ਵੀ ਐ, ਜੀਹਦੇ ਉੱਤੇ ਤੁਰ ਕੇ ਤੁਸੀਂ ਆਪਣਾ ਨਾਟਕ ਕਰ ਸਕਦੇ ਓ। ਆਪਣੇ ਰੰਗਮੰਚ ਕਰ ਸਕਦੇ ਓ। ਨਹੀਂ ਤਾਂ ਸਾਡੇ ਡਿਪਾਰਟਮੈਂਟ ਬਣੇ ਹੋਏ ਨੇ ਨਾਟਕ ਦੀ ਸਿੱਖਿਆ ਦੇਣ ਵਾਸਤੇ, ਇੱਕ ਨਾਟਕ ਤਿਆਰ ਕਰਦੇ ਨੇ, ਉਹਦੇ 'ਤੇ ਤਿੰਨ-ਤਿੰਨ ਚਾਰ-ਚਾਰ ਲੱਖ ਰੁਪਇਆ ਖਰਚੇ ਦਾ ਵਿਖਾਇਆ ਜਾਂਦੈ। ਸ਼ਾਇਦ ਵੱਧ ਈ ਦਿਖਾਇਆ ਜਾਂਦਾ ਹੋਵੇ। ਪੰਜਾਬੀ ਯੁਨੀਵਰਸਿਟੀ ਵਿੱਚ ਵੀ ਹੈ। ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਹੈ, ਕਲਚਰ ਡਿਪਾਰਟਮੈਂਟ ਵੀ ਜਿਹੜਾ ਹੈ ਆਪਣੇ ਪ੍ਰਚਾਰ ਵਾਸਤੇ ਗੌਰਮਿੰਟ ਨੇ ਰੱਖੇ ਹੋਏ ਨੇ- ਉਹ ਵੀ ਹੈਗੇ ਐ। ਪਰ ਸਾਰੀਆਂ ਸੰਸਥਾਵਾਂ ਵਿੱਚ ਗੁਰਸ਼ਰਨ ਭਾਅ ਜੀ ਦੇ ਬਰਾਬਰ ਜਿਹੜਾ ਕੰਮ ਉਹਨਾਂ ਨੇ ਪਿੰਡਾਂ ਤੱਕ ਕੀਤੈ, ਕਿਰਤੀ ਕਾਮਿਆਂ ਦੀਆਂ ਸਮੱਸਿਆਵਾਂ ਉੱਤੇ ਕੀਤਾ ਐ, ਉਹਨਾਂ ਦੇ ਸਾਹਮਣੇ ਜਾ ਕੇ ਕੀਤਾ .....ਕਿ ਜੇ ਥੀਏਟਰ ਕਰਨੈ ਤਾਂ ਉਹ ਬੰਦ ਹਾਲ ਦੇ ਵਿੱਚ ਨਹੀਂ ਹੋ ਸਕਦਾ। ਉਹ ਥੀਏਟਰ ਇਸ ਕਰਕੇ ਨਹੀਂ ਹੋ ਸਕਦੈ ਬਈ ਇਹਦੇ ਵਿੱਚ ਐਨੀਆਂ ਵਧੀਆ ਰੌਸ਼ਨੀਆਂ ਵਰਤਣੀਆਂ ਨੇ, ਇਸ ਤਰ•ਾਂ ਇਹਦੇ ਵਿੱਚ ਸੈੱਟ ਲਾਉਣੇ ਨੇ ਮਹਿੰਗੇ, ਉਹ ਕਿਉਂ ਲਾਉਂਦੇ ਆ? ਇਸ ਕਰਕੇ ਕਿਉਂਕਿ ਆਮ ਬੰਦੇ ਕੋਲੇ ਜੇ ਕਰ ਤੁਸੀਂ ਥੀਏਟਰ ਕਰੋਗੇ ਤਾਂ ਉਹਦੇ ਕੋਲੇ ਨਾ ਹੀ ਤੁਹਾਨੂੰ ਪੈਸੇ ਦੇਣ ਵਾਸਤੇ ਹੁੰਦੇ ਆ ਤੇ ਨਾ ਈ ਉਹ ਕਰ ਸਕਦੇ ਆ, ਜਿਹੜੀਆਂ ਟੀਮਾਂ ਉਥੇ ਕਰਦੀਆਂ ਨੇ। ਗੁਰਸ਼ਰਨ ਭਾਅ ਜੀ ਨੇ ਘੱਟੋ ਘੱਟ 24-25 ਟੀਮਾਂ ਅੱਜ ਪੰਜਾਬ ਦੇ ਪਿੰਡਾਂ ਵਿੱਚ ਕੰਮ ਕਰਦੀਆਂ, ਜਿਹੜੀਆਂ ਉਹਨਾਂ ਤੋਂ ਪ੍ਰੇਰਨਾ ਲੈ ਕੇ ਉਹਨਾਂ ਕੋਲੋਂ ਰੌਸ਼ਨੀ ਲੈ ਕੇ ਲੋਕਾਂ ਲਈ ਥੀਏਟਰ ਕਰ ਰਹੀਆਂ ਨੇ। ਜਿਵੇਂ ਵੀ ਹੁੰਦੈ ਕਰੋ। ਜੇ ਵੀਹ ਬੰਦੇ ਮਿਲਦੇ ਨੇ ਕਲਾਕਾਰ, ਤਾਂ ਕਰ ਲਓ ਕੋਈ ਡਰ ਨਹੀਂ ਹੈ। ਦੁੱਲਾ ਭੱਟੀ ਦਾ ਨਾਟਕ ਕਰਿਆ ਉਹਨਾਂ ਨੇ 15-20 ਕਲਾਕਾਰਾਂ ਨਾਲ ਕੀਤੈ। ਪਰ ਦੋ-ਤਿੰਨ ਕਲਾਕਾਰਾਂ ਨਾਲ ਵੀ ਜੇ ਅੰਬੈਸਡਰ ਕਾਰ ਮਿਲ ਗਈ, ਇਹਦੇ ਵਿੱਚ ਪੰਜ ਬੰਦੇ ਈ ਬੈਠ ਸਕਦੇ ਐ, ਪੰਜਾਂ ਨੂੰ ਲੈ ਕੇ ਤੁਰ ਗਏ। ਇਹਦੇ ਵਿੱਚ ਜਿਹੜਾ ਉਹਨਾਂ ਡਰਾਇਵਰ ਵੀ ਲੈਣਾ ਉਹ ਵੀ ਕਲਾਕਾਰ, ਗੱਡੀ ਚਲਾ ਕੇ ਉਥੇ ਪਹੁੰਚ ਜਾਣਾ, ਜਿਥੇ ਨਾਟਕ ਵਾਲਿਆਂ ਨੇ ਬੁਲਾਇਆ ਹੈ। ਸੋ ਇਹ ਜਿਹੜੀ ਸਪਿਰਟ, ਇਹ ਜਿਹੜੀ ਕੁਮਿਟਮੈਂਟ ਹੈ ਇਹ ਜਿਹੜੀ ਵਚਨਬੱਧਤਾ ਐ ਕਿ ਅਸੀਂ ਨਾਟਕ ਕੀ ਕਰਨਾ ਐ, ਕੀਹਨਾ ਵਾਸਤੇ ਕਰਨੈ, ਕਿਥੇ ਕਰਨੈ। ਇਹ ਸਭ ਤੋਂ ਜਿਹੜੀ ਵੱਡੀ ਦੇਣ ਹੈ, ਔਰ ਸਾਡਾ ਰੰਗਕਰਮੀਆਂ ਦਾ ਫਰਜ਼ ਇਹ ਬਣਦੈ ਕਿ ਠੀਕ ਐ ਸਾਡੇ ਅੰਦਰ ਉਹ ਕਪੈਸਟੀ ਨੀ, ਸਾਡੇ ਅੰਦਰ ਉਹ ਸਮਰੱਥਾ ਨੀ ਐ, ਸਾਡੇ ਅੰਦਰ ਉਹ ਬੌਧਿਕ ਸ਼ਕਤੀ ਨੀ ਹੈ, ਸਾਡੇ ਕੋਲ ਉਹ ਵੱਡੀ ਕਲਾ ਨੀਂ ਐ। ਪਰ ਫੇਰ ਵੀ ਸਾਡਾ ਫਰਜ਼ ਬਣਦੈ ਕਿ ਅਸੀਂ ਉਸ ਨੂੰ ਅੱਗੇ ਤੋਰੀਏ, ਬਹੁਤ ਸਾਰੀਆਂ ਟੀਮਾਂ ਤੋਰ ਰਹੀਆਂ ਨੇ। ਸੈਮੂਅਲ ਜੌਹਨ ਐ, ਦਲਿਤ ਵਿਹੜਿਆਂ 'ਚ ਜਾ ਕੇ ਨਾਟਕ ਕਰਦੈ, ਇੱਕ ਲੜਕਾ ਹੁੰਦੈ ਇੱਕ ਲੜਕੀ ਹੁੰਦੀ ਐ, ਇੱਕ ਅਜਿਹੀ ਕਹਾਣੀ ਪੇਸ਼ ਕਰਦੈ ਕਿ ਦਲਿਤ ਭੈਣਾਂ ਦੀਆਂ ਅੱਖਾਂ 'ਚੋਂ ਹੰਝੂ ਆ ਜਾਂਦੇ ਨੇ। ਉਹ ਲੋਕਾਂ ਵਾਸਤੇ ਕਰਦੈ। ਇਹ ਸਾਰੀ ਦੇਣ ਐ, ਇਹ ਗੁਰਸ਼ਰਨ ਭਾਅ ਜੀ ਦੀ ਐ। ਸੋ ਇਹਨਾਂ ਸ਼ਬਦਾਂ ਨਾਲ ਕਿ ਮੈਂ ਵੀ ਰੰਗਕਰਮੀ ਦੇ ਤੌਰ 'ਤੇ ਮੈਂ ਵੀ ਇਹਨਾਂ ਤੋਂ ਬਹੁਤ ਕੁਝ ਸਿੱਖਿਐ। ਔਰ ਕੋਸ਼ਿਸ਼ ਕਰ ਰਿਹਾਂ ਕਿ ਉਹਨਾਂ ਦੇ ਰਾਹ 'ਤੇ, ਉਹਨਾਂ ਦੀ ਪੂਰੀ ਤਰ•ਾਂ ਨਹੀਂ, ਜਿੰਨੀ ਕੁ ਸਾਡੀ ਸਮਰੱਥਾ ਐ, ਉਹਨਾਂ ਰਾਹਾਂ 'ਤੇ ਚੱਲਣ ਦੀ ਕੋਸ਼ਿਸ਼ ਕਰੀਏ। ਇਹਨਾਂ ਸ਼ਬਦਾਂ ਨਾਲ ਮੈਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਆਪਣੀ ਥਾਂ ਲੈਂਦਾ ਹਾਂ।

ਇਹਨਾਂ ਸ਼ਬਦਾਂ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ।

ਅਸੀਂ ਗੁਰਸ਼ਰਨ ਸਿੰਘ ਦੇ ਕੀਤੇ ਨੂੰ

ਅੱਗੇ ਲੈ ਕੇ ਜਾਵਾਂਗੇ

ਡਾ. ਆਤਮਜੀਤ ਸਿੰਘ

ਦੋਸਤੋ, ਭੈਣੋ ਤੇ ਭਰਾਵੋ, ਮੇਰੇ ਸਾਹਮਣੇ ਅੱਜ ਲੋਕਾਂ ਦਾ ਇੱਕ ਸਮੁੰਦਰ ਹੈ। ਔਰ ਮੈਂ ਸਮੁੰਦਰ ਨੂੰ ਪਹਿਲੀ ਵਾਰੀ ਐਨਾ ਚੁੱਪ ਦੇਖਿਐ। ਇਹ ਚੁੱਪ ਕਿਥੋਂ ਪੈਦਾ ਹੋਈ। ਇਹ ਚੁੱਪ ਉਸ ਸਦਮੇ 'ਚੋਂ ਪੈਦਾ ਹੋਈ ਐ, ਜਿਹੜਾ ਸਦਮਾ ਸਾਨੂੰ ਇਹ ਕਹਿ ਰਿਹੈ ਕਿ ਅਸੀਂ ਪੰਜਾਬ ਦਾ ਪਿਛਲੇ 60 ਸਾਲਾਂ 'ਚ ਸਭ ਤੋਂ ਮਹੱਤਵਪੂਰਨ ਵਿਅਕਤੀ ਜਿਹੜਾ ਗੁਆ ਲਿਆ ਹੈ। ਤੁਰ ਗਿਆ ਸਾਡੇ ਕੋਲੋਂ। ਅਸੀਂ ਸਾਰੇ ਕਹਿੰਨੇ ਆਂ ਗੁਰਸ਼ਰਨ ਸਿੰਘ ਪੰਜਾਬੀ ਥੀਏਟਰ ਦਾ ਪਿਤਾ ਹੈ, ਪਿਤਾਮਾ ਹੈ। ਸੱਚ ਐ। ਅਸੀਂ ਸਾਰੇ ਕਹਿੰਨੇ ਆਂ ਕਿ ਪੰਜਾਬੀ ਥੀਏਟਰ ਨੂੰ ਇੱਕ ਜਾਗ ਲਾਈ। ਸ਼ਹਿਰਾਂ 'ਚੋਂ ਕੱਢ ਕੇ ਪਿੰਡਾਂ 'ਚ ਲੈ ਕੇ ਗਿਆ ਗੁਰਸ਼ਰਨ ਸਿੰਘ। ਰੌਸ਼ਨੀਆਂ 'ਚੋਂ ਕੱਢ ਕੇ ਦੀਵਿਆਂ ਤੱਕ ਲੈ ਕੇ ਗਿਆ। ਵੱਡੀਆਂ ਸਟੇਜਾਂ ਤੋਂ ਕੱਢ ਕੇ ਥੜਿ•ਆਂ ਤੱਕ ਲੈ ਕੇ ਗਿਆ। ਇਹ ਸੱਚ ਹੈ। ਪਰ ਉਸ ਤੋਂ ਵੱਡਾ ਸੱਚ ਇਹ ਹੈ ਕਿ ਗੁਰਸ਼ਰਨ ਸਿੰਘ ਰੰਗਮੰਚ 'ਚੋਂ ਪੈਦਾ ਹੋਇਆ ਐਸਾ ਬੋਹੜ ਹੈ, ਜਿਹੜਾ ਸਾਰੇ ਪੰਜਾਬ ਨੂੰ ਛਾਂ ਦੇ ਰਿਹੈ। ਗੁਰਸ਼ਰਨ ਸਿੰਘ, ਮੈਂ ਲਿਖਿਆ ਸੀ ਕਿਤੇ, ਵਿਅਕਤੀ ਨਹੀਂ ਹੈ। ਸਿਰਫ ਸੰਸਥਾ ਨਹੀਂ ਹੈ, ਸਿਰਫ ਲਹਿਰ ਨਹੀਂ ਹੈ- ਇੱਕ ਜਜ਼ਬਾ ਹੈ। ਔਲਖ ਸਾਹਿਬ ਨੇ ਬਿਲਕੁੱਲ ਸਹੀ ਫੁਰਮਾਇਐ ਕਿ ਜਿਸ ਵੇਲੇ ਭਾਖੜਾ ਡੈਮ ਦੇ ਉੱਤੇ ਗੁਰਸ਼ਰਨ ਸਿੰਘ ਨੇ ਇੱਕ ਸੀਮਿੰਟ ਟੈਕਨਾਲੋਜਿਸਟ ਦੇ ਤੌਰ 'ਤੇ, ਸੀਮਿੰਟ ਵਿਗਿਆਨੀ ਦੇ ਤੌਰ 'ਤੇ ਕੰਮ ਕੀਤਾ ਉਹਨਾਂ ਨੇ, ਪੰਡਤ ਜਵਾਹਰ ਲਾਲ ਨਹਿਰੂ ਨੂੰ ਜਦੋਂ ਦਿਖਾਉਣਾ ਸੀਗਾ, ਇੱਕ ਕਲਚਰਲ ਪ੍ਰੋਗਰਾਮ, ਤਾਂ ਆਮ ਬੰਦੇ ਨੂੰ ਬਾਹਰ ਕਰ ਦਿੱਤਾ ਗਿਆ ਉਸ ਪ੍ਰੋਗਰਾਮ 'ਚੋਂ। ਗੁਰਸ਼ਰਨ ਸਿੰਘ ਦਾ ਸਰੋਕਾਰ, ਉਹ ਆਮ ਬੰਦਾ ਹੈ। ਮੈਂ ਇਹ ਕਵ•ਾਂਗਾ ਕਿ ਗੁਰਸ਼ਰਨ ਸਿੰਘ ਪੰਜਾਬ ਦੇ ਆਮ ਬੰਦੇ ਦਾ ਖਾਸ ਨਾਟਕਕਾਰ ਐ। ਜੀਹਨੇ ਸਾਡੀ ਹਰ ਬੰਦੇ ਤੱਕ ਆਪਣੀ ਪਹੁੰਚ ਜਿਹੜੀ ਐ, ਉਹ ਕੀਤੀ। ਪਰ ਸਵਾਲ ਇਹ ਐ ਕਿ ਗੁਰਸ਼ਰਨ ਸਿੰਘ ਕਿਹੜੀ ਧਿਰ ਦਾ ਬੰਦਾ ਹੈ। ਇਹ ਬਹੁਤ ਵੱਡਾ ਸੁਆਲ ਹੈ। ਉਹਦੀ ਵਿਚਾਰਧਾਰਾ ਸਪੱਸ਼ਟ ਤੌਰ 'ਤੇ ਖੱਬੇ ਪੱਖੀ ਐ। ਗੁਰਸ਼ਰਨ ਸਿੰਘ ਬਰਾਬਰੀ ਦੀ ਗੱਲ ਕਰਦੈ, ਔਰਤ ਮਰਦ ਦੀ ਬਰਾਬਰੀ, ਜਾਤਾਂ ਦੇ ਅਧਾਰ 'ਤੇ ਵੰਡੇ ਹੋਏ ਸਮਾਜ ਦੇ ਵਿੱਚ ਬਰਾਬਰੀ, ਧਰਮਾਂ ਦੇ ਅਧਾਰ 'ਤੇ ਵੰਡੇ ਹੋਏ ਸਮਾਜ ਵਿੱਚ ਬਰਾਬਰੀ, ਗਰੀਬ ਅਤੇ ਅਮੀਰ ਵਿੱਚ ਬਰਾਬਰੀ, ਖਿੱਤਿਆਂ ਦੇ ਅਧਾਰ 'ਤੇ ਵੰਡੇ ਹੋਏ ਸਮਾਜ ਵਿੱਚ ਬਰਾਬਰੀ, ਸ਼ਹਿਰ ਤੇ ਪਿੰਡ ਵਿੱਚ ਵੰਡੇ ਹੋਏ ਸਮਾਜ ਵਿੱਚ ਬਰਾਬਰੀ। ਹਮੇਸ਼ਾਂ ਸਮਾਜ ਦੀ ਬਰਾਬਰੀ ਦੀ ਗੱਲ ਕਰਦੈ। ਉਹ ਖੱਬੇ-ਪੱਖੀ ਹੈ। ਜੇ ਆਤਮਾ-ਪ੍ਰਮਾਤਮਾ ਦੇ ਮਸਲਿਆਂ ਨੂੰ ਕੱਢ ਦਿੱਤਾ ਜਾਵੇ ਤਾਂ ਸਿੱਖ ਧਰਮ ਵੀ ਉਸ ਤੋਂ ਬਿਲਕੁੱਲ ਵੱਖਰਾ ਨਹੀਂ, ਏਸੇ ਲਈ ਸਿੱਖ ਧਰਮ ਦੇ ਬਹੁਤ ਸਾਰੇ ਨਾਟਕਾਂ ਨੂੰ ਲੋਕਾਂ ਤੱਕ ਲੈ ਕੇ ਜਿਸ ਤਰ•ਾਂ ਜ਼ਿਕਰ ਆਇਐ। ਲੇਕਿਨ ਜਿਥੇ ਵੀ ਕਿਸੇ ਨੂੰ ਉਲਝਾਉਣ ਦੀ ਗੱਲ ਕੀਤੀ ਗਈ ਐ, ਇਸ ਬਰਾਬਰੀ ਅਤੇ ਲੋਕਾਂ ਦੇ ਹੱਕਾਂ ਨੂੰ ਖੋਹਣ ਦੀ ਗੱਲ ਕੀਤੀ- ਗੁਰਸ਼ਰਨ ਸਿੰਘ ਨਿੱਡਰ ਹੋ ਕੇ ਉਸਦਾ ਵਿਰੋਧ ਕਰਦੈ। ਚਾਹੇ ਉਹ ਵਿਰੋਧ ਧਾਰਮਿਕ ਸੰਸਥਾਵਾਂ ਦਾ ਸੀ, ਚਾਹੇ ਉਹ ਵਿਰੋਧ ਸ਼ਹਿਰਾਂ ਵਿੱਚ ਆਉਣ ਵਾਲੀਆਂ ਜਿਹੜੇ ਡੀ.ਸੀ. ਜਾਂ ਐਸ.ਡੀ.ਐਮ. ਨੇ ਚਾਹੇ ਉਹ ਸਟੇਟ ਨੂੰ ਚਲਾਉਣ ਵਾਲੇ ਮੁੱਖ ਮੰਤਰੀ ਨੇ ਕਿਸੇ ਵੀ ਕਿਸਮ ਦੇ ਬੰਦੇ ਕੋਲੋਂ ਗੁਰਸ਼ਰਨ ਸਿੰਘ ਕਦੀ ਡਰਿਆ ਨਹੀਂ। ਪਰ ਗੁਰਸ਼ਰਨ ਸਿੰਘ ਨੇ ਜਿੰਦਗੀ ਸਾਧੂਆਂ ਵਾਲੀ ਜੀਵੀ ਐ। ਸਾਦਗੀ ਵਿੱਚ ਜੀਵਿਆ ਹੈ। ਜਿੰਨਾ ਗੁਰਸ਼ਰਨ ਸਿੰਘ ਨੂੰ ਜਾਣੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕਿੰਨਾ ਸਾਦਾ ਬੰਦਾ ਸੀ। ਕਿੰਨੀ ਸਾਦਗੀ ਦੇ ਨਾਲ ਮੇਲਾ ਹੋ ਰਿਹੈ, ਉਹ ਪਿੱਛੇ ਸਿਰਫ ਦਾਲ-ਰੋਟੀ ਦੇ ਨਾਲ ਆਪਣਾ ਢਿੱਡ ਭਰਕੇ ਉਹ ਸੌਂ ਜਾਂਦਾ ਸੀ। ਕਲਾਸ ਵੰਨ ਗਜ਼ਟਿਡ ਅਫਸਰ ਜੀਹਦੇ ਘਰ ਦੇ ਵਿੱਚ ਬਹੁਤ ਸਾਰੇ ਸਰੋਤ ਸੀਗੇ, ਲੇਕਿਨ ਆਮ ਬੰਦੇ ਦੇ ਸਰੋਕਾਰਾਂ ਕਰਕੇ ਉਹ ਬਹੁਤ ਸਾਧਾਰਨ ਜਿੰਦਗੀ ਜਿਉਣ ਵਾਲਾ ਬੰਦਾ ਸੀ। ਖੁੱਲ•ੇ ਦਿਲ ਦਾ ਮਾਲਕ ਸੀ। ਉਹ ਮੁਆਫ ਕਰ ਦਿੰਦਾ ਸੀ ਗੁੱਸਾ ਬਹੁਤ ਕਰਦਾ ਸੀ, ਪਰ ਕਿਸੇ ਨੂੰ ਵੀ ਮੁਆਫ ਕਰ ਦਿੰਦਾ ਸੀ। ਸਭ ਤੋਂ ਵੱਡੀ ਗੱਲ ਉਹ ਕਿਸੇ ਕੋਲੋਂ ਵੀ ਸਾਥ ਲੈ ਸਕਦਾ ਸੀ। ਉਹ, ਜਿਹੜਾ ਵੀ ਬੰਦਾ ਉਹਦੇ ਸਾਹਮਣੇ ਆਉਂਦਾ, ਉਹਦੇ ਕੋਲੋਂ ਕੰਮ ਲੈ ਲੈਂਦਾ ਸੀ। ਗੁਰਸ਼ਰਨ ਸਿੰਘ ਨੂੰ ਨਾਂਹ ਨਹੀਂ ਸੀ ਕੋਈ ਕਰਦਾ। ਅੱਜ ਪਹਿਲੀ ਵਾਰ ਇਸ ਤਰ•ਾਂ ਹੋ ਰਿਹੈ ਕਿ ਪੰਜਾਬ ਦੇ ਹਰ ਪਿੰਡ ਵਿੱਚ ਹਰ ਕਸਬੇ ਵਿੱਚ, ਹਰ ਸ਼ਹਿਰ ਵਿੱਚ ਅਸੈਂਬਲੀ ਵਿੱਚ, ਸਾਹਿਤ ਵਿੱਚ, ਸਭਿਆਚਾਰ ਦੇ ਵਿੱਚ, ਰਾਜਨੀਤੀ ਵਿੱਚ, ਗੁਰਸ਼ਰਨ ਸਿੰਘ ਦਾ ਜਾਣਾ ਸਾਨੂੰ ਦੁੱਖ ਦੇ ਰਿਹੈ। ਇਸੇ ਲਈ ਮੈਂ ਕਹਿਨਾ ਉਹ ਇੱਕ ਜਜ਼ਬਾ ਹੈ। ਆਓ ਉਸ ਜਜ਼ਬੇ ਨੂੰ ਜਿਉਂਦਾ ਰੱਖੀਏ। ਬੰਦੇ ਤੁਰ ਜਾਂਦੇ ਨੇ। ਸੰਸਥਾਵਾਂ ਡਿਗ ਜਾਂਦੀਆਂ ਨੇ। ਲਹਿਰਾਂ ਲੰਘ ਜਾਂਦੀਆਂ ਨੇ। ਜਜ਼ਬਾ ਜਿਉਂਦਾ ਰੱਖਿਆ ਜਾ ਸਕਦੈ। ਪੰਜਾਬੀਆਂ ਨੇ ਆਪਣੇ ਜਜ਼ਬੇ ਨੂੰ, ਉਹਦੇ ਕਈ ਚੰਗੇ ਪੱਖਾਂ ਨੂੰ ਜਿਉਂਦਾ ਰੱਖਿਐ। ਗੁਰਸ਼ਰਨ ਸਿੰਘ ਉਸ ਜਜ਼ਬੇ ਦਾ ਨਾਂ ਐ। ਗੁਰਸ਼ਰਨ ਸਿੰਘ ਨੂੰ ਇੱਕ ਨਾਅਰੇ ਨਾਲ ਵੀ ਅਸੀਂ ਯਾਦ ਕਰੀਏ ਪਰ ਜਿਸ ਤਰ•ਾਂ ਅਮੋਲਕ ਸਿੰਘ ਨੇ ਕਿਹੈ ਉਸ ਨਾਹਰੇ ਵਿੱਚ ਪਏ ਅਰਥ ਨੂੰ ਨਾਲ ਲੈ ਕੇ ਜਾਈਏ। ਅਗਰ ਅਸੀਂ ਗੁਰਸ਼ਰਨ ਸਿੰਘ ਦੀ ਸੋਚ 'ਤੇ ਠੋਕ ਕੇ ਪਹਿਰਾ ਦੇਣਾ ਐ, ਉਹ ਸਿਰਫ ਨਾਅਰੇ ਨਾਲ ਨਹੀਂ ਦੇਣਾ, ਉਸ ਵਿਹਾਰ ਨਾਲ ਦੇਣਾ ਐ, ਜਿਸ ਦਾ ਇੱਕ ਛੋਟਾ, ਜਿਸਦਾ ਮੈਂ ਤੁਹਾਡੇ ਸਾਹਮਣੇ ਛੋਟਾ ਜਿਹਾ ਬਿਓਰਾ ਦਿੱਤਾ ਐ, ਗੁਰਸ਼ਰਨ ਸਿੰਘ ਹਿੰਦੋਸਤਾਨ ਦੇ ਇਤਿਹਾਸ ਦੇ ਵਿੱਚ ਇੱਕ ਮਹਾਨ ਪੰਜਾਬੀ ਐ, ਉਹਦੇ ਵਰਗਾ ਪੰਜਾਬੀ ਨੇੜੇ ਤੇੜੇ ਸਾਡੇ ਕੋਲ ਨਹੀਂ ਪੈਦਾ ਹੋਇਆ। ਇਸੇ ਕਰਕੇ ਪੰਜਾਬ ਜਿਸ ਤਰ•ਾਂ ਗੁਰਸ਼ਰਨ ਸਿੰਘ ਨੂੰ ਤੋਰ ਰਿਹੈ, ਕਿਸੇ ਨੂੰ ਨਹੀਂ ਤੋਰਿਆ ਉਹਨੇ। ਮੈਂ ਥੋੜ•ਾ ਭਾਵੁਕ ਇਸ ਲਈ ਵੀ ਹਾਂ ਕਿ ਗੁਰਸ਼ਰਨ ਸਿੰਘ ਦੀ ਉਂਗਲੀ ਫੜ ਕੇ ਮੈਂ ਪਹਿਲੀ ਵਾਰ ਸਟੇਜ 'ਤੇ ਚੜਿ•ਆ ਸੀ। ਤੇ ਗੁਰਸ਼ਰਨ ਸਿੰਘ ਨੇ ਕਿਤੇ ਆਖਿਆ ਸੀ ਕਿ ਇਹ ਉਹਨਾਂ ਦੋ-ਚਾਰ ਬੰਦਿਆਂ ਵਿੱਚੋਂ ਇੱਕ ਐ, ਜਿਹੜਾ ਮੇਰੇ ਮਿਸ਼ਨ ਨੂੰ ਅੱਗੇ ਲੈ ਕੇ ਜਾਏਗਾ। ਤੁਹਾਡੇ ਸਾਰਿਆਂ ਦੇ ਸਾਹਮਣੇ ਇਕਰਾਰ ਐ, ਅਸੀਂ ਗੁਰਸ਼ਰਨ ਸਿੰਘ ਦੇ ਕੀਤੇ ਨੂੰ ਅੱਗੇ ਲੈ ਕੇ ਜਾਵਾਂਗੇ। ਤੁਸੀਂ ਇਕਰਾਰ ਕਰੋ ਕਿ ਉਹਦੀ ਸੋਚ ਦੇ ਅਰਥਾਂ ਨੂੰ ਨਾਲ ਲੈ ਕੇ ਜਾਓਗੇ। ਨਾਅਰਾ ਕਿਤੇ ਰਾਹ ਵਿੱਚ ਡਿਗ ਵੀ ਪਵੇ ਤਾਂ ਉਹਨੂੰ ਚੁੱਕ ਲੈਣਾ ਪਰ ਉਸਦੀ ਸੋਚ ਦੇ ਅਰਥਾਂ ਨੂੰ ਕਿਤੇ ਨਾ ਡਿਗਣ ਦੇਣਾ। ਬਹੁਤ ਸ਼ੁਕਰੀਆ।

ਭਾਅ ਜੀ ਨੇ ਲੋਕਾਂ ਨਾਲ ਸਾਡੀਆਂ ਜੱਫੀਆਂ ਪੁਆ ਦਿੱਤੀਆਂ

-ਡਾ. ਸਾਹਿਬ ਸਿੰਘ

ਮੇਰਾ ਖਿਆਲ ਐ, ਮਿੰਟਾਂ ਦੀ ਐਨੀ ਜ਼ਿਆਦਾ ਮਹੱਤਤਾ ਨਹੀਂ ਇਸ ਕਰਕੇ ਬਾਈ ਜੀ ਨਾ ਘਬਰਾਣ ਤਾਂ ਠੀਕ ਰਹੇਗਾ। ਦੋਸਤੋ, 27 ਸਤੰਬਰ ਨੂੰ ਸਾਡੇ ਤੱਕ ਇਹ ਖਬਰ ਪਹੁੰਚਦੀ ਐ ਕਿ ਭਾਅ ਜੀ ਸਰੀਰਕ ਰੂਪ ਵਿੱਚ ਨਹੀਂ ਰਹੇ। 28 ਸਤੰਬਰ ਨੂੰ ਅਸੀਂ ਕ੍ਰੀਮੇਸ਼ਨ ਗਰਾਊਂਡ ਪਹੁੰਚਦੇ ਆਂ ਉਹਨਾਂ ਨੂੰ ਲੈ ਕੇ। 2 ਅਕਤੂਬਰ ਨੂੰ ਅਸੀਂ ਸ਼ਰਧਾਂਜਲੀ ਸਮਾਗਮ ਰਚਾਨੇ ਆਂ। ਹੰਝੂ ਵੀ ਆਏ। ਜਜ਼ਬਿਆਂ ਦਾ ਦਰਿਆ ਵੀ ਵਗਿਆ। ਰੋਏ ਵੀ ਬੜਾ। ਲਹੂ ਵੀ ਤੇਜ਼ ਦੌੜਿਆ, ਜੋਸ਼ ਵੀ ਬਹੁਤ ਜਾਗਿਆ, ਪਰ ਅੱਜ ਮੈਨੂੰ ਲੱਗਦੈ ਕਿ ਅੱਜ ਜਦੋਂ ਅਸੀਂ ਕੁੱਸਾ ਦੀ ਧਰਤੀ ਦੇ ਉੱਤੇ ਇਕੱਤਰ ਹੋਏ ਆਂ ਏਡੀ ਵੱਡੀ ਗਿਣਤੀ ਦੇ ਵਿੱਚ ਤਾਂ ਮੈਨੂੰ ਲੱਗਦੈ ਬਈ ਮੇਰੇ ਲਈ ਇਹ ਸਵੈ-ਮੰਥਨ ਦਾ ਦਿਨ ਐ ਕਿ ਘੱਟੋ ਘੱਟ ਜੇ ਮੈਂ ਵਾਰ ਵਾਰ ਇਹ ਕਹਿੰਨਾ, ਜਾਂ ਅਸੀਂ ਸਾਰੇ ਇਹ ਕਹਿੰਨੇ ਆਂ ਬਈ ਅਸੀਂ ਭਾਅ ਜੀ ਦੀ ਮਸ਼ਾਲ ਨੂੰ ਜਗਦਿਆਂ ਰੱਖਣੈ ਤਾਂ ਘੱਟੋ ਘੱਟ ਮੈਨੂੰ ਇਹ ਸੋਚਣਾ ਪਏਗਾ ਕਿ ਉਹ ਮਸ਼ਾਲ ਜਗਦੀ ਕਿਵੇਂ ਰੱਖਣੀ ਐ। ਉਸ ਭਾਅ ਜੀ ਰੂਪੀ ਵਰਤਾਰੇ ਨੂੰ ਥੋੜ•ਾ ਤਾਂ ਮੈਨੂੰ ਸਮਝਣਾ ਪਊ, ਆਖਰ ਜੇ ਅਸੀਂ ਕਲਾ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਅਸੀਂ ਭਾਅ ਜੀ ਦੇ ਬਰਾਬਰ ਦੇ ਜਾਂ ਭਾਅ ਜੀ ਤੋਂ ਵੀ ਵੱਡੀ ਲੇਖਣੀ ਵਾਲੇ ਨਾਟਕਕਾਰ ਵੀ ਸਾਡੇ ਕੋਲ ਹੈਗੇ ਨੇ। ਭਾਅ ਜੀ ਤੋਂ ਵੱਡੇ ਨਿਰਦੇਸ਼ਕ ਵੀ ਹੈਗੇ ਨੇ। ਭਾਅ ਜੀ ਤੋਂ ਵੱਡੇ ਐਕਟਰ ਵੀ ਹੈਗੇ ਨੇ। ਫਿਰ ਉਹ ਕਿਹੜੀਆਂ ਗੱਲਾਂ ਸੀ ਜਿਹੜੀਆਂ ਨੇ ਭਾਅ ਜੀ ਨੂੰ ਐਡਾ ਵੱਡਾ ਭਾਅ ਜੀ ਬਣਾਇਐ ਕਿ ਅੱਜ ਸਾਰਾ ਪੰਜਾਬ ਕੁੱਸਾ ਪਿੰਡ ਦੇ ਵਿੱਚ ਇਕੱਠਾ ਹੋਇਐ। ਜੇ ਅਸੀਂ ਉਹ ਮਸ਼ਾਲ ਉਹ ਜਗਦੀ ਰੱਖਣੀ ਐ ਤਾਂ ਸਾਨੂੰ ਉਸ ਵਰਤਾਰੇ ਨੂੰ ਕਿਤੇ ਨਾ ਕਿਤੇ ਸਮਝਣਾ ਪਏਗਾ। ਗੱਲਾਂ ਬਹੁਤ ਵੱਡੀਆਂ ਨਹੀਂ ਪਰ ਭਾਅ ਜੀ ਨੂੰ ਸਮਝਣ ਲਈ। ਜਦੋਂ ਮੈਂ ਭਾਅ ਜੀ ਗੁਰਸ਼ਰਨ ਸਿੰਘ ਨਾਲ ਪਹਿਲਾਂ ਪ੍ਰੋਗਰਾਮ ਕਰਨ ਲਈ ਰਾਏਸਰ ਦੀ ਧਰਤੀ 'ਤੇ ਉੱਤਰਿਆ ਤਾਂ ਉਦੋਂ ਅਸੀਂ ਭਾਅ ਜੀ ਦੇ ਨਾਲ ਬੱਸ ਵਿੱਚ ਆਉਂਦੇ ਹੁੰਦੇ ਸੀ। ਜਦੋਂ ਮੈਂ ਬੱਸ ਤੋਂ ਥੱਲੇ ਪੈਰ ਰੱਖਿਆ ਤਾਂ ਮੇਰਾ ਬੂਟ ਮਿੱਟੀ ਘੱਟੇ ਦੇ ਵਿੱਚ ਅੱਧਾ ਮਿੱਟੀ ਦੇ ਵਿੱਚ ਸਮਾਅ ਗਿਆ। ਤੇ ਐਂ ਨਹੀਂ ਕਿ ਮੈਂ ਮਿੱਟੀ ਘੱਟਾ ਕਦੇ ਦੇਖਿਆ ਨਹੀਂ ਸੀ। ਪਰ ਮੇਰੇ ਮੂੰਹੋਂ ਅਚਾਨਕ ਨਿਕਲਿਆ ਕਿ ਭਾਅ ਜੀ ਅਹਿ ਰਾਹ ਕਿਹੋ ਜਿਹਾ ਐ। ਮਿੱਟੀ ਘੱਟੇ ਨਾਲ ਅੱਟਿਆ ਪਿਐ। ਤੇ ਭਾਅ ਜੀ ਦਾ ਅੱਗੋਂ ਜੁਆਬ ਸੀ, ਐ ਸਾਹਿਬ ਇਹ ਮਿੱਟੀ ਘੱਟਿਆਂ ਵਾਲੇ ਰਾਹ ਨੇ, ਇਸੇ ਕਰਕੇ ਮੈਂ ਨਾਟਕ ਕਰਦੈਂ। ਤਾਂ ਕਿ ਇਹਨਾਂ ਰਾਹਾਂ ਤੋਂ ਮਿੱਟੀ-ਘੱਟੇ ਹੂੰਝ ਕੇ ਇਹ ਰਾਹ ਪੱਕੇ ਕੀਤੇ ਜਾ ਸਕਣ। ਮੈਂ ਇਸ ਕਰਕੇ ਨਾਟਕ ਕਰਦਾ ਆਂ। ਭਾਅ ਜੀ ਗੁਰਸ਼ਰਨ ਸਿੰਘ ਆਪਣੀ ਨਾਟਕ ਟੀਮ ਨੂੰ ਲੈ ਕੇ ਬੰਬੇ ਜਾਂਦੇ ਆ। ਜਿਥੇ ਫਿਲਮ ਨਗਰੀ ਦੇ ਵੱਡੇ ਵੱਡੇ ਕਲਾਕਾਰ ਆ। ਬਲਰਾਜ ਸਾਹਨੀ ਵਰਗਿਆਂ, ਪ੍ਰੀਕਸ਼ਤ ਸਾਹਨੀ ਹੋਰਾਂ ਸਾਨੂੰ ਬੁਲਾਇਆ ਹੋਇਐ। ਉਥੇ ਟੀਮ ਨਾਟਕ ਕਰਨ ਤੋਂ ਪਹਿਲਾਂ ਟੀਮ ਦੇ ਖਾਣ ਲਈ ਇੱਕ ਲਫਾਫੇ ਦੇ ਵਿੱਚ ਸਮੋਸੇ ਆਉਂਦੇ ਆ। ਔਰ ਸਾਡੀ ਇੱਕ ਕਲਕਾਰ ਬੀਬੀ ਜਿਹੜੀ ਲੁਧਿਆਣੇ ਤੋਂ ਸਾਡੇ ਨਾਲ ਗਈ ਹੋਈ ਸੀ, ਉਹ ਵਿਚਾਰੀ ਬੜੀ ਮਾਸੂਮੀਅਤ ਨਾਲ ਇੱਕ ਪਲੇਟ ਮੰਗ ਲੈਂਦੀ ਐ, ਪ੍ਰਬੰਧਕਾਂ ਤੋਂ, ਕਿ ਪਲੀਜ਼ ਸਮੋਸੇ ਖਾਣ ਲਈ ਪਲੇਟਾਂ ਲਿਆ ਦਿਓ। ਭਾਅ ਜੀ ਦਸ ਮਿੰਟ ਲਈ ਉਹਨੂੰ ਐਨੀ ਡਾਂਟ ਮਾਰਦੇ ਆ ਕਿ ਉਹਦੀਆਂ ਅੱਖਾਂ ਵਿੱਚੋਂ ਹੰਝੂ ਆ ਜਾਂਦੇ ਆ। ਦੇਖਣ ਨੂੰ ਐਂ ਲੱਗਦੈ ਕਿ ਉਸ ਵਿਚਾਰੀ ਨੇ ਕੀ ਗਲਤ ਕਰ ਦਿੱਤਾ ਸੀ। ਲੇਕਿਨ ਭਾ ਜੀ ਦਾ ਪੈਮਾਨਾ, ਭਾ ਜੀ ਦਾ ਇਮਤਿਹਾਨ, ਭਾਅ ਜੀ ਦਾ ਕਲਾਕਾਰਾਂ ਨੂੰ ਇੱਕ ਨਿੱਕੇ ਜਿਹੇ ਕੜੇ ਦੇ ਵਿੱਚੋਂ ਹਮੇਸ਼ਾਂ ਲੰਘਾ ਕੇ ਰੱਖਣਾ, ਉਹ ਭਾਅ ਜੀ ਨੂੰ ਸੀ ਕਿ ਮੈਂ ਤੁਹਾਨੂੰ ਰੋਜ਼ ਬੰਬੇ ਨਹੀਂ ਲੈ ਕੇ ਘੁੰਮਣਾ। ਮੈਂ ਤੁਹਾਨੂੰ ਕੁੱਸੇ ਵੀ ਲੈ ਕੇ ਜਾਣਾ, ਮੈਂ ਤੁਹਾਨੂੰ ਤਖਤੂਪੁਰੇ ਵੀ ਲੈ ਕੇ ਜਾਣਾ। ਮੈਂ ਤੁਹਾਨੂੰ ਮਿੱਟੀਆਂ, ਘੱਟਿਆਂ ਵਿੱਚ ਵੀ ਲੈ ਕੇ ਜਾਣਾ। ਜੇ ਪਲੇਟ ਨਹੀਂ ਮਿਲਦੀ ਨਾ ਸਹੀ। ਉਹ ਪਲੇਟ ਨਹੀਂ ਆਣ ਦਿੱਤੀ। ਐਦਾਂ ਈ ਸਮੋਸ਼ੇ ਖਾਓ ਤੇ ਏਦਾਂ ਈ ਭਾਅ ਜੀ ਫਰਸ਼ 'ਤੇ ਬੈਠ ਗਏ ਚੌਂਕੜਾ ਮਾਰ ਕੇ। ਉਥੇ ਈ ਬੈਠ ਕੇ ਸਮੋਸ਼ੇ ਖਾਧੇ। ਉਥੇ ਈ ਬੈਠ ਕੇ ਸਾਰਿਆਂ ਨੇ ਖਾਧੇ। ਅੱਖਾਂ 'ਚੋਂ ਹੰਝੂ ਆਈ ਜਾ ਰਹੇ ਸੀ। ਗੁੱਸਾ ਚੜ• ਰਿਹਾ ਸੀ ਭਾਅ ਜੀ ਨੇ ਸਾਡੇ ਨਾਲ ਐਦਾਂ ਕਿਉਂ ਕੀਤਾ। ਪਰ ਗੱਲਾਂ ਬਾਅਦ ਵਿੱਚ ਸਮਝ ਆਈਆਂ। ਇੱਕ ਪਿੰਡ ਦੇ ਵਿੱਚ ਨਾਟਕ ਕਰਨ ਗਏ ਆਂ। ਪਹੁੰਚੇ ਆਂ, ਰਸਤੇ ਵਿੱਚ ਕੁਝ ਖਾ ਲਿਆ ਸੀ, ਇੱਕ ਕਲਾਕਾਰ ਨੇ ਕਿਹਾ ਰੋਟੀ ਠਹਿਰ ਕੇ ਖਾਵਾਂਗੇ। ਭਾਅ ਜੀ ਨੇ ਉਹਦੀ ਕਲਾਸ ਲਾ ਦਿੱਤੀ। ਕਹਿੰਦੇ ਤੂੰ ਰੋਟੀ ਠਹਿਰ ਕੇ ਖਾਏਂਗਾ, ਤੇ ਘਰ ਜਿਹੜੀਆਂ ਬੀਬੀਆਂ ਪ੍ਰਸ਼ਾਦੇ ਬਣਾ ਰਹੀਆਂ ਇਹ ਇੱਕ ਘੰਟੇ ਤੱਕ ਇਸ ਕਰਕੇ ਲਟਕੀਆਂ ਰਹਿਣਗੀਆਂ ਕਿ ਤੂੰ ਨਵਾਬ ਨੇ ਹਾਲੇ ਰੋਟੀ ਨੀ ਖਾਣੀ। ਮੈਂ ਨਾਟਕ ਇਹਨਾਂ ਬੀਬੀਆਂ ਲਈ ਕਰਨ ਆਇਆਂ। ਇਹ ਬੰਦਿਆਂ ਕੋਲ ਤਾਂ ਮਨੋਰੰਜਨ ਦੇ ਹੋਰ ਵੀ ਬੜੇ ਸਾਧਨ ਨੇ। ਇਹਨਾਂ ਨੇ ਇਨਕਲਾਬੀ ਸੰਦੇਸ਼ ਲੈਣ ਲਈ ਦੂਜੇ ਪਿੰਡ ਵੀ ਚਲੇ ਜਾਣੈ। ਇਹਨਾਂ ਬੀਬੀਆਂ ਨੇ ਆਪਣੇ ਪਿੰਡ 'ਚ ਈ ਦੇਖਣੈ। ਇਹਨਾਂ ਬੀਬੀਆਂ ਨੂੰ ਵਿਹਲੀਆਂ ਕਰੋ ਫਟਾਫਟ ਜਿੰਨੀ ਭੁੱਖ ਐ ਓਨੀ ਖਾ ਲਓ ਨਹੀਂ ਤਾਂ ਰਹਿਣ ਦਿਓ। ਇਹ ਗੱਲਾਂ ਸੁਣਨ ਨੂੰ, ਦੇਖਣ ਨੂੰ, ਸੁਣਨ ਨੂੰ ਕੁਝ ਵੀ ਨਹੀਂ ਲੱਗਦੀਆਂ। ਨਾ ਸਾਹਿਤਕ ਨਾ ਕਲਾਕਾਰੀ ਵਾਲੀਆਂ। ਇਹ ਬਿਲਕੁੱਲ ਉਸ ਤਰ•ਾਂ ਦੀਆਂ ਗੱਲਾਂ ਜਿਵੇਂ ਨਾਟਕ ਦੇ ਵਿੱਚ ਕੋਈ ਕਲਾਕਾਰ ਜਦੋਂ ਹੱਥ-ਪੈਰਾਂ ਦੀਆਂ ਮੁਦਰਾਵਾਂ ਬਣਾ ਬਣਾ ਕੇ ਪੂਰੇ ਚੇਹਰੇ ਦੇ ਐਕਸਪ੍ਰੈਸ਼ਨ ਦੇ ਕੇ ਅਦਾਕਾਰੀ ਕਰਦਾ ਹੋਵੇ, ਤਾਂ ਅਸੀਂ ਕਹਿੰਦੇ ਹਾਂ ਕਿ ਇਹ ਐਕਟਿੰਗ ਕਰ ਰਿਹੈ। ਤੇ ਜਿਹੜਾ ਬਹੁਤ ਸੁਭਾਵਿਕ ਅਦਾਕਾਰੀ ਕਰ ਰਿਹਾ ਹੋਵੇ, ਬੜੀ ਸਹਿਜ ਐਕਟਿੰਗ ਕਰ ਰਿਹਾ ਹੋਵੇ ਬਿਲਕੁੱਲ ਓਦਾਂ, ਜਿਵੇਂ ਤੁਸੀਂ, ਇਹ ਲੱਗਦੈ ਇਹ ਐਕਟਿੰਗ ਥੋੜ•ੀ ਕਰ ਰਿਹੈ, ਅਸਲ 'ਚ ਐਕਟਿੰਗ ਓਹੀ ਕਰਦਾ ਹੁੰਦੈ। ਜੋ ਸੁਭਾਵਿਕ ਹੋ ਕੇ ਕਰ ਰਿਹਾ ਹੁੰਦੈ। ਇਹ ਭਾਅ ਜੀ ਦੀਆਂ ਗੱਲਾਂ ਛੋਟੀਆਂ ਨਹੀਂ ਸੀ। ਕਲਾਕਾਰਾਂ 'ਚ ਅੱਜ ਤੱਕ ਇਹ ਰਿਹਾ ਕਿ ਕੋਈ ਕਲਾਕਾਰ ਵੱਡਾ ਤਾਂ ਬਣੇਗਾ ਜੇ ਲੋਕਾਂ ਤੋਂ ਇੱਕ ਡਿਸਟੈਂਸ ਬਣਾ ਕੇ ਰੱਖੇ। ਜੇ ਲੋਕੀ ਚਾਹ ਪੀਣਗੇ ਤਾਂ ਉਹ ਦੁੱਧ ਮੰਗੇਗਾ। ਜੇ ਲੋਕ ਨਿੰਬੂ ਪਾਣੀ ਪੀਣਗੇ ਤਾਂ ਉਹ ਕੋਲਡ ਡਰਿੰਕ ਮੰਗੇਗਾ। ਲੇਕਿਨ ਭਾਅ ਜੀ ਨੇ ਇਸ ਵਰਤਾਰੇ ਨੂੰ ਉਲਟਾਅ ਕੇ ਰੱਖ ਦਿੱਤੈ। ਭਾਅ ਜੀ ਨੇ ਲੋਕਾਂ ਅਤੇ ਕਲਾਕਾਰਾਂ ਵਿਚਲਾ ਜਿਹੜਾ ਖੱਪਾ ਸੀ, ਉਹਨੂੰ ਬਿਲਕੁੱਲ ਭਰ ਦਿੱਤੈ। ਸਾਡੀਆਂ ਜੱਫੀਆਂ ਪੁਆ ਦਿੱਤੀਆਂ ਲੋਕਾਂ ਦੇ ਨਾਲ। ਸਾਨੂੰ ਲੋਕਾਂ ਦੇ ਘਰਾਂ 'ਚ ਲੈ ਗਏ। ਅੱਜ ਭਾਅ ਜੀ ਕਰਕੇ, ਪੰਜਾਬ ਦਾ ਕੋਈ ਪਿੰਡ ਨਹੀਂ ਏਹੋ ਜਿਹਾ, ਪੰਜਾਬ ਦਾ ਕੋਈ ਕਸਬਾ ਨਹੀਂ ਹੈ, ਜਿਥੇ ਜਾ ਕੇ ਸਾਹਿਬ ਸਿੰਘ ਜਾਂ ਕੇਵਲ ਧਾਲੀਵਾਲ ਨੂੰ, ਪੰਜਾਬ ਦੇ ਕਿਸੇ ਕਲਾਕਾਰ ਨੂੰ ਇਹ ਸਮੱਸਿਆ ਆਵੇ ਕਿ ਮੈਂ ਰਹਿਣਾ ਕਿੱਥੇ ਐ? ਮੈਂ ਰਾਤ ਕਿਸੇ ਘਰ ਵਿੱਚ ਜਾ ਸਕਦਾਂ? ਇਹ ਭਾਅ ਜੀ ਗੁਰਸ਼ਰਨ ਸਿੰਘ ਦੀ ਹੀ ਦ੍ਰਿੜ•ਤਾ ਐ, ਜੋ ਗੁਰਸ਼ਰਨ ਸਿੰਘ ਨੇ ਸਾਨੂੰ ਬਣਾਇਐ। ਸਾਨੂੰ ਏਦਾਂ ਦੇ ਕਲਾਕਾਰ ਬਣਾਇਐ, ਕਿ ਲੋਕਾਂ 'ਚ ਵਿਚਰਨਾ ਤੇ ਲੋਕਾਂ ਵਰਗੇ ਬਣਕੇ ਦੇਖੋ ਤਾਂ ਉਹ ਭਾਅ ਜੀ ਗੁਰਸ਼ਰਨ ਸਿੰਘ ਦੀ ਵਿਸ਼ੇਸ਼ਤਾ ਸੀ। ਭਾਅ ਜੀ ਗੁਰਸ਼ਰਨ ਸਿੰਘ ਨੂੰ ਇਹ ਨਹੀਂ ਕਿ ਤਕਨੀਕਾਂ ਨਹੀਂ ਸੀ ਆਉਂਦੀਆਂ। ਭਾਅ ਜੀ ਗੁਰਸ਼ਰਨ ਸਿੰਘ ਇਹ ਨਹੀਂ ਕਿ ਨਾਟਕ ਦੀਆਂ ਤਕਨੀਕਾਂ ਨਹੀਂ ਸੀ ਆਉਂਦੀਆਂ। ਇਹ ਨਹੀਂ ਕਿ ਉਹਨੂੰ ਸਟੇਜ ਸੈਟਿੰਗ ਨਹੀਂ ਸੀ ਆਉਂਦੀ। ਨਾ ਹੀ ਉਹ ਸਟੇਜ ਸੈਟਿੰਗ ਦੇ ਖਿਲਾਫ ਸੀ। ਉਹ ਕਦੇ ਕਿਹਾ ਕਰਦੇ ਸੀ ਕਿ ਇੱਕ ਪਾਸੇ ਡਾ. ਆਤਮਜੀਤ ਦਾ ਥੀਏਟਰ ਮੈਂ ਉਹਨੂੰ ਪ੍ਰਣਾਮ ਕਰਦਾ ਹਾਂ, ਦੂਜੇ ਪਾਸੇ ਮੇਰਾ ਥੀਏਟਰ ਐ, ਮੇਰਾ ਥੀਏਟਰ ਤਕਨੀਕ ਦਾ ਬਹੁਤ ਬੋਝ ਨਹੀਂ ਝੱਲ ਸਕਦਾ। ਮੈਂ ਪਿੰਡਾਂ 'ਚ ਜਾਣੈ। ਮੈਂ ਏਦਾਂ ਈ ਜਾਣੈ। ਮੈਂ ਰੜੇ ਮੈਦਾਨ ਜਾਣੈ। ਕਦੇ ਉਹਨੂੰ ਥੜ•ਾ ਥੀਏਟਰ ਦਾ ਨਾਮ ਦਿੰਦੇ ਨੇ, ਕਦੇ ਕੁਛ ਵੀ ਨਾਮ ਦਿੰਦੇ। ਲੇਕਿਨ ਉਹ ਲੋਕਾਂ ਦਾ ਥੀਏਟਰ ਐ। ਅੱਜ ਜਦੋਂ ਇਸ ਸਟੇਜ 'ਤੇ ਖੜ•ੇ ਆਂ ਤਾਂ ਸਾਡਾ ਇਹ ਫਰਜ਼ ਬਣਦੈ ਕਿ ਅਸੀਂ ਉਹਨਾਂ ਸਾਰੀਆਂ ਗੱਲਾਂ ਦਾ ਅਨੈਲੇਸਿਸ ਕਰੀਏ। ਔਰ ਉਹਨਾਂ ਸਾਰੀਆਂ ਗੱਲਾਂ ਦਾ ਅਨੈਲੇਸਿਸ ਕਰਦਿਆਂ ਕਿ ਭਾਅ ਜੀ ਲੋਕਾਂ ਦਾ ਨਾਟਕਕਾਰ ਐ। ਮੈਨੂੰ ਉਹ ਪਲ ਵੀ ਯਾਦ ਐ, ਜਦੋਂ ਇੰਗਲੈਂਡ ਦੀ ਐਂਬੈਸੀ ਦੇ ਵਿੱਚ 1995 ਦੇ ਵਿੱਚ ਅਸੀਂ ਵੀਜ਼ਾ ਲੈਣ ਗਏ। ਇੰਗਲੈਂਡ ਵਾਸਤੇ। ਵੀਜ਼ਾ ਕੌਂਸਲਰ ਸੀ ਜਿਹੜਾ, ਉਸ ਨੇ ਵੀਜ਼ਾ ਦੇਣ ਤੋਂ ਮਨ•ਾਂ ਕਰ ਦਿਤਾ। ਅਸੀਂ ਬਾਹਰ ਆ ਗਏ ਆਂ। ਬਾਹਰ ਆ ਕੇ ਭਾਅ ਜੀ ਸਿਰਫ ਆਪਣੇ ਇੱਕ ਰਿਸ਼ਤੇਦਾਰ ਨੂੰ ਦੱਸਿਆ ਕਿ ਇੰਗਲੈਂਡ ਦੀ ਐਂਬੈਸੀ ਨੇ ਸਾਨੂੰ ਵੀਜ਼ਾ ਨਹੀਂ ਦਿੱਤਾ। ਉਹਨੇ ਪਤਾ ਨੀਂ ਕੀ ਫੋਨ ਕੀਤਾ। ਸਵੇਰੇ, ਜਦੋਂ ਅਸੀਂ, ਉਹਨਾਂ ਕਿਹਾ ਐਂਬੇਸੀ 'ਚੋਂ ਵਾਪਸ ਜਾਓ। ਸਵੇਰੇ 9 ਵਜੇ ਜਾਓ। ਜਦੋਂ ਅਸੀਂ 9 ਵਜੇ ਗੇਟ 'ਤੇ ਪਹੁੰਚੇ ਤਾਂ ਐਂਬੇਸੀ ਦੇ ਸਾਰੇ ਅਫਸਰ ਲੱਭਦੇ ਫਿਰਨ ਭਾਅ ਜੀ ਗੁਰਸ਼ਰਨ ਸਿੰਘ ਕਿਥੇ ਨੇ? ਸਾਨੂੰ ਫੋਨ ਆਇਐ ਕਿ ''ਯੂ ਆਰ ਰਿਫਿਊਜ਼ਿੰਗ ਵੀਜ਼ਾ ਟੂ ਦਾ ਸੈਕਸ਼ਪੀਅਰ ਆਫ ਪੰਜਾਬ।'' ਤੁਸੀਂ ਪੰਜਾਬ ਦੇ, ਹਿੰਦੋਸਤਾਨ ਦੇ ਸੈਕਸ਼ਪੀਅਰ ਨੂੰ ਵੀਜ਼ਾ ਰਿਫਿਊਜ਼ ਕਰ ਰਹੇ ਹੋ? ਸੋ ਦੋ ਗੱਲਾਂ ਨਾਲ ਨਾਲ ਚੱਲ ਰਹੀਆਂ। ਇੱਕ ਪਾਸੇ ਭਾਅ ਜੀ ਐਡਾ ਵੱਡਾ ਨਾਟਕਕਾਰ ਕਿ ਸੈਕਸ਼ਪੀਅਰ ਨਾਲ ਉਹਦੀ ਤੁਲਨਾ ਹੋ ਰਹੀ ਐ ਤੇ ਦੂਜੇ ਪਾਸੇ ਭਾਅ ਜੀ ਇਸ ਤਰ•ਾਂ ਜ਼ਮੀਨ ਨਾਲ ਜੁੜਿਆ ਹੋਇਆ ਕਿ ਆਹ ਜਿੰਨੇ ਬੈਠੇ ਨੇ ਸਾਰੇ ਕਹਿੰਦੇ ਨੇ ਕਿ ਭਾਅ ਜੀ ਸਾਡਾ ਐ। ਇਹਨਾਂ ਨੂੰ ਕਿਤੇ ਉਹ ਸੈਕਸ਼ਪੀਅਰ ਵਾਲੀ ਜਾਂ ਵੱਡੇ ਕਲਾਕਾਰ ਵਾਲੀ ਕੋਈ ਬੋ ਨਹੀਂ ਆਉਂਦੀ। ਕੋਈ ਹੰਕਾਰ, ਘੁਮੰਡ ਨਹੀਂ ਆਉਂਦਾ। ਇਸ ਕਰਕੇ ਜਦ ਦਾ ਮੈਂ ਐਥੇ ਬੈਠਾਂ, ਮੈਨੂੰ ਪਤੈ ਇਸ ਗੱਲ ਦਾ, ਮੈਨੂੰ ਅਹਿਸਾਸ ਐ ਕਿ ਗੁਰਸ਼ਰਨ ਸਿੰਘ ਭਾਅ ਜੀ ਸਾਡੇ 'ਚ ਨਹੀਂ। ਮੈਨੂੰ ਇਸ ਗੱਲ ਦਾ ਵੀ ਅਹਿਸਾਸ ਐ ਕਿ ਸਾਡੀ ਇਸ ਸੰਗਤ ਦੇ ਸਾਹਮਣੇ ਭਾਅ ਜੀ ਨੇ ਬੁਲੰਦ ਆਵਾਜ਼ ਵਿੱਚ ਨਹੀਂ ਕਹਿਣਾ ਕਿ ਮੇਰੇ ਲੋਗੋ ਸਿਆਣੇ ਬਣਨ ਦੀ ਲੋੜ ਸਿਆਣੇ ਬਣੋ, ਸਿਆਣੇ ਬਣੋ। ਮੈਨੂੰ ਪਤੈ ਇਹ ਆਵਾਜ਼ ਮੁੜ ਕੇ ਨਹੀਂ ਗੂੰਜਣੀ। ਜਿਹੜੀ ਗ਼ਦਰੀ ਬਾਬਿਆਂ ਦੇ ਮੇਲਿਆਂ 'ਚ ਕਦੇ ਗੂੰਜਦੀ ਹੁੰਦੀ ਸੀ। ਪਿੰਡਾਂ ਦੇ ਇਕੱਠਾਂ 'ਚ ਗੂੰਜਦੀ ਹੁੰਦੀ ਸੀ ਪਰ ਅਸੀਂ ਜਿਵੇਂ ਸੂਰਜ ਦੇ ਛੁਪਣ ਤੋਂ ਬਾਅਦ ਕਿਸੇ ਨੇ ਪੁੱਛਿਆ ਸੀ ਕਿ ਹੁਣ ਰੌਸ਼ਨੀ ਕੌਣ ਕਰੇਗਾ? ਤੇ ਦੀਵੇ ਦੀ ਲੋਅ ਨੇ ਕਿਹਾ ਅਸੀਂ ਕੋਸ਼ਿਸ਼ ਕਰਾਂਗੇ। ਅਸੀਂ ਕੋਸ਼ਿਸ਼ ਕਰਾਂਗੇ ਦੋਸਤੋ। ਅਸੀਂ ਕੋਸ਼ਿਸ਼ ਕਰਾਂਗੇ। ਸਾਡੀ ਜਿੰਨੀ ਕੁ ਸਮਰੱਥਾ ਹੋਈ ਅਸੀਂ ਕੋਸ਼ਿਸ਼ ਕਰਾਂਗੇ। ਅਸੀਂ ਦਹਿਕਦੇ ਅੰਗਿਆਰਾਂ 'ਤੇ ਚੱਲਣ ਨੂੰ ਤਿਆਰ ਆਂ। ਅਸੀਂ ਪਿੰਡ ਪਿੰਡ, ਗਲੀ ਗਲੀ, ਵਿਹੜਿਆਂ 'ਚ ਜਾਣ ਨੂੰ ਤਿਆਰ ਹਾਂ। ਤੇ ਅਸੀਂ ਜਾ ਰਹੇ ਆਂ। ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡੀ ਪ੍ਰਾਪਤੀ ਵਾਲਾ ਦਿਨ ਅੱਜ 6 ਅਕਤੂਬਰ ਦਾ ਦਿਨ ਜਦ ਲੰਬੀ ਪਿੰਡ ਦੇ ਵਿੱਚ ਨਾਟਕ ਕਰਨ ਗਿਆਂ। ਤੇ ਸਟੇਜ ਤੋਂ ਮੈਨੂੰ ਇਹ ਇੰਟਰੋਡਿਊਸ ਕੀਤਾ ਗਿਆ ਕਿ ਭਾਅ ਜੀ ਗੁਰਸ਼ਰਨ ਸਿੰਘ ਦਾ ਪੁੱਤਰ ਨਾਟਕ ਕਰਨ ਜਾ ਰਿਹੈ। ਮੈਂ ਪਤਾ ਨਹੀਂ ਜ਼ਿੰਦਗੀ 'ਚ ਮੈਂ ਪਤਾ ਨਹੀਂ ਕਿਥੇ ਕਿਥੇ ਸਨਮਾਨ ਹਾਸਲ ਕੀਤੇ ਹੋਣਗੇ ਉਸ ਵੱਡੇ ਪਰਿਵਾਰ ਦਾ ਇੱਕ ਬੱਚਾ ਤੁਹਾਡੇ ਕੋਲ ਨਾਟਕ ਕਰਨ ਆ ਰਿਹਾ। ਹੋਰ ਮੈਨੂੰ ਕੀ ਚਾਹੀਦੈ? ਜਾਂ ਹੋਰ ਸਾਨੂੰ, ਭਾਅ ਜੀ ਦੇ ਕਲਾਕਾਰਾਂ ਨੂੰ ਕਿਹੜਾ ਤਮਗਾ ਚਾਹੀਦੈ? ਜੇ ਲੋਕਾਂ ਕੋਲੋਂ ਸਾਨੂੰ ਤਮਗ਼ਾ ਮਿਲਿਐ ਤੁਸੀਂ ਸਾਡਾ ਤਮਗਾ ਓ। ਪਰ ਭਾਅ ਜੀ ਗੁਰਸ਼ਰਨ ਸਿੰਘ ਨੇ ਸਾਨੂੰ ਤੁਹਾਡੇ ਲੜ ਲਾਇਐ। ਅਸੀਂ ਵਾਅਦਾ ਕਰਦੇ ਆਂ ਪੰਜਾਬ ਦੇ ਸਾਰੇ ਰੰਗਕਰਮੀ ਕਿ ਅਸੀਂ ਉਸ ਮਸ਼ਾਲ ਨੂੰ ਜਗਦੀ ਰਖਾਂਗੇ ਔਰ ਇਹ ਗੱਲ ਕੋਈ ਝੂਠੀ ਨਹੀਂ। ਇਹ ਗੱਲ ਸਿਰਫ 27 ਸਤੰਬਰ ਜਾਂ 28 ਸਤੰਬਰ ਦੇ ਜਜ਼ਬਾਤ 'ਚੋਂ ਨਿਕਲੀ ਹੋਈ ਨਹੀਂ ਐ। ਅੱਜ ਪੰਦਰਾਂ ਦਿਨਾਂ ਬਾਅਦ ਵੀ ਮੇਰੇ ਅੰਦਰੋਂ ਉਹੀ ਗੱਲ ਗੂੰਜਦੀ ਐ, ਗੂੰਜਦੀ ਐ, ਕਿ ਭਾਅ ਜੀ ਗੁਰਸ਼ਰਨ ਸਿੰਘ ਕਿਤੇ ਨਹੀਂ ਗਏ, ਭਾਅ ਜੀ ਸਾਡੇ ਦਿਲਾਂ 'ਚ ਨੇ। ਭਾਅ ਜੀ ਗੁਰਸ਼ਰਨ ਸਿੰਘ ਕਿਤੇ ਨਹੀਂ ਗਏ, ਭਾਅ ਜੀ ਸਾਡੇ ਦਿਲਾਂ 'ਚ ਨੇ। ਅਸੀਂ ਆਪਣੇ ਦਿਲਾਂ ਅੰਦਰਲੇ ਭਾਅ ਜੀ ਨੂੰ ਜਿਉਂਦਾ ਰੱਖਾਂਗੇ ਤਾਂ ਹੀ ਅਸੀਂ ਜਿਉਂਦੇ ਰਹਿ ਸਕਾਂਗੇ। ਤੇ ਅਸੀਂ ਜਿਉਂਦੇ ਰਹਿਣੈ। ਕਿਉਂਕਿ ਭਾਅ ਜੀ ਨੇ ਸਾਨੂੰ ਇਹ ਅਸ਼ੀਰਵਾਦ ਦਿਤੈ। ਤੇ ਅਸੀਂ ਜਿਉਂਦੇ ਆਂ। ਧੰਨਵਾਦ।

ਗੁਰਸ਼ਰਨ ਸਿੰਘ ਨੇ ਸਾਡੇ ਰਾਹਾਂ 'ਚੋਂ ਕੰਡੇ ਚੁਗੇ

-ਝੰਡਾ ਸਿੰਘ ਜੇਠੂਕੇ

ਗੁਰਸ਼ਰਨ ਭਾਅ ਜੀ, ਉਸ ਮਹਾਨ ਸਖਸ਼ੀਅਤ ਨੂੰ, ਸ਼ਰਧਾ ਦੇ ਫੁੱਲ ਭੇਟ ਕਰਨ ਆਏ ਨੌਜੁਆਨੋ ਕਿਸਾਨੋਂ ਮਜ਼ਦੂਰੋ ਤੇ ਸਾਡੀਆਂ ਮਾਵਾਂ ਭੈਣੋ, ਬੱਚਿਓ। ਉਹ ਗੁਰਸ਼ਰਨ ਭਾਅ ਜੀ ਇੱਕ ਖਾਂਦੇ-ਪੀਂਦੇ ਪਰਿਵਾਰ ਵਿੱਚ ਜਨਮੇ। ਬਹੁਤ ਉੱਚ ਵਿਦਿਆ ਹਾਸਲ ਕੀਤੀ। ਤੇ ਜੇ ਉਹ ਚਾਹੁੰਦੇ ਇਹਨਾਂ ਹਾਕਮਾਂ ਦੇ ਨਾਲ ਰਲ ਕੇ ਬਹੁਤ ਵੱਡੇ ਉੱਚ ਅਹੁਦਿਆਂ 'ਤੇ ਪਹੁੰਚ ਸਕਦੇ ਸੀ, ਪਰ ਉਹਨਾਂ ਨੂੰ ਉਹ ਰਸਤਾ ਇਸ ਧਰਤੀ 'ਤੇ ਸਵਰਗ ਲਿਆਉਣ ਦਾ ਰਸਤਾ ਨਹੀਂ ਸੀ ਦੀਂਹਦਾ। ਉਹਨਾਂ ਨੇ ਆਪਣਾ ਰਸਤਾ ਆਹ ਕਿਰਤ ਕਰਨ ਵਾਲੇ ਲੋਕਾਂ ਦੇ ਲਈ ਉਸ ਰਸਤੇ ਦੀ ਚੋਣ ਕੀਤੀ ਤੇ ਸਾਰੀ ਉਮਰ ਇਸ ਗੱਲ ਲਈ ਲੱਗੇ ਰਹੇ ਤੇ ਜਦੋਂ ਉਹ ਸਾਡੇ ਪਿੰਡਾਂ ਵਿੱਚ ਆ ਕੇ ਸੱਥਾਂ 'ਚ ਆ ਕੇ ਇਹਨਾਂ ਲੋਕਾਂ ਦੀ ਗੱਲ ਕਰਦੇ ਸੀ ਤਾਂ ਮੌਕੇ ਦੇ ਹਾਕਮਾਂ ਨੂੰ ਇਸ ਗੱਲ ਦਾ ਬਹੁਤ ਦੁੱਖ ਹੁੰਦਾ ਸੀ, ਚੋਭ ਲੱਗਦੀ ਸੀ ਜੀਹਦੇ ਕਰਕੇ ਉਹਨਾਂ ਨੇ ਗੁਰਸ਼ਰਨ ਸਿੰਘ ਨੂੰ ਆਵਦੇ ਰਾਹ ਤੋਂ ਹਿਲਾਉਣ ਲਈ ਬਹੁਤ ਸਾਰੀਆਂ ਪਰਖਾਂ ਕੀਤੀਆਂ ਉਹਨਾਂ ਨੇ ਨਾਟਕ ਕੀਤਾ 9 ਸਤੰਬਰ ਨੂੰ, ਤੇ 11 ਸਤੰਬਰ ਨੂੰ ਉਹਨਾਂ ਨੂੰ ਨੌਕਰੀ ਤੋਂ ਡਿਸਮਿਸ ਦੇ ਆਡਰ ਮਿਲੇ। ਨਾਟਕ ਕੀਤਾ ਜੰਮੂ ਦੀ ਯੂਨੀਵਰਸਿਟੀ ਦੇ ਵਿੱਚ ਜਿਥੇ ''ਕਿਵ ਕੂੜੇ ਤੁਟੇ ਪਾਲਿ'' ਇਹ ਜ਼ੁਲਮ ਦੀ ਕੰਧ ਕਿੱਦਾਂ ਟੁੱਟੇ, ਇਹ ਨਾਟਕ ਕੀਤਾ। ਤਾਂ ਸਕੂਲੋਂ ਮੁੜਦੇ ਜਦੋਂ ਬੱਚਿਆਂ ਨੂੰ ਲੈ ਕੇ ਆਏ ਤਾਂ ਠਾਣੇ ਭੇਜ ਕੇ ਜੇਲ• ਭੇਜੇ। ਤੇ ਬੱਚਿਆਂ ਨੂੰ ਵੀ ਪੁਲਸ ਵਾਲੇ ਘਰੇ ਛੱਡ ਕੇ ਆਏ ਆ। ਇਹ ਗੱਲ ਗੁਰਸ਼ਰਨ ਭਾਅ ਜੀ ਦੇ ਮਨ 'ਚ ਕਦੋਂ ਬੈਠੀ। ਚਾਹੇ ਉਹਦੇ ਨਾਲ ਪੜ•ਦੇ ਸਾਥੀ ਦੀ ਗੱਲ ਐ, ਤੇ ਜਦੋਂ ਭਾਖੜਾ ਡੈਮ ਬਣਾਇਆ ਜਾ ਰਿਹਾ ਸੀ, ਦਰਿਆਵਾਂ ਦਾ ਮੂੰਹ ਮੋੜਨ ਦੀ ਗੱਲ ਸੀ। ਉਦੋਂ ਭਾਅ ਜੀ ਨੂੰ ਲੱਗਿਆ ਕਿ ਜੇ ਦਰਿਆਵਾਂ ਦੇ ਮੂੰਹ ਮੋੜੇ ਜਾ ਸਕਦੇ ਆ। ਆਹ ਲੋਕਾਂ ਦੀ ਜਿਹੜੀ ਐਨੀ ਦੁੱਭਰ ਜਿੰਦਗੀ ਐ, ਇਹ ਲੋਕਾਂ ਦੀ ਜ਼ਿੰਦਗੀ ਦਾ, ਖੁਸ਼ਹਾਲ ਜਿੰਦਗੀ ਬਣਾਉਣ ਦਾ ਰਸਤਾ ਵੀ ਲੋਕ ਲਿਆ ਸਕਦੇ ਆ। ਜਿਸ ਮੌਕੇ ਪੰਡਤ ਜਵਾਹਰ ਲਾਲ ਨਹਿਰੂ ਤੇ ਰੂਸ ਦੇ ਆਗੂ ਉਥੇ ਸੱਦੇ ਹੋਏ ਸੀ, ਤੇ ਜਦੋਂ ਭਾਅ ਜੀ ਨੇ ਇਹ ਗੱਲ ਰੱਖੀ ਕਿ ਮਜ਼ਦੂਰਾਂ ਨੂੰ ਵੀ ਇਹ ਨਾਟਕ ਦਿਖਾਏ ਜਾਣ ਤਾਂ ਇਸ ਗੱਲ ਨੂੰ ਪ੍ਰਵਾਨ ਨਹੀਂ ਕੀਤਾ। ਪਰ ਭਾਅ ਜੀ ਨੇ ਅਗਲੇ ਦਿਨ ਸਾਰੇ ਜਿਹੜੇ ਆਪਣੇ ਰੰਗਕਰਮੀ ਸੀ, ਆਪਣੇ ਸਾਥੀ ਸੀ, ਉਹਨਾਂ ਨੂੰ ਅਪੀਲ ਕੀਤੀ ਬੇਨਤੀ ਕੀਤੀ ਕਿ ਜਿਹੜੇ ਐਡਾ ਵੱਡਾ ਭਾਖੜਾ ਡੈਮ ਮਜ਼ਦੂਰ ਉਸਾਰ ਰਹੇ ਆ ਕਿ ਉਹਨਾਂ ਦੇ ਲਈ ਇੱਕ ਦਿਨ ਰੁਕੋ। ਤੇ ਉਹਨਾਂ ਦੀ ਅਪੀਲ 'ਤੇ ਇੱਕ ਦਿਨ ਰੁਕੇ। ਤੇ ਅਗਲੇ ਦਿਨ ਉਹ ਨਾਟਕ ਹੋਏ। ਬਹੁਤ ਵੱਡੀ ਭਾਰੀ ਗਿਣਤੀ ਤੇ ਜਿਵੇਂ ਹੁਣ ਝੋਲੀ ਲਈ ਸਾਡੇ ਵਰਕਰ, ਆਗੂ ਜਾਂ ਸਾਡੀਆਂ ਬੱਚੀਆਂ ਫਿਰ ਰਹੀਆਂ, ਐਂ ਮਜ਼ਦੂਰਾਂ 'ਚ ਝੋਲੀ ਅੱਡੀ ਤਾਂ ਭਾਅ ਜੀ ਨੇ ਉਸ ਮੌਕੇ 1117 ਰੁਪਏ ਉਹਨਾਂ ਮਜ਼ਦੂਰਾਂ ਨੇ ਉਹਨਾਂ ਦੀ ਝੋਲੀ ਪਾਏ। ਉਸ ਮੌਕੇ ਦੇ ਉਹ 1117 ਰੁਪਏ ਅੱਜ ਦੇ ਲੱਖਾਂ ਕੰਮ ਕਰਦੇ ਐ। ਯਾਨੀ ਦੀ ਉਹਨਾਂ ਦੀ, ਯਾਨੀ ਦੀ ਹਾਕਮਾਂ ਦੀ, ਕਿ ਡਰਾਮੇ ਕਲਾ ਮਜ਼ਦੂਰਾਂ ਨੂੰ ਕੀ ਪਤਾ ਉਹਨਾਂ ਦੇ ਲਈ ਹੁੰਦੈ, ਮਨੋਰੰਜਨ ਦਾ ਸਾਧਨ ਹੁੰਦੈ। ਤੇ ਉਸੇ ਕਲਾ ਨੂੰ ਸਾਡੇ ਉਹ ਭਾਅ ਜੀ ਨੇ ਹਥਿਆਰ ਦੇ ਤੌਰ 'ਤੇ ਵਰਤਿਆ, ਸਥਾਪਿਤ ਕੀਤੈ। ਇਹ ਸਮਾਜ ਦੀ ਬਰਾਬਰਤਾ ਲਈ ਵੀ ਇਹ ਰੰਗਮੰਚ ਇਹ ਡਰਾਮੇ, ਇਹ ਗੀਤ ਉਹਨਾਂ ਦੇ ਹਥਿਆਰ ਦੇ ਤੌਰ 'ਤੇ ਕੰਮ ਕਰਦੇ ਆ। ਤੇ ਸਾਰੀ ਉਮਰ ਉਹਨਾਂ ਨੇ ਲਾਈ। ਅਸੀਂ ਜਿਹੜੇ ਜਥੇਬੰਦੀਆਂ ਬਣਾ ਰਹੇ ਆਂ, ਉਹਨਾਂ ਦੇ ਆਗੂ ਆਂ। ਅਸੀਂ ਲੱਗੇ ਆਂ ਇਸ ਕੰਮ ਦੇ ਲਈ ਕਿ ਸਮਾਜ ਵਿੱਚ ਬਰਾਬਰੀ ਆਵੇ। ਲੁੱਟ ਖਤਮ ਹੋਵੇ। ਪਰ ਸਾਡੀ ਪਹੁੰਚ ਉਹ ਬਹੁਤ ਥੋੜ•ੇ ਹਿੱਸੇ ਤੱਕਰ ਜਾਂਦੀ ਐ, ਇੱਕ ਚੇਤਨ ਹਿੱਸੇ ਤੱਕਰ ਜਾਂਦੀ ਐ। ਪਰ ਜਿਹੜੇ ਉਹ ਧੁਰ ਥੱਲੇ ਤੱਕਰ ਬੈਠੇ ਆ ਸਾਡੇ ਸਮਾਜ ਦਾ ਅੱਧ ਸਾਡੀਆਂ ਮਾਵਾਂ-ਭੈਣਾਂ, ਜਿਹਨਾਂ ਨੂੰ ਕੋਈ ਮੌਕਾ ਨਹੀਂ ਕਿ ਉਹ ਸਮਾਜ ਦੀ ਬਰਾਬਰੀ ਦੇ ਵਿੱਚ ਹਿੱਸਾ ਲੈਣ ਆਉਣ, ਉਹਨਾਂ ਨੂੰ ਚਾਰ ਦੀਵਾਰੀ 'ਚ ਬੰਦ ਕੀਤਾ ਜਾਂਦੈ। ਗੁੱਤ ਪਿੱਛੇ ਮੱਤ ਕਿਹਾ ਜਾਂਦੈ। ਤੇ ਵਹਿਮਾਂ-ਭਰਮਾਂ 'ਚ ਪਾਇਆ ਜਾਂਦੈ, ਉਹਨਾਂ ਸਾਡੇ ਸਮਾਜ ਦੇ ਅੱਧ ਨੂੰ, ਉਹ ਗੁਰਸ਼ਰਨ ਭਾਅ ਜੀ ਨੇ ਬਰਾਬਰਤਾ ਦੇ ਲਈ ਉਹਨਾਂ ਦੇ ਸਨਮਾਨ ਦੇ ਲਈ ਉਹਨਾਂ ਨੂੰ ਉਠਾਇਐ। ਸਾਡੀ ਜਥੇਬੰਦੀਆਂ ਦੀ ਪਹੁੰਚ ਜੇ ਸਾਡੀਆਂ ਮਾਵਾਂ-ਭੈਣਾਂ ਦੀਆਂ ਮੀਟਿੰਗਾਂ ਕਰਵਾਉਨੇ ਆਂ। ਕਿਸੇ ਪਿੰਡ 'ਚੋਂ ਪੰਜਾਹ ਇਕੱਠੀਆਂ ਕਰ ਲਈਆਂ ਤਾਂ ਸਾਨੂੰ ਹੁੰਦੈ ਬਈ ਬਹੁਤ ਵੱਡੀ ਗੱਲ ਹੋ ਗਈ। ਆਹ ਪਿਛਲੀ 29 ਤਾਰੀਖ ਨੂੰ ਜਦੋਂ ਗੁਰਸ਼ਰਨ ਭਾਅ ਜੀ ਜਾ ਚੁੱਕੇ ਸੀ ਤਾਂ ਗਿੱਲ ਕਲਾਂ 'ਚ ਡਰਾਮੇ ਹੋਏ, ਮੈਂ ਉਥੇ ਬੋਲਣ ਗਿਆਂ। ਲੱਗਭੱਗ 900 ਦੀ ਗਿਣਤੀ 'ਚ ਸਾਡੀਆਂ ਮਾਵਾਂ ਭੈਣਾਂ ਵੀ ਉਹ ਡਰਾਮੇ ਦੇਖ ਰਹੀਆਂ ਸੀ। ਜਿਹੜਾ ਸਮਾਜ ਦਾ ਅੱਧ ਬਾਹਰ ਨਹੀਂ ਜਾ ਸਕਦਾ। ਇਹਨਾਂ ਡਰਾਮਿਆਂ ਰਾਹੀਂ ਉਹ ਮਜ਼ਦੂਰ ਜਿਹੜੇ ਕੰਮਾਂ 'ਚ ਲੱਗੇ ਆ, ਕਿਸਾਨ ਕੰਮਾਂ 'ਚ ਲੱਗੇ ਆ ਬਾਹਰ, ਜਥੇਬੰਦੀਆਂ ਵਿੱਚ ਜਾ ਨਹੀਂ ਸਕਦੇ। ਉਹਨਾਂ ਨੂੰ ਥੱਲੇ ਤੋਂ ਹਿਲਾਉਣ ਦੇ ਲਈ ਉਸ ਕਲਾ ਦੇ ਰਾਹੀਂ ਸਾਹਮਣੇ ਸਟੇਜ 'ਤੇ ਉਹ ਤਸਵੀਰ ਤੇ ਇੱਕ ਪਾਸੇ ਆਹ ਰਾਜ ਕਰਤਾ ਰਾਜੇ ਆ, ਲੋਕ ਆ, ਹਾਕਮ ਆ, ਇਹ ਕੀ ਚਾਹੁੰਦੇ ਆ। ਇਹ ਕੀ ਕਰਦੇ ਆ ਤੁਹਾਡੇ ਨਾਲ। ਤੇ ਦੂਜੇ ਪਾਸੇ ਲੋਕਾਂ ਦਾ ਜੁੜਿਆ ਹੋਇਆ ਇਕੱਠ ਉਹਨਾਂ ਹਾਕਮਾਂ ਦੇ ਕਿਵੇਂ ਜਿੱਤ ਪ੍ਰਾਪਤ ਕਰ ਸਕਦੈ? ਇਹ ਨਾਟਕਾਂ ਦੇ ਰਾਹੀਂ ਉਹਨਾਂ ਲੋਕਾਂ ਨੂੰ ਧੁਰ ਦਿਲੋਂ, ਅੰਦਰੋਂ ਹਿਲਾਉਣ ਦਾ, ਹਲੂਣਾ ਦੇਣ ਦਾ ਤੇ ਉਹਨਾਂ ਨੂੰ ਮੁੜ ਜਥੇਬੰਦੀਆਂ 'ਚ ਆ ਕੇ ਆਹ ਸਮਾਜ ਦੀ ਬਰਾਬਰੀ ਦੀ ਗੱਲ ਐ, ਉਹਦੇ ਲਈ ਜੂਝਣ ਦੇ ਲਈ ਸਾਡੀਆਂ ਸਾਰੀਆਂ ਜਥੇਬੰਦੀਆਂ ਦੇ ਲਈ ਉਹ ਸਹਾਈ ਹੋਏ ਆ। ਸਾਡੀਆਂ ਜਥੇਬੰਦੀਆਂ ਦੀਆਂ ਜਿੰਨੀਆਂ ਸਮੱਸਿਆਵਾਂ, ਮੰਗਾਂ-ਮਸਲੇ ਆ, ਉਹਤੋਂ ਵਿਹਲ ਨਹੀਂ ਮਿਲ ਰਹੀ ਤੇ ਇਹ ਕੰਮ ਜਿਹੜੀ ਸਾਡੀ ਸਭਿਆਚਾਰ ਮੁਹਾਜ਼ ਦੇ ਜਿੰਨੇ ਕਾਮੇ ਆ, ਸੱਜੀ ਬਾਂਹ ਬਣਦੇ ਆ। ਉਹ ਕੰਮ ਉਹਨਾਂ ਭਰਾਵਾਂ ਨੇ ਕੀਤੈ। ਗੁਰਸ਼ਰਨ ਭਾਅ ਜੀ ਨੇ ਕੀਤੈ। ਇਥੇ ਫਿਰਕਾਪ੍ਰਸਤੀ ਐ, ਜਾਤਪਾਤ ਐ, ਦਾਜ ਦੀ ਲਾਹਣਤ ਐ, ਇਹਨਾਂ ਸਾਰੇ ਕੰਮਾਂ ਲਈ ਇਹਦੇ ਸਾਰੇ ਲਾਹਣਤਾਂ ਨੂੰ ਲਾਹੁਣ ਲਈ, ਬਰਾਬਰਤਾ ਲਿਆਉਣ ਲਈ ਉਹਨਾਂ ਨੇ ਸਾਡੇ ਰਾਹਾਂ 'ਚੋਂ ਕੰਡੇ ਚੁਗੇ ਆ। ਲੋੜ ਐ ਕਿ ਸਾਡੇ ਕਿਸਾਨਾਂ-ਮਜ਼ਦੂਰਾਂ ਦੀ ਜੋਟੀ ਪਵੇ, ਤੇ ਹਾਕਮ ਸਾਨੂੰ ਆਪਸ 'ਚ ਪਿੰਡ 'ਚ ਜੁੰਡੋ-ਜੁੰਡੀ ਕਰਵਾਉਂਦੇ ਆ। ਮਜ਼ਦੂਰਾਂ 'ਚ ਪ੍ਰਚਾਰ ਹੁੰਦੈ ਕਿ ਤੁਹਾਡੇ ਦੁਸ਼ਮਣ ਕਿਸਾਨ ਬੈਠੇ, ਵੱਧ ਭਾਅ ਮੰਗਦੇ ਆ। ਮਜ਼ਦੂਰਾਂ ਬਾਰੇ ਪ੍ਰਚਾਰ ਹੁੰਦੈ ਕਿ ਦਿਹਾੜੀ ਇਹ ਵਧਾ ਲੈਂਦੇ ਆ ਇਹ ਮੌਜ ਨਾਲ ਐਸ਼ ਕਰਦੇ ਐ। ਇਹਨਾਂ ਨੂੰ ਇਕੱਠਿਆਂ ਕਰਨ ਦੇ ਲਈ ਜੋਟੀ ਪਵਾਉਣ ਦੇ ਲਈ ਉਹਨਾਂ ਨੇ ਸਾਰੀ ਜ਼ਿੰਦਗੀ ਸਾਡੇ ਇਸ ਕੰਮ ਦੇ ਲਈ ਲਾਈ ਐ। ਸਾਡੀ ਸੱਜੀ ਬਾਂਹ ਬਣ ਕੇ ਸਾਡਾ ਕੰਮ ਸੌਖਾ ਕੀਤੈ। ਇਸ ਤੋਂ ਅੱਗੇ ਜਿਹੜੀ ਸਾਡੀ ਇਹ ਸੱਜੀ ਬਾਂਹ ਐ, ਜੇ ਗੁਰਸ਼ਰਨ ਭਾਅ ਜੀ ਇਸ ਦੁਨੀਆਂ ਤੋਂ ਤੁਰ ਗਏ ਆ, ਤਾਂ ਭਰਾਵੋ ਅਸੀਂ ਮਹਿਸੂਸ ਕਰਦੇ ਆਂ ਕਿ ਇਹ ਬਹੁਤ ਵੱਡਾ ਖਲਾਅ ਹੈ ਜਾਂ ਬਹੁਤ ਵੱਡਾ ਘਾਟਾ ਪਿਐ। ਊਂ ਅਸੀਂ ਇਸ ਗੱਲ 'ਤੇ ਕਿ ਜੇ ਉਹਨਾਂ ਨੇ ਸਾਰੀ ਜ਼ਿੰਦਗੀ ਲਾਈ ਐ, ਇਸ ਗੱਲ 'ਤੇ ਫਖਰ ਵੀ ਕਰਦੇ ਆਂ, ਮਾਣ ਵੀ ਮਹਿਸੂਸ ਕਰਦੇ ਆਂ। ਤੇ ਅਸੀਂ ਤੁਹਾਡੇ ਸਾਰਿਆਂ ਨਾਲ, ਖਾਸ ਕਰਕੇ ਸਭਿਆਚਾਰ ਦੇ ਕਾਮਿਆਂ ਨਾਲ ਕਰਮੀਆਂ ਨਾਲ ਇਹ ਵਾਅਦਾ ਕਰਦੇ ਆਂ ਕਿ ਜਿਹੜਾ ਐਲਾਨ ਗੁਰਸ਼ਰਨ ਸਿਹੁੰ ਨੂੰ ਭਾਅ ਜੀ ਨੂੰ ਅੰਤਿਮ ਵਿਦਾਇਗੀ ਵੇਲੇ ਐਲਾਨ ਕੀਤੈ ਕਿ ਆਏ ਸਾਲ ਅਸੀਂ ਉਹਨਾਂ ਦਾ ਦਿਨ ਜਿਹੜਾ 27 ਤਾਰੀਕ ਦਾ ਐ। ਉਹ ਮਨਾਇਆ ਕਰਾਂਗੇ। ਅਸੀਂ ਭਰਾਵੋ ਵਾਅਦਾ ਕਰਦੇ ਆਂ, ਭਰੋਸਾ ਦਿੰਨੇ ਆਂ। ਆਹ ਸਾਰੇ ਬੈਠੇ ਲੋਕਾਂ ਵੱਲੋਂ ਕਿ ਉਸ ਦਿਨ 'ਤੇ ਵੱਡੀ ਗਿਣਤੀ 'ਚ ਲੋਕਾਂ ਨੂੰ ਭੁਗਤਾਵਾਂਗੇ। ਸਮਾਜ ਦੀ ਬਰਾਬਰੀ ਦੇ ਲਈ। ਏਦੂੰ ਪਹਿਲਾਂ ਬਹੁਤ ਜਾਨ-ਹੂਲਵੇਂ ਘੋਲ ਲੜੇ ਆ, ਏਦੁੰ ਬਾਅਦ ਹੋਰ ਵੀ ਜਾਨ ਹੂਲਵੇਂ ਘੋਲ ਲੜਾਂਗੇ। ਅਧਾਰ ਪੈਦਾ ਕਰਾਂਗੇ ਕਿ ਸਾਡਾ ਉਹ ਸੱਜਾ ਹੱਥ, ਸਭਿਆਚਾਰਕ ਕਾਮੇ, ਉਹਨਾਂ ਘੋਲਾਂ ਨੂੰ ਆਪਦੇ ਲਫਜ਼ਾਂ ਦੇ ਵਿੱਚ ਇਹਨਾਂ ਲੋਕਾਂ ਕੋਲੇ ਲੈ ਕੇ ਜਾਣ। ਇਹਦੇ ਨਾਲ ਈ, ਜੋ ਇਹ ਖਲਾਅ ਪੈਦਾ ਹੋਇਐ, ਅਸੀਂ ਇਹਨਾਂ ਸਾਰੇ ਲੋਕਾਂ ਵੱਲੋਂ ਬਾਕਾਇਦਾ ਆਪਦੀ ਝੋਲੀ ਅੱਡ ਕੇ ਆਹ ਸਾਡੇ ਬੈਠੇ ਸਭਿਆਚਾਰ ਦੇ, ਸਮਾਜ ਦੇ ਕਾਮਿਆਂ ਨੂੰ ਇਹ ਅਪੀਲ ਕਰਦੇ ਆਂ ਕਿ ਜੋ ਭਾਅ ਜੀ ਦੇ ਚਲੇ ਜਾਣ ਤੋਂ ਖਲਾਅ ਪੈਦਾ ਹੋਇਐ। ਉਸ ਖਲਾਅ ਨੂੰ ਤੁਸੀਂ ਪੂਰਾ ਕਰੋਗੇ। ਇਹ ਆਸ ਹੈ ਸਾਨੂੰ, ਤੁਹਾਥੋਂ। ਇਹ ਸਮਾਜ ਦੀ ਬਰਾਬਰਤਾ ਲਿਆਉਣ ਦੇ ਲਈ ਜਿਥੇ ਕਿੱਤੇ ਦੀਆਂ ਜਥੇਬੰਦੀਆਂ ਬਣਦੀਆਂ, ਤੇ ਓਡਾ ਈ ਮਹੱਤਵਪੂਰਨ ਰੋਲ ਸਾਡੇ ਇਹਨਾਂ ਸਭਿਆਚਾਰਕ ਕਾਮਿਆਂ ਦਾ ਬਣਦੈ। ਜੇ ਅਸੀਂ ਸੱਜੀ-ਖੱਬੀ ਬਾਂਹ ਬਣਕੇ ਇਸ ਸਮਾਜ 'ਚੋਂ ਗੰਦ ਹੂੰਝਣ ਦੇ ਲਈ ਆਵਦਾ ਸਾਰਾ ਤਾਣ ਲਾਵਾਂਗੇ। ਇਹੀ ਅੱਜ ਗੁਰਸ਼ਰਨ ਸਿੰਘ ਸੱਚੀ ਸ਼ਰਧਾਂਜਲੀ ਐ। ਇਹ ਪ੍ਰਣ ਕਰਕੇ ਜਾਈਏ। ਸਾਰਿਆਂ ਦਾ ਧੰਨਵਾਦ।

ਨਿਸ਼ਾਨੇ ਦੀ ਪੂਰਤੀ ਤੱਕ ਲੜਾਂਗੇ

-ਗੁਰਮੀਤ ਸਿੰਘ

ਭਾਅ ਜੀ ਗੁਰਸ਼ਰਨ ਦੀ ਯਾਦ ਵਿੱਚ ਸਾਰੇ ਜੁੜੇ ਮੰਚ ਤੇ ਪੰਡਾਲ ਦੇ ਵਿੱਚ ਉਹਨਾਂ ਦੇ ਸੰਗਰਾਮੀ ਸਾਥੀਓ, ਮੈਨੂੰ ਮੰਚ ਤੋਂ ਉਹਨਾਂ ਬਾਰੇ ਤੁਹਾਡੇ ਨਾਲ ਬਹੁਤ ਕੁਝ ਦੱਸਣ ਦੀ ਲੋੜ ਨੀਂ। ਅਸੀਂ ਜਿੰਨੇ ਵੀ ਐਥੇ ਹਾਜ਼ਰ ਆਂ, ਅਸੀਂ ਉਹਨਾਂ ਵੱਲੋਂ ਸ਼ੁਰੂ ਕੀਤੇ ਓਸ ਸੰਗਰਾਮ ਦੇ ਸਿਪਾਹੀ ਆਂ, ਉਹਨਾਂ ਦੇ ਸਾਥੀ ਆਂ। ਉਹਨਾਂ ਵੱਲੋਂ ਸ਼ੁਰੂ ਕੀਤੇ ਸੰਘਰਸ਼ ਦੇ ਵਿੱਚ, ਲੜਦੇ ਆਏ ਆਂ। ਲੜਦੇ ਰਹਾਂਗੇ। ਉਸ ਨਿਸ਼ਾਨੇ ਦੀ ਪੂਰਤੀ ਤੱਕ ਜਿਨ•ਾਂ ਲਈ ਉਹਨਾਂ ਨੇ ਸਾਰੀ ਜ਼ਿੰਦਗੀ ਲਾਈ ਐ। ਮੈਂ ਅੱਜ ਤੁਹਾਡੇ ਨਾਲ ਇਹ ਗੱਲ ਇਥੇ ਸਾਂਝੀ ਕਰਨੀ ਐ ਤੇ ਮਾਣ ਮਹਿਸੂਸ ਵੀ ਕਰ ਰਿਹਾਂ ਕਿ ਮੈਂ ਸਭ ਤੋਂ ਪਹਿਲੋਂ ਅੱਜ ਤੋਂ ਕਰੀਬ 42-43 ਸਾਲ ਪਹਿਲੋਂ ਕਾਲਜ ਪੜ•ਦਿਆਂ ਉਹਨਾਂ ਦਾ ਇੱਕ ਨਾਟਕ ''ਜਿੰਨ ਸੱਚ ਪੱਲੇ ਹੋਇ'' ਵੇਖਣ ਤੋਂ ਬਾਅਦ ਇਸ ਲਹਿਰ ਦੇ ਨਾਲ ਜੁੜਿਆ। ਅੱਜ ਤੱਕ ਤੁਹਾਡੇ ਵਰਗੇ ਹਜ਼ਾਰਾਂ-ਲੱਖਾਂ ਉਹਨਾਂ ਲੋਕਾਂ ਦੇ ਨਾਲ ਦਾ ਸਾਥੀ ਆਂ, ਜਿਹੜੇ ਉਹਨਾਂ ਵੱਲੋਂ ਸ਼ੁਰੂ ਕੀਤੇ ਸੰਘਰਸ਼ ਨੂੰ ਲੈ ਕੇ ਅੱਜ ਵੀ ਲੜ ਰਹੇ ਨੇ, ਲੋਕਾਂ ਦੀ ਖਾਤਰ। ਇੱਕ ਖੁਸ਼ਹਾਲ ਸੁਨਹਿਰੇ ਸਮਾਜ ਦੀ ਖਾਤਰ ਲੜ ਰਹੇ ਨੇ। ਸਾਡੇ ਬੁਲਾਰੇ ਉਹਨਾਂ ਦੇ ਸਾਥੀ ਅਤੇ ਰੰਗਮੰਚ ਦੇ ਸਾਥੀ ਤੁਹਾਡੇ ਨਾਲ ਸਭ ਕੁਝ ਉਹਨਾਂ ਦੀਆਂ ਯਾਦਾਂ ਸਾਂਝੀਆਂ ਕਰ ਰਹੇ ਨੇ। ਮੈਂ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਜਿਸ ਦੇ ਉਹ ਬੜੇ ਸੀਨੀਅਰ ਮੈਂਬਰ ਸਨ, ਗਦਰੀ ਬਾਬਿਆਂ ਦੀ ਯਾਦ ਵਿੱਚ, ਸ਼ੁਰੂ ਮੇਲਾ ਜਿਹੜਾ ਹੁਣ ਅਸੀਂ ਇਸੇ ਮਹੀਨੇ ਵੀਹਵਾਂ ਮੇਲਾ ਮਨਾ ਰਹੇ ਆਂ। ਉਹਦੀ ਸ਼ੁਰੂਆਤ ਕਰਨ ਵਾਲਿਆਂ ਵਿੱਚੋਂ ਗੁਰਸ਼ਰਨ ਭਾਅ ਜੀ ਦਾ ਸਭ ਤੋਂ ਵੱਡਾ ਯੋਗਦਾਨ ਉਹਨਾਂ ਦਾ ਸੀ। ਹੁਣ ਜਦੋਂ ਕਿ ਅਸੀਂ ਗਦਰ ਪਾਰਟੀ ਦੀ 2013 ਵਿੱਚ ਆ ਰਹੀ ਸ਼ਤਾਬਦੀ ਦੀ ਗੱਲ ਕਰ ਰਹੇ ਆਂ, ਬੇਸ਼ੱਕ ਫਿਜ਼ਿਕਲ ਘਾਟ ਉਹਨਾਂ ਦੀ ਸਾਨੂੰ ਹੋਏਗੀ, ਪਰ ਉਹਨਾਂ ਦੇ ਵੱਲੋਂ ਕਮੇਟੀ ਵੱਲੋਂ ਜਿਸ ਤਰ•ਾਂ ਦੇ ਪ੍ਰੋਗਰਾਮ ਉਲੀਕੇ ਸਨ, ਅਸੀਂ ਸਾਰਿਆਂ ਨੇ ਉਹਨਾਂ ਨੂੰ ਪੂਰੇ ਕਰਨੈ। ਮੈਂ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਮੈਂਬਰ ਹੋਣ ਦੇ ਨਾਤੇ ਤੁਹਾਡੇ ਨਾਲ ਸੁਨੇਹਾ ਸਾਂਝਾ ਕਰਾਂਗਾ ਕਿ ਬੇਸ਼ੱਕ ਇਸ ਮੇਲੇ ਦੇ ਵਿੱਚ ਮੈਂ ਪੂਰੇ ਵਿਸ਼ਵਾਸ਼ ਨਾਲ ਕਵਾਂਗਾ ਕਿ ਇਸ ਮੇਲੇ ਵਿੱਚ ਉਹਨਾਂ ਦੀ ਗੈਰ ਹਾਜ਼ਰੀ ਸਾਨੂੰ ਕਦੀ ਵੀ ਮਹਿਸੂਸ ਨਹੀਂ ਹੋਵੇਗੀ। ਜੋ ਕੁਛ ਉਹ ਸਾਨੂੰ ਦੇ ਗਏ ਨੇ, ਉਹ ਸਾਡੇ ਉਸ ਨਿਸ਼ਾਨੇ ਦੀ ਪੂਰਤੀ ਤੱਕ ਗੂੰਜਦਾ ਰਹੇਗਾ। ਕੱਲ• ਈ ਸਾਨੂੰ ਇਸ ਮੇਲੇ ਦੇ ਵਿੱਚ ਬਹੁਤ ਸਾਰੇ ਤੁਹਾਨੂੰ ਪਤਾ ਤੁਸੀਂ ਸਾਰੇ ਸ਼ਾਮਲ ਹੁੰਦੇ ਹੋ, ਨਾਟਕਾਂ ਵਾਸਤੇ ਕੇਵਲ ਧਾਲੀਵਾਲ ਜੀ ਦੀ ਸੰਪਾਦਨਾ 'ਚ, ਉਹਨਾਂ ਦੇ ਨਾਟਕਾਂ ਬਾਰੇ ਸੈੱਟ ਨੇ 7 ਕਿਤਾਬਾਂ ਦੇ, ਉਹ ਦੇਸ਼ ਭਗਤ ਕਮੇਟੀ ਦੇ ਵਿੱਚ ਸਾਡੇ ਕੋਲ ਪਹੁੰਚੇ ਨੇ, ਅਸੀਂ ਮੰਗਵਾਏ ਨੇ। ਸਾਰੇ ਕਲਾਕਾਰ ਰੋਜ਼ ਆ ਕੇ ਮੰਗ ਕਰਦੇ ਨੇ, ਉਹਦੇ ਵਿੱਚ ਉਹਨਾਂ ਦੇ ਸਾਰੇ ਨਾਟਕ ਨੇ, ਜਿਹਨਾਂ ਨੂੰ ਅਸੀਂ ਸਾਰੀ ਜਗਾਹ ਵਿੱਚ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਨਵੀਆਂ ਟੀਮਾਂ ਨੂੰ ਵੀ ਦੇਵਾਂਗੇ। ਸੋ, ਕਮੇਟੀ ਵੱਲੋਂ ਇੱਕ ਅਪੀਲ ਹੈ ਕਿ ਜਿਹੜੀ ਗਦਰ ਸ਼ਤਾਬਦੀ ਦੇ ਸਮਾਗਮ ਹੋ ਰਹੇ ਨੇ, ਸਾਰੇ ਪੰਜਾਬ ਦੇ ਵਿੱਚ ਗਦਰੀ ਦੇ ਸ਼ਹੀਦਾਂ ਦੇ ਪਿੰਡ ਨੇ, ਸਾਡੀ ਇਹ ਅਪੀਲ ਹੈ ਕਿ ਜਿਹੜੇ ਗਦਰੀ ਸ਼ਹੀਦਾਂ ਦੇ ਪਿੰਡਾਂ ਦੇ ਵਿੱਚ ਉਹਨਾਂ ਦੇ ਆਲੇ-ਦੁਆਲੇ ਦੇ ਪਿੰਡਾਂ ਨੂੰ ਇਕੱਠਿਆਂ ਕਰਕੇ ਇੱਕ ਸੈਂਟਰ ਬਣਾ ਕੇ ਅਸੀਂ 2013 ਤੱਕ ਲਗਾਤਾਰ ਓਸ ਗਦਰ ਪਾਰਟੀ ਦੀ ਯਾਦ ਵਿੱਚ ਸਮਾਗਮ ਕਰਾਂਗੇ। ਔਰ ਜਿਹੜਾ 2013 ਵਿੱਚ ਇੱਕ ਜਿਹੜਾ ਵੱਡਾ ਸਮਾਗਮ ਜਲੰਧਰ ਵਿੱਚ ਹੋਵੇਗਾ, ਔਰ ਅੱਜ ਦੇ ਦਿਨ ਭਾਅ ਜੀ ਗੁਰਸ਼ਰਨ ਦੀ ਯਾਦ ਦੇ ਵਿੱਚ ਜਿਥੇ ਅਸੀਂ ਸਾਰਾ ਸਾਲ ਇਹ ਸਮਾਗਮ ਕਰਨੇ ਨੇ, ਉਥੇ ਅਸੀਂ ਉਹਨਾਂ ਗਦਰੀ ਸ਼ਹੀਦਾਂ ਨੂੰ ਵੀ ਯਾਦ ਕਰਨੈ। ਉਹਨਾਂ ਦੇ ਸੰਘਰਸ਼ ਨੂੰ ਵੀ ਯਾਦ ਕਰਨੈ, ਜਿਹਨਾਂ ਰਾਹਾਂ 'ਤੇ ਗੁਰਸ਼ਰਨ ਭਾਅ ਜੀ ਆਖਰੀ ਦਮ ਤੱਕ ਲੜਦੇ ਰਹੇ ਨੇ, ਮੈਂ ਇਹਨਾਂ ਹੀ ਸ਼ਬਦਾਂ ਨਾਲ ਕਮੇਟੀ ਵੱਲੋਂ ਅਪੀਲ ਕਰਦਾ ਹੋਇਆ ਉਹਨਾਂ ਦਾ ਨਾਅਰਾ ਗੁੰਜਾਵਾਂਗਾ।

ਇਨਕਲਾਬ-ਜ਼ਿੰਦਾਬਾਦ।

ਇਨਕਲਾਬ-ਜ਼ਿੰਦਾਬਾਦ। ਧੰਨਵਾਦ।

ਭਾਅ ਜੀ ਦਾ ਸੁਪਨਾ

ਬਰਾਬਰਤਾ ਵਾਲੀ ਤਬਦੀਲੀ ਹੈ

-ਪੁਸ਼ਪ ਲਤਾ-

ਮੈਂ ਹਿੱਸੇ ਦੀ ਗੱਲ ਕਰਦੀ ਆਂ, ਜਿਹੜਾ ਮਨੁੱਖੀ ਜਾਮੇ ਦੇ ਵਿੱਚ ਕਿਤੇ ਵੀ ਇੱਕ ਵਸਤੂ ਵਾਂਗੂੰ ਇਸ ਸਾਮਰਾਜੀ ਤੇ ਜਗੀਰੂ ਪ੍ਰਬੰਧ ਦੇ ਵਿੱਚ ਵਰਤਿਆ ਜਾਂਦੈ। ਜਿਹੜੇ ਸਮਾਜ ਦੀ ਤਬਦੀਲੀ ਦੀ ਗੱਲ ਗੁਰਸ਼ਰਨ ਭਾਅ ਜੀ ਕਰਦੇ ਨੇ, ਉਹਦਾ ਉਹ ਹਿੱਸਾ ਅੱਧ ਐ। ਇਹ ਅੱਧ ਨੂੰ ਜੇ ਲਹਿਰਾਂ ਵਿੱਚ ਇਨਕਲਾਬੀ ਜਮਹੂਰੀ ਲਹਿਰਾਂ ਦੇ ਵਿੱਚ, ਨਹੀਂ ਦੇਖਿਆ ਜਾਊਗਾ ਤਾਂ ਇਹ ਸਮਾਜਿਕ ਤਬਦੀਲੀ ਕਦੇ ਵੀ ਨਹੀਂ ਹੋ ਸਕਦੀ। ਭਾਅ ਜੀ ਨੇ ਜਦੋਂ ਨਾਟਕਾਂ ਦੇ ਵਿੱਚ ਕੰਮ ਸ਼ੁਰੂ ਕਰਿਆ, ਤਾਂ ਆਪਣੇ ਪਰਿਵਾਰ ਮੈਂਬਰਾਂ ਨੂੰ, ਸਾਡੀ ਵੱਡੀ ਭੈਣ ਕੈਲਾਸ਼ ਕੌਰ ਨੂੰ ਨਾਲ ਲੈ ਕੇ ਸੰਨ 1959 'ਚ ਆਪਣੇ ਬਰਾਬਰ ਰੱਖ ਕੇ ਨਾਲ ਚੱਲਣ ਲਾਇਆ। ਹੁਣ ਜਦੋਂ ਦਾ ਸਾਮਰਾਜੀ ਹੱਲਾ ਬਹੁਤ ਤੇਜ ਹੋਇਐ, ਤਾਂ ਇਥੇ ਕਿਸਾਨ ਤੇ ਮਜ਼ਦੂਰ ਲਹਿਰ ਆ ਜਿਹੜੀ ਉਹ ਵਿਕਾਸ ਕਰ ਰਹੀ ਹੈ ਤਾਂ ਲੋੜਾਂ ਨੇ ਇਹ ਜ਼ਰੂਰੀ ਬਣਾ ਦਿਤੈ ਕਿ ਔਰਤ ਦੇ ਬਿਨਾ ਸਾਡੇ ਕੋਈ ਵੀ ਸੰਘਰਸ਼ ਅੱਗੇ ਨਹੀਂ ਵਧ ਸਕਦੇ। ਜਿਵੇਂ ਹੁਣ ਅਸੀਂ ਦੇਖਦੇ ਆਂ, ਚਾਹੇ ਗੋਬਿੰਦਪੁਰੇ ਦਾ ਘੋਲ ਐ, ਚਾਹੇ ਜੇਠੂਕੇ ਦਾ ਤੇ ਧੌਲਾ ਛੰਨਾ ਦਾ ਘੋਲ ਸੀ, ਜ਼ਮੀਨੀ ਘੋਲ, ਉਥੇ ਕਿਸਾਨਾਂ ਨੂੰ ਖੁਦ ਲੋੜ ਬਣਨ ਲੱਗ ਗਈ ਬਈ ਜਿੰਨੀ ਦੇਰ ਸਾਡੇ ਪਰਿਵਾਰਾਂ ਦੇ ਪਰਿਵਾਰ ਇਸ ਸੰਘਰਸ਼ ਵਿੱਚ ਸ਼ਾਮਲ ਨਹੀਂ ਹੁੰਦੇ ਓਨੀ ਦੇਰ ਤੱਕ ਸਾਡਾ ਸੰਘਰਸ਼ ਕਾਮਯਾਬ ਨਹੀਂ ਹੋ ਸਕਦਾ। ਇਸ ਲਈ ਮੈਂ ਤਾਂ ਇਹ ਜਿਹੜਾ ਸਾਮਰਾਜੀ-ਜਗੀਰੂ ਪ੍ਰਬੰਧ ਨੂੰ ਬਦਲ ਕੇ ਜਿਹੜਾ ਬਰਾਬਰ ਦਾ ਸਮਾਜ ਸਿਰਜਣ ਦੀ ਗੱਲ ਕੀਤੀ ਐ ਭਾਅ ਜੀ ਨੇ, ਉਹ ਸਾਡੇ ਜਿਹੜੀ ਜਮਹੁਰੀ ਇਨਕਲਾਬੀ ਲਹਿਰ ਤੇ ਇਨਕਲਾਬੀ ਰੰਗਮੰਚ ਲਹਿਰ ਦੀਆਂ ਉੱਘੀਆਂ ਸਖਸ਼ੀਅਤਾਂ, ਮੋਢੀ ਆਂ, ਉਹਨਾਂ ਨੂੰ ਇਹ ਅਪੀਲ ਕਰਦੀ ਆਂ ਬਈ ਉਹ ਜਿੰਨੀਆਂ ਵੀ ਸੰਭਵ ਕੋਸ਼ਿਸ਼ਾਂ ਹੋਣ ਇਸ ਅੱਧ ਨੂੰ ਉਸ ਹਾਲਤ 'ਚੋਂ ਕੱਢ ਕੇ ਜਦੋਂ ਇਸ ਅੱਧ ਨੂੰ ਇਹ ਚੇਤਨਤਾ ਹੋ ਗਈ ਕਿ ਅਸੀਂ ਉਸ ਸਮਾਜ ਜਿਥੇ ਮਨੁੱਖੀ ਜਾਮਾ ਭਾਵੇਂ ਪਾਇਆ ਇਸ ਸਮਾਜ ਵਿੱਚ ਪਰ ਫੇਰ ਵਸਤੂ ਸਮਝਿਆ ਜਾ ਰਿਹੈ ਪਰ ਉਸ ਸਮਾਜ ਦੇ ਵਿੱਚ, ਜੀਹਦੀ ਸਿਰਜਣਾ ਦੀ ਗੱਲ ਭਾਅ ਜੀ ਨੇ ਕੀਤੀ ਐ, ਉਥੇ ਬਰਾਬਰਤਾ ਮਿਲਣੀ ਐ। ਤਾਂ ਇਹ ਅੱਧ ਜਦੋਂ ਕਾਂਸੀਅਸ਼ ਹੋ ਗਿਐ ਹੋ ਰਿਹੈ ਤਾਂ ਇਹ ਤਬਦੀਲੀ ਲਾਜ਼ਮੀ ਹੋਣੀ ਐ। ਮੇਰੇ ਇਥੇ ਕਿਉਂਕਿ ਸਾਰੇ ਈ ਅਗਾਂਹਵਧੂ ਲੋਕ-ਪੱਖੀ ਸਖਸ਼ੀਅਤਾਂ ਬੈਠੀਆਂ, ਇਸ ਪੰਡਾਲ ਦੇ ਵਿੱਚ ਆਪਣੇ ਅੰਦਰ ਮਰਦ ਪ੍ਰਧਾਨ ਸਮਾਜ ਦੇ ਵਿੱਚ ਅਗਾਂਹਵਧੂ ਸਖਸ਼ੀਅਤਾਂ ਦੇ ਅੰਦਰ ਵੀ ਇਹੋ ਜਿਹਾ ਜਗੀਰੁ ਤੱਤ ਪਿਆ ਹੁੰਦੈ। ਇਹ ਸਾਰਾ ਕੁਝ ਸਮਝਦੇ ਹੋਏ ਵੀ ਫੇਰ ਵੀ ਉਹੋ ਔਰਤ ਪ੍ਰਤੀ ਆਦਤਾਂ ਪਈਆਂ ਹੋਈਆਂ, ਔਰਤ ਪ੍ਰਤੀ ਛੋਟਾ ਕੱਤ ਜਾਂਦੇ ਨੇ। ਭਾਅ ਜੀ ਨੂੰ ਸੱਚੀ ਸ਼ਰਧਾਂਜਲੀ ਏਹੀ ਹੋਊਗੀ ਕਿ ਜੇ ਅਸੀਂ ਇਹ ਸਮਝ ਕੇ ਬਰਾਬਰ ਦਾ ਸਥਾਨ ਦੇ ਕੇ ਔਰਤਾਂ ਨੂੰ ਆਪਣੇ ਨਾਲ ਤੋਰਾਂਗੇ ਤਾਂ ਹੀ ਸਾਡੀ ਇਨਕਲਾਬੀ ਜਮਹੂਰੀ ਲਹਿਰ ਐ, ਉਹ ਅੱਗੇ ਵਧੂਗੀ। ਤੇ ਇਹ ਸਮਾਜਿਕ ਤਬਦੀਲੀ ਹੋਊ ਬਰਾਬਰਤਾ ਵਾਲੀ। ਜੀਹਦਾ ਸੁਪਨਾ ਸਾਡੇ ਭਾਅ ਜੀ ਨੇ ਲਿਐ। ਤੇ ਮੈਂ ਤੁਹਾਡੇ ਸਾਰਿਆਂ ਤੋਂ ਏਸੇ ਆਸ ਦੇ ਨਾਲ ਧੰਨਵਾਦ।

ਲਹਿਰ ਦੇ ਨਾਲ ਨਾਲ ਚੱਲਣਾ ਸੱਚੀ ਸ਼ਰਧਾਂਜਲੀ ਹੈ

-ਸ਼ਬਦੀਸ਼

ਸਤਿਕਾਰਯੋਗ ਸਾਥੀਓ, ਮੇਰੇ ਤੋਂ ਪਹਿਲਾਂ ਅਜਮੇਰ ਔਲਖ, ਆਤਮਜੀਤ ਆਪਣੀਆਂ ਗੱਲਾਂ ਕਰਕੇ ਗਏ। ਸਾਡੇ ਦੋਵੇਂ ਵੱਡੇ ਨਾਟਕਕਾਰ ਗੁਰਸ਼ਰਨ ਭਾਅ ਜੀ ਦੇ ਨਾਲ ਨਾਲ ਨਾਟਕ ਦੀ ਦੁਨੀਆਂ ਵਿੱਚ ਸ਼ਾਮਲ ਹੋਏ। ਅਸੀਂ ਆਤਮਜੀਤ ਅਤੇ ਔਲਖ ਦੇ ਨਾਟਕ ਤੇ ਭਾਅ ਜੀ ਦੇ ਨਾਲ ਨਾਟਕ ਦੇਖਦੇ ਦੇਖਦੇ ਇਸ ਰੰਗਮੰਚ ਦੀ ਦੁਨੀਆਂ ਨਾਲ ਇਨਕਲਾਬੀ ਲਹਿਰਾਂ ਦੇ ਤਜਰਬੇ ਦੇ ਨਾਲ ਜੁੜੇ। ਉਹਨਾਂ ਤੋਂ ਬਾਅਦ ਮੈਂ ਕੋਈ ਬਹੁਤ ਜ਼ਿਆਦਾ ਡੀਟੇਲ 'ਚ ਗੱਲਾਂ ਕਰਾਂ, ਇਹ ਸ਼ੋਭਾ ਨਹੀਂ ਦਿੰਦਾ। ਸਿਰਫ ਇੱਕ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਗੁਰਸ਼ਰਨ ਭਾਅ ਜੀ ਸਾਡੇ ਨਾਲ ਨਾਲ ਤੁਰ ਰਹੇ ਸਨ। ਇਸੇ ਤਰ•ਾਂ ਦਾ ਇੱਕ ਇਕੱਠ ਇਸੇ ਜਗਾਹ ਉੱਤੇ ਉਹਨਾਂ ਨੂੰ ਸਲਾਮ ਕਹਿਣ ਲਈ ਆਇਆ ਸੀ। ''ਇਨਕਲਾਬੀ ਨਿਹਚਾ ਸਨਮਾਨ'' ਅਸੀਂ ਉਹਨਾਂ ਨੂੰ ਦਿੱਤਾ। ਭਾਅ ਜੀ ਸਾਡੇ ਨਾਲ ਨਹੀਂ, ਜਿਸਮਾਨੀ ਤੌਰ 'ਤੇ, ਇੱਕ ਵਾਰ ਫੇਰ ਅਸੀਂ ਵੱਡਾ ਇਕੱਠ ਲੈ ਕੇ ਉਸੇ ਤਰ•ਾਂ ਜੁੜੇ ਆਂ, ਇਹ ਸਾਬਤ ਕਰਨ ਲਈ ਕਿ ਭਾਅ ਜੀ ਕਿਤੇ ਨਹੀਂ ਗਏ। ਭਾਅ ਜੀ ਸਾਡੇ ਅੰਗ ਸੰਗ ਨੇ। ਭਾਅ ਜੀ ਨਾਟਕ ਕਰਦੇ ਸਨ। ਰੰਗਮੰਚ ਦੀ ਦੁਨੀਆਂ ਨੂੰ ਉਹਨਾਂ ਦੀ ਬਹੁਤ ਵੱਡੀ ਦੇਣ ਸੀ। ਸੌ ਸਾਲਾਂ ਦਾ ਸਾਡਾ ਰੰਗਮੰਚ ਐ ਪੰਜਾਬੀ ਦਾ। ਪੰਜਾਹ ਸਾਲਾਂ ਤੋਂ ਜ਼ਿਆਦਾ ਸਾਲ ਇਕੱਲੇ ਭਾਅ ਜੀ ਦੇ ਖਾਤੇ 'ਚ ਆਉਂਦੇ ਨੇ। ਏਨੀ ਵੱਡੀ ਦੇਣ ਉਹਨਾਂ ਦੀ ਹੈ ਪਰ ਸਭ ਤੋਂ ਵੱਡੀ ਦੇਣ ਇਹ ਵੱਡਾ ਇਕੱਠ ਐ। ਦੁਨੀਆਂ ਦੇ ਇਤਿਹਾਸ ਵਿੱਚ ਸ਼ਾਇਦ ਕਦੇ ਨਹੀਂ ਵਾਪਰਿਆ ਕਿ ਕਿਸੇ ਜਿਉਂਦੇ ਜੀਅ ਨਾਟਕਕਾਰ ਦੇ ਸਨਮਾਨ 'ਚ ਜਾਂ ਉਹਨਾਂ ਦੇ ਚਲੇ ਜਾਣ 'ਤੇ ਐਦਾਂ ਲੋਕ ਜੁੜ ਬੈਠਣ। ਸਵਾਲ ਸਾਡੇ ਲਈ ਸਭ ਤੋਂ ਵੱਡਾ ਏਹੀ ਐ, ਕਿ ਅਸੀਂ ਭਾਅ ਜੀ ਦੀ ਉਸ ਤਾਕਤ ਨੂੰ ਪਛਾਣੀਏ, ਜੀਹਦੇ ਕਰਕੇ ਲੋਕ ਉਹਨਾਂ ਦੇ ਨਾਲ ਜੁੜ ਗਏ। ਕੀ ਸਿਰਫ ਨਾਟਕ ਕਰਨ ਕਰਕੇ, ਏਨੇ ਲੋਕ ਭਾਅ ਜੀ ਦੇ ਨਾਲ ਜੁੜ ਗਏ? ਕੀ ਸਿਰਫ ਉਹਨਾਂ ਲੋਕਾਂ ਨੇ ਰੰਗਮੰਚ ਦੀ ਦੁਨੀਆਂ ਨੂੰ ਦੇਣ ਦਿੱਤੀ ਸਿਰਫ ਏਸੇ ਕਰਕੇ ਕਿ ਲੋਕ ਉਹਨਾਂ ਦੇ ਨਾਲ ਜੁੜਗੇ। ਮੈਂ ਕਵਾਂਗਾ ਕਿ ਸਿਰਫ ਨਾਟਕਕਾਰ ਹੋਣ ਕਰਕੇ ਨਹੀਂ ਜੁੜੇ, ਭਾਅ ਜੀ ਸੰਘਰਸ਼ਸ਼ੀਲ ਪੰਜਾਬੀ ਕੌਮੀਅਤ ਦੇ ਨਾਇਕ ਸਨ। ਇਸ ਕਰਕੇ ਸੰਘਰਸ਼ਾਂ ਵਾਲੇ ਲੋਕ ਉਹਨਾਂ ਦੇ ਨਾਲ ਜੁੜੇ ਨੇ। ਪਰ ਜਦੋਂ ਸੰਘਰਸ਼ਸ਼ੀਲ ਪੰਜਾਬੀ ਕੌਮੀਅਤ ਦੀ ਗੱਲ ਕਰ ਰਹੇ ਆਂ ਤਾਂ ਇਹ ਵੀ ਬੜਾ ਕਲੀਅਰ ਐ ਕਿ ਉਸ ਕੌਮੀਅਤ ਦਾ ਕਿਹੜਾ ਹਿੱਸਾ ਸੰਘਰਸ਼ਸ਼ੀਲ ਐ। ਕੀ ਹਰ ਬੰਦਾ ਜਿਹੜਾ ਮੈਦਾਨ ਮੱਲ ਲੈਂਦਾ ਕਿਸੇ ਨਾ ਕਿਸੇ ਸੰਘਰਸ਼ ਦਾ ਭਾਅ ਜੀ ਉਹਨੂੰ ਸੰਘਰਸ਼ਸ਼ੀਲ ਮੰਨ ਲੈਂਦੇ ਸੀ? ਬੜੇ ਦੌਰ ਆਏ। ਭਾਅ ਜੀ ਨੇ ਬੜੀ ਈਮਾਨਦਾਰੀ ਨਾਲ ਅਤੇ ਬੜੀ ਦਲੇਰੀ ਨਾਲ ਸਾਬਤ ਕੀਤਾ ਕਿ ਮੈਂ ਕਿਹਨੂੰ ਸੱਚਮੁੱਚ ਪੰਜਾਬੀ ਕੌਮੀਅਤ ਦਾ ਸੱਚਾ ਲੜਾਕੂ ਮੰਨਦਾਂ। ਤੇ ਕੀਹਨੂੰ ਲੜਨ ਦੇ ਬਾਵਜੂਦ ਪੰਜਾਬੀ ਕੌਮੀਅਤ ਦਾ ਬੰਦਾ ਨਹੀਂ ਮੰਨਦਾ। ਖਾਲਿਸਤਾਨ ਦੀ ਲੜਾਈ ਦਾ ਸਾਰਾ ਦੌਰ ਭਾਅ ਜੀ ਨੇ ਜਿਹਨਾਂ ਦਾ ਸਾਥ ਦਿੱਤਾ, ਉਹ ਸੱਚੀ ਪੰਜਾਬੀ ਕੌਮੀਅਤ ਸੀ ਤੇ ਭਾਅ ਜੀ ਨੇ ਜਿਹਨਾਂ ਦੇ ਖਿਲਾਫ ਨਾਟਕ ਕੀਤੇ ਉਹ ਸੱਚਮੁੱਚ ਸਾਡੀ ਪੰਜਾਬੀ ਕੌਮੀਅਤ ਦੇ, ਸਾਡੀ ਪੰਜਾਬੀਅਤ ਦੇ ਨਾਇਕ ਨਹੀਂ ਸਨ। ਇਤਿਹਾਸ ਨੇ ਸਾਬਤ ਕੀਤੈ ਤੇ ਭਾਅ ਜੀ ਨੇ ਇਹ ਗੱਲ 1983 ਵਿੱਚ ਜਾਣ ਲਈ ਸੀ। ਜਦੋਂ ਕੁਰਸੀ, ਮੋਰਚਾ ਤੇ ਹਵਾ 'ਚ ਲਟਕਦੇ ਲੋਕ ਨਾਟਕ ਲਿਖਿਆ ਗਿਆ ਤੇ ਖੇਡਿਆ ਗਿਆ। ਬਾਬਾ ਬੋਲਦਾ ਹੈ ਨਾਟਕ 1985 ਦੇ ਸ਼ੁਰੂ ਵਿੱਚ ਲਿਖਿਆ ਵੀ ਗਿਆ ਤੇ ਬੜੀ ਦਲੇਰੀ ਨਾਲ ਖੇਡਿਆ ਵੀ ਗਿਆ ਤੇ ਭਾਅ ਜੀ ਸਾਡੀ ਪੰਜਾਬੀ ਕੌਮੀਅਤ ਦੇ ਨਾਇਕ ਨੇ ਕਿਉਂਕਿ ਉਹਨਾਂ ਨੇ ਹਰ ਦੌਰ ਦੇ ਵਿੱਚ ਪੰਜਾਬੀ ਕੌਮੀਅਤ ਦੀ ਸੱਚੀ ਆਵਾਜ਼ ਨੂੰ ਪਛਾਣਨ ਦਾ ਯਤਨ ਕੀਤਾ। ਭਾਅ ਜੀ ਸਿੱਖ ਇਤਿਹਾਸ ਨਾਲ ਜੁੜੇ ਸਾਨੂੰ ਸਾਰਿਆਂ ਲੈ ਕੇ ਇਨਕਲਾਬੀ ਲਹਿਰ ਨੂੰ ਮੁਖਾਤਿਬ ਹੁੰਦੇ ਰਹੇ। ਪਰ ਜਦੋਂ ਅੱਤਵਾਦ ਦਾ ਦੌਰ ਆਇਆ ਤਾਂ ਭਾਅ ਜੀ ਨੇ ਆਪਣੀ ਸਿੱਖ ਸਰੋਕਾਰਾਂ ਵਾਲੇ ਉਹਨਾਂ ਸਾਰੇ ਨਾਟਕਾਂ ਨੂੰ ਖੇਡਣਾ ਬੰਦ ਕਰ ਦਿੱਤਾ, ਜਿਹਨਾਂ ਨੂੰ ਖੇਡਦਿਆਂ ਕੋਈ ਗਲਤੀ ਨਾਲ ਵੀ ਨਾ ਕਹਿ ਦੇਵੇ ਕਿ ਗੁਰਸ਼ਰਨ ਸਿੰਘ ਸ਼ਾਇਦ ਉਹਨਾਂ ਦੇ ਨਾਲ ਚਲੇ ਗਏ ਨੇ। ਭਾਅ ਜੀ ਨੇ ਉਸ ਦੌਰ ਦੇ ਵਿੱਚ ਉਹਨਾਂ ਨਾਟਕਾਂ ਦਾ ਮੰਚਨ ਵੀ ਰੋਕ ਦਿੱਤਾ ਜਿਹਨਾਂ ਨਾਟਕਾਂ ਕਰਕੇ ਭਾਅ ਜੀ ਐਡੇ ਵੱਡੇ ਹੋਏ ਸਨ। ਇਹ ਸੀ ਵੱਡੀ ਚੀਜ਼ ਇਤਿਹਾਸ ਦੀ ਪਛਾਣ ਕਰ ਲੈਣ ਦੀ, ਜੀਹਦੇ ਕਰਕੇ ਭਾਅ ਜੀ ਸਾਡੇ ਸਾਰਿਆਂ ਦੇ ਵਿੱਚ ਵੱਡੇ ਨਾਇਕ ਦੇ ਤੌਰ 'ਤੇ ਉੱਭਰੇ ਨੇ। ਅਸੀਂ ਨਾਅਰਾ ਲਾ ਰਹੇ ਆਂ ਗੁਰਸ਼ਰਨ ਭਾਅ ਜੀ ਕਿਤੇ ਨੀ ਗਏ, ਭਾਅ ਜੀ ਸਾਡੇ ਦਿਲਾਂ 'ਚ ਨੇ। ਤੇ ਦੋਸਤੋ ਅਸੀਂ ਜਦੋਂ ਨਾਅਰਾ ਲਾ ਰਹੇ ਆਂ, ਜੇ ਮੈਂ ਨਾਅਰਾ ਲਾ ਰਿਹਾ ਆਂ, ਮੇਰੇ ਬੁੱਲ•ਾਂ 'ਤੇ ਬੋਲ ਆ ਰਹੇ ਨੇ, ਤਾਂ ਮੈਨੂੰ ਖੁਦ ਈ ਸੋਚਣਾ ਪਏਗਾ ਕਿ ਕੀ ਸੱਚ ਮੁੱਚ ਭਾਅ ਜੀ ਮੇਰੇ ਦਿਲ ਵਿੱਚ ਹੈ? ਕੀ ਸੱਚਮੁੱਚ ਭਾਅ ਜੀ ਸਾਡੇ ਦਿਲਾਂ 'ਚ ਹੈਨ? ਕਿ ਸਿਰਫ ਅਸੀਂ ਸ਼ਬਦਾਂ ਦੀ ਬਿੜਾਈ ਕਰਨ ਦਾ ਯਤਨ ਕਰ ਰਹੇ ਹਾਂ, ਸ਼ਬਦ ਬੀੜ ਰਹੇ ਆਂ? ਜੇ ਅਸੀਂ ਸੱਚਮੁੱਚ ਭਾਅ ਜੀ ਨੂੰ ਆਪਣੇ ਦਿਲਾਂ 'ਚ ਸਮਝਦੇ ਆਂ ਤਾਂ ਸਾਨੂੰ ਸੱਚਮੁੱਚ ਭਾਅ ਜੀ ਵਾਂਗੁੰ ਫੈਸਲੇ ਵੀ ਲੈਣੇ ਪੈਣਗੇ ਕਿ ਅਸੀਂ ਕਿਹਨਾਂ ਲਈ ਨਾਟਕ ਕਰਨਾ? ਕਿਹੜਾ ਨਾਟਕ ਕਰਨੈ? ਜੋ ਕਰਨਾ ਉਸੇ ਤਰ•ਾਂ ਜਿਵੇਂ ਭਾਅ ਜੀ ਕਹਿੰਦੇ ਸੀ ਕਿ ਮੇਰੇ ਕੁਝ ਫਿਕਰ ਨੇ ਤੇ ਮੈਂ ਉਹਨਾਂ ਫਿਕਰਾਂ ਨੂੰ ਲੈ ਕੇ ਨਾਟਕ ਕਰਨਾ। ਕਿਸਾਨੀ ਦੀਆਂ ਲੜਾਈਆਂ, ਨਕਸਲੀ ਲਹਿਰ ਦੇ ਚੜ•ਦੀ ਦੇ ਦੌਰ ਵਿੱਚ ਭਾਅ ਜੀ ਲੜਦੇ ਰਹੇ, ਪਿਛਲੇ ਵੀਹ ਸਾਲਾਂ ਤੋਂ ਭਾਅ ਜੀ ਇਹ ਮਹਿਸੁਸ ਕਰਦੇ ਰਹੇ ਕਿ ਨਹੀਂ ਸਭ ਤੋਂ ਵਧੇਰੇ ਫਿਕਰ ਮੈਨੂੰ ਕੰਮੀਆਂ ਦੇ ਵਿਹੜੇ ਦੀ ਐ, ਜਿਹਨਾਂ ਦੀ ਜ਼ਿੰਦਗੀ ਸੁਧਾਰਨ ਲਈ ਬਹੁਤ ਸੰਘਰਸ਼ ਦੀ ਜ਼ਰੂਰਤ ਐ। ਤੇ ਵੀਹ ਸਾਲਾਂ ਤੋਂ ਭਾਅ ਜੀ ਸਭ ਤੋਂ ਜ਼ਿਆਦਾ ਨਾਟਕ ਕੰਮੀਆਂ ਦੇ ਵਿਹੜਿਆਂ 'ਚ ਕਰਦੇ ਰਹੇ ਆ। ਕਿਉਂਕਿ ਭਾਅ ਜੀ ਨੇ ਇਹ ਮਹਿਸੂਸ ਕੀਤਾ ਕਿ ਸਾਡੇ ਸਮਾਜ ਦੇ ਸਭ ਤੋਂ ਦਰੜੇ ਹੋਏ ਲੋਕ ਉਹ ਨੇ, ਜਿਹੜੇ ਕੰਮੀਆਂ ਦੇ ਵਿਹੜਿਆਂ 'ਚ ਜਿਉਂਦੇ ਨੇ ਤੇ ਮਰ ਜਾਂਦੇ ਨੇ, ਉਹਨਾਂ ਦੀ ਕਦੇ ਪਛਾਣ ਨਹੀਂ ਬਣਦੀ। ਉਹਨਾਂ ਦੀ ਪਛਾਣ ਦੇਣ ਲਈ ਭਾਅ ਜੀ, ਲੜਦੇ ਰਹੇ। ਭਾਅ ਜੀ ਏਸੇ ਕਰਕੇ ਸਾਡੇ ਸਾਰਿਆਂ ਦੇ ਵੱਡੇ ਨਾਇਕ ਨੇ। ਜਦੋਂ ਅਸੀਂ ਭਾਅ ਜੀ ਦੀ ਗੱਲ ਕਰਦੇ ਆਂ, ਤਾਂ ਜ਼ਰੂਰ ਕੋਈ ਨਾ ਕੋਈ ਸੋਚਣਾ ਪਵੇਗਾ ਕਿ ਅਸੀਂ ਕਿਸ ਢੰਗ ਨਾਲ ਅੱਗੇ ਤੁਰਨਾ ਹੈ। ਮੈਂ ਜਦੋਂ ਆਉਣ ਲੱਗਿਆ ਸੀ ਤਾਂ ਤੁਹਾਨੂੰ ਮੁਖਾਤਬ ਹੋਣ ਲਈ ਤਾਂ ਮੈਨੂੰ ਅਮੋਲਕ ਭਾਅ ਜੀ ਨੇ ਕਿਹਾ ਕਿ ਤੂੰ ਦੋ ਸ਼ਬਦ ਕਿਸੇ ਗੀਤ ਦੇ ਜਾਂ ਗ਼ਜ਼ਲ ਦੇ ਸਾਂਝੇ ਕਰਨੇ ਤਾਂ ਮੈਂ ਸੋਚਦਾ ਰਿਹਾ ਕਿ ਮੈਂ ਕੀ ਕਹਿ ਸਕਦਾਂ। ਸ਼ਾਇਦ ਇਹ ਭਾਅ ਜੀ ਨੂੰ ਸ਼ਰਧਾਂਜਲੀ ਦਾ ਵਕਤ ਆਪਣੇ ਅੰਦਰ ਝਾਤੀ ਮਾਰਨ ਦਾ ਵਕਤ ਵੀ ਐ ਸੋ ਮੈਂ ਇੱਕ ਗੀਤ ਦਾ ਮੁਖੜਾ ਇੱਕ ਅੰਤਰਾ ਤੁਹਾਡੇ ਨਾਲ ਸਾਂਝਾ ਕਰਾਂਗਾ, ਆਪਣੇ ਵੱਲੋਂ ਤੇ ਜਿਹਨਾਂ ਨੂੰ ਲੱਗੇ ਕਿ ਇਹ ਮੇਰੇ ਵੱਲੋਂ ਵੀ ਐ। ਉਹ ਜ਼ਰੂਰ ਇਹ ਸੋਚਣ ਕਿ ਭਾਅ ਜੀ ਦੇ ਸੱਚੇ ਵਾਰਸ ਬਣਨ ਲਈ ਸਾਨੂੰ ਫੇਰ ਕੀ ਕਰਨਾ ਚਾਹੀਦੈ?

ਸਰਦ ਸਿਆਲੀ ਸੂਰਜ ਜੁਗਨੂੰ ਜਗਦੇ ਹਾਂ

ਸਿੰਜਦੇ ਨਹੀਂ ਕੋਈ ਖੇਤ ਕਿ ਦਰਿਆ ਵਗਦੇ ਹਾਂ

ਸਿੰਜਦੇ ਨਹੀਂ ਕੋਈ ਖੇਤ ਕਿ ਦਰਿਆ ਵਗਦੇ ਹਾਂ।

ਭਾਅ ਜੀ ਦੇ ਫੁੱਲ ਅਸੀਂ ਸਤਲੁਜ ਵਿੱਚ ਤਾਰ ਕੇ ਆਏ ਤੇ ਮੈਨੂੰ ਯਾਦ ਆ ਰਿਹਾ ਕਿ ਸਤਲੁਜ ਨੂੰ ਯਾਦ ਕਰਦਿਆਂ ਅਸੀਂ ਭਾਅ ਜੀ ਨੂੰ ਯਾਦ ਕਰ ਰਹੇ ਆਂ। ਸ਼ਾਇਦ ਇਸ ਤਰ•ਾਂ ਵੀ-

ਗੱਲੀਂ ਬਾਤੀਂ ਸਤਲੁਜ ਦੇ ਵੀ ਹਾਣੀ ਹਾਂ

ਉਂਝ ਬੁੱਢੇ ਨਾਲੇ ਦੀ ਦਰਦ ਕਹਾਣੀ ਹਾਂ।
ਨਿਰਮਲ ਨੀਰ ਦੇ ਦਾਅਵੇ ਵਾਰਸ ਝੱਗ ਦੇ ਹਾਂ
ਸਿੰਜਦੇ ਨਹੀਂ ਕੋਈ ਖੇਤ ਕਿ ਦਰਿਆ ਵਗਦੇ ਹਾਂ।

ਆਖਰੀ ਗੱਲ- ਦਰਿਆਵਾਂ ਨੂੰ ਸਿੰਜਣਾ ਸਿਰਫ ਸਾਡੇ ਵਰਗਿਆਂ ਨੇ ਕਲਾਕਾਰਾਂ ਨੇ ਨਹੀਂ। ਲੋਕ ਲਹਿਰਾਂ ਦੇ ਨਾਇਕਾਂ ਨੇ ਹੈ। ਜਿਵੇਂ ਭਾਅ ਜੀ ਕਿਹਾ ਕਰਦੇ ਸੀ ਲਹਿਰ ਚੱਲਦੀ ਰਹੀ ਤੇ ਮੈਂ ਵੀ ਚੱਲਦਾ ਗਿਆ। ਚੱਲਣਗੇ ਉਹੀ ਕਲਾਕਾਰ ਜਿਹੜੇ ਇਹ ਸਮਝਣਗੇ ਕਿ ਲਹਿਰ ਚੱਲਦੀ ਰਹੀ ਤਾਂ ਮੈਂ ਵੀ ਚੱਲਦਾ ਰਿਹਾ ਕਦੇ ਸਾਡੇ ਵਿੱਚ ਇਹ ਭਰਮ ਪੈਦਾ ਹੋ ਗਿਆ ਕਿ ਲਹਿਰ ਮੈਂ ਪੈਦਾ ਕੀਤੀ ਐ, ਤਾਂ ਫਿਰ ਅਸੀਂ ਗੁਰਸ਼ਰਨ ਸਿੰਘ ਦੇ ਸੱਚੇ ਵਾਰਸ ਨਹੀਂ ਬਣ ਸਕਦੇ। ਸੱਚੇ ਵਾਰਸ ਬਣਨ ਲਈ ਸਾਨੂੰ ਇਹ ਮੰਨਣਾ ਪਏਗਾ ਕਿ ਲਹਿਰ ਚੱਲ ਰਹੀ ਐ ਇਸਦੇ ਨਾਲ ਨਾਲ ਮੈਂ ਵੀ ਚੱਲ ਰਿਹਾ ਆਂ। ਥੈਂਕਯੂ।

ਕੋਈ ਹਕੂਮਤੀ ਪਾਰਟੀ ਉਹਨਾਂ ਨੂੰ ਆਪਣਾ ਨਾਇਕ ਨਹੀਂ ਬਣਾ ਸਕੇਗੀ

-ਅਰੀਤ

ਸਾਥੀ ਅਮੋਲਕ ਜੀ ਨੇ ਹੁਣੇ ਈ ਕਿਹੈ ਕਿ ਥੋੜ•ਾ ਸਮਾਂ ਆਏਗਾ ਜਦੋਂ ਹਕੂਮਤੀ ਤਾਕਤਾਂ ਭਾਅ ਜੀ ਨੂੰ ਵੀ ਆਪਣਾ ਨਾਇਕ ਬਨਾਣ ਦੀ ਕੋਸ਼ਿਸ਼ ਕਰਨਗੀਆਂ ਕਿ ਜਿਵੇਂ ਹੁਣੇ, ਭਗਤ ਸਿੰਘ ਇੱਕਦਮ ਅਸੀਂ ਸੁਣਦੇ ਹਾਂ, ਸੰਧੂ ਹੋ ਗਿਐ। ਸ਼ਾਇਦ ਗੁਰਸ਼ਰਨ ਸਿੰਘ ਪੰਥ ਦਾ ਹੀਰਾ ਹੋ ਜਾਏ। ਪਰ ਮੈਂ ਉਹਨਾਂ ਨੂੰ ਤੇ ਐਥੇ ਹਾਜ਼ਰ ਸਾਰੇ ਲੋਕਾਂ ਨੂੰ ਇਹ ਯਕੀਨ ਦਵਾਂਦੀ ਆਂ ਕਿ ਸਾਡੇ ਜਿਉਂਦਿਆਂ ਜੀਅ ਅਸੀਂ ਗੁਰਸ਼ਰਨ ਸਿੰਘ ਦੇ ਵਾਰਸ, ਦੋਵੇਂ ਭੈਣਾਂ ਇਸ ਕਰਕੇ ਨਹੀਂ ਆਂ ਕਿ ਅਸੀਂ ਉਹਨਾਂ ਦੇ ਬੱਚੇ ਆਂ, ਕਿਉਂਕਿ ਸਾਡੇ ਜਨਮਦਾਤਾ ਹਨ। ਅਸੀਂ ਉਹਨਾਂ ਦੇ ਓਨੇ ਹੀ ਫਾਲੋਅਰ ਵੀ ਹਾਂ, ਅਸੀਂ ਉਹਨਾਂ ਦੇ ਜਜ਼ਬੇ ਵੀ ਸਮਝਦੇ ਆਂ। ਸਾਡੇ ਜੀਂਦਿਆਂ ਜੀਅ ਉਹਨਾਂ ਦੀ ਸੋਚ ਨੂੰ ਕੋਈ ਖਰੀਦ ਨਹੀਂ ਸਕੇਗਾ। ਕੋਈ ਹਕੂਮਤੀ ਪਾਰਟੀ ਉਹਨਾਂ ਨੂੰ ਆਪਣਾ ਨਾਇਕ ਨਹੀਂ ਬਣਾ ਸਕੇਗੀ। (ਭਾਅ ਜੀ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ, ਭਾਅ ਜੀ ਤੇਰਾ ਕਾਜ ਅਧੂਰਾ, ਲਾ ਕੇ ਜਿੰਦੜੀਆਂ ਕਰਾਂਗੇ ਪੂਰਾ। ਗੁਰਸ਼ਰਨ ਭਾਅ ਜੀ ਤੈਨੂੰ ਲਾਲ ਸਲਾਮ।) ਮੈਂ ਇਥੇ ਆਣਾਂ ਇਸ ਕਰਕੇ ਵੀ ਫਰਜ਼ ਸਮਝਦੀ ਆਂ, ਮੈਂ ਸਮਝਦੀ ਆਂ, ਕਿ ਜਿਥੇ ਗੁਰਸ਼ਰਨ ਸਿੰਘ ਨੂੰ ਯਾਦ ਕੀਤਾ ਜਾਵੇਗਾ, ਅਸੀਂ ਉਥੇ ਪਹੁੰਚਾਂਗੇ। ਮੈਂ ਜਾਂ ਮੇਰੀ ਭੈਣ ਸਿਰਫ ਇਹ ਦੱਸਣ ਵਾਸਤੇ ਕਿ ਗੁਰਸ਼ਰਨ ਸਿੰਘ ਜੇ ਅੱਜ ਲੋਕਾਂ ਦਾ ਨਾਇਕ ਬਣਿਆ ਹੈ ਤਾਂ ਉਹ ਲੋਕਾਂ ਦਾ ਨਾਇਕ ਇਸ ਕਰਕੇ ਐ ਬਈ ਜੋ ਚੀਜ਼ ਉਹ ਲੋਕਾਂ ਨੂੰ ਕਹਿੰਦੇ ਰਹੇ, ਜੋ ਸੁਨੇਹੇ ਉਹ ਲੋਕਾਂ ਨੂੰ ਦੇਂਦੇ ਰਹੇ, ਉਹ ਸੁਨੇਹੇ ਉਹਨਾਂ ਨੇ ਆਪਣੀ ਬਿਆਸੀ ਸਾਲਾਂ ਦੇ ਜੀਵਨ ਵਿੱਚ ਪਲ ਪਲ ਉਹ ਸੁਨੇਹੇ ਲੈ ਕੇ ਹੀ ਉਹ ਵਿਚਰੇ ਹਨ। ਕੋਈ ਐਸਾ ਪਲ ਨਹੀਂ ਆਇਆ, ਜਦੋਂ ਅਸੀਂ ਦੇਖਿਆ ਹੋਏ ਕਿ ਪਾਪਾ ਬਾਹਰ 'ਤੇ ਕੋਈ ਹੋਰ ਭਾਸ਼ਣ ਦੇ ਆਏ ਤੇ ਘਰ ਵਿੱਚ ਕੋਈ ਹੋਰ ਵਤੀਰਾ ਕਰਦੇ ਪਏ ਐ। ਮੈਂ ਅੱਜ ਇਥੇ ਖੜ•ੇ ਹੋ ਕੇ ਬੜੀ ਹੈਰਾਨੀ ਵਾਲੀ ਗੱਲ ਇਹ ਵੀ ਸੋਚੀ ਕਿ ਮੇਰੀ ਐਨੀ ਲੰਮੀ ਜ਼ਿੰਦਗੀ ਮੈਂ ਉਹਨਾਂ ਦੇ ਨਾਲ ਗੁਜ਼ਾਰੀ ਐ। ਦੋ ਚੀਜ਼ਾਂ ਮੈਂ ਉਹਨਾਂ ਦੇ ਮੂੰਹ ਤੋਂ ਕਦੇ ਨਹੀਂ ਸੁਣੀਆਂ। ਕਦੀ ਗਲਤੀ ਨਾਲ ਵੀ, ਗੁੱਸੇ 'ਚ ਵੀ ਹੋਣ ਕਿਸੇ ਵੀ ਪਲ ਇੱਕ ਗਾਲ•- ਕਦੀ ਗਾਲ• ਨੀਂ ਸੁਨੀ ਉਹਨਾਂ ਦੇ ਮੂੰਹੋਂ ਮਾਂ ਜਾਂ ਭੈਨ ਦੀ ਗਾਲ• ਜਿਹੜੀ ਉਹ ਪੰਜਾਬ ਦੀ ਸਟੇਜ ਵਿੱਚ ਪਿੰਡਾਂ ਵਿੱਚ ਜਾ ਕਹਿੰਦੇ ਰਹੇ ਨੇ ਕਿ ਗਾਲ•ਾਂ ਕੱਢਨੀਆਂ ਬੰਦ ਕਰੋ। ਲੜਦੇ ਮਰਦ ਨੇ ਤੇ ਬੇਇੱਜਤੀ ਤੁਸੀਂ ਮਾਵਾਂ ਤੇ ਭੈਨਾਂ ਦੀ ਕਰਦੇ ਓ, ਇਹ ਗੱਲ ਕਰਨੀ ਬੰਦ ਕਰੋ। ਤੇ ਧੀ ਹੋਣ ਦੇ ਨਾਤੇ, ਜਦੋਂ ਤੁਸੀਂ ਕਹਿੰਦੇ ਹੋ ਗੁਰਸ਼ਰਨ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ ਤਾਂ ਕਮ ਸੇ ਕਮ ਐਨਾ ਜ਼ਰੂਰ ਵਾਅਦਾ ਕਰ ਲਓ ਕਿ ਆਪਨੀਆਂ ਜੁਬਾਨਾਂ 'ਤੇ ਕਾਬੂ ਕਰ ਲਓ। ਮਾਂ-ਭੈਨ ਨੂੰ ਗਾਲ• ਕੱਢਨੀ ਬੰਦ ਕਰ ਦਓ। ਤੁਹਾਡਾ ਇਥੇ ਆਨਾ ਸਫਲ ਹੋ ਜਾਏਗਾ। (ਹੇਠਾਂ ਨਾਅਰੇ ਲੱਗ ਰਹੇ ਨੇ- ਗੁਰਸ਼ਰਨ ਭਾਅ ਜੀ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ, ਗੁਰਸ਼ਰਨ ਭਾਅ ਜੀ ਅਮਰ ਰਹਿਣ) ਕਿਉਂਕਿ ਲੜਾਈਆਂ ਜਿਹੜੀਆਂ ਹੁੰਦੀਆਂ, ਜਿਹੜੀਆਂ ਤੁਸੀਂ ਸਮਾਜ ਨਾਲ ਲੜਨ ਚਲਦੇ ਓ ਪਹਿਲੇ ਤੁਸੀਂ ਆਪਣੇ ਘਰਾਂ ਤੋਂ ਸ਼ੁਰੂ ਕਰਦੇ ਓ। ਜੇ ਸਾਡੇ ਕਾਮਰੇਡ, ਸਾਡੇ ਵੀਰ ਜਿਹੜੇ ਇਥੇ ਆਏ ਨੇ, ਜੇ ਘਰ ਵਿੱਚ ਆਪਨੀ ਮਾਂ, ਭੈਨ, ਧੀ ਬਾਹਰ ਖਲੋਤੀ ਔਰਤ ਦੀ ਇੱਜਤ ਨਹੀਂ ਕਰ ਸਕਦੇ ਤਾਂ ਉਹ ਇਸ ਲਹਿਰ ਨੂੰ ਅੱਗੇ ਨਹੀਂ ਲਿਜਾ ਸਕਦੇ। ਉਹ ਸੱਚੇ ਇਨਕਲਾਬੀ ਨਹੀਂ ਨੇ। ਦੂਜੀ ਗੱਲ ਜੋ ਮੈਂ ਕਦੀ ਉਹਨਾਂ ਦੇ ਮੂੰਹ 'ਚੋਂ ਨਹੀਂ ਸੁਨੀ ਸਾਡਾ ਆਹ ਸਾਰਾ ਪਰਿਵਾਰ ਸਿੱਖੀ ਵਿੱਚ ਬੜਾ ਯਕੀਨ ਕਰਦਾ ਸੀ, ਸਾਡੇ ਪੜਦਾਦਾ ਜੀ ਚੀਫ ਖਾਲਸਾ ਦੀਵਾਨ ਦੇ ਬਾਨੀਆਂ ਵਿੱਚੋਂ ਸਨ, ਹਾਲਾਂ ਕਿ ਪੜ•ੇ ਲਿਖੇ ਬੰਦੇ ਸੀਗੇ ਪਰ ਵਾਹਿਗੁਰੂ ਘਰ ਵਿੱਚ ਸਾਡੇ ਗੁਰੂ ਗਰੰਥ ਸਾਹਿਬ ਸਾਡੇ ਹੁੰਦਾ ਸੀ। ਮੈਂ ਇੰਨੇ ਲੰਮੇ ਜੀਵਨ ਵਿੱਚ ਪਿਛਲੇ ਚਾਰ ਸਾਲ ਉਹ ਮੰਜੇ 'ਤੇ ਪਏ ਰਹੇ। ਉਹਨਾਂ ਨੂੰ ਕਈ ਕਿਸਮ ਦੇ ਸ਼ੂਗਰ ਰੋਗ ਹੋਨ ਦੇ ਕਰਕੇ ਕਈ ਕਿਸਮ ਦੀਆਂ ਬੀਮਾਰੀਆਂ ਆਈਆਂ, ਕਦੀ ਨਾ ਉਹਨਾਂ ਨੇ ਜ਼ਿੰਦਗੀ 'ਚ ਹਾਏ ਨੀਂ ਕਹੀ, ਹਾਏ- ਇਹ ਲਫਜ਼ ਨਹੀਂ ਕੱਢਿਆ। ਨਾ ਉਹਨਾਂ ਨੇ ਕਿਹਾ ਓਹ ਰੱਬਾ! ਓ ਵਾਹਿਗੁਰੂ!! ਸੱਚੇ ਪਾਤਸ਼ਾਹ!!! ਕਦੀ ਇਹ ਲਫਜ਼ ਅੱਜ ਤੱਕ ਮੂੰਹ 'ਚੋਂ ਨਹੀਂ ਨਿਕਲਿਆ। ਨਾ ਆਖਰੀ ਪਲਾਂ 'ਚ। ਲੋਕ ਇਹ ਕਹਿੰਦੇ ਆ ਬਈ ਜਾਂਦਾ ਜਾਂਦਾ ਬੰਦਾ ਧਾਰਮਿਕ ਹੋ ਜਾਂਦੈ, ...... ਮੇਰੀ ਮੰਮੀ ਨੇ ਕਈ ਵਾਰੀ ਡਰ ਕੇ ਕਿਹਾ ਕਿ ਤੁਸੀਂ ਵਾਹਿਗੁਰੂ ਆਖੀਓ। ਤਾਂ ਉਹ ਕਹਿੰਦੇ ਤੁਸੀਂ ਆਖੋ। ਵਾਹਿਗੁਰੂ ਮੈਂ ਨਹੀਂ ਕਦੀ ਕਿਹਾ ਕਰਨਾ ਵਾਹਿਗੁਰੂ। ਮਤਲਬ ਜੇ ਉਹ ਇੱਕ ਇਨਕਲਾਬੀ ਸੀ ਤਾਂ ਅਸੀਂ ਹੁਸੈਨੀਵਾਲਾ ਉਹਨਾਂ ਦੇ ਫੁੱਲ ਪ੍ਰਵਾਹ ਕਰਨ ਗਏ ਤਾਂ ਮੈਂ ਕਿਹਾ ਕਿ ਬੜਾ ਮਾਨ ਐ ਸਾਨੂੰ ਆਪਣੇ ਪੰਜਾਬ ਦੇ ਉਹਨਾਂ ਦੋ ਨਾਇਕਾਂ 'ਤੇ ਸਾਡਾ ਮਹਾਂ ਨਾਇਕ ਭਗਤ ਸਿੰਘ ਜਿਹੜਾ ਭਰੀ ਜੁਆਨੀ 'ਚ ਲੋਕਾਂ ਨੂੰ ਬਰਾਬਰੀ ਦਾ ਅਤੇ ਸੋਹਣਾ ਸਮਾਜ ਦੇਣ ਵਾਸਤੇ ਉਹ ਸਿਰਫ ਅੰਗਰੇਜ਼ ਦੇ ਵਿਰੁੱਧ ਨਹੀਂ ਸੀ ਉਹ ਆਪਣੇ ਲੋਕਾਂ ਵਾਸਤੇ ਬਰਾਬਰੀ ਦਾ ਵਧੀਆ ਸਮਾਜ ਬਣਾਨਾ ਚਾਹੁੰਦਾ ਸੀ, ਉਸ ਸੋਚ ਲਈ ਉਹ ਭਰੀ ਜਵਾਨੀ ਵਿੱਚ ਫਾਂਸੀ ਦਾ ਰੱਸਾ ਚੁੰਮ ਗਿਆ। ਤੇ ਦੂਜਾ ਸਾਡਾ ਨਾਇਕ ਗੁਰਸ਼ਰਨ ਸਿੰਘ ਹੈ, ਜਿਹੜਾ 82 ਸਾਲ ਇਸ ਧਰਤੀ 'ਤੇ ਵਿਚਰਿਆ, 82 ਸਾਲ ਦੇ ਹਰ ਇੱਕ ਦਿਨ ਹਰ ਇੱਕ ਪਲ ਉਹ ਇਨਕਲਾਬੀ ਸੋਚ ਨਾਲ ਈ ਵਿਚਰਿਆ। ਉਹਨੇ ਕੰਪਰੋਮਾਈਜ਼ ਨਹੀਂ ਕੀਤਾ। ਜੋ ਉਹਨਾਂ ਨੇ ਨਾਟਕਾਂ ਦਾ ਰਾਹ ਚੁਣਿਆ, ਜਦੋਂ ਐਮਰਜੈਂਸੀ ਤੋਂ ਪਹਿਲੇ ਉਹ ਬੜੀ ਸਿਆਣਪ ਨਾਲ, ਉਹ ਸਾਇੰਸਦਾਨ ਸਨ ਕਿਉਂਕਿ ਉਹ ਹਰ ਚੀਜ਼ ਦਾ ਫਾਰਮੂਲਾ ਜਿਹਾ ਲੱਭਦੇ ਸਨ, ਉਹਨਾਂ ਨੇ ਨਾਟਕ ਕੀਤਾ ਸੀ ''ਹਵਾਈ ਗੋਲੇ''। ਪਾਰਲੀਮੈਂਟ 'ਚ ਜੋ ਬਹਿਸ ਚੱਲ ਰਹੀ ਹੋਣੀ ਐ, ਉਹ ਕਿਸ ਤਰ•ਾਂ ਸਾਡਾ ਮਜਾਕ ਉਡਾਇਆ ਜਾ ਰਿਹਾ ਆਮ ਲੋਕਾਂ ਦਾ। ਜਦੋਂ ਐਮਰਜੈਂਸੀ ਲੱਗੀ, ਮਤਲਬ ਮੈਂ ਇਹ ਵੀ ਸਮਝਦੀ ਆਂ ਕਿ ਸਿੱਖ ਵਿਰਸੇ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸਨ। ਉਹ ਗੁਰੂ ਨਾਨਕ ਦੇ ਸਿੱਖ ਤੇ ਗੁਰੂ ਗੋਬਿੰਦ ਸਿੰਘ ਦੇ ਸੱਚੇ ਸਿੰਘ ਸਨ। ਜਦੋਂ ਅਸੀਂ ਲਾਸਟ ਉਹਨਾਂ ਦੇ ਫੁੱਲ ਚੁਗੇ ਤਾਂ ਕੜਾ ਉਹਨਾਂ ਦੇ ਹੱਥ ਵਿਚ ਜਿਹੜਾ ਪਾਂਦੇ ਸੀ, ਉਹ ਸਾਰਾ ਜੀਵਨ ਆਪਣੇ ਹੱਥ ਵਿੱਚ ਕੜਾ ਪਾ ਕੇ ਰੱਖਿਆ। ਮੈਨੂੰ ਨਹੀਂ ਪਤਾ ਕਿ ਉਹ ਸੱਚੇ ਕਮਿਊਨਿਸਟ ਸੀ ਹਮੇਸ਼ਾਂ ਆਪਣੇ ਆਪ ਨੂੰ ਕਮਿਊਨਿਸਟ ਕਹਿੰਦੇ ਸੀ। ਉਹਨਾਂ ਨੇ ਕੜਾ ਕਿਉਂ ਨਹੀਂ ਲਾਹਿਆ? ਕਿਉਂਕਿ ਉਹਨਾਂ ਨੇ ਬੜੀ ਵਾਰੀ ਐਲਾਨ ਨਾਲ ਕਿਹਾ ਸੀ ਕਿ ਮੈਂ ਗੁਰੂ ਨਾਨਕ ਦਾ ਸਿੱਖ ਤੇ ਗੁਰੂ ਗੋਬਿੰਦ ਸਿੰਘ ਦਾ ਸਿੰਘ ਹਾਂ। ਸਾਨੂੰ ਸਾਡੇ ਰਿਸ਼ਤੇਦਾਰਾਂ ਨੇ ਮੈਂ ਅੱਜ ਤੱਕ ਆਪਣੇ ਬੜੇ ਆਪਣੇ ਲੋਕਾਂ ਦੇ ਲਹਿਰਾਂ ਦੇ ਲੋਕਾਂ ਦੇ ਅਖੀਰ ਦੇਖੇ ਨੇ ਕਿ ਆਪਣਾ ਪਰਿਵਾਰ ਈ ਕਹਿ ਦਿੰਦੈ ਕਿ ਪਾਠ ਕਰ ਲਈਏ, ਅਰਦਾਸ ਕਰ ਲਈਏ। ਕੋਈ ਮਾੜਾ ਮੋਟਾ ਰੱਬ ਦਾ ਨਾਂ ਲੈ ਲਈਏ। ਉਹਨਾਂ ਦੀਆਂ ਆਖਰੀ ਰਸਮਾਂ ਵਿੱਚ ਕਿਸੇ ਵੀ ਰਸਮ ਵਿੱਚ ਕਦੀ ਵੀ ਅੱਜ ਤੱਕ ਕੋਈ ਧਾਰਮਿਕ ਰਸਮ ਅਦਾ ਨਹੀਂ ਕੀਤੀ ਗਈ। ਜਦੋਂ ਸਾਡੇ ਦੋ ਵੱਡੇ ਜੇਹੜੇ ਹੈਗੇ ਆ, ਉਹਨਾਂ ਨੇ ਕਿਹਾ ਕਿ ਇੱਕ ਅਰਦਾਸ 'ਤੇ ਕਰ ਲਓ। ਮੈਂ ਕਿਹਾ, ਉਹ ਆਪਣੇ ਜੀਵਨ ਵਿੱਚ ਆਪਨੀ ਅਰਦਾਸ ਕਰ ਚੁੱਕੇ ਹੋਏ ਆ। ਗੁਰੂਆਂ ਦਾ ਜਿਹੜਾ ਸੁਨੇਹਾ ਸੀ, ਜਾਤ-ਪਾਤ ਤੋਂ ਬਿਨਾ ਦਾ, ਉਹ ਨੀਚਾਂ ਅੰਦਰ ਨੀਚ ਜਾਤ ਜਿਹੜੇ ਗੁਰੂ ਨਾਨਕ ਦੇਵ ਜੀ ਕਹਿ ਗਏ ਅਤੇ ਜੋ ਗੁਰੂ ਨਾਨਕ ਕਹਿ ਗਿਆ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਨਾਇਸੀ ਸੱਚ ਕੀ ਬੇਲਾ। ਕਿ ਸੱਚ ਉਦੋਂ ਈ ਸੱਚ ਐ ਜਦੋਂ ਉਹਨੂੰ ਕਹਿਣ ਦਾ ਵੇਲਾ ਐ। ਗੁਰਸ਼ਰਨ ਸਿੰਘ ਉਦੋਂ ਸੱਚ ਬੋਲਦਾ ਰਿਹੈ। ਉਹ ਸੱਚ ਬੋਲਦਾ ਰਿਹੈ ਉਹ ਸਮੇਂ ਦਾ ਸੱਚ ਸੀ। ਜੋ ਐਮਰਜੈਂਸੀ 'ਚ ''ਕਿਵ ਕੂੜੇ ਤੂਟੇ ਪਾਲਿ'' 'ਚ ਡਰਾਮਾ ਕਰਦੇ ਸੀ ਥਾਂ ਥਾਂ 'ਤੇ ਲੋਕਾਂ ਨੂੰ ਚੀਕ ਚੀਕ ਕੇ ਕਹਿੰਦਾ ਰਿਹਾ ਬਈ ਮੇਰੀ ਧਰਤੀ ਦੇ ਲੋਕੋ ਮੱਤ ਭੁੱਲ ਜਾਓ। ਸਾਕਾ ਸਰਹੰਦ ਦੇ ਉੱਤੇ ਉਹ ਨਾਟਕ ਸੀ। ਜਦੋਂ ਸਾਹਿਬਜ਼ਾਦਿਆਂ ਦੀ ਜ਼ਿੰਦਗੀ ਦੇ ਉੱਤੇ ਕਿ ਮੇਰੀ ਧਰਤੀ ਦੇ ਲੋਕੋ ਇਹ ਮੱਤ ਭੁਲ ਜਾਓ ਕਿ ਜੇ ਅੱਜ ਕਿਸੇ ਜ਼ੁਲਮ ਨੂੰ ਤਮਾਸ਼ਾਈ ਬਣ ਕੇ ਦੇਖੋਗੇ ਤਾਂ ਕੱਲ• ਨੂੰ ਤੁਹਾਡੇ ਬੱਚਿਆਂ ਨੂੰ, ਤੁਹਾਡੀਆਂ ਆਨ ਵਾਲੀਆਂ ਪੁਸ਼ਤਾਂ ਨੂੰ ਉਹਦੀ ਕੀਮਤ ਦੇਣੀ ਪਏਗੀ। ਬੋਲੋ, ਐਮਰਜੈਂਸੀ 'ਚ ਲੋਕਾਂ ਨੂੰ ਇਹ ਕਹਿੰਦੇ ਰਹੇ। ਜਦੋਂ ਪੰਜਾਬ ਵਿੱਚ ਆਤੰਕਵਾਦ ਦਾ ਕਾਲਾ ਦੌਰ ਚੱਲਿਆ, ਜਦੋਂ ਸੁਮੀਤ ਸਿੰਘ ਪ੍ਰੀਤਲੜੀ ਦਾ ਕਤਲ ਹੋਇਆ, ਜਦੋਂ ਸੰਤ ਜਰਨੈਲ ਸਿੰਘ ਐਥੇ ਖਲੋ ਕੇ ਇਤਿਹਾਸ ਜਿਹੜੈ ਲੋਕੀ ਭੁੱਲ ਜਾਂਦੇ ਐ ਕਿ ਨਾਟਕ ਦਾ ਡਾਇਲਾਗ ਸੀ, ਉਹ ਕਹਿੰਦਾ ਕਿ ਜੀ ਲੋਕਾਂ ਦਾ ਚੇਤਾ ਬੜਾ ਮਾੜਾ ਹੁੰਦਾ ਐ। ਲੋਕ ਬੜੀ ਜਲਦੀ ਭੁੱਲ ਜਾਂਦੇ ਨੇ। ਇਸ ਕਰਕੇ ਅੱਜ ਮੈਂ ਫੇਰ ਇਥੇ ਇਹ ਗੱਲ ਦੁਹਰਾਵਾਂਗੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਰਬਾਰ ਸਾਹਿਬ ਵਿੱਚ ਮੌਜੂਦ ਸੀਗੇ ਜਦੋਂ ਹੁਕਮਨਾਮੇ ਜਾਰੀ ਕੀਤੇ ਜਾ ਰਹੇ ਸੀ ਤਾਂ ਉਹਨਾਂ ਨੇ ਪਹਿਲੇ ਇੱਕ ਛੋਟੀ ਸਟੋਰੀ ''ਹਿੱਟ ਲਿਸਟ'' ਲਿਖੀ ਉਸ ਤੋਂ ਬਾਅਦ ਉਹਦਾ ਮੰਚਨ ਕੀਤਾ ਅੰਮ੍ਰਿਤਸਰ ਸ਼ਹਿਰ ਵਿੱਚ ਤੇ ਕਿਹਾ ਕਿ ਜੇ ਤੁਹਾਡੇ ਕੋਲ ਹਿੱਟ ਲਿਸਟ ਐ, ਜੀਹਦਾ ਇਸਤੇਮਾਲ ਕਰਦੇ ਹੋ, ਤੁਸੀਂ ਸੁਮੀਤ ਵਰਗੇ ਨੌਜੁਆਨਾਂ ਦਾ ਕਤਲ ਕਰ ਰਹੇ ਹੋ। ਤਾਂ ਸਾਡੇ ਕੋਲ ਵੀ ਹਿੱਟ ਲਿਸਟ ਐ। ਜੀਹਦੇ ਵਿੱਚ ਸਭ ਤੋਂ ਉਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਨਾਮ ਹੈ। ਇਹ ਐਨੀ ਨਿਧੜਕ ਹੋ ਕੇ ਕਿਹਾ ਕਿ ਉਹਨਾਂ ਨੇ ਕੋਈ ਡਰ ਨਹੀਂ ਮਹਿਸੂਸ ਕੀਤਾ ਬਈ ਮੈਂ ਮਾਰਿਆ ਜਾਵਾਂਗਾ। ਉਹ ਹਮੇਸ਼ਾਂ ਕਹਿੰਦੇ ਹੁੰਦੇ ਸੀ। ਮਰ ਗਏ ਤਾਂ ਮਰ ਗਏ ਹੋਰ ਲੋਕ ਵੀ ਮਰ ਰਹੇ ਆ। ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅੰਮ੍ਰਿਤਸਰ ਵਿੱਚ ਮੌਜੂਦ ਸੀ ਜਦ ਨਾਟਕ ਕੀਤਾ, ''ਕੁਰਸੀ ਮੋਰਚਾ ਤੇ ਹਵਾ 'ਚ ਲਟਕਦੇ ਲੋਕ''। ਜਦੋਂ ਮੰਜੀ ਦੇ ਇੱਕ ਪਾਸੇ, ਜੀਹਦੇ ਉਤੇ ਸੰਤ ਵਰਗਾ ਬੰਦਾ ਬਿਠਾਇਆ ਦੂਜੇ ਪਾਸੇ ਦਰਬਾਰਾ ਸਿੰਘ ਵਰਗਾ ਵਜ਼ੀਰ ਬਿਠਾਇਆ ਤੇ ਵਿੱਚ ਲੋਕ ਉਹਨਾਂ ਨੂੰ ਸੁਆਲ ਕਰ ਰਹੇ ਤੇ ਉਹਨਾਂ ਨੂੰ ਕਹਿ ਰਹੇ ਆ, ਕਿ ਤੁਸੀਂ ਦੋਹਾਂ ਦਾ ਤਮਾਸ਼ਾ ਐ ਜਿਹੜਾ ਤੁਸੀਂ ਪੰਜਾਬ ਦੇ ਵਿੱਚ ਕਰ ਰਹੇ ਹੋ। ਤੁਹਾਡੇ ਕੋਲ ਲੋਕਾਂ ਦੀਆਂ ਅਸਲੀ ਮੁਸੀਬਤਾਂ ਦਾ ਕੋਈ ਵੀ ਜੁਆਬ ਨਹੀਂ ਐ। ਮੈਂ ਇਸ ਕਰਕੇ ਕਹਿਨੀ ਆਂ ਕਿ ਗੁਰਸ਼ਰਨ ਸਿੰਘ ਅੱਜ ਲੋਕ ਨਾਇਕ ਇਸ ਕਰਕੇ ਐ ਕਿਉਂਕਿ ਉਹ ਇਨਕਲਾਬੀ ਸੋਚ ਨੂੰ ਲੈ ਕੇ ਚੱਲਿਆ। ਸਾਰਾ ਜੀਵਨ, ਬਿਨਾ ਕੰਪਰੋਮਾਈਜ਼ ਦੇ। ਬਿਨਾ ਛੋਟੀ ਵੱਡੀ ਗੱਲ ਦੇ। ਬਿਨਾ ਲੜਾਈ ਝਗੜੇ ਦੇ, ਬਿਨਾ ਏਹ ਸੋਚੇ ਕਿ ਬਈ ਇਸ ਬੰਦੇ ਨੇ ਕੱਲ• ਤਾਂ ਮੈਨੂੰ ਗਾਲ•ਾਂ ਕੱਢੀਆਂ ਸੀ, ਅੱਜ ਮੈਂ ਇਹਦੇ ਇਥੇ ਕਿਵੇਂ ਚਲਾਂ ਜਾਵਾਂ? ਇਹ ਗੱਲਾਂ ਬਿਨਾ ਸੋਚੇ ਅੱਗੇ ਦੇ ਅੱਗੇ ਵਧਦੇ ਗਏ। ਆਪਣੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਦੇ ਰਹੇ। ਅਖੀਰ ਵਿੱਚ ਜਦੋਂ ਉਹਨਾਂ ਕੋਲ ਬਹੁਤ ਹੀ ਲਿਮਟਿਡ ਐਨਰਜੀ ਬਚੀ, ਜਿਸਮਾਨੀ ਜਿਹੜੀ ਤਾਕਤ ਸੀ, ਉਹ ਬੜੀ ਘੱਟ ਹੋ ਗਈ ਸੀ। ਉਹਨਾਂ ਨੇ ਆਪਣਾ ਫੋਕਸ ਸੀ, ਉਹ ਹੋਰ ਸੀਮਤ ਕਰਕੇ ਕਿਹਾ ਸੀ। ਕਿ ਮੇਰਾ ਨਿਸ਼ਾਨਾ ਮੇਰੇ ਵਿਹੜੇ ਵਿੱਚ ਵਸਦੇ ਲੋਕ ਨੇ। ਤੇ ਮੇਰੀਆਂ ਕੁੜੀਆਂ ਨੇ। ਉਹ ਹਮੇਸ਼ਾਂ ਇੱਕ ਪਿਤਾ ਵਾਕੁਣ ਪੰਜਾਬ ਵਿੱਚ ਵਿਚਰਿਐ। ਉਹ ਘਰ ਵਿੱਚ ਇੱਕ ਨਾਟਕਕਾਰ ਵਾਂਗ ਵਿਚਰੇ ਜੋ ਬਾਹਰ ਸੀ ਉਹੀ ਅੰਦਰ ਸੀ। ਅੰਦਰ ਸੀ ਉਹੀ ਬਾਹਰ ਸੀ। ਉਹਨਾਂ ਨੂੰ ਆਪਣੀਆਂ ਬੇਟੀਆਂ ਦਾ ਜਿਵੇਂ ਉਹਨਾਂ ਨੂੰ ਜਦੋਂ ਪੰਜਾਬ ਵਿੱਚ ਲਹਿਰ ਚੱਲੀ ਐ ਮੂਲਵਾਦੀਆਂ ਦੀ ਤਾਂ ਉਹਨਾਂ ਨੇ ਇੱਕ ਲੇਖ ਲਿਖਿਆ ਸੀ ਕਿ ਮੈਨੂੰ ਮੂਲਵਾਦੀਆਂ ਤੋਂ ਇਸ ਕਰਕੇ ਨਫਰਤ ਐ ਕਿ ਜੇ ਉਪਰ ਆ ਗਏ ਤਾਂ ਉਹ ਮੇਰੀਆਂ ਬੇਟੀਆਂ ਤੋਂ ਜੀਣ ਦਾ ਹੱਕ ਖੋਹ ਲੈਣਗੇ। ਸਭ ਤੋਂ ਪਹਿਲਾਂ ਮੇਰੀਆਂ ਬੇਟੀਆਂ ਦੇ ਸਿਰ 'ਤੇ ਪੱਲਾ ਕਰਵਾ ਦੇਣਗੇ ਤੇ ਉਹਨਾਂ ਨੂੰ ਕਹਿਣਗੇ ਬਈ ਔਰਤਾਂ ਇਹ ਨਹੀਂ ਕਰ ਸਕਦੀਆਂ, ਓਹ ਨਹੀਂ ਕਰ ਸਕਦੀਆਂ। ਕਿਉਂਕਿ ਸਾਰੇ ਧਾਰਮਿਕ ਕੱਟੜਵਾਦੀ ਜਿਹੜੇ ਐ, ਉਹ ਔਰਤ ਵਿਰੋਧੀ ਨੇ। ਇਸ ਕਰਕੇ ਅੱਜ ਇਥੇ ਜਦੋਂ ਅਸੀਂ ਖੜ•ੇ ਹੋਏ ਆਂ ਜਦੋਂ ਐਨਾ ਵੱਡਾ ਇਕੱਠ ਐ। ਉਹਨਾਂ ਨੂੰ ਸ਼ਰਧਾਂਜਲੀ ਐ ਤੇ ਮੈਂ ਇੱਕ ਗੱਲ ਕਹਿਣਾ ਚਾਂਹਦੀ ਆਂ ਕਿ ਇਸ ਵਕਤ ਪੰਜਾਬ ਦੇ ਸਭਿਆਚਾਰ ਨੂੰ ਸਭ ਤੋਂ ਵੱਡਾ ਖਤਰਾ ਇਸ ਵਕਤ ਐ, ਲੱਚਰ ਜੋ ਗੀਤ ਸੰਗੀਤ ਐ। ਲੱਚਰ ਜੋ ਵਰਤਾਰਾ ਐ, ਖਾਲੀ ਗਾਨੇ ਈ ਲੱਚਰ ਨਹੀਂ ਐ, ਸਾਡੀ ਜਿਹੜੀ ਬੋਲਚਾਲ ਐ, ਸਾਡਾ ਜਿਹੜਾ ਆਮ ਜੀਵਨ ਹੈ ਉਹ ਬਹੁਤ ਹੀ ਉਹਦਾ ਪੱਧਰ ਥੱਲੇ ਡਿਗ ਗਿਆ ਹੈ। ਉਹ ਉਹਨਾਂ ਦਾ ਬੜਾ ਡਾਇਲਾਗ ਹੁੰਦਾ ਸੀ, ਉਹ ਕਹਿੰਦੇ ਹੁੰਦੇ ਸੀ ਕਿ ਪੰਜਾਬੀ ਜਿਥੇ ਜਾਣ ਜਦੋਂ ਢੋਲ ਵੱਜਦਾ ਐ। ਲੋਕਾਂ ਨੂੰ ਨੱਚਣ ਲਾ ਦਿੰਦਾ ਹੈ। ਉਹ ਕਹਿੰਦੇ ਸੀ ਕਿ ਮੈਂ ਚਾਂਹਦਾ ਹਾਂ ਕਿ ਮੇਰੇ ਨਾਟਕ ਲੋਕਾਂ ਨੂੰ ਸੋਚਣ ਲਾ ਦੇਣ। ਤੇ ਮੇਰੀ ਸਭ ਨੂੰ ਏਹੀ ਬੇਨਤੀ ਹੈ ਕਿ ਸੋਚਨ ਲੱਗ ਪਈਏ ਕਿ ਸੋਚ ਕੇ ਕਿਸ ਤਰ•ਾਂ ਆਪਣਾ, ਜਿਹੜਾ ਹੈ, ਆਪਨੀ ਛੋਟੀ ਜਿਹੀ ਸ਼ਰਧਾਂਜਲੀ ਦੇ ਸਕਦੇ ਆਂ। ਉਹਦੇ ਬਾਰੇ ਅਹਿਦ ਕਰਨਾ ਹੀ ਸ਼ਾਇਦ ਇਥੇ ਆਨ ਦਾ ਮਕਸਦ ਪੂਰਾ ਕਰਦੈ। ਧੰਨਵਾਦ।

ਉਨਹੋਨੇ ਦੁਸ਼ਮਨ ਕੇ ਸਾਥ ਦੋਸਤੀ ਨਹੀਂ ਕੀ

ਦੋਸਤ ਕੋ ਦੁਸ਼ਮਨ ਨਹੀਂ ਬਨਾਇਆ

-ਅਰੁੰਧਤੀ ਰਾਏ

ਲਾਲ ਸਲਾਮ ਕਾਮਰੇਡਜ਼! ਮੈਂ ਆਪ ਕਾ ਜ਼ਿਆਦਾ ਟਾਈਮ ਨਹੀਂ ਲੂੰਗੀ। ਸਿਰਫ ਯਹ ਬਤਾਨੇ ਆਈ ਹੂੰ ਕਿ ਮੈਂ ਇਤਨੀ ਦੂਰ ਸੇ ਕਿਉਂ ਆਈ? ਗੁਰਸ਼ਰਨ ਸਿੰਘ ਸਰਦਾਰ ਕੋ ਸ਼ਰਧਾਂਜਲੀ ਦੇਨੇ ਕੇ ਲੀਏ। ਇਸੀ ਲੀਏ ਆਈ ਹੂੰ ਕਿਉਂਕਿ ਇਨਹੋ ਨੇ ਹਮੇਂ ਬਹੁਤ ਬਹੁਤ ਅਹਿਮ ਬਾਤੇਂ ਸਿਖਾਈਂ। ਏਕ ਤੋ ਯਹ ਸਿਖਾਇਆ ਕਿ ਕਲਾ ਔਰ ਸਮਾਜ ਕੇ ਬੀਚ ਮੇਂ ਕਯਾ ਰਿਸ਼ਤਾ ਹੋਨਾ ਚਾਹੀਏ। ਲੇਖਕ ਲੋਗ, ਕਲਾਕਾਰ ਲੋਗ ਔਰ ਜਨਤਾ ਕੇ ਬੀਚ ਮੇਂ ਜੋ ਰਿਸ਼ਤਾ ਹੈ ਵੋ ਕਯਾ ਹੋਨਾ ਚਾਹੀਏ। ਉਨਹੋ ਨੇ ਹਮੇਂ ਯਹ ਸਿਖਾਯਾ। ਔਰ ਉਨਹੋ ਨੇ ਮੁਝ ਜੈਸੇ ਲੋਗੋਂ ਕੋ ਏਕ ਰਾਸਤਾ ਦਿਖਾਯਾ। ਵੋ ਰਾਸਤਾ ਯਹ ਹੈ ਕਿ ਆਪ ਅਪਨਾ ਪੁਲੀਟੀਕਲ ਕੁਮਿਟਮੈਂਟ (ਪਤਾ ਨਹੀਂ ਪੰਜਾਬੀ ਮੇਂ ਕਯਾ ਕਹੇਂਗੇ?) (ਪ੍ਰਤੀਬੱਧਤਾ) ਔਰ ਪੁਲਿਟੀਕਲ ਪ੍ਰਬੱਧਤਾ ਕੇ ਔਰ ਉਨਕੇ ਸਾਥ ਸਾਥ ਏਕ ਸੋਚ ਕਾ ਸਵਤੰਤਰਤਾ ਏਕ ਸੋਚ ਕਾ ਆਜ਼ਾਦੀ ਦੋਨੋਂ ਸਾਥ ਸਾਥ ਕੈਸੇ ਰੱਖ ਸਕਤੇ ਹੈਂ। ਕਿਉਂਕਿ ਬਹੁਤ ਸਾਰੇ ਲੋਗ ਹੈਂ ਜੋ ਏਕ ਸਾਥ ਵੋ ਕਮਿਟਮੈਂਟ ਕਰ ਦੇਤੇ ਹੈਂ ਫਿਰ ਉਨਕਾ ਦਿਮਾਗ ਭੀ ਬੈਗ ਮੇਂ ਡਾਲ ਦੇਤੇ ਹੈਂ। ਉਸ ਕੋ ਇਸਤੇਮਾਲ ਨਹੀਂ ਕਰਤੇ। ਲੇਕਿਨ ਸਰਦਾਰ ਗੁਰਸ਼ਰਨ ਜੀ ਨੇ ਯਹ ਅਪਨੀ ਪੂਰੀ ਜ਼ਿੰਦਗੀ ਮੇਂ ਹਮੇਂ ਦਿਖਾਯਾ, ਯਹ ਕਾਮ ਕਰਕੇ ਦਿਖਾਯਾ। ਜਬ ਪੰਜਾਬ ਅੱਸੀ (ਨਾਈਨਟੀਨ ਏਟੀਜ਼ ਮੇਂ) ਬਹੁਤ ਮੁਸ਼ਕਲ ਮੇਂ ਜੀਅ ਰਹੇ ਥੇ, ਆਪ ਸਭ ਕੋ ਮਾਲੂਮ ਹੈ। ਜਬ ਮਿਲੀਟੈਂਸੀ ਜਾਰੀ ਥਾ। (1980 ਦਹਿਸ਼ਤਗਰਦੀ ਦਾ ਦੌਰ) ਤਬ ਉਨਹੋ ਨੇ ਬਿਲਕੁਲ ਨਹੀਂ ਡਰਾ। ਅਪਨੀ ਬਾਤੇਂ ਲੋਗੋਂ ਕੇ ਸਾਮਨੇ ਰੱਖੀਂ। ਜੈਸੇ ਉਨ ਕੀ ਬੇਟੀ ਨੇ ਬਤਾਯਾ, ਐਮਰਜੈਂਸੀ ਕੇ ਟਾਈਮ ਮੇਂ ਉਨਹੋ ਨੇ ਨਹੀਂ ਡਰਾ। ਨਾ ਸਿਰਫ ਦੁਸ਼ਮਨ ਕੇ ਸਾਮਨੇ ਰੱਖਾ। ਲੇਕਿਨ ਆਪਨੇ ਦੋਸਤੋਂ ਕੇ ਸਾਮਨੇ ਭੀ ਰੱਖਾ। ਆਪਨੀ ਬਾਤੋਂ ਕੋ। ਔਰ ਉਨ ਕੀ ਖਾਸੀਅਤ ਯਹ ਥੀ ਕਿ ਦੁਸ਼ਮਨ ਕੇ ਸਾਥ ਉਨਹੋ ਨੇਂ ਦੋਸਤੀ ਨਹੀਂ ਕੀ ਔਰ ਦੋਸਤ ਕੋ ਉਨਹੋ ਨੇ ਦੁਸ਼ਮਨ ਨਹੀਂ ਬਨਾਇਆ। ਤੋ ਇਸੀ ਲੀਏ ਹਮ ਲੋਗ ਸਭ ਇਕੱਠੇ ਹੋਏ ਹੈਂ ਸ਼ਰਧਾਂਜਲੀ ਕਰਨੇ ਕੇ ਲੀਏ। ਹਮੇਸ਼ਾਂ ਉਨ ਕਾ ਜ਼ਿੰਦਗੀ ਐਸੇ ਬਿਤਾਇਆ ਕਿ ਜਨਤਾ ਕੇ ਪ੍ਰਤੀਰੋਧ ਕਾ ਸਾਥ ਦਿਯਾ ਉਨਹੋ ਨੇ। ਲੇਕਿਨ ਪ੍ਰਤੀਰੋਧ ਕਯਾ ਹੋਤਾ ਹੈ? ਜਨਤਾ ਕਾ ਪ੍ਰਤੀਰੋਧ ਕਯਾ ਹੋਤਾ ਹੈ? ਏਕ ਬਹੁਤ ਬੜਾ ਪੱਥਰ ਨਹੀਂ ਹੋਤਾ, ਦੀਵਾਰ ਕੇ ਏਕ ਪੱਥਰ ਸੇ ਨਹੀਂ ਬਨਤਾ ਪ੍ਰਤੀਰੋਧ। ਹਜ਼ਾਰੋਂ ਛੋਟੇ ਛੋਟੇ ਪੱਥਰ ਸੇ ਪ੍ਰਤੀਰੋਧ ਬਨਤਾ ਹੈ। ਔਰ ਵੋ ਪੱਥਰ ਕੋ ਸੀਮੈਂਟ ਕੇ ਸਾਥ ਜੁੜਨੇ ਕਾ ਕਾਮ ਲੇਖਕ ਔਰ ਕਲਾਕਾਰ ਕਰਤੇ ਹੈਂ। ਔਰ ਯਹ ਕਾਮ ਉਨਹੋ ਨੇ ਅਪਨੀ ਪੂਰੀ ਜ਼ਿੰਦਗੀ ਭਰ ਕੀਯਾ। ਵੋ ਪੱਥਰ ਕਾ ਸੀਮੈਂਟ ਬਨਾ। ਅਲਗ ਅਲਗ, ਅਲਗ ਅਲਗ ਅੰਦੋਲਨੋਂ ਕੋ ਸਾਥ ਜੋੜਨਾ। ਯਹ ਸੀਮੈਂਟ ਬਨਾ। ਗੁਰਸ਼ਰਨ ਸਿੰਘ ਸਰਦਾਰ ਗੁਰਸ਼ਰਨ ਸਿੰਘ ਜੀ ਕਾ ਕਾਮ ਉਸ ਸੀਮੈਂਟ ਬਨਨੇ ਕਾ ਥਾ। ਔਰ ਅਬ ਜਬ ਵੋਹ ਨਹੀਂ ਰਹਾ ਤੋ ਵੋ ਦੀਵਾਰ ਕੋ ਹਮ ਟੂਟਨੇ ਨਹੀਂ ਦੇਨਾ ਹੈ। (ਤਾੜੀਆਂ) ਆਜ ਪੰਜਾਬ ਸੇ ਲੇ ਕੇ ਕੇਰਲ ਤੱਕ ਛਤੀਸਗੜ•, ਝਾਰਖੰਡ, ਉੜੀਸਾ ਮੇਂ ਅਲਗ ਅਲਗ ਕਿਸਮ ਕੀ ਲੜਾਈ ਹੋ ਰਹਾ ਹੈ। ਗਾ ਮੇਂ, ਸ਼ਹਿਰ ਮੇਂ, ਜੰਗਲ ਮੇਂ ਬਸਤੀ ਮੇਂ। ਔਰ ਯਹ ਜੋ ਲੋਗ ਹੈਂ, ਜੈਸੇ ਜੰਗਲ ਮੇਂ ਆਦਿਵਾਸੀ ਲੋਗ ਲੜ ਰਹੇ ਹੈਂ। ਮੈਂ ਉਨ ਕੇ ਸਾਥ ਸਮਯ ਬਿਤਾ ਕੇ ਆਈ ਹੂੰ। ਉਨ ਕੇ ਗਾਓਂ ਗਾਓਂ ਮੇਂ ਹਜ਼ਾਰ ਹਜ਼ਾਰ ਪੁਲੀਸ ਜਾਤੇ ਹੈਂ। ਔਰ ਗਾਓਂ ਕੋ ਘੇਰ ਕੇ ਜਲਾ ਦੇਤੇ ਹੈਂ। ਔਰਤੋਂ ਕੋ ਬਲਾਤਕਾਰ ਕਰਤੇ ਹੈਂ। ਜੋ ਜੰਗਲ ਕੇ ਗਾਉਂ ਅਲਗ ਹੈਂ। ਉੜੀਸਾ ਮੇਂ ਮਾਨ ਲੋ ਬਾਹਰ ਕੇ ਗਾਓਂ ਮੇਂ ਬੜੇ ਬੜੇ ਕੰਪਨੀਉਂ ਕੇ ਖਾਦਾਨ ਬਨਾਨਾ ਚਾਹਤੇ ਹੈਂ। ਉਨ ਕੀ ਜ਼ਮੀਨ ਲੇ ਰਹੇ ਹੈਂ, ਬੜੀ ਕੰਪਨੀਆਂ ਕੋ ਦੇ ਰਹੇ ਹੈਂ। ਵਹਾਂ ਅਲਗ ਕਿਸਮ ਕਾ ਲੜਾਈ ਚਲ ਰਹਾ ਹੈ। ਬਹੁਤ ਬੜਾ ਲੜਾਈ ਹੈ। ਜੈਸੇ ਪੰਜਾਬ ਮੇਂ ਆਪ ਲੋਗ ਜਾਨਤੇ ਹੈਂ ਕਿ ਸ਼ਾਇਦ ਬਹੁਤ ਸਾਰੇ ਲੋਗ ਆਪ ਕੇ ਕਿਸਾਨ ਹੈਂ। ਲੇਕਿਨ ਪੰਜਾਬ ਮੇਂ ਤੀਸ ਪ੍ਰਤੀਸ਼ਤ ਲੋਗ ਦਲਿਤ ਹੈਂ। ਉਨ ਮੇਂ ਸੇ ਨੱਬੇ ਪ੍ਰਤੀਸ਼ਤ ਸੇ ਜ਼ਿਆਦਾ ਲੋਗ ਭੂਮੀਹੀਨ ਹੈਂ। ਉਨ ਕੀ ਜ਼ਰੂਰਤੇਂ ਉਨ ਕੀ ਮਜਬੂਰੀਆਂ ਅਲਗ ਹੈਂ। ਤੋਂ ਉਨ ਕਾ ਲੜਾਈ ਅਲਗ ਹੈ। ਮਹਿਲਾਓਂ ਕਾ ਲੜਾਈ ਅਲਗ ਹੈ। ਲੇਕਿਨ ਹਮ ਕੋ ਏਕ ਦੂਸਰੇ ਕੋ ਸਮਝਨਾ ਚਾਹੀਏ। ਅਲਗ ਅਲਗ ਨਹੀਂ ਰਹਿਨਾ ਚਾਹੀਏ। ਗੁਰਸ਼ਰਨ ਜੀ ਕਾ ਕਹਿਨਾ ਥਾ ਕਿ ਸ਼ਾਇਦ ਵਾਮਪੰਥ ਕੇ ਪਕਸ਼ ਠੀਕ ਸੇ ਜਾਤੀ ਕਾ ਸਮੱਸਿਆ ਨਹੀਂ ਸਮਝ ਪਾਏ ਹੈਂ। ਮੇਰਾ ਭੀ ਮਾਨਨਾ ਯਹੀ ਹੈ। ਮੇਰਾ ਕਿਤਾਬ ਮੇਂ ਭੀ ਇਸੀ ਕੀ ਜ਼ਿਕਰ ਹੈ। ਕਿਉਂਕਿ ਜਬ ਤਕ ਹਮ ਲੋਗ ਜਾਤੀ ਔਰ ਮਹਿਲਾ ਕਾ ਸਮੱਸਿਆ ਨਹੀਂ ਸਮਝੇਂਗੇ ਤਬ ਤਕ ਹਮਾਰਾ ਸਮਾਜ ਮਜਬੂਤ ਨਹੀਂ ਬਨ ਸਕਤਾ। ਹਮ ਅਪਨੇ ਆਪ ਕੋ ਰੈਵੋਲੂਸ਼ਨਰੀ (ਇਨਕਲਾਬੀ) ਨਹੀਂ ਕਹਿ ਸਕਤੇ। ਜਬ ਤਕ ਹਮ ਇਨ ਮੁੱਦੋਂ ਕੋ ਹਮ ਠੀਕ ਸੇ ਨਹੀਂ ਸਮਝ ਪਾਏਂਗੇ। ਆਜ ਏਸ ਦੇਸ਼ ਮੇਂ ਬਹੁਤ ਕਿਸਮ ਕੀ ਲੜਾਈ ਹੈਂ। ਗਾਂਧੀਅਨ ਲੜਾਈ ਹੈ, ਸੋਸ਼ਲਿਜ਼ਮ ਕੀ ਲੜਾਈ ਹੈ, ਮਿਲੀਟੈਂਟ ਲੜਾਈ ਹੈ, ਮਾਓਵਾਦੀ ਲੜ ਰਹੇ ਜੰਗਲ ਮੇਂ। ਲੇਕਿਨ ਹਮ ਕੋ ਸੋਚਨਾ ਚਾਹੀਏ ਕਿ ਕਯਾ ਹੋ ਰਹਾ ਹੈ ਇਸ ਦੇਸ਼ ਮੇਂ। 1976 ਮੇਂ ਜਬ ਐਮਰਜੈਂਸੀ ਹੂਆ। ਜਬ ਇੰਦਰਾ ਗਾਂਧੀ ਨੇ ਐਮਰਜੈਂਸੀ ਡਿਕਲੇਅਰ ਕੀਯਾ। ਜਬ ਨਕਸਲਵਾਦ ਕਾ ਅੰਦੋਲਨ ਉਠਾ ਥਾ 1967 ਮੇਂ ਤਬ ਕਿਸ ਚੀਜ਼ ਕੇ ਲੀਏ ਲੜ ਰਹੇ ਥੇ ਹਮ? ਤਬ ਹਮ ਲੋਗ ਲੈਂਡ ਰਿਫਾਰਮ ਕੇ ਲੀਏ ਲੜ ਰਹੇ ਥੇ। ਤਬ ਹਮ ਲੋਗ ਜ਼ਮੀਨੀ ਸੁਧਾਰ ਕੇ ਲੀਏ, ਤਬ ਹਮ ਲੋਗ ਕਹਿ ਰਹੇ ਥੇ ਕਿ ਯੋ ਭੂਮੀਹੀਨ ਹੈ ਉਨਕੋ ਜ਼ਮੀਨ ਮਿਲਨੀ ਚਾਹੀਏ। ਲੇਕਿਨ ਅਬ ਇਸ ਵਕਤ ਜੈਸੇ ਗੋਬਿੰਦਪੁਰਾ ਮੇਂ ਹੋ ਰਹਾ ਹੈ, ਕਯਾ ਹੋ ਰਹਾ ਹੈ? ਜਿਸ ਕੇ ਪਾਸ ਥੋੜ•ਾ ਬਹੁਤ ਜ਼ਮੀਨ ਬਚਾ ਹੈ, ਵੋ ਭੀ ਛੀਨ ਰਹੇ ਹੈਂ। ਕੰਪਨੀਅੋਂ ਕੋ ਦੇ ਰਹੇ ਹੈਂ। ਵੱਡੀ ਕੰਪਨੀਆਂ ਕੋ ਦੇ ਰਹੇ ਹੈਂ। ਤਬ ਹਮਾਰਾ ਅੰਦੋਲਨ ਪਿਛੇ ਰਹਿ ਗਯਾ। ਉਸ ਟਾਈਮ ਹਮ ਭੂਮੀਹੀਨ ਲੋਗੋਂ ਕੋ ਜ਼ਮੀਨ ਦੇਨੇ ਕੇ ਲੀਏ ਲੜ ਰਹੇ ਥੇ। ਅਬ ਹਮ ਲੋਗ ਲੜ ਰਹੇ ਹੈਂ ਕਿ ਜਿਸ ਕੇ ਪਾਸ ਜੋ ਕੁਛ ਬਚਾ ਹੈ ਵੋ ਭੀ ਲੇ ਜਾ ਰਹੇ ਹੈਂ ਸਰਕਾਰ, ਕੰਪਨੀ। ਔਰ ਜਿਤਨੇ ਸਾਰੇ ਲੋਗ ਹੈਂ, ਅੱਸੀ ਕਰੋੜ ਸੇ ਜ਼ਿਆਦਾ ਲੋਗ ਹੈਂ ਇਸ ਦੇਸ਼ ਮੇਂ ਜਿਹਨੇ ਬੀਸ ਰੁਪਏ ਸੇ ਕਮ ਏਕ ਦਿਨ ਮੇਂ ਕਮਾਤੇ ਹੈਂ। ਜੋ ਦਲਿਤ ਹੈ, ਜੋ ਸ਼ਹਿਰ ਕੀ ਬਸਤੀ ਮੇਂ ਲੜ ਰਹੇ ਹੈਂ, ਜਿਸ ਕੇ ਪਾਸ ਨਾ ਜ਼ਮੀਨ ਹੈ ਨਾ ਨੌਕਰੀ ਹੈ। ਵੋ ਤੋ ਪੂਰਾ ਨਜ਼ਰਅੰਦਾਜ਼ ਕੀਯਾ ਗਯਾ ਹੈ। ਨਾ ਸਿਰਫ ਸਰਕਾਰ ਬਲਿਕ ਅੰਦੋਲਨ ਭੀ। ਤੋ ਹਮ ਕੋ ਯਹ ਸਬ ਸੋਚ ਕੇ ਏਕ ਨਯਾ ਕਿਸਮ ਕਾ ਅੰਦੋਲਨ ਖੜਾ ਕਰਨੇ ਕੀ ਜ਼ਰੂਰਤ ਹੈ। ਹਮੇਂ ਯਹ ਮਤ ਭੂਲਨਾ ਚਾਹੀਏ ਕਿ ਇਸ ਦੇਸ਼ ਮੇਂ ਸਭ ਸੇ ਗਰੀਬ ਲੋਗ ਸਬ ਸੇ ਗਰੀਬ ਲੋਗ, ਦੁਨੀਆਂ ਕੇ ਸਬ ਸੇ ਗਰੀਬ ਲੋਗ ਉੜੀਸਾ, ਝਾਰਖੰਡ, ਛਤੀਸਗੜ•, ਦੁਨੀਆਂ ਕੇ ਸਭ ਸੇ ਗਰੀਬ ਲੋਗੋਂ ਕੋ ਨੇ ਬੜੇ ਕੰਪਨੀ ਕੋ ਪਾਂਚ ਛੇ ਸਾਲ ਸੇ ਰੋਕ ਰੱਖਾ ਹੈ। ਯਹ ਬਹੁਤ ਬੜੀ ਬਾਤ ਹੈ। ਔਰ ਯਹ ਹਮਾਰੇ ਦੇਸ਼ ਕੇ ਲੜਨੇ ਵਾਲੇ ਸਾਥੀਓ ਕੋ ਹਮੇਂ ਰੋਜ਼ ਰੋਜ਼ ਸਲਾਮ ਦੇਨਾ ਚਾਹੀਏ। ਸੋ ਮੈਂ ਲੜਨੇ ਵਾਲੇ ਸਾਥੀਓ ਕੋ ਸਲਾਮ ਦੇਤੀ ਹੂੰ। ਔਰ ਸਰਦਾਰ ਗੁਰਸ਼ਰਨ ਸਿੰਘ ਕੋ ਔਰ ਉਨਕੇ ਕਾਮ ਕੋ ਲਾਲ ਸਲਾਮ।

ਜ਼ਿੰਦਗੀ ਦੀਆਂ ਠੋਸ ਗੱਲਾਂ ਕਰਨ ਲੱਗੋ

-ਅਤਰਜੀਤ

ਗੁਰਸ਼ਰਨ ਸਿੰਘ ਭਾਅ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਆਏ ਮੇਰੇ ਜੁਝਾਰ ਲੋਕੋ, ਮੈਂ ਇਹ ਜਿਹੜੀਆਂ ਤਸਵੀਰਾਂ ਦਿਸ ਰਹੀਆਂ ਆਪਾਂ ਨੂੰ ਇਹ 'ਕੱਲੀਆਂ ਤਸਵੀਰਾਂ ਨਹੀਂ ਭਾਅ ਜੀ ਦੀਆਂ। ਇੱਕ ਇੱਕ ਤਸਵੀਰ ਸਾਨੂੰ ਸੁਨੇਹਾ ਦੇ ਰਹੀ ਐ, ਔਰ ਉਹ ਸੁਨੇਹੇ ਲਿਖੇ ਵੀ ਪਏ ਨੇ। ਮੈਂ ਗੁਰਸ਼ਰਨ ਭਾਅ ਜੀ ਨੂੰ ਸ਼ਰਧਾ ਦੇ ਫੁੱਲ, ਜਿਹੜੀ ਸ਼ਰਧਾਂਜਲੀ ਭੇਟ ਕਰਦਾਂ, ਇਸ ਗੱਲ ਕਰਕੇ ਕਿ ਇਧਰ ਮੇਰੇ ਲੇਖਕ ਵੀਰ, ਨਾਟਕਕਾਰ ਵੀਰ, ਕਲਾਕਾਰ ਵੀਰ ਬੈਠੇ ਨੇ। ਸਾਨੂੰ ਲੇਖਕਾਂ ਨੂੰ ਅੱਜ ਇਹ ਅਹਿਦ ਕਰਨਾ ਚਾਹੀਦੈ, ਇਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਏਗੀ ਕਿ ਮੇਰੇ ਲੇਖਕ ਵੀਰੋ, ਆ ਜਿਹੜੀਆਂ ਕਵਿਤਾਵਾਂ ਤੁਸੀਂ ਲਿਖ ਰਹੇ ਹੋ, ਆਪਣੇ ਅੰਦਰ ਦੀਆਂ ਗੱਲਾਂ, ਅੰਦਰਲੀ ਟੁੱਟ ਭੱਜ ਦੀਆਂ ਗੱਲਾਂ, ਇਹਨਾਂ ਨੂੰ ਕਰੋ ਬੰਦ, ਤੇ ਜਿੰਦਗੀ ਦੀਆਂ ਠੋਸ ਗੱਲਾਂ ਕਰਨ ਲੱਗੋ। ਜਿਹੜੇ ਮੇਰੇ ਕਹਾਣੀਕਾਰ ਮਿੱਤਰ ਬੈਠ ਰੂਮ ਦੀਆਂ ਕਹਾਣੀਆਂ ਲਿਖ ਰਹੇ ਨੇ, ਉਹ ਤੁਸੀਂ ਸਰਕਾਰੀ ਪੱਖ ਪੂਰ ਰਹੇ ਹੋ। ਤੁਸੀਂ ਸਰਮਾਏਦਾਰੀ ਦਾ ਪੱਖ ਲੈ ਰਹੇ ਹੋ। ਤੁਸੀਂ ਲੋਕ ਸੇਵਾ ਵਿੱਚ ਨਹੀਂ ਲੱਗੇ ਹੋਏ, ਜਿਹੜੇ ਇਸ ਤਰ•ਾਂ ਦੀਆਂ ਗੱਲਾਂ ਕਰ ਰਹੇ ਹੋ। ਜਿਹੜੇ ਮੇਰੇ ਲੇਖਕ ਵੀਰ ਦਲਿਤਾਂ ਦਾ ਤੇ ਕਿਸਾਨ ਦਾ ਜਾਂ ਦੂਜੇ ਲੋਕਾਂ ਨਾਲ ਪਾੜਾ ਪਾ ਕੇ ਲਿਖ ਰਹੇ ਨੇ, ਉਹ ਵੀ ਸਮਾਜ ਦਾ ਕੋਈ ਭਲਾ ਨਹੀਂ ਕਰ ਰਹੇ। ਇਹ ਭਾਅ ਜੀ ਦੇ ਸੁਨੇਹੇ ਨੇ, ਜਿਹੜੇ ਮੈਂ ਆਪਣੇ ਵੱਲੋਂ ਲੇਖਕਾਂ ਵੱਲੋਂ ਅਹਿਦ ਦੇ ਰੂਪ ਦੇ ਵਿੱਚ ਗੱਲ ਕਰ ਰਿਹਾਂ। ਸਾਨੂੰ ਅੱਜ ਲੋੜ ਐ, ਗੁਰਸ਼ਰਨ ਭਾਅ ਜੀ ਦੇ ਉਹਨਾਂ ਸੁਨੇਹਿਆਂ ਨੂੰ ਅੱਗੇ ਲੈ ਕੇ ਜਾਣ ਦੀ। ਲੋਕਾਂ ਦੀ ਗੱਲ ਕਰਨ ਦੀ ਉਹ ਕਲਮਾਂ ਅੱਜ ਲੋਕਾਂ ਦੇ ਵਿਹੜੇ ਦੀ ਗੱਲ ਕਰਨ ਵਾਲੀਆਂ ਇਨਕਲਾਬੀ ਧਿਰਾਂ ਵਿੱਚ ਗਿਣੀਆਂ ਜਾਣਗੀਆਂ। ਜਿਹੜੇ ਲੋਕ ਬੈੱਡ ਰੂਮ ਦੀਆਂ ਕਹਾਣੀਆਂ ਲਿਖਦੇ ਨੇ, ਜਿਹੜੇ ਮਨੁੱਖ ਦੇ ਅੰਦਰਲੀ ਟੁੱਟ-ਭੱਜ ਦੀਆਂ ਗੱਲਾਂ ਕਰਦੇ ਨੇ, ਜਿਹੜੇ ਕੋਈ ਗੀਤਕਾਰ ਇਸ ਤਰ•ਾਂ ਦਾ ਲੱਚਰ ਕਿਸਮ ਦਾ ਜਿਹੜੀ ਸਾਡੀ ਬੇਟੀ ਅਰੀਤ ਗੱਲਾਂ ਕਰਕੇ ਗਈ ਐ, ਉਸ ਤਰ•ਾਂ ਦੇ ਲੋਕ ਸਾਡੇ ਨਹੀਂ ਉਹ ਸਰਮਾਏਦਾਰੀ ਦਾ ਪੱਖ ਪੂਰਨ ਵਾਲੇ ਨੇ। ਆਓ! ਮੇਰੇ ਲੇਖਕ ਦੋਸਤੋ, ਆਪਾਂ ਅਹਿਦ ਕਰੀਏ, ਮੇਰੇ ਕਹਾਣੀਕਾਰ ਮਿੱਤਰੋ, ਜਿੱਥੋਂ ਤੱਕ ਮੇਰੀ ਗੱਲ ਤੁਹਾਡੇ ਤੱਕ ਜਾਂਦੀ ਐ, ਮੇਰੇ ਕਵੀ ਦੋਸਤੋ, ਜਿੱਥੋਂ ਤੱਕ ਮੇਰੀ ਆਵਾਜ਼ ਤੁਹਾਡੇ ਤੱਕ ਜਾਂਦੀ ਐ। ਜੇ ਮੇਰੀ ਗੱਲ ਇਹ ਲੋਕਾਂ ਤੱਕ ਜਾਏਗੀ, ਆਓ ਆਪਾਂ ਗੋਬਿੰਦਪੁਰੇ ਦੀਆਂ ਗੱਲਾਂ ਕਰਨ ਲੱਗੀਏ। ਆਓ ਆਪਾਂ ਤਖਤੂਪੁਰੇ ਦੀਆਂ ਗੱਲਾਂ ਕਰਨ ਲੱਗੀਏ। ਆਓ ਆਪਾਂ ਝਾਰਖੰਡ ਦੀਆਂ ਗੱਲਾਂ ਕਰਨ ਲੱਗੀਏ। ਆਦਿਵਾਸੀਆਂ ਦੀਆਂ ਗੱਲਾਂ ਕਰਨ ਲੱਗੀਏ। ਮੈਨੂੰ ਦੁੱਖ ਹੁੰਦੈ, ਜਦੋਂ ਮੇਰੀਆਂ ਕਹਾਣੀਆਂ ਦੇ ਉੱਤੇ ਕੋਈ ਆਲੋਚਕ ਇਹ ਕਹਿੰਦੇ ਐ ਕਿ ਇਹ ਇੱਕ ਵਰਗ ਦੀ ਇੱਕ ਜਮਾਤ ਦੀ, ਇੱਕ ਪਾਰਟੀ ਦੀ ਜਾਂ ਇੱਕ ਖਾਸ ਕਿਸਮ ਦੇ ਸੰਘਰਸ਼ਸ਼ੀਲ ਲੋਕਾਂ ਨੂੰ ਖੁਸ਼ ਕਰਨ ਵਾਸਤੇ ਲਿਖਦੈ। ਮੈਨੂੰ ਇਸ ਗੱਲ ਦੀ ਪ੍ਰਵਾਨਗੀ ਨਹੀਂ ਹੈ। ਆਓ, ਆਪਾਂ ਇਹਨਾਂ ਲੋਕਾਂ ਦੀ ਖਾਤਰ ਲਿਖੀਏ, ਆਹ ਜਿਹੜੇ ਸੰਘਰਸ਼ਸ਼ੀਲ ਲੋਕ ਨੇ, ਜਿਹੜੇ ਗੋਲੀਆਂ ਅੱਗੇ ਹਿੱਕਾਂ ਡਾਹੁੰਦੇ ਨੇ, ਗੋਲੀਆਂ ਦੇ ਮੂਹਰੇ ਜਿਹੜੇ ਸੰਘਰਸ਼ ਕਰਦੇ ਨੇ। ਜਿਹਨਾਂ ਦਾ ਸੁਨੇਹਾ ਅੱਜ ਅਮੋਲਕ ਨੇ ਦਿੱਤੈ ਕਿ ਗੋਬਿੰਦਪੁਰੇ ਦੀ ਧਰਤੀ ਉੱਤੇ ਲੜ ਰਹੇ ਨੇ। ਆਓ ਇਹਨਾਂ ਦੀ ਖਾਤਰ ਲਿਖਣ ਲੱਗੀਏ। ਇਹੀ ਸੱਚੀ ਸ਼ਰਧਾਂਜਲੀ ਹੋਊਗੀ। ਮੈਂ ਲੇਖਕਾਂ ਵੱਲੋਂ, ਕਵੀਆਂ ਵੱਲੋਂ, ਨਾਟਕਕਾਰਾਂ ਵੱਲੋਂ, ਨਾਟਕ ਲਿਖਣ ਵਾਲਿਆਂ ਵੱਲੋਂ, ਇਹ ਅਹਿਦ ਕਰਦਾਂ ਕਿ ਆਓ, ਆਪਾਂ ਇਸ ਪਾਸੇ ਚੱਲਾਂਗੇ। ਬਹੁਤ ਬਹੁਤ ਧੰਨਵਾਦ।

ਅਸੀਂ ਕਿਸੇ ਹੋਰ ਗੁਰਸ਼ਰਨ ਸਿੰਘ ਨੂੰ ਉਡੀਕਦੇ ਹਾਂ

-ਜਸਪਾਲ ਜੱਸੀ

ਪਿਆਰੇ ਦੋਸਤੋ, ਭਾਅ ਜੀ ਬਾਰੇ ਬਹੁਤ ਕੁਛ ਕੀਮਤੀ ਅਤੇ ਮੁੱਲਵਾਨ ਕਿਹਾ ਜਾ ਚੁੱਕਿਐ। ਇਹਦੇ ਬਾਵਜੂਦ ਵੀ ਮੈਨੂੰ ਲੱਗਦਾ ਸੀ ਕਿ ਕਾਫੀ ਕੁੱਝ ਕਹਿਣਾ ਅਜੇ ਬਾਕੀ ਐ। ਪਰ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ, ਉਹ ਗੱਲਾਂ ਆਪਾਂ ਕਦੇ ਕਿਸੇ ਹੋਰ ਮੌਕੇ ਕਰਾਂਗੇ। ਮੈਂ ਕੁੱਝ ਜ਼ਰੂਰੀ ਗੱਲਾਂ ਪੰਜਾਬ ਦੇ ਸਾਹਿਤ-ਕਲਾ ਜਗਤ ਦੀਆਂ ਸਖਸ਼ੀਅਤਾਂ ਨਾਲ ਅਤੇ ਪੰਜਾਬ ਦੀ ਲੋਕ ਲਹਿਰ ਦੇ ਘੁਲਾਟੀਆਂ ਨਾਲ ਕਰਨੀਆਂ ਚਾਹੁੰਨਾ ਕਿ ਅੱਜ ਭਾਅ ਜੀ ਦੇ ਜਾਣ ਤੋਂ ਬਾਅਦ ਸਾਡੇ 'ਤੇ ਕੀ ਜੁੰਮੇਵਾਰੀ ਆਇਦ ਹੁੰਦੀ ਐ। ਇੱਕ ਗੱਲ ਜਦੋਂ ਅਸੀਂ ਅੱਜ ਦੇ ਇਸ ਸ਼ਰਧਾਂਜਲੀ ਸਮਾਗਮ ਦਾ ਇਸ਼ਤਿਹਾਰ ਜਾਰੀ ਕੀਤਾ ਉਸ ਇਸ਼ਤਿਹਾਰ ਦੇ ਉੱਤੇ ਇੱਕ ਪਹਿਲੀ ਸਤਰ ਸੀ- ਜੋਕਾਂ ਨਕਲੀ ਸਿਫਤਾਂ ਕਰਦੀਆਂ ਨੇ ਤੇ ਲੋਕ ਆਪਣੇ ਸੰਗਰਾਮੀਆਂ ਦੇ ਆਦਰਸ਼ਾਂ ਨੂੰ ਬੁਲੰਦ ਕਰਦੇ ਨੇ।

ਕਿਤੋਂ ਕਿਤੋਂ, ਸਾਨੂੰ ਮਿੱਤਰਾਂ ਦੇ ਸੁਆਲ ਹੋਏ, ਕਿ ਕਿਹੜੀਆਂ ਜੋਕਾਂ? ਕੌਣ ਜੋਕਾਂ? ਇਹ ਵਿੱਚ ਜੋਕਾਂ ਦਾ ਚੱਕਰ ਕੀ ਪਾ ਲਿਆ। ਸਭ ਨੂੰ ਭਾਅ ਜੀ ਨੂੰ ਸ਼ਰਧਾਂਜਲੀਆਂ ਦੇਣ ਦਿਓ। ਸਾਡੇ ਧਿਆਨ ਵਿੱਚ ਉਦੋਂ ਸੀ, ਸੁਖਬੀਰ ਬਾਦਲ ਦੇ ਬਿਆਨ, ਪ੍ਰਕਾਸ਼ ਸਿੰਘ ਬਾਦਲ ਦੇ ਬਿਆਨ, ਉਹਨਾਂ ਨੇ ਗੁਰਸ਼ਰਨ ਸਿੰਘ ਦੀਆਂ ਕਦਰਾਂ-ਕੀਮਤਾਂ ਦੀ ਪ੍ਰਸ਼ੰਸਾ ਕੀਤੀ। ਉਹਨਾਂ ਨੂੰ ਬੁਲੰਦ ਕਰਨ ਦੀਆਂ ਗੱਲਾਂ ਕੀਤੀਆਂ। ਗੁਰਸ਼ਰਨ ਸਿੰਘ ਨੂੰ ਲੋਕਾਂ ਦਾ ਸੇਵਕ ਕਿਹਾ। ਪਰ ਅੱਜ ਜਦੋਂ ਅਸੀਂ ਇਸ ਪੰਡਾਲ ਦੇ ਵਿੱਚ ਬੈਠੇ ਆਂ ਅਸੀਂ ਆਪਣੇ ਉਸ ਰੰਗਮੰਚ ਦੀ ਕਲਗੀ ਨੂੰ, ਓਸ, ਲੋਕਾਂ ਦੇ ਆਗੂ ਨੂੰ, ਸ਼ਰਧਾਂਜਲੀ ਦੇ ਰਹੇ ਹਾਂ, ਐਨ ਓਸੇ ਮੌਕੇ ਉਹਨਾਂ ਜੋਕਾਂ ਦੀਆਂ ਲਾਠੀਆਂ ਗੋਬਿੰਦਪੁਰੇ ਦੀ ਧਰਤੀ 'ਤੇ ਵਰ• ਰਹੀਆਂ ਨੇ। ਐਸ ਵੇਲੇ ਖਬਰਾਂ ਆ ਰਹੀਆਂ ਨੇ, ਲਾਠੀਚਾਰਜ ਹੋ ਰਿਹੈ, ਮਰਦ ਜਖ਼ਮੀ ਨੇ, ਔਰਤਾਂ ਜਖ਼ਮੀ ਨੇ, ਗ੍ਰਿਫਤਾਰੀਆਂ ਹੋ ਰਹੀਆਂ ਨੇ। ਏਸ ਵਾਸਤੇ, ਕਿ ਕਿਸੇ ਵੱਡੀ ਕੰਪਨੀ ਨੇ ਦਲਿਤਾਂ ਦੀ, ਕਿਸਾਨਾਂ ਦੀ, ਜ਼ਮੀਨ-ਜਾਇਦਾਦ ਖੋਹਣੀ ਐ। ਦਲਿਤਾਂ ਦੀ ਰੋਟੀ ਅਤੇ ਰੁਜ਼ਗਾਰ ਖੋਹਣੈ, ਇਹ ਲਾਠੀਆਂ ਉਹਨਾਂ ਦੇ ਉੱਤੇ ਵਰ•ਾਈਆਂ ਜਾ ਰਹੀਆਂ ਨੇ। ਸੋ, ਅੱਜ ਇਹ ਨਿਖੇੜਾ, ਅਸੀਂ ਆਪ ਨਹੀਂ ਕਰਨ ਲੱਗੇ, ਜੋਕਾਂ ਅਤੇ ਲੋਕਾਂ ਦਾ ਨਿਖੇੜਾ, ਇਹਦੀ ਜਾਚ ਸਾਨੂੰ ਭਾਅ ਜੀ ਗੁਰਸ਼ਰਨ ਸਿੰਘ ਹੋਰਾਂ ਨੇ ਆਪ ਦੱਸੀ ਐ। ਇਸ ਧਰਤੀ 'ਤੇ ਗੁਰੂ ਨਾਨਕ ਦੇ ਵੇਲੇ ਤੋਂ, ਮਲਕ ਭਾਗੋਆਂ ਅਤੇ ਭਾਈ ਲਾਲੋਆਂ ਦੀ ਜੱਦੋਜਹਿਦ ਚੱਲਦੀ ਆਈ ਐ। ਇਸ ਜੱਦੋਜਹਿਦ ਦਾ ਪੰਜਾਬ ਦੀ ਸਾਹਿਤਕ ਅਤੇ ਲੋਕ ਪੱਖੀ ਲਹਿਰ ਨੇ ਹਮੇਸ਼ਾਂ ਝੰਡਾ ਬੁਲੰਦ ਕੀਤੈ। ਇਹਦੀ ਗੱਲ ਪ੍ਰੋ. ਮੋਹਨ ਸਿੰਘ ਨੇ ਕੀਤੀ ਐ। ਪੰਜਾਬ ਦੇ ਸਾਰੇ ਕਲਾਕਾਰਾਂ ਨੇ ਕੀਤੀ ਐ, ਜਦੋਂ ਅਸੀਂ ਅੱਜ ਕਹਿੰਦੇ ਆਂ, ਕਿ ਸੱਚੀ ਕਲਾ ਕੀ ਹੁੰਦੀ ਐ, ਅਮਰ ਕਲਾ ਕੀ ਹੁੰਦੀ ਐ? ਅਸੀਂ ਖੁਸ਼ ਆਂ ਕਿ ਪੰਜਾਬ ਦੇ ਰੰਗਮੰਚ ਦੀ ਲਹਿਰ ਨੇ, ਪੰਜਾਬ ਦੇ ਸਾਹਿਤਕਾਰਾਂ ਨੇ ਸਾਡੇ ਸਾਹਿਤ ਦੀ ਮੁੱਖ ਧਾਰਾ ਨੇ ਕਦੇ ਵੀ ਭੁਲੇਖਾ ਨਹੀਂ ਖਾਧਾ, ਕਿ ਅਮਰ ਕਲਾ ਕੀ ਹੁੰਦੀ ਐ? ਦਰਬਾਰੀ ਕਲਾ ਅਮਰ ਨਹੀਂ ਹੁੰਦੀ। ਪੈਸਿਆਂ ਲਈ ਝੂਠ ਬੋਲਣ ਵਾਲੀ ਕਲਾ ਅਮਰ ਨਹੀਂ ਹੁੰਦੀ। ਸਿੱਕਿਆਂ ਲਈ ਵਿਕਣ ਵਾਲੀ ਕਲਾ ਅਮਰ ਨਹੀਂ ਹੁੰਦੀ। ਸਿਰਫ ਇਸ ਗੱਲ ਵਾਸਤੇ ਕਿ ਪੰਜ ਦੀ ਥਾਂ 'ਤੇ ਟੀ.ਵੀ. ਸੀਰੀਅਲ ਦੀਆਂ 26 ਕਿਸ਼ਤਾਂ ਬਣਾ ਦਿਓ, ਤਾਂ ਕਿ ਵੱਧ ਤੋਂ ਵੱਧ ਆਮਦਨ ਹੋ ਸਕੇ, ਇਹਦੇ ਨਾਲ ਸੱਚੀ ਕਲਾ ਮਰ ਜਾਂਦੀ ਐ। ਸੱਚੀ ਕਲਾ ਜਿਉਂਦੀ ਰਹਿੰਦੀ ਐ- ਜ਼ਿੰਦਗੀ ਨੂੰ ਸੋਹਣੀ ਬਣਾਉਣ ਦੇ ਮਕਸਦ ਨਾਲ, ਸੁਰਜੀਤ ਪਾਤਰ ਨੇ ਕਿਹਾ ਸੀ,

ਇਹ ਜੋ ਰੰਗਾਂ 'ਚ ਚਿਤਰੇ ਨੇ ਖੁਰ ਜਾਣਗੇ
ਇਹ ਜੋ ਮਰਮਰ 'ਚ ਉੱਕਰੇ ਨੇ ਮਿਟ ਜਾਣਗੇ,
ਬਲਦੇ ਹੱਥਾਂ ਨੇ ਜਿਹੜੇ ਹਵਾ 'ਚ ਲਿਖੇ
ਹਰਫ ਉਹੀ ਹਮੇਸ਼ਾ ਲਿਖੇ ਰਹਿਣਗੇ।

ਸਾਨੂੰ ਖੁਸ਼ੀ ਐ ਕਿ ਪੰਜਾਬੀ ਸਾਹਿਤ ਜਗਤ ਨੂੰ, ਕਲਾ ਦੇ ਮਹੱਤਵ ਦੀ ਸੱਚੀ ਕਲਾ ਦੀ, ਪਛਾਣ ਐ। ਮੈਨੂੰ ਫਿਕਰ ਸੀ, ਗੁਰਸ਼ਰਨ ਸਿੰਘ ਹੋਰਾਂ ਦੇ ਜਾਣ ਤੋਂ ਬਾਅਦ ਪੰਜਾਬ ਦੇ ਥੀਏਟਰ ਦਾ ਕੀ ਬਣੁੰਗਾ, ਮੈਨੂੰ ਟੇਲੈਂਟ 'ਤੇ ਕੋਈ ਸ਼ੰਕਾ ਨਹੀਂ ਸੀ। ਮੈਨੂੰ ਪੰਜਾਬੀ ਰੰਗਮੰਚ ਦੇ ਕਲਾਕਾਰਾਂ ਦੀ ਪ੍ਰਤਿਭਾ 'ਤੇ ਕੋਈ ਕਿੰਤੂ ਨਹੀਂ ਸੀ, ਪਰ ਇੱਕ ਫਿਕਰ ਜ਼ਰੂਰ ਸੀ, ਕਿ ਗੁਰਸ਼ਰਨ ਸਿੰਘ ਜੇ ਇਸ ਰੰਗਮੰਚ ਦੀ ਮਾਣਮੱਤੀ ਕਲਗੀ ਬਣੇ, ਜੇ ਉਹ ਇਨਕਲਾਬੀ ਲਹਿਰ ਦੇ, ਇਸ ਇਨਕਲਾਬੀ ਰੰਗਮੰਚ ਲਹਿਰ ਦੇ, ਸ਼੍ਰੋਮਣੀ ਉਸਰੱਈਏ ਬਣੇ, ਤਾਂ ਉਹ ਸਿਰਫ ਕਲਾ ਪ੍ਰਤਿਭਾ ਕਰਕੇ ਨਹੀਂ ਬਣੇ। ਇਸ ਕਲਾ ਪ੍ਰਤਿਭਾ ਤੋਂ ਇਲਾਵਾ, ਇੱਕ ਮਨੁੱਖ ਦੇ ਤੌਰ 'ਤੇ ਅੰਦਰ ਬਲਦੀ ਹੋਈ ਚਿਣਗ ਸੀ, ਇੱਕ ਨਿਹਚਾ ਸੀ, ਇਸ ਸਮਾਜ ਨੂੰ ਬਦਲ ਦੇਣ ਦੇ ਵਿੱਚ ਇੱਕ ਅਡੋਲ ਵਿਸ਼ਵਾਸ਼ ਸੀ, ਜੀਹਨੇ ਕਰਮ ਜੋਗੀਆਂ ਵਾਂਗੂੰ, ਉਹਨਾਂ ਨੂੰ ਦਰ ਦਰ 'ਤੇ ਜਾਣ ਦੀ, ਲੋਕਾਂ ਦੇ ਦਰਾਂ-ਘਰਾਂ ਵਿੱਚ ਜਾ ਕੇ ਦੀਵੇ ਜਗਾਉਣ ਦੀ ਗੁਰਸ਼ਰਨ ਸਿੰਘ ਨੂੰ ਪ੍ਰੇਰਨਾ ਦਿੱਤੀ। ਔਰ, ਬਹੁਤ ਥਾਵਾਂ 'ਤੇ ਸੱਚ ਕਲਾ ਦੇ ਬਹੁਤ ਨੇੜੇ ਹੁੰਦਾ ਐ, ਝੂਠ ਕਲਾ ਤੋਂ ਬਹੁਤ ਦੂਰ ਹੁੰਦੈ। ਸਿੱਕੇ, ਪੈਸੇ, ਪੂੰਜੀਵਾਦ ਦੀ ਕਲਾ ਨਾਲ ਦੁਸ਼ਮਣੀ ਐ, ਇਹ ਕਲਾ ਤੋਂ ਬਹੁਤ ਦੂਰ ਦੀ ਚੀਜ਼ ਐ। ਇਸ ਕਰਕੇ, ਗੁਰਸ਼ਰਨ ਸਿੰਘ ਨੇ, ਜੇ ਉੱਚ-ਤਕਨੀਕ ਛੱਡੀ, ਜੇ ਉਹਨੇ ਨਵੇਂ ਸੈੱਟ ਛੱਡੇ, ਜੇ ਉਹਨੇ ਰੌਸ਼ਨੀਆਂ ਛੱਡੀਆਂ, ਜੇ ਉਹਨੇ ਲਾਈਟਾਂ ਛੱਡੀਆਂ, ਤਾਂ ਉਹਦੇ ਪੱਲੇ ਜੋ ਸੱਚ ਸੀ, ਜਿਹੜੀ ਉਹਦੇ ਕੋਲ ਸੱਚ ਦੀ ਉਹ ਗੂੰਜ ਸੀ, ਉਹਨੇ ਉਹਦੀ ਕਲਾ ਦੇ ਰੰਗ ਨੂੰ ਗੂੜ•ਾ ਕੀਤਾ। ਉਹ ਸੱਚ ਉਹਦੀ ਆਵਾਜ਼ ਦੇ ਉਤਰਾਵਾਂ-ਚੜ•ਾਵਾਂ ਰਾਹੀਂ ਬੋਲਿਆ। ਉਹਨੇ ਪੰਜਾਬ ਦੀ ਜੁਆਨੀ ਦੇ ਡੌਲੇ ਫਰਕਣ ਲਾਏ, ਉਹਨੇ ਪੰਜਾਬ ਦੇ ਨੌਜੁਆਨਾਂ ਦੀ ਸੋਚ ਨੂੰ ਹਲੂਣਿਆਂ, ਝੰਜੋੜਿਆ, ਇਹ ਸਾਨੂੰ ਗੁਰਸ਼ਰਨ ਸਿੰਘ ਨੇ ਦੱਸਿਆ। ਸਿਰਫ ਉਹਨੇ ਕਿਰਤੀ ਤੇ ਕਿਸਾਨ ਹੀ ਨਹੀਂ ਜਗਾਏ, ਸਿਰਫ ਉਹਨੇ ਔਰਤਾਂ ਹੀ ਨਹੀਂ ਜਗਾਈਆਂ, ਸਿਰਫ ਵਿਹੜੇ ਹੀ ਨਹੀਂ ਜਗਾਏ। ਉਹਨੇ, ਗੁਰਸ਼ਰਨ ਸਿੰਘ ਨੇ, ਲੋਕਾਂ ਦੇ ਆਗੂਆਂ ਨੂੰ ਜਗਾਇਆ। ਅਸੀਂ ਜਦੋਂ ਲੋਕਾਂ ਵੱਲ ਵੇਖਦੇ ਹਾਂ। ਅਸੀਂ ਕਹਿੰਦੇ ਆਂ, ਕੀ ਇਸ ਧਰਤੀ 'ਤੇ ਕਰਾਂਤੀ ਹੋ ਸਕਦੀ ਐ? ਕੀ ਇਹ ਸਮਾਜ ਬਦਲ ਸਕਦੈ? ਇਹ ਸਮਾਜ ਬਦਲ ਦੇਣ ਦਾ ਯਕੀਨ, ਗੁਰਸ਼ਰਨ ਸਿੰਘ ਨੇ ਸਿਰਫ ਭਾਸ਼ਣਾਂ ਰਾਹੀਂ ਨਹੀਂ ਦਿੱਤਾ, ਅਸੀਂ ਐਵੇਂ ਸੋਚ ਲੈਂਦੇ ਆਂ ਕਿ ਉਹ ਭਾਸ਼ਣ ਜ਼ਿਆਦਾ ਕਰਦੇ ਸੀ। ਇਸ ਸਮਾਜ ਦੀਆਂ, ਦੱਬੀਆਂ ਹੋਈਆਂ ਪਰਤਾਂ ਦੇ ਮਨਾਂ 'ਚ ਕੀ ਉੱਬਲ ਰਿਹੈ, ਇਹ ਸਾਨੂੰ ਮੰਚ 'ਤੇ ਗੁਰਸ਼ਰਨ ਸਿੰਘ ਨੇ ਸਾਕਾਰ ਕਰਕੇ ਦਿਖਾਇਆ। ਮੈਂ ਤੁਹਾਨੂੰ ਮਿਸਾਲ ਦਿੰਨਾਂ, ''ਨਵਾਂ ਜਨਮ'' ਨਾਟਕ ਐ, ਗੁਰਸ਼ਰਨ ਸਿੰਘ ਹੋਰਾਂ ਦਾ, ਉਹਦੇ 'ਚ ਛਿੱਬੂ ਸਾਂਸੀ, ਦੋ ਕਿਸਮ ਦੇ ਸਭਿਆਚਾਰਾਂ 'ਚ ਜਿਉਂਦੈ, ਇੱਕ ਸਭਿਆਚਾਰ ਛੁਪਿਆ ਹੋਇਐ, ਦੱਬਿਆ ਹੋਇਆ, ਕੁਚਲਿਆ ਹੋਇਆ, ਜੀਹਦੀ ਭਿਣਕ ਛਿੱਬੂ ਸਾਂਸੀ ਆਪ ਨੂੰ ਵੀ ਨਹੀਂ ਲੱਗਦੀ, ਉਹ ਸਰਦਾਰਾਂ ਦੀਆਂ ਸਿਫਤਾਂ ਕਰਦੈ, ਉਹਨਾਂ ਨਾਲ ਪੀੜ•ੀਆਂ ਦੀ ਸਾਂਝ ਦੀਆਂ ਗੱਲਾਂ ਕਰਦੈ, ਅਸੀਂ ਕਿਵੇਂ ਇਹਨਾਂ ਦੇ ਕਮੀਣ ਤੁਰੇ ਆਏ ਆਂ, ਆਪਣੇ ਪੁੱਤਰ ਨੂੰ, ਇਹ ਗੱਲਾਂ ਮਾਣ ਨਾਲ ਕਹਿੰਦੈ। ਪਰ ਜਦੋਂ ਉਹਨੂੰ ਇੱਕ ਚਿਣਗ ਮਿਲਦੀ ਐ, ਇੱਕ ਇਸ਼ਾਰਾ ਮਿਲਦੈ, ਉਸ ਤੋਂ ਪਿੱਛੋਂ, ਉਹ ਬਗਾਵਤ ਦੀ ਭਾਵਨਾ ਛਿੱਬੂ ਦੇ ਅੰਦਰ ਕਿਤੋਂ ਬਾਹਰੋਂ ਨਹੀਂ ਆਉਂਦੀ, ਉਹਦੇ ਅੰਦਰੋਂ ਆਉਂਦੀ ਐ। ਹੰਢਾਏ ਹੋਏ ਅਨੁਭਵ 'ਚੋਂ ਆਉਂਦੀ ਹੈ। ਉਹਨੂੰ ਯਾਦ ਆਉਂਦੈ, ਕਿ ਸਰਦਾਰ ਜਿਹੜੇ ਬਣੇ ਫਿਰਦੇ ਨੇ, ਇਹ ਮਹਾਰਾਜਾ ਰਣਜੀਤ ਸਿੰਘ ਦੇ ਘੋੜਿਆਂ ਦੀ ਲਿੱਦ ਚੁੱਕਦੇ ਹੁੰਦੇ ਸੀ। ਇਹ ਚਾਕਰੀ ਕਰਦੇ ਹੁੰਦੇ ਸੀ। ਸਮਗਲਿੰਗ ਕਰਦੇ ਸੀ। ਇਹ ਚਮਚਾਗਿਰੀ ਕਰਦੇ ਹੁੰਦੇ ਸੀ। ਛਿੱਬੂ ਸਾਂਸੀ ਦਾ ਉਹ ਆਪਣਾ ਅਨੁਭਵ ਇਹ ਗੱਲਾਂ ਸਾਨੂੰ, ਜਿਹੜੇ ਚੇਤਨ ਲੋਕ ਨੇ, (ਹੋਰਾਂ ਨੂੰ) ਜਾਗਰਤ ਕਰਦੇ ਨੇ, ਜਿਹੜੇ ਇਨਕਲਾਬ 'ਚ ਵਿਸ਼ਵਾਸ਼ ਚਾਹੁੰਦੇ ਨੇ, ਗੁਰਸ਼ਰਨ ਸਿੰਘ ਦੀ ਕਲਾ ਸਾਨੂੰ ਇਹ ਦੱਸਦੀ ਸੀ, ਕਿ ਛਿੱਬੂ ਸਾਂਸੀ ਦੇ ਕੋਲ ਸਿਰਫ ਹਾਕਮ ਜਮਾਤਾਂ ਦਾ ਸਭਿਆਚਾਰ ਨਹੀਂ। ਉਹਦੇ ਮਨ ਦੀ ਤਹਿ ਦੇ ਵਿੱਚ, ਇਹੋ ਜਿਹਾ ਕੁਝ ਦੱਬਿਆ ਹੋਇਐ, ਜਿਹੜਾ ਬਗਾਵਤ ਬਣ ਕੇ ਫੁੱਟੂਗਾ। ਇਸ ਧਰਤੀ ਦੇ ਉੱਤੇ, ਹੇਠਲੀ ਉੱਤੇ ਆ ਕੇ ਰਹੂਗੀ। ਗੁਰਸ਼ਰਨ ਸਿੰਘ ਉਸ ਸਮੇਂ ਮਾਓ ਜ਼ੇ-ਤੁੰਗ ਨੂੰ ਯਾਦ ਕਰਵਾਉਂਦੈ, ਜੀਹਨੇ ਕਦੇ ਕਿਹਾ ਸੀ ਕਿ ਚੀਨ ਦੀ ਧਰਤੀ ਦੇ ਕਿਸਾਨ ਝੱਖੜ ਦੀ ਤਰ•ਾਂ ਉੱਠਣਗੇ ਤੇ ਉਹ ਸਾਰਿਆਂ ਨੂੰ ਇੱਕ ਪਰਖ ਦੇ ਵਿੱਚ ਪਾ ਦੇਣਗੇ। ਔਰ ਇਸ ਪਰਖ ਦੇ ਵੱਲ ਸਾਡੇ ਰੰਗਕਰਮੀਆਂ ਨੇ ਇਸ਼ਾਰੇ ਕੀਤੇ। ਅਜਮੇਰ ਔਲਖ ਹੋਰੀਂ ਮੈਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਨਾਂ, ਕਿ ਉਹਨਾਂ ਨੇ ਨਾਟਕ ਲਿਖਿਆ, ''ਬਹਿਕਦਾ ਰੋਹ''। ਇਹ ਬਹਿਕਦਾ ਰੋਹ, ਕੀਹਦੇ ਵਾਸਤੇ ਲਿਖਿਆ ਗਿਆ। ਇਹਦੇ ਵਿੱਚ ਕਿਸਾਨਾਂ ਦੀ ਜ਼ਿੰਦਗੀ ਬਿਆਨੀ ਗਈ। ਪਰ ਮੈਨੂੰ ਪੜ• ਕੇ ਲੱਗਿਆ, ਇਹ ਬਹਿਕਦਾ ਰੋਹ ਸਾਡੇ ਵਾਸਤੇ ਲਿਖਿਆ ਗਿਐ। ਔਲਖ ਸਾਹਿਬ ਕਹਿਣਾ ਚਾਹੁੰਦੇ ਨੇ ਕਿ ਕਿਸਾਨੀ ਦੇ ਅੰਦਰ ਬਹੁਤ ਕੁਛ ਕਰਵਟ ਲੈਣ ਲਈ ਮਚਲ ਰਿਹੈ। ਇਹਨੂੰ ਸੰਭਾਲ ਲਓ। ਇਹਨੂੰ ਕੋਈ ਰਸਤਾ ਦਿਖਾ ਦਿਓ। ਜੇ ਕਿਤੇ ਔਝੜੀਂ ਪੈ ਗਿਆ, ਇਸ ਧਰਤੀ 'ਤੇ ਤਬਾਹੀ ਮੱਚ ਸਕਦੀ ਐ। ਜੇ ਕਿਸੇ ਸਿੱਧੇ ਰਾਹ ਤੁਰ ਪਿਆ ਤਾਂ ਇਹ ਧਰਤੀ ਕਿਸੇ ਨਵੇਂ ਸਮਾਜ ਵੱਲ ਜਾ ਸਕਦੀ ਹੈ। ਔਰ ਸਾਹਿਤਕਾਰਾਂ ਦਾ, ਆਪਣੇ ਰੰਗਕਰਮੀਆਂ ਦਾ, ਉਹ ਸੁਨੇਹਾ ਉਹ ਸੰਦੇਸ਼, ਅਸੀਂ ਕਦੇ ਵੀ ਅਣਗੌਲਿਆ ਨਹੀਂ ਕੀਤਾ। ਪੰਜਾਬ ਦੇ ਕਿਸਾਨ, ਅੱਜ ਪੰਜਾਬ ਦੇ ਕਿਸਾਨਾਂ ਦੀ ਲਹਿਰ, ਉਹ ਬਹਿਕਦੇ ਰੋਹ ਵਾਲੀ ਲਹਿਰ ਨਹੀਂ ਹੈ। ਜਦੋਂ ਪੰਜਾਬ ਦੀ ਅਸੰਬਲੀ 'ਚ, ਚੰਡੀਗੜ• ਬਾਰੇ, ਦਰਿਆਈ ਪਾਣੀਆਂ ਬਾਰੇ ਮਤੇ ਪੈ ਰਹੇ ਸੀ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਦੇ ਕਿਸਾਨਾਂ ਦੇ ਕਾਫਲੇ ਚੰਡੀਗੜ• ਦੀਆਂ ਸੜਕਾਂ 'ਤੇ ਕਹਿ ਰਹੇ ਸੀ, ਇਹ ਮੁੱਦੇ ਸਾਡੇ ਨਹੀਂ। ਸਾਡੇ ਮੁੱਦੇ ਹੋਰ ਨੇ। ਰੋਟੀ ਦੇ, ਰੁਜ਼ਗਾਰ ਦੇ, ਚੰਗੇ ਜੀਵਨ ਦੇ, ਜਿਹਨਾਂ ਮੁੱਦਿਆਂ ਪਿੱਛੇ ਤੁਸੀਂ ਲੜਦੇ ਹੋ, ਇਹ ਸਾਡੇ ਮੁੱਦੇ ਨਹੀਂ। ਅੱਜ ਉਸ ਬਹਿਕਦੇ ਰੋਹ ਨੂੰ ਸਹੀ ਦਿਸ਼ਾ ਦਿਖਾਉਣ ਵਾਸਤੇ ਕਾਫਲੇ ਮੈਦਾਨਾਂ ਦੇ ਵਿੱਚ ਨਿੱਤਰੇ ਹੋਏ ਨੇ।

ਗੁਰਸ਼ਰਨ ਸਿੰਘ ਬਾਰੇ, ਕਲਾ ਦੇ ਪੱਖ ਤੋਂ ਮੈਂ ਇੱਕ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਨਾ। ਐਮਰਜੈਂਸੀ ਦੇ ਦਿਨ ਸੀ, ਸਾਡੀਆਂ ਸਿੱਧੀਆਂ ਸਰਗਰਮੀਆਂ ਸਰਕਾਰ ਵੱਲੋਂ ਰੋਕ ਦਿੱਤੀਆਂ ਗਈਆਂ ਸੀ, ਅਸੀਂ ਸਾਹਿਤ ਸਭਾਵਾਂ ਵੱਲੋਂ, ਹੋਰ ਕੋਈ ਗੁਰੂ ਤੇਗ ਬਹਾਦਰ ਕਮੇਟੀ ਬਣਾ ਕੇ, ਇਸ ਤਰ•ਾਂ ਵੱਖ ਵੱਖ ਤਰੀਕੇ ਨਾਲ ਅਲੱਗ ਅਲੱਗ ਸਰਗਰਮੀਆਂ ਕਰਦੇ ਸੀ। ਭਾਅ ਜੀ ਦੇ ਨਾਟਕ, ਸਾਡਾ ਬਹੁਤ ਵੱਡਾ ਸਹਾਰਾ ਬਣਦੇ ਸੀ। ਅਸੀਂ ਕਾਲਜ ਦੇ ਵਿੱਚ, ਪੰਜਾਬੀ ਸਾਹਿਤ ਸਭਾ ਵੱਲੋਂ ਗੁਰੂ ਤੇਗ ਬਹਾਦਰ ਸਬੰਧੀ ਉਹਨਾਂ ਦਾ ਨਾਟਕ ਕਰਵਾਉਣ ਦਾ ਫੈਸਲਾ ਕੀਤਾ। ''ਬਾਹੇਂ ਜਿਹਨਾਂ ਦੀ ਪਕੜੀਏ'' ਜਾਂ ''ਨਿਓਟਿਆਂ ਦੀ ਓਟ'' ਜੋ ਉਸ ਨੂੰ ਨਾਟਕ ਕਿਹਾ ਜਾਂਦਾ ਸੀ। ਪੰਜਾਬੀ ਸਾਹਿਤ ਸਭਾ ਵਿੱਚ ਫੈਸਲਾ ਹੋ ਗਿਆ। ਪਰ ਸਾਡੇ ਵਿਭਾਗ ਦੇ ਮੁਖੀ ਦੇ ਕੰਨ ਵਿੱਚ ਕਿਸੇ ਨੇ ਆ ਕੇ ਫੂਕ ਮਾਰੀ ਕਿ ਇਹ ਗੁਰਸ਼ਰਨ ਸਿੰਘ ਤਾਂ ਐਮਰਜੈਂਸੀ ਦਾ ਵਿਰੋਧੀ ਐ। ਬਹੁਤ ਖਤਰਨਾਕ ਆਦਮੀ ਐ। ਇਹ ਨਾਟਕ ਨਹੀਂ ਹੋਣੇ ਚਾਹੀਦੇ। ਕਾਲਜ ਦੇ ਅਧਿਕਾਰੀਆਂ ਨੇ ਉਹ ਨਾਟਕ ਰੱਦ ਕੀਤੇ। ਔਰ, ਅਸੀਂ ਮੁਹਿੰਮ ਚਲਾਈ। ਕਾਲਜ ਦੇ 1500 ਵਿਦਿਆਰਥੀਆਂ 'ਚੋਂ ਲੱਗਭੱਗ ਸਾਢੇ ਚੌਦਾਂ ਸੌ ਵਿਦਿਆਰਥੀਆਂ ਨੇ ਦਸਖਤ ਕੀਤੇ। ਅਸੀਂ ਗੁਰੂ ਤੇਗ ਬਹਾਦਰ ਦਾ ਦਿਹਾੜਾ ਮਨਾਉਣਾ ਚਾਹੁੰਦੇ ਆਂ ਤੇ ਅਸੀਂ ਗੁਰਸ਼ਰਨ ਸਿੰਘ ਨੂੰ ਇਸ ਮੰਚ 'ਤੇ ਸੱਦਣਾ ਚਾਹੁੰਦੇ ਆਂ। ਇਸ ਕੋਸ਼ਿਸ਼ ਦੇ ਖਿਲਾਫ, ਬੜਾ ਧੂੰਆਂਧਾਰ ਪ੍ਰਚਾਰ ਹੋਇਆ। ਉਹ ਕਲਾਕਾਰ ਨਹੀਂ। ਉਹ ਇੱਕ ਬਹੁਤ ਖਤਰਨਾਕ ਰਾਜਨੀਤਕ ਆਦਮੀ ਐ। ਉਸ ਤੋਂ ਬਾਅਦ, ਸਟੇਜ ਦੇ ਉੱਤੇ ਆਖਰ ਸਾਡੀ ਮੁਹਿੰਮ ਸਫਲ ਹੋਈ। ਕੁਝ ਸਾਡੀਆਂ ਕੋਸ਼ਿਸ਼ਾਂ ਕਰਕੇ ਕੁਛ ਏਸ ਕਰਕੇ ਕਿ ਕਾਲਜ ਦੀ ਮੈਨੇਜਮੈਂਟ ਦੇ ਕੁਝ ਜਿਹੜੇ ਮੋਢੀ ਸੀਗੇ, ਉਹ ਉਦੋਂ ਦੀ ਸਰਕਾਰ ਦੇ ਵਿਰੋਧੀ ਸੀ। ਪਰ ਜਦੋਂ ਉਹ ਨਾਟਕ ਹੋਏ, ਨਾਟਕ ਸਟੇਜ 'ਤੇ ਦੇਖੇ ਗਏ। ਸਾਡੇ ਕਾਲਜ ਦੇ ਪ੍ਰਿੰਸੀਪਲ ਨੇ, ਉਹਨਾਂ ਸਾਰੇ ਲੋਕਾਂ ਨੇ ਕਿਹਾ ਇਹੋ ਜਿਹੀ ਕਲਾ ਅੱਜ ਤੱਕ ਅਸੀਂ ਕਦੇ ਦੇਖੀ ਨਹੀਂ। ਉਹਨਾਂ ਨੇ ਨੋਟ ਕੀਤਾ ਕਿ ਇਹ ਦਿੱਲੀ ਦੇ ਤਖਤ ਵੱਲ ਇਸ਼ਾਰੇ ਨੇ। ਕਹਿੰਦੇ ਜਦੋਂ ਗੁਰੂ ਤੇਗ ਬਹਾਦਰ ਦੀ ਗੱਲ ਹੋ ਰਹੀ ਐ। ਅੱਜ ਦੀ ਸਰਕਾਰ ਵੱਲ ਵੀ ਇਸ਼ਾਰੇ ਨੇ, ਪ੍ਰੋਫੈਸਰ ਕਹਿੰਦੇ ਮੈਟਾਫਰ ਸੀ ਇਹ ਨਾਟਕ, ......ਸ਼ਬਦਾਵਲੀ ਵਰਤੀ ਜਾਂਦੀ ਐ, ਆਪਣੇ ਕਲਾ ਵਿਗਿਆਨ ਦੀ ਸ਼ਬਦਾਵਲੀ 'ਚ ਕਿਹਾ ਜਾਂਦੈ। ਕਹਿੰਦੇ ਮੈਟਾਫਰ ਸੀ ਇਹ ਤਾਂ। ਤੁਸੀਂ ਤਾਂ ਅੱਜ ਦੀ ਦਿੱਲੀ ਦੀ ਸਰਕਾਰ ਦੀਆਂ ਗੱਲਾਂ ਕਰਵਾ ਦਿੱਤੀਆਂ। ਪਰ ਇੱਕ ਗੱਲ ਦੇਖੀ ਅਸੀਂ, ਉਹਨਾਂ ਨੂੰ ਕੁਛ ਵੀ ਲੱਗਿਆ, ਉਹ ਝੂਣੇ ਹੋਏ ਸੀ। ਨਿਹਾਲ ਹੋਏ ਹੋਏ ਸੀ ਤੇ ਕਲਾ ਦੀ ਪ੍ਰਸ਼ੰਸਾ ਉਹਨਾਂ ਦੇ ਬੁੱਲ•ਾਂ ਤੋਂ ਸੁੱਕਦੀ ਨਹੀਂ ਸੀ। ਸਾਡਾ ਪ੍ਰਿੰਸੀਪਲ ਕਈ ਦਿਨ, ਗੁਰਸ਼ਰਨ ਸਿੰਘ ਦੇ ਪਾਤਰਾਂ ਦੀਆਂ- ਭੰਡ, ਭੰਡਾਂ ਦਾ (''ਇਹ ਲਹੂ ਕਿਸਦਾ ਹੈ?'' ਨਾਟਕ ਕੀਤਾ ਸੀ) ਉਹਨਾਂ ਦੀਆਂ ਨਕਲਾਂ ਲਾਹ ਲਾਹ ਕੇ ਉਹਨਾਂ ਨੂੰ ਮਾਣਦਾ ਰਿਹਾ ਤੇ ਸਾਡੇ ਨਾਲ ਗੱਲਾਂ ਕਰਦਾ ਰਿਹਾ। ਸੋ, ਕਲਾਕਾਰ ਸਾਨੂੰ ਕਿਵੇਂ ਹਲੂਣਦੈ, ਸਾਨੂੰ ਕਿਵੇਂ ਜਗਾਉਂਦੈ। ਸਾਨੂੰ ਕਿਵੇਂ ਝੰਜੋੜਦੈ ਕਈ ਵਾਰੀ ਸਾਡੇ ਭਾਸ਼ਣਾਂ ਨਾਲੋਂ ਸਾਡੇ ਲੇਖਾਂ ਨਾਲੋਂ, ਸਾਡੀਆਂ ਵਿਚਾਰ ਗੋਸ਼ਟੀਆਂ ਨਾਲੋਂ, ਕਲਾ ਰਾਹੀਂ ਕਹੀ ਹੋਈ ਗੱਲ, ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦੀ ਐ। ਸਾਨੂੰ ਜਦੋਂ ਅਸੀਂ ਇਹ ਕਹਿੰਦੇ ਆਂ ਕਿ ਗੁਰਸ਼ਰਨ ਸਿੰਘ ਦੇ ਭੰਡ ਨੇ ਜਿਹੜੇ, ਭੰਡਾਂ ਦੀ ਗੱਲ ਸੁਣੋ, ਉਹ ਕਹਿਣਾ ਚਾਹੁੰਦੇ ਨੇ ਸਮਾਜ ਨੂੰ ਅੱਜ ਸਾਡਾ ਸਮਾਜ, ਇਹ ਕਿਹੋ ਜਿਹਾ ਸਮਾਜ ਐ, ਇਹ ਸਮਾਜ ਵਿਤਕਰੇ ਵਾਲਾ ਸਮਾਜ ਐ। ਇਹਦੀ ਦ੍ਰਿਸ਼ਟੀ ਵਿਤਕਰੇ ਵਾਲੀ ਐ। ਇਹ ਸਮਾਜ 'ਤੇ ਲਾਹਣਤ ਪਾਉਣ ਦਾ, ਜੋ ਤਰੀਕਾ ਐ, ਗੁਰਸ਼ਰਨ ਸਿੰਘ ਦਾ, ਉਹ ਅੰਦਰ ਉੱਤਰ ਜਾਂਦੈ। ਗੁਰਸ਼ਰਨ ਸਿੰਘ ਦੇ ਪਾਤਰ ਕਹਿੰਦੇ ਨੇ-

ਚੱਲ ਵੇ ਜੀਆ ਉੱਥੇ ਚੱਲੀਏ, ਜਿੱਥੇ ਵਸਦੇ ਅੰਨ•ੇ,
ਨਾ ਕੋਈ ਸਾਡੀ ਜਾਤ ਪਛਾਣੇ ਤੇ ਨਾ ਕੋਈ ਸਾਨੂੰ ਮੰਨੇ
ਚੱਲ ਵੇ ਜੀਆ ਉੱਥੇ ਚੱਲੀਏ, ਜਿੱਥੇ ਵਸਦੇ ਕਾਣੇ,
ਨਾ ਕੋਈ ਸਾਡੀ ਜਾਤ ਪਛਾਣੈ ਤੇ ਨਾ ਕੋਈ ਸਾਨੂੰ ਜਾਣੇ।

ਜਾਤਪਾਤੀ ਸਮਾਜ 'ਤੇ ਏਦੂੰ ਵੱਡੀ ਕਲਾਮਤਕ ਲਾਹਣਤ ਨਹੀਂ ਪਾਈ ਜਾ ਸਕਦੀ। ਇਹ ਸਮਾਜ ਦੀ ਦ੍ਰਿਸ਼ਟੀ ਜਿਹੋ ਜਿਹੀ ਹੈ, ਇਹਦੇ ਨਾਲੋਂ ਅੰਨਿ•ਆਂ ਦੀ ਦੁਨੀਆਂ ਚੰਗੀ ਐ, ਇਹਦੇ ਨਾਲੋਂ ਕਾਣਿਆਂ ਦੀ ਦੁਨੀਆਂ ਦੀ ਚੰਗੀ ਐ। ਗੁਰਸ਼ਰਨ ਸਿੰਘ ਨੇ ਸਾਨੂੰ ਆਪਣੇ ਆਪ 'ਤੇ ਲਾਹਣਤਾਂ ਪਾਉਣੀਆਂ ਸਿਖਾਈਆਂ। ਸਾਨੂੰ ਉਹ ਨਜ਼ਰ ਦਿੱਤੀ, ਸਾਨੂੰ ਇਹ ਦ੍ਰਿਸ਼ਟੀ ਦਿੱਤੀ, ਏਹੀ ਇੱਕ ਸਭਿਆਚਾਰ ਦੇ ਕਾਮੇ ਦੀ, ਰੰਗਕਰਮੀ ਦੀ ਵਿਸ਼ੇਸ਼ਤਾ ਹੁੰਦੀ ਐ। ਔਰ ਗੁਰਸ਼ਰਨ ਸਿੰਘ ਦੇ ਵਿੱਚ ਉਹ ਵਿਸ਼ੇਸ਼ਤਾ ਮੌਜੂਦ ਸੀ।

ਡਾ. ਆਤਮਜੀਤ ਹੋਰਾਂ ਨੇ, ਬਹੁਤ ਹੀ ਮਹੱਤਵਪੂਰਨ, ਇੱਕ ਨੁਕਤਾ ਉਠਾਇਐ, ਕਿ ਉਹ ਆਪਣੇ ਰੰਗਮੰਚ ਦੀ ਇੱਕ ਨਵੀਂ ਸ਼ੈਲੀ ਸੂਤਰਬੱਧ ਕਰਕੇ ਰੱਖ ਸਕਦੇ ਸੀ। ਇਹ ਬਹੁਤ ਵੱਡੀ ਦੇਣ ਹੋਣੀ ਸੀ ਸੰਸਾਰ ਦੇ ਰੰਗਮੰਚ ਨੂੰ। ਮੈਂ ਪੂਰੀ ਤਰ•ਾਂ ਸਹਿਮਤ ਆਂ, ਉਹ ਇਹ ਕਰ ਸਕਦੇ ਸੀ। ਹੁੰਦਾ, ਇਹਦਾ ਵੀ ਫਾਇਦਾ ਹੁੰਦਾ। ਪਰ ਇਤਿਹਾਸ ਕਈ ਵਾਰੀ ਬੜੀ ਸਖਤ ਚੋਣ ਪੇਸ਼ ਕਰ ਦਿੰਦੈ। ਮੈਨੂੰ ਅੱਜ ਤੱਕ ਸਮਝ ਨਹੀਂ ਆਈ ਕਿ ਭਗਤ ਸਿੰਘ ਜਦੋਂ ਅਸੰਬਲੀ 'ਚ ਧਮਾਕਾ ਕਰਕੇ ਫਾਂਸੀ ਚੜ•ਨ ਗਿਆ ਉਦੋਂ ਭਾਰਤ ਦੀ ਧਰਤੀ, ਆਪਣਾ ਲੈਨਿਨ, ਆਪਣਾ ਮਾਓ-ਜ਼ੇ-ਤੁੰਗ ਲੱਭ ਰਹੀ ਸੀ ਤੇ ਭਗਤ ਸਿੰਘ ਦੇ ਅੰਦਰ ਐਹੋ ਜਿਹੇ ਬੀਜ ਮੌਜੁਦ ਸੀ ਤੇ ਉਹ ਬਣ ਸਕਦਾ ਸੀ, ਸ਼ਾਇਦ ਬਣ ਜਾਂਦਾ। ਪੱਕਾ ਨਹੀਂ ਕਹਿ ਸਕਦੇ, ਪਰ ਬਹੁਤ ਸੰਭਾਵਨਾਵਾਂ ਸਨ। ਮੈਨੂੰ ਅੱਜ ਤੱਕ ਸਮਝ ਨਹੀਂ ਆਈ ਕਿ ਉਹਦਾ ਫਾਂਸੀ ਚੜ• ਕੇ ਅਸੰਬਲੀ 'ਚ ਜਾ ਕੇ ਭਗਤ ਸਿੰਘ ਬਣਕੇ ਸ਼ਹੀਦ ਹੋ ਜਾਣਾ, ਤੇ ਇੱਕ ਜਜ਼ਬੇ 'ਚ ਵਟ ਜਾਣਾ ਮਹੱਤਵਪੂਰਨ ਸੀ ਜਾਂ ਉਹਦਾ ਕਿਸੇ ਹੋਣ ਵਾਲੇ ਇਨਕਲਾਬ ਦਾ, ਜਿਹੜਾ ਅੱਜ ਤੱਕ ਹੋ ਨਹੀਂ ਸਕਿਆ, ਉਹਦਾ ਆਗੂ ਬਣਨਾ ਮਹੱਤਵਪੂਰਨ ਸੀ। ਇਹ ਤਾਂ ਬੜੀਆਂ ਗੁੰਝਲਦਾਰ ਗੱਲਾਂ ਨੇ। ਹਾਂ ਅੱਜ ਅਸੀਂ ਇਹ ਯਕੀਨ ਨਾਲ ਕਹਿ ਸਕਦੇ ਹਾਂ ਕਿ ਗੁਰਸ਼ਰਨ ਸਿੰਘ ਇੱਕ ਜਜ਼ਬਾ ਐ, ਮੈਂ ਬਹੁਤ ਸਹਿਮਤ ਹਾਂ ਆਤਮਜੀਤ ਸਿੰਘ ਹੋਰਾਂ ਦੀ ਗੱਲ ਨਾਲ, ਸਾਡੇ ਲਈ ਇੱਕ ਜਜ਼ਬੇ ਦੇ ਰੂਪ ਵਿੱਚ ਹੀ ਸਭ ਤੋਂ ਵੱਧ ਗੁਰਸ਼ਰਨ ਸਿੰਘ ਮਹੱਤਵਪੂਰਨ ਐ, ਅਸੀਂ ਸਦਾ ਉਸ ਜਜ਼ਬੇ ਨੂੰ ਜਿਉਂਦਾ ਰੱਖਣੈ। ਔਰ ਅੱਜ ਰੰਗਕਰਮੀਆਂ ਦੀਆਂ ਤਕਰੀਰਾਂ ਨੇ, ਸਾਡਾ ਇਹ ਭਰੋਸਾ ਬੰਨ•ਾਇਐ, ਤੇ ਇਸੇ ਮੰਚ 'ਤੇ ਜਨਵਰੀ 2006 'ਚ ਜਿਹੜਾ ਅਸੀਂ ਦਾਤੀਆਂ, ਹਥੌੜਿਆਂ ਅਤੇ ਕਲਮਾਂ ਦੀ ਏਕਤਾ ਦਾ ਸੰਦੇਸ਼ ਦੇਣਾ ਚਾਹਿਆ ਸੀ, ਔਰ ਜੀਹਦੀ ਗੂੰਜ ਗੁਰਸ਼ਰਨ ਸਿੰਘ ਦੇ ਬੋਲਾਂ ਨਾਲ ਬਹੁਤ ਜ਼ਿਆਦਾ ਕੱਦਾਵਰ ਹੋ ਗਈ ਸੀ। ਉਹ ਗੂੰਜ ਹੁਣ ਵੀ ਉੱਚੀ ਹੋਊਗੀ। ਇਹਨਾਂ ਆਸਾਂ ਨਾਲ ਪੰਜਾਬ ਦੇ ਲੋਕ ਸੰਘਰਸ਼ ਦੇ ਰਾਹਾਂ 'ਤੇ ਨੇ। ਗੁਰਸ਼ਰਨ ਸਿੰਘ ਦੇ ਰਾਹਾਂ 'ਤੇ ਨੇ। ਪੰਜਾਬ ਦੇ ਕਲਾਕਾਰ ਗੁਰਸ਼ਰਨ ਸਿੰਘ ਦੇ ਰਾਹਾਂ 'ਤੇ ਨੇ। ਤੇ ਸਾਡੀ ਜ਼ਿੰਦਗੀ ਨੂੰ ਇੱਕ ਸੂਹਾ ਭਵਿੱਖ ਉਡੀਕ ਰਿਹੈ। ਅਸੀਂ ਸਿਰਜਣਾ ਉਸ ਸੂਹੇ ਭਵਿੱਖ ਲਈ ਕਰਨੀ ਐ। ਅਸੀਂ ਕਲਾ ਦੇ ਕਦਮਾਂ ਦੀਆਂ ਜ਼ੰਜ਼ੀਰਾਂ ਤੋੜਨੀਆਂ ਨੇ। ਅਸੀਂ ਕਿਰਤ ਦੇ ਕਦਮਾਂ ਦੀਆਂ ਜ਼ੰਜ਼ੀਰਾਂ ਤੋੜਨੀਆਂ ਨੇ। ਇਹਨਾਂ ਦੋਹਾਂ ਜ਼ੰਜ਼ੀਰਾਂ ਨੂੰ ਤੋੜ ਕੇ ਅਸੀਂ ਇੱਕ ਨਵੇਂ ਸਮਾਜ ਤੱਕ ਜਾਣੈ। ਤੇ ਅਸੀਂ ਜਾਵਾਂਗੇ। ਹਰ ਹਾਲਤ ਜਾਵਾਂਗੇ। ਅੱਜ ਮੈਨੂੰ ਮਾਣ ਮਹਿਸੂਸ ਹੋਇਐ ਕਿ ਗੁਰਸ਼ਰਨ ਸਿੰਘ ਨੂੰ ਜਿਹੜੀ ਨਾਟਕ ਲਹਿਰ ਦੀ ਮਾਣਮੱਤੀ ਕਲਗੀ ਕਿਹਾ ਸੀ, ਉਸ ਮਾਣਮੱਤੀ ਕਲਗੀ ਦੀ ਲਿਸ਼ਕੋਰ ਏਨੀ ਚਮਕਦਾਰ ਕਿਉਂ ਸੀ। ਅੱਜ ਆਤਮਜੀਤ ਹੋਰਾਂ ਦੇ ਭਾਸ਼ਣ ਤੋਂ, ਸਾਹਿਬ ਸਿੰਘ ਹੋਰਾਂ ਦੇ ਭਾਸ਼ਣ ਤੋਂ, ਅਜਮੇਰ ਔਲਖ ਹੋਰਾਂ ਦੇ ਭਾਸ਼ਣ ਤੋਂ, ਕੇਵਲ ਧਾਲੀਵਾਲ ਦੀਆਂ ਗੱਲਾਂ 'ਚੋਂ, ਸ਼ਬਦੀਸ਼ ਦੀਆਂ ਗੱਲਾਂ 'ਚੋਂ ਤੇ ਹੋਰ ਕਿੰਨੇ ਦੋਸਤਾਂ ਦੀਆਂ ਗੱਲਾਂ 'ਚੋਂ ਪਤਾ ਲੱਗਦਾ ਸੀ ਕਿ ਗੁਰਸ਼ਰਨ ਸਿੰਘ ਦੇ ਅੰਦਰ ਜਿਥੇ ਆਪਣੀ ਊਰਜਾ ਸੀ, ਉਥੇ ਇਸ ਰੰਗਮੰਚ ਲਹਿਰ ਦੀ ਇੱਕ ਮੋੜਵੀਂ ਊਰਜਾ ਵੀ ਸੀ, ਜਿਹੜੀ ਗੁਰਸ਼ਰਨ ਸਿੰਘ ਨੂੰ ਪ੍ਰਕਾਸ਼ਮਾਨ ਕਰਦੀ ਰਹੀ ਐ ਤੇ ਇਸ ਪ੍ਰਕਾਸ਼ ਦੇ ਵਿੱਚੋਂ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਖਲਾਅ ਦੇ ਬਾਵਜੂਦ, ਖੱਪੇ ਦੇ ਬਾਵਜੂਦ ਕੱਲ• ਨੂੰ ਕੋਈ ਹੋਰ ਗੁਰਸ਼ਰਨ ਸਿੰਘ ਪੈਦਾ ਹੋਊਗਾ। ਸਾਡੇ ਦਰਮਿਆਨ ਆਊਗਾ, ਅਸੀਂ ਉਹਨੂੰ ਪਲਕਾਂ 'ਤੇ ਬਿਠਾਵਾਂਗੇ, ਕੱਲ• ਨੂੰ ਅਸੀਂ ਕਿਸੇ ਹੋਰ ਗੁਰਸ਼ਰਨ ਸਿੰਘ ਨੂੰ ਅਸੀਂ ਉਹ ਦਿਨ ਉਡੀਕਦੇ ਆਂ, ਜਿਸਨੂੰ ਇਨਕਲਾਬੀ ਨਿਹਚਾ ਸਨਮਾਨ ਨਾਲ ਇਸ ਤਰ•ਾਂ ਦੀਆਂ ਸਟੇਜਾਂ ਦੇ ਉੱਤੇ ਸਤਿਕਾਰ ਸਕੀਏ। ਉਸ ਦਿਨ ਦੀ ਉਡੀਕ 'ਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।

ਜਾਨ ਤੋ ਆਨੀ ਜਾਨੀ ਹੈ

-ਗੁਰਦਿਆਲ ਸਿੰਘ

ਚਾਰ ਕੁ ਸਾਲ ਪਹਿਲਾਂ ਗੁਰਸ਼ਰਨ ਭਾਅ ਜੀ, ਸਾਡੀ ਛੋਟੀ ਜਿਹੀ ਪਿੰਡ ਵਰਗੀ ਮੰਡੀ ਵਿਚ, ਸਥਾਨਕ ਤਰਕਸ਼ੀਲ ਸੰਸਥਾ ਦੇ ਸੱਦੇ 'ਤੇ ਆਏ ਸਨ। ਉਨ੍ਹਾਂ ਨਾਲ ਸਿਰਫ ਤਿੰਨ ਅਦਾਕਾਰ ਸਨ। ਇਨ੍ਹਾਂ ਤਿੰਨਾਂ ਨੇ ਹੀ ਤਿੰਨ ਨਾਟਕ ਖੇਡੇ। ਭਾਅ ਜੀ ਆਪਣੇ ਵਿਚਾਰ ਦੱਸ ਕੇ, ਸਟੇਜ ਦੇ ਇਕ ਪਾਸੇ ਜਾ ਬੈਠੇ ਸਨ, ਆਵਾਜ਼ ਵਿਚ ਉਹੋ ਚਾਰ ਦਹਾਕਿਆਂ ਤੋਂ ਵਧੇਰੇ ਦਾ ਗੜ੍ਹਕਾ ਕਾਇਮ ਸੀ।

ਉਸ ਰਾਤ ਉਹ ਬਾਰਾਂ-ਇਕ ਵਜੇ ਦੇ ਕਰੀਬ, ਰਾਤ ਬਿਤਾਉਣ ਲਈ, ਸਾਡੇ ਘਰ ਠਹਿਰੇ। ਉਨ੍ਹਾਂ ਦੇ ਅਦਾਕਾਰਾਂ ਵਿਚ ਇਕ ਲੜਕੀ ਤੇ ਉਸ ਦਾ ਪਤੀ ਸ਼ਾਮਲ ਸਨ ਜਿਨ੍ਹਾਂ ਦਾ ਦੋ ਕੁ ਸਾਲ ਦਾ ਬੱਚਾ ਵੀ ਨਾਲ ਸੀ। ਉਹ ਘਰ ਹੇਠਲੇ ਕਮਰੇ ਵਿਚ ਰਹੇ। ਭਾਅ ਜੀ ਤੇ ਤੀਜਾ ਅਦਾਕਾਰ ਨੌਜਵਾਨ ਉਤਲੇ ਕਮਰੇ ਵਿਚ ਆ ਗਏ। ਕੁਵੇਲਾ ਹੋਣ ਕਾਰਨ ਮੈਂ ਉਨ੍ਹਾਂ ਨਾਲ ਬਹੁਤੀ ਗੱਲਬਾਤ ਨਹੀਂ ਸੀ ਕਰਨੀ ਚਾਹੁੰਦਾ ਕਿਉਂਕਿ ਉਨ੍ਹਾਂ ਨੇ ਆਰਾਮ ਵੀ ਕਰਨਾ ਸੀ।
ਸਵੇਰੇ ਜਦੋਂ ਜਾਗੇ ਤਾਂ ਮੇਰੀ ਪਤਨੀ ਨੇ ਪੁੱਛਿਆ, ''ਭਾਅ ਜੀ ਚਾਹ ਲਿਆਵਾਂ?''
''ਨਹੀਂ ਬੀਬੀ ਦਸ ਕੁ ਮਿੰਟ ਠਹਿਰ ਕੇ ਲੈ ਆਉਣਾ।''
ਉਹ ਗੁਸਲਖਾਨੇ ਵਿਚ ਮੂੰਹ-ਹੱਥ ਧੋ ਕੇ ਮੁੜ ਕਮਰੇ ਵਿਚ ਆ ਗਏ। ਅੰਦਾਜ਼ੇ ਨਾਲ, ਦਸ-ਪੰਦਰਾਂ ਮਿੰਟ ਬਾਅਦ ਉਹ ਚਾਹ ਦੇ ਦੋ ਕੱਪ ਲੈ ਕੇ ਕਮਰੇ 'ਚ ਗਈ ਤਾਂ ਦੇਖ ਕੇ ਹੈਰਾਨ ਰਹਿ ਗਈ ਕਿ ਭਾਅ ਜੀ ਸ਼ੂਗਰ ਦੀ ਦਵਾਈ ਇੰਸੋਲੀਨ ਦਾ ਟੀਕਾ ਲਾ ਰਹੇ ਸਨ, ਜਿਸ ਦੇ ਲਾਉਣ ਤੋਂ ਤੁਰੰਤ ਮਗਰੋਂ ਕੁਝ ਖਾਣਾ-ਪੀਣਾ ਜ਼ਰੂਰੀ ਹੁੰਦਾ ਹੈ।
ਕੁਝ ਚਿਰ ਬਾਅਦ ਜਦੋਂ ਹੇਠਲੇ ਕਮਰੇ ਵਿਚੋਂ ਬੱਚੇ ਨੂੰ ਗੋਦੀ ਚੁੱਕੀ, ਅਦਾਕਾਰ ਕੁੜੀ, ਉੱਤੇ ਨਹਾਉਣ ਆਈ ਤਾਂ ਮੈਂ ਉਹਨੂੰ ਪੁੱਛਿਆ, ''ਬੇਟੀ ਜਦੋਂ ਤੁਸੀਂ
Ð ਨਾਟਕ ਖੇਡ ਰਹੇ ਸੀ, ਉਦੋਂ ਇਹ ਬੱਚਾ ਕਿੱਥੇ ਸੀ?''
''ਇਹ ਪਿੱਛੇ ਉਸ ਕਮਰੇ ਵਿਚ ਸੀ ਅੰਕਲ ਜਿਥੇ ਅਸੀਂ ਨਾਟਕ ਲਈ ਤਿਆਰੀ ਕਰਦੇ ਸੀ।''
''ਜਦੋਂ ਤੁਸੀਂ ਨਾਟਕ ਖੇਡਦੇ ਓ ਏਨੀ ਦੇਰ ਇਹ ਰੋਂਦਾ ਜਾਂ ਜ਼ਿੱਦ ਨਹੀਂ ਕਰਦਾ?''
''ਨਹੀਂ ਅੰਕਲ, ਇਹਨੂੰ 'ਕੱਲਾ ਰਹਿਣ ਦੀ ਆਦਤ ਪੈ ਗਈ ਆ, ਖਿਡਾਉਣਿਆਂ ਨਾਲ ਖੇਡਦਾ ਰਹਿੰਦਾ।''
ਭਾਅ ਜੀ ਨਾਲ ਗੱਲਬਾਤ ਕਰਨ ਲਈ ਉਨ੍ਹਾਂ ਕੋਲ ਗਿਆ ਤਾਂ ਉਹ ਹਮੇਸ਼ਾ ਵਾਂਗ ਮੁਸਕਾਰਾਉਂਦੇ, ਪਹਿਲਾਂ ਮੇਰੀ ਸਿਹਤ ਤੇ ਕੰਮ ਬਾਰੇ ਪੁੱਛਣ ਲੱਗ ਪਏ। ਮੈਂ ਉਨ੍ਹਾਂ ਤੋਂ ਉਨ੍ਹਾਂ ਦੇ ਏਨੇ ਘੱਟ ਅਦਾਕਾਰਾਂ ਨਾਲ ਨਾਟਕ ਕਰਨ ਬਾਰੇ ਪੁੱਛਣਾ ਚਾਹੁੰਦਾ ਸਾਂ। ਪਰ ਉਨ੍ਹਾਂ ਆਪ ਹੀ ਗੱਲਾਂ ਛੇੜ ਲਈਆਂ।

''ਜਦੋਂ ਛੇਵੇਂ ਦਹਾਕੇ ਨਾਟਕ ਕਰਨੇ ਸ਼ੁਰੂ ਕੀਤੇ ਤਾਂ ਪੜ੍ਹੇ-ਲਿਖੇ ਮੁੰਡੇ ਕੁੜੀਆਂ ਨੂੰ ਬੜਾ ਸ਼ੌਕ ਹੁੰਦਾ ਸੀ। ਆਪੇ ਮੇਰੇ ਕੋਲ ਆ ਕੇ, ਬੜੇ ਚਾਵਾਂ ਨਾਲ ਰੀਹਰਸਲਾਂ ਕਰਦੇ, ਨਾਟਕ ਖੇਡਦੇ। ਕਈ ਨੌਕਰੀਆਂ ਵੀ ਕਰਦੇ ਸਨ। ਉਹ ਛੁੱਟੀਆਂ ਲੈ ਕੇ ਵੀ ਮੇਰੇ ਨਾਲ ਜਾਂਦੇ। ਅੰਮ੍ਰਿਤਸਰ ਤਾਂ ਐਕਟਰਾਂ ਦੀ ਕੋਈ ਕਮੀ ਨਹੀਂ ਸੀ। ਸ਼ਾਇਦ 1968-69 ਵਿਚ ਤੁਸਾਂ ਏਥੇ ਵੀ ਸਾਡੀ ਟੀਮ ਨੂੰ ਬੁਲਾਇਆ ਸੀ। ਉਦੋਂ ਮੇਰੀ ਪਤਨੀ ਕੈਲਾਸ਼, ਬੇਟੀ-ਉਦੋਂ ਬੜੀ ਛੋਟੀ ਸੀ-ਹਰਭਜਨ, ਜਤਿੰਦਰ, ਲੋਕ ਨਾਥ ਸਮੇਤ ਸ਼ਾਇਦ ਬਾਰਾਂ-ਪੰਦਰਾਂ ਐਕਟਰ ਸਨ। ਮੈਂ ਉਨ੍ਹਾਂ ਨੂੰ ਜੋ ਵੀ ਸਰਦਾ-ਬਣਦਾ, ਦੇ ਵੀ ਦਿੰਦਾ ਸਾਂ-ਜੋ ਨਾਟਕ ਕਰਾਉਣ ਵਾਲੇ ਦੇ ਸਕਦੇ ਸਨ। ਇਹ ਸਿਲਸਿਲਾ ਦੋ-ਢਾਈ ਕੁ ਦਹਾਕੇ ਜਾਰੀ ਰਿਹਾ। ਫੇਰ ਕੁਝ ਪੜ੍ਹੇ-ਲਿਖੇ ਮੁੰਡੇ-ਕੁੜੀਆਂ ਐਕਟਿੰਗ ਸਿੱਖ ਕੇ ਏਧਰ ਉਧਰ ਟੀ.ਵੀ., ਫਿਲਮਾਂ ਤੇ ਦੂਰਦਰਸ਼ਨ ਵੱਲ ਵੀ ਜਾਣ ਲੱਗ ਪਏ। ਇਸ ਘਾਟ ਨੂੰ ਪੂਰਾ ਕਰਨ ਲਈ, ਮੈਂ ਇਹੋ ਸੋਚਿਆ ਕਿ ਨਾਟਕ ਹੀ ਅਜਿਹੇ ਹੋਣ ਜੋ ਐਕਟਰਾਂ ਮੁਤਾਬਕ ਖੇਡੇ ਜਾ ਸਕਣ। ਜਦੋਂ ਚੰਡੀਗੜ੍ਹ ਗਏ ਤਾਂ ਉਥੇ ਵੀ ਸ਼ੌਕੀਆ ਮੁੰਡੇ-ਕੁੜੀਆਂ ਆਣ ਲੱਗ ਪਏ। ਤੁਹਾਡੀ ਦੋਹਤੀ ਵੀ ਬੜੀ ਅੱਛੀ ਸੀ। ਉਹ ਫੇਰ ਅੰਮ੍ਰਿਤਸਰ ਚਲੀ ਗਈ-ਨੌਕਰੀ 'ਤੇ।…
''ਹੁਣ ਕੁਝ ਚਿਰ ਤੋਂ ਬਸ ਅਹਿ ਤਿੰਨ ਹੀ ਰਹਿ ਗਏ ਨੇ। ਅਹਿ ਮੇਰੇ ਨਾਲ ਜਿਹੜਾ ਲੜਕਾ ਏ, ਐਕਟਿੰਗ ਵੀ ਕਰਦਾ ਏ ਤੇ ਸਾਡੀ ਕਾਰ ਦਾ ਡਰਾਈਵਰ ਵੀ ਇਹੋ ਏ।'' ਉਨ੍ਹਾਂ ਆਪਣੇ ਨਾਲ, ਦੂਜੇ ਨੌਜਵਾਨ ਵੱਲ ਇਸ਼ਾਰਾ ਕੀਤਾ ਤੇ ਮੁਸਕਰਾ ਪਏ।
''ਭਾਅ ਜੀ ਤੁਸੀਂ, ਅਜਿਹੇ ਹਾਲਾਤ ਵਿਚ ਵੀ ਏਨਾ ਕੰਮ ਕਰ ਰਹੇ ਓ।''
''ਇਹ ਤੇ ਤੁਹਾਡਾ ਸਾਡਾ ਫਰਜ਼ ਏ।'' ਉਨ੍ਹਾਂ ਗੰਭੀਰ ਹੁੰਦਿਆਂ ਕਿਹਾ, ''ਜੇ ਅਸੀਂ ਨਹੀਂ ਕਰਾਂਗੇ ਤਾਂ ਹੋਰ ਕੌਣ ਕਰੇਗਾ-ਸਾਡੀ ਤੇ ਕਮਿਟਮੈਂਟ ਏ।ਦੇਖਦੇ ਓ ਨਾ ਲੋਕਾਂ ਨੂੰ ਕਿੰਜ ਵਰਗਲਾਇਆ ਜਾ ਰਿਹਾ ਏ। ਕਿੰਜ ਉਨ੍ਹਾਂ ਦੀਆਂ ਮੁਸੀਬਤਾਂ ਵਧ ਰਹੀਆਂ ਨੇ।ਸਾਰਾ ਕੁਝ ਹੀ ਬਰਬਾਦ ਕਰੀ ਜਾਂਦੀਆਂ ਨੇ ਇਹ ਬੁਰਜਵਾ ਪੁਲੀਟੀਕਲ ਪਾਰਟੀਆਂ।'' ਜਿਵੇਂ ਬੋਲਦੇ ਗਏ ਆਵਾਜ਼ ਸੁਭਾਵਕ ਈ ਉੱਚੀ ਹੁੰਦੀ ਗਈ। ਅੱਖਾਂ ਦੀ ਚਮਕ ਵਧਣ ਲੱਗ ਪਈ ਤੇ ਦੋਏ ਬਾਹਾਂ ਉਤਾਂਹ ਕਰਕੇ ਦੋਏ ਹੱਥ ਜਿਵੇਂ ਬਾਜ਼ਾਂ ਵਾਂਗ ਉਡਾਰੀ ਮਾਰਨ ਲੱਗ ਪਏ।

ਮੈਨੂੰ ਅਚਾਨਕ, ਉਹ ਸਮਾਂ ਯਾਦ ਆ ਗਿਆ ਜਦੋਂ, ਸ਼ਾਇਦ 1972-73 ਵਿਚ, ਅੰਮ੍ਰਿਤਸਰ ਦੇ ਹਾਲ ਬਾਜ਼ਾਰ ਦੇ ਗੇਟ ਕੋਲ, ਵੱਡੇ ਹਾਲ ਵਿਚ ਉਨ੍ਹਾਂ ਦੇ ਸੱਦੇ ਉਤੇ ਸਾਰੇ ਪੰਜਾਬ ਵਿਚੋਂ, ਵਿਦਵਾਨ, ਖੱਬੇਪੱਖੀ ਪਾਰਟੀਆਂ ਦੇ ਨੇਤਾ, ਨੌਜਵਾਨ ਵਰਕਰ ਇਕੱਠੇ ਹੋਏ ਸਨ ਤੇ ਹਾਲ ਵਿਚ ਤਿਲ ਸੁੱਟਣ ਨੂੰ ਥਾਂ ਨਹੀਂ ਸੀ। ਕਈ ਵਿਦਵਾਨਾਂ ਨੇ ਪਰਚੇ ਪੜ੍ਹਨੇ ਸਨ। ਨਕਸਲਵਾਦ ਦਾ ਦੌਰ ਸੀ। ਨੌਜਵਾਨਾਂ ਵਿਚ ਬੜਾ ਜੋਸ਼ ਸੀ।

ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਭਾਅ ਜੀ ਨੇ ਆਏ ਲੋਕਾਂ ਦਾ ਸੁਆਗਤ ਕਰਨਾ ਸੀ। ਜਦੋਂ ਬੋਲਣ ਲੱਗੇ ਤਾਂ ਸਾਧਾਰਨ ਆਵਾਜ਼ ਉੱਚੀ ਹੁੰਦੀ ਗਈ। ਅਜੇ ਪੰਜ-ਸੱਤ ਮਿੰਟ ਹੀ ਬੋਲੇ ਹੋਣਗੇ ਕਿ ਭਾਵੁਕ ਹੋ ਗਏ। ਆਵਾਜ਼ ਭਰੜਾ ਗਈ।
''ਸਾਡੇ ਇਕ ਬਜ਼ੁਰਗ ਕਹਿਣ ਲੱਗੇ, ਤੁਸੀਂ ਏਨੇ ਗੰਦੇ, ਸੜੇ-ਗਰਕੇ ਸਮਾਜ ਵਿਚ ਜੀਵੀ ਕਿੰਜ ਜਾਂਦੇ ਓ।ਇਹ ਬੰਦਿਆਂ ਦੇ ਰਹਿਣ ਜੋਗਾ ਹੈ ਵੇ।ਫੇਰ ਵੀ ਤੁਹਾਨੂੰ ਅਹਿਸਾਸ ਨਹੀਂ ਹੁੰਦਾ ਕਿ ਤੁਸਾਂ ਦਾ ਕੀ ਫਰਜ਼ ਏ।ਕੀ ਕਰਦੇ ਪਏ ਓ।''
ਤੇ ਏਨੇ ਭਾਵੁਕ ਹੋ ਗਏ ਕਿ ਰੋ ਪਏ। ਹੰਝੂ ਪੂੰਝੀ ਗਏ, ਬੋਲ ਨਹੀਂ ਸਕੇ। ਸਾਰੇ ਪਾਸੇ ਸੁੰਨ ਵਾਪਰ ਗਈ। ਉਹ ਕੁਝ ਪਲ ਯਾਦ ਕਰਕੇ, ਮੈਂ ਰਤਾ ਵੀ ਭਾਵੁਕ ਹੋ ਕੇ ਕਿਹਾ, ''ਭਾਅ ਜੀ ਤੁਸੀਂ ਧੰਨ ਓ! ਮੈਨੂੰ ਉਹ ਦਿਨ ਯਾਦ ਐ ਜਦੋਂ ਅੰਮ੍ਰਿਤਸਰ ਹਾਲ ਬਾਜ਼ਾਰ ਦੇ ਬਾਹਰ ਵੱਡੇ ਹਾਲ ਵਿਚ ਤੁਸੀਂ ਏਨੇ ਭਾਵੁਕ ਹੋ ਗਏ ਸੀ।''
''ਹਾਂ! ਮੈਂ ਹੁਣ ਭਾਵੁਕ ਹੋ ਜਾਨਾ ਵਾਂ, ਗੁਰਦਿਆਲ ਸਿੰਘ।ਇਹ ਜੋ ਕੁਝ ਅਸੀਂ ਦੇਖਨੇ ਪਏ ਆਂ, ਬਰਦਾਸ਼ਤ ਨਹੀਂ ਹੁੰਦਾ।ਬਰਦਾਸ਼ਤ ਕਿੰਜ ਕਰੀਏ!…ਇਹ ਬਰਦਾਸ਼ਤ ਕਰਨ ਵਾਲਾ ਹੈ ਵੇ।''

ਫੇਰ ਇਕਦਮ ਮੁੜ ਮੁਸਕਰਾਏ। ਇੰਜ ਮੂਡ ਬਦਲਣ ਦੀ ਆਦਤ ਉਨ੍ਹਾਂ ਦੀ ਲੰਮੇ ਸਮੇਂ ਤੋਂ ਲਗਾਤਾਰ ਨਾਟਕ ਖੇਡਣ ਕਰਕੇ ਹੀ ਨਹੀਂ ਸੀ ਬਣੀ। ਇਹ ਉਨ੍ਹਾਂ ਦੇ ਰੋਮ-ਰੋਮ ਵਿਚ ਰਚੀ ਹੋਈ ਸੀ-ਮੁਕੰਮਲ ਸ਼ਖਸੀਅਤ ਦਾ ਹੀ ਭਾਗ ਸੀ।
ਅਜਿਹੇ ਇਨਸਾਨ, 'ਬਣਾਏ' ਨਹੀਂ ਬਣਦੇ, ਉਹ ਪੈਦਾ ਹੁੰਦੇ ਹਨ। .........ਤੇ ਇਹੋ ਬੰਦੇ ਹੁੰਦੇ ਨੇ ਜਿਹੜੇ ਸਦੀਆਂ ਦੇ ਸੁੱਤੇ ਪਏ ਸਮਾਜਾਂ ਨੂੰ ਹਲੂਣ ਕੇ ਜਗਾਅ ਜਾਂਦੇ ਨੇ। ਸਦਾ ਤਾਂ ਇਨ੍ਹਾਂ ਰਹਿਣਾ ਨਹੀਂ ਹੁੰਦਾ, ਪਰ ਜੋ ਕੁਝ ਵੀ ਉਹ ਕਰ ਜਾਂਦੇ ਨੇ, ਉਹਨੂੰ ਸਿਥਲ ਹੋਏ ਸਮਾਜ ਵੀ ਭੁਲਾ ਨਹੀਂ ਸਕਦੇ। ਇਹ 'ਕਰਮਯੋਗੀ', ਜੋ ਕਰਨ ਆਉਂਦੇ ਨੇ ਕਰਕੇ ਤੁਰ ਜਾਂਦੇ ਨੇ। ਇਨ੍ਹਾਂ ਦੇ ਵਿਚਾਰ ਤੇ ਕਰਮ ਹੀ ਨਿੱਘਰੇ ਸਮਾਜਾਂ ਨੂੰ, ਬੰਦਿਆਂ ਦੇ ਰਹਿਣ ਜੋਗੇ ਬਣਾਉਣ ਲਈ ਬਿਖੜੇ ਰਾਹਾਂ 'ਤੇ ਤੁਰਨ ਲਈ ਉਤਸ਼ਾਹਤ ਕਰਦੇ ਹਨ। ਸੰਸਾਰ ਅੰਦਰ ਤਬਦੀਲੀਆਂ ਮਹਾਨ ਅਗੰਮੀ ਪੁਰਸ਼ਾਂ, ਵਿਗਿਆਨੀਆਂ, ਚਿੰਤਕਾਂ ਕਾਰਨ ਹੀ ਆਉਂਦੀਆਂ ਰਹੀਆਂ ਹਨ। ਇਹ ਮਨੁੱਖੀ ਸਮਾਜਾਂ ਦੇ ਵਿਕਾਸ ਦਾ ਅਟੱਲ ਨਿਯਮ ਵੀ ਹੈ ਕਿ ਇਹ ਬੰਦੇ ਉਦੋਂ ਪੈਦਾ ਹੁੰਦੇ ਹਨ ਜਦੋਂ ਉਨ੍ਹਾਂ ਦੀ ਸਭ ਤੋਂ ਵੱਧ, ਕਿਸੇ ਸਮਾਜ ਨੂੰ ਲੋੜ ਹੁੰਦੀ ਹੈ। ਗੁਰਸ਼ਰਨ ਭਾਅ ਜੀ ਵੀ ਅਜਿਹੀ ਲੋੜ ਸਮੇਂ ਹੀ ਆਏ ਤੇ ਆਪਣਾ ਫਰਜ਼ ਨਿਭਾ ਕੇ ਚਲੇ ਗਏ। ਇਹੋ ਉਨ੍ਹਾਂ ਦੇ ਜੀਵਨ ਦਾ ਮਹੱਤਵ ਤੇ ਮਹਾਨਤਾ ਸੀ। ਉਰਦੂ ਸ਼ਾਇਰ ਫੈਜ਼ ਅਨੁਸਾਰ:

ਜਿਸ ਧਜ ਸੇ ਕੋਈ ਮਕਤਲ ਮੇਂ ਗਯਾ
ਵੋਹ ਸ਼ਾਨ ਸਲਾਮਤ ਰਹਿਤੀ ਹੈ
ਜਾਨ ਤੋ ਆਨੀ ਜਾਨੀ ਹੈ
ਇਸ ਜਾਨ ਕੀ ਤੋ ਕੋਈ ਬਾਤ ਨਹੀਂ।
(ਪੰਜਾਬੀ ਟ੍ਰਿਬਿਊਨ 'ਚੋਂ ਧੰਨਵਾਦ ਸਹਿਤ)
ਭਾਅ ਜੀ ਨਾਲ ਬੱਸ ਦਾ ਸਫ਼ਰ

-ਪ੍ਰੋ. ਨਵਜੀਤ ਜੌਹਲ

.........ਅਤਿਵਾਦ ਦੇ ਦਿਨਾਂ ਵਿੱਚ ਉਨ੍ਹਾਂ ਨਾਲ ਜਲੰਧਰੋਂ, ਚੰਡੀਗੜ੍ਹ ਬੱਸ ਰਾਹੀਂ ਕੀਤਾ ਸਫ਼ਰ ਮੇਰੀ ਜ਼ਿੰਦਗੀ ਦੀ ਅਭੁੱਲ ਯਾਦ ਬਣ ਗਿਆ। ਇਹ ਗੱਲ 1988 ਜਾਂ 1989 ਦੀ ਹੈ। ਉਨ੍ਹੀਂ ਦਿਨੀਂ ਜਲੰਧਰੋਂ ਸ਼ਾਮੀ ਸੱਤ, ਸਾਢੇ ਸੱਤ ਵਜੇ ਇੱਕ ਬੱਸ ਚੰਡੀਗੜ੍ਹ ਲਈ ਚਲਦੀ ਸੀ, ਜਿਸ ਵਿੱਚ ਚਾਰ ਹਥਿਆਰਬੰਦ ਗਾਰਡ ਹੁੰਦੇ ਸਨ। ਭਰ ਸਰਦੀ ਦੀ ਉਸ ਸ਼ਾਮ ਜਲੰਧਰ ਕਿਸੇ ਕੰਮ ਗਿਆ ਮੈਂ ਲੇਟ ਹੋ ਗਿਆ ਸਾਂ ਤੇ ਉਸੇ ਬੱਸ ਰਾਹੀਂ ਹੀ ਮੈਂ ਚੰਡੀਗੜ੍ਹ ਆਉਣਾ ਸੀ। ਟਿਕਟ ਅਤੇ ਸੀਟ ਨੰਬਰ ਲੈ ਕੇ ਮੈਂ ਜਦੋਂ ਬੱਸ ਅੰਦਰ ਵੜਿਆ ਤਾਂ ਦੇਖਿਆ ਕਿ ਗੁਰਸ਼ਰਨ ਭਾਅ ਜੀ ਵੀ ਬੱਸ ਵਿੱਚ ਬੈਠੇ ਸਨ। ਉਨ੍ਹਾਂ ਦੇ ਨਾਲ ਵਾਲੀ ਸੀਟ 'ਤੇ ਕੋਈ ਬੈਠਾ ਸੀ, ਮੇਰੀ ਸੀਟ ਕਾਫ਼ੀ ਪਿੱਛੇ ਸੀ। ਪੌਣੇ ਨੌਂ ਵਜੇ ਦੇ ਕਰੀਬ ਬਸ ਨਵਾਂ ਸ਼ਹਿਰ ਦੇ ਪੁਰਾਣੇ ਬੱਸ ਅੱਡੇ 'ਤੇ ਰੁਕੀ। ਉਦੋਂ ਅਜੇ ਨਵਾਂ ਬੱਸ ਅੱਡਾ ਨਹੀਂ ਸੀ ਬਣਿਆ। ਇੱਥੇ ਇੱਕ ਹੀ ਢਾਬਾ ਤੇ ਚਾਹ ਦੀ ਦੁਕਾਨ ਹੁੰਦੀ ਸੀ। ਮੈਨੂੰ ਲੱਗਿਆ ਕਿ ਉਨ੍ਹਾਂ ਨਾਲ ਕੁਝ ਪਲ ਬਿਤਾਉਣ ਦਾ ਇਹ ਸੁਨਹਿਰੀ ਮੌਕਾ ਸੀ। ਬੱਸ ਦੇ ਰੁਕਦਿਆਂ ਰੁਕਦਿਆਂ ਮੈਂ ਉਨ੍ਹਾਂ ਦੀ ਸੀਟ ਕੋਲ ਪਹੁੰਚ ਗਿਆ ਤੇ ਉਨ੍ਹਾਂ ਦੇ ਉਠਦਿਆਂ ਉਠਦਿਆਂ ਦੱਸ ਦਿੱਤਾ ਕਿ ਮੈਂ ਉਨ੍ਹਾਂ ਦਾ ਪੁਰਾਣਾ ਪ੍ਰਸ਼ੰਸਕ ਹਾਂ। ਬੱਸ 'ਚੋਂ ਉਤਰਦਿਆਂ ਹੀ ਉਨ੍ਹਾਂ ਆਪਣੇ ਅਨੁਭਵਾਂ ਬਾਰੇ ਬੋਲਣਾ ਸ਼ੁਰੂ ਕਰ ਦਿੱਤਾ। ਮੈਂ ਨੋਟ ਕਰ ਰਿਹਾ ਸੀ ਕਿ ਚਾਹ ਪਾਣੀ ਦਾ ਆਰਡਰ ਦੇ ਰਹੇ ਲੋਕ ਉਨ੍ਹਾਂ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣਨ ਲੱਗੇ ਸਨ। ਚਾਹ ਬਣਦਿਆਂ ਬਣਦਿਆਂ ਉਨ੍ਹਾਂ ਦੀ ਆਵਾਜ਼ ਹੋਰ ਵੀ ਉÎੱਚੀ ਤੇ ਦਮਦਾਰ ਹੋ ਗਈ ਸੀ। ਚਾਹ ਦੇ ਕੱਪ ਹੱਥ 'ਚ ਫੜੀ ਦਸ-ਬਾਰਾਂ ਜਣੇ ਉਨ੍ਹਾਂ ਦੇ ਇਰਦ-ਗਿਰਦ ਆ ਕੇ ਖੜ੍ਹ ਗਏ ਸਨ।

ਭ੍ਰਿਸ਼ਟਾਚਾਰ ਤੋਂ ਸ਼ੁਰੂ ਹੋ ਕੇ ਉਨ੍ਹਾਂ ਦੀ ਗੱਲ ਅਤਿਵਾਦ 'ਤੇ ਆ ਗਈ। ਉਨ੍ਹੀ ਦਿਨੀਂ ਉਨ੍ਹਾਂ ਨੇ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਕਈ ਪਿੰਡਾਂ ਵਿੱਚ ਅਤਿਵਾਦ ਵਿਰੋਧੀ ਨਾਟਕ ਕੀਤੇ ਸਨ। ਦੇਖਦਿਆਂ ਦੇਖਦਿਆਂ ਬੱਸ ਦੀਆਂ ਲਗਭਗ ਸਾਰੀਆਂ ਸਵਾਰੀਆਂ ਉਨ੍ਹਾਂ ਦੁਆਲੇ ਆ ਜੁੜੀਆਂ, ਡਰਾਈਵਰ ਕੰਡਕਟਰ ਵੀ ਤੇ ਚਾਰੋਂ ਪੁਲੀਸ ਵਾਲੇ ਵੀ। ਦੁਆਬੀਏ ਵੀ ਤੇ ਮਝੈਲ ਵੀ।
ਕੁਝ ਮਿੰਟਾਂ ਬਾਅਦ ਚੰਡੀਗੜ੍ਹੋਂ, ਜਲੰਧਰ ਜਾ ਰਹੀ ਬੱਸ ਵੀ ਉਥੇ ਹੀ ਆ ਰੁਕੀ। ਇਸੇ ਦੌਰਾਨ ਚਾਹ ਦੀ ਦੁਕਾਨ ਵਾਲਾ ਅਤੇ ਉਸ ਦੇ ਨੌਕਰ ਵੀ ਭੀੜ ਦਾ ਹਿੱਸਾ ਬਣ ਚੁੱਕੇ ਸਨ। ਦੂਜੀ ਬੱਸ ਦੀਆਂ ਸਵਾਰੀਆਂ ਵੀ ਦੁਕਾਨ ਵੱਲ ਜਾਣ ਦੀ ਬਜਾਏ ਗੁਰਸ਼ਰਨ ਭਾਅ ਜੀ ਦੁਆਲੇ ਹੀ ਜੁੜਨ ਲੱਗੀਆਂ ਸਨ। ਉਨ੍ਹਾਂ ਦੀ ਦਮਦਾਰ ਆਵਾਜ਼ ਅਤੇ ਆਪਮੁਹਾਰੀ ਰਵਾਨੀ ਭਰੀ ਅਦਾਕਾਰੀ ਨੇ ਸਮੇਂ ਨੂੰ ਜਿਵੇਂ ਰੋਕ ਲਿਆ ਸੀ। ਕੋਈ ਉੱਚਾ ਸਾਹ ਵੀ ਨਹੀਂ ਸੀ ਲੈ ਰਿਹਾ। ਸਵਾਲ ਤਾਂ ਬਹੁਤ ਸਾਰੇ ਚਿਹਰਿਆਂ 'ਤੇ ਸਨ ਪਰ ਜਵਾਬ ਸਿਰਫ਼ ਗੁਰਸ਼ਰਨ ਸਿੰਘ ਦੀ ਗੜ੍ਹਕਵੀਂ ਆਵਾਜ਼ ਹੀ ਦੇ ਰਹੀ ਸੀ। ਅਤਿਵਾਦ ਖ਼ਿਲਾਫ਼ ਮੈਂ ਕਈ ਨੇਤਾਵਾਂ ਨੂੰ ਬੋਲਦੇ ਸੁਣਿਆ ਸੀ ਪਰ ਰਾਤ ਦੇ ਹਨੇਰੇ ਵਿੱਚ ਇੱਕ ਓਪਰੀ ਥਾਂ 'ਤੇ ਇੰਨੀ ਗਰਜਵੀਂ ਤੇ ਭਰਪੂਰ ਆਵਾਜ਼ ਵਿੱਚ ਸਿਰਫ਼ ਗੁਰਸ਼ਰਨ ਭਾਅ ਜੀ ਹੀ ਬੋਲ ਸਕਦੇ ਸਨ।

ਇੰਨੇ ਲੰਮੇ ਸਮੇਂ ਤੱਕ ਬੋਲਦਿਆਂ ਬਹੁਤੀ ਚਾਹ ਉਨ੍ਹਾਂ ਦੇ ਰੋਹ ਨਾਲ ਕੰਬਦੇ ਹੱਥਾਂ ਕਾਰਨ ਡੁੱਲ੍ਹ ਗਈ ਸੀ ਤੇ ਬਾਕੀ ਰਹਿੰਦੀ ਯਖ਼ ਠੰਢੀ ਹੋ ਗਈ ਸੀ। ਪੰਦਰਾਂ ਮਿੰਟਾਂ ਲਈ ਰੁਕੀ ਬੱਸ ਨੂੰ ਖੜ੍ਹਿਆਂ ਅੱਧੇ ਘੰਟੇ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਸੀ ਪਰ ਕੋਈ ਵੀ ਉੱਥੋਂ ਹਿੱਲਣ ਦਾ ਨਾਂ ਨਹੀਂ ਸੀ ਲੈ ਰਿਹਾ।

ਸੌ ਦੇ ਕਰੀਬ ਲੋਕਾਂ ਦੇ ਚਿਹਰਿਆਂ 'ਤੇ ਇੱਕ ਨਵਾਂ ਰੰਗ ਸੀ, ਇੱਕ ਨਵੀਂ ਭਾਅ ਸੀ। ਸੰਤਾਪੇ ਸਮਿਆਂ ਬਾਰੇ ਇੰਨਾ ਕੌੜਾ ਸੱਚ ਸ਼ਾਇਦ ਉਨ੍ਹਾਂ ਪਹਿਲੀ ਵਾਰ ਸੁਣਿਆ ਸੀ। ਮੌਲਿਕ ਸ਼ਬਦ ਦੀ ਸ਼ਕਤੀ ਨੇ ਬੱਸ ਦੀਆਂ ਸਵਾਰੀਆਂ ਨੂੰ ਇੱਕ ਪ੍ਰਭਾਵਸ਼ਾਲੀ ਲੋਕ ਨਾਟਕ ਦੇ ਦਰਸ਼ਕਾਂ ਵਿੱਚ ਬਦਲ ਦਿੱਤਾ ਸੀ।

ਚਾਲੀ ਮਿੰਟ ਬਾਅਦ ਜਦੋਂ ਗੁਰਸ਼ਰਨ ਭਾਅ ਜੀ ਨੇ ਕੱਪ 'ਚ ਬਚੇ ਚਾਹ ਦੇ ਆਖ਼ਰੀ ਘੁੱਟ ਨੂੰ ਭਰਨਾ ਚਾਹਿਆ ਤਾਂ ਬੱਸ ਦੇ ਡਰਾਈਵਰ ਨੇ ਬੜੇ ਅਦਬ ਨਾਲ ਚੱਲਣ ਦੀ ਬੇਨਤੀ ਕੀਤੀ। ਚਾਹ ਦੀ ਦੁਕਾਨ ਵਾਲੇ ਨੇ ਦੋਵੇਂ ਹੱਥ ਜੋੜ ਕੇ ਦੁਬਾਰਾ ਚਾਹ ਲਿਆਉਣ ਦੀ ਪੇਸ਼ਕਸ਼ ਕੀਤੀ। ''ਨਹੀਂ, ਹੁਣ ਚਾਹ ਦੀ ਲੋੜ ਨਹੀਂ।'' ਆਖ ਕੇ ਭਾਅ ਜੀ ਬੱਸ ਵੱਲ ਤੁਰ ਪਏ। ਪੁਲੀਸ ਵਾਲਿਆਂ ਸਮੇਤ ਹਰ ਕੋਈ ਉਨ੍ਹਾਂ ਦੇ ਨਾਲ-ਨਾਲ ਤੁਰਨਾ ਚਾਹ ਰਿਹਾ ਸੀ।

''ਲੋਕ ਨਾਟਕ ਕੀ ਹੁੰਦਾ ਹੈ?'' ਚਿਰਾਂ ਤੋਂ ਜ਼ਿਹਨ ਵਿੱਚ ਲਟਕਦੇ ਤੇ ਕਿਤਾਬਾਂ 'ਚੋਂ ਨਾ ਲੱਭੇ ਇਸ ਸਵਾਲ ਦਾ ਜਵਾਬ ਮੈਨੂੰ ਆਖ਼ਰ ਮਿਲ ਗਿਆ ਸੀ।

(ਪੰਜਾਬੀ ਟ੍ਰਿਬਿਊਨ 'ਚੋਂ ਸੰਖੇਪ)

No comments: