Wednesday, November 2, 2011

ਸਲਾਮ - 2, ਭਾਗ ਤੀਜਾ


ਫਿਲਮ ਜਗਤ ਅਤੇ ਗੁਰਸ਼ਰਨ ਸਿੰਘ ਦਾ ਜਲਵਾ

ਬੰਬਈ ਦੇ ਸਭ ਤੋਂ ਵੱਡੇ ਹਾਲ ਸ਼ਨਮੁਖਾਨੰਦ ਵਿੱਚ ਆਪਣੇ ਖੇਡੇ ਨਾਟਕ 'ਚਾਂਦਨੀ ਚੌਕ ਤੋਂ ਸਰਹੰਦ ਤੱਕ' ਬਾਰੇ ਇੱਕ ਘਟਨਾ ਦਾ ਜ਼ਿਕਰ ਕਰਦਿਆਂ ਉਹਨਾਂ ਦੱਸਿਆ ਕਿ ਇਸ ਹਾਲ ਵਿੱਚ ਨਾਟਕ ਰੌਸ਼ਨੀਆਂ, ਪਰਦਿਆਂ ਆਦਿ ਦੇ ਪ੍ਰਭਾਵ ਹੇਠ ਖੇਡੇ ਜਾਂਦੇ ਸਨ। ਉਹਨਾਂ ਦਾਨਾਟਕ ਵੇਖਣ ਲਈ ਪ੍ਰਸਿੱਧ ਫਿਲਮੀ ਹੀਰੋ ਦਲੀਪ ਕੁਮਾਰ ਵੀ ਆਇਆ ਹੋਇਆ ਸੀ ਤੇ ਜਦੋਂ ਉਹਨਾਂ ਨੇ ਆਪਣਾ ਨਾਟਕ ਸਾਫ ਕਾਲੇ ਪਰਦੇ ਦੇ ਸਾਹਮਣੇ ਸ਼ੁਰੀ ਕੀਤਾ ਤਾਂ ਅੱਗੋਂ ਪਿੱਛੋਂ ਇਹੋ ਜਿਹੀਆਂ ਆਵਾਜ਼ਾਂ ਆਈਆਂ ਜਿਵੇਂ ਕਿਸੇ ਦਾ ਮਾਖੌਲ ਉਡਾਇਆ ਜਾ ਰਿਹਾ ਹੋਵੇ ਤਾਂ ਮੈਂ ਬੋਲਣਾ ਸ਼ੁਰੂ ਕੀਤਾ, ''ਮੈ ਇਤਿਹਾਸ ਕਹਿੰਦੇ ਨੇ ਮੈਂ ਹਰ ਯੁੱਗ ਵਿੱਚ ਹਾਜ਼ਰ ਰਿਹਾ ਹਾਂ।'' ਤੇ ਮੈਂ ਆਪਣੀ ਆਵਾਜ਼ ਨੂੰ ਇੱਕ ਮਿੰਟ ਵਿੱਚ ਪੂਰਾ ਫੈਲਾਇਆ। ਜਦੋਂ ਮੈਂ ਨਾਟਕ ਕਰਕੇ ਹਟਿਆ ਤਾਂ ਦਲੀਪ ਕੁਮਾਰ ਸਟੇਜ 'ਤੇ ਆਇਆ ਥੋੜ•੍ਵੀ ਜਿਹੀ ਪੀਤੀ ਹੁੰਦੀ ਹੈ ਇਹਨਾਂ ਲੋਕਾਂ ਨੇ, ਕੁਝ ਭਾਵੁਕ ਵੀ ਸੀ। ਕਹਿਣ ਲੱਗਿਆ, ''ਸਰਦਾਰ ਸਾਹਿਬ, ਸੁਨਾ ਕਰਤੇ ਥੇ ਕਿ ਸ਼ੈਕਸਪੀਅਰ ਕੇ ਜ਼ਮਾਨੇ ਮੇਂ ਲੋਕ ਬਿਲਕੁਲ ਬਲੈਕ ਕਰਟਿਨ ਕੇ ਆਗੇ ਆ ਕਰ ਨਾਟਕ ਕੀਆ ਕਰਤੇ ਥੇ ਔਰ ਘੰਟਾ ਭਰ ਲੋਗੋਂ ਕੋ ਸਪੈਲ-ਬਾਊਂਡ ਰਖਤੇ ਥੇ। ਆਜ ਇਸ ਹਾਲ ਮੇਂ ਹਮ ਨੇ ਫਿਰ ਦੇਖਾ। ਹਮ ਆਪਕੇ ਆਗੇ ਸਰ ਝੁਕਾਤੇ ਹੈਂ। ਆਪ ਬਹੁਤ ਬੜੇ ਕਲਾਕਾਰ ਹੈਂ।'' ਇਹ ਸੀ ਉਹਨਾਂ ਦੀ ਕਲਾ ਤੇ ਨਾਟਕਾਂ ਦੀ ਪੇਸ਼ਕਾਰੀ ਦਾ ਪ੍ਰਭਾਵਨ ਜੋ ਸਰੋਤਿਆਂ ਨੂੰ ਕੀਲ ਲੈਂਦਾ ਸੀ। ਉਹਨਾਂ ਦੇਸ਼-ਵਿਦੇਸ਼ ਵਿੱਚ ਜਿੰਨੇ ਨਾਟਕ ਖੇਡੇ ਅਤੇ ਲੋਕਾਂ ਦਾ ਇੱਕ ਵੱਡਾ ਕਾਫਲਾ ਤਿਆਰ ਕੀਤਾ- ਇਹ ਬੇਮਿਸਾਲ ਪ੍ਰਾਪਤੀ ਹੈ

—ਪਰਮਜੀਤ ਢੀਂਗਰਾ ਦੀ ਇੱਕ ਲਿਖਤ 'ਚੋਂ

ਤੇਰੇ ਕਾਫ਼ਲੇ ਨੂੰ ਜਾਰੀ ਰੱਖਾਂਗੇ

-ਡਾ.ਸਾਹਿਬ ਸਿੰਘ

.. ..ਕੌਣ ਕਹਿੰਦਾ ਕਲਾਕਾਰਾਂ ਦੀ ਲੋਕ ਕਦਰ ਨਹੀਂ ਕਰਦੇ, ਲੋਕਾਂ ਦੇ ਕਲਾਕਾਰ ਬਣਨ ਦੀ ਹਿੰਮਤ ਤਾਂ ਕਰੇ ਕੋਈ.. ..ਭਾਅ ਜੀ ਨੇ ਇਹ ਦਲੇਰੀ ਕੀਤੀ ਸੀ.. ..ਉਹ ਇੱਕ ਵੱਡੇ ਘਰ, ਇੱਕ ਉੱਚ ਖਾਨਦਾਨ ਦਾ ਗੋਭਲਾ ਜਿਹਾ ਕਾਕਾ ਸੀ, ਸਾਰੇ ਸੁੱਖ-ਆਰਾਮਾਂ ਨਾਲ ਲੱਦਿਆ ਪਿਆ ਨਿੱਕਾ ਗੁਰਸ਼ਰਨ ਸਿੰਘ.. ..ਉਹ ਚਾਹੁੰਦਾ ਤਾਂ ਕੋਈ ਵੱਡਾ ਸਰਜਨ ਬਣ ਵੱਡੇ ਹਸਪਤਾਲ ਦੀ ਵੱਡੀ ਕੁਰਸੀ 'ਤੇ ਬੈਠ ਠੰਢੀ ਹਵਾ ਮਾਣ ਰਿਹਾ ਹੁੰਦਾ.. ..ਪਰ ਉਸਨੇ ਸਮਾਜ ਅੰਦਰ ਫੈਲੇ ਦੀਰਘ ਰੋਗਾਂ ਦੀ ਜੜ• ਪੁੱਟਣੀ ਸੀ। ਨਾਸੂਰ ਬਣੇ ਜ਼ਖਮ ਦੀ ਸਰਜਰੀ ਕਰਨੀ ਸੀ.. ..ਖਿੱਲਰੀਆਂ ਜਟੂਰੀਆਂ ਵਾਲੇ ਗੰਦੀਆਂ ਬਸਤੀਆਂ ਵਿੱਚ ਰੁਲ ਰਹੇ ਅਨੇਕਾਂ ਗੁਰਸ਼ਰਨਾਂ ਦੀ ਜੂਨ ਸੁਧਾਰਨ ਲਈ ਧੁੱਪਾਂ ਆਪਣੇ ਪਿੰਡੇ 'ਤੇ ਹੰਢਾਉਣੀਆਂ ਸਨ, ਪੱਥਰੀਲੀਆਂ ਸੜਕਾਂ 'ਤੇ ਨੰਗੇ ਪੈਰੀਂ ਸਫਰ ਕਰਨਾ ਸੀ, ਟੁੱਟੇ ਵਾਣ ਵਾਲੀ ਮੰਜੀ 'ਤੇ ਬੈਠ ਕੇ ਭਾਈ ਲਾਲੋਆਂ ਦਾ ਪ੍ਰਸ਼ਾਦਾ ਛਕਣਾ ਸੀ, ਉੱਚੀ ਹੇਕ ਬਣ ਜਾਗਣ ਦਾ ਹੋਕਾ ਦੇਣਾ ਸੀ, ਉਸਨੇ ਤਾਂ ਲੋਕਾਂ ਦਾ ਆਪਣਾ ਬਣਨਾ ਸੀ.. ..ਲੋਕਾਂ ਦੀ ਨਬਜ਼ ਪਛਾਣ ਯੁੱਗਾਂ ਤੋਂ ਪੱਸਰੀ ਬੀਮਾਰੀ ਦੇ ਕਾਰਨ ਲੱਭਣੇ ਸਨ.. ..ਤੇ ਉਹਨਾਂ ਇਹ ਕਰ ਦਿਖਾਇਆ.. ..ਲੋਕਾਂ ਨਾਲ ਐਸੀ ਸਾਂਝ ਪਾਈ ਕਿ ਹਰ ਪਾਸੇ ਬਾਬੇ ਦੇ ਬੋਲਾਂ ਨੂੰ ਸੁਣਨ ਲਈ ਮਜ਼ਦੂਰ, ਕਿਸਾਨ, ਮੁਲਾਜ਼ਮ, ਬੱਚੇ, ਬੁੱਢੇ, ਜਵਾਨ, ਮੁਟਿਆਰਾਂ, ਮਾਈਆਂ ਸੰਘਰਸ਼ਾਂ 'ਚ ਰੁੱਝੇ ਕਾਮੇ ਉਤਾਵਲੇ ਹੋਣ ਲੱਗੇ.. ..ਅਵਾਮ ਦੇ ਮਨਾਂ ਦੀ ਥਾਹ ਗੁਰਸ਼ਰਨ ਭਾਅ ਜੀ ਨੇ ਕਿੰਨੀ ਕੁ ਪਾਈ, ਇਹਦੇ ਲਈ ਕਿਸੇ ਆਲੋਚਕ ਦੇ ਵਿਸ਼ਲੇਸ਼ਣ ਦੀ ਲੋੜ ਨਹੀਂ.. ..ਦੂਰਦਰਸ਼ਨ ਜਲੰਧਰ ਤੋਂ ਜਦੋਂ 'ਭਾਈ ਮੰਨਾ ਸਿੰਘ' ਲ਼ੜੀਵਾਰ ਚੱਲਦਾ ਹੁੰਦਾ ਸੀ ਤਾਂ ਲੋਕ ਪਹਿਲਾਂ ਹੀ ਆਪਣੀ ਰਾਤ ਦੀ ਰੋਟੀ ਦਾ 'ਕੰਮ' ਮੁਕਾ ਕੇ ਟਾਵੇਂ-ਟਾਵੇਂ ਘਰ 'ਚ ਲੱਗੇ ਟੈਲੀਵਿਜ਼ਨ ਅੱਗੇ ਜੁੜ ਬੈਠਦੇ ਸਨ ਤੇ ਸੱਥਾਂ ਵਿੱਚ ਗੱਪਸ਼ੱਪ ਅੰਦਰ ਭਾਅ ਜੀ ਦਾ ਇਹ ਸੰਵਾਦ ਅਕਸਰ ਗੂੰਜਦਾ ਸੀ, ''ਭਾਈ ਮੰਨਾ ਸਿੰਆਂ ਇਹਨਾਂ ਨੂੰ ਕਹਿ ਦੇ''।..

..ਬਾਹਰ ਸ਼ਮਸਾਨਘਾਟ ਵਾਲਿਆਂ ਦੀ ਗੱਡੀ ਪਹੁੰਚ ਗਈ ਹੈ, ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ। ਪੰਜਾਬ ਦੇ ਕੋਨੇ ਕੋਨੇ ਤੋਂ ਪਹੁੰਚੇ ਨਾਟ ਅਦਾਕਾਰ ਆਪਣੇ ਬਾਪੂ ਦੇ ਦਰਸ਼ਨ ਕਰ ਰਹੇ ਹਨ। ਇੱਕ ਦੂਜੇ ਦੇ ਗਲੇ ਲੱਗ ਮਨ ਦਾ ਭਾਰ ਹੌਲਾ ਕਰ ਰਹੇ ਹਨ। ਭਾਅ ਜੀ ਦੀ ਯਾਤਰਾ ਦਾ ਅੰਤਮ ਪੜਾਅ ਨਜ਼ਦੀਕ ਆ ਗਿਆ ਹੈ, ਅੰਤਮ ਤਿਆਰੀਆਂ ਦਾ ਵੇਲਾ। ਪਰ ਇਹ ਤਿਆਰੀਆਂ ਕੀ ਨੇ.. ..ਆਤਮਾ ਦੀ ਮੁਕਤੀ ਲਈ ਕੋਈ ਅਰਦਾਸ ਨਹੀਂ ਬਲਕਿ ਭਾਅ ਜੀ ਦੇ ਕਲਾਕਾਰ ਭਾਅ ਜੀ ਦੇ ਚਿਹਰੇ ਵੱਲ ਦੇਖ ਇਨਕਲਾਬੀ ਗੀਤ ਗਾ ਰਹੇ ਹਨ,

''ਮਸ਼ਾਲਾਂ ਬਾਲ ਕੇ ਚੱਲਣਾ
ਜਦੋਂ ਤੱਕ ਰਾਤ ਬਾਕੀ ਹੈ
ਸੰਭਲ ਕੇ ਹਰ ਕਦਮ ਰੱਖਣਾ
ਜਦੋਂ ਤੱਕ ਰਾਤ ਬਾਕੀ ਹੈ।''

ਜਜ਼ਬਾਤੀ ਚਿਹਰਿਆਂ 'ਤੇ ਤਣੇ ਹੋਏ ਮੁੱਕਿਆਂ ਦੀ ਸ਼ਕਲ ਮਘਦੀਆਂ ਮਸ਼ਾਲਾਂ ਵਿੱਚ ਤਬਦੀਲ ਹੋ ਰਹੀ ਐ.. ..ਨਵਸ਼ਰਨ, ਅਰੀਤ, ਅਤੁਲ, ਭਾਬੀ ਕੈਲਾਸ਼ ਮਾਣ ਨਾਲ ਆਪਣੇ ਗੁਰਸ਼ਰਨ ਸਿੰਘ ਦੇ ਆਪਣਿਆਂ ਦਾ ਜੋਸ਼ ਦੇਖ ਭਾਵੁਕ ਹੋ ਰਹੇ ਨੇ.. ..ਅੱਖਾਂ 'ਚ ਪਾਣੀ ਹੈ, ਪਰ ਇਹ ਰੋਣਾ ਰੁਦਨ ਨਹੀਂ ਹੈ, ਵਿਰਲਾਪ ਨਹੀਂ ਹੈ, ਬਲਕਿ ਜ਼ਿੰਦਗੀ ਦੀ ਸਰਗਮ ਦਾ ਸੂਹਾ ਅਲਾਪ ਹੈ।

ਕਿਸਾਨ ਮਜ਼ਦੂਰ ਹੱਥਾਂ ਵਿੱਚ ਝੰਡੇ ਫੜੀਂ ਭਾਅ ਜੀ ਦੇ ਘਰ ਵੱਲ ਆ ਰਹੇ ਹਨ, ਧੁੱਪਾਂ ਵਿੱਚ ਸਖਤ ਹੋਏ ਤਾਂਬੇ ਰੰਗੇ ਚਿਹਰੇ ਅਸਮਾਨ ਗੂੰਜਦੇ ਨਾਅਰਿਆਂ ਨਾਲ ਪੱਥਰਾਂ ਦੇ ਸ਼ਹਿਰ ਨੂੰ ਪਿਘਲਾਉਣ ਦੇ ਆਹਰ ਵਿੱਚ ਹਨ, ਆਪਣੇ ਨਾਇਕ ਦੇ ਦਰਸ਼ਨ ਕਰ ਰਹੇ ਹਨ, ਕਤਾਰ ਬੰਨ•ੇ.. ..ਨਾਅਰਿਆਂ ਦੀ ਲੜੀ ਟੁੱਟਣ ਦਾ ਨਾਂ ਨਹੀਂ ਲੈ ਰਹੀ, ਭਾਅ ਜੀ ਦੀ ਦੇਹ ਘਰੋਂ ਬਾਹਰ ਵਿਹੜੇ 'ਚ ਲੈ ਆਂਦੀ ਹੈ, ਜਜ਼ਬਾਤ ਤੇ ਜੋਸ਼ ਦਾ ਮੂੰਹ ਤਿੱਖਾ ਹੋ ਰਿਹਾ ਹੈ, ਭਾਅ ਜੀ ਗੱਡੀ 'ਚ ਬਿਰਾਜਮਾਨ ਹੋ ਗਏ ਹਨ, ਮਗਰ ਅਸੀਂ ਸਵਾਰ ਹੋ ਗਏ ਆਂ। ਭਾਅ ਜੀ ਦੇ ਚਾਰੇ ਪਾਸੇ ਮੋਰਚੇ ਮੱਲ ਲਏ ਹਨ, ਜਦੋਂ ਕਿਤੇ ਪ੍ਰੋਗਰਾਮ ਕਰਨ ਜਾਂਦੇ ਉਦੋਂ ਵੀ ਪਹਿਲਾਂ ਭਾਅ ਜੀ ਗੱਡੀ 'ਚ ਬੈਠਿਆ ਕਰਦੇ ਸਨ, ਫਿਰ ਭਾਅ ਜੀ ਦੇ ਚੇਲੇ.. ..ਅੱਜ ਵੀ ਉਹੀ ਤਰਤੀਬ ਹੈ, ਸ਼ੀਸ਼ੇ ਦੇ ਤਾਬੂਤ 'ਚ ਭਾਅ ਜੀ ਦਾ ਚਿਹਰਾ ਨਜ਼ਰ ਆ ਰਿਹਾ ਐ, ਜਿਵੇਂ ਪੁੱਛ ਰਹੇ ਹੋਣ ''ਸਾਰਾ ਸਮਾਨ ਰੱਖ ਲਿਆ ਏ ਨਾ, ਏਅਅ ਕਿਤਾਬਾਂ ਵੀ ਤੇ ਕਾਸਟਿਊਨ ਵੀ'.. ..ਹਾਂਅ ਭਾਅ ਜੀ ਅਸੀਂ ਕੁੱਝ ਵੀ ਪਿੱਛੇ ਛੱਡ ਕੇ ਨਹੀਂ ਆਏ, ਸਭ ਨਾਲ ਲੈ ਆਏ ਆਂ, ਤੇਰੀ ਸੋਚ, ਤੇਰਾ ਮਕਸਦ, ਤੇਰੀ ਲੜਾਈ, ਤੇਰੇ ਫਿਕਰ, ਤੇਰਾ ਜੋਸ਼, ਤੇਰਾ ਹੋਸ਼, ਤੇਰਾ ਅਕੀਦਾ, ਤੇਰੀ ਦ੍ਰਿੜ•ਤਾ, ਤੇਰਾ ਵਿਸ਼ਵਾਸ਼, ਤੇਰੀ ਜੰਗ ਏ ਅਵਾਮੀ ਦੀ ਲਲਕਾਰ.. ..ਅਸੀਂ ਸਭ ਸੰਭਾਲ ਲਿਆ ਏ, ਭਾਅ ਜੀ, ਅਸੀਂ ਹੁਣ ਵੱਡੇ ਹੋ ਗਏ ਆਂ.. ..ਭਾਅ ਜੀ, ਤੂੰ ਸਾਨੂੰ ਜਿਊਣ ਲਾਇਕ ਕਰ ਚੱਲਿਐਂ, ਸਾਨੂੰ ਤੇਰੇ ਵੱਲੋਂ ਕੁਝ ਦਿਨ ਪਹਿਲਾਂ ਦਿੱਤ ਹੋਕਾ ਯਾਦ ਏ ਕਿ ਅਸੀਂ ਜਿਊਂਦੇ ਹਾਂ, ਅਸੀਂ ਜੀਆਂਗੇ ਭਾਅ ਜੀ ਤੇਰੇ ਨਾਂ 'ਤੇ, ਅਸੀਂ ਲੜਾਂਗੇ ਭਾਅ ਜੀ। ਮੁੱਕਾ ਹਵਾ ਵਿੱਚ ਉੱਲਰਦਾ ਹੈ, ਨਾਅਰਾ ਚੰਡੀਗੜ• ਦੀ ਫਿਜ਼ਾ ਨੂੰ ਕੰਬਣ ਲਗਾ ਦਿੰਦਾ ਹੈ, ''ਭਾਅ ਜੀ, ਤੇਰੀ ਸੋਚ 'ਤੇ, ਪਹਿਰਾ ਦਿਆਂਗੇ ਠੋਕ ਕੇ'' ..ਨਾਅਰੇ ਮਾਰਦਾ ਕਾਫਲਾ ਸੜਕਾਂ 'ਤੇ ਨਿਕਲ ਆਇਆ ਹੈ, ਸੁੰਨ ਹੋਈ ਸੰਵੇਦਨਾ ਵਾਲੇ 'ਇੱਕੀਵੀਂ ਸਦੀਏ' ਚੰਡੀਗੜ•ੀਏ ਅੱਖਾਂ ਪਾੜ ਪਾੜ ਦੇਖ ਰਹੇ ਹਨ ਕਿ ਇਹ ਕੌਣ ਜਾ ਰਿਹਾ ਹੈ, ਸਿਰ ਝੁਕਾ ਰਹੇ ਹਨ, ਅਸੀਂ ਪਸੀਨੇ ਨਾਲ ਤਰ-ਬ-ਤਰ ਨਾਅਰਿਆਂ ਤੇ ਗੀਤਾਂ ਨੂੰ ਪੰਚਮ ਸੁਰਾਂ 'ਤੇ ਲੈ ਜਾਂਦੇ ਹਾਂ। ''ਲੋਕ ਪੱਖੀ ਰੰਗਮੰਚ ਦੇ ਸੂਹੇ ਸੂਰਜ ਨੂੰ, ਲਾਲ ਸਲਾਮ।''

ਕਾਫ਼ਲਾ ਸ਼ਮਸਾਨਘਾਟ ਪਹੁੰਚ ਗਿਆ ਹੈ, ਪਹਿਲਾਂ ਤੋਂ ਹੀ ਮੌਜੂਦ ਲੋਕ ਅੰਤਮ ਦਰਸ਼ਨਾਂ ਲਈ ਉਮੜ ਪਏ ਹਨ.. ..ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ, ਨਵਸ਼ਰਨ ਦਾ ਜੀਵਨ ਸਾਥੀ ਅਤੁਲ ਅੰਤਾਂ ਦੀ ਸੂਝ ਦਾ ਪ੍ਰਗਟਾਵਾ ਕਰਦਿਆਂ ਗੁਰਸ਼ਰਨ ਸਿੰਘ ਨੂੰ ਲੋਕਾਂ ਦੇ ਸਪੁਰਦ ਕਰਕੇ ਕਹਿੰਦਾ ਹੈ, ''ਪਾਪਾ ਤੁਹਾਡੇ ਸਾਰਿਆਂ ਦੇ ਨੇ, ਤੁਸੀਂ ਕਰੋ ਸਭ ਕੁਝ ਆਪਣੇ ਅਨੁਸਾਰ'' ਵੱਖਰੀ ਸੋਚ ਦਾ ਮਾਲਕ ਜਿਸ ਆਲੇ ਦੁਆਲੇ 'ਚ ਵਸਦਾ ਹੈ, ਆਪਣੀ ਸੋਚ ਦਾ ਛੱਟਾ ਚਾਰੇ ਪਾਸੇ ਦੇ ਦਿੰਦਾ ਹੈ। ਉਸ ਦਾ ਝਲਕਾਰਾ ਅਤੁਲ, ਅਰੀਤ, ਨਵਸ਼ਰਨ ਦੇ ਵਰਤਾਅ 'ਚੋਂ ਡੁੱਲ• -ਡੁੱਲ• ਪੈ ਰਿਹਾ ਸੀ, ਅਸੀਂ ਦਿਲਾਂ 'ਤੇ ਹੱਥ ਰੱਖ ਅਹਿਦ ਲੈ ਰਹੇ ਸਾਂ, ''ਭਾਅ ਜੀ ਗੁਰਸ਼ਰਨ ਸਿੰਘ ਵੱਲੋਂ ਆਰੰਭੇ ਲੋਕ ਪੱਖੀ ਸੰਗਰਾਮ ਨੂੰ ਜਾਰੀ ਰੱਖਾਂਗੇ, ਉਸ ਮਸ਼ਾਲ ਨੂੰ ਕਦੀ ਬੁਝਣ ਨਹੀਂ ਦਿਆਂਗੇ, ਕਿਉਂਕਿ ਆਉਣ ਵਾਲਾ ਸਮਾਂ ਇਸ ਤੋਂ ਵੀ ਬਿਖੜੇ ਪੈਂਡਿਆਂ ਵਾਲਾ ਹੋਵੇਗਾ, ਪਰ ਅਸੀਂ ਆਸਵੰਦ ਹਾਂ'' ..ਸ਼ਮਸਾਨਘਾਟ, ਜਿੱਥੇ ਹਰ ਰੋਜ਼ ਕੀਰਨੇ, ਸਿਆਪੇ, ਰੁਦਨ ਦੀ ਗੂੰਜ ਸੁਣਾਈ ਦਿੰਦੀ ਹੈ, ਅੱਜ ਜੋਸ਼ੀਲੇ ਨਾਅਰਿਆਂ ਤੇ ਯਕੀਨੀ ਅਹਿਦਨਾਮਿਆਂ ਨਾਲ ਧੜਕ ਉੱਠਿਆ ਹੈ। ਅਸੀਂ ਨਿੱਕੇ ਮੋਢਿਆਂ 'ਤੇ ਭਾਅ ਜੀ ਦੇ ਵੱਡੇ ਮੋਢੇ ਟਿਕਾ ਲਏ ਹਨ। ਭਾਅ ਜੀ ਦੀ ਦੇਹ ਨੂੰ ਅਗਨੀ ਦੇ ਸਪੁਰਦ ਕਰਨ ਜਾ ਰਹੇ ਹਾਂ। ਮਨ 'ਚ ਉਬਾਲਾ ਉੱਠਦਾ ਹੈ- ਕੀ ਅਸੀਂ ਭਾਅ ਜੀ ਨੂੰ ਹਮੇਸ਼ਾਂ ਲਈ ਛੱਡਣ ਜਾ ਰਹੇ ਆਂ? ..ਕੀ ਅਸੀਂ ਅੱਜ ਤੋਂ ਯਤੀਮ ਹੋਣ ਜਾ ਰਹੇ ਆਂ? ਹੁਣ ਨਾਟਕ ਮੇਲਿਆਂ ਦੀ ਸਰਦਾਰੀ ਕੌਣ ਕਰਿਆ ਕਰੇਗਾ? ਗਦਰੀ ਬਾਬਿਆਂ ਦੇ ਮੇਲੇ 'ਚ ਉੱਠੀ ਬਾਂਹ ਚੁੱਕ ''ਮੇਰੇ ਲੋਗੋ'' ਕਹਿਣ ਵਾਲਾ ਸਦਾ ਲਈ ਚੁੱਪ ਹੋ ਜਾਵੇਗਾ? ਕੀ ਭਾਅ ਜੀ ਸੱਚਮੁੱਚ ਕਿਤੇ ਚਲੇ ਜਾਣਗੇ? ਮਨ ਦੇ ਧੁਰ ਕੋਨਿਓਂ ਕੁਝ ਲਫਜ਼ ਹੂੰਝਦਾ ਹਾਂ, ਕਾਹਲੀ ਨਾਲ ਤਰਤੀਬ ਦਿੰਦਾ ਹਾਂ, ਵਾਕ ਨਾਹਰਾ ਬਣ ਬੁੱਲ•ਾਂ 'ਤੇ ਆ ਜਾਂਦਾ ਹੈ.. ..''ਭਾਅ ਜੀ ਗੁਰਸ਼ਰਨ ਸਿੰਘ ਕਿਤੇ ਨਹੀਂ ਗਏ, ਭਾਅ ਜੀ ਸਾਡੇ ਦਿਲਾਂ 'ਚ ਹੈ।''

ਦਿਲ 'ਤੇ ਹੱਥ ਰੱਖ ਸਾਰਿਆਂ ਦੇ ਮਨ ਟਿਕਾਣੇ ਆ ਜਾਂਦੇ ਹਨ.. ..ਭਾਅ ਜੀ ਕਿਤੇ ਨਹੀਂ ਗਏ, ਸਾਡੇ ਦਿਲਾਂ 'ਚ ਨੇ.. ..ਦਿਲਾਂ ਵਿਚਲਾ ਗੁਰਸ਼ਰਨ ਸਿੰਘ ਸੰਭਾਲਦੇ ਅਸੀਂ ਭਾਅ ਜੀ ਦੀ ਦੇਹ ਨੂੰ ਅਗਨੀ ਦੇ ਸਪੁਰਦ ਕਰ ਆਏ ਹਾਂ।.. ..ਚਾਰੇ ਪਸੇ ਹੁਣ ਚੁੱਪੀ ਹੈ, ਹੌਲੀ ਹੌਲੀ ਡੁਸਕਣ ਦੀਆਂ ਆਵਾਜ਼ਾਂ ਆ ਰਹੀਆਂ ਹਨ, ਬੋਲ ਸ਼ਾਂਤ ਹੋ ਗਏ ਹਨ। ਸਵੈ-ਮੰਥਨ ਦਾ ਵਕਤ ਹੈ, ਦਿਲ ਦਿਮਾਗ ਆਰਾਮ ਦੀ ਸਥਿਤੀ 'ਚ ਨਹੀਂ ਹੈ.. ..ਇਹ ਕੌਣ ਸੀ? ਜਿਸ ਨੂੰ ਅਸੀਂ ਵਿਦਾ ਕਰਕੇ ਆਏ ਹਾਂ.. ..ਇਸ ਨਾਲ ਏਨਾ ਕਰੀਬੀ ਰਿਸ਼ਤਾ ਕਿਵੇਂ ਪੈਦਾ ਹੋ ਗਿਆ.. ..ਇਹ ਜੋ ਲੂਸੇ ਚਿਹਰਿਆਂ ਵਾਲੇ ਹੱਥਾਂ 'ਚ ਝੰਡੇ ਚੁੱਕੀ ਭਾਅ ਜੀ ਦੀ ਯਾਤਰਾ 'ਚ ਆਏ ਨੇ, ਇਹਨਾਂ ਦਾ ਭਾਅ ਜੀ ਨਾਲ ਕੀ ਨਾਤਾ ਐ.. ..ਭਾਅ ਜੀ ਐਸਾ ਕੀ ਕਰ ਗਿਆ ਕਿ ਸਾਰਾ ਪੰਜਾਬ, ਪੰਜਾਬੋਂ ਬਾਹਰ, ਦੇਸੋਂ ਬਾਹਰ ਬੈਠੇ ਲੋਕ ਉਸ ਨੂੰ ਯਾਦ ਕਰ ਜਜ਼ਬਾਤੀ ਹੋ ਰਹੇ ਹਨ.. ..ਫੇਰ ਮੇਰੀਆਂ ਅੱਖਾਂ ਸਾਹਮਣੇ ਇੱਕ ਵਾਰ ਫੇਰ ਲੰਬੀ ਪਿੰਡ ਦਾ ਦ੍ਰਿਸ਼ ਉੱਭਰਦਾ ਹੈ.. ..ਭਗਤ ਸਿੰਘ ਤੇ ਗੁਰਸ਼ਰਨ ਸਿੰਘ ਦੀਆਂ ਨਜ਼ਰਾਂ ਮਿਲ ਰਹੀਆਂ ਹਨ, ਦੋਵੇਂ ਮੁਸਕਰਾ ਰਹੇ ਹਨ, ਦੋਵੇਂ ਸੰਤੁਸ਼ਟ ਹਨ। ਇਸ ਗੱਲੋਂ ਕਿ ਫਿਕਰਾਂ ਦੀ ਬਾਂਹ ਫੜਨ ਵਾਲੇ ਲੋਕ ਜ਼ਿੰਦਾ ਨੇ.. ..ਇਹ ਪਿੰਡ ਸਮੇਂ ਦੀ ਸਿਆਸਤ ਦੇ ਵੱਡੇ ਭਲਵਾਨ ਦਾ ਅਖਾੜਾ ਹੈ, ਪਰ ਲੋਕਾਂ ਦਾ ਮੁੱਖ ਮੰਤਰੀ ਸ: ਗੁਰਸ਼ਰਨ ਸਿੰਘ ਹੈ.. ..ਪੰਜਾਬੀਆਂ ਦੇ ਦੋ ਮਹਾਂਨਾਇਕ ਇੱਕਮਿੱਕ ਹੋ ਗਏ ਹਨ। ਸਾਡਾ ਭਾਅ ਜੀ ਅੰਬਰੀਂ ਧਰੂ ਤਾਰਾ ਬਣ ਚਮਕਦਾ ਰਹੇਗਾ। ਪਿੰਡਾਂ 'ਚ ਆਮ ਗੱਲਬਾਤ ਦਾ ਹਿੱਸਾ ਹੁੰਦਾ ਕਿ ਫਲਾਨਿਆ ਬੰਦਾ ਬਣ ਜਾਂ ਕਿ ਢਿਮਕਾਣਿਆਂ ਤੈਨੂੰ ਤਾਂ ਮੰਨੀਏ ਜੇ ਬੰਦਾ ਬਣ ਕੇ ਵਿਖਾਵੇਂ।.. ..ਸਾਡੇ ਭਾਅ ਜੀ, ਸਾਡੇ ਬਾਬੇ, ਸਾਡੇ ਗੁਰਸ਼ਰਨ ਸਿੰਘ ਨੇ ਬੰਦਾ ਬਣ ਕੇ ਦਿਖਾਇਆ ਏ.. ..ਬੱਸ ਇਹੀ ਰਾਜ਼ ਐ ਲੋਕ ਮਨਾਂ 'ਤੇ ਰਾਜ ਕਰਨ ਦਾ ਬੰਦਿਆ।! ਅਸੀਂ ਤੇਰੇ ਅਧੂਰੇ ਕਾਰਜ ਨੂੰ ਪੂਰਾ ਕਰਨ ਲਈ ਪੂਰੀ ਵਾਹ ਲਾ ਦਿਆਂਗੇ.. ..ਤੂੰ ਸਾਨੂੰ ਰਾਹ ਦਿਖਾ ਚੱਲਿਐਂ, ਸਾਡੇ ਮਨਾਂ 'ਚ ਜੋਸ਼ ਜਗਾ ਚੱਲਿਐਂ, ਦਿਮਾਗਾਂ 'ਚ ਸਹੀ ਸੇਧ ਤੇ ਸਪੱਸ਼ਟ ਨਿਸ਼ਾਨੇ ਦੀ ਬੱਤੀ ਧੁਖਾ ਚੱਲਿਐਂ.. ..ਹੁਣ ਦੇਖ ਅਸੀਂ ਕਿਵੇਂ ਮਘਦੇ ਕੋਲਿਆਂ 'ਤੇ ਨੱਚਾਂਗੇ, ਚਾਨਣਾਂ ਦਾ ਛੱਟਾ ਵਿਹੜਿਆਂ, ਬਸਤੀਆਂ 'ਚ ਦਿਆਂਗੇ ਤੇ ਜ਼ਿੰਦਗੀ ਦੇ ਗੀਤ ਗਾਵਾਂਗੇ। ਤੂੰ ਸਾਡੇ ਦਿਲਾਂ 'ਚ ਮਘਦਾ ਰਹੀਂ.. ਭਾਈ ਮੰਨਾ ਸਿੰਆਂ! ਲਾਲ ਸਲਾਮ!

(ਨਵਾਂ ਜ਼ਮਾਨਾਂ 'ਚੋਂ ਸੰਖੇਪ)

ਜੋ ਜਾਲੈ ਘਰ ਆਪਨਾ

—ਗੁਰਬਚਨ ਸਿੰਘ ਭੁੱਲਰ

ਨਿਰਦੇਸ਼ਕ ਵਜੋਂ ਗੁਰਸ਼ਰਨ ਸਿੰਘ ਨੇ ਮੰਚ ਨਾਲ ਜੁੜੀਆਂ ਹੋਈਆਂ ਕਈ ਮਿੱਥਾਂ ਤੋੜੀਆਂ। ਭਾਵੇਂ ਵਿਰਲੇ-ਟਾਵੇਂ ਨਾਟਕ, ਖਾਸ ਕਰਕੇ ਕਮਿਊਨਿਸਟ ਪਾਰਟੀ ਦੀਆਂ ਟੋਲੀਆਂ ਵੱਲੋਂ, ਪਹਿਲਾਂ ਵੀ ਸਮੇਂ ਸਮੇਂ ਖੁੱਲ•ੀਆਂ ਥਾਵਾਂ ਉੱਤੇ ਖੇਡੇ ਜਾਂਦੇ ਰਹੇ ਸਨ, ਪਰ ਢੁੱਕਵੀਂ ਥਾਂ ਤਾਂ ਵਿਸ਼ੇਸ਼ ਕਿਸਮ ਦੀ ਮੰਚ-ਬਣਤਰ ਵਾਲਾ ਹਾਲ ਹੀ ਸਮਝਿਆ ਜਾਂਦਾ ਰਿਹਾ ਸੀ, ਜਿਸ ਵਿੱਚ ਵਿਸ਼ੇਸ਼ ਕਿਸਮ ਦੀਆਂ ਰੌਸ਼ਨੀਆਂ ਹੋਣ ਅਤੇ ਆਵਾਜ਼ ਦੇ ਖਾਸ ਪ੍ਰਬੰਧ ਹੋਣ। ਇਉਂ ਨਾਟਕ ਨੂੰ ਚੋਣਵੇਂ ਦਰਸ਼ਕਾਂ ਲਈ ਬਣਿਆ, ਸਮਝਿਆ ਜਾਂਦਾ ਰਿਹਾ ਸੀ। ਗੁਰਸ਼ਰਨ ਸਿੰਘ ਨਾਟਕ ਨੂੰ ਅਜਿਹੇ ਭੱਦਰ ਦਰਸ਼ਕਾਂ ਦੇ ਘੇਰੇ ਵਿਚੋਂ ਕੱਢ ਕੇ ਪਿੰਡਾਂ ਵਿੱਚ ਲੈ ਗਏ। ਕੋਈ ਵੀ ਸਾਧਾਰਨ ਚੌਂਤਰਾ ਜਾਂ ਖੁੱਲ•੍ਵਾ ਪਿੜ ਜਾਂ ਕਿਸਾਨ ਦਾ ਗੱਡਾ ਮੰਚ ਹੁੰਦਾ ਸੀ, ਲਾਲਟੈਣ ਵਿਸ਼ੇਸ਼ ਚਾਨਣ-ਪ੍ਰਭਾਵ ਸਿਰਜਦੀ ਸੀ ਅਤੇ ਉਹਨਾਂ ਦੀ ਅਤੇ ਉਹਨਾਂ ਦੇ ਕਲਾਕਾਰਾਂ ਦੀ ਗਰਜਦੀ, ਗੜ•ਕਦੀ, ਬੁਕਦੀ ਤੇ ਗੂੰਜਦੀ ਆਵਾਜ਼ ਵਿਸ਼ੇਸ਼ ਧੁਨੀ-ਪ੍ਰਭਾਵ ਪੈਦਾ ਕਰਦੀ ਸੀ। ਇੱਕ ਵਾਰ ਉਹਨਾਂ ਨਾਲ ਗੱਲਬਾਤ ਕਰਦਿਆਂ ਹਾਲਤਾਂ ਤੇ ਸਾਧਨਾਂ ਅਨੁਸਾਰ ਜੁਗਤ ਜੁਗਾੜ ਕਰਨ ਦੀ ਉਹਨਾਂ ਦੀ ਕਮਾਲ ਯੋਗਤਾ ਦਾ ਪਤਾ ਲੱਗਿਆ। ਬਹੁਤ ਸਾਰੇ ਨਾਟਕਾਂ ਨੂੰ ਅਜਿਹਾ ਰੂਪ ਦਿੱਤਾ ਗਿਆ ਸੀ ਕਿ ਸਿਰਫ ਪੰਜ ਕਲਾਕਾਰਾਂ ਦੀ ਹੀ ਲੋੜ ਪੈਂਦੀ ਸੀ ਅਤੇ ਉਹ ਪੰਜੇ ਡਰਾਈਵਰ ਵਾਲੀ ਸੀਟ ਸਮੇਤ ਉਹਨਾਂ ਦੀ ਕਾਰ ਵਿੱਚ ਆ ਜਾਂਦੇ ਸਨ।........

ਉਹਨਾਂ ਅਦਾਕਾਰੀ ਦੀ ਵੀ ਆਪਣੀ ਵਿਸ਼ੇਸ਼ ਸ਼ੈਲੀ ਵਿਕਸਿਤ ਕੀਤੀ, ਆਪਣੀ ਹੋਂਦ ਭੁਲਾ ਕੇ ਪਾਤਰ ਦਾ ਸਾਕਾਰ ਰੂਪ ਬਣ ਜਾਣ ਵਾਲੀ ਸ਼ੈਲੀ, ਜਜ਼ਬੇ-ਗੁੱਧੀ, ਦਰਸ਼ਕ ਦੀ ਸੋਚ ਨੂੰ ਕਰਮਾਤੀ ਢੰਗ ਨਾਲ ਉਂਗਲੀ ਫੜਾ ਕੇ ਨਾਲ ਤੋਰ ਲੈਣ ਵਾਲੀ ਸ਼ੈਲੀ। ਇਸੇ ਕਰਕੇ ਆਮ ਤੌਰ ਉੱਤੇ ਜਿਹੜੇ ਪਾਤਰਾਂ ਦੀਆਂ ਭੂਮਿਕਾਵਾਂ ਉਹਨਾਂ ਦੇ ਰੂਪ ਵਿੱਚ ਯਾਦਗਾਰੀ ਹੋ ਨਿੱਬੜਦੀਆਂ ਸਨ, ਉਹ ਹੋਰ ਅਦਾਕਾਰ ਓਨੇ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਸਨ ਨਿਭਾ ਸਕਦੇ। ਭਾਈ ਮੰਨਾ ਸਿੰਘ ਵਜੋਂ ਨਿਭਾਈ ਭੂਮਿਕਾ ਸਦਕਾ ਤਾਂ ਉਹ ਲੋਕਾਂ ਲਈ ਗੁਰਸ਼ਰਨ ਸਿੰਘ ਦੀ ਥਾਂ ਭਾਈ ਮੰਨਾ ਸਿੰਘ ਹੀ ਹੋ ਗਏ ਸਨ। ਪੰਜਾਬੀ ਪਿਛੋਕੜ ਵਾਲੇ ਲਾਸਾਨੀ ਫਿਲਮ ਐਕਟਰ ਦਲੀਪ ਕੁਮਾਰ ਨੇ ਇੱਕ ਵਾਰ ਮੁੰਬਈ ਵਿਖੇ ਇਹਨਾਂ ਦੇ ਨਾਟਕ ਦੇਖਣ ਮਗਰੋਂ ਮੰਚ ਉੱਤੇ ਆ ਕੇ ਐਵੇ ਹੀ ਤਾਂ ਨਹੀਂ ਸੀ ਕਹਿ ਦਿੱਤਾ, 'ਸਰਦਾਰ ਸਾਹਿਬ, ਸੁਣਿਆ ਕਰਦੇ ਸੀ ਕਿ ਸ਼ੈਕਸਪੀਅਰ ਦੇ ਜ਼ਮਾਨੇ ਵਿੱਚ ਲੋਕ ਸਾਫ ਕਾਲੇ ਪਰਦੇ ਦੇ ਸਾਹਮਣੇ ਆ ਕੇ ਨਾਟਕ ਖੇਡਿਆ ਕਰਦੇ ਸਨ ਤੇ ਘੰਟਾ ਭਰ ਲੋਕਾਂ ਨੂੰ ਮੁਗਧ ਕਰ ਰੱਖਦੇ ਸਨ। ਅੱਜ ਇਸ ਹਾਲ ਵਿੱਚ ਇਹ ਕੁਝ ਆਪਣੀਆਂ ਅੱਖਾਂ ਨਾਲ ਦੇਖਿਆ। ਮੈਂ ਤੁਹਾਡੇ ਅੱਗੇ ਸਿਰ ਝੁਕਾਉਂਦਾ ਹਾਂ। ਤੁਸੀਂ ਬਹੁਤ ਵੱਡੇ ਕਲਾਕਾਰ ਹੋ।' ਇਸੇ ਪ੍ਰਕਾਰ ਭਾਰਤੀ ਮੰਚ ਦੀ ਇੱਕ ਵੱਡੀ ਹਸਤੀ, ਪਰਲ ਪਦਮਸੀ ਨੇ 'ਇੰਡੀਅਨ ਐਕਸਪ੍ਰੈਸ' ਨੂੰ1 ਦਿੱਤੀ ਇੱਕ ਇੰਟਰਵਿਊ ਵਿੱਚ ਕਿਹਾ ਸੀ, 'ਮੈਨੂੰ ਗੁਰਸ਼ਰਨ ਸਿੰਘ ਦੇ ਲੋਕ-ਥੀਏਟਰ ਨੇ ਬਹੁਤ ਪ੍ਰਭਾਵਿਤ ਕੀਤਾ ਹੈ। ਭੁਪਾਲ ਵਿੱਚ ਸਟਰੀਟ ਥੀਏਟਰ ਫੈਸਟੀਵਲ ਸਮੇਂ ਉਹਨਾਂ ਦੇ ਸਟਰੀਟ-ਪਲੇਅ ਦੇਖਣ ਦਾ ਮੌਕਾ ਮਿਲਿਆ। ਇਹ ਰੋਸ-ਥੀਏਟਰ ਦੇਖਣਾ ਮੇਰੇ ਲਈ ਇੱਕ ਅਦੁੱਤੀ ਅਨੁਭਵ ਸੀ। ਗੂੰਜਵਾਂ ਤੇ ਦਲੇਰ ਸੁਨੇਹਾ ਸਰੋਤਿਆਂ ਤੱਕ ਸਿੱਧਾ ਪਹੁੰਚ ਰਿਹਾ ਸੀ। ਤੇ ਗੁਰਸ਼ਰਨ ਸਿੰਘ ਉਸ ਮੇਲੇ ਦੇ ਬਾਦਸ਼ਾਹ ਸਨ। ਉਹ ਹੁਣ ਤੱਕ ਮੇਰੇ ਦੇਖਣ ਵਿੱਚ ਆਈਆਂ ਸਭ ਤੋਂ ਉੱਜਲੀਆਂ ਨਾਟ-ਹਸਤੀਆਂ ਵਿੱਚੋਂ ਹਨ। ਜਦੋਂ ਉਹ ਉਥੇ ਬੋਲਦੇ ਸਨ, ਚਿੜੀਆਂ ਵੀ ਟਿਕ ਕੇ ਬੈਠ ਜਾਂਦੀਆਂ ਸਨ ਤੇ ਉਹਨਾਂ ਦੀ ਗੱਲ ਸੁਣਦੀਆਂ ਸਨ। ਕਲਾ ਲਈ ਉਹਨਾਂ ਦੇ ਸੰਪੂਰਨ ਸਮਰਪਨ ਦਾ ਹੀ ਫਲ ਸੀ ਕਿ ਸੰਗੀਤ ਨਾਟਕ ਅਕਾਦਮੀ ਅਤੇ ਕਾਲੀਦਾਸ ਸਨਮਾਨ ਜਿਹੇ ਵੱਡੇ ਕੌਮੀ ਪੁਰਸਕਾਰਾਂ ਸਮੇਤ ਅਨੇਕਾਂ ਅਨੇਕ ਮਾਣ-ਸਨਮਾਨ ਉਹਨਾਂ ਦੀ ਝੋਲੀ ਪਏ। ਮੈਨੂੰ ਵੀ 1984 ਵਿੱਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪਸਾਰੇ ਵਿਖੇ ਹੋਏ ਇੱਕ ਵੱਡੇ ਸਮਾਗਮ ਵਿੱਚ ਪੰਜਾਬੀ ਲਿਟਰੇਰੀ ਟਰੱਸਟ ਕੈਨੇਡਾ ਦਾ ਗੌਰਵਸ਼ਾਲੀ ਪੁਰਸਕਾਰ ਉਹਨਾਂ ਨੂੰ ਭੇਟ ਕਰਨ ਦਾ ਸੁਭਾਗ ਮਿਲਿਆ ਸੀ। 1980 ਵਿੱਚ ਸ਼ੁਰੂ ਕੀਤੇ ਗਏ ਇਸ ਪੁਰਸਕਾਰ ਦੇ ਉਹ ਸੰਤ ਸਿੰਘ ਸੇਖੋਂ, ਗਿਆਨੀ ਕੇਸਰ ਸਿੰਘ ਸੋਹਨ ਸਿੰਘ ਜੋਸ਼ ਅਤੇ ਸੰਤੋਖ ਸਿੰਘ ਧੀਰ ਤੋਂ ਮਗਰੋਂ ਪੰਜਵੇਂ ਪ੍ਰਾਪਤ-ਕਰਤਾ ਸਨ, ਪਰ ਉਹਨਾਂ ਦੀ ਸਖਸ਼ੀਅਤ ਅਜਿਹੇ ਸਭ ਇਨਾਮਾਂ-ਪੁਰਸਕਾਰਾਂ ਤੋਂ ਉੱਚੀ ਹੋ ਚੁੱਕੀ ਸੀ। ਆਪ ਉਹ ਆਮ ਜਨਤਾ ਵੱਲੋਂ ਸਮੇਂ ਸਮੇਂ ਵਿਸ਼ਾਲ ਇਕੱਠਾਂ ਵਿੱਚ ਕੀਤੇ ਜਾਂਦੇ ਰਹੇ ਸਤਿਕਾਰ ਨੂੰ ਸਭ ਤੋਂ ਵੱਡੀ ਪ੍ਰਾਪਤੀ ਮੰਨਦੇ ਸਨ ਜਾਂ ਫੇਰ ਨਾਟਕ ਦੇਖਣ ਲਈ ਜੁੜਦੀਆਂ ਵੱਡੀਆਂ ਭੀੜਾਂ ਨੂੰ ਉਹ ਅਸਲ ਪੁਰਸਕਾਰ ਆਖਦੇ ਸਨ।

ਗੁਰਸ਼ਰਨ ਸਿੰਘ ਦੀ ਬਹੁਪੱਖੀ ਪ੍ਰਤਿਭਾ ਸ਼ਾਇਦ ਜਨਤਾ ਤੱਕ ਏਨੇ ਵਿਸ਼ਾਲ ਰੂਪ ਵਿੱਚ ਨਾ ਪੁੱਜ ਸਕਦੀ, ਜੇ ਉਹ ਪੇਸ਼ਕਾਰੀ ਦਾ ਘੱਟ ਖਰਚੀਲਾ, ਮਿਹਨਤ ਲੋੜਦਾ ਤੇ ਫੈਲਵਾਂ ਕੰਮ ਵੀ ਆਪਣੇ ਮੋਢਿਆਂ ਉੱਤੇ ਨਾ ਲੈ ਲੈਂਦੇ। ਨਾਟਕ ਦੇ ਸਾਧਨ ਰਾਹੀਂ ਜਨਤਕ ਜਾਗ੍ਰਤੀ ਲਿਆਉਣ ਲਈ ਤਕੜੀ ਵੱਡੀ ਨੌਕਰੀ ਦਾ ਤਿਆਗ ਕਰਨਾ, ਘਰ ਦੇ ਮਾਇਕ ਵਸੀਲੇ ਵੀ ਇਸੇ ਪਾਸੇ ਵਰਤਦੇ ਰਹਿਣਾ, ਪਤਨੀ ਤੇ ਧੀਆਂ ਨੂੰ ਭੂਮਿਕਾਵਾਂ ਨਿਭਾਉਣ ਲਈ ਨਾਲ ਤੋਰਨਾ, ਕੋਈ ਟਿਕਟ ਲਾਏ ਬਿਨਾ ਲਗਾਤਾਰ ਨਾਟਕ ਖੇਡਦੇ ਰਹਿਣਾ, ਕਿੰਨੇ ਸਾਲਾਂ ਤੱਕ ਨਾਟਕ ਨਾਲ ਸਬੰਧਤ ਸਾਮਾਨ ਦੇ ਗੱਠੜ ਚੁੱਕ ਕੇ ਭੀੜ-ਭੜੱਕੇ ਵਾਲੀਆਂ ਬੱਸਾਂ ਵਿੱਚ ਦੁਰੇਡੇ ਪਿੰਡਾਂ ਤੱਕ ਪੁੱਜਣਾ ਅਤੇ ਸਾਧਾਰਨ ਕਿਸਾਨ ਘਰਾਂ ਦੀ ਰੁੱਖੀ-ਮਿੱਸੀ ਦਾਲ-ਰੋਟੀ ਛਕ ਕੇ ਠੰਢਾ ਪਾਣੀ ਪੀ ਛੱਡਣਾ- ਇਹ ਸਭ ਗੱਲਾਂ ਹਰ ਕੋਈ ਨਹੀਂ ਕਰ ਸਕਦਾ, ਸਗੋਂ ਉੱਚੇ-ਸੁੱਚੇ ਮਿਸ਼ਨ ਦਾ ਡੰਗਿਆ ਤੇ ਸਵੈ-ਕੁਰਬਾਨੀ ਦੇ ਜਜ਼ਬੇ ਦਾ ਰੰਗਿਆ ਹੋਇਆ ਕੋਈ ਗੁਰਸ਼ਰਨ ਸਿੰਘ ਹੀ ਕਰ ਸਕਦਾ ਸੀ। ਇਸੇ ਕਰਕੇ ਅੱਜ ਉਹਨਾਂ ਨੂੰ ਚੇਤੇ ਕਰਦਿਆਂ ਕਬੀਰ ਜੀ ਦਾ ਇਹ ਸ਼ਲੋਕ ਮਨ ਵਿੱਚ ਲਗਾਤਾਰ ਗੂੰਜ ਰਿਹਾ ਹੈ, 'ਕਬੀਰਾ ਖੜ•ਾ ਬਾਜ਼ਾਰ ਮੇਂ, ਲੀਏ ਲੁਕਾਟੀ, ਹਾਥ/ਜੋ ਜਾਲੈ ਘਰ ਆਪਨਾ, ਚਲੇ ਹਮਾਰੇ ਸਾਥ।'

ਉਹਨਾਂ ਦੇ ਨਾਟਕਾਂ ਨੂੰ ਤਾਂਘਦੇ ਦਰਸ਼ਕ ਕੇਵਲ ਪੰਜਾਬ ਵਿੱਚ ਤੇ ਬਾਕੀ ਦੇ ਭਾਰਤ ਵਿੱਚ ਹੀ ਨਹੀਂ, ਸਗੋਂ ਇੰਗਲੈਂਡ, ਅਮਰੀਕਾ, ਕੈਨੇਡਾ ਆਦਿ ਅਨੇਕ ਦੇਸ਼ਾਂ ਵਿੱਚ ਵੀ ਵੱਡੀ ਗਿਣਤੀ ਵਿੱਚ ਸਨ। ਉਹਨਾਂ ਦਾ ਇੱਕ ਇੱਕ ਨਾਟਕ ਕਿੰਨੇ ਕਿੰਨੇ ਵਾਰ ਖੇਡਿਆ ਗਿਆ, ਇਹ ਗਿਣਤੀ ਆਖਰ ਉਹਨਾਂ ਨੂੰ ਆਪ ਚੇਤੇ ਰੱਖਣੀ ਵੀ ਸੰਭਵ ਨਾ ਰਹੀ। 1984 ਵਿੱਚ ਮੇਰੇ ਨਾਲ ਇੱਕ ਗੱਲਬਾਤ ਸਮੇਂੇ ਉਹਨਾਂ ਨੇ 'ਜਿਨ ਸਚੁ ਪਲੈ ਹੋਇ' ਦੀਆਂ ਪੇਸ਼ਕਾਰੀਆਂ ਦੀ ਗਿਣਤੀ 1500 ਤੋਂ ਵੱਧ ਗਈ ਦੱਸੀ ਸੀ। ਇਸ ਸਬੰਧ ਵਿਚ ਕਦੀ ਕਦੀ ਹੁੰਦੀ ਰਹੀ ਗੱਲਬਾਤ ਦੇ ਆਧਾਰ ਉੱਤੇ ਮੇਰਾ ਲੱਖਣ ਹੈ ਕਿ ਉਹਨਾਂ ਦੀਆਂ ਸਾਰੀਆਂ ਪੇਸ਼ਕਾਰੀਆਂ ਦੀ ਗਿਣਤੀ ਤਾਂ ਜੇ ਦਸ ਹਜ਼ਾਰ ਦੇ ਨਹੀਂ ਤਾਂ ਨੌਂ ਹਜ਼ਾਰ ਦੇ ਨੇੜੇ ਜ਼ਰੁਰ ਪਹੁੰਚ ਗਈ ਹੋਵੇਗੀ।

(ਨਵਾਂ ਜ਼ਮਾਨਾ 'ਚੋਂ ਸੰਖੇਪ- ਸਿਰਲੇਖ ਸਲਾਮ ਦੇ ਸੰਪਾਦਕ ਵੱਲੋਂ ਹੈ)

ਸਰਗਰਮ ਰੰਗਮੰਚ ਟੀਮਾਂ: ਕ੍ਰਾਂਤੀ ਦੇ ਕਲਾਕਾਰ ਦਾ ਅਸਲ ਸਨਮਾਨ

-ਸ਼ਬਦੀਸ਼

.. ਇਨ•ਾਂ ਵਿਚਾਰਾਂ ਸਦਕਾ ਹੀ ਉਹ ਸਾਡੀ ਕੌਮੀਅਤ ਦੇ ਪ੍ਰਮੁੱਖ ਪੰਜਾਬੀ ਹਨ। ਉਨ•ਾਂ ਦਾ ਕੁੱਸਾ ਵਿੱਚ ਅਜਿਹਾ ਜਨਤਕ ਸਨਮਾਨ ਸਮਾਗਮ ਹੋਇਆ, ਜਿਸ ਤਰ•ਾਂ ਦਾ ਸ਼ਾਇਦ ਹੀ ਕਿਸੇ ਲੇਖਕ-ਕਲਾਕਾਰ ਦਾ ਹੋਇਆ ਹੋਵੇ। ਸੋਵੀਅਤ ਸਮਾਜਵਾਦ ਨੇ ਆਪਣੇ ਲੇਖਕਾਂ ਨੂੰ ਵਿਸ਼ਵ ਵਿਆਪੀ ਸਨਮਾਨ ਦੇ ਹੱਕਦਾਰ ਬਣਾਇਆ ਸੀ, ਜਿਸ ਵਿੱਚ ਇਨਕਲਾਬ ਤੋਂ ਸੈਂਕੜੇ ਸਾਲ ਪਹਿਲਾਂ ਦੇ ਰੂਸੀ ਲੇਖਕ ਵੀ ਸ਼ਾਮਲ ਸਨ ਤਾਂ ਵੀ ਅਜਿਹੇ ਕਿਸੇ ਸਮਾਗਮ ਦੀ ਖ਼ਬਰ ਕਦੇ ਵੀ ਪੜ•ੀ-ਸੁਣੀ ਨਹੀਂ ਗਈ। ਇਸ ਤੋਂ ਪਹਿਲਾਂ ਸੁਚੇਤਕ ਰੰਗਮੰਚ ਮੁਹਾਲੀ ਨੇ 'ਗੁਰਸ਼ਰਨ ਸਿੰਘ ਨਾਟ-ਉਤਸਵ' ਦੀ ਸ਼ੁਰੂਆਤ ਕੀਤੀ ਸੀ ਅਤੇ ਪਿੱਛੋਂ 'ਕ੍ਰਾਂਤੀ ਦਾ ਕਲਾਕਾਰ- ਗੁਰਸ਼ਰਨ ਸਿੰਘ' ਨਾਂ ਦੀ ਦਸਤਾਵੇਜ਼ੀ ਫ਼ਿਲਮ ਵੀ ਤਿਆਰ ਕੀਤੀ। ਇਹ ਕਿਸੇ ਅੰਗ-ਸੰਗ ਵਿਚਰਦੇ ਲੇਖਕ ਬਾਰੇ ਨਿੱਜੀ ਯਤਨਾਂ ਸਦਕਾ ਬਣੀ ਪਹਿਲੀ ਦਸਤਾਵੇਜ਼ੀ ਫ਼ਿਲਮ ਸੀ। ਇਸ ਤੋਂ ਪਹਿਲਾਂ ਦੂਰਦਰਸ਼ਨ ਜਲੰਧਰ ਨੇ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕਾਂ ਦੀਆਂ ਫ਼ਿਲਮਾਂ ਬਣਾਈਆਂ ਸਨ।
ਇਹ ਮਾਣ ਵੀ ਗੁਰਸ਼ਰਨ ਸਿੰਘ ਨੂੰ ਹੀ ਜਾਂਦਾ ਹੈ ਕਿ ਮੰਡੀ ਮੁੱਲਾਂਪੁਰ ਵਿੱਚ ਉਨ•ਾਂ ਦੇ ਨਾਂ 'ਤੇ 'ਲੋਕ ਕਲਾ ਮੰਚ' ਰੰਗਮੰਚ ਭਵਨ ਬਣਾਉਂਦਾ ਹੈ ਅਤੇ 'ਵਿਰਸਾ ਵਿਹਾਰ ਕੇਂਦਰ' ਅੰਮ੍ਰਿਤਸਰ ਅੰਦਰ ਇੱਕ ਹਾਲ ਕਮਰੇ ਦਾ ਨਾਮਕਰਨ ਵੀ ਉਨ•ਾਂ ਦੇ ਨਾਂ 'ਤੇ ਹੋਇਆ ਹੈ। ਹਾਲ ਹੀ ਵਿੱਚ ਗਿਆਨ ਸਾਗਰ ਮੈਡੀਕਲ ਕਾਲਜ ਬਨੂੜ ਵਿੱਚ ਉਨ•ਾਂ ਨੂੰ ਸਮਰਪਿਤ ਵੱਡਾ ਥੀਏਟਰ ਹਾਲ ਉਸਾਰਿਆ ਗਿਆ ਹੈ। ਇਨ•ਾਂ ਮਾਣ-ਸਨਮਾਨ ਤੋਂ ਇਲਾਵਾ ਸੰਗੀਤ ਨਾਟਕ ਅਕਾਦਮੀ ਤੇ ਕਾਲੀਦਾਸ ਸਨਮਾਨ ਵਰਗੇ ਦੋ ਪ੍ਰਮੁੱਖ ਸਨਮਾਨ ਵੀ ਉਨ•ਾਂ ਦੀ ਝੋਲੀ ਪਏ, ਜਿਨ•ਾਂ ਦੋਵਾਂ ਨੂੰ ਹਾਸਲ ਕਰਨ ਵਾਲੇ ਉਹ ਇਕਲੌਤੇ ਪੰਜਾਬੀ ਹਨ। ਇਸੇ ਤਰ•ਾਂ 'ਨੁੱਕੜ ਨਾਟਕ ਸਮਰਾਟ' ਨਾਂ ਦਾ ਸਨਮਾਨ ਲੈਣ ਵਾਲੇ ਪੰਜਾਬੀ ਵਜੋਂ ਵੀ ਉਨ•ਾਂ ਦਾ ਨਾਂ ਇਤਿਹਾਸ ਦੇ ਸਫ਼ੇ 'ਤੇ ਦਰਜ ਹੈ। ਉਹ ਆਪਣੀ ਅਸਲ ਪ੍ਰਾਪਤੀ ਤੇ ਸਨਮਾਨ ਪੰਜਾਬ ਵਿੱਚ ਸਰਗਰਮ ਰੰਗਮੰਚ ਟੀਮ ਨੂੰ ਮੰਨਦੇ ਹਨ, ਜਿਨ•ਾਂ 'ਚੋਂ ਜ਼ਿਆਦਾਤਰ ਸਿੱਧੇ ਜਾਂ ਅਸਿੱਧੇ ਢੰਗ ਨਾਲ 'ਪਲਸ ਮੰਚ' ਨਾਲ ਸਬੰਧਤ ਹਨ।

(ਲੰਮੀ ਲਿਖਤ 'ਚੋਂ ਇੱਕ ਅੰਸ਼)

ਪੰਜਾਬੀ ਲੋਕ ਰੰਗਮੰਚ ਦਾ ਪਿਤਾਮਾ

-ਡਾ. ਆਤਮਜੀਤ ਸਿੰਘ

ਪੰਜਾਬੀ ਰੰਗਮੰਚ ਦੀ ਉਮਰ ਜੇ ਸੌ ਸਾਲ ਵੀ ਮਿਥ ਲਈਏ ਤਾਂ ਉਸ ਵਿੱਚੋਂ ਅੱਧੀ ਸਦੀ ਇਕੱਲੇ ਗੁਰਸ਼ਰਨ ਸਿੰਘ ਦੀ ਹੈ। ਉਹ ਹਰਚਰਨ ਸਿੰਘ-ਗਾਰਗੀ ਦੇ ਸਮੇਂ ਵੀ ਥੀਏਟਰ ਕਰਦਾ ਸੀ; ਘੁੰਮਣ-ਸੇਠੀ-ਹਰਪਾਲ ਟਿਵਾਣਾ ਦੇ ਕਾਲ ਵਿੱਚ ਵੀ ਸਰਗਰਮ ਰਿਹਾ; ਸਿੱਧੂ-ਔਲਖ-ਆਤਮਜੀਤ ਦੇ ਵਕਤ ਦੌਰਾਨ ਵੀ ਉਸ ਦੀ ਪੈਂਠ ਬਣੀ ਰਹੀ; ਕੇਵਲ ਧਾਲੀਵਾਲ, ਪਾਲੀ ਭੁਪਿੰਦਰ ਤੇ ਹੁਣ ਸਾਹਿਬ ਸਿੰਘ, ਅਨੀਤਾ, ਸੰਗੀਤਾ ਤੇ ਉਨ•ਾਂ ਤੋਂ ਬਾਅਦ ਦੇ ਰੰਗਕਰਮੀਆਂ ਦੇ ਦੌਰ ਵਿੱਚ ਵੀ ਗੁਰਸ਼ਰਨ ਸਿੰਘ ਰੰਗਮੰਚ ਦਾ ਸ਼ੇਰੇ ਪੰਜਾਬ ਰਿਹਾ। ਉਹ ਪੰਜਾਬ ਦੇ ਰੰਗਕਰਮ ਦਾ ਇੱਕੋ-ਇੱਕ ਅਜਿਹਾ ਨਾਂ ਹੈ ਜਿਹੜਾ ਸਾਰੇ ਹਿੰਦੁਸਤਾਨ ਅਤੇ ਵਿਦੇਸ਼ਾਂ ਵਿੱਚ ਬਰਾਬਰ ਦੇ ਸਤਿਕਾਰ ਅਤੇ ਚਾਅ ਨਾਲ ਜਾਣਿਆ ਜਾਂਦਾ ਹੈ। ਉਸ ਦੇ ਸਤਿਕਾਰ ਦਾ ਵੱਡਾ ਕਾਰਨ ਉਸ ਦੇ ਜ਼ਿੰਦਗੀ ਪ੍ਰਤੀ ਵਿਸ਼ਵਾਸ, ਉਨ•ਾਂ ਵਿਸ਼ਵਾਸਾਂ ਪ੍ਰਤੀ ਸੁਹਿਰਦਤਾ ਅਤੇ ਉਨ•ਾਂ 'ਤੇ ਪਹਿਰਾ ਦੇਣ ਦੀ ਤਾਕਤ ਹੈ। ਇਸ ਸਭ ਕੁਝ ਦੇ ਨਾਲ-ਨਾਲ ਉਸ ਵੱਲੋਂ ਕੀਤਾ ਗਿਆ ਸੰਘਰਸ਼ ਅਤੇ ਕੁਰਬਾਨੀ ਵੀ ਉਸ ਦੇ ਬਿੰਬ ਨੂੰ ਜ਼ਿੰਦਗੀ ਤੋਂ ਵਡੇਰਾ ਬਣਾ ਦਿੰਦੀ ਹੈ। ਉਹ ਲਗਾਤਾਰ ਪਿਛਲੇ ਤਿੰਨ ਦਹਾਕਿਆਂ ਤੋਂ ਧਰਮ-ਨਿਰਪੱਖ ਅਤੇ ਖੱਬੇਪੱਖੀ ਸੋਚ ਦੇ ਧਾਰਨੀ ਲੋਕਾਂ ਦਾ ਆਦਰਸ਼ ਬਣਿਆ ਰਿਹਾ।

ਸੰਨ 1929 ਵਿੱਚ ਜਨਮੇ ਭਾਅ ਗੁਰਸ਼ਰਨ ਸਿੰਘ ਨੇ ਆਪਣੇ ਰੰਗਮੰਚ ਦਾ ਸਫ਼ਰ ਭਾਵੇਂ ਨੰਗਲ ਤੋਂ ਸ਼ੁਰੂ ਕੀਤਾ ਪਰ ਉਸ ਸਫ਼ਰ ਨੂੰ ਨਿਸ਼ਚਿਤ ਦਿਸ਼ਾ ਅੰਮ੍ਰਿਤਸਰ ਸ਼ਹਿਰ ਵਿੱਚ ਮਿਲੀ। ਭਾਵੇਂ ਅਜੋਕੀ ਪੀੜ•ੀ ਗੁਰਸ਼ਰਨ ਸਿੰਘ ਦੇ ਖੱਬੇ ਪੱਖੀ ਥੀਏਟਰ ਦੇ ਹੀ ਸਨਮੁਖ ਹੋਈ ਹੈ ਪਰ ਗੁਰਸ਼ਰਨ ਸਿੰਘ ਦੇ ਨਾਟ-ਸਫ਼ਰ ਦੇ ਵੱਖ-ਵੱਖ ਪੜਾਵਾਂ ਦੇ ਸਫ਼ਰ ਵੱਲ ਝਾਤੀ ਮਾਰੀਏ ਤਾਂ ਪਤਾ ਲੱਗੇਗਾ ਕਿ ਉਸ ਦੇ ਵਿਚਾਰ ਅਤੇ ਥੀਏਟਰ ਸਮੇਂ ਦੀਆਂ ਹਕੀਕਤਾਂ ਨੂੰ ਪਛਾਣਦੇ ਹੋਏ ਵਿਕਸਤ ਹੋਏ ਹਨ। ਭਾਵੇਂ ਅਸੀਂ ਗੁਰਸ਼ਰਨ ਸਿੰਘ ਨੂੰ ਸਾਦੇ ਤੇ ਸਿੱਧੇ ਥੀਏਟਰ ਦੇ ਮੁਦੱਈ ਦੇ ਤੌਰ 'ਤੇ ਹੀ ਜਾਨਣਾ ਚਾਹੁੰਦੇ ਹਾਂ ਪਰ ਆਪਣੇ ਸਫ਼ਰ ਦੇ ਆਰੰਭ ਵਿੱਚ ਉਸ ਨੇ ਬਹੁਤ ਸਾਰੀਆਂ ਪਰਤਾਂ ਵਾਲੇ ਅਤੇ ਕਲਾਤਮਕ ਥੀਏਟਰ ਦੇ ਵੀ ਬਹੁਤ ਕਾਮਯਾਬ ਤਜਰਬੇ ਕੀਤੇ। ਬੇਸ਼ੱਕ ਗੁਰਸ਼ਰਨ ਸਿੰਘ ਅਜਿਹੇ ਰੰਗਮੰਚ ਦਾ ਪ੍ਰੋਡਿਊਸਰ ਹੀ ਹੁੰਦਾ ਸੀ; ਨਿਰਦੇਸ਼ਨ ਵਿੱਚ ਉਸ ਦੇ ਸਾਥੀ ਸੁਰੇਸ਼ ਪੰਡਿਤ ਵਰਗੇ ਪ੍ਰਬੁੱਧ ਰੰਗਕਰਮੀ ਹੁੰਦੇ ਸਨ। ਮੈਂ ਗੁਰਸ਼ਰਨ ਸਿੰਘ ਦੁਆਰਾ ਤਿਆਰ ਕੀਤੇ ਅਜਿਹੇ ਅਨੇਕਾਂ ਨਾਟਕ ਦੇਖੇ ਹਨ ਅਤੇ ਇਸ ਗੱਲ ਨੂੰ ਸਵੀਕਾਰਨ ਵਿੱਚ ਮਾਣ ਮਹਿਸੂਸ ਕਰਦਾ ਹਾਂ ਕਿ ਇਨ•ਾਂ ਨਾਟਕਾਂ ਨੇ ਮੇਰੇ ਅੰਦਰ ਇਸ ਕਲਾ ਪ੍ਰਤੀ ਖਿੱਚ ਨੂੰ ਬਹੁਤ ਜ਼ਿਆਦਾ ਚਮਕਾਇਆ। 'ਡੀਜ਼ਾਇਰ ਅੰਡਰ ਦਿ ਐਲਮਜ' ਅਤੇ 'ਘੋਸਟਸ' ਵਰਗੇ ਨਾਟਕਾਂ ਦਾ ਅੰਮ੍ਰਿਤਸਰ ਦੇ ਰੰਗਮੰਚ 'ਤੇ ਅੱਜ ਤੋਂ ਚਾਲੀ ਸਾਲ ਪਹਿਲਾਂ ਖੇਡਿਆ ਜਾਣਾ ਅਰਥ ਰੱਖਦਾ ਹੈ। ਗਾਂਧੀ ਗਰਾਊਂਡ ਦੇ ਓਪਨ ਏਅਰ ਥੀਏਟਰ ਵਿੱਚ ਉਹ ਨਿਸ਼ਚਿਤ ਸਮੇਂ ਬਾਅਦ 3-4 ਦਿਨਾਂ ਦਾ ਮੇਲਾ ਕਰਦਾ ਹੁੰਦਾ ਸੀ। ਕੁਝ ਕੁ ਰੁਪਿਆਂ ਦੇ ਚੰਦੇ ਨਾਲ ਉਸ ਨੇ ਸਹਿਯੋਗੀ ਮੈਂਬਰ ਬਣਾਏ ਹੋਏ ਸਨ। ਜਿਸ ਤਰ•ਾਂ ਦੇ ਥੀÂਟਰ, ਉਸ ਦੇ ਪ੍ਰਬੰਧ ਅਤੇ ਲੋਕਾਂ ਦੀ ਸ਼ਮੂਲੀਅਤ ਦੀ ਅਸੀਂ ਅੱਜ ਗੱਲ ਕਰਦੇ ਹਾਂ, ਗੁਰਸ਼ਰਨ ਸਿੰਘ ਇਸ ਤਰ•ਾਂ ਦਾ ਥੀਏਟਰ ਬਹੁਤ ਪਹਿਲਾਂ ਕਰ ਚੁੱਕਾ ਸੀ।

ਉਸ ਦੇ ਵਿਸ਼ਵਾਸਾਂ ਦਾ ਸਭ ਤੋਂ ਵੱਡਾ ਇਮਤਿਹਾਨ ਐਮਰਜੈਂਸੀ ਦੇ ਦਿਨਾਂ ਵਿੱਚ ਹੋਇਆ। ਅਸੀਂ ਗੁਰਸ਼ਰਨ ਸਿੰਘ ਵੱਲੋਂ ਜਿਸ ਬਹੁਮੁੱਲੇ ਅਤੇ ਬਹੁਪਰਤੀ ਰੰਗਮੰਚ ਕੀਤੇ ਜਾਣ ਦੀ ਗੱਲ ਕਰ ਰਹੇ ਹਾਂ ਉਹ ਅਜੇ ਵੀ ਇਸ ਕਿਸਮ ਦੇ ਰੰਗਮੰਚ ਨੂੰ ਬਹੁਤ ਗੰਭੀਰ ਪੱਧਰ 'ਤੇ ਕਰ ਰਿਹਾ ਸੀ। ਨਜ਼ਮ ਹੁਸੈਨ ਸੱਯਦ ਦਾ ਨਾਟਕ 'ਤਖ਼ਤ ਲਾਹੌਰ' ਅਤੇ ਮੇਜਰ ਇਸਹਾਕ ਮੁਹੰਮਦ ਦੇ ਨਾਟਕ 'ਕੁਕਨੁਸ' ਗਾਂਧੀ ਗਰਾਊਂਡ ਵਿੱਚ ਖੇਡੇ ਗਏ। ਜਿਵੇਂ ਇਹਨਾਂ ਨਾਟਕਾਂ ਵਿੱਚ ਦੁੱਲਾ ਸਥਾਪਤੀ ਨਾਲ ਟੱਕਰ ਲੈਂਦਾ ਹੈ, ਗੁਰਸ਼ਰਨ ਸਿੰਘ ਆਪਣੇ ਸਮੇਂ ਦੀ ਸਥਾਪਤੀ ਨਾਲ ਟਕਰਾ ਰਿਹਾ ਸੀ। ਸਮੇਂ ਦੀ ਸਰਕਾਰ ਉਸ ਤੋਂ ਦੁਖੀ ਸੀ; ਉਸ ਨੂੰ ਸਮੇਂ-ਸਮੇਂ ਇਨਾਮਾਂ-ਸਨਮਾਨਾਂ ਦੇ ਲਾਲਚ ਵੀ ਦਿੱਤੇ ਗਏ ਪਰ ਗੁਰਸ਼ਰਨ ਸਿੰਘ ਆਪਣੇ ਵਿਚਾਰਾਂ ਦੀ ਦ੍ਰਿੜ•ਤਾ ਤੋਂ ਨਹੀਂ ਡੋਲਿਆ। ਨਤੀਜੇ ਵਜੋਂ ਭਾਖੜਾ ਡੈਮ ਦੀ ਉਸਾਰੀ ਵਿੱਚ ਮਹੱਤਵਪੂਰਨ ਹਿੱਸਾ ਪਾਉਣ ਵਾਲੇ ਇਸ ਸੀਮਿੰਟ ਤਕਨਾਲੋਜੀ ਦੇ ਮਾਹਿਰ ਵਿਗਿਆਨੀ ਨੂੰ ਨਾ ਸਿਰਫ਼ ਆਪਣੀ ਨੌਕਰੀ ਤਿਆਗਣੀ ਪਈ ਬਲਕਿ ਉਸ ਨੂੰ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਨੇ ਸਲਾਖਾਂ ਪਿੱਛੇ ਵੀ ਭੇਜਿਆ ਹਾਲਾਂ ਕਿ ਕੁਝ ਦਿਨ ਪਹਿਲਾਂ ਗਿਆਨੀ ਜ਼ੈਲ ਸਿੰਘ ਨੇ ਹੀ ਜੰਮੂ ਵਿੱਚ ਗੁਰਸ਼ਰਨ ਸਿੰਘ ਦਾ ਨਾਟਕ ਦੇਖ ਕੇ ਉਸ ਨੂੰ 'ਪੰਜਾਬ ਦਾ ਹੀਰਾ' ਕਿਹਾ ਸੀ। ਇਸ ਗ੍ਰਿਫ਼ਤਾਰੀ ਨੇ ਉਸਦੇ ਅਹਿਦ ਨੂੰ ਹੋਰ ਪੱਕਾ ਕੀਤਾ ਅਤੇ ਉਸ ਨੇ ਆਪਣੇ ਸੰਦੇਸ਼ ਨੂੰ ਵਧੇਰੇ ਸਪਸ਼ਟ ਕਰਨ ਲਈ 'ਧਮਕ ਨਗਾਰੇ ਦੀ' ਨਾਟਕ ਲਿਖਿਆ ਜਿਹੜਾ ਕਿ ਇੱਕ ਵਾਰ ਫਿਰ ਦੁੱਲੇ ਭੱਟੀ ਦੀ ਜ਼ਿੰਦਗੀ 'ਤੇ ਹੀ ਆਧਾਰਤ ਹੈ। ਉਸ ਨੂੰ ਜਾਪਿਆ ਕਿ ਪਾਕਿਸਤਾਨੀ ਨਾਟਕਕਾਰ ਆਪਣੇ ਦੇਸ਼ ਦੇ ਹਾਲਾਤ ਕਾਰਨ ਕੁਝ ਕੁ ਢਕੀ ਹੋਈ ਗੱਲ ਕਰਦੇ ਹਨ, ਗੁਰਸ਼ਰਨ ਸਿੰਘ ਖੁੱਲ• ਕੇ ਸੱਤਾ ਦੀਆਂ ਬਦਨੀਤੀਆਂ ਨੂੰ ਸਾਹਮਣੇ ਲਿਆਉਣਾ ਚਾਹੁੰਦਾ ਸੀ ਪਰ ਅਜੇ ਵੀ ਉਸ ਦੇ ਮਨ ਵਿੱਚ ਬਹੁਤ ਜ਼ਿਆਦਾ ਸਿੱਧੇ ਅਤੇ ਸਾਦੇ ਥੀਏਟਰ ਦੀ ਧਾਰਨਾ ਨਹੀਂ ਸੀ ਬਣੀ। ਇਸੇ ਕਰਕੇ ਉਸ ਨੇ ਇਹ ਨਾਟਕ ਬੰਸੀ ਕੌਲ ਪਾਸੋਂ ਨਿਰਦੇਸ਼ਤ ਕਰਵਾਇਆ।

ਇੱਕ ਇਨਸਾਨ ਦੇ ਤੌਰ 'ਤੇ ਉਹ ਹੀਰਾ ਸੀ। ਉਸ ਨੂੰ ਬਲੱਡ ਪ੍ਰੈਸ਼ਰ ਦੀ ਬੀਮਾਰੀ ਹੋਣ ਕਾਰਨ ਗੁੱਸਾ ਬਹੁਤ ਜਲਦੀ ਆਉਂਦਾ ਸੀ ਪਰ ਆਪਣੇ ਗੁੱਸੇ ਨੂੰ ਪੀ ਜਾਣ ਦੀ ਅਥਾਹ ਸ਼ਕਤੀ ਦਾ ਵੀ ਮਾਲਕ ਸੀ ਗੁਰਸ਼ਰਨ ਸਿੰਘ। ਉਸ ਵਿੱਚ ਇਹ ਤਾਕਤ ਸੀ ਕਿ ਉਹ ਹਰੇਕ ਵਿਅਕਤੀ ਪਾਸੋਂ ਉਸ ਦੀ ਪੱਧਰ ਦਾ ਕੰਮ ਲੈ ਲੈਂਦਾ ਸੀ। ਅਜਿਹਾ ਕਰਨ ਸਮੇਂ ਉਹ ਉਸ ਵਿਅਕਤੀ ਦੀ ਸਮਰੱਥਾ ਵੇਖਦਾ ਸੀ, ਧੜਾ ਨਹੀਂ ਸੀ ਦੇਖਦਾ। ਇਹੋ ਕਾਰਨ ਹੈ ਕਿ ਜਿੰਨੇ ਅਦਾਕਾਰ ਪੰਜਾਬੀ ਰੰਗਮੰਚ ਨੂੰ ਇਕੱਲੇ ਗੁਰਸ਼ਰਨ ਸਿੰਘ ਨੇ ਦਿੱਤੇ ਉਨੇ ਇੱਥੋਂ ਦੀਆਂ ਸਾਰੀਆਂ ਯੂਨੀਵਰਸਟੀਆਂ, ਵਿਭਾਗ, ਅਕਾਦਮੀਆਂ ਅਤੇ ਸਰਕਾਰਾਂ ਨੇ ਨਹੀਂ ਦਿੱਤੇ। ਦਲਜੀਤ ਕੌਰ, ਜਤਿੰਦਰ ਕੌਰ, ਸਤਿੰਦਰ ਕੌਰ, ਬੁੱਧ ਸਿੰਘ, ਸੁਰੇਸ਼ ਪੰਡਿਤ, ਸੁਦਰਸ਼ਨ ਸ਼ਰਮਾ, ਵੇਦ ਸ਼ਰਮਾ, ਹਰਭਜਨ ਜੱਭਲ, ਸਰਦਾਰਜੀਤ ਬਾਵਾ, ਕੇਵਲ ਧਾਲੀਵਾਲ, ਪਵਨਦੀਪ, ਅਨੀਤਾ ਸ਼ਬਦੀਸ਼ ਆਦਿਕ ਰੰਗਕਰਮੀਆਂ ਦੀ ਲੰਮੀ ਫ਼ਹਿਰਿਸਤ ਹੈ। ਪੰਜਾਬ ਦਾ ਕੋਈ ਅਜਿਹਾ ਸ਼ਹਿਰ, ਕਸਬਾ ਜਾਂ ਪਿੰਡ ਨਹੀਂ ਜਿੱਥੇ ਉਸ ਦੀ ਖ਼ੁਸ਼ਬੂ ਨਹੀਂ ਪਹੁੰਚੀ। ਉਹ ਰੰਗਮੰਚ ਦਾ ਭਾਅ ਜੀ ਅਤੇ ਟੀ ਵੀ ਦਾ ਭਾਈ ਮੰਨਾ ਸਿੰਘ ਬਣ ਕੇ ਸਾਡੇ ਸਾਰਿਆਂ ਦੇ ਅੰਦਰ ਜਾ ਕੇ ਬਹਿ ਗਿਆ। ਆਪਣੀਆਂ ਗ਼ਲਤੀਆਂ ਉੱਤੇ ਪਰਦਾ ਪਾਉਣ ਦੀ ਬਜਾਏ ਉਨ•ਾਂ ਨੂੰ ਸਵੀਕਾਰਨ ਵਿੱਚ ਉਸ ਦਾ ਜ਼ਿਆਦਾ ਵਿਸ਼ਵਾਸ ਸੀ; ਉਹ ਇੱਕ ਪਰਮ ਇਨਸਾਨ ਸੀ ਅਤੇ ਹਰ ਹਾਲਤ ਵਿੱਚ ਚੜ•ਦੀ ਕਲਾ ਅਤੇ ਆਸ ਵਿੱਚ ਜਿਉਂਦਾ ਸੀ। ਪਿੱਛੇ ਜਿਹੇ ਮੈਨੂੰ ਉਸ ਨਾਲ ਤਿੰਨ-ਚਾਰ ਥਾਵਾਂ ਤੇ ਬੜੇ ਨੇੜੇ ਹੋ ਕੇ ਵਿਚਰਣ ਦਾ ਮੌਕਾ ਮਿਲਿਆ। ਪੰਜਾਬ ਕਲਾ ਭਵਨ ਵਿੱਚ ਅੰਮ੍ਰਿਤਸਰੀਆਂ ਨੇ ਚੰਡੀਗੜ•ੀਆਂ ਨਾਲ ਰਲ ਕੇ ਵਿਸਾਖੀ ਮਨਾਈ ਜਿਸਦਾ ਨਾਇਕ ਗੁਰਸ਼ਰਨ ਸਿੰਘ ਸੀ। ਡਾਇਲਿਸਸ 'ਤੇ ਹੋਣ ਦੇ ਬਾਵਜੂਦ ਉਸ ਦੇ ਚਿਹਰੇ 'ਤੇ ਮੁਸਕਾਨ ਸੀ। ਦੋ ਹਫ਼ਤੇ ਪਹਿਲਾਂ ਸ਼ਬਦੀਸ਼ ਅਤੇ ਅਨੀਤਾ ਨੇ ਗੁਰਸ਼ਰਨ ਸਿੰਘ ਦੇ ਜਨਮ ਦਿਵਸ ਨੂੰ ਅਰਪਿਤ ਅੱਠਵਾਂ ਨਾਟ ਮੇਲਾ ਆਯੋਜਿਤ ਕੀਤਾ। ਗੁਰਸ਼ਰਨ ਸਿੰਘ ਨੂੰ ਮੰਚ 'ਤੇ ਬਿਠਾ ਕੇ ਕੇਕ ਕੱਟਿਆ ਗਿਆ; ਗੁਰਸ਼ਰਨ ਸਿੰਘ ਦੀ ਆਮਦ ਨੇ ਚਾਰੇ ਪਾਸੇ ਆਸ ਦੇ ਫੁੱਲ ਖਿੜਾ ਦਿੱਤੇ। ਉਹ ਜ਼ਾਤੀ ਪੱਧਰ 'ਤੇ ਵੀ ਬਹੁਤ ਹੀ ਸਾਦਗੀ ਅਤੇ ਸਪਸ਼ਟਤਾ ਨਾਲ ਜਿਊਣ ਵਾਲਾ ਜਿਊੜਾ ਸੀ।

ਭਾਵੇਂ ਉਸ ਵਾਸਤੇ ਸਮਾਜ ਪ੍ਰਥਮ ਹੋ ਗਿਆ ਸੀ ਤੇ ਥੀਏਟਰ ਦੁਜੈਲਾ, ਫਿਰ ਵੀ ਪੰਜਾਬ ਸਮੱਸਿਆ ਨਾਲ ਜੁੜੇ ਨਾਟਕਾਂ ਦੀ ਲਹਿਰ ਨੇ ਉਸ ਦੀ ਨਾਟਕਕਾਰ ਦੇ ਰੂਪ ਵਿੱਚ ਪਹਿਚਾਣ ਨੂੰ ਵੀ ਪੀਡਾ ਕੀਤਾ। ਗੁਰਸ਼ਰਨ ਸਿੰਘ ਨੇ ਜਿੰਨੀ ਘਾਲਣਾ ਪੰਜਾਬੀ ਰੰਗਮੰਚ ਲਈ ਕੀਤੀ ਹੈ, ਉਹ ਮਿਸਾਲੀ ਹੈ। ਉਸ ਨੇ ਪੰਜਾਬੀ ਨਾਟਕਾਂ ਨੂੰ ਆਪਣੇ ਥੀਏਟਰ ਰਾਹੀਂ ਪਿੰਡ-ਪਿੰਡ ਪਹੁੰਚਾ ਦਿੱਤਾ। ਉਸ ਪਾਸ ਚੇਤਨਾ, ਊਰਜਾ ਅਤੇ ਸੁਹਿਰਦਤਾ ਦਾ ਜਿਹੜਾ ਖ਼ਜ਼ਾਨਾ ਸੀ, ਉਸ ਤੋਂ ਉਮੀਦ ਕੀਤੀ ਜਾਂਦੀ ਸੀ ਕਿ ਉਹ ਪੰਜਾਬੀ ਨਾਟਕ/ਥੀਏਟਰ ਨੂੰ ਇੱਕ ਵਿਲੱਖਣ ਸ਼ੈਲੀ ਪ੍ਰਦਾਨ ਕਰਦਾ। ਇਸ ਪਾਸੇ ਉਹ ਤੇਜ਼ੀ ਨਾਲ ਵਧ ਵੀ ਰਿਹਾ ਸੀ ਪਰ ਉਹ ਆਪਣੀ ਸ਼ੈਲੀ ਨੂੰ ਸੂਤਰਬੱਧ ਕਰਕੇ ਸਾਡੇ ਸਾਹਮਣੇ ਨਹੀਂ ਰੱਖ ਸਕਿਆ ਕਿਉਂਕਿ ਉਸ ਦੀ ਪ੍ਰਾਥਮਿਕਤਾ ਰਾਜਸੀ ਅਤੇ ਸਮਾਜੀ ਚੇਤਨਾ ਬਣ ਚੁੱਕੀ ਸੀ, ਨਾਟਕ ਜਾਂ ਥੀਏਟਰ ਨਹੀਂ ਸੀ ਰਹੀ। ਜੇ ਉਹ ਅਜਿਹਾ ਕਰ ਜਾਂਦਾ ਤਾਂ ਸ਼ਾਇਦ ਵਿਸ਼ਵ ਥੀਏਟਰ ਨੂੰ ਉਸ ਦੀ ਇੱਕ ਹੋਰ ਦੇਣ ਹੁੰਦੀ ਪਰ ਉਸ ਲਈ ਥੀਏਟਰ ਕੇਵਲ ਇੱਕ ਸਾਧਨ ਸੀ ਜਿਸ ਰਾਹੀਂ ਉਹ ਆਪਣੇ ਵਿਚਾਰਾਂ ਨੂੰ ਲੋਕਾਂ ਤਕ ਪਹੁੰਚਾਉਣਾ ਚਾਹੁੰਦਾ ਸੀ। ਉਹ ਅਸਲ ਵਿੱਚ ਥੀਏਟਰ ਰਾਹੀਂ ਲੋਕਾਂ ਵਿੱਚ ਇੱਕ ਤਤਕਾਲੀ ਤਬਦੀਲੀ ਲਿਆਉਣਾ ਚਾਹੁੰਦਾ ਸੀ। ਇਸ ਲਈ ਉਹ ਆਪਣੇ ਥੀਏਟਰ ਨੂੰ ਲਗਾਤਾਰ ਇੰਨਾ ਸਰਲ ਕਰਦਾ ਗਿਆ ਕਿ ਉਸ ਉੱਤੇ ਇਹ ਪ੍ਰਸ਼ਨ ਵੀ ਹੋਣ ਲੱਗਾ ਕਿ ਕੀ ਉਸਦਾ ਕਾਰਜ ਥੀਏਟਰ ਹੈ ਵੀ ਕਿ ਨਹੀਂ ਪਰ ਨਿਸ਼ਚੈ ਹੀ ਗੁਰਸ਼ਰਨ ਸਿੰਘ ਦਾ ਕੰਮ ਪੰਜਾਬੀ ਦੇ ਸਮਾਨੰਤਰ ਨਾਟਕ ਅਤੇ ਸਮਾਜਿਕ ਚੇਤਨਾ ਵਾਸਤੇ ਕੀਤੇ ਯਤਨਾਂ ਦੀ ਸਰਵੋਤਮ ਮਿਸਾਲ ਹੈ।

ਆਤੰਕਵਾਦ ਦੇ ਖ਼ਿਲਾਫ਼ ਉਸ ਦੀ ਰੰਗਮੰਚੀ ਲੜਾਈ ਅਸਲ ਵਿੱਚ ਸਮਾਜਿਕ ਲੜਾਈ ਸੀ ਜਿਹੜੀ ਉਸ ਨੇ ਆਪਣੇ ਦਮ-ਖਮ ਉੱਤੇ ਲੜੀ। ਇਹੀ ਉਹ ਸਮਾਂ ਹੈ ਜਿਹੜਾ ਉਸ ਦੇ ਥੀਏਟਰ ਨੂੰ ਸਾਦਗੀ ਅਤੇ ਸਪਸ਼ਟਤਾ ਦਿੰਦਾ ਹੈ। ਉਸ ਸਮੇਂ ਉਹ ਰੰਗਮੰਚ ਨੂੰ ਸਸਤੇ ਮੁੱਲਾਂ 'ਤੇ ਕਰਕੇ ਆਪਣੇ ਸੰਦੇਸ਼ ਨੂੰ ਬਹੁਤੇ ਲੋਕਾਂ ਤਕ ਪਹੁੰਚਾਉਣਾ ਚਾਹੁੰਦਾ ਸੀ। ਇਸ ਕਾਰਜ ਵਿੱਚ ਉਸ ਦੀ ਸਫ਼ਲਤਾ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਅੱਜ ਅਨੇਕਾਂ ਨਾਟ-ਮੰਡਲੀਆਂ ਉਸ ਦੇ ਪਾਏ ਹੋਏ ਪੂਰਨਿਆਂ 'ਤੇ ਚੱਲ ਰਹੀਆਂ ਹਨ।

(ਪੰਜਾਬੀ ਟ੍ਰਿਬਿਊਨ 'ਚੋਂ ਸੰਖੇਪ)

ਸੁਹਜ-ਸੰਵੇਦਨਾ ਅਤੇ ਗੁਰਸ਼ਰਨ ਸਿੰਘ ਦੀ ਸਿਰਜਣਾ

ਗੁਰਸ਼ਰਨ ਸਿੰਘ ਦਰਸ਼ਕਾਂ ਦੀ ਕਲਾ ਸੁਹਜ ਸੰਵੇਦਨਾ ਨੂੰ, ਹੋਰਨਾਂ ਸਮਾਜਿਕ ਸੰਵੇਦਨਾਵਾਂ ਨਾਲੋਂ ਨਿੱਖੜੀ ਹੋਈ ਰੁੰਡ-ਮਰੁੰਡ ਸੰਵੇਦਨਾ ਵਜੋਂ ਲੈ ਕੇ, ਇਸ ਦੀ ਹੇਠੀ ਨਹੀਂ ਕੀਤੀ। ਉਸਦੀ ਕਲਾ ਸਮਾਜਿਕ ਮਨੁੱਖੀ ਚੇਤਨਾ ਦਾ ਸ਼ਕਤੀਸ਼ਾਲੀ ਪ੍ਰਗਟਾਵਾ ਹੈ, ਜਿਹੜਾ ਆਪਣੇ ਖਾਸੇ ਪੱਖੋਂ ਜੁਝਾਰ ਅਤੇ ਇਨਕਲਾਬੀ ਹੈ। ਜੁਝਾਰ ਇਸ ਕਰਕੇ ਕਿ ਇਹ ਵੇਲਾ ਵਿਹਾਅ ਚੁੱਕੀ ਪਿਛਾਂਹ-ਖਿੱਚੂ ਸਮਾਜਿਕ ਚੇਤਨਾ ਨੂੰ ਕਦਮ ਕਦਮ 'ਤੇ ਚੁਣੌਤੀ ਦਿੰਦੀ ਅਤੇ ਇਸ ਨਾਲ ਭਿੜਦੀ ਹੈ। ਇਨਕਲਾਬੀ ਇਸ ਕਰਕੇ ਕਿ ਇਹ ਸਮਾਜਿਕ ਸਥਾਪਤੀ ਦੀਆਂ ਜਰਜਰੀਆਂ ਹੋ ਚੁੱਕੀਆਂ ਧਾਰਨਾਵਾਂ ਅਤੇ ਕਦਰਾਂ-ਕੀਮਤਾਂ ਦਾ ਅਗਾਂਹਵਧੂ ਕ੍ਰਾਂਤੀਕਾਰੀ ਬਦਲ ਉਭਾਰਦੀ ਹੈ। ਗੁਰਸ਼ਰਨ ਸਿੰਘ ਦੇ ਨਾਟਕਾਂ ਨੇ, ਸਮਾਜਿਕ ਚੇਤਨਾ ਦੇ ਕਲਾ ਰੂਪ ਵਜੋਂ ਆਪਣੀ ਵਿਸ਼ੇਸ਼ਤਾ ਬਰਕਰਾਰ ਰੱਖੀ। ਲੰਮੇ ਅਰਸੇ ਬਾਅਦ ਇੱਕ ਰਾਜਨੀਤਕ ਕਾਰਕੁਨ ਅਤੇ ਲੋਕ ਆਗੂ ਵਾਲੇ ਸਰੋਕਾਰਾਂ 'ਤੇ ਉਹਨਾਂ ਦੇ ਮਾਨਸਿਕ ਰੁਝੇਵੇਂ ਅਤੇ ਸਰਗਰਮੀ ਦਾ ਮੁੱਖ ਪੱਖ ਬਣ ਗਏ ਤਾਂ ਕਈ ਰਲੇ ਮਿਲੇ ਕਾਰਨਾਂ ਕਰਕੇ ਇਸ ਵਿਸ਼ੇਸ਼ ਪੱਖ ਵੱਲ ਉਹਨਾਂ ਦਾ ਧਿਆਨ ਆਇਆ। ਤਾਂ ਵੀ ਕੁੱਲ ਮਿਲਾ ਕੇ, ਪੰਜਾਬੀ ਜਨਸਮੂਹ, ਵਿਸ਼ੇਸ਼ ਕਰਕੇ ਪੇਂਡੂ ਜਨ-ਸਮੂਹ ਦੀ ਕਲਾ ਸੁਹਜ ਸੰਵੇਦਨਾ ਨੂੰ ਉਭਾਰਨ, ਵਿਕਸਤ ਅਤੇ ਅਮੀਰ ਕਰਨ ਵਿੱਚ ਅਜੇ ਤੱਕ ਹੋਰ ਕਿਸੇ ਵੀ ਨਾਟਕਕਾਰ ਜਾਂ ਨਿਰਦੇਸ਼ਕ ਦੇ ਮੁਕਾਬਲੇ ਗੁਰਸ਼ਰਨ ਸਿੰਘ ਦੀ ਦੇਣ ਕਿਤੇ ਅੱਗੇ ਹੈ। ਉੱਤਮ ਕਲਾ ਦੀ ਖੁਰਾਕ ਮੁਹੱਈਆ ਕਰਕੇ ਗੁਰਸ਼ਰਨ ਸਿੰਘ ਨੇ (ਦਰਸ਼ਕਾਂ ਦੀਆਂ ਪਛੜੀਆਂ ਪਰਤਾਂ 'ਚ ਵੀ) ਬੇਹਤਰ ਕਲਾ ਸੁਆਦਾਂ ਦੇ ਉਸਰੱਈਏ ਦਾ ਰੋਲ ਅਦਾ ਕੀਤਾ ਹੈ ਅਤੇ ਨਵੀਂ ਕਲਾ ਸੂਝ 'ਚ ਰੰਗੇ ਦਰਸ਼ਕ ਸਿਰਜੇ। ਪਰ ਵਧੇਰੇ ਅਹਿਮ ਗੱਲ ਇਹ ਹੈ ਕਿ ਉਸਦੇ ਨਾਟਕ, ਪਾਠਕਾਂ ਅਤੇ ਦਰਸ਼ਕਾਂ ਦੀ ਕਲਾ ਸੁਹਜ ਸੰਵੇਦਨਾ 'ਚ, ਉਹਨਾਂ ਦੀ ਸਮੁੱਚੀ ਸਮਾਜਿਕ ਸੰਵੇਦਨਾ ਲਈ ਝੰਜੋੜਾ ਬਣਕੇ ਉੱਤਰਦੇ ਰਹੇ। ਜਜ਼ਬਿਆਂ ਅਤੇ ਸੰਸਕਾਰਾਂ ਦੇ ਸੰਸਾਰ ਵਿੱਚ ਖਲਬਲੀ ਪੈਦਾ ਕਰਦੇ ਰਹੇ ਅਤੇ ਨਵੀਂ ਸਮਾਜਿਕ ਚੇਤਨਾ ਗ੍ਰਹਿਣ ਕਰਨ ਲਈ ਪ੍ਰੇਰਦੇ ਰਹੇ।

ਆਪਣੀ ਕਲਾ ਦੇ ਗੂੜ•ੇ ਪਰਭਾਵ ਸਦਕਾ, ਉਹ ਲੋਕ ਮਨਾਂ ਅੰਦਰ ਨਵੇਂ ਜਜ਼ਬਿਆਂ, ਸੰਸਕਾਰਾਂ ਅਤੇ ਕਦਰਾਂ-ਕੀਮਤਾਂ ਦੇ ਸਿਰਜਕ ਬਣੇ। ਉਸਦੇ ਨਾਟਕ ਨਵੀਂ ਜ਼ਿੰਦਗੀ ਦੇ ਅਸਲ ਸਿਰਜਣਹਾਰ ਲੋਕਾਂ ਦੀ ਸ਼ਕਤੀ ਨੂੰ ਜਗਾਉਂਦੇ ਹਨ। ਅਣਮਨੁੱਖੀ ਜੀਵਨ ਹਾਲਤਾਂ ਨੂੰ ਬਦਲਣ ਦੀ ਤਾਂਘ ਪ੍ਰਚੰਡ ਕਰਦੇ ਹਨ ਅਤੇ ਜ਼ਿੰਦਗੀ ਦੀ ਮੁੜ ਸਿਰਜਣਾ ਦੇ ਉੱਦਮ ਲਈ ਹੁਲਾਰਾ ਬਣਦੇ ਹਨ।

ਇਉਂ ਗੁਰਸ਼ਰਨ ਸਿੰਘ ਨੇ ਸਾਹਿਤ ਅਤੇ ਕਲਾ ਦੇ ਰਚਣਹਾਰਿਆਂ ਲਈ ਸਿਰਜਣਾ ਦੇ ਅਸਲ ਅਤੇ ਵਧੇਰੇ ਅਰਥ ਉਜਾਗਰ ਕੀਤੇ। ਰੰਗਮੰਚ, ਇੱਕ ਕਲਾ ਕਾਮੇ ਵਜੋਂ ਉਸਦੀ ਸਿਰਜਣ-ਸ਼ਕਤੀ ਦੇ ਸਾਕਾਰ ਹੋਣ ਦੀ ਸੀਮਾ ਨਹੀਂ ਸੀ। ਉਹ ਸਿਰਫ ਰੰਗਮੰਚ 'ਤੇ ਖਿੜਨ ਜੋਗੀ ਕਲਾ ਦਾ ਸਿਰਜਕ ਨਹੀਂ ਸੀ। ਉਸਦੀ ਸਿਰਜਣ ਸ਼ਕਤੀ ਦਾ ਲਿਸ਼ਕਾਰਾ ਰੰਗਮੰਚ ਰਾਹੀਂ ਅਸਲ ਜ਼ਿੰਦਗੀ ਦੇ ਮੰਚ 'ਤੇ ਸਾਕਾਰ ਹੁੰਦਾ ਰਿਹਾ, ਇਸਦੀ ਲੋਅ ਦਾ ਅੰਗ ਬਣਦਾ ਰਿਹਾ ਅਤੇ ਇਸ ਨੂੰ ਗੂੜ•ੀ ਕਰਦਾ ਰਿਹਾ।

ਅਮਰ ਕਲਾ ਦੀ ਸਿਰਜਣਾ ਦੇ ਇਸ ਸਲੀਕੇ ਨੂੰ ਕੁਝ ਹਲਕਿਆਂ ਵੱਲੇਂ ਨਾਅਰੇਬਾਜ਼ੀ ਕਿਹਾ ਜਾਂਦਾ ਰਿਹਾ। ਪਰ ਇਸ ਸਲੀਕੇ ਨੇ, ਗੁਰਸ਼ਰਨ ਸਿੰਘ ਨੂੰ ਪੰਜਾਬ ਦੀ ਇਨਕਲਾਬੀ ਨਾਟਕ ਲਹਿਰ ਦਾ ਸ਼੍ਰੋਮਣੀ ਉਸਰੱਈਆ ਅਤੇ ਇਸਦੀ ਮਾਣਮੱਤੀ ਕਲਗੀ ਬਣਾ ਦਿੱਤਾ।

-'ਸਲਾਮ' ਦੇ ਕਾਮਿਆਂ ਵੱਲੋਂ

ਦੇਹ ਦਾ ਅੰਤ- ਵਿਚਾਰਾਂ ਦਾ ਨਹੀਂ

-ਵਰਿੰਦਰ ਵਾਲੀਆ*

ਨਿਗੂਣੀ ਸੋਚ ਵਾਲੇ ਲੋਕ, ਉੱਚ-ਦੁਮਾਲੜੇ ਵਾਲੀ ਦਸਤਾਰ ਬੰਨ• ਕੇ ਵੀ ਬੌਣੇ ਦਿਸਦੇ ਹਨ। ਉਨ•ਾਂ ਦੀ ਪਗੜੀ ਦਾ ਲਹਿਰਾ ਰਿਹਾ ਸ਼ਮ•ਲਾ ਕਿਸੇ ਨੂੰ ਵੀ ਮੁਤਾਸਿਰ ਨਹੀਂ ਕਰਦਾ ਜਦੋਂਕਿ ਲੋਕ-ਬਾਣੀ ਰਚਣ ਵਾਲੇ ਲੋਕ ਅਮਰ ਹੋ ਜਾਂਦੇ ਹਨ। ਗੁਰਸ਼ਰਨ ਭਾਅ ਜੀ ਉਰਫ਼ ਭਾਈ ਮੰਨਾ ਸਿੰਘ ਸਾਧਾਰਨ ਰਹਿਣੀ-ਬਹਿਣੀ ਦੇ ਬਾਵਜੂਦ ਅਸਾਧਾਰਨ ਸ਼ਖ਼ਸੀਅਤ ਸਨ, ਤੁਪਕੇ ਵਿੱਚ ਸਮੁੰਦਰ!

ਆਪਣੇ ਪਲੇਠੇ ਨਾਵਲ, 'ਨਿਰਵਾਣ' ਦੀ ਆਦਿਕਾ ਵਿੱਚ ਮਨਮੋਹਨ ਨੇ ਰਿਗਵੇਦ ਦੀ ਇੱਕ ਟੂਕ ਦਾ ਹਵਾਲਾ ਦਿੱਤਾ ਹੈ, 'ਪਸ਼ੱਯ ਦੇਵਸੱਯ ਕਾਵਿਅਮ/ਮਮਾਰ-ਨਾ ਜੀਰਤੀ' (ਦੇਵਤਿਆਂ ਦੀ ਕਵਿਤਾ ਨਾ ਮਰਦੀ ਹੈ, ਨਾ ਬੁੱਢੀ ਹੁੰਦੀ ਹੈ)। ਉਸ ਨੇ ਅੱਗੇ ਲਿਖਿਆ ਹੈ, 'ਬਾਹਰਲੇ ਸਮੁੰਦਰਾਂ ਵਿੱਚ ਉਹ ਕਦੇ ਨਹੀਂ ਡੁੱਬਦੇ ਜੋ ਆਪਣੇ ਅੰਦਰ ਦੀ ਬੇੜੀ 'ਤੇ ਸਵਾਰ ਹੁੰਦੇ ਨੇ'।

ਜਿਨ•ਾਂ ਸ਼ਬਦਾਂ, ਵਾਕਾਂ ਜਾਂ ਫ਼ਿਕਰਿਆਂ 'ਤੇ ਵਕਤ ਦੀਆਂ ਝੁਰੜੀਆਂ ਨਹੀਂ ਪੈਂਦੀਆਂ, ਉਨ•ਾਂ ਨੇ ਭਲਾ ਬੁੱਢੇ ਕੀ ਹੋਣਾ ਹੋਇਆ? ਅਜਿਹੀ ਰਚਨਾ ਜਿਹੜੀ ਬੁੱਢੀ ਨਹੀਂ ਹੁੰਦੀ, ਉਸ 'ਤੇ ਫਿਰ ਮੌਤ ਦਾ ਸਾਇਆ ਪੈਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਗੁਰਸ਼ਰਨ ਭਾਅ ਜੀ ਦੇ ਇਸ ਫ਼ਾਨੀ ਜਹਾਨ ਵਿੱਚੋਂ ਤੁਰ ਜਾਣ ਤੋਂ ਬਾਅਦ ਵੀ ਇੰਜ ਲੱਗਦਾ ਹੈ ਜਿਵੇਂ ਉਨ•ਾਂ ਦੀ ਰੋਅਬ ਭਰੀ ਤੇ ਬੁਲੰਦ ਆਵਾਜ਼ ਅਜੇ ਵੀ ਟੁਣਕ ਰਹੀ ਹੋਵੇ। ਸਦਾ ਚੜ•ਦੀ ਕਲਾ ਵਿੱਚ ਰਹਿਣ ਵਾਲਾ ਵਿਅਕਤੀ ਕਦੇ ਨਹੀਂ ਮਰਦਾ, ਬਸ 'ਗੁਜ਼ਰਦਾ' ਹੈ। ਗੁਜ਼ਰਨਾ, ਫ਼ਾਰਸੀ ਮੂਲ ਦੇ ਸ਼ਬਦ ਗੁਜ਼ਰੀਦਨ ਤੋਂ ਨਿਕਲਿਆ ਹੈ, ਜਿਸ ਦਾ ਭਾਵ ਹੈ, ਗੁਜ਼ਰ ਜਾਣਾ, ਲੰਘ ਜਾਣਾ, ਚਲੇ ਜਾਣਾ ਜਾਂ ਲੰਘਣਾ ਆਦਿ। ਇਸੇ ਲਈ ਕਿਸੇ ਦੇ ਜਨਮ ਅਤੇ ਗੁਜ਼ਰਨ, ਦੋਵੇਂ ਵੇਲੇ 'ਚੜ•ਦੀ ਕਲਾ' ਦੀ ਅਰਦਾਸ ਕੀਤੀ ਜਾਂਦੀ ਹੈ। ਗੁਰਸ਼ਰਨ ਭਾਅ ਜੀ ਨੇ ਵੀ ਮਾਤ-ਲੋਕ ਦੀ ਯਾਤਰਾ ਸੰਪੂਰਨ ਕਰਕੇ ਇਸ ਸੰਸਾਰ ਵਿੱਚ ਆਪਣੀਆਂ ਪੈੜਾਂ ਛੱਡੀਆਂ ਨੇ ਜੋ ਅਮਿੱਟ ਹਨ। ਸੁਰਜੀਤ ਪਾਤਰ ਦੇ ਬੋਲਾਂ, 'ਸੂਰਜ ਨਾ ਡੁੱਬਦਾ ਕਦੇ, ਸਿਰਫ਼ ਛੁਪਦਾ ਹੈ' ਵਾਂਗ ਗੁਰਸ਼ਰਨ ਸਿੰਘ ਦਾ ਨਾਂ ਉਦੋਂ ਤਕ ਚਮਕਦਾ ਰਹੇਗਾ ਜਦੋਂ ਤਕ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਕਾਇਮ ਰਹੇਗੀ।

ਸੰਨ 1929 ਵਿੱਚ ਜੰਮਿਆ ਗੁਰਸ਼ਰਨ ਸਿੰਘ ਜਦੋਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀ ਹੱਦ 'ਤੇ ਵਸੇ ਪਿੰਡ ਭਾਖੜਾ ਵਿਖੇ ਸਤਲੁਜ ਸਨਮੁਖ ਹੋਇਆ ਤਾਂ ਸਾਰੇ ਦਾ ਸਾਰਾ ਖ਼ੌਲਦਾ ਹੋਇਆ ਦਰਿਆ ਜਿਵੇਂ ਉਸ ਅੰਦਰ ਵਹਿਣ ਲੱਗ ਪਿਆ। ਮੂੰਹ-ਜ਼ੋਰ ਦਰਿਆ ਦਾ ਮੁਹਾਣ ਮੋੜ ਕੇ ਜਦੋਂ ਬਿਜਲੀ ਦਾ ਉਤਪਾਦਨ ਹੋਇਆ ਤਾਂ ਉੱਤਰੀ ਭਾਰਤ ਜਗਮਗ ਕਰਨ ਲੱਗ ਪਿਆ। ਟੀਹਰੀ ਡੈਮ (261 ਮੀਟਰ) ਤੋਂ ਬਾਅਦ ਭਾਖੜਾ (225.55 ਮੀਟਰ) ਏਸ਼ੀਆ ਦਾ ਸਭ ਤੋਂ ਉੱਚਾ ਡੈਮ ਹੈ। ਕੁਤਬਮਿਨਾਰ ਤੋਂ ਵੀ ਤਿੰਨ ਗੁਣਾ ਉੱਚੇ ਭਾਖੜਾ ਡੈਮ ਨੂੰ ਪਹਿਲੇ ਪ੍ਰਧਾਨ ਮੰਤਰੀ ਨੇ ਆਧੁਨਿਕ ਭਾਰਤ ਦਾ ਮੰਦਰ ਕਹਿ ਕੇ ਸਰਾਹਿਆ ਸੀ। ਅਮੋੜ ਦਰਿਆਵਾਂ ਦੇ ਵਹਿਣ ਮੋੜਨ ਤੋਂ ਪ੍ਰਭਾਵਤ ਹੋ ਕੇ ਭਾਅ ਗੁਰਸ਼ਰਨ ਭਾਖੜਾ ਡੈਮ ਦੇ ਹਾਣ ਦਾ ਬਣਨ ਦੀ ਕੋਸ਼ਿਸ਼ ਕਰਦਾ ਰਿਹਾ। ਪੰਜਾਬ ਦੇ ਕਾਲੇ ਦੌਰ ਵਿੱਚ ਵੀ ਉਸ ਨੇ ਆਵਾਮ ਦੇ ਹੱਥਾਂ ਵਿੱਚ ਲਾਲਟੈਣਾਂ ਫੜਾ ਦਿੱਤੀਆਂ। ਵ•ੀਲ ਚੇਅਰ 'ਤੇ ਬੈਠ ਕੇ ਵੀ ਉਹ ਨਾਟਕ ਦਾ ਹਮਸਫ਼ਰ ਰਿਹਾ। ਸਮਾਜਿਕ ਅਸਾਵੇਂਪਣ ਨੂੰ ਦੂਰ ਕਰਨ ਲਈ ਉਹ ਗਲੀਆਂ ਦੇ ਖੂੰਜਿਆਂ, ਵਿਹੜਿਆਂ ਅਤੇ ਥੜਿ•ਆਂ ਨੂੰ ਮੰਚ ਬਣਾ ਲੈਂਦਾ ਸੀ। ਭਾਖੜਾ ਡੈਮ ਦੀ ਉਸਾਰੀ ਵੇਲੇ ਵਰਤੇ ਗਏ ਕੁਝ ਬੇਲਚੇ ਤੇ ਕੁਦਾਲ ਉਸ ਦੇ ਨਾਲ-ਨਾਲ ਰਹਿੰਦੇ। ਉਹ ਇਨ•ਾਂ ਬੇਲਚਿਆਂ ਨੂੰ ਸਮਾਜ ਦੀ ਨਵ-ਉਸਾਰੀ ਲਈ ਵਰਤਦਾ ਰਿਹਾ। ਦਰਿਆਵਾਂ ਨਾਲ ਮੱਥਾ ਲਾਉਣ ਵਾਲਾ ਖ਼ੁਦ ਡੁਬਕੀ ਮਾਰ ਕੇ, ਡੁੱਬੇ ਹੋਇਆਂ ਨੂੰ ਤਾਰ ਦਿੰਦਾ ਹੈ। ਵਾਕਈ, ਜੋ ਆਪਣੇ ਅੰਦਰ ਦੀ ਬੇੜੀ 'ਤੇ ਸਵਾਰ ਹੋਣ, ਉਹ ਬਾਹਰਲੇ ਸਮੁੰਦਰਾਂ ਵਿੱਚ ਕਦੇ ਨਹੀਂ ਡੁੱਬਦੇ।

ਯੁੱਗ-ਪੁਰਸ਼ ਦੇ ਗੁਜ਼ਰ ਜਾਣ ਤੋਂ ਬਾਅਦ ਚਾਰ-ਚੁਫ਼ੇਰਿਓਂ ਸ਼ਰਧਾ ਦੇ ਫੁੱਲਾਂ ਦੀ ਵਰਖਾ ਸ਼ੁਰੂ ਹੋ ਗਈ। ਇਹ ਝੜੀ ਕਈ ਦਿਨ ਲੱਗੀ ਰਹੀ। ਪੰਜਾਬੀ ਤੋਂ ਕਿਤੇ ਵੱਧ ਕਈ ਅੰਗਰੇਜ਼ੀ ਅਤੇ ਹਿੰਦੀ ਅਖ਼ਬਾਰਾਂ ਨੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਇਹ ਪਹਿਲੀ ਵਾਰ ਸੀ ਕਿ ਪੰਜਾਬੀ ਸਾਹਿਤ ਜਾਂ ਨਾਟਕ ਨਾਲ ਜੁੜੇ ਵਿਅਕਤੀ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਖ਼ਬਾਰਾਂ ਦਾ ਪਹਿਲਾ ਪੰਨਾ ਮੱਲਿਆ ਹੋਵੇ। ਕਿਸੇ ਅਖ਼ਬਾਰ ਨੇ ਲਿਖਿਆ ਕਿ ਪੰਜਾਬ ਦੀ ਸਭ ਤੋਂ ਬੁਲੰਦ ਆਵਾਜ਼ ਭਾਵੇਂ ਖ਼ਾਮੋਸ਼ ਹੋ ਗਈ ਹੈ, ਫਿਰ ਵੀ ਉਨ•ਾਂ ਦੇ ਵਿਚਾਰ ਇਤਿਹਾਸ ਦੇ ਸੁਨਹਿਰੀ ਪੰਨਿਆਂ ਦਾ ਸ਼ਿੰਗਾਰ ਬਣੇ ਰਹਿਣਗੇ। ਉਨ•ਾਂ ਦੀ ਅੰਤਿਮ-ਯਾਤਰਾ ਵਿੱਚ ਹਰ ਵਰਗ ਦੇ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕਰਕੇ ਸੇਜਲ ਅੱਖਾਂ ਨਾਲ ਵਿਦਾਇਗੀ ਦਿੱਤੀ। ਵੱਡੇ ਕਾਫ਼ਲੇ ਵਿੱਚ 'ਰੰਗ-ਮੰਚ ਦੇ ਸੂਹੇ ਸੂਰਜ ਨੂੰ ਲਾਲ ਸਲਾਮ' ਆਦਿ ਨਾਅਰੇ ਗੂੰਜਦੇ ਰਹੇ। ਹਜ਼ਾਰਾਂ ਸੇਜਲ ਅੱਖਾਂ ਵਿੱਚ ਪੰਜਾਬ ਸਰਕਾਰ ਦੇ ਇੱਕਾ-ਦੁੱਕਾ ਨੁਮਾਇੰਦਿਆਂ ਨੂੰ ਛੱਡ ਕੇ ਕੋਈ ਵੀ ਵਜ਼ੀਰ-ਸਫ਼ੀਰ ਸ਼ਾਮਲ ਨਹੀਂ ਹੋਇਆ। ਸਮੇਂ ਦੀਆਂ ਸਰਕਾਰਾਂ ਨੂੰ ਭਲਾ ਅਜਿਹੀਆਂ 'ਬਾਗ਼ੀ ਸੁਰਾਂ' ਕਿੱਥੇ ਪਸੰਦ ਆਉਂਦੀਆਂ ਨੇ? ਨੇਤਾ ਲੋਕ ਤਾਂ 'ਬਾਗ਼ੀ ਰੂਹਾਂ' ਤੋਂ ਵੀ ਕੰਬਦੇ ਹਨ। ਸਮੇਂ ਦੀ ਸਰਕਾਰ ਨੂੰ ਲੋਕ ਸੰਪਰਕ ਦੀ ਡੁਗਡੁਗੀ ਤਾਂ ਪਸੰਦ ਆਉਂਦੀ ਹੈ ਪਰ 'ਧਮਕ ਨਗਾਰੇ ਦੀ' ਨਹੀਂ। ਸਮੇਂ ਦੀਆਂ ਸਰਕਾਰਾਂ ਨੂੰ ਤਾਂ ਮਸ਼ਾਲਚੀ, ਚਿਰਾਗ਼ਚੀ, ਗਲੇਲਚੀ ਜਾਂ ਤੋਪਚੀ ਵਰਗੇ ਸ਼ਬਦਾਂ ਤੋਂ ਹੀ ਚਿੜ• ਹੈ। ਡਰਨਿਆਂ ਤੋਂ ਵੀ ਡਰਨ ਵਾਲੀਆਂ ਸਰਕਾਰਾਂ ਨੂੰ ਸਭ ਤੋਂ ਵੱਧ ਤੰਗੀ ਬਾਗ਼ੀਆਂ ਤੋਂ ਹੁੰਦੀ ਹੈ। ਇਹੀ ਕਾਰਨ ਹੋਵੇਗਾ ਕਿ ਗੁਰਸ਼ਰਨ ਭਾਅ ਜੀ ਦੀ ਅੰਤਿਮ-ਯਾਤਰਾ ਤੋਂ ਸਮੇਂ ਦੀ ਸਰਕਾਰ ਲਾਂਭੇ ਹੀ ਰਹੀ।

ਭਰ ਜਵਾਨੀ ਵਿੱਚ ਗੁਰਸ਼ਰਨ ਸਿੰਘ ਅਨਪੜ•ਤਾ ਅਤੇ ਬੇਰੁਜ਼ਗਾਰੀ ਖ਼ਿਲਾਫ਼ ਜੂਝਦਾ ਰਿਹਾ। ਲੋਕਾਂ ਪ੍ਰਤੀ ਆਪਣੀ ਪ੍ਰਤੀਬੱਧਤਾ ਕਾਰਨ ਉਸ ਨੂੰ ਨੌਕਰੀ ਤੋਂ ਹੱਥ ਧੋਣੇ ਪਏ ਪਰ ਉਸ ਨੇ ਕਦੇ ਹਾਰ ਨਾ ਮੰਨੀ। ਸੱਤਾ ਵਿਰੁੱਧ ਘੋਲ ਲਈ ਉਹ ਲੋਕਾਂ ਨੂੰ ਲਾਮਬੰਦ ਕਰਦਾ ਕਦੇ ਨਾ ਥੱਕਿਆ। ਜਿਹੜੇ ਲੋਕ, ਲੋਕਾਂ ਖਾਤਰ ਲੜਦੇ-ਮਰਦੇ ਹਨ, ਉਨ•ਾਂ ਦਾ ਕੋਈ ਵਿਚਾਰ ਖ਼ੁਦਕੁਸ਼ੀ ਨਹੀਂ ਕਰਦਾ ਸਗੋਂ ਉਹ ਆਪਣੇ ਵਿਚਾਰਾਂ ਨੂੰ ਸਾਣ 'ਤੇ ਲਾ ਕੇ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹਨ।

15 ਅਗਸਤ 1958 ਨੂੰ ਭਾਖੜਾ ਡੈਮ ਪ੍ਰਾਜੈਕਟ ਉੱਪਰ ਤਾਇਨਾਤੀ ਸਮੇਂ ਉੱਥੋਂ ਦੇ ਕਾਮਿਆਂ ਅਤੇ ਹੋਰ ਸਟਾਫ਼ ਮੈਂਬਰਾਂ ਲਈ ਖੇਡੇ ਲੋਕ-ਪੱਖੀ ਨਾਟਕ ਤੋਂ ਲੈ ਕੇ ਅੰਤਿਮ ਸਵਾਸ ਤਕ ਉਨ•ਾਂ ਨੇ ਹਜ਼ਾਰਾਂ ਰੰਗ-ਕਰਮੀ ਪੈਦਾ ਕੀਤੇ। ਅੱਧੀ ਸਦੀ ਤੋਂ ਵੀ ਵੱਧ ਸਮਾਂ ਰੰਗ-ਮੰਚ ਨੂੰ ਸਮਰਪਤ ਕਰਨ ਵਾਲਾ, ਪੰਜਾਬੀ ਨਾਟਕ ਨੂੰ ਪਿੰਡਾਂ ਦੀਆਂ ਸੱਥਾਂ ਤੋਂ ਅੰਤਰਰਾਸ਼ਟਰੀ ਪੱਧਰ ਤਕ ਲੈ ਗਿਆ। ਉਨ•ਾਂ ਦੇ 'ਹਿਟ ਲਿਸਟ', 'ਬਾਬਾ ਬੋਲਦਾ ਹੈ', 'ਕੁਰਸੀ ਵਾਲਾ ਤੇ ਮੰਜੀ ਵਾਲਾ', 'ਜੰਗੀ ਰਾਮ ਦੀ ਹਵੇਲੀ', 'ਇਹ ਲਹੂ ਕਿਸ ਦਾ ਹੈ', 'ਕਿਵ ਕੂੜੇ ਤੁਟੈ ਪਾਲਿ' 'ਇਨਕਲਾਬ ਜ਼ਿੰਦਾਬਾਦ' ਅਤੇ 'ਧਮਕ ਨਗਾਰੇ ਦੀ' ਆਦਿ ਨਾਟਕ ਲੋਕਾਂ ਦੇ ਚੇਤਿਆਂ 'ਤੇ ਸਦਾ ਉੱਕਰੇ ਰਹਿਣਗੇ। ਸਭ ਤੋਂ ਵੱਧ ਚਰਚਾ 'ਕੁਰਸੀ ਵਾਲਾ ਤੇ ਮੰਜੀ ਵਾਲਾ' ਦੀ ਹੋਈ, ਜਿਸ ਕਰਕੇ ਗੁਰਸ਼ਰਨ ਸਿੰਘ ਨੂੰ ਧਮਕੀਆਂ ਵੀ ਮਿਲੀਆਂ। 'ਕੁਰਸੀ ਵਾਲਾ' ਕਾਂਗਰਸੀ ਲੀਡਰ, ਜਦੋਂਕਿ 'ਮੰਜੀ ਵਾਲਾ' ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਪ੍ਰਤੀਕ ਹੈ। ਜਦੋਂ ਚਾਰ-ਚੁਫ਼ੇਰੇ ਅੱਗ ਵਰ• ਰਹੀ ਹੋਵੇ ਤਾਂ ਅਜਿਹੇ ਨਾਟਕ ਖੇਡਣੇ ਤਲਵਾਰ ਦੀ ਧਾਰ 'ਤੇ ਤੁਰਨ ਬਰਾਬਰ ਸਨ। 'ਬਾਬਾ ਬੋਲਦਾ ਹੈ' ਨਾਟਕ ਵੀ ਖ਼ੂਬ ਚਰਚਾ ਵਿੱਚ ਰਿਹਾ। 'ਨਵਾਂ ਜਨਮ' ਜਾਤ-ਪਾਤ 'ਤੇ ਡੂੰਘਾ ਕਟਾਖ਼ਸ਼ ਹੈ। ਜਿਸ ਧਰਤੀ 'ਤੇ ਪੀਰਾਂ, ਫਕੀਰਾਂ, ਭਗਤਾਂ ਅਤੇ ਸਿੱਖ ਗੁਰੂਆਂ ਨੇ ਸਾਂਝੀਵਾਲਤਾ ਦੇ ਬੀਜ ਬੀਜ ਕੇ ਸਾਂਝੇ ਸਰੋਵਰ ਤਾਮੀਰ ਕੀਤੇ ਹੋਣ, ਉਸ ਧਰਤੀ 'ਤੇ ਜਾਤ-ਪਾਤ ਦਾ ਨਾਸ਼ ਨਾ ਹੋਣਾ ਅਜੀਬ ਵਰਤਾਰਾ ਹੈ। ਸਰਵਮੀਤ ਦੀ ਕਹਾਣੀ 'ਕਲਾਣ' 'ਤੇ ਆਧਾਰਤ ਇਸ ਨਾਟਕ ਦਾ ਪਾਤਰ ਸਮਾਜ ਦੇ ਅਸਾਵੇਂਪਣ ਖ਼ਿਲਾਫ਼ ਲੜਦਾ ਹੋਇਆ ਫ਼ੈਸਲਾ ਕਰਦਾ ਹੈ ਕਿ ਉਹ ਕਦੇ ਵੀ ਕਿਸੇ ਦੀ ਜੂਠ ਨਹੀਂ ਖਾਵੇਗਾ ਅਤੇ ਨਾ ਹੀ ਉਤਰਨ ਪਹਿਨੇਗਾ। 'ਜਨਤਾ ਮਾਈ' ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਪਾਤਰ ਲੜ ਰਹੇ ਹੁੰਦੇ ਹਨ ਤਾਂ ਅਧੋਰਾਣੇ ਕੱਪੜੇ ਪਾਈ ਬੁੱਢੀ ਮਾਈ ਮੰਚ 'ਤੇ ਆਉਂਦੀ ਹੈ। ਦੋਵੇਂ ਆਪਣੀ ਲੜਾਈ ਵਿੱਚੇ ਛੱਡ ਕੇ ਬੁੱਢੀ ਦੇ ਗਲ ਪੈਂਦੇ ਹਨ ਤਾਂ ਉਹ ਆਪਣਾ ਤੁਆਰਫ਼ 'ਜਨਤਾ ਮਾਈ' ਦੇ ਤੌਰ 'ਤੇ ਕਰਵਾਉਂਦੀ ਹੈ। ਜਦੋਂ ਉਹ ਦੋਵਾਂ ਨੂੰ ਕੋਸਦੀ ਹੋਈ ਕੜਕਦੀ ਆਵਾਜ਼ ਵਿੱਚ ਕਹਿੰਦੀ ਹੈ ਕਿ ਜਨਤਾ ਉਨ•ਾਂ ਨੂੰ ਆਪੋ-ਆਪਣੇ ਸਵਾਰਥਾਂ ਕਰਕੇ ਲੜਨ-ਝਗੜਣ ਲਈ ਵੋਟਾਂ ਨਹੀਂ ਪਾਉਂਦੀ ਤਾਂ ਦੋਵੇਂ ਸ਼ਰਮਿੰਦਗੀ ਵਿੱਚ ਸਿਰ ਥੱਲੇ ਸੁੱਟ ਲੈਂਦੇ ਹਨ।

ਜਨਤਾ ਦੀ ਆਵਾਜ਼ ਵਾਲਾ ਭਾਵੇਂ ਗੁਜ਼ਰ ਚੁੱਕਾ ਹੈ ਪਰ ਉਸ ਦੇ ਵਿਚਾਰ ਨਹੀਂ ਗੁਜ਼ਰੇ। ਸ਼ਬਦ ਸਦਾ ਸਲਾਮਤ ਰਹਿੰਦੇ ਹਨ, ਰਹਿੰਦੀ ਦੁਨੀਆਂ ਤਕ। ਰਿਗਵੇਦ ਵਿੱਚ ਠੀਕ ਹੀ ਤਾਂ ਲਿਖਿਆ ਹੈ ਕਿ 'ਦੇਵਤਿਆਂ ਦੀ ਕਵਿਤਾ ਨਾ ਮਰਦੀ ਹੈ ਤੇ ਨਾ ਬੁੱਢੀ ਹੁੰਦੀ ਹੈ'। ਦੇਹਾਂਤ ਨੂੰ ਦੇਹ ਦਾ ਅੰਤ ਤਾਂ ਕਿਹਾ ਜਾ ਸਕਦਾ ਹੈ, ਵਿਚਾਰਾਂ ਦਾ ਨਹੀਂ।

(*ਸੰਪਾਦਕ, ਪੰਜਾਬੀ ਟ੍ਰਿਬਿਊਨ)

''ਉਹ ਚਾਨਣ-ਮੁਨਾਰਾ ਬਣੇ ਰਹਿਣਗੇ''

ਪਾਕਿਸਤਾਨ ਦੇ ਜ਼ਿਲ•ਾ ਮੁਲਤਾਨ ਵਿੱਚ 1929 ਈਸਵੀ ਨੂੰ ਜਨਮੇ ਗੁਰਸ਼ਰਨ ਭਾਅ ਜੀ ਬਚਪਨ ਤੋਂ ਹੀ ਲੋਕ-ਪੱਖੀ ਵਿਚਾਰਧਾਰਾ ਵਾਲੇ ਸਨ। ਅੱਠ ਸਾਲ ਦੀ ਛੋਟੀ ਉਮਰ ਵਿੱਚ ਹੀ ਆਪਣੇ ਇੱਕ ਗ਼ਰੀਬ ਦਲਿਤ ਪਰ ਹੁਸ਼ਿਆਰ ਜਮਾਤੀ ਦੇ ਗ਼ਰੀਬੀ ਕਾਰਨ ਸਕੂਲੋਂ ਹਟ ਜਾਣ ਦੀ ਘਟਨਾ ਨੇ ਉਨ•ਾਂ ਦੇ ਮਨ ਵਿੱਚ ਸਮਾਜਿਕ-ਆਰਥਿਕ ਅਸਮਾਨਤਾ ਪ੍ਰਤੀ ਰੋਹ ਭਰ ਦਿੱਤਾ ਸੀ ਅਤੇ ਉਹ ਸਕੂਲੀ ਸਮੇਂ ਤੋਂ ਹੀ ਰੂਸੀ ਸਮਾਜਵਾਦ ਦੇ ਪ੍ਰਭਾਵ ਹੇਠ ਖੱਬੇ-ਪੱਖੀ ਵਿਚਾਰਧਾਰਾ ਵੱਲ ਖਿੱਚੇ ਗਏ ਸਨ। ਨੌਵੀਂ ਜਮਾਤ ਵਿੱਚ ਪੜ•ਦੇ ਸਮੇਂ ਕਮਿਊਨਿਸਟ ਪਾਰਟੀ ਦਾ ਉਹ ਸਭ ਤੋਂ ਛੋਟੀ ਉਮਰ ਦਾ ਕਾਰਡ ਹੋਲਡਰ ਮੈਂਬਰ ਸੀ ਅਤੇ ਉਹ ਅੰਤ ਤੱਕ ਇਸ ਵਿਚਾਰਧਾਰਾ ਨੂੰ ਸਮਰਪਿਤ ਰਹੇ। ਲੋਕ-ਪੱਖੀ ਵਿਚਾਰਧਾਰਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਰੰਗਮੰਚ ਤੋਂ ਇਲਾਵਾ ਉਨ•ਾਂ ਲੰਮਾ ਸਮਾਂ ਇੱਕ ਮਾਸਿਕ ਪਰਚਾ 'ਸਮਤਾ' ਵੀ ਚਲਾਇਆ। ਲੋਕ-ਪੱਖੀ ਸਾਹਿਤ ਨੂੰ ਘੱਟੋ-ਘੱਟ ਕੀਮਤ 'ਤੇ ਲੋਕਾਂ ਤੱਕ ਪਹੁੰਚਾਉਣ ਲਈ ਉਨ•ਾਂ 'ਬਲਰਾਜ ਸਾਹਨੀ ਯਾਦਗਾਰੀ ਘਰੇਲੂ ਪੁਸਤਕਮਾਲਾ' ਵੀ ਸ਼ੁਰੂ ਕੀਤੀ। ਸਾਹਿਤਕ ਖੇਤਰ ਵਿੱਚ ਉਨ•ਾਂ ਦੇ ਇਸ ਮਹਾਨ ਯੋਗਦਾਨ ਨੂੰ ਹਮੇਸ਼ਾਂ ਹੀ ਯਾਦ ਕੀਤਾ ਜਾਂਦਾ ਰਹੇਗਾ।
ਲੋਕ ਦਿਲਾਂ ਦੀ ਧੜਕਣ ਇਸ ਮਹਾਨ ਸ਼ਖ਼ਸੀਅਤ ਨੂੰ 1993 ਵਿੱਚ ਸੰਗੀਤ ਨਾਟਕ ਅਵਾਰਡ, 1994 ਵਿੱਚ ਭਾਸ਼ਾ ਵਿਭਾਗ ਦਾ ਸ਼੍ਰੋਮਣੀ ਨਾਟਕਕਾਰ ਅਵਾਰਡ ਅਤੇ 2004 ਵਿੱਚ ਕੌਮੀ ਪ੍ਰਸਿੱਧੀ ਵਾਲਾ 'ਕਾਲੀਦਾਸ ਸਨਮਾਨ' ਪੁਰਸਕਾਰ ਤੋਂ ਇਲਾਵਾ ਅਨੇਕਾਂ ਸੰਸਥਾਵਾਂ ਤੋਂ ਮਾਣ-ਸਨਮਾਨ ਮਿਲੇ ਪ੍ਰੰਤੂ ਉਨ•ਾਂ ਸਭ ਤੋਂ ਵੱਧ ਅਹਿਮੀਅਤ ਪਿਛਲੇ ਸਾਲ ਆਪਣੇ ਹਜ਼ਾਰਾਂ ਸ਼ਗਿਰਦਾਂ, ਸ਼ਰਧਾਲੂਆਂ ਅਤੇ ਵਿਚਾਰਧਾਰਕ ਹਮਰਾਹੀਆਂ ਵੱਲੋਂ ਮੋਗਾ ਜ਼ਿਲ•ੇ ਦੇ ਪਿੰਡ ਕੁੱਸਾ ਵਿਖੇ ਦਿੱਤੇ ਗਏ 'ਇਨਕਲਾਬੀ ਸਮਰਪਤ ਸ਼ਖ਼ਸੀਅਤ ਅਵਾਰਡ' ਨੂੰ ਹੀ ਦਿੱਤੀ। ਉਨ•ਾਂ ਦੀ ਲੋਕਪੱਖੀ ਸੋਚ ਅਤੇ ਲੋਕ ਹਿੱਤਾਂ ਲਈ ਸਮਰਪਿਤ ਜੀਵਨ ਤੋਂ ਪ੍ਰਭਾਵਿਤ ਹੋ ਕੇ ਕਈ ਸੰਸਥਾਵਾਂ ਨੇ ਉਨ•ਾਂ ਦੇ ਜਿਉਂਦੇ ਜੀਅ ਉਨ•ਾਂ ਦੇ ਨਾਂ 'ਤੇ ਭਵਨ, ਸੰਸਥਾਵਾਂ ਅਤੇ ਥੀਏਟਰ ਹਾਲ ਬਣਾਏ ਹਨ।

ਭਾਅ ਜੀ ਦੇ ਨਾਟਕ 'ਟੋਆ', 'ਇਹ ਲਹੂ ਕਿਸਦਾ ਹੈ', 'ਕਿਵ ਕੂੜੇ ਤੁਟੈ ਪਾਲਿ', 'ਕੁਰਸੀ ਵਾਲਾ ਤੇ ਮੰਜੀ ਵਾਲਾ', 'ਧਮਕ ਨਗਾਰੇ ਦੀ', 'ਬਾਬਾ ਬੋਲਦਾ ਹੈ', 'ਜੰਗੀ ਰਾਮ ਦੀ ਹਵੇਲੀ', 'ਹਿੱਟ ਲਿਸਟ' ਅਤੇ 'ਇਨਕਲਾਬ ਜ਼ਿੰਦਾਬਾਦ' ਆਦਿ ਅਜੇ ਵੀ ਲੋਕਾਂ ਦੇ ਚਿੱਤ-ਚੇਤਿਆਂ ਵਿੱਚ ਉਤਰੇ ਹੋਏ ਹਨ। ਭਾਅ ਜੀ ਵਰਗਾ ਸਮਰਪਿਤ, ਅਗਰਗਾਮੀ, ਨਿੱਡਰ, ਜ਼ਿੰਦਾਦਿਲ ਇਨਸਾਨ, ਆਮ ਲੋਕਾਂ ਦਾ ਵੱਡਾ ਨਾਇਕ ਅਤੇ ਲੋਕ ਹਿੱਤਾਂ ਤੇ ਹੱਕਾਂ ਦਾ ਨਿਧੜਕ ਚੌਕੀਦਾਰ ਕਦੇ-ਕਦੇ ਜੰਮਦਾ ਹੈ। ਇਸ ਲੋਕ-ਪੱਖੀ ਸ਼ਖ਼ਸੀਅਤ ਦਾ ਵਿਛੋੜਾ ਭਾਵੇਂ ਅਸਹਿ ਅਤੇ ਅਕਹਿ ਹੈ, ਫਿਰ ਵੀ ਉਨ•ਾਂ ਦੀਆਂ ਲਿਖਤਾਂ ਅਤੇ ਜੀਵਨ ਸੰਘਰਸ਼ ਹਮੇਸ਼ਾਂ ਲੋਕ ਲਹਿਰਾਂ ਲਈ ਚਾਨਣ ਮੁਨਾਰਾ ਬਣੇ ਰਹਿਣਗੇ। ਉਨ•ਾਂ ਵੱਲੋਂ ਪੰਜਾਬੀ ਰੰਗਮੰਚ ਦੇ ਖੇਤਰ ਵਿੱਚ ਪਾਈਆਂ ਵਿਲੱਖਣ ਪੈੜਾਂ ਦੇ ਨਿਸ਼ਾਨ ਸਦੀਆਂ ਤੱਕ ਅਮਿੱਟ ਰਹਿਣਗੇ।

(ਪੰਜਾਬੀ ਟ੍ਰਿਬਿਊਨ, 29 ਸਤੰਬਰ ਦੀ ਸੰਪਾਦਕੀ ਦਾ ਇੱਕ ਭਾਗ, ਸਿਰਲੇਖ ਸਾਡੇ ਵੱਲੋਂ)

ਗੁਰਸ਼ਰਨ ਸਿੰਘ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਉੱਘੇ ਰੰਗਕਰਮੀ ਅਤੇ ਪੰਜਾਬ ਦੀ ਤਰਕਸ਼ੀਲ ਲਹਿਰ ਦੇ ਮੋਢੀ ਗੁਰਸ਼ਰਨ ਸਿੰਘ 'ਭਾਅ ਜੀ' ਦੀ ਮ੍ਰਿਤਕ ਦੇਹ ਦਾ ਅੱਜ ਇੱਥੇ ਉਨ•ਾਂ ਦੇ ਹਜ਼ਾਰਾਂ ਪ੍ਰਸੰਸਕਾਂ ਦੀ ਹਾਜ਼ਰੀ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਹ ਕੱਲ• ਦੇਰ ਰਾਤੀਂ ਸਿਹਤ ਖ਼ਰਾਬ ਹੋਣ ਕਾਰਨ ਚੱਲ ਵਸੇ ਸਨ। ਸਵੇਰ ਤੋਂ ਵੱਖ-ਵੱਖ ਥਾਵਾਂ ਤੋਂ ਉਨ•ਾਂ ਦੇ ਰੰਗਕਰਮੀ ਸ਼ਾਗਿਰਦ ਅਤੇ ਪ੍ਰਸੰਸਕ ਵੱਡੀ ਗਿਣਤੀ ਵਿਚ ਉਨ•ਾਂ ਦੇ ਘਰ (1245, ਸੈਕਟਰ 43ਬੀ) ਪਹੁੰਚਣੇ ਸ਼ੁਰੂ ਹੋ ਗਏ ਸਨ। ਲਾਲ ਝੰਡੇ 'ਚ ਲਪੇਟੀ ਉਨ•ਾਂ ਦੀ ਮ੍ਰਿਤਕ ਦੇਹ ਨੂੰ ਪਹਿਲਾਂ ਉਨ•ਾਂ ਦੇ ਘਰ ਦਰਸ਼ਨਾਂ ਲਈ ਰੱਖਿਆ ਗਿਆ। ਬਾਅਦ ਦੁਪਹਿਰ 2.30 ਵਜੇ ਖੁੱਲ•ੀ ਗੱਡੀ ਵਿਚ ਸ਼ੀਸ਼ੇ ਦੇ ਤਾਬੂਤ ਵਿਚ ਉਨ•ਾਂ ਦੀ ਮ੍ਰਿਤਕ ਦੇਹ ਨੂੰ ਰੱਖ ਕੇ ਕਾਫਲੇ ਦੇ ਰੂਪ ਵਿਚ ਚੰਡੀਗੜ• ਦੇ ਵੱਖ-ਵੱਖ ਸੈਕਟਰਾਂ ਤੋਂ ਹੁੰਦੇ ਹੋਏ ਸੈਕਟਰ 25 ਦੇ ਸ਼ਮਸ਼ਾਨਘਾਟ ਲਿਜਾਇਆ ਗਿਆ। ਗੱਡੀ ਦੇ ਪਿੱਛੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਝੰਡੇ ਲੈ ਕੇ ਨਾਅਰੇ ਲਾਉਂਦੇ ਚੱਲ ਰਹੇ ਸਨ।

ਅੰਤਿਮ ਸੰਸਕਾਰ ਬਿਜਲੀ ਵਾਲੇ ਸ਼ਮਸ਼ਾਨਘਾਟ ਵਿਚ ਕੀਤਾ ਗਿਆ। ਇਸ ਮੌਕੇ ਰੰਗਕਰਮੀ ਇਕ-ਦੂਜੇ ਦੇ ਗਲ ਲੱਗ ਕੇ ਭੁੱਬਾਂ ਮਾਰ-ਮਾਰ ਕੇ ਰੋ ਰਹੇ ਸਨ, ਪਰ ਨਾਲ ਇਕ ਦੂਜੇ ਨੂੰ ਧਰਵਾਸ ਵੀ ਦੇ ਰਹੇ ਸਨ ਕਿ 'ਭਾਅ ਜੀ ਕਿਤੇ ਨਹੀਂ ਗਏ।' ਇਹ ਸਾਰਾ ਦ੍ਰਿਸ਼ ਦੇਖ ਉਨ•ਾਂ ਦੇ ਨਾਟਕ 'ਹਵਾ ਵਿਚ ਲਟਕਦੇ ਲੋਕ' ਵਿਚ ਉਨ•ਾਂ ਦੇ ਗੜ•ਕੇ ਵਾਲੀ ਆਵਾਜ਼ ਦੇ ਬੋਲ ਕਿ 'ਮੈਂ ਚੱਲਿਆ ਹਵਾ ਵਿਚ ਲਟਕਦੇ ਨਾ ਰਹਿਣਾ। ਹਮੇਸ਼ਾ ਸੱਚ ਖਾਤਰ ਲੜਨਾ, ਯਾਦ ਆ ਰਹੇ ਸੀ।'

(ਪੰਜਾਬੀ ਟ੍ਰਿਬਿਊਨ, 29 ਸਤੰਬਰ, 'ਚੋਂ ਸੰਖੇਪ)


ਪੰਜਾਬ ਦੇ ਲੋਕਾਂ ਵੱਲੋਂ ਚੰਡੀਗੜ• 'ਚ ਜਨਤਕ ਸ਼ਰਧਾਂਜਲੀ

ਇਨਕਲਾਬੀ ਰੰਗਮੰਚ ਦੀ ਸ਼੍ਰੋਮਣੀ ਸ਼ਖਸੀਅਤ ਗੁਰਸ਼ਰਨ ਸਿੰਘ ਭਾਅ ਜੀ ਦੀ ਯਾਦ ਵਿਚ ਸ਼ਰਧਾਂਜਲੀ ਸਮਾਗਮ ਅੱਜ ਇੱਥੇ ਸੈਕਟਰ 34 ਵਿਚ ਪ੍ਰੇਰਨਾ ਦਿਵਸ ਵਜੋਂ ਮਨਾਇਆ ਗਿਆ। ਸਮਾਗਮ ਵਿਚ ਅਮੋਲਕ ਸਿੰਘ ਨੇ ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਗਮ ਕਮੇਟੀ ਵੱਲੋਂ ਤਿਆਰ ਕੀਤਾ ਇਕ ਅਹਿਦਨਾਮਾ ਪੜਿ•ਆ ਗਿਆ।

ਸਮਾਗਮ ਵਿਚ ਸਭ ਤੋਂ ਪਹਿਲਾਂ ਨਿਵੇਦਿਤਾ ਵੱਲੋਂ ਸ਼ਬਦ ਗਾਇਨ ਪੇਸ਼ ਕੀਤਾ ਗਿਆ। ਡਾ. ਸਾਹਿਬ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਤੇ ਰਾਮ ਸਵਰਨ ਲੱਖੇਵਾਲੀ ਨੇ ਵੱਖ-ਵੱਖ ਜਥੇਬੰਦੀਆਂ ਦੇ ਆਏ ਸੋਗ ਸੰਦੇਸ਼ ਪੜ• ਕੇ ਸੁਣਾਏ। ਗੁਰਸ਼ਰਨ ਭਾਅ ਜੀ ਦੀ ਪੁੱਤਰੀ ਡਾ. ਅਰੀਤ ਨੇ ਉਨ•ਾਂ ਦੇ ਪਰਿਵਾਰਕ ਜੀਵਨ ਦਾ ਖੁਲਾਸਾ ਜਜ਼ਬਾਤੀ ਢੰਗ ਨਾਲ ਕੀਤਾ ਅਤੇ ਕਿਹਾ ਕਿ ਉਹ ਇਕ ਸਪਸ਼ਟ ਇਨਸਾਨ ਸਨ। ਡਾ. ਅਰੀਤ ਸਿੰਘ ਨੇ ਕਿਹਾ ਕਿ ਗੁਰਸ਼ਰਨ ਸਿੰਘ ਦੀ ਸੋਚ ਨੂੰ ਪਰਣਾਉਣ ਵਾਲਾ ਹਰ ਨੌਜਵਾਨ ਉਨ•ਾਂ ਦੀ ਔਲਾਦ ਵਾਂਗ ਹੈ। ਗੁਰਸ਼ਰਨ ਸਿੰਘ ਦੇ ਜੀਜਾ, ਪ੍ਰੋ. ਰਣਧੀਰ ਸਿੰਘ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਲੋਕ ਪੱਖੀ ਸ਼ਕਤੀਆਂ ਦੀ ਏਕਤਾ ਦੀ ਇੱਛਾ ਪ੍ਰਗਟ ਕੀਤੀ।

ਕੇਵਲ ਧਾਲੀਵਾਲ, ਡਾ. ਦਲਬੀਰ ਕੌਰ, ਡਾ. ਅਨੂਪ ਵਿਰਕ, ਡਾ. ਸੁਖਦੇਵ ਸਿਰਸਾ, ਕਾਮਰੇਡ ਇੰਦਰਜੀਤ, ਅਜਮੇਰ ਔਲਖ, ਡਾ. ਜੋਗਿੰਦਰ ਦਿਆਲ, ਦਰਸ਼ਨ ਖਟਕੜ, ਗੌਤਮ ਨਵਲੱਖਾ (ਦਿੱਲੀ), ਕੰਵਲਜੀਤ ਖੰਨਾ, ਜਸਪਾਲ ਜੱਸੀ, ਪੂਨਮ ਪ੍ਰੀਤ ਲੜੀ, ਪ੍ਰੋ. ਜਗਮੋਹਨ ਸਿੰਘ ( ਸ਼ਹੀਦ ਭਗਤ ਸਿੰਘ ਦਾ ਭਾਣਜਾ), ਡਾ. ਪਰਮਿੰਦਰ ਸਿੰਘ, ਪਰਣਯ ਰਾਏ (ਦਿੱਲੀ), ਸ਼ਬਦੀਸ਼, ਪ੍ਰੋ. ਕੰਵਲਜੀਤ ਢਿੱਲੋਂ, ਐਸ.ਏ.ਆਰ. ਜੀਲਾਨੀ (ਦਿੱਲੀ) ਆਦਿ ਨੇ ਗੁਰਸ਼ਰਨ ਭਾਅ ਜੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਅਨੀਤਾ ਸ਼ਬਦੀਸ਼ ਨੇ ਪਰਿਵਾਰ ਵੱਲੋਂ ਸਭ ਦਾ ਧੰਨਵਾਦ ਕੀਤਾ।

ਅਖੀਰ ਵਿਚ ਵੱਖ ਵੱਖ ਰੰਗ ਮੰਚ ਕਲਾਕਾਰਾਂ ਵੱਲੋਂ ਇਕ ਇਨਕਲਾਬੀ ਸਮੂਹ ਗੀਤ 'ਮਸ਼ਾਲਾਂ ਬਾਲ ਕੇ ਰੱਖਣਾ ਅਜੇ ਰਾਤ ਬਾਕੀ ਹੈ' ਪੇਸ਼ ਕੀਤਾ ਗਿਆ। ਇਸ ਦ੍ਰਿਸ਼ ਨੇ ਪੰਡਾਲ ਵਿਚ ਹਾਜ਼ਰ ਲੋਕਾਂ ਨੂੰ ਇਕ ਵਾਰ ਬੇਹੱਦ ਭਾਵੁਕ ਕਰ ਦਿੱਤਾ। ਪੰਡਾਲ ਵਿਚ ਗੁਰਸ਼ਰਨ ਸਿੰਘ ਭਾਅ ਜੀ ਅਮਰ ਰਹੇ ਦੇ ਨਾਅਰੇ ਗੂੰਜਦੇ ਰਹੇ।

(ਪੰਜਾਬੀ ਟ੍ਰਿਬਿਊਨ ਦੀ ਖਬਰ 'ਤੇ ਅਧਾਰਤ)

ਗੁਰਸ਼ਰਨ ਭਾਅ ਜੀ ਦੀਆਂ ਅਸਥੀਆਂ ਹੁਸੈਨੀਵਾਲਾ ਵਿਖੇ ਜਲ ਪ੍ਰਵਾਹ

ਸ਼ਹੀਦ ਭਗਤ ਸਿੰਘ ਦੀ ਸੋਚ ਦੇ ਧਾਰਨੀ ਅਤੇ ਇਸ ਮਹਾਨ ਸੂਰਮੇ ਦੇ ਦਰਸਾਏ ਮਾਰਗ ਨੂੰ ਆਪਣੇ ਨਾਟਕਾਂ ਰਾਹੀਂ ਲੋਕ ਅਰਪਿਤ ਕਰਨ ਵਾਲੇ ਇਨਕਲਾਬੀ ਨਾਟਕਕਾਰ ਗੁਰਸ਼ਰਨ ਸਿੰਘ ਭਾਅ ਜੀ ਦੇ ਅਕਾਲ ਚਲਾਣੇ ਬਾਅਦ ਉਨ•ਾਂ ਦੀ ਇੱਛਾ ਅਨੁਸਾਰ ਅੱਜ ਇਸ ਮਹਾਨ ਨਾਇਕ ਨੂੰ ਸ਼ਹੀਦਾਂ ਦੀ ਧਰਤੀ ਫ਼ਿਰੋਜ਼ਪੁਰ ਦੇ ਹੁਸੈਨੀਵਾਲਾ ਸਰਹੱਦ 'ਤੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਇਨਕਲਾਬੀ ਰੰਗਮੰਚ ਦੀ ਅਹਿਮ ਸਖਸ਼ੀਅਤ ਅਤੇ ਉੱਘੇ ਨਾਟਕਕਾਰ ਦੀ ਇਸ ਅੰਤਿਮ ਯਾਤਰਾ ਵਿੱਚ ਉਨ•ਾਂ ਦੀ ਪਤਨੀ ਬੀਬੀ ਕੈਲਾਸ਼ ਕੌਰ, ਦੋ ਬੇਟੀਆਂ ਨਵਸ਼ਰਨ ਕੌਰ ਤੇ ਅਰੀਤ ਕੌਰ ਅਤੇ ਪਰਿਵਾਰਕ ਮੈਂਬਰਾਂ ਸਮੇਤ ਵੱਖ-ਵੱਖ ਕਿਰਤੀ, ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਨੁਮਾਇੰਦੇ ਵੱਡੀ ਗਿਣਤੀ ਵਿਚ ਹਾਜ਼ਰ ਸਨ।

ਇਸ ਮੌਕੇ ਮਹਿੰਦਰ ਕੌਰ, ਪ੍ਰੋਫੈਸਰ ਰਣਧੀਰ ਸਿੰਘ, ਅਤੁਲ, ਸੰਤੋਖ ਸਿੰਘ, ਸੁਖਦਰਸ਼ਨ ਨੱਥ, ਜੋਗਿੰਦਰ ਸਿੰਘ, ਕਾਮਰੇਡ ਅਮੋਲਕ ਸਿੰਘ, ਕਮਲਜੀਤ ਸਿੰਘ, ਤਰਸੇਮ ਚੌਧਰੀ, ਅਨੀਤਾ, ਗੁਰਮੀਤ ਸਿੰਘ ਜੱਜ, ਬਲਵੰਤ ਮੱਖੂ, ਦਲਵਿੰਦਰ ਸਿੰਘ ਸ਼ੇਰਖਾਂ, ਕਮਲਜੀਤ ਖੰਨਾ ਸਮੇਤ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ। ਇਨ•ਾਂ ਮਰਹੂਮ ਗੁਰਸ਼ਰਨ ਭਾਅ ਜੀ ਦੀ ਸੋਚ 'ਤੇ ਪਹਿਰਾ ਦੇਣ ਦਾ ਅਹਿਦ ਲਿਆ।

(ਪੰਜਾਬੀ ਟ੍ਰਿਬਿਊਨ 'ਚੋਂ ਸੰਖੇਪ)

No comments: