ਕੁੱਸਾ 'ਚ ''ਇਨਕਲਾਬੀ ਨਿਹਚਾ ਸਨਮਾਨ'' ਸਮਾਰੋਹ ਦੌਰਾਨ ਤਕਰੀਰਾਂ
''ਅਸੀਂ ਇਨਕਲਾਬ ਦੀ ਜੰਗ ਲੜਨੀ ਹੈ''
-ਗੁਰਸ਼ਰਨ ਸਿੰਘ
ਮੈਂ ਦੋ ਗੱਲਾਂ ਈ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ।
ਸੰਨ 1955 ਦੀ ਗੱਲ ਐ, ਮੈਂ ਉਦੋਂ ਭਾਖੜਾ ਡੈਮ 'ਤੇ ਕੰਮ ਕਰ ਰਿਹਾ ਸਾਂ। ਮੈਂ ਪਹਾੜ ਦੀ ਚੋਟੀ 'ਤੇ ਖੜ•ਾ ਸਾਂ। ਥੱਲੇ ਸਤਲੁਜ ਦਰਿਆ ਠਾਠਾਂ ਮਾਰ ਰਿਹਾ ਸੀ। ਅਸੀਂ ਖੱਬੀ ਅਤੇ ਸੱਜੀ ਟਨਲ ਬਣਾ ਰਹੇ ਸਾਂ। ਉਹਨੂੰ ਕੱਚਾ ਡੈਮ ਕਹਿਣ ਵਾਸਤੇ ਕਿ ਜਿਥੇ ਡੈਮ ਬਣਨੈ, ਉਹ ਜਗਾਹ ਖਾਲੀ ਕੀਤੀ ਜਾਵੇ। ਪਾਣੀ ਜਿਹੜਾ ਹੈ, ਉਸਦਾ ਰੁਖ ਮੋੜਿਆ ਜਾਵੇ ਤਾਂ ਉਸ ਵੇਲੇ ਮੈਂ ਆਪਣੇ ਆਪ ਨੂੰ ਸੰਬੋਧਨ ਹੋ ਕੇ ਕਿਹਾ ਸੀ ਕਿ ਅੱਜ ਦੇ ਸਾਇੰਸ ਦੇ ਯੁੱਗ ਦੇ ਵਿੱਚ ਜੇਕਰ ਅਸੀਂ ਦਰਿਆਵਾਂ ਦੇ ਰੁਖ ਮੋੜ ਸਕਦੇ ਆਂ ਤਾਂ ਜ਼ਿੰਦਗੀ ਦੇ ਰੁਖ ਕਿਉਂ ਨਹੀਂ ਮੋੜ ਸਕਦੇ। ਇਹ ਮੈਂ ਆਪਣੇ ਆਪ ਨੂੰ ਸੰਬੋਧਨ ਹੋ ਕੇ ਕਿਹਾ ਸੀ ਔਰ ਹੁਣ ਮੈਂ ਮਾਣ ਨਾਲ ਕਹਿ ਸਕਦਾਂ, ਨਿਮਾਣੇ ਜਿਹੇ ਮਾਣ ਨਾਲ, ਕਿ ਮੈਂ ਪੂਰੇ ਇਕਵੰਜਾ ਸਾਲ ਇਹ ਬੋਲ ਯਾਦ ਰੱਖੇ ਨੇ। ਜ਼ਿੰਦਗੀ ਦਾ ਰੁਖ ਮੋੜਨਾ ਹੈ।
ਦੂਸਰੀ ਗੱਲ ਮੈਂ ਤੁਹਾਡੇ ਨਾਲ 2006 ਵਿੱਚ ਕਰ ਰਿਹਾ ਹਾਂ- ਅੱਜ ਦੇ ਦਿਨ। ਪੰਜਾਬ ਜਾਂ ਹਿੰਦੋਸਤਾਨ ਨੇ ਜੋ ਤਰੱਕੀ ਕਰਨੀ ਸੀ, ਉਹ ਕਰ ਲਈ ਹੈ। ਮੁਢਲੇ ਸਾਲਾਂ ਵਿੱਚ ਕਹਿੰਦੇ ਸਨ ਕਿ ਅਸੀਂ ਤਰੱਕੀ ਕਰਾਂਗੇ, ਦੇਸ਼ ਦੇ ਲੋਕਾਂ ਦਾ ਕੁਝ ਬਣਾਵਾਂਗੇ। 2006- ਇਕਵੰਜਾ ਸਾਲ ਤੋਂ ਵੱਧ ਸਮਾਂ ਲੰਘ ਗਿਐ। ਇਹਦੇ ਵਿੱਚ ਦੇਸ਼ ਦਾ ਜੋ ਬਣਨਾ ਸੀ, ਉਹ ਵੀ ਬਣ ਗਿਐ। ਜੋ ਕੁੱਝ ਹਾਸਲ ਕਰਨਾ ਸੀ, ਉਹ ਵੀ ਹਾਸਲ ਕਰ ਲਿਐ। ਦੁਨੀਆਂ ਦਾ ਸਾਰਿਆਂ ਨਾਲੋਂ ਵੱਡਾ ਡੈਮ ਬਣਾ ਲਿਆ। ਐਟਮ ਬੰਬ ਬਣਾ ਲਿਐ। ਘਰ ਘਰ ਗੱਡੀਆਂ ਦੌੜ ਰਹੀਆਂ ਨੇ। ਟੈਲੀਵੀਜ਼ਨ ਆ ਗਏ ਨੇ। ਬੋਝਿਆਂ ਦੇ ਵਿੱਚ ਸਾਡੇ ਮੋਬਾਇਲ ਆ ਗਏ ਨੇ। ਤੇ ਜੋ ਕੁੱਝ ਅੱਜ ਦੇ ਯੁੱਗ ਦੇ ਵਿੱਚ ਗਿਣਿਆ ਜਾਂਦੈ, ਵੱਡੇ ਤੋਂ ਵੱਡੇ ਹਸਪਤਾਲ, ਦੁਨੀਆਂ ਦੇ ਵੱਡੇ ਤੋਂ ਵੱਡੇ ਡਾਕਟਰ, ਡਾਕਟਰ ਮਹੰਤਾ ਵਰਗੇ, ਡਾਕਟਰ ਦਲਜੀਤ ਸਿੰਘ ਵਰਗੇ ਅੱਖਾਂ ਦੇ ਡਾਕਟਰ- ਦੁਨੀਆਂ ਦੇ ਸਾਰਿਆਂ ਨਾਲੋਂ ਵੱਡੇ ਡਾਕਟਰ ਹੁਣ ਸਾਡੇ ਕੋਲ ਬੈਠੇ ਨੇ। ਪਰ ਸਾਰਾ ਕੁੱਝ ਜੋ ਇਹ ਤਰੱਕੀ ਹੋਈ ਐ। ਇਹ ਕੀਹਦੇ ਲਈ ਹੋਈ ਐ। ਸਵਾਲ ਇਥੇ ਖੜੈ• ਕਿ ਇਹ ਕੀਹਦੇ ਲਈ ਹੋਈ ਐ। ਹੁਣ ਲੋਕ ਕਹਿਣਾ ਕੋਈ ਠੀਕ ਨਹੀਂ ਐ। ਹਿੰਦੋਸਤਾਨ ਦੋ ਲੋਕਾਂ ਵਿੱਚ ਵੰਡਿਆ ਗਿਐ। ਇੱਕ ਖਾਂਦੇ ਪੀਂਦੇ ਉਤਲੇ ਲੋਕ ਤੇ ਇੱਕ ਸਾਧਾਰਨ ਲੋਕ। ਇਹ ਜੋ ਕੁਝ ਤਰੱਕੀ ਹੋਈ ਐ, ਇਹ ਸਾਰੀ ਵੱਡੇ ਲੋਕਾਂ ਵਾਸਤੇ ਹੋਈ ਐ।
ਇਹ ਗੱਲ ਸਮਝ ਲਓ ਤੇ ਇਹ ਜਿਹੜਾ ਨਿਜ਼ਾਮ ਐ, ਇਹ ਲੋਕ ਦੁਸ਼ਮਣ, ਗਰੀਬ ਦੁਸ਼ਮਣ ਸਮਾਜ ਐ। ਇਹਦੇ ਵਿੱਚ ਜੋ ਵੀ ਤਰੱਕੀ ਹੋਏਗੀ, ਉਹਦਾ ਵੱਡਾ ਹਿੱਸਾ ਜਿਹੜਾ ਇਹ ਵੱਡੇ ਲੋਕ ਲੈ ਜਾਣਗੇ। ਮੈਂ ਚੰਡੀਗੜ• ਰਹਿੰਨਾਂ, ਚੰਡੀਗੜ• ਵਿੱਚ ਕੀ ਨਹੀਂ। ਦੁਨੀਆਂ ਦੇ ਵੱਡੇ ਤੋਂ ਵੱਡੇ ਸ਼ਹਿਰ ਵੀ ਦੇਖੇ ਨੇ, ਚੰਡੀਗੜ• ਵਿੱਚ ਕੀ ਨਹੀਂ। ਚੰਡੀਗੜ• ਕੋਈ ਅਮਰੀਕਾ ਦੀ ਰਾਜਧਾਨੀ ਨਹੀਂ, ਤੁਹਾਡੀ ਰਾਜਧਾਨੀ ਐ।
ਚੰਡੀਗੜ• ਦੇ ਵਿੱਚ ਜੋ ਕੁੱਝ ਬਣਦਾ ਹੈ, ਹੁਣ ਹੋਟਲ ਤਾਜ ਬਣਿਐ- ਉਹ ਹੋਟਲ ਤਾਜ, ਜਿੰਨੀ ਬਿਜਲੀ ਦੀ ਖਪਤ ਕਰਦੈ, ਉਹ ਪੰਜਾਬ ਦੇ ਦਸ ਪਿੰਡਾਂ ਜਿੰਨੀ ਐ। ਪੰਜਾਬ ਦੇ ਦਸ ਪਿੰਡਾਂ ਨੂੰ ਜਿੰਨੀ ਬਿਜਲੀ ਮਿਲਣੀ ਐ, ਉਹ ਇੱਕ ਹੋਟਲ ਖਪਤ ਕਰ ਦਿੰਦੈ। ਤੇ ਉਥੇ ਜਿਹੜੇ ਰਹਿਣ ਵਾਲੇ ਆਂਦੇ ਨੇ, ਉਹਨਾਂ ਲਈ ਪਾਣੀ ਗਰਮ ਹੋਵੇ, ਉਹਨਾਂ ਲਈ ਹਵਾ ਗਰਮ ਹੋਵੇ, ਉਹਨਾਂ ਦੇ ਖਾਣੇ ਗਰਮ ਹੋਣ, ਉਹਨਾਂ ਨੂੰ ਛੱਤੀ ਪ੍ਰਕਾਰ ਦੇ ਖਾਣੇ ਬਣਨ, ਔਰ ਛੱਤੀ ਪ੍ਰਕਾਰ ਦੇ ਚੁੱਲ•ੇ ਬਣਨ, ਛੱਤੀ ਪ੍ਰਕਾਰ ਦੇ ਉਹ ਸਾਧਨ ਬਣਨ ਕਿ ਜਿਹੜਾ ਟੈਂਪਰੇਚਰ ਐ, ਪੰਜ 'ਤੇ ਰੱਖੀਏ ਤਾਂ ਇਹ ਚੱਲੇਗਾ, ਦਸ 'ਤੇ ਰੱਖੀਏ ਤਾਂ ਇਹ ਚੱਲੇਗਾ, ਵੀਹ 'ਤੇ ਰੱਖੀਏ ਤਾਂ ਇਹ ਚੱਲੇਗਾ। ਉਂਝ ਮੈਂ ਸਾਇੰਸ ਦਾ ਸਾਰਾ ਕੁੱਝ ਜਾਣਦੈਂ, ਇਹ ਸਭ ਸਮਝ ਲਓ, ਕਿ ਜੋ ਕੁੱਝ ਤਰੱਕੀ ਹੋਈ ਐ, ਜਾਂ ਹੋਣੀ ਐ, ਇਹ ਵੱਡੇ ਲੋਕਾਂ ਲਈ ਹੋਣੀ ਐ। ਤੁਹਾਡੇ ਲਈ ਨਹੀਂ ਹੋਣੀ। ਤੁਹਾਡੇ ਕੋਲੋਂ ਖੁੱਸ ਗਿਐ। ਤੁਹਾਡੇ ਕੋਲੋਂ ਤੁਹਾਡੇ ਬੱਚਿਆਂ ਦੀ ਪੜ•ਾਈ ਖੁੱਸ ਗਈ ਐ, ਬਜ਼ੁਰਗਾਂ ਦੀ ਸਿਹਤ-ਸਹੂਲਤਾਂ ਖੁੱਸ ਗਈਆਂ ਨੇ। ਤੁਹਾਡੇ ਨੌਜੁਆਨਾਂ ਕੋਲੋਂ ਰੁਜ਼ਗਾਰ ਖੁੱਸ ਗਿਐ। ਜੋ ਕੁੱਝ ਖੁੱਸਣਾ ਸੀ, ਉਹ ਖੁੱਸ ਗਿਐ। ਤੇ ਜਿਹਨਾਂ ਨੇ ਲੈਣਾ ਸੀ ਲੈ ਗਏ।
ਸੋ ਜੇ ਸਾਧਾਰਨ ਆਦਮੀ ਚਾਹੁੰਦੇ ਨੇ ਕਿ ਨਵੀਂ ਦੁਨੀਆਂ ਬਣੇ, ਨਵਾਂ ਮਾਡਲ ਬਣੇ ਜ਼ਿੰਦਗੀ ਦਾ- ਜਿਥੇ ਸਾਰੇ ਬੱਚੇ ਪੜ•ਨ, ਫੁੱਲਾਂ ਵਾਂਕੁਣ ਖਿੜਨ, ਪਾਰਕਾਂ ਵਿੱਚ ਖੇਡਣ, ਖੁਸ਼ੀਆਂ ਹੋਣ, ਗੀਤ ਹੋਣ। ਇਹ ਸਾਰਾ ਕੁੱਝ ਜੇਕਰ ਬਣਨਾ ਹੈ ਤਾਂ ਫਿਰ ਇਸ ਨਿਜ਼ਾਮ ਨੂੰ ਬਦਲਨਾ ਪੈਣਾ ਹੈ। ਇੱਕੋ ਈ ਨਾਅਰਾ ਹੈ, ਕਿ ਇਸ ਨਿਜ਼ਾਮ ਨੂੰ, ਜਿਹੜਾ ਗਰੀਬ ਦੁਸ਼ਮਣ ਨਿਜ਼ਾਮ ਹੈ, ਇਸ ਨੂੰ ਬਦਲਨਾ ਹੈ। ਸਿਰੇ ਤੋਂ ਬਦਲਨਾ ਹੈ। ਇਹ ਜਿਹੜਾ ਵਿਧਾਨ ਐ, ਭਾਵੇਂ ਇਸ ਵਿੱਚ ਦੁਨੀਆਂ ਦੀਆਂ ਕਈ ਗੱਲਾਂ ਨੇ, ਪਰ ਸਾਡੇ ਸਾਹਮਣੇ ਐ ਇਕਵੰਜਾ ਸਾਲ ਵਿੱਚ ਸਾਬਤ ਹੋ ਗਿਐ ਕਿ ਇਹ ਗਰੀਬ ਲੋਕਾਂ ਦਾ ਕੁੱਝ ਨਹੀਂ ਬਣਾਏਗਾ। ਜਿਹੜਾ ਅਸੀਂ ਕਹਿੰਨੇ ਆਂ ਨਿਜ਼ਾਮ ਬਦਲਨਾ ਐ, ਸਿਰੇ ਤੋਂ ਬਦਲਨਾ ਐ, ਉਸਦਾ ਨਾਮ ਇਨਕਲਾਬ ਐ। ਇਨਕਲਾਬ ਜ਼ਿੰਦਾਬਾਦ ਕੋਈ ਐਵੇਂ ਈ, ਰਸਮੀ ਜਿਹੀ ਗੱਲ ਨਹੀਂ ਐ। ਇਨਕਲਾਬ! ਇਨਕਲਾਬ!! ਇਨਕਲਾਬ ਦਾ ਮਤਲਬ ਐ ਕਿ ਇਸ ਨਿਜ਼ਾਮ ਨੂੰ ਸਿਰੇ ਤੋਂ ਬਦਲਨਾ ਐ। ਸਿਰੇ ਤੋਂ ਪਲਟਾਣਾ। ਨਿਜ਼ਾਮ ਦੀ ਤਰੱਕੀ ਤਾਂ ਹੋਵੇਗੀ, ਲੋਕਾਂ ਦੀ ਤਰੱਕੀ ਤਾਂ ਹੋਏਗੀ, ਵੱਡਿਆਂ ਕੋਲੋਂ ਖੋਹੋਗੇ ਤੇ ਸਾਧਾਰਨ ਲੋਕਾਂ ਨੂੰ ਦੇਵੋਗੇ। ਪੈਸਾ ਉਤੋਂ ਨਹੀਂ ਡਿਗਣਾ। ਪੈਸਾ ਉੱਤੋਂ ਨਹੀਂ ਡਿਗਣਾ। ਪੈਸਾ ਇਥੇ ਈ ਐ ਜੇ ਵੱਡਿਆਂ 'ਤੇ ਲੱਗ ਜਾਏਗਾ ਤਾਂ ਇਹ ਗਰੀਬਾਂ ਕੋਲੋਂ ਖੁੱਸ ਜਾਏਗਾ, ਸੋ ਇਸ ਕਰਕੇ ਗਰੀਬਾਂ ਨੂੰ ਜੇ ਦੇਣਾ ਐ ਤਾਂ ਵੱਡਿਆਂ ਕੋਲੋਂ ਖੋਹਣਾ ਪੈਣਾ। ਖੋਹਣਾ ਪੈਣੈ ਦੇ ਵਿੱਚ ਜਿਹੜਾ ਰਾਈਟ ਆਫ ਪ੍ਰਾਪਰਟੀ ਐ, ਵਿਧਾਨ ਦੀ ਵੱਡੀ ਗੱਲ ਲਿਖੀ ਗਈ ਐ, ਕਿ ਰਾਈਟ ਆਫ ਪ੍ਰਾਪਰਟੀ। ਉਹ ਖਤਮ ਕਰਨੀ ਪਵੇਗੀ। ਉਹ ਖਤਮ ਕਰਨੀ ਪਏਗੀ। ਇਹ ਨਹੀਂ ਹੈ ਕਿ ਮਹਾਰਾਜੇ ਪਟਿਆਲੇ ਹੋਰੀਂ ਇਹਨਾਂ ਦੇ ਦਾਦੇ-ਪੜਦਾਦੇ ਜਿਹੜੇ ਜ਼ਮੀਨਾਂ ਬਣਾ ਗਏ ਨੇ ਉਹਨਾਂ ਦੀਆਂ ਇਹ ਅਯਾਸ਼ੀਆਂ ਕਰੀਂ ਜਾਣ। ਪਹਿਲੀ ਗੱਲ ਐ, ਰਾਈਟ ਆਫ ਪ੍ਰਾਪਰਟੀ ਖੋਹਣੀ ਪਵੇਗੀ। ਵੱਡੇ ਬੰਦਿਆਂ ਕੋਲੋਂ ਖੋਹਣਾ ਪਵੇਗਾ ਤਾਂ ਈ ਗਰੀਬ ਆਦਮੀ ਦੀ ਭਲਾਈ ਹੋਵੇਗੀ। ਔਰ ਮੈਂ ਇਹ ਸਮਝਦਾਂ ਕਿ ਇਹ ਜਿਹੜਾ ਅਹਿਦ ਪੜਿ•ਆ, ਤੁਹਾਡੇ ਹਜ਼ਾਰਾਂ ਲੋਕਾਂ ਦੇ ਵਿੱਚ, ਇਹ ਅਹਿਦ 'ਤੇ ਅਸੀਂ ਪੂਰਾ ਉੱਤਰਾਂਗੇ। ਇਹ ਸਾਡੀ ਲੜਾਈ ਐ, ਲੜਾਈ ਦੀ ਇੱਕ ਰੂਪ, ਅਸਲ ਗੱਲ ਸਾਡੀ ਜੰਗ ਐ। ਜੰਗ ਦੀ ਤਿਆਰੀ। ਉਹ ਜੰਗ ਇਨਕਲਾਬ ਦੀ ਜੰਗ ਐ। ਉਹ ਅਸੀਂ ਲੜਨੀ ਐ। ਉਹਦੇ ਬਿਨਾ ਕੋਈ ਗੁਜ਼ਾਰਾ ਨਹੀਂ। ਮੇਰਾ ਅੱਜ ਦੇ ਦਿਨ ਇਹੀ ਸੁਨੇਹਾ ਹੈ। ਔਰ ਜ਼ਿੰਦਗੀ ਨੇ ਜਿੰਨੀ ਮੋਹਲਤ ਦਿੱਤੀ ਮੈਂ ਇਹ ਸੁਨੇਹਾ ਤੁਹਾਡੇ ਤੱਕ ਪਹੁੰਚਾਵਾਂਗਾ। ਮੈਨੂੰ ਥੋੜ•ਾ ਜਿਹਾ ਮਾਣ ਹੈ ਕਿ ਮੈਨੂੰ ਨਾਟਕ ਦਾ ਮੁਹਾਵਰਾ ਪਤਾ ਐ। ਨਾਟਕ ਆਪਣੇ ਆਪ ਵਿੱਚ ਸਾਹਿਤ ਦਾ ਇੱਕ ਰੂਪ ਹੈ। ਇਹਦਾ ਆਪਣਾ ਇੱਕ ਮੁਹਾਵਰਾ ਹੈ। ਔਰ ਉਸ ਮੁਹਾਵਰੇ ਦੇ ਵਿੱਚ ਗੱਲ ਜਿਹੜੀ ਐ ਲੋਕਾਂ ਤੱਕ ਪਹੁੰਜਦੀ ਐ। ਇਹ ਭਾਵੇਂ ਸਾਦਾ ਜਿਹਾ ਸਮਾਗਮ ਹੋਵੇ ਮੈਂ ਅੱਜ ਜਿੱਦਾਂ ਹੁਣ ..ਆਇਆ ਸਾਂ। ਮੇਰੇ ਕਲਾਕਾਰ ਵੀ ਨਾਲ ਨੇ। ਜੇ ਲੋਕ ਮੈਨੂੰ ਕਹਿੰਦੇ ਤਾਂ ਮੈਂ ਅੱਜ ਨਾਟਕ ਕਰ ਦੇਣਾ ਸੀ। ਜਿਹੜਾ ਮੇਰਾ ਆਖਰੀ ਅੱਜ ਦਾ ਨਾਟਕ ਐ, ਪਿਛਲੇ ਹਫਤੇ ਤੋਂ ਮੈਂ ਕਰ ਰਿਹਾਂ। ਉਸ ਨਾਟਕ ਦਾ ਨਾਂ ਐ- ਭੰਡ ਮਟਕਾ ਚੌਕ ਗਏ। ਪੰਜਾਬ ਦੇ ਭੰਡਾਂ ਨੂੰ ਫਿਕਰ ਪੈ ਗਿਐ ਕਿ ਸਾਡਾ ਜਿਹੜਾ ਜੱਦੀ ਪੇਸ਼ਾ ਸੀ, ਇਹ ਦੋ ਵੱਡੇ ਬੰਦਿਆਂ ਨੇ ਸਾਂਭ ਲਿਐ। ਛੋਟਾ ਭੰਡ ਕਹਿੰਦਾ ਇਹ ਦੋ ਬੰਦੇ, ਵੱਡੇ ਬੰਦੇ ਕੌਣ ਨੇ। ਵੱਡਾ ਭੰਡ ਕਹਿੰਦਾ ਇੱਕ ਗਿੱਦੜਬਾਹੇ ਦਾ ਸਰਦਾਰ ਐ, ਇੱਕ ਪਟਿਆਲੇ ਦਾ ਸਰਦਾਰ ਐ। ਇਹ ਦੋਵੇਂ.. ..ਕਾਰਟੂਨ ਨੇ। ਇਹ ਆਪੋ ਵਿਚੀਂ ਲੜਦੇ ਨੇ। ਕਾਰਟੂਨ ਇਹਨਾਂ ਦੇ ਆਉਂਦੇ ਨੇ, ਇਹ ਪੰਜ ਸਾਲ ਤੋਂ ਇਹਨਾਂ ਨੇ ਉਹ ਤਮਾਸ਼ਾ ਚਲਾਇਐ- ''ਓਹ ਮੈਂ ਤੈਨੂੰ ਜੇਲ• ਭੇਜ ਦਿਆਂਗਾ। ਚੱਕੀ ਪਿਸਵਾ ਦਿਆਂਗਾ।'' ''ਤੂੰ ਚੋਰ ਏਂ।'' ਇਹ ਦੋਵੇਂ ਇੱਕ ਦੂਜੇ ਨੂੰ ਚੋਰ ਕਹਿੰਦੇ ਆ, ਭਾਵੇਂ ਵਿਸਾਖੀ ਦਾ ਮੇਲਾ ਹੋਵੇ, ਤਲਵੰਡੀ ਦਾ ਮੇਲਾ ਹੋਵੇ, ਬਾਵੇਂ ਕੋਈ ਜਗਾਹ ਹੋਵੇ। ਉਥੇ ਇਹ ਦੋਵੇਂ ਐਂ ਧੂਤੂ ਲਾ ਕੇ। ਲੋਕਾਂ ਦਾ ਕੀ ਬਣੇਗਾ? ਇਹਦੇ ਬਾਰੇ ਕੋਈ ਨਹੀਂ ਬੋਲਦੇ। ਲੋਕਾਂ ਦੇ ਬਾਰੇ ਇਹ ਨਹੀਂ ਬੋਲਦੇ।
ਔਰ ਮੈਂ ਇਹ ਤੁਹਾਨੂੰ ਪੂਰੀ ਤਰ•ਾਂ ਸੁਨੇਹਾ ਦੇਣਾ ਚਾਹਨਾਂ ਆਂ ਤੁਸੀਂ ਆਹ ਬੈਠੇ ਹੋ, ਅੱਜ ਅਹਿਦ ਕਰ ਲਿਐ ਕਿ ਇਹ ਜ਼ਿੰਦਗੀ ਬਦਲਾਣੀ ਐ। ਔਰ ਮਿਹਨਤ ਕਰਨ ਵਾਲੇ ਲੋਕਾਂ ਨੂੰ ਉਹਨਾਂ ਦਾ ਹਿੱਸਾ ਦੁਆਉਣਾ ਹੈ। ਭਾਵੇਂ ਉਹ ਕਿਸਾਨ ਹੋਣ, ਖੇਤ ਮਜ਼ਦੂਰ ਹੋਣ, ਫੈਕਟਰੀ ਮਜ਼ਦੂਰ ਹੋਣ, ਕਲਮਾਂ ਦੇ ਕਾਮੇ ਹੋਣ, ਉਹ ਦਫਤਰਾਂ ਵਿੱਚ ਕੰਮ ਕਰਨ ਵਾਲੇ ਹੋਣ। ਉਹਨਾਂ ਨੂੰ ਇਸ ਸਾਰੀ ਕੈਪੀਟਲ ਦਾ ਵੱਡਾ ਹਿੱਸਾ ਐ। ਇਹ ਖਾ ਗਏ ਸਭ ਕੁੱਝ ਖਾ ਗਏ ਨੇ, ਕਰੋੜਹਾਂ। ਇਹ ਨਹੀਂ ਕੋਈ ਛੋਟੀ ਮੋਟੀ ਰਕਮ ਐ। ਕਰੋੜਹਾਂ ਖਾ ਗਏ ਨੇ। ਔਰ ਫਿਰ ਪੈਸੇ ਦੀ ਮੱਦਦ ਨਾਲ ਤੁਹਾਡੇ ਚੁਣੇ ਹੋਏ ਨੁਮਾਇੰਦੇ ਹੋ ਜਾਂਦੇ ਨੇ ਫਿਰ ਆਪਣੀਆਂ ਤਸਵੀਰਾਂ ਲਾਂਦੇ ਨੇ ਕਿ ਦੇਸ਼ ਦਾ ਵੱਡਾ ਫਰਮਾਦਾਰ ਇਹ ਐ। ਓਏ ਇਹ ਕੀ ਐ? ਜੀਹਨੇ ਕਦੀ ਜ਼ਿੰਦਗੀ ਵਿੱਚ ਲੋਕਾਂ ਦੀ ਗੱਲ ਕਦੇ ਨਾ ਕੀਤੀ ਹੋਵੇ ਉਹ ਦੇਸ਼ ਦਾ ਫਰਮਾਦਾਰ ਔਰ ਦੇਸ਼ ਦਾ ਪਿਆਰਾ ਬਣ ਜਾਂਦੈ। ਇਹ ਪੈਸਾ ਸਾਰਾ। ਉਸ ਪੈਸੇ ਦੀ ਜਕੜ ਨੂੰ ਖਤਮ ਕਰਨੈ। ਇਸ ਲੋਕ ਸ਼ਕਤੀ ਨਾਲ। ਇਸ ਲੋਕ ਸ਼ਕਤੀ ਨਾਲ। ਔਰ ਇਹ ਲੋਕ ਸ਼ਕਤੀ ਉਦੋਂ ਬਣੇਗੀ ਜਦੋਂ ਇਹ ਮੇਰੀਆਂ ਭੈਣਾਂ ਐਨ ਮਰਦਾਂ ਦੇ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਖਲੋਣਗੀਆਂ। ਇਹਨਾਂ ਨੇ ਤੁਹਾਡਾ ਸਾਥ ਦੇਣਾ ਹੈ। ਸੋ ਜਿਹੜੇ ਲੋਕ ਸੰਗਰਮੀਏ ਨੇ, ਉਹਨਾਂ ਨੂੰ ਮੇਰੀ ਇਸ ਤਾਕਤ ਦਾ ਖਿਆਲ ਰੱਖਣਾ ਚਾਹੀਦੈ। ਸੋਹਣੇ ਘਰ ਬਣਾਈਏ, ਸੋਹਣੇ ਟੱਬਰ ਬਣਾਈਏ। ਟੱਬਰਾਂ ਦੇ ਨਾਲ ਇਕੱਠੇ ਬੈਠ ਕੇ ਰੋਟੀ ਖਾਈਏ। ਟੱਬਰਾਂ ਦੇ ਦੁੱਖ-ਸੁੱਖ ਨੂੰ ਪੁੱਛੀਏ। ਇੱਕ ਦੂਜੇ ਨਾਲ ਪਿਆਰ.. ..ਦੁਨੀਆਂ ਦਾ। ਇੱਕ ਮਾਡਲ ਐ ਇੱਕੀਂਵੀਂ ਸਦੀ ਉਹ ਮਾਡਲ ਸਾਡੇ ਬੁੱਧੀਜੀਵੀ ਜਾਣਦੇ ਨੇ। ਮੈਂ ਹੁਣ ਬੁੱਧੀਜੀਵੀਆਂ ਦਾ ਇੱਕ ਸੰਗਰਾਮ ਜਿਹੜਾ ਹੁਣ ਸ਼ੁਰੂ ਕਰਨਾ ਹੈ। ਸ਼ਹੀਦੇ ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ 2007 ਵਿੱਚ ਆ ਰਿਹਾ ਹੈ। ਪ੍ਰੋਫੈਸਰ ਜਗਮੋਹਣ ਸਿੰਘ ਹੋਰਾਂ ਨਾਲ ਮੈਂ ਇਹ ਡਿਸਕਸ਼ਨ ਕੀਤੀ ਐ ਕਿ ਅਸੀਂ ਬੁੱਧੀਜੀਵੀ ਇੱਕ ਤਾਕਤ ਬਣੀਏ। ਸਿਰ ਜੋੜ ਕੇ ਬੈਠੀਏ ਆਪਣੀ ਗੱਲ ਸੋਚੀਏ ਤੇ ਫਿਰ ਬਿਆਨ ਦੇਈਏ। ਉਸ ਬਿਆਨ ਦੀ ਇਸ ਤਾਕਤ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਿਹੜੀ 2007 ਵਿੱਚ ਦੋ ਸਾਲ ਰਹਿ ਗਏ ਨੇ ਜਾਂ ਡੇਢ ਸਾਲ ਰਹਿ ਗਿਆ ਹੁਣ ਉਸ ਦੇ ਲਈ ਅਸੀਂ ਇੱਕ ਨਵਾਂ ਸੰਗਰਾਮ ਸ਼ੁਰੂ ਕਰਨਾ ਹੈ। ਔਰ ਮੈਨੂੰ ਪਤਾ ਹੈ ਕਿ ਤੁਸੀਂ ਸਾਰੇ ਸਾਥ ਦਿਓਗੇ। ਦੂਜੀ ਗੱਲ, ਸਾਹਿਤ ਦੀ ਕਿੰਨੀ ਤਾਕਤ ਹੁੰਦੀ ਐ, ਇਹ ਮੈਨੂੰ ਪਿਛਲੇ ਹਫਤੇ ਲੁਧਿਆਣੇ ਦੇ ਮਿੱਤਰਸੈਨ ਮੀਤ ਨਾਵਲਲਿਸਟ ਨੇ ਉਹਨਾਂ ਦਾ ਨਾਵਲ ਪੜ•ਨ ਲਈ ਮਿਲਿਆ- 'ਸੁਧਾਰ ਘਰ'। ਜੇਲ•ਾਂ ਦੀ ਜ਼ਿੰਦਗੀ ਦੇ ਬਾਰੇ। ਜਦੋਂ ਮੈਂ ਨਾਵਲ ਪੜਿ•ਆ, ਹਾਲਾਂ ਕਿ ਮੈਂ ਸਾਰੀ ਦੁਨੀਆਂ ਦੇ ਜੇਲ• ਦੀ ਲਾਈਫ 'ਤੇ ਨਾਵਲ ਪੜ•ੇ ਨੇ। ਪਰ ਉਹ ਨਾਵਲ ਜਦੋਂ ਆਇਐ, ਮੇਰੇ ਰੌਂਗਟੇ ਖੜ•ੇ ਹੋ ਗਏ ਨੇ, ਕਿ ਜੇਲ•ਾਂ ਦੇ ਵਿੱਚ ਇਹ ਜ਼ੁਲਮ! ਇਹ ਜ਼ੁਲਮ ਹੁੰਦੈ? ਇਹ ਵਾਰਡਨ 10-10 ਰੁਪਏ ਲੈ ਕੇ ਕੈਦੀਆਂ ਦੀਆਂ ਜ਼ਿੰਦਗੀਆਂ ਨੂੰ ਜਿਹਨਾਂ ਨੇ ਕਈ ਵਾਰੀ ਕੋਈ ਗੁਨਾਹ ਨਹੀਂ ਕੀਤਾ ਹੁੰਦਾ। ਐਵੇਂ ਜੇਲ• ਭੇਜ ਦਿੱਤੇ ਗਏ ਹੁੰਦੇ ਨੇ। ਉਹਨਾਂ ਨਾਲ ਇਹ ਸਲੂਕ ਹੁੰਦੈ। ਔਰ ਮੈਨੂੰ ਮਾਣ ਹੋਇਐ ਕਿ ਮਿੱਤਰ ਸੈਨ ਮੀਤ ਨੇ ਉਹ ਸੁਧਾਰ ਘਰ ਨਾਵਲ ਲਿਖ ਕੇ ਇਸ ਸਿਸਟਮ ਦੀਆਂ ਧੱਜੀਆਂ ਉਡਾ ਦਿੱਤੀਆਂ ਨੇ। ਇਸ ਸਿਸਟਮ ਦੀਆਂ ਧੱਜੀਆਂ ਉਡਾ ਦਿੱਤੀਆਂ ਨੇ। ਨਾਂ ਦਿੱਤਾ ਜੇਲ•ਾਂ ਦਾ ਸੁਧਾਰ ਕਰ ਰਹੇ ਹਾਂ। ਮਹਾਰਾਜਾ ਪਟਿਆਲਾ ਵੀ ਬੋਲਦਾ, ਉਹ ਵੀ ਬੋਲਦਾ ਉਹ ਵੀ ਬੋਲਦਾ ਕਿ ਜੇਲ• ਸੁਧਾਰ ਘਰ ਹੋਣਗੇ। ਇਹ ਕਿਹੋ ਜਿਹੇ ਸੁਧਾਰ ਘਰ ਹੋਣਗੇ। ਇਹ ਉਹ ਨਾਵਲ ਪੜ• ਕੇ ਪਤਾ ਲੱਗਦੈ। ਉਹ ਵੱਡੇ ਵਕੀਲ ਨੇ, ਉਹਨਾਂ ਨੇ ਸਾਰੀ ਰਿਸਰਚ ਕਰਕੇ ਉਹ ਨਾਵਲ ਲਿਖਿਐ।
ਮੈਂ ਸਮਝਨਾਂ ਕਿ ਇਸ ਵੇਲੇ ਮਿਹਨਤਕਸ਼ ਲੋਕਾਂ ਦੀ ਤਾਕਤ ਐ, ਇਸ ਵੇਲੇ ਬੁੱਧੀਜੀਵੀਆਂ ਦੀ ਤਾਕਤ ਐ। ਇਸ ਵੇਲੇ ਲੇਖਕਾਂ, ਨਾਵਲਕਾਰਾਂ, ਨਾਟਕਕਾਰਾਂ, ਕਵੀਆਂ ਦੀ ਤਾਕਤ ਐ। ਇਹ ਸਾਰੀ ਤਾਕਤ ਇਕੱਠੀ ਹੋਏਗੀ।
ਇਹ ਮੇਰੇ ਨੌਜੁਆਨ ਅਮੋਲਕ ਸਿੰਘ ਹੋਰੀਂ ਹੋਏ, ਜਸਪਾਲ ਜੱਸੀ ਹੋਰੀਂ ਹੋਏ, ਇਸ ਲਹਿਰ ਦੀ ਅਗਵਾਈ ਕਰ ਰਹੇ ਨੇ। ਹੁਣ ਤਾਕਤ ਵਧੇਗੀ। ਤੁਹਾਡਾ ਇਹ ਸਨਮਾਨ ਦੇਣ ਲਈ, ਸਨਮਾਨ ਸਮਾਗਮ ਦੇਖਣ ਲਈ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ!
''ਅਸੀਂ ਕਿਰਤ ਅਤੇ ਕਲਾ ਦੀ ਆਜ਼ਾਦੀ ਲਈ ਜੂਝ ਰਹੇ ਹਾਂ''
-ਜਸਪਾਲ ਜੱਸੀ
ਪੰਜਾਬੀ ਸਭਿਆਚਾਰ ਦੇ ਯੁੱਗਾਂ ਯੁੱਗਾਂ ਤੱਕ ਜਗਣ ਵਾਲੇ ਦੀਵੇ ਨੂੰ ਸਲਾਮ ਕਹਿਣ ਲਈ ਹਾਜ਼ਰ ਹੋਏ ਸਾਥੀਓ, ਅੱਜ ਦਾ ਦਿਨ ਸਾਡੇ ਲਈ ਲੋਕਾਂ ਦੀ ਲਹਿਰ ਲਈ ਪੰਜਾਬ ਦੀ ਇਨਕਲਾਬੀ ਸਭਿਆਚਾਰਕ ਲਹਿਰ ਲਈ ਪੰਜਾਬੀ ਰੰਗਮੰਚ ਲਈ ਤੇ ਸਮੁੱਚੇ ਪੰਜਾਬੀ ਸਾਹਿਤ ਤੇ ਕਲਾ ਜਗਤ ਲਈ ਬਹੁਤ ਹੀ ਭਾਗਾਂ ਭਰਿਆ ਦਿਨ ਐ। ਸਨਮਾਨ ਹੁੰਦੇ ਨੇ, ਸਰਕਾਰਾਂ ਵੱਲੋਂ ਹੁੰਦੇ ਨੇ। ਸਥਾਪਤੀ ਦੇ ਹਿੱਸਿਆਂ ਵੱਲੋਂ ਹੁੰਦੇ ਨੇ। ਉਹ ਸਨਮਾਨ ਜਿਹਨਾਂ ਬਾਰੇ ਪੰਜਾਬੀ ਸ਼ਾਇਰੀ ਦੇ ਮਾਣ ਸੁਰਜੀਤ ਪਾਤਰ ਨੇ ਆਪਣੀ ਕਵਿਤਾ ''ਬੁੱਢੀ ਜਾਦੂਗਰਨੀ'' ਵਿੱਚ ਕਿਹਾ ਸੀ ਕਿ
ਮੈਂ ਜਿਸ ਬੰਦੇ ਦੇ ਗਲ਼ ਵਿੱਚ ਹਾਰ ਪਾਇਆ ਹੈ
ਉਹ ਬੁੱਤ ਬਣ ਗਿਆ ਹੈ
ਮੈਂ ਜਿਹੜੀ ਹਿੱਕ 'ਤੇ ਤਗ਼ਮਾ ਸਜਾਇਆ ਹੈ
ਉਹੀ ਇੱਕ ਘੜੀ ਬਣ ਕੇ ਰਹਿ ਗਿਆ ਹੈ
ਮੈਂ ਜਿਸ ਨੂੰ ਆਪਣਾ ਪੁੱਤਰ ਆਖਿਆ ਹੈ
ਉਸੇ ਨੂੰ ਆਪਣੀ ਮਾਂ ਦਾ ਨਾਂ ਭੁੱਲਿਆ ਹੈ
ਅਸੀਂ ਇਹ ਮਾਣ ਕਰ ਸਕਦੇ ਆਂ ਕਿ ਗੁਰਸ਼ਰਨ ਸਿੰਘ ਨੇ ਲੋਕਾਂ ਦਾ ਪੁੱਤਰ ਹੋਣ ਨੂੰ, ਇਸ ਜਨਤਾ ਦਾ ਸੇਵਕ ਹੋਣ ਨੂੰ, ਹਮੇਸ਼ਾਂ ਯਾਦ ਰੱਖਿਐ। ਜੇ ਅਜ ਸ਼੍ਰੀ ਗੁਰਸ਼ਰਨ ਸਿੰਘ ਹੋਰੀਂ ਪੰਜਾਬੀ ਸਾਹਿਤ ਕਲਾ ਜਗਤ ਦੇ ਵਿੱਚ, ਪੰਜਾਬ ਦੇ ਲੋਕਾਂ ਦੀ ਲਹਿਰ ਦੇ ਵਿੱਚ ਇੱਕ ਥੰਮ• ਦੀ ਤਰ•ਾਂ ਖੜ•ੇ ਨੇ, ਜੇ ਅੱਜ ਉਹਨਾਂ ਨੂੰ ਬਾਬਾ ਬੋਹੜ ਕਿਹਾ ਜਾਂਦੈ, ਜੇ ਅੱਜ ਉਹਨਾਂ ਨੂੰ ਨਾਇਕ ਕਿਹਾ ਜਾਂਦੈ, ਜੇ ਅੱਜ ਹਰ ਤਰ•ਾਂ ਦਾ ਉੱਚੇ ਤੋਂ ਉੱਚਾ ਉਹਨਾਂ ਵਾਸਤੇ ਵਿਸ਼ੇਸ਼ਣ ਵਰਤਿਆ ਜਾਂਦੈ, ਤਾਂ ਇਹਦੇ 'ਚ ਸਭ ਤੋਂ ਵੱਡੀ ਗੱਲ ਜਿਹੜੀ ਗੁਰਸ਼ਰਨ ਸਿੰਘ ਦੇ ਐਨਾ ਉੱਚਾ ਹੋ ਜਾਣ ਦਾ ਕਾਰਨ ਐ, ਉਹ ਇਹਨਾਂ ਲੋਕਾਂ ਨਾਲ ਵਫਾਦਾਰੀ ਐ। ਇਹਨਾਂ ਲੋਕਾਂ ਦੀ ਮਹਾਨਤਾ ਨੂੰ, ਸਮਝ ਕੇ ਚੱਲਣ ਦੀ ਦ੍ਰਿਸ਼ਟੀ ਐ, ਉਸ ਦ੍ਰਿਸ਼ਟੀ ਨੇ ਗੁਰਸ਼ਰਨ ਸਿੰਘ ਨੂੰ ਪੰਜਾਬ ਦੇ ਸਾਹਿਤ ਅਤੇ ਕਲਾ ਜਗਤ 'ਤੇ ਇਸ ਤਰ•ਾਂ ਉਭਾਰ ਕੇ ਲਿਆਂਦਾ ਕਿ ਜਦੋਂ ਮੈਂ ਸੰਦੇਸ਼ ਪੜ• ਰਿਹਾ ਸੀ- ਉੱਚੀਆਂ ਉੱਚੀਆਂ ਸਾਹਿਤਕ ਸਖਸ਼ੀਅਤਾਂ ਦੇ, ਰੰਗਕਰਮੀਆਂ ਦੇ, ਉਹ ਸਾਰੇ ਈ ਮੈਨੂੰ ਇਹ ਕਹਿੰਦੇ ਨਜ਼ਰ ਆਉਂਦੇ ਸੀ ''ਤੂੰ ਖੜ•ਾ ਸਾਡੇ ਨਾਲੋਂ ਉੱਚਾ ਸਾਡੀ ਬਾਂਹ ਫੜ ਕੇ ਤੈਨੂੰ ਤੱਕ ਹੋਵੇ ਨਜ਼ਰਾਂ ਉਤਾਂਹ ਕਰਕੇ।'' ਇਹ ਗੁਰਸ਼ਰਨ ਸਿੰਘ ਐ ਔਰ ਅੱਜ ਸਾਨੂੰ ਮਾਣ ਇਸ ਗੱਲ ਦਾ ਐ ਕਿ ਉਹ ਲੋਕ ਜਿਹਨਾਂ ਦੇ ਸਨਮਾਨ ਦਾ ਗੁਰਸ਼ਰਨ ਸਿੰਘ ਹੋਰੀਂ ਸਭ ਤੋਂ ਵੱਧ ਹੱਕਦਾਰ ਨੇ, ਉਹ ਇਥੇ ਆਏ ਨੇ। ਅਸੀਂ ਕੌਣ ਲੋਕ ਆਂ? ਅਸੀਂ ਉਹ ਲੋਕ ਆਂ, ਜਿਹਨਾਂ ਨੂੰ ਜ਼ੋਰਾਵਰਾਂ ਨੇ, ਮਲਕ ਭਾਗੋਆਂ ਨੇ, ਰਾਜਸੱਤਾ ਦੇ ਮਾਲਕਾਂ ਨੇ, ਜੋਕਾਂ ਨੇ ਹਮੇਸ਼ਾਂ ਪੈਰਾਂ ਦੀ ਮਿੱਟੀ ਸਮਝਿਐ। ਤੇ ਪੈਰਾਂ ਦੀ ਮਿੱਟੀ ਸਮਝ ਕੇ, ਦਰੜਨ ਦਾ ਯਤਨ ਕੀਤਾ ਐ, ਪੰਜਾਬ ਦੇ ਲੋਕ ਸਦਾ ਯਾਦ ਰੱਖਣਗੇ ਉਹਨਾਂ ਕਲਮਾਂ ਨੂੰ, ਉਹਨਾਂ ਸਾਹਿਤਕਾਰਾਂ ਨੂੰ, ਜਿਹਨਾਂ ਨੇ ਇਥੋਂ ਦੀ ਦਰੜੀ ਹੋਈ ਲੋਕਾਈ ਨੂੰ, ਪੈਰਾਂ ਦੀ ਮਿੱਟੀ ਸਮਝੀ ਜਾਂਦੀ ਲੋਕਾਈ ਨੂੰ, ਸਿਰਾਂ 'ਤੇ ਕਲਗੀ ਸਜਾ ਕੇ ਆਪਣੇ ਨਾਵਲਾਂ ਦੇ ਪੱਤਰਿਆਂ ਵਿੱਚ ਲਿਆਂਦੈ। ਪੰਜਾਬ ਦੇ ਰੰਗਮੰਚ ਦੀਆਂ ਸਟੇਜਾਂ 'ਤੇ ਲਿਆਂਦੈ। ਇਹ ਗੁਰਦਿਆਲ ਸਿੰਘ ਦੇ ਜਗਸੀਰ, ਗੁਰਦਿਆਲ ਸਿੰਘ ਦੇ ਬਿਸ਼ਨੇ, ਸੰਤੋਖ ਸਿੰਘ ਧੀਰ ਦਾ ਬਾਰੂ ਤਾਂਗੇ ਵਾਲਾ, ਸਾਨੂੰ ਨਹੀਂ ਸੀ ਪਤਾ ਹੁੰਦਾ ਕਿ ਬਾਰੂ ਤਾਂਗੇ ਵਾਲਾ ਵੀ ਨਾਇਕ ਹੁੰਦੈ। ਅਸੀਂ ਮਾਂ-ਪਿਓ ਕੋਲੋਂ ਦਾਦੀਆਂ ਕੋਲੋਂ, ਰਾਜੇ-ਰਾਣੀਆਂ ਦੀਆਂ ਬਾਤਾਂ ਸੁਣਿਆ ਕਰਦੇ ਸੀ ਤੇ ਅਸੀਂ ਸਮਝਦੇ ਸੀ ਕਿ ਨਾਇਕ, ਰਾਜਕੁਮਾਰ ਹੁੰਦੇ ਨੇ, ਨਾਇਕ ਰਾਜਕੁਮਾਰੀਆਂ ਹੁੰਦੀਆਂ ਨੇ। ਸਾਡੇ ਮਨਾਂ ਦੀ ਦ੍ਰਿਸ਼ਟੀ ਨੂੰ ਗੁਰਸ਼ਰਨ ਸਿੰਘ ਹੋਰਾਂ ਨੇ ਬਦਲਿਆ। ਪੰਜਾਬੀ ਸਾਹਿਤਕਾਰਾਂ ਨੇ ਬਦਲਿਆ। ਸਾਡੇ ਨਾਇਕ ਬਦਲੇ ਨੇ। ਸਾਡੀਆਂ ਨਾਇਕਾਂ ਦੇ ਸਬੰਧੀ ਧਾਰਨਾਵਾਂ ਬਦਲੀਆਂ ਨੇ।
ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤਿ ਨੀਚ
ਨਾਨਕ ਤਿਨ ਕੇ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ
ਪੰਜਾਬੀ ਸਾਹਿਤ ਦੀ ਇਹ ਦ੍ਰਿਸ਼ਟੀ ਕਈ ਸਦੀਆਂ ਤੋਂ ਤੁਰੀ ਆਈ ਐ। ਗੁਰਸ਼ਰਨ ਸਿੰਘ ਹੋਰੀਂ ਉਸ ਦ੍ਰਿਸ਼ਟੀ ਨੂੰ ਅੱਗੇ ਲੈ ਕੇ ਗਏ ਨੇ। ਅਸੀਂ ਪੰਜਾਬ ਦੇ ਲੋਕਾਂ ਦੀ ਲਹਿਰ ਨੇ ਅੱਜ ਇਹ ਸਮਾਗਮ ਕੀਤੈ। ਜੇ ਗੁਰਸ਼ਰਨ ਸਿੰਘ ਹੋਰਾਂ ਨੂੰ ਇਸ ਤਰੀਕੇ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਐ, ਤਾਂ ਪੰਜਾਬ ਦੀ ਜਨਤਾ, ਪੰਜਾਬ ਦੀ ਇਨਕਲਾਬੀ ਲਹਿਰ ਗੁਰਸ਼ਰਨ ਸਿੰਘ ਹੋਰਾਂ ਦਾ ਸਨਮਾਨ ਕਰਕੇ ਇਹ ਦੱਸਣਾ ਚਾਹੁੰਦੀ ਐ ਕਿ ਅਸੀਂ ਆਪਣੇ ਸਾਹਿਤਕਾਰਾਂ ਨੂੰ, ਅਸੀਂ ਆਪਣੇ ਕਲਾ ਕਰਮੀਆਂ, ਨੂੰ ਭੁੱਲੇ ਨਹੀਂ— ਉਹਨਾਂ ਨੇ ਜਿਵੇਂ ਲੋਕਾਂ ਦਾ ਦਰਦ ਮਹਿਸੁਸ ਕੀਤਾ। ਜਿਵੇਂ ਲੋਕਾਂ ਦੀਆਂ ਪੀੜਾਂ ਮਹਿਸੂਸ ਕੀਤੀਆਂ ਨੇ। ਜਿਵੇਂ ਉਹਨਾਂ ਦੀ ਗਾਥਾ ਨੂੰ, ਕਲਾਤਮਕ ਢੰਗ ਨਾਲ ਉਭਾਰ ਕੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ, ਜਿਵੇਂ ਉਹਨਾਂ ਨੇ ਰੋਂਦੇ ਹੋਏ ਬੋਹਲਾਂ ਦੀ ਗੱਲ ਕੀਤੀ ਜਿਵੇਂ ਉਹਨਾਂ ਨੇ ''ਭੱਠ ਖੇੜਿਆਂ ਦਾ ਰਹਿਣਾ'' ਇਥੋਂ ਦੀ ਰਾਜਸੀ ਤਾਕਤ ਵੱਲੋਂ ਦਰੜੇ ਜਾ ਰਹੇ ਲੋਕਾਂ ਦੀ ਬਾਤ ਪਾਈ। ਉਹਨਾਂ ਕਲਮਾਂ ਨੂੰ, ਪੰਜਾਬ ਦੀ ਲੋਕ ਲਹਿਰ ਨੇ ਭੁਲਾਇਆ ਨਹੀਂ। ਅਸੀਂ ਆਪਣੇ ਪੰਜਾਬੀ ਸਾਹਿਤਕਾਰਾਂ ਦੀਆਂ ਪੰਜਾਬੀ ਕਲਾਕਾਰਾਂ ਦੀਆਂ ਹਰ ਤਰ•ਾਂ ਦੀਆਂ ਆਵਾਜ਼ਾਂ ਸੁਣੀਆਂ ਨੇ। ਅਸੀਂ ਇਹ ਆਵਾਜ਼ ਵੀ ਸੁਣੀ ਐ, ਜਦੋਂ ਸੰਤੋਖ ਸਿੰਘ ਧੀਰ ਨੇ ਕਿਹਾ,
ਲੋਕ ਕਲਮ ਦੀ ਅੱਗ ਵਿੱਚ ਡੋਬਾਂ ਅੱਖਰ ਲਿਖਾਂ ਅੰਗਾਰ
ਲਿਖਾਂ ਲਹੂ ਦੀ ਵਾਰ
ਹੁਣ ਨਾ ਪੇਸ਼ ਕਲਮ ਦੀ ਜਾਏ, ਹੁਣ ਇੱਕ ਭੇਜ ਕਟਾਰ
ਇਹ ਆਵਾਜ਼ਾਂ, ਪੰਜਾਬ ਦੀ ਜਨਤਾ ਵੱਲੋਂ ਸੁਣੀਆਂ ਗਈਆਂ ਨੇ, ਤੇ ਇਸੇ ਕਰਕੇ ਇਸ ਧਰਤ ਦੇ ਉੱਤੇ ਸਿਰਾਂ ਦੀ ਫਸਲ ਉੱਗੀ ਐ। ਇਸ ਸਮਾਜ ਨੂੰ, ਇਸ ਨਿਜ਼ਾਮ ਨੂੰ ਬਦਲਣ ਲਈ। ਮੈਨੂੰ ਉਹ ਸਤਰਾਂ ਯਾਦ ਆਉਂਦੀਆਂ ਨੇ, ਜਦੋਂ ਸੁਰਜੀਤ ਪਾਤਰ ਹੋਰਾਂ ਨੇ ਕਿਹਾ ਕਿ
ਕੀ ਹੋਇਆ ਜੇ ਆਈ ਪੱਤਝੜ,
ਤੂੰ ਅਗਲੀ ਰੁੱਤੇ ਯਕੀਨ ਰੱਖੀਂ
ਮੈਂ ਲੱਭ ਕੇ ਲਿਆਉਂਦਾ ਹਾਂ ਕਿਧਰੋਂ ਕਲਮਾਂ
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ
ਮੈਂ ਪੰਜਾਬ ਦੇ ਸਾਹਿਤਕਾਰਾਂ ਨੂੰ, ਕਲਾਕਾਰਾਂ ਨੂੰ ਇਹ ਕਹਿਣਾ ਚਾਹੁੰਨਾ ਕਿ ਉਹ ਜਿਹੜੀ ਫੁੱਲਾਂ ਜੋਗੀ ਜ਼ਮੀਨ ਐ, ਵਿਸ਼ਵਾਸ਼ ਰੱਖੋ, ਭਰੋਸਾ ਰੱਖੋ, ਉਹ ਫੁੱਲਾਂ ਜੋਗੀ ਜ਼ਮੀਨ ਆਹ ਤੁਹਾਡੇ ਸਾਹਮਣੇ ਬੈਠੀ ਐ। ਇਹ ਫੁੱਲਾਂ ਜੋਗੀ ਜ਼ਮੀਨ ਆਉਂਦੇ ਸਮੇਂ 'ਚ ਏਡੀ ਓ ਈ ਨਹੀਂ ਰਹੂਗੀ, ਇਹ ਫੁੱਲਾਂ ਜੋਗੀ ਜ਼ਮੀਨ ਬਹੁਤ ਵਿਸ਼ਾਲ ਹੋਊਗੀ। ਕਿਉਂਕਿ ਇਹ ਜ਼ਮੀਨ ਲਹੂ ਨਾਲ ਸਿੰਜੀ ਜਾ ਰਹੀ ਐ। ਇਸ ਜ਼ਮੀਨ ਨੂੰ, ਪਾਸ਼ ਨੇ ਆਪਣੇ ਲਹੂ ਨਾਲ ਸਿੰਜਿਐ, ਮੇਘਰਾਜ ਨੇ ਲਹੂ ਨਾਲ ਸਿੰਜਿਐ, ਜਗਪਾਲ ਨੇ ਲਹੂ ਨਾਲ ਸਿੰਜਿਐ। ਔਰ ਇਹ ਜ਼ਮੀਨ ਅਤੇ ਉਹ ਫੁੱਲ ਜਿਹਨਾਂ ਦੀਆਂ ਆਸਾਂ ਸਾਡੇ ਸਾਹਿਤਕਾਰਾਂ ਨੇ ਕੀਤੀਆਂ ਨੇ, ਉਹ ਫੁੱਲ ਇਸ ਧਰਤੀ ਦੇ ਉੱਤੇ ਉੱਗਣਗੇ।
ਗੁਰਸ਼ਰਨ ਸਿੰਘ ਹੋਰਾਂ ਬਾਰੇ ਉਹਨਾਂ ਦੇ ਨਾਟਕਾਂ ਬਾਰੇ, ਉਹਨਾਂ ਦੀ ਕਲਾ ਬਾਰੇ ਕੁੱਝ ਗੱਲਾਂ ਕਹੀਆਂ ਗਈਆਂ ਨੇ। ਇੱਕ ਗੱਲ ਕਹੀ ਗਈ ਐ, ਕਿ ਉਹਨਾਂ ਦੇ ਨਾਟਕ, ਜਿਸ ਨੂੰ ਕਿਹਾ ਜਾਂਦੈ ਲਾਊਡ ਨੇ। ਉਹ ਨਾਟਕ ਨਾਅਰੇਬਾਜ਼ੀ ਨੇ। ਉਹ ਸੂਖਮ ਤਰੀਕੇ ਨਾਲ ਗੱਲ ਨਹੀਂ ਕਰਦੇ। ਉਹ ਹਥੌੜੇ ਵਾਂਗ ਵੱਜਦੇ ਨੇ ਜਾ ਕੇ। ਪਰ ਇੱਕ ਗੱਲ ਮੈਂ ਬਹੁਤ ਸਨਿਮਰ ਹੋ ਕੇ ਪੰਜਾਬੀ ਸਾਹਿਤ, ਪੰਜਾਬੀ ਕਲਾ ਜਗਤ ਦੀਆਂ ਹਸਤੀਆਂ ਨੂੰ, ਸਨਮਾਨਯੋਗ ਹਸਤੀਆਂ ਨੂੰ, ਇਹ ਗੱਲ ਕਹਿਣੀ ਚਾਹੁੰਨਾ ਕਿ ਤੁਹਾਡੀ ਰਚਨਾ ਦੀ ਸੂਖਮਤਾ ਬਹੁਤ ਸਨਮਾਨਯੋਗ ਐ, ਬਹੁਤ ਕਦਰਯੋਗ ਐ, ਉਸ ਸੂਖਮਤਾ ਤੱਕ ਸਾਰੀ ਲੋਕਾਈ ਦਾ ਪਹੁੰਚਣਾ ਸਾਡਾ ਮਿਥਿਆ ਹੋਇਆ ਟੀਚਾ ਐ। ਪਰ ਅੱਜ ਇਸ ਜਨਤਾ ਦੇ ਸੂਖਮ ਅਹਿਸਾਸਾਂ ਨੂੰ, ਜੰਜੀਰਾਂ ਪਈਆਂ ਹੋਈਆਂ ਨੇ। ਅੱਜ ਸੂਖਮਤਾ ਦੇ ਰਸਤੇ ਬਹੁਤ ਸਾਰੇ ਪੱਥਰਾਂ ਨੇ ਮੱਲੇ ਹੋਏ ਨੇ। ਤੇ ਜਦੋਂ ਗੁਰਸ਼ਰਨ ਸਿੰਘ ਦੇ ਨਾਟਕਾਂ ਵਰਗੇ ਹਥੌੜਿਆਂ ਨਾਲ ਸੂਖਮਤਾ ਨੂੰ ਪਈਆਂ ਉਹ ਜੰਜੀਰਾਂ ਟੁੱਟ ਜਾਣਗੀਆਂ ਜਦੋਂ ਨਵਾਂ ਸਮਾਜ ਸਿਰਜਿਆ ਜਾਊਗਾ, ਅਸੀਂ ਉਦੋਂ ਹੋਰ ਵਿਸ਼ਵਾਸ਼ ਨਾਲ ਸੱਦਾ ਦਿਆਂਗੇ ਸੁਰਜੀਤ ਪਾਤਰ ਨੂੰ, ਅਸੀਂ ਉਦੋਂ ਸੱਦਾ ਦਿਆਂਗੇ ਡਾਕਟਰ ਆਤਮਜੀਤ ਨੂੰ, ਅਸੀਂ ਉਦੋਂ ਸੱਦਾ ਦਿਆਂਗੇ ਅਜਮੇਰ ਔਲਖ ਨੂੰ, ਕਿ ਅੱਜ ਇਹ ਲੋਕ ਢਿੱਡ ਦੀਆਂ ਸਮੱਸਿਆਵਾਂ ਤੋਂ ਮੁਕਤ ਨੇ, ਕਿ ਅੱਜ ਇਹ ਲੋਕ ਜਬਰ ਦੀਆਂ ਸਮੱਸਿਆਵਾਂ ਤੋਂ ਮੁਕਤ ਨੇ, ਕਿ ਅੱਜ ਇਹ ਲੋਕ ਮਾਨਣ ਲਈ ਚੰਗੀ ਤੋਂ ਚੰਗੀ ਕਲਾ ਮਾਣਨ ਲਈ ਆਜ਼ਾਦ ਨੇ। ਆਓ! ਇਹਨਾਂ ਵਿੱਚ ਆ ਕੇ ਆਪਣੇ ਕਲਾਮ ਕਹੋ, ਤੁਹਾਡੇ ਕਲਾਮ ਪੌਣਾਂ ਵਿੱਚ ਗੂੰਜਣਗੇ, ਲੋਕਾਂ ਦੇ ਦਿਲਾਂ ਦੀ ਧੜਕਣ ਬਣਨਗੇ, ਉਹ ਸਮਾਂ ਤਾਂ ਆਵੇ, ਜਦੋਂ ਪੰਜਾਬ ਦੇ, ਹਿੰਦੋਸਤਾਨ ਦੇ ਕਿਰਤੀ ਕਾਮੇ ਲੋਕ ਇਹਨਾਂ ਸ਼ਾਇਰਾਂ ਦੀਆਂ ਕਵਿਤਾਵਾਂ 'ਤੇ ਝੂਮ ਸਕਣ। ਜਦੋਂ ਉਹ ਸੱਚੀ, ਸੂਖਮ ਅਤੇ ਵਿਕਸਤ ਕਲਾ ਦੇ ਉੱਤੇ ਨੱਚ ਸਕਣ। ਇਹ ਲੜਾਈ ਇਹੋ ਜਿਹਾ ਯੁੱਗ ਲਿਆਉਣ ਖਾਤਰ ਲੜੀ ਜਾ ਰਹੀ ਐ, ਇਹ ਲੜਾਈ ਸਿਰਫ ਰੋਟੀ ਦੀ ਲੜਾਈ ਨਹੀਂ ਐ। ਰੋਟੀ ਸਭ ਤੋਂ ਬੁਨਿਆਦੀ ਸਮੱਸਿਆ ਐ, ਕਰੀਏ ਕੀ? ਢਿੱਡ ਲੱਗਿਐ- ਢਿੱਡ ਰੋਟੀ ਮੰਗਦੈ। ਇਸ ਕਰਕੇ ਸਭ ਤੋਂ ਪਹਿਲਾਂ ਰੋਟੀ ਆਉਂਦੀ ਐ। ਸਾਨੂੰ ਸ਼ੌਕ ਨਹੀਂ ਐ ਰੋਟੀ ਦਾ, ਅਸੀਂ ਕਹਿੰਦੇ ਆਂ ਕਲਾ ਦੀ ਗੱਲ ਚੱਲੇ, ਨਾਟਕਾਂ ਦੀ ਗੱਲ ਚੱਲੇ, ਮਨੁੱਖ ਦੀ ਰੂਹ ਖਿਲ ਕੇ ਬਹੁਤ ਬੁਲੰਦੀਆਂ 'ਤੇ ਪਹੁੰਚੇ। ਸਾਡਾ ਇਹ ਟੀਚਾ ਐ। ਕਮਿਊਨਿਸਟ ਸਿਰਫ ਖਾਣ-ਹੰਢਾਉਣ ਵਾਲੀਆਂ ਚੀਜਾਂ ਦੇਣ ਵਾਸਤੇ ਨਹੀਂ ਆਏ ਲੋਕਾਂ। ਮਨੁੱਖੀ ਰੂਹ ਨੂੰ ਅਮੀਰੀ 'ਤੇ ਲੈ ਕੇ ਜਾਣਾ ਇਹ ਕਮਿਊਨਿਸਟਾਂ ਦਾ ਉਦੇਸ਼ ਐ। ਔਰ ਉਸ ਉਦੇਸ਼ ਲਈ ਅੱਜ ਇਹ ਜਨਤਾ ਜੂਝ ਰਹੀ ਐ। ਅੱਜ ਦਾ ਯੁੱਗ ਜ਼ਰੂਰਤ ਦਾ ਯੁੱਗ ਐ। ਇਸ ਜ਼ਰੂਰਤ ਦੇ ਯੁੱਗ ਦੀਆਂ ਬੇੜੀਆਂ 'ਚੋਂ, ਨਵੀਂ ਜ਼ਿੰਦਗੀ ਸਿਰਜੀ ਜਾ ਰਹੀ ਐ। ਅਸੀਂ ਇਸ ਜ਼ਰੂਰਤ ਦੇ ਯੁੱਗ ਨੂੰ ਆਜ਼ਾਦੀ ਦੇ ਯੁੱਗ ਵਿੱਚ ਲੈ ਕੇ ਜਾਣਾ ਐ, ਉਦੋਂ ਐਥੇ ਆਹ ਖੁੱਲ•ੇ ਪੰਡਾਲਾਂ ਦੇ ਵਿੱਚ ਗੁਰਸ਼ਰਨ ਸਿੰਘ ਨੂੰ ਸਨਮਾਨਤ ਨਹੀਂ ਕਰਾਂਗੇ, ਇਸ ਜਨਤਾ ਵਾਸਤੇ ਹਾਲ ਉਸਰੇ ਹੋਣਗੇ ਇਸ ਜਨਤਾ ਵਾਸਤੇ ਵੱਡੀਆਂ ਬਿਲਡਿੰਗਾਂ ਉਸਰੀਆਂ ਹੋਣਗੀਆਂ। ਸੁਹਜ ਵਾਸਤੇ, ਲੋਕਾਂ ਦੀ ਸਭਿਆਚਾਰਕ ਤਰੱਕੀ ਵਾਸਤੇ, ਨਵੇਂ ਮੌਕੇ ਇਸ ਧਰਤੀ ਦੇ ਉੱਤੇ ਲਿਆਂਦੇ ਜਾਣਗੇ। ਔਰ ਉਸ ਯੁੱਗ ਲਈ ਚੱਲਦੀ ਲੜਾਈ ਵਿੱਚ ਹਿੱਸਾ ਪਾਉਣ ਲਈ, ਜੇ ਅੱਜ ਕੋਈ ਨਾਟਕ, ਗੁਰਸ਼ਰਨ ਸਿੰਘ ਦੇ ਨਾਟਕਾਂ ਵਾਂਗ ਲੋਕਾਂ ਦੇ ਮਨਾਂ 'ਤੇ ਹਥੌੜਿਆਂ ਵਾਂਗ ਵੱਜਦੇ ਨੇ, ਤਾਂ ਇਹ ਸੂਖਮਤਾ ਦੀ ਸੇਵਾ ਵਿੱਚ ਸਾਰਾ ਕੁੱਝ ਕੀਤਾ ਜਾ ਰਿਹੈ। ਇਹ ਸੂਖਮਤਾ ਦੀ ਖਾਤਰ ਲੜੀ ਜਾ ਰਹੀ ਲੜਾਈ ਐ। ਸੋ, ਅੱਜ ਇਸ ਮੌਕੇ ਦੇ ਉੱਤੇ ਜਦੋਂ ਇਹ ਸਾਰੇ ਲੋਕ ਇਥੇ ਆਏ ਨੇ, ਮੈਂ ਕੁੱਝ ਗੱਲਾਂ ਸਪੱਸ਼ਟ ਕਰਨੀਆਂ ਚਾਹੁੰਨਾ। ਸਾਹਿਤਕਾਰਾਂ ਦੇ ਬਾਰੇ ਵੀ, ਕਲਾਕਾਰਾਂ ਬਾਰੇ, ਔਰ ਕੁੱਝ ਲਹਿਰ ਦੀਆਂ ਸਮੱਸਿਆਵਾਂ ਦੇ ਬਾਰੇ।
ਇਹ ਗੱਲ ਕਿ ਅੱਜ ਦੀ ਇਹ ਇਕੱਤਰਤਾ ਇਹ ਹੱਦਬੰਦੀਆਂ ਤੋਂ ਉਪਰ ਐ। ਅਸੀਂ ਕੋਸ਼ਿਸ਼ ਕੀਤੀ, ਜਦੋਂ ਗੁਰਸ਼ਰਨ ਸਿੰਘ ਹੋਰਾਂ ਨੂੰ ਸਨਮਾਨਤ ਕੀਤਾ ਜਾਣੈ— ਹਰ ਜਾਗਦੀ ਜਮੀਰ, ਹਰ ਜਾਗਦੀ ਰੂਹ, ਇਸ ਪੰਡਾਲ ਦੇ ਵਿੱਚ ਹਾਜ਼ਰ ਹੋਵੇ, ਅਸੀਂ ਵਿਚਾਰਾਂ ਦੇ ਛੋਟੇ ਵਖਰੇਵਿਆਂ ਨੂੰ ਨਿੱਕੀਆਂ ਨਿੱਕੀਆਂ ਸੌੜੀਆਂ ਗੱਲਾਂ ਨੂੰ, ਲਾਂਭੇ ਰੱਖਿਐ। ਔਰ ਅਸੀਂ ਇਹ ਦੱਸਣਾ ਚਾਹਿਐ ਕਿ ਪੰਜਾਬ ਦੇ ਲੋਕਾਂ ਦੀ ਲਹਿਰ ਨੂੰ ਨਾ ਸਿਰਫ ਗੁਰਸ਼ਰਨ ਸਿੰਘ ਦੀ ਕਦਰ ਐ, ਬਲਕਿ ਪੰਜਾਬ ਦੇ ਸਮੁੱਚੇ ਸਾਹਿਤ, ਸਮੁੱਚੇ ਕਲਾ ਜਗਤ ਦੀ, ਲੋਕ-ਪੱਖੀ ਧਾਰਾ ਜੋ ਵਗ ਰਹੀ ਐ, ਉਹਦੇ ਸਭਨਾਂ ਸਾਹਿਤਕਾਰਾਂ ਦੀ ਇਹ ਲੋਕ ਲਹਿਰ ਉਹਨਾਂ ਦਾ ਮੁੱਲ ਪਾਉਂਦੀ ਐ। ਉਹਨਾਂ ਨੂੰ ਸਨਮਾਨਤ ਕਰਦੀ ਐ। ਨਾ ਹੀ ਇਸ ਗੱਲ ਦਾ ਇਹ ਮੰਤਵ ਐ ਕਿ ਸਾਹਿਤਕਾਰ ਆਪਣੀ ਸਿਰਜਣਾ ਨੂੰ, ਕਿਸੇ, ਜਿਹਨੂੰ ਕਹਿੰਦੇ ਨੇ ਕਿਸੇ ਸੂਈ ਦੇ ਖਾਸ ਨੱਕੇ ਰਾਹੀਂ, ਕੋਈ ਸਾਹਿਤਕਾਰ, ਕੋਈ ਕਲਾਕਾਰ ਆਪਣੀ ਸਿਰਜਣਾ ਨੂੰ ਲੰਘਾਉਣ ਦੀ ਕੋਸ਼ਿਸ਼ ਕਰੇ। ਲੋਕਾਂ ਦੀ ਲਹਿਰ ਨੂੰ ਐਨੀ ਕੁ ਅਕਲ ਹੈਗੀ ਐ। ਲੈਨਿਨ ਨੂੰ ਅਕਲ ਸੀ ਕਿ ਟਾਲਸਟਾਏ ਦਾ ਮੁੱਲ ਕੀ ਐ। ਲੋਕਾਂ ਦੀ ਲਹਿਰ ਸਿਰਜਣਾ ਨੂੰ ਬੇੜੀਆਂ ਨਹੀਂ ਪਾਉਣਾ ਚਾਹੁੰਦੀ। ਸਿਰਜਣਾ ਦੇ ਖੁੱਲ• ਕੇ ਵਗਣ ਦੀ ਮੁਦੱਈ ਐ। ਪਰ ਉਸ ਸਿਰਜਣਾ ਨੂੰ ਇਉਂ ਵਗਣਾ ਚਾਹੀਦੈ ਤਾਂ ਕਿ ਉਹ ਜਿਹੜੀ ਫੁੱਲਾਂ ਜੋਗੀ ਜ਼ਮੀਨ ਐ, ਸਾਰੀ ਧਰਤੀ 'ਤੇ ਉਸਦਾ ਪਸਾਰਾ ਹੋ ਸਕੇ। ਸਾਰੀ ਧਰਤੀ ਫੁੱਲਾਂ ਦੀ ਜ਼ਮੀਨ ਬਣ ਸਕੇ। ਸਿਰਜਣਾ ਨੂੰ ਜੇ ਬੇੜੀਆਂ ਪਈਆਂ ਨੇ, ਤਾਂ ਰਾਜਸੱਤਾ ਨੇ ਪਾਈਆਂ ਨੇ, ਜੇ ਸਿਰਜਣਾ ਨੂੰ ਬੇੜੀਆਂ ਪਈਆਂ ਨੇ ਤਾਂ ਉਹਨਾਂ ਜਮਾਤਾਂ ਨੇ ਪਾਈਆਂ ਨੇ ਜਿਹੜੀਆਂ ਸਿਰਜਣ ਸ਼ਕਤੀ ਦੀ, ਸਿੱਕਿਆਂ ਦੇ ਮਗਰ ਮਿਰਗ ਦੌੜ ਕਰਾਉਂਦੀਆਂ ਨੇ। ਜਿਹੜੀਆਂ ਕਲਾਕਾਰਾਂ ਦੀਆਂ, ਸਾਹਿਤਕਾਰਾਂ ਦੀਆਂ ਕਲਮਾਂ ਨੂੰ, ਜੰਜੀਰਾਂ ਪਹਿਨਾਉਂਦੀਆਂ ਨੇ। ਤੇ ਉਹ ਤਾਕਤਾਂ ਸਿਰਜਣਾ ਦੀਆਂ ਦੁਸ਼ਮਣ ਨੇ, ਜਿਹਨਾਂ ਦਾ ਸਾਹਮਣਾ ਕਰਦੇ ਹੋਏ, ਪੰਜਾਬੀ ਕਵੀ ਸੁਰਜੀਤ ਪਾਤਰ ਨੇ ਕਿਹਾ ਸੀ,
ਉਂਝ ਤਾਂ ਉਸ ਸ਼ਾਇਰ ਨੂੰ ਆਪਣੇ ਖਿਆਲ ਪਿਆਰੇ ਨੇ
ਪਰ ਆਪਣੇ ਖਿਆਲਾਂ ਤੋਂ ਵਧ ਕੇ ਆਪਣੇ ਲਾਲ ਪਿਆਰੇ ਨੇ
ਅੱਧੀ ਰਾਤੀਂ ਫੁੱਟਦੀਆਂ ਨਜ਼ਮਾਂ ਦਫ਼ਨ ਕਲੇਜੇ ਕਰਦਾ ਹੈ
ਇੱਕ ਸ਼ਾਇਰ ਮੌਤੋਂ ਡਰਦਾ ਹੈ, ਇੱਕ ਸ਼ਾਇਰ ਮੌਤੋਂ ਡਰਦਾ ਹੈ
ਇਹ ਲੜਾਈ ਸਾਹਿਤਕਾਰਾਂ ਨੂੰ ਮੌਤ ਦੇ ਡਰ ਤੋਂ ਮੁਕਤ ਕਰਨ ਦੀ ਲੜਾਈ ਐ। ਸਿਰਜਣਾ ਨੂੰ ਪਈਆਂ ਬੇੜੀਆਂ ਨੂੰ ਤੋੜ ਦੇਣ ਦੀ ਲੜਾਈ ਐ। ਤੇ ਅੱਜ ਅਸੀਂ ਕਹਿੰਦੇ ਆਂ ਕਿ ਬਹੁਤ ਹੀ ਮਹੱਤਵਪੂਰਨ ਦਿਨ ਐ। ਜਿਸਨੂੰ ਸੰਤੋਖ ਸਿੰਘ ਧੀਰ ਹੋਰਾਂ ਨੇ ਇਤਿਹਾਸਕ ਦਿਨ ਕਿਹੈ, ਪੰਜਾਬੀ ਲੋਕਾਂ ਦਾ ਸਾਹਿਤ, ਲੋਕਾਂ ਦੀ ਕਲਾ ਤੇ ਲੋਕਾਂ ਦੀ ਲਹਿਰ ਨੂੰ, ਇਸ ਸੁੱਚੇ ਰਿਸ਼ਤੇ ਨੂੰ, ਅਸੀਂ ਹੋਰ ਗੂੜ•ਾ ਕਰਨਾ ਚਾਹੁੰਨੇ ਆਂ, ਤਾਂ ਕਿ ਇੱਕ ਨਵਾਂ ਸਮਾਜ ਸਿਰਜਿਆ ਜਾ ਸਕੇ। ਤਰੱਕੀ ਦਾ ਯੁੱਗ ਉਹ ਯੁੱਗ ਲਿਆਂਦਾ ਜਾ ਸਕੇ ਤਾਂ ਕਿ ਸਾਡੀ ਕਲਾ ਵੀ ਆਜ਼ਾਦ ਹੋਵੇ। ਇਥੇ ਬੰਦਾ ਵੀ ਆਜ਼ਾਦ ਹੋਵੇ, ਸਾਡੀ ਕਿਰਤ ਵੀ ਆਜ਼ਾਦ ਹੋਵੇ। ਆਜ਼ਾਦੀ ਦੀ ਉਸ ਲੜਾਈ ਵਿੱਚ ਰਲ ਕੇ ਅੱਗੇ ਕਦਮ ਵਧਾਉਣ ਦਾ ਅਹਿਦ ਕਰਨ ਲਈ, ਅੱਜ ਇਸ ਧਰਤੀ ਦੇ ਉੱਤੇ ਅਸੀਂ ਆਏ ਆਂ। ਜੇ ਗੁਰਸ਼ਰਨ ਸਿੰਘ ਹੋਰੀਂ ਇਸ ਲੜਾਈ ਦੇ ਜਰਨੈਲ ਨੇ। ਉਹ ਪੰਜਾਬੀ ਸਾਹਿਤ (ਪੰਡਾਲ ਵਿੱਚੋਂ ਨਾਹਰੇ ਗੂੰਜਦੇ ਹਨ, ਗੁਰਸ਼ਰਨ ਸਿੰਘ ਜ਼ਿੰਦਾਬਾਦ!) ਅਤੇ ਪੰਜਾਬੀ ਕਲਾ ਦੇ ਲੋਕਾਂ ਦੀ ਲਹਿਰ ਨਾਲ ਰਿਸ਼ਤੇ ਦਾ, ਉਹ ਬਹੁਤ ਮਜਬੂਤ ਥੰਮ• ਨੇ। ਇਸ ਥੰਮ• ਨੂੰ ਬਹੁਤ ਸਤਿਕਾਰਿਆ ਜਾਂਦੈ। ਤੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਲੋਕ ਲਹਿਰ ਦਾ ਤੇ ਪੰਜਾਬ ਦੇ ਸਾਹਿਤ ਦਾ, ਕਲਾ ਦੀ ਲਹਿਰ ਦਾ ਇਹ ਥੰਮ• ਵਰਾਸਤ ਬਣੇ। ਉੱਚਾ ਹੋਵੇ। ਅੱਜ ਜਦੋਂ ਗੁਰਸ਼ਰਨ ਸਿੰਘ ਹੋਰੀਂ ਮੰਚ 'ਤੇ ਚੜ• ਰਹੇ ਸੀ- ਉਹਨਾਂ ਨੂੰ ਸਹਾਰਾ ਦੇ ਕੇ.. ..ਇਸ ਮੰਚ 'ਤੇ ਲਿਆਂਦਾ ਗਿਐ। ਇਹ ਦ੍ਰਿਸ਼ ਪਿਛਲੇ ਅਰਸੇ ਤੋਂ ਅਸੀਂ, ਜਦੋਂ ਇਹ ਨਾਟਕਾਂ 'ਚ ਆਉਂਦੇ ਨੇ ਸਟੇਜਾਂ ਦੇ ਉੱਤੇ, ਦੇਖਦੇ ਆਂ, ਇੱਕ ਫਿਕਰਮੰਦੀ ਜਾਗਦੀ ਐ, ਕਿੰਨਾ ਚਿਰ ਗੁਰਸ਼ਰਨ ਸਿੰਘ ਸਾਡੇ ਦਰਮਿਆਨ ਹੋਣਗੇ, ਪਰ ਦੂਸਰੇ ਪਾਸੇ ਜੋ ਗੁਰਸ਼ਰਨ ਸਿੰਘ ਹੋਰਾਂ ਦਾ ਜਜ਼ਬਾ ਐ, ਭਖਦਾ ਇਨਕਲਾਬੀ ਜਜ਼ਬਾ, ਜਦੋਂ ਉਹਦੇ 'ਤੇ ਝਾਤ ਮਾਰਦੇ ਹਾਂ ਤਾਂ ਉਹ ਇਹ ਕਹਿੰਦਾ ਨਜ਼ਰ ਆਉਂਦੈ ਕਿ
ਖਿੜਦੇ ਫੁੱਲਾਂ ਦੀ ਰੁੱਤ ਵਰਗਾ
ਖਿੜਦੇ ਫੁੱਲਾਂ ਦੀ ਰੁੱਤ ਵਰਗਾ
ਸੱਜਰੇ ਸੂਰਜ ਦੀ ਧੁੱਪ ਵਰਗਾ
ਇਹਦਾ ਕਣ ਕਣ ਕਰਨੀ ਵਿੱਚ ਭਿੱਜਿਆ
ਸਾਡਾ ਹਰ ਪਲ ਜੋਬਨ ਰੁੱਤ ਵਰਗਾ
ਸਤਰੰਗੀਆਂ ਪੀਂਘਾਂ ਵਿੱਚ ਜਗਦੇ
ਸੁਪਨੇ ਦੇ ਉਜਲੇ ਮੁੱਖ ਵਰਗਾ
ਅਸੀਂ ਢਲਦੇ ਤਨ ਦੇ ਫਿਕਰਾਂ ਨੂੰ
ਸੀਨੇ ਚਿਪਕਾ ਕੇ ਕੀ ਲੈਣਾ
ਅਸੀਂ ਢਲਦੇ ਤਨ ਦੇ ਫਿਕਰਾਂ ਨੂੰ
ਸੀਨੇ ਚਿਪਕਾ ਕੇ ਕੀ ਲੈਣਾ
ਤੇ ਇਸ ਤੋਂ ਪਿੱਛੋਂ ਅਸੀਂ ਇਹ ਦੇਖਦੇ ਆਂ ਕਿ ਗੁਰਸ਼ਰਨ ਸਿੰਘ ਹੋਰਾਂ ਨੇ ਅਮਰ ਕਲਾ ਦੀ ਸਿਰਜਣਾ ਕੀਤੀ ਐ। ਉਹ ਆਪਣੀ ਇਸ ਕਲਾ ਦੀ ਇਸ ਸਿਰਜਣਾ ਰਾਹੀਂ ਉਹ ਯੁੱਗਾਂ ਯੁੱਗਾਂ ਤੱਕ ਪੰਜਾਬ ਦੇ ਇਸ ਦੇਸ਼ ਦੇ ਲੋਕਾਂ ਦੇ ਮਨਾਂ ਵਿੱਚ ਵਸ ਜਾਣਗੇ। ਉਹਨਾਂ ਨੇ ਜੋ ਸਿਰਜਿਆ ਐ, ਜੋ ਮੰਚ 'ਤੇ ਸਿਰਜਿਐ, ਉਹਨਾਂ ਦੀ ਸਿਰਜਣਾ ਮੰਚ 'ਤੇ ਸਮਾਪਤ ਨਹੀਂ ਹੁੰਦੀ। ਲੋਕਾਂ ਦੇ ਮਨਾਂ ਵਿੱਚ ਜਾਂਦੀ ਐ। ਜਿੰਦਗੀ ਦੇ ਸਿਰਜਣਹਾਰਿਆਂ ਦੀ ਤਾਕਤ ਨੂੰ ਝੂਣ ਕੇ ਜਗਾਉਂਦੀ ਐ। ਔਰ ਉਹ ਜਿਹੜੀ ਕਲਾ ਮੰਚ ਤੋਂ ਬਾਹਰ ਵੀ ਆਪਣਾ ਕਾਰਜ ਜਾਰੀ ਰੱਖਦੀ ਐ। ਵੱਡੀ ਸਿਰਜਣਾ ਦੇ ਵਿੱਚ ਕਲਾ ਨੂੰ ਹਿੱਸੇਦਾਰ ਬਣਾਉਣਾ ਇਹ ਮਿਸਾਲ ਐ, ਗੁਰਸ਼ਰਨ ਸਿੰਘ ਹੋਰਾਂ ਦੀ। ਔਰ ਇਸ ਸਿਰਜਣਾ ਨੇ ਸਦਾ ਅਮਰ ਰਹਿਣੈ।
ਜਿਉਂਦੇ ਰੰਗ ਦੀਆਂ ਤਰੰਗਾਂ ਨੇ
ਕੱਲ• ਦਾ ਲਿਸ਼ਕਾਰਾ ਹੋ ਜਾਣਾ
(ਗੁਰਸ਼ਰਨ ਸਿੰਘ ਹੋਰੀਂ ਕਿੰਨੀ ਦੇਰ ਹੋਣਗੇ, ਉਹ ਯੁੱਗ ਯੁੱਗ ਜੀਣ, ਅਸੀਂ ਕਹਿ ਨਹੀਂ ਸਕਦੇ ਪਰ ਇੱਕ ਗੱਲ ਜ਼ਰੂਰ ਕਹਿ ਸਕਦੇ ਆਂ, ਸਾਰੇ ਸਾਹਿਤਕਾਰ, ਕਲਾਕਾਰ ਲੋਕ, ਉਹਨਾਂ ਨਾਲ ਕਹਿ ਸਕਦੇ ਨੇ।
ਜਿਉਂਦੇ ਰੰਗ ਦੀਆਂ ਤਰੰਗਾਂ ਨੇ
ਕੱਲ• ਦਾ ਲਿਸ਼ਕਾਰਾ ਹੋ ਜਾਣਾ
ਸਾਡੇ ਕਰਮਾਂ ਦੀਆਂ ਪੈੜਾਂ ਨੇ
ਜੀਵਨ ਦੀ ਧਾਰਾ ਹੋ ਜਾਣਾ
ਕਿਰਤਾਂ ਦੇ ਕੂਚ ਨਗਾਰੇ ਦਾ
ਜੇਤੂ ਧਮਕਾਰਾ ਹੋ ਜਾਣਾ
ਸੂਹਾਂ ਵਿੱਚ ਰਚ ਕੇ ਜ਼ਿੰਦਗੀ ਦੇ
ਅਸੀਂ ਸਦਾ ਸਦਾ ਲਈ ਜੀ ਰਹਿਣਾ।
ਸਾਹਾਂ ਵਿੱਚ ਰਚ ਕੇ ਜ਼ਿੰਦਗੀ ਦੇ
ਅਸੀਂ ਸਦਾ ਸਦਾ ਲਈ ਜੀ ਰਹਿਣਾ।
(ਨਮਸਕਾਰ! ਧੰਨਵਾਦ!!)
''ਇਹ ਸਨਮਾਨ ਇੱਕ ਇਤਿਹਾਸ ਬਣੇਗਾ''
-ਸੰਤੋਖ ਸਿੰਘ ਧੀਰ
ਗੁਰਸ਼ਰਨ ਸਿੰਘ ਜੀ, ਉਹਨਾਂ ਦੀ ਬਹੁਤ ਹੀ ਸਤਿਕਾਰਯੋਗ ਪਤਨੀ, ਸ੍ਰੀਮਤੀ ਕੈਲਾਸ਼ ਕੌਰ ਜੀ, ਪਰਧਾਨਗੀ ਮੰਡਲ ਦੇ ਸੱਜਣੋਂ! ਮੈਂ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਦਾ ਔਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਆਂ, ਜਿਹਨਾਂ ਨੇ ਆਪਣੇ ਸਪੂਤ, ਇਨਕਲਾਬੀ ਸੰਗਰਾਮੀਏ ਨੂੰ, ਐਨੀ ਵਿਸ਼ਾਲ ਪੱਧਰ ਦੇ ਉੱਤੇ ਸਨਮਾਨਣ ਦਾ ਯਤਨ ਕੀਤਾ ਹੈ, ਪ੍ਰਬੰਧ ਕੀਤਾ ਹੈ। ਜਦੋਂ ਮਿੱਤਰੋ, ਤੁਹਾਡੇ ਕੋਲ ਹਾਜ਼ਰ ਹੋਣ ਲਈ ਕਿਹਾ ਗਿਆ ਕਲਪਨਾ ਤਾਂ ਮੈਂ ਉਦੋਂ ਈ ਕਰਦਾ ਸੀ ਬਈ ਕਿੰਨਾ ਕੁ ਇਕੱਠ ਹੋਊਗਾ। ਮੈਂ ਕਾਫੀ 'ਕੱਠ ਦੀ ਕਲਪਨਾ ਕਰ ਰਿਹਾ ਸੀ ਕਿ ਐਨਾ ਕੁ ਹੋ ਜਾਵੇਗਾ, ਪਰ ਯਕੀਨ ਜਾਣੋ, ਮੇਰੀ ਕਲਪਨਾ ਝੂਠੀ ਪੈ ਗਈ। ਇਤਨਾ ਇਕੱਠ ਹੈ! ਵਿਸ਼ਾਲ ਇਕੱਠ ਹੈ। ਸ੍ਰੀ ਗੁਰਸ਼ਰਨ ਸਿੰਘ ਜੀ ਜਿਸ ਕਿਸਮ ਦੇ ਸਨਮਾਨ ਦੇ ਯੋਗ ਸਨ, ਉਸੇ ਕਿਸਮ ਦਾ ਸਨਮਾਨ ਇਹਨਾਂ ਦਾ ਹੋ ਰਿਹਾ ਹੈ। ਇੱਕ ਲੋਕ-ਸੰਗਰਮਾਈਏ ਦਾ, ਲੋਕਾਂ ਦੇ ਸੇਵਕ ਦਾ, ਸਾਰੀ ਜ਼ਿੰਦਗੀ ਲੋਕਾਂ ਲਈ ਜੂਝਣ ਵਾਲੇ ਦਾ, ਇਨਕਲਾਬ ਤੋਂ ਪਹਿਲਾਂ ਹੀ, ਦੇਸ਼ ਦੀ ਹਾਲਤ ਬਦਲਣ ਤੋਂ ਪਹਿਲਾਂ ਇਹ ਸਨਮਾਨ ਇਹਨਾਂ ਦਾ ਹੋ ਰਿਹੈ, ਇਹ ਬਹੁਤ ਬੜੀ ਗੱਲ ਐ। ਜਿਸ ਕਿਸਮ ਦਾ ਸਮਾਜ ਅਸੀਂ ਸਿਰਜਣਾ ਚਾਹੁੰਦੇ ਹਾਂ, ਆਪਾਂ ਸਾਰੇ ਜਣੇ, ਜਦੋਂ ਉਹ ਸਮਾਜ ਸਿਰਜਿਆ ਗਿਆ ਤਾਂ ਉਹ ਇਸ ਤਰ•ਾਂ ਦਾ ਸਨਮਾਨ ਹੋਊਗਾ। ਪਰ ਉਹ ਸਨਮਾਨ ਤਾਂ ਫਿਰ ਸਾਡੀਆਂ ਸਰਕਾਰਾਂ ਦੇਣਗੀਆਂ। ਪਰ ਅਜ ਜੋ ਹੋਵੇਗਾ, ਇਹ ਸਨਮਾਨ ਵੀ ਇੱਕ ਇਤਿਹਾਸ ਬਣੇਗਾ, ਇਸ ਸਨਮਾਨ ਦਾ ਇਨਕਲਾਬੀਆਂ ਦੇ ਇਤਿਹਾਸ ਵਿਚ ਬਹੁਤ ਬੜਾ ਮਹੱਤਵ ਹੈ।
ਗੁਰਸ਼ਰਨ ਸਿੰਘ ਜੀ ਨੇ ਨਾਟਕ ਲਹਿਰ ਸ਼ੁਰੂ ਕੀਤੀ, ਪੰਜਾਬ ਦੇ ਵਿਚ। ਸਭ ਤੋਂ ਪਹਿਲਾਂ ਇਹਨਾਂ ਦਾ ਇੱਕ ਨਾਟਕ ਹੁੰਦਾ ਸੀ- ਨੰਗਾ ਆਦਮੀ। ਨੰਗਾ ਆਦਮੀ ਤੋਂ ਮਤਲਬ ਐ, ਸੱਚਾ ਬੰਦਾ। ਨੰਗੇ ਆਦਮੀ ਨੂੰ ਕਿਸੇ ਤੋਂ ਭੈਅ ਨਹੀਂ। ਉਹ ਨੰਗਾ ਆਦਮੀ ਐ। ਤਲਵਾਰ ਵਰਗਾ ਨੰਗਾ। ਅੱਗ ਦੀਆਂ ਲਾਟਾਂ ਵਰਗਾ ਨੰਗਾ। ਸੁਰਜ ਵਰਗਾ ਨੰਗਾ ਆਦਮੀ, ਜਿਸ ਨੂੰ ਕਿਸੇ ਦਾ ਡਰ-ਭੈਅ ਨਹੀਂ। ਉਹ ਨੰਗਾ ਆਦਮੀ ਇਨ•ਾਂ ਨੇ ਸਟੇਜ 'ਤੇ ਪੇਸ਼ ਕੀਤਾ। ਉਸਨੇ ਇਨਕਲਾਬੀ ਸੁਨੇਹਾ ਦਿੱਤਾ; ਲੋਕਾਂ ਵਿਚ ਜਿਸ ਦਾ ਕੋਈ ਜੁਆਬ ਨਹੀਂ। ਫਿਰ ਇਹਨਾਂ ਦਾ ਨਾਟਕ ਧਮਕ ਨਗਾਰੇ ਦੀ, ਉਹਦਾ ਪਾਤਰ ਅਕਬਰ ਬਾਦਸ਼ਾਹ ਦੇ ਨਾਲ ਟੱਕਰ ਲੈਂਦੈ, ਆਪਣੇ ਸਮੇਂ ਦੇ ਵਿਚ। ਅਕਬਰ ਬਾਦਸ਼ਾਹ ਦੇ ਤਖਤ ਦੇ ਪਾਵਿਆਂ ਨੂੰ ਹਿਲਾ ਰਿਹੈ। ਫਿਰ ਸਾਰੇ ਜਾਣਦੇ ਨੇ, ਪੰਜਾਬ ਦੇ ਬੱਚੇ ਬੱਚੇ ਨੇ ਦੇਖਿਐ ਉਹ ਨਾਟਕ ''ਭਾਈ ਮੰਨਾ ਸਿੰਘ''। ਜਿਸ ਵੇਲੇ ਟੈਲੀਵੀਜ਼ਨ ਉੱਤੇ ਮੰਨਾ ਸਿੰਘ ਨਾਟਕ ਲੱਗ ਜਾਂਦਾ- ਔਰਤਾਂ, ਮਰਦ, ਬਾਲ-ਬੱਚੇ ਪੰਜਾਬ ਦੇ, ਆਪਣਾ ਕੰਮ ਛੱਡ ਕੇ ਨਾਟਕ ਵੇਖਣ ਲੱਗ ਜਾਂਦੇ, ''ਭਾਈ ਮੰਨਾ ਸਿੰਘ ਆ ਗਿਆ'', ''ਭਾਈ ਮੰਨਾ ਸਿੰਘ ਆ ਗਿਆ।'' ਗੁਰਸ਼ਰਨ ਸਿੰਘ ਹੋਰਾਂ ਦਾ ਨਾਉਂ ਗੁਰਸ਼ਰਨ ਸਿੰਘ ਨਹੀਂ ਰਿਹਾ, ਇਹਨਾਂ ਦੇ ਦਰਸ਼ਕਾਂ ਨੇ ਇਹਨਾਂ ਦਾ ਨਾਂ ਭਾਈ ਮੰਨਾ ਸਿੰਘ ਰੱਖ ਦਿੱਤਾ। ਇਹ ਹੈ, ਇਹਨਾਂ ਦੇ ਨਾਟਕ ਦੀ ਕਾਮਯਾਬੀ। ਨਾਟਕਕਾਰ ਦਾ ਨਾਉਂ ਉਹਦੇ ਪਾਤਰ ਦੇ ਨਾਂ 'ਤੇ ਚੱਲਿਆ। ਗੁਰਸ਼ਰਨ ਸਿੰਘ ਜੀ ਨੇ ਆਪਣੇ ਨਾਟਕਾਂ ਰਾਹੀਂ ਪੰਜਾਬ ਦੇ ਲੋਕਾਂ ਵਿਚ ਜਾਗਰਤੀ ਫੈਲਾਈ। ਉਸ ਜਾਗਰਤੀ ਕਾਰਨ ਇਹ ਆਪਣੇ ਆਪ ਵਿਚ ਇੱਕ ਲਹਿਰ ਬਣੇ। ਗੁਰਸ਼ਰਨ ਸਿੰਘ ਜੀ ਇੱਕ ਵਿਅਕਤੀ ਨਹੀਂ। ਮੈਂ ਸੰਸਥਾ ਵੀ ਨਹੀਂ ਕਹੂੰਗਾ। ਇਹ ਸ਼ਬਦ ਵੀ ਛੋਟਾ ਰਹਿ ਜਾਂਦੈ। ਇਹ ਇੱਕ ਲਹਿਰ ਨੇ ਆਪਣੇ ਆਪ ਦੇ ਵਿਚ, ਜਿਹੜੀ ਲਹਿਰ ਨੇ ਲੋਕਾਂ ਦੇ ਵਿਚ, ਪੰਜਾਬ ਵਿਚ ਨਾਟਕਾਂ ਨਾਲ ਪੰਜਾਬੀਆਂ ਦੀਆਂ ਅੱਖਾਂ ਖੋਲ•ੀਆਂ। ਪੰਜਾਬੀਆਂ ਨੂੰ ਜਾਗਰਤ ਕੀਤਾ। ਪੰਜਾਬ ਦਾ ਸਿਰ ਉੱਚਾ ਕੀਤਾ। ਇਸ ਲਈ ਮੈਂ ਗੁਰਸ਼ਰਨ ਸਿੰਘ ਜੀ ਨੂੰ, ਇਸ ਮੌਕੇ ਉਤੇ ਬਹੁਤ ਬਹੁਤ ਮੁਬਾਰਕਵਾਦ ਦਿੰਨਾਂ। ਬਹੁਤ ਬਹੁਤ ਮੁਬਾਰਕਵਾਦ! ਮੈਂ ਆਪਣੇ ਵੱਲੋਂ ਵੀ, ਪੰਜਾਬੀ ਦੇ ਸਾਰੇ ਲੇਖਕਾਂ ਵੱਲੋਂ ਵੀ, ਜਿਹੜੇ ਇਥੇ ਨਹੀਂ ਵੀ; ਉਹਨਾਂ ਵੱਲੋਂ ਵੀ, ਇਹਨਾਂ ਨੂੰ ਬਹੁਤ ਬਹੁਤ ਮੁਬਾਰਕਵਾਦ ਪੇਸ਼ ਕਰਦਾਂ!
ਇੱਕ ਗੱਲ ਦੀ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਨਾ- ਮੈਂ ਕਮਿਊਨਿਸਟ ਆਂ, ਗੁਰਸ਼ਰਨ ਸਿੰਘ ਜੀ ਵੀ ਕਮਿਊਨਿਸਟ ਨੇ। ਅਸੀਂ ਮਾਰਕਸਵਾਦ ਨੂੰ ਮੰਨਣ ਵਾਲੇ ਆਂ, ਲੈਨਿਨਵਾਦ ਨੂੰ ਮੰਨਣ ਵਾਲੇ ਆਂ। ਸਾਡਾ ਲੀਡਰ ਮਾਰਕਸ ਐ, ਸਾਡਾ ਲੀਡਰ ਲੈਨਿਨ ਐ, ਸਾਡਾ ਲੀਡਰ ਕਾਮਰੇਡ ਸਟਾਲਿਨ ਐ। ਸਾਡਾ ਲੀਡਰ ਕਾਮਰੇਡ ਮਾਓ-ਜ਼ੇ-ਤੁੰਗ ਐ। ਅਸੀਂ ਅੱਜ ਇੱਕ ਗੀਤ ਗਾਇਆ ਹੈ ਕਿ ਅਸੀਂ ਕੁਹਰਾਮ ਮਚਾ ਦਿਆਂਗੇ। ਠੀਕ, ਬਿਲਕੁਲ ਠੀਕ। ਅਸੀਂ ਕੁਹਰਾਮ ਮਚਾ ਸਕਦੇ ਹਾਂ। ਅਸੀਂ ਕੁਹਰਾਮ ਮਚਾਵਾਂਗੇ ਵੀ। ਪਰ ਕਿਸ ਤਰ•ਾਂ ਮਚਾਵਾਂਗੇ? ਅਸੀਂ 'ਕੱਲੇ 'ਕੱਲੇ ਹੋ ਕੇ ਕੁਹਰਾਮ ਨਹੀਂ ਮਚਾ ਸਕਦੇ।............... ਇਕੱਠੇ ਹੋ ਕੇ ਲੜਾਈ ਲੜੀਏ ਔਰ ਹਿੰਦੋਸਤਾਨ ਦੇ ਵਿਚ ਉਹ ਜੁਗਗਰਦੀ ਲਿਆਈਏ, ਜਿਹੜੀ ਜੁਗਗਰਦੀ ਸਾਰੀਆਂ ਬਦਮਾਸ਼ੀਆਂ ਨੂੰ ਨੇਸਤੋਨਾਬੂਦ ਕਰ ਦੇਵੇ। ਇਹ ਹੁਣ ਤੁਹਾਡੇ ਹੱਥ ਹੈ। ਬਹੁਤ ਬਹੁਤ ਧੰਨਵਾਦ!
(ਸੰਖੇਪ ਰੂਪ)
''ਅੱਜ ਕੁੱਸੇ ਦੀ ਧਰਤੀ ਨੇ ਬਹੁਤ ਲੰਮੀ ਅਤੇ ਸੋਹਣੀ ਕਵਿਤਾ ਲਿਖੀ ਹੈ''
-ਸੁਰਜੀਤ ਪਾਤਰ
ਸਾਡੇ ਸਾਰਿਆਂ ਦੇ ਸਤਿਕਾਰ ਅਤੇ ਪਿਆਰ ਦੇ ਕੇਂਦਰ ਸਾਡੇ ਮਰਕਜ ਕਈ ਵਾਰ ਹਨੇਰਿਆਂ ਵਿੱਚ ਇੱਕਲੀ ਜਗਣ ਵਾਲੀ ਮਿਸ਼ਾਲ ਗੁਰਸ਼ਰਨ ਸਿੰਘ ਜੀ, ਭਾਅ ਜੀ, ਉਹਨਾਂ ਦਾ ਪਿਆਰਾ ਪਰਿਵਾਰ, ਪ੍ਰਧਾਨਗੀ ਮੰਡਲ, ਸਾਹਿਤਕਾਰ, ਦੋਸਤੋ, ਦੁਰ ਦੂਰ ਤੱਕ ਸਜੇ ਮੇਰੇ ਪਿਆਰੇ ਲੋਕੋ, ਸਭ ਤੋਂ ਪਹਿਲਾਂ ਮੈਂ ਸਰਦਾਰ ਗੁਰਸ਼ਰਨਸਿੰਘ ਸਨਮਾਨ ਕਮੇਟੀ ਦਾ ਅਹਿਸਾਨਮੰਦ ਆਂ, ਸਾਰੇ ਲੇਖਕਾਂ ਵੱਲੋਂ, ਸਾਰੇ ਪੰਜਾਬੀਆਂ ਵੱਲੋਂ ਜਿਹਨਾਂ ਨੇ ਇੱਕ ਐਸਾ ਵਿਸ਼ਾਲ ਔਰ ਸ਼ਾਨਦਾਰ ਸਮਾਗਮ ਕੀਤਾ ਮੇਰਾ ਖਿਆਲ ਐ ਕਿ ਪੰਜਾਬੀ ਸਾਹਿਤ ਦੇ ਸਮੁੱਚੇ ਇਤਿਹਾਸ ਵਿੱਚ ਕਿਸੇ ਵੀ ਸਾਹਿਤਕਾਰ ਦੇ ਮਾਣ ਨੂੰ ਐਡਾ ਵੱਡਾ ਸਨਮਾਨ ਅਜੇ ਤੱਕ ਕਿਸੇ ਨੂੰ ਨਹੀਂ ਮਿਲਿਆ, ਐਡਾ ਵੱਡਾ ਇਕੱਠ ਨਹੀਂ ਹੋਇਆ। ਮੈਂ ਸਮਝਦਾ ਹਾਂ ਕਿ ਉਹਨਾਂ ਨੇ ਸਮਾਗਮ ਰਚਾ ਕੇ ਸਾਡੇ ਹੰਝੂਆਂ ਨੂੰ ਦਰਿਆ ਬਣਾਉਣ ਦੀ ਕੋਸ਼ਿਸ਼ ਕੀਤੀ ਐ, ਸਾਡੇ ਹੌਕਿਆਂ ਨੂੰ ਲਹਿਰ ਦੇ ਇੱਕ ਝੱਖੜ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਐ, ਔਰ ਸਾਡੇ ਦਿਲਾਂ ਵਿੱਚ ਜਗ ਰਹੀ ਨਿੱਕੀ ਨਿੱਕੀ ਅੱਗ ਨੂੰ ਇੱਕ ਬਹੁਤ ਵੱਡਾ ਚਿਰਾਗ਼ਾਂ ਦਾ ਕਾਫ਼ਲਾ ਬਣਾਉਣ ਦੀ ਕੋਸ਼ਿਸ਼ ਕੀਤੀ ਐ, ਔਰ ਮੈਂ ਸਮਝਦਾਂ ਕਿ ਕਿਸੇ ਸ਼ਹਿਰ ਦੀ ਧਰਤੀ ਇਸ ਵੱਡੇ ਸਮਾਗਮ ਨੂੰ ਸਾਂਭ ਨਹੀਂ ਸਕਦੀ ਸੀ, ਉਹਨਾਂ ਨੇ ਕੁੱਸੇ ਦੀ ਧਰਤੀ 'ਤੇ ਇੱਕ ਇਹੋ ਜਿਹੀ ਕਵਿਤਾ ਲਿਖੀ ਐ, ਮੇਰੇ ਸਾਹਮਣੇ ਤੁਸੀਂ ਸਾਰੇ ਇਕੱਲੇ ਇਕੱਲੇ ਲਫਜ਼ ਹੋ, ਇੱਕ ਇੱਕ ਸ਼ਬਦ ਹੋ, ਔਰ ਜਿਹਨਾਂ ਸ਼ਬਦਾਂ ਨੇ ਇਕੱਲੇ ਇਕੱਲੇ ਰਲਾ ਕੇ ਇੱਕ ਬਹੁਤ ਲੰਮੀ, ਇੱਕ ਬਹੁਤ ਸੋਹਣੀ ਕਵਿਤਾ ਲਿਖੀ ਐ, ਔਰ ਮੈਂ ਸਮਝਦਾਂ ਕਿ ਮੁੱਦਤਾਂ ਤੋਂ ਮੈਂ ਐਨੀ ਲੰਮੀ ਅਤੇ ਐਨੀ ਸੋਹਣੀ ਕਵਿਤਾ ਨਹੀਂ ਸੀ ਪੜ•ੀ, ਜਿਹੜੀ ਅੱਜ ਮੈਂ ਆਪਣੇ ਸਾਹਮਣੇ ਲਿਖੀ ਹੋਈ ਪੜ• ਰਿਹਾ ਆਂ। ਇਸ ਧਰਤੀ ਉੱਤੋਂ ਐਨੀ ਸੋਹਣੀ ਕਵਿਤਾ ਲਿਖਣ ਲਈ ਮੈਂ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਨਮਾਨਤ ਕਰਨ ਵਾਲੀ ਕਮੇਟੀ ਦਾ ਅਹਿਸਾਨਮੰਦ ਆਂ। ਸਾਰੇ ਲੇਖਕਾਂ ਵੱਲੋਂ, ਸਾਰੇ ਪੰਜਾਬੀਆਂ ਵੱਲੋਂ, ਔਰ ਸਾਰੀ ਪੰਜਾਬੀ ਵਿਰਾਸਤ ਵੱਲੋਂ। ਮੈਂ ਸਮਝਦਾਂ ਕਿ ਜੋ ਗੁਰਸ਼ਰਨ ਸਿੰਘ ਭਾਅ ਜੀ, ਕਿਸੇ ਪੰਜਾਬੀ ਸ਼ਾਇਰ ਜਸਪਾਲ ਘਈ ਨੇ ਜੋ ਅੱਜ ਕੱਲ• ਹੋ ਰਿਹੈ, ਜੋ ਗਲੋਬਲਾਈਜੇਸ਼ਨ ਵਿੱਚ ਅਸੀਂ ਵਿਸ਼ਵ ਨੂੰ ਇੱਕ ਪਿੰਡ ਬਣਾਉਣ ਜਾ ਰਹੇ ਹਾਂ, ਉਹਨਾਂ ਦੋ ਲਾਇਨਾਂ ਲਿਖੀਆਂ ਕਿ
ਵਿਸ਼ਵ ਨੂੰ ਇੱਕ ਪਿੰਡ ਬਣਾਵਣ ਵਾਸਤੇ
ਵਿਸ਼ਵ ਦੇ ਸਭ ਪਿੰਡ ਉਜਾੜੇ ਜਾਣਗੇ।
ਇਹ ਜੋ ਵਿਸ਼ਵੀਕਰਨ ਐ, ਇਹ ਵਿਸ਼ਵ ਦੇ ਪਿੰਡ ਨੂੰ ਉਜਾੜ ਰਿਹੈ। ਲੇਕਿਨ ਭਾਅ ਜੀ ਗੁਰਸ਼ਰਨ ਸਿੰਘ ਇੱਕ ਵਾਹਦ ਇੱਕ ਇਨਸਾਨ ਨੇ ਜੋ ਸਾਡੀ ਕਿਤਾਬਾਂ ਵਿੱਚ ਸੁੱਤੀ ਕਵਿਤਾ ਨੂੰ ਦਿਮਾਗਾਂ ਵਿੱਚ ਲੁਕੀ ਕਵਿਤਾ ਨੂੰ ਇਕੱਲੇ ਇਕੱਲੇ ਪਿੰਡ ਵਿੱਚ ਲਿਜਾ ਕੇ ਉਹ ਜਿਉਂਦੀ ਕਰ ਰਹੇ ਸੀ। ਉਹ ਜੋ ਮੂਰਸ਼ਤ ਸੀ, ਉਹਨੂੰ ਜਾਗਰਤ ਕਰ ਰਹੇ ਸਨ। ਕਈ ਵਾਰ ਤਾਂ ਅਸੀਂ ਸਾਰੇ, ਬਾਕੀ ਸਾਰਾ ਜਹਾਨ, ਬਾਕੀ ਸਾਰੇ ਲੋਕ ਸੌਂ ਗਏ, ਸਿਰਫ ਇੱਕੋ ਇੱਕ ਆਵਾਜ਼ ਪਿੰਡਾਂ ਦੀਆਂ ਸੱਥਾਂ ਵਿੱਚ ਗੂੰਜਦੀ ਰਹੀ ਐ, ਉਹ ਗੁਰਸ਼ਰਨ ਸਿੰਘ ਹੋਰਾਂ ਦੀ ਆਵਾਜ਼ ਐ। ਔਰ ਮੈਂ ਸਮਝਦਾਂ ਕਿ ਹੋਰ ਬਹੁਤ ਰੰਗਕਰਮੀ ਹੋਣਗੇ ਲੇਕਿਨ ਦੁਨੀਆਂ ਦੇ ਇੱਕ ਲੋਕ ਰੰਗਮੰਚ ਦੇ ਵਿੱਚ ਇੱਕੋ ਇੱਕ ਸਭ ਤੋਂ ਵੱਡਾ ਇਨਸਾਨ ਗੁਰਸ਼ਰਨ ਸਿੰਘ ਐ, ਜਿਸ ਨੇ ਲੋਕ ਰੰਗਮੰਚ ਨੂੰ ਐਡੀ ਵੱਡੀ ਪੱਧਰ 'ਤੇ ਲਿਜਾਣ ਦਾ ਕੰਮ ਕੀਤਾ ਐ। ਔਰ ਮੈਂ ਬਹੁਤ ਧੰਨਵਾਦੀ ਆਂ, ਇਸ ਕਰਕੇ ਮੈਂ ਸਮਝਦਾਂ ਕਿ ਗੁਰਸ਼ਰਨ ਸਿੰਘ ਈ ਸਾਡੇ ਵਿਰਸੇ ਦਾ ਸੱਚਾ ਵਾਰਸ ਐ। ਬੇਸ਼ੱਕ ਉਸ ਗੱਲ ਦਾ ਦਾਅਵਾ ਬਹੁਤ ਲੋਕ ਕਰਨਗੇ ਪਰ ਮੈਂ ਸਮਝਦਾਂ ਸਾਡੇ ਵਿਰਸੇ ਦੀ ਜੋ ਉੱਚਤਾ ਸੀ, ਸ਼ਾਨ ਸੀ, ਜੋ ਉਹਦਾ ਸਾਹਸ ਸੀ, ਉਸ ਸਾਰੇ ਕੁਛ ਨੂੰ ਜੇ ਕਿਸੇ ਸਖਸ਼ ਨੇ ਸਾਡੇ ਸਾਰਿਆਂ ਦਾ ਪ੍ਰਤੀਨਿੱਧ ਬਣ ਕੇ ਜਿੰਦਾ ਰੱਖਿਆ ਤਾਂ ਉਹ ਭਾਅ ਜੀ ਗੁਰਸ਼ਰਨ ਸਿੰਘ ਐ। ਔਰ ਆਖਰੀ ਗੱਲ ਕਰਕੇ ਮੈਂ ਵਿਦਾ ਲੈਨਾਂ ਕਿ ਐਸ ਵੇਲੇ ਜਦੋਂ ਕਿ ਟੈਲੀਵੀਜ਼ਨ ਨੂੰ ਵੀ ਕਮਰਸ਼ੀਅਲ ਖੇਡਾਂ ਨੇ ਮੱਲ ਲਿਆ, ਫਿਲਮਾਂ ਨੂੰ ਤਾਂ ਬਹੁਤ ਦੇਰ ਤੋਂ ਮੱਲ ਲਿਆ ਸੀ, ਔਰ ਸਾਡੇ ਕੋਲ ਇੱਕੋ ਇੱਕ ਜਗਾਹ ਬਚੀ ਐ, ਉਹ ਹੈ ਰੰਗਮੰਚ, ਜਿਥੇ ਅਸੀਂ ਆਪਣੇ ਦੁੱਖਾਂ ਦਰਦਾਂ ਦੀ ਗੱਲ ਕਰ ਸਕਦੇ ਆਂ। ਜਿਥੇ ਅਸੀਂ ਆਪਣੇ ਮਸਲਿਆਂ ਬਾਰੇ ਸੋਚ ਸਕਦੇ ਆਂ। ਔਰ ਇਹ ਰੰਗਮੰਚ ਐਸ ਵੇਲੇ ਸਾਡੇ ਲਈ ਸਭ ਤੋਂ ਪਾਵਨ ਜਗਾਹ ਬਣ ਚੁੱਕਾ ਐ। ਔਰ ਇਸ ਪਾਵਨ ਜਗਾਹ ਦੇ ਇਸ ਪਾਵਨ ਸਖਸ਼ ਨੂੰ ਮੈਂ ਆਪਣਾ ਸਲਾਮ ਕਰਦਾ ਹੋਇਆ ਇਹਦੇ ਅੱਗੇ ਸਿਰ ਝੁਕਾਉਂਦਾ ਹੋਇਆ, ਕੁੱਸੇ ਦੀ ਇਸ ਪਿਆਰੀ ਧਰਤੀ ਨੂੰ, ਔਰ ਆਪਣੇ ਦੋਸਤਾਂ— ਪ੍ਰਮਿੰਦਰ ਸਿੰਘ, ਅਮੋਲਕ ਸਿੰਘ, ਜੱਸੀ ਔਰ ਸਾਰੇ ਸਨਮਾਨ ਕਮੇਟੀ ਦੇ ਪ੍ਰਬੰਧਕਾਂ ਨੂੰ ਮੈਂ ਆਪਣਾ ਅਹਿਸਾਨ ਮੰਨਦਾ ਹਾਂ ਕਿ ਤੁਸੀਂ ਸਾਰਿਆਂ ਸਾਡੇ ਸਾਰਿਆਂ 'ਤੇ ਇੱਕ ਬਹੁਤ ਵੱਡਾ ਅਹਿਸਾਨ ਕੀਤਾ ਐ, ਇਹ ਸਮਾਗਮ ਰਚਾ ਕੇ। ਇਸ ਸਨਮਾਨ ਨੇ ਦੱਸ ਦਿੱਤਾ ਐ ਕਿ ਅਸੀਂ ਅਜੇ ਡੱਬਿਆਂ ਵਿੱਚ ਕੈਦ ਨਹੀਂ ਹੋਏ। ਅਸੀਂ ਅਜੇ ਘਰਾਂ ਵਿੱਚ ਕੈਦ ਨਹੀਂ ਹੋਏ। ਸਾਡੇ ਵਿੱਚ ਕੋਈ ਤੜਪ ਜਿੰਦਾ ਹੈ, ਔਰ ਇਥੇ ਹੀ ਕੁੱਝ ਹੋਰ ਸੋਹਣਾ ਮੁਮਕਿਨ ਹੈ। ਬਹੁਤ ਬਹੁਤ ਧੰਨਵਾਦ!
''ਗੁਰਸ਼ਰਨ ਸਿੰਘ ਦਾ ਸਨਮਾਨ- ਪੰਜਾਬ ਦੇ ਦਲੇ-ਮਲੇ ਲੋਕਾਂ ਦਾ ਸਨਮਾਨ ਹੈ''
-ਡਾ. ਵਰਿਆਮ ਸਿੰਘ ਸੰਧੂ
ਮੰਚ 'ਤੇ ਬੈਠੇ ਹੋਰ ਸਾਹਿਬਾਨ, ਦੋਸਤੋ, ਪੰਡਾਲ ਦੇ ਵਿੱਚ ਬੈਠੇ ਹੋਏ ਵੀਰੋ ਤੇ ਭੈਣੋ, ਸਰਦਾਰ ਗੁਰਸ਼ਰਨ ਸਿੰਘ ਹੋਰਾਂ ਦੇ ਸਨਾਮਨ ਸਮਾਗਮ ਵਿੱਚ ਸਬ ਤੋਂ ਪਹਿਲਾਂ ਜਿਹੜੀ ਮੁਬਾਰਕ ਮੈਂ ਤੁਹਾਨੂੰ ਦੇਣੀ ਐ, ਉਹ ਸੰਗਤ ਰੂਪ ਵਿਚੱ ਬੈਠੇ ਹੋਏ ਤੁਹਾਡੇ ਅੰਦਰ ਵਸਦੇ ਗੁਰੂ ਨੂੰ ਦੇਣੀ ਹੈ। ਕਿਉਂਕਿ ਸਾਡੇ ਸਭਿਆਚਾਰ ਵਿੱਚ ਕਿਹਾ ਗਿਆ ਹੈ,
ਚਰਨ ਸ਼ਰਨ ਗੁਰ ਏਕ ਪੈਂਡਾ ਜਾਇ ਚੱਲ
ਸਤਿਗੁਰ ਕੋਟਿ ਪੈਂਡਾ ਆਗੇ ਹੋਏ ਵੇਖ
ਇਹ ਗੁਰਸ਼ਰਨ ਸਿੰਘ ਹੋਰਾਂ ਨੇ ਸਾਬਤ ਕੀਤਾ ਐ, ਕਿ ਉਹ ਜ਼ਿੰਦਗੀ ਭਰ ਆਪਣੇ ਲੋਕਾਂ ਵੱਲ ਮੂੰਹ ਕਰਕੇ ਤੁਰੇ ਨੇ ਤੇ ਅੱਜ ਉਹਨਾਂ 'ਤੇ ਆਪਣੇ ਲੋਕਾਂ ਵਿੱਚ ਬੈਠੇ ਹੋਏ ਗੁਰੂ ਨੇ, ਸੌ ਕਦਮ ਅੱਗੇ ਆ ਕੇ, ਹਜ਼ਾਰਾਂ ਬਾਹਵਾਂ ਖੋਲ• ਕੇ ਉਹਨਾਂ ਨੂੰ ਆਪਣੇ ਗਲ ਲਾ ਕੇ ਦੱਸਿਆ ਕਿ ਗੁਰਸ਼ਰਨ ਸਿੰਘ ਤੂੰ ਸਾਡਾ ਏਂ, ਅਸੀਂ ਤੇਰੇ ਆਂ। ਗੁਰਸ਼ਰਨ ਸਿੰਘ ਦਾ ਥੀਣਾ, ਪੰਜਾਬ ਦੇ ਸਮਾਜਿਕ ਸਭਿਆਚਾਰਕ ਜੀਵਨ ਵਿੱਚ ਇੱਕ ਬੜੀ ਮਹੱਤਵਪੂਰਨ ਘਟਨਾ ਹੈ। ਲੱਗਭੱਗ ਅੱਧੀ ਸਦੀ ਤੋਂ ਮੈਂ ਹਿਸਾਬ ਲਾਉਨੈਂ, ਕਿ ਪੰਜਾਬੀ ਸੋਚ ਨੂੰ ਇੱਕ ਨਵੀਂ ਦਿਸ਼ਾ ਦੇਣ ਵਾਸਤੇ ਗਤੀ ਦੇਣ ਵਾਸਤੇ, ਇੱਕ ਕਰਮਸ਼ੀਲ ਯੋਧੇ ਵਾਂਗ ਨਿਰੰਤਰ ਸੰਘਰਸ਼ ਵਿੱਚ ਜੁਟੀ ਰਹਿਣ ਵਾਲੀ ਸਖਸ਼ੀਅਤ, ਜਿਸ ਨੇ ਵੱਡਿਆਂ ਦੀ ਰੀਸ ਨਹੀਂ ਕੀਤੀ, ਜਿਸ ਨੇ ਛੋਟਿਆਂ ਦੇ ਨਾਲ, ਨੀਵਿਆਂ ਦੇ ਨਾਲ ਨਾਤਾ ਜੋੜ ਕੇ, ਉਹਨਾਂ ਦੇ ਦੁੱਖਾਂ ਦੇ ਨਾਲ ਆਪਣੇ ਆਪ ਨੂੰ ਜੋੜ ਕੇ, ਜ਼ੁਲਮ ਦੇ ਖਿਲਾਫ, ਧੱਕੇ ਦੇ ਖਿਲਾਫ, ਧੋਖੇ ਦੇ ਖਿਲਾਫ ਸਿੰਘ ਗਰਜਣਾ ਵਰਗੀ ਆਵਾਜ਼ ਬੁਲੰਦ ਕੀਤੀ ਸਾਰੀ ਜਿੰਦਗੀ। ਉਹ ਗੁਰਸ਼ਰਨ ਸਿੰਘ ਜਿਸਨੇ ਹਨੇਰੇ ਮਨਾਂ ਵਿੱਚ ਰੌਸ਼ਨੀ ਦੇ ਬੀਜ ਬੀਜੇ। ਬੁਝੇ ਹੋਏ ਮਨਾਂ ਦੇ ਵਿੱਚ ਜੋਤਾਂ ਜਗਾਈਆਂ ਨੇ। ਮੈਂ ਕਹਿਨਾ ਕਿ ਗੁਰਸ਼ਰਨ ਸਿੰਘ ਹੋਣਾ ਕੋਈ ਸੌਖੀ ਗੱਲ ਨਹੀਂ। ਗੁਰਸ਼ਰਨ ਸਿੰਘ ਹੋਣਾ, ਜ਼ਿੰਦਗੀ ਲਈ ਗਲ ਗਲ ਤੱਕ ਭਰੇ ਹੋਏ ਮੋਹ ਦਾ ਹੋਣਾ ਹੈ। ਗੁਰਸ਼ਰਨ ਸਿੰਘ ਦਾ ਹੋਣਾ ਅੱਥਰੂਆਂ ਦਾ ਚੰਗਿਆੜਿਆਂ ਵਿੱਚ ਬਦਲਣਾ ਹੈ। ਗੁਰਸ਼ਰਨ ਸਿੰਘ ਦਾ ਹੋਣਾ ਸਟੇਨਾਂ ਅਤੇ ਸੰਗੀਨਾਂ ਦੇ ਵਿਚਕਾਰ ਦੋਵੇਂ ਬਾਹਵਾਂ ਖੋਲ• ਕੇ ਛਾਤੀ ਦਾ ਚੌੜਾ ਹੋਣਾ ਹੈ। ਔਰ ਸਿਰ ਮਾਣ ਵਿੱਚ ਉੱਚੇ ਸੁੱਚੇ ਹੋਣ ਦਾ ਹੈ। ਮੁਕੰਮਲ ਗੁਰਸ਼ਰਨ ਸਿੰਘ ਹੋਣਾ ਭਾਵੇਂ ਹਾਰੀ-ਸਾਰੀ ਦੇ ਵਸ ਦੀ ਗੱਲ ਨਹੀਂ, ਪਰ ਅਸੀਂ ਜਾਣਦੇ ਆਂ ਕਿ ਪਿਛਲੇ ਪੰਜਾਹ ਸਾਲਾਂ ਵਿੱਚ ਗੁਰਸ਼ਰਨ ਸਿੰਘ ਹੋਰਨਾਂ ਨੇ ਨਾਟਕ ਲਿਖ ਕੇ, ਨਾਟਕ ਖੇਡ ਕੇ, ਪੁਸਤਕਾਂ ਛਾਪ ਕੇ, ਪਰਚੇ ਸੰਪਾਦਤ ਕਰਕੇ, ਵੱਖ ਵੱਖ ਜਥੇਬੰਦੀਆਂ ਦੀ ਅਗਵਾਈ ਕਰਕੇ, ਲਿਖ ਕੇ, ਬੋਲ ਕੇ, ਹਜ਼ਾਰਾਂ ਲੋਕਾਂ ਨੂੰ, ਹਕੀਕਤ ਨੂੰ ਪਛਾਣਨ ਵਾਲੀ ਨਜ਼ਰ ਦਿੱਤੀ ਹੈ। ਦੁਖੀਆਂ ਦੇ ਦੁੱਖ ਵਿੱਚ ਪਿਘਲ ਜਾਣ ਵਾਲਾ, ਦਰਦਮੰਦ ਦਿਲ ਦਿੱਤਾ ਹੈ, ਨਿਰਾਸ਼ਾ ਵਿੱਚ ਡਿਗੀਆਂ ਹੋਈਆਂ ਬਾਹਵਾਂ ਨੂੰ, ਅਸਮਾਨ ਵੱਲ ਸਿੱਧਾ ਤਣ ਕੇ, ਲੋਹੇ ਵਰਗਾ ਮਜ਼ਬੂਤ ਜੁੱਸਾ ਦਿੱਤਾ ਹੈ, ਗੂੰਗਿਆਂ ਨੂੰ ਜੁਬਾਨ ਦਿੱਤੀ ਹੈ, ਔਰ ਬੰਦ ਹੋਠਾਂ ਨੂੰ ਲਿਸ਼ਕਦੇ ਹੋਏ ਬੋਲ ਦਿੱਤੇ ਨੇ। ਇਹ ਹੈ, ਗੁਰਸ਼ਰਨ ਸਿੰਘ। ਇੰਜ ਮੈਂ ਸਮਝਦਾਂ ਕਿ ਸਰਦਾਰ ਗੁਰਸ਼ਰਨ ਸਿੰਘ ਨਿਸਚੇ ਹੀ ਹੋਣਾ ਬੜਾ ਔਖਾ ਹੈ। ਔਰ ਅੱਜ ਗੁਰਸ਼ਰਨ ਸਿੰਘ ਟੋਟੇ ਟੋਟੇ ਹੋ ਕੇ ਪੰਜਾਬੀ ਮਨਾਂ ਦੇ ਵਿਚੱ ਖਿਲਰ ਕੇ, ਤੁਹਾਡੇ ਸਾਰਿਆਂ ਦੇ ਮਨਾਂ ਵਿੱਚ ਟੋਟਾ ਟੋਟਾ ਹੋ ਕੇ ਰਚ ਗਿਆ ਹੈ। ਤੇ ਗੁਰਸ਼ਰਨ ਸਿੰਘ ਦੀ ਸੂਰਜੀ ਸਖਸ਼ੀਅਤ ਜਿਹੜੀ ਹੈ, ਹਿ ਖੰਡ ਖੰਡ ਹੋ ਕੇ ਜੁਗਨੂੰਆਂ ਵਾਂਗ, ਪੰਜਾਬ ਦੇ ਹਨੇਰੇ ਮਨਾਂ ਦੇ ਵਿੱਚ ਇੱਕ ਰੌਸ਼ਨੀ ਬਣ ਕੇ ਜਗ ਪਈ ਹੈ।
ਦੇਖੇਂ ਕਰੀਬ ਸੇ, ਤੋ ਅੱਛਾ ਦਿਖਾਈ ਦੇ
ਦੁਨੀਆਂ ਮੇਂ ਕੋਈ ਸਖਸ਼ ਤੋ ਐਸਾ ਦਿਖਾਈ ਦੇ
ਨੇਜ਼ੇ ਪੇ ਰੱਖ ਕੇ, ਮੇਰਾ ਸਰ ਔਰ ਬੁਲੰਦ ਕਰ
ਕਿ ਦੁਨੀਆਂ ਕੋ ਏਕ ਚਰਾਗ਼ ਤੋਂ ਜਲਤਾ ਦਿਖਾਈ ਦੇ।
ਇਹ ਗੁਰਸ਼ਰਨਸਿੰਘ ਬਲ਼ਦਾ ਹੋਇਆ ਚਿਰਾਗ਼ ਹੈ, ਹਨੇਰਿਆਂ ਵਿੱਚ ਰੌਸ਼ਨੀ ਵੰਡਣ ਵਾਲਾ, ਇਹ ਚਿਰਾਗ਼ ਤੁਹਾਡੇ ਸਾਰਿਆਂ ਦੇ ਅੰਦਰ ਟੋਟਾ ਟੋਟਾ ਹੋ ਕੇ ਜਗ ਰਿਹੈ, ਜੋਤ ਬਣ ਕੇ ਜਗਦਾ ਪਿਆ ਐ। ਮੈਂ ਸਮਝਦਾ ਆਂ, ਜੇ ਅੱਜ ਵਰਿਆਮ ਸਿੰਘ ਸੰਧੂ ਤੁਹਾਡੇ ਸਾਹਮਣੇ ਮੰਚ ਉੱਤੇ ਖਲੋਤਾ ਐ, ਤਾਂ ਇਹਦੇ ਵਿੱਚ ਵੀ ਗੁਰਸ਼ਰਨ ਸਿੰਘ ਦਾ ਇੱਕ ਰੂਪ ਜਗਦਾ ਪਿਆ ਐ, ਮੇਰੀਆਂ ਅੱਖਾਂ ਵਿੱਚ ਵੀ ਰੌਸ਼ਨੀ ਗੁਰਸ਼ਰਨ ਸਿੰਘ ਦੀ ਦਿੱਤੀ ਹੋਈ ਰੌਸ਼ਨੀ ਐ। ਇਹ ਕਿਸੇ ਉਲਾਰ ਭਾਵਕ ਮਨ ਦੀ ਗੱਲ ਨਹੀਂ, ਕੋਈ ਕਾਵਿਕ ਬਿਆਨ ਈ ਨਹੀਂ, ਜਿਥੇ ਹੋਰ ਬਹੁਤ ਕੁਛ ਕੀਤਾ ਗੁਰਸ਼ਰਨ ਸਿੰਘ ਹੋਰਾਂ ਨੇ, ਜਦੋਂ ਇਹਨਾਂ ਨੇ ਬਲਰਾਜ ਸਾਹਨੀ ਪੁਸਤਕਾਲਿਆ ਨਾਂ ਦੇ ਉੱਤੇ ਆਪਣੀਆਂ ਕਿਤਾਬਾਂ ਛਾਪਣੀਆਂ ਸ਼ੁਰੂ ਕੀਤੀਆਂ। ਪਾਸ਼ ਦੀ, ਸੰਤ ਸੰਧੂ ਦੀ, ਔਰ ਮੇਰੀ ਪਹਿਲੀ ਕਿਤਾਬ ''ਲੋਹੇ ਦੇ ਹੱਥ'' ਇਹ ਗੁਰਸ਼ਰਨ ਸਿੰਘ ਹੋਰੀਂ ਸਨ, ਜਿਹਨਾਂ ਨੇ ਆਪਣੇ ਪੈਸਿਆਂ ਉੱਤੇ ਛਾਪੀ, ਜੇ ਉਹ ਨਾ ਛਾਪਦੇ ਤਾਂ ਸ਼ਾਇਦ ਅੱਜ ਵਰਿਆਮ ਸਿੰਘ ਸੰਧੂ ਇਸ ਤਰੀਕੇ ੇ ਨਾਲ ਤੁਹਾਡੇ ਸਾਹਮਣੇ ਨਾ ਮੁਖਾਤਿਬ ਹੋ ਸਕਦਾ। ਮੈਂ ਇਹ ਸਮਝਦਾਂ ਕਿ ਅੱਜ ਦੇ ਸਭਿਆਚਾਰਕ ਪ੍ਰਦੂਸ਼ਣ ਬਾਰੇ ਮੇਰੇ ਦੋਸਤ ਗੱਲਾਂ ਕਰਕੇ ਗਏ ਨੇ, ਸਾਡੇ ਟੀ.ਵੀ. ਸੀਰੀਅਲ ਜਿਹੜੇ ਨੇ, ਤੁਸੀਂ ਦੇਖਦੇ ਹੋ ਜੀਹਦੇ ਵਿੱਚ ਕਰੋੜਾਂ ਦੀਆਂ ਗੱਲਾਂ ਕਰਨ ਵਾਲੀਆਂ ਔਰਤਾਂ ਨੇ, ਉਹ ਔਰਤਾਂ ਨੇ ਜਿਹਨਾਂ ਦੇ ਨੰਗੇ ਨਾਚ ਨੇ। ਜਿਹਨਾਂ ਦੇ ਜੇ ਕੰਡਾ ਵੀ ਚੁੱਭਦੈ ਤਾਂ ਲੱਕ ਵਿੱਚ ਚੁੱਭਦਾ ਐ, ਪੈਰ ਵਿੱਚ ਨਹੀਂ ਚੁੱਭਦਾ। ਤੇ ਜਦੋਂ ਇਸ ਤਰ•ਾਂ ਦੇ ਸਭਿਆਚਾਰ ਦੀ ਗੱਲ ਹੋ ਰਹੀ ਹੋਵੇ ਤੇ ਜਿਹਨਾਂ ਦੇ ਪੈਰਾਂ ਵਿੱਚ ਕੰਡੇ ਚੁੱਭਦੇ ਨੇ, ਉਹਨਾਂ ਦੇ ਦੁੱਖਾਂ ਦੀ, ਉਹਨਾਂ ਦੇ ਦਰਦਾਂ ਦੀ ਵਾਰਤਾ ਕਹਿਣਾ ਵਾਲਾ ਗੁਰਸ਼ਰਨ ਸਿੰਘ ਸਾਡੇ ਵਿੱਚ ਹਾਜ਼ਰ ਐ। ਪਾਸ਼ ਨੇ ਕਦੇ ਕਿਹਾ ਸੀ,
ਜਿਨ•ਾਂ ਤੱਕੀਆਂ ਨੇ ਕੋਠਿਆਂ 'ਤੇ ਸੁੱਕਦੀਆਂ ਸੁਨਹਿਰੀ ਛੱਲੀਆਂ
ਨਹੀਂ ਤੱਕੇ ਮੰਡੀਆਂ 'ਚ ਸੁੱਕਦੇ ਭਾਅ
ਤੇ ਜੱਟਾਂ ਦੀ ਸੁੱਕਦੀ ਜਾਨ
ਉਹ ਕਦੀ ਨਹੀਂ ਸਮਝ ਸਕਣਗੇ ਕਿ
ਕੀ ਰਿਸ਼ਤਾ ਹੈ ਦਿੱਲੀ ਦੀ ਉਸ ਹੁਕਮਰਾਨ ਔਰਤ ਦਾ
ਪਿੰਡ ਦੀ ਪੈਰੋਂ ਨੰਗੀ ਉਸ ਸੋਹਣੀ ਕੁੜੀ ਦੇ ਨਾਲ
ਉਹ ਨਹੀਂ ਸਮਝ ਸਕਣਗੇ। ਉਹ ਰਿਸ਼ਤਾ ਕਿਸ ਨੇ ਸਮਿਝਆ? ਉਹ ਹੈ, ਗੁਰਸ਼ਰਨ ਸਿੰਘ। ਸਭਿਆਚਾਰਕ ਪ੍ਰਦੂਸ਼ਣ ਦੇ ਇੱਸ ਦੌਰ ਦੇ ਵਿੱਚ ਆਕਸੀਜਨ ਬਣ ਕੇ ਸਭ ਤੋਂ ਤਾਜ਼ਾ ਹਵਾ ਦੇਣ ਵਾਲਾ, ਸਭ ਤੋਂ ਵੱਡਾ ਬਾਬਾ ਬੋਹੜ ਸਾਡਾ ਇਸ ਵੇਲੇ ਸਾਡਾ ਗੁਰਸ਼ਰਨ ਸਿੰਘ ਐ। ਗੁਰਸ਼ਰਨ ਸਿੰਘ ਪੰਜਾਬ ਦੀ ਜਗਦੀ-ਜਾਗਦੀ ਸੁੱਚੀ ਆਤਮਾ ਹੈ। ਗੁਰਸ਼ਰਨ ਸਿੰਘ ਪੰਜਾਬੀ ਵਿਰਾਸਤ ਦਾ ਵਗਦਾ ਹੋਇਆ ਦਰਿਆ ਹੈ। ਜੀਹਦੇ ਵਿੱਚੋਂ ਚੂਲੀਆਂ ਭਰ ਕੇ ਅਸੀਂ ਆਪਣੇ ਮੈਲੇ ਮਨਾਂ ਨੂੰ ਉੱਜਲ ਕਰ ਸਕਦੇ ਹਾਂ। ਅੱਜ ਗੁਰਸ਼ਰਨ ਸਿੰਘ ਦਾ ਸਨਮਾਨ ਪੰਜਾਬ ਦੇ ਦਲੇ-ਮਲੇ ਲੋਕਾਂ ਦਾ ਸਨਮਾਨ ਹੈ। ਅੱਜ ਗੁਰਸ਼ਰਨ ਸਿੰਘ ਦਾ ਸਨਮਾਨ, ਗੁਰਸ਼ਰਨ ਸਿੰਘ ਦਾ ਸਨਮਾਨ ਨਹੀਂ, ਤੂਫਾਨਾਂ ਦੇ ਵਿੱਚ ਵਿਰੋਧੀ ਦਿਸ਼ਾ ਦੇ ਵਿੱਚ ਉਕਾਬੀ ਉਡਾਨਾਂ ਭਰਨ ਵਾਲੇ ਸੁਰਮਿਆਂ ਦਾ ਸਨਮਾਨ ਐ। ਗੁਰਸ਼ਰਨ ਸਿੰਘ ਹੋਰੀਂ ਅੱਜ ਸਾਡੇ ਸਾਹਮਣੇ ਬੈਠੇ ਹੋਏ ਮੈਨੂੰ ਇਹ ਸੁਨੇਹਾ ਦਿੰਦੇ ਹੋਏ ਲੱਗਦੇ ਨੇ, ਬਿਲਕੁੱਲ ਇਸ ਤਰ•ਾਂ ਦਾ ਕਿ
ਹਮ ਫਕੀਰੋਂ ਸੇ, ਜੋ ਚਾਹੇ ਦੁਆ ਲੇ ਜਾਏ
ਹਮ ਫਕੀਰੋਂ ਸੇ, ਜੋ ਚਾਹੇ ਦੁਆ ਲੇ ਜਾਏ
ਫਿਰ ਖੁਦਾ ਜਾਨੇ ਕਹਾਂ ਹਮ ਕੋ ਹਵਾ ਲੇ ਜਾਏ
ਹਮ ਤੋ ਸ਼ਰੇ ਰਾਹ ਲੀਏ ਬੈਠੇ ਹੈਂ ਚਿੰਗਾਰੀ
ਜਿਸ ਕਾ ਜੀ ਚਾਹੇ ਚਿਰਾਗੋਂ ਕੋ ਜਲਾ ਲੇ ਜਾਏ।
ਅੱਜ ਰੌਸ਼ਨੀ ਵੰਡਦਾ ਹੋਇਆ ਚਿਰਾਗ ਸਾਡੇ ਸਾਹਮਣੇ ਐ। ਇਸ ਚਿਰਾਗ ਨੂੰ ਅਸੀਂ ਨਤਮਸਤਕ ਹਾਂ। ਇਸ ਚਿਰਾਗ ਦੀ ਥੋੜ•ੀ ਥੋੜ•ੀ ਰੌਸ਼ਨੀ ਤੁਹਾਡੇ ਵਿੱਚ ਵੀ ਜਗਦੀ ਪਈ ਐ, ਸਾਡੇ ਵਿੱਚ ਵੀ ਜਗਦੀ ਪਈ ਐ, ਇਸ ਰੌਸ਼ਨੀ ਨੂੰ ਹੋਰ ਜਿੱਥੋਂ ਤੱਕ ਅਸੀਂ ਅੱਗੇ ਲੈ ਕੇ ਜਾ ਸਕਦੇ ਹਾਂ, ਇਹਦੇ ਵਿੱਚ ਸਰਦਾਰ ਗੁਰਸ਼ਰਨ ਸਿੰਘ ਹੋਰਾਂ ਦਾ ਹੋਰ ਸਨਮਾਨ ਹੈ, ਇਹ ਸਾਡਾ ਸਾਰਿਆਂ ਦਾ ਆਪਣਾ ਸਨਮਾਨ ਹੈ। ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ।
''ਇਹ ਸਨਮਾਨ ਸਾਨੂੰ ਪ੍ਰੇਰਨਾ ਦੇਵੇਗਾ''
-ਅਜਮੇਰ ਸਿੰਘ ਔਲਖ
ਇੱਕ ਮਹਾਨ ਇਨਸਾਨ ਦਾ ਸਤਿਕਾਰ ਕਰਨ ਜਾ ਰਹੇ ਮਹਾਨ ਲੋਕੋ, ਜਿਸ ਆਦਮੀ ਦਾ- ਇਨਸਾਨ ਦਾ ਆਪਾਂ ਅੱਜ ਸਨਮਾਨ ਕਰਨ ਜਾ ਰਹੇ ਹਾਂ, ਇਥੇ ਇਕੱਠੇ ਹੋਏ ਆਂ, ਉਸ ਦੇ ਕੀਤੇ ਕੰਮ ਨੂੰ ਕੁੱਝ ਸ਼ਬਦਾਂ ਵਿੱਚ, ਕੁੱਝ ਕਿਤਾਬਾਂ ਵਿੱਚ ਬੰਦ ਨਹੀਂ ਕੀਤਾ ਜਾ ਸਕਦਾ। ਉਹ ਇੱਕ ਵਿਅਕਤੀ ਨਹੀਂ ਸੀ- ਇੱਕ ਸਖਸ਼ੀਅਤ ਨਹੀਂ, ਬਲਕਿ ਜਿਵੇਂ ਧੀਰ ਸਾਹਿਬ ਨੇ ਕਿਹੈ ਇੱਕ ਸੰਸਥਾ ਵੀ ਨਹੀਂ, ਕਈ ਸੰਸਥਾਵਾਂ ਦੀ ਇੱਕ ਵੱਡੀ ਸੰਸਥਾ ਹੈ। ਸਾਨੂੰ ਮੁੱਲ ਨਹੀਂ ਪਾਉਣਾ ਆਉਂਦਾ ਪਰ ਮੈਂ ਦਾਅਵੇ ਨਾਲ ਕਹਿ ਸਕਦਾਂ ਕਿ ਪੰਜਾਬ ਦੇ ਰੰਗਮੰਚ ਦੇ ਖੇਤਰ ਵਿੱਚ, ਥੀਏਟਰ ਦੇ ਖੇਤਰ ਵਿੱਚ, ਨਾਟਕ ਦੇ ਖੇਤਰ ਵਿੱਚ ਵੀ ਗੱਲ ਕਰਾਂ, ਅਜਿਹਾ ਕੰਮ ਵਿਸ਼ਵ ਦੇ ਕਿਸੇ ਵੀ ਦੇਸ਼ ਵਿੱਚ ਨਹੀਂ ਹੋਇਆ। ਸਾਨੂੰ ਆਪਣੀਆਂ ਗੱਲਾਂ ਘਟਾ ਕੇ ਵੇਖਣ ਦੀ ਆਦਤ ਐ। ਸਾਡੇ ਅੰਦਰ ਹੀਣ-ਭਾਵਨਾ ਪਾਈ ਐ ਪੱਛਮੀ ਲੋਕਾਂ ਨੇ, ਅਸੀਂ ਉਂਝ ਈ ਕਹੀ ਜਾਨੇ ਆਂ ਫਲਾਣਿਆਂ ਕੋਲ ਬੜਾ ਰੰਗਮੰਚ ਹੁੰਦਾ, ਲੰਡਨ ਦੇ ਵਿੱਚ ਬੜਾ ਵਧੀਆ ਥੀਏਟਰ ਹੋ ਰਿਹੈ, ਨਿਊਯਾਰਕ ਦੇ ਵਿੱਚ ਬਹੁਤ ਵੱਡਾ ਥੀਏਟਰ ਹੋ ਰਿਹੈ। ਅਸੀਂ ਨਾ ਪੜ•ਦੇ ਆਂ, ਨਾ ਉਥੇ ਜਾ ਕੇ ਵੇਖਦੇ ਆਂ, ਕਿਉਂਕਿ ਉਹ ਅੰਗਰੇਜ਼ਾਂ ਦੀਆਂ ਗੱਲਾਂ ਨੇ, ਕਿਉਂਕਿ ਉਹ ਪੱਛਮ ਵਾਲਿਆਂ ਦੀਆਂ ਗੱਲਾਂ ਨੇ, ਜਦੋਂ ਕਿ ਸਰਮਾਏਦਾਰੀ ਸਿਸਟਮ ਦੀਆਂ ਗੱਲਾਂ ਨੇ, ਅਸੀਂ ਨੀਵੀਂ ਪਾ ਕੇ ਐਵੇਂ ਸਤਿਬਚਨ ਕਹਿ ਕੇ ਮੰਨ ਲੈਂਦੇ ਆਂ। ਪਰ ਜਿਹਨਾਂ ਲੋਕਾਂ ਨੇ ਲੰਡਨ ਦੇ ਵਿੱਚ ਥੀਏਟਰ ਵੇਖਿਆ, ਵਾਸ਼ਿੰਗਟਨ ਦੇ ਵਿੱਚ ਨਾਟਕ ਵੇਖਿਆ, ਜਿਹਨਾਂ ਨਿਊਯਾਰਕ ਦੇ ਵਿੱਚ ਥੀਏਟਰ ਵੇਖਿਆ, ਉਹਨਾਂ ਨੂੰ ਪਤੈ ਕਿ ਉਥੇ ਅੱਸੀ ਪ੍ਰਸੈਂਟ ਜਿਹੜਾ ਥੀਏਟਰ ਹੋ ਰਿਹੈ, ਉਹ ਸਾਡੀਆਂ ਜੁਆਨੀਆਂ ਨੂੰ ਖਰਾਬ ਕਰਨ ਵਾਲਾ ਘਟੀਆ ਕਿਸਮ ਦਾ ਰੰਗਮੰਚ ਐ। ਮੈਂ ਮਹਾਂਰਾਸ਼ਟਰ ਵਿੱਚ ਜਾ ਕੇ ਉੱਥੇ ਪੁੱਛ ਪੜਤਾਲ ਕੀਤੀ ਤਾਂ ਜਿਹੋ ਜਿਹਾ ਅਗਾਂਹਵਧੂ ਜਿਹੋ ਜਿਹਾ ਪ੍ਰੋਗਰੈਸਿਵ, ਅਜਿਹਾ ਲੋਕਾਂ ਨੂੰ ਜੋੜਨ ਵਾਲਾ, ਜਿਹੋ ਜਿਹਾ ਲੋਕਾਂ ਦੇ ਅੰਦਰ ਜਾਗਰਤੀ ਪੈਦਾ ਕਰਨ ਵਾਲ ਰੰਗਮੰਚ ਅੱਜ ਪੰਜਾਬ ਦੇ ਵਿੱਚ ਹੋ ਰਿਹੈ, ਉਹ ਹਿੰਦੋਸਤਾਨ ਦੇ ਵਿੱਚ ਕਿਤੇ ਵੀ ਨਹੀਂ ਹੋ ਰਿਹੈ। ਔਰ ਇਸ ਰੰਗਮੰਚ ਨੂੰ ਜੋ ਕੁੱਝ ਵੀ ਹੈ, ਅੱਜ ਦਾ ਇਹ ਰੰਗਮੰਚ ਇਹ ਸਾਰਾ ਕੁੱਝ, ਗੁਰਸ਼ਰਨ ਸਿੰਘ ਦੀ ਦੇਣ ਐ। ਇਹ ਕੁੱਝ ਔਲਖ ਕਰਦੇ, ਜੌਹਨ ਸੈਮੂਅਲ ਜਾਂ ਹੰਸਾ ਸਿੰਘ ਬਿਆਸ ਵਿੱਚ ਕਰਦਾ ਐ ਜਾਂ ਮੁੱਲਾਂਪੁਰ ਚੌਧਰੀ ਕਰ ਰਿਹੈ, 15-16, 18 ਪੰਜਾਬ ਦੇ ਵਿੱਚ ਥੀਏਟਰ ਗਰੁੱਪ ਨੇ ਜਿਹੜੇ ਤੁਹਾਡੇ ਵਿੱਚ ਆ ਕੇ ਥੀਏਟਰ ਕਰਦੇ ਨੇ, ਉਹ ਸਾਰੇ ਗੁਰਸ਼ਰਨ ਸਿੰਘ ਹੀ ਐਂ, ਗੁਰਸ਼ਰਨ ਸਿੰਘ ਦੀਆਂ ਬਰਾਂਚਾਂ ਹੀ ਨੇ। ਟਾਹਣੀਆਂ ਹੀ ਨੇ ਇਸਦੀਆਂ। ਜੇ ਮੈਂ ਕਹਾਂ ਕਿ ਮੈਂ ਆਪਣੇ ਤੌਰ 'ਤੇ ਹੀ ਰੰਗਮੰਚ ਕਰਨ ਲੱਗਿਆਂ, ਜਦੋਂ ਮੈਨੂੰ ਪਤਾ ਲੱਗਿਆ ਕਿ ਜਦੋਂ ਅਸੀਂ ਬੰਬੇ ਦੇ ਵਿੱਚ ਜਾਂਦੇ ਆਂ, ਦਿੱਲੀ ਦੇ ਵਿੱਚ ਵੀ ਨਾਟਕ ਕਰਨ ਜਾਂਦੇ ਹੁੰਦੇ ਆਂ, ਭਾਅ ਜੀ ਵੀ ਜਾ ਕੇ ਆਉਂਦੇ ਆ, ਉਥੇ ਜਦੋਂ ਅਸੀਂ ਨਾਟਕ ਕਰਦੇ ਆਂ, ਤਾਂ ਸਾਡੇ ਸਾਹਮਣੇ ਡੇਢ ਕੁ ਸੌ ਬੰਦਾ ਬੈਠਾ ਹੁੰਦਾ ਐ, ਪੰਜਾਹ ਬੰਦੇ ਬੈਠੇ ਹੁੰਦੇ ਆ, ਉਹ ਸਾਨੂੰ ਰੁਪਏ ਤਾਂ 20-20, 25-25, 30-30 ਹਜ਼ਾਰ ਦੇ ਦਿੰਦੇ ਐ, ਲੇਕਿਨ ਉਥੇ ਜਿਹੜੇ ਦਰਸ਼ਕ ਹੁੰਦੇ ਆ, ਉਹ ਲਿਮਟਡ ਹੁੰਦੇ ਨੇ, ਉਹਨਾਂ ਵਿੱਚ ਈ, ਥੋੜ•ੀ ਬਹੁਤੀ ਬਦਲੀ ਕਰਕੇ ਆ ਜਾਂਦੇ ਨੇ। ਔਰ ਸਾਡੇ ਬਹੁਤ ਸਾਰੇ ਰੰਗਰਕਮੀ ਸਾਡੇ ਪੰਜਾਬ ਦੇ ਥੀਏਟਰ ਨੂੰ ਵੇਖ ਕੇ ਨੱਕ ਚੜ•ਾਉਂਦੇ ਨੇ ਪਰ ਜਿਹੜਾ ਜਦੋਂ ਅਸੀਂ ਪੰਜਾਬ ਦੇ ਵਿੱਚ ਕਰਦੇ ਆਂ, ਤਾਂ ਥੋਨੂੰ ਮਸਾਂ ਖਰਚਾ ਹੀ ਮਿਲਦਾ, ਜਿਹੜੀ ਇਹਨਾਂ ਨੇ ਲੀਹ ਪਾਈ ਐ, ਉਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆਉਂਦੇ ਨੇ। ਇਹ ਜਿਹੜਾ ਰੰਗਮੰਚ ਪੈਦਾ ਕੀਤਾ, ਇਹ ਸਰਦਾਰ ਗੁਰਸ਼ਰਨ ਸਿੰਘ ਨੇ ਪੈਦਾ ਕੀਤਾ। ਗੁਰਸ਼ਰਨ ਸਿੰਘ ਦੀ ਦੇਣ ਇਹ ਐ ਕਿ ਇਹਨਾਂ ਨੇ ਉਸ ਵਕਤ ਨਾਟਕ ਕੀਤਾ ਜਦੋਂ ਪੰਜਾਬ ਦੇ ਵਿੱਚ ਇਨਕਲਾਬੀ ਲਹਿਰ ਕਿਸੇ ਨਾ ਕਿਸੇ ਕਾਰਨ ਪਿੱਛੇ ਪੈ ਗਈ, ਤਾਂ ਉਸ ਵਕਤ ਇਹਨਾਂ ਇੱਕ ਇਨਕਲਾਬੀ ਰੋਲ ਕੀਤਾ ਕਿ ਅਸੀਂ ਸਭਿਆਚਾਰਕ ਫਰੰਟ ਦੇ ਉੱਤੇ ਸਾਹਮਣੇ ਆਏ ਔਰ ਉਹ ਜਿਹੜੀਆਂ ਇਛਾਵਾਂ ਜਗਾਈਆਂ, ਉਹਨਾਂ ਸਭਨਾਂ ਲਹਿਰਾਂ ਨੇ, ਉਹਨਾਂ ਨੂੰ ਜਿਉਂਦਾ ਰੱਖਣ ਵਿੱਚ ਜੇਕਰ ਮੈਂ 100 ਫੀਸਦੀ ਨਹੀਂ ਕਹਿੰਦਾ ਤਾਂ ਅੱਸੀ ਫੀਸਦੀ ਰੋਲ ਸਰਦਾਰ ਗੁਰਸ਼ਰਨ ਸਿੰਘ ਦਾ। ਉਸ ਚੇਤਨਤਾ ਨੂੰ ਮਰਨ ਨਹੀਂ ਦਿੱਤਾ ਉਹਨਾਂ ਨੇ। ਅੱਜ ਦੇ ਯੁੱਗ ਵਿੱਚ ਜਿਹੜਾ ਥੀਏਟਰ ਕਰਨਾ ਬਹੁਤ ਔਖਾ ਐ, ਉਹ ਜਿਥੇ ਲੁੱਚੇ ਗੀਤ ਗਾਏ ਜਾਂਦੇ ਨੇ, ਜਾਣ ਬੁੱਝ ਕੇ ਸਾਡੇ ਨੌਜੁਆਨਾਂ ਨੂੰ ਗਲਤ ਰਾਹ ਪਾਇਆ ਜਾਂਦੈ, ਉਹਨਾਂ ਦੀਆਂ ਖੋਪੜੀਆਂ ਖੁੰਢੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਇਨਕਲਾਬੀ ਚੇਤਨਤਾ ਵੱਲ ਵਧਣ ਹੀ ਨਾ। ਉਸ ਖਲਾਅ ਨੂੰ ਭਰਨ ਵਾਸਤੇ ਉਸਦਾ ਸਾਹਮਣੇ ਕਰਨ ਵਾਸਤੇ ਗੁਰਸ਼ਰਨ ਸਿੰਘ ਨੇ ਬੀੜਾ ਚੁੱਕਿਆ ਸੀ। ਜਿਹਨਾਂ ਤੋਂ ਪ੍ਰੇਰਤ ਹੋ ਕੇ, ਉਤਸ਼ਾਹਤ ਹੋ ਕੇ ਸਾਡੇ ਵਰਗੇ ਵੀ ਕੁੱਝ ਕਰਨ ਜੋਗੇ ਹੋਏ। ਸੋ ਇਹ ਜਿਹੜੀ ਵੱਡੀ ਦੇਣ ਐ, ਜਿਹੜਾ ਖਲਾਅ ਪੈਦਾ ਹੋ ਗਿਆ ਸੀ, ਲਹਿਰਾਂ ਦੇ ਉੱਤੇ ਦਾ ਸਾਨੂੰ ਵੀ ਪਤਾ ਨਹੀਂ ਸੀ ਲੱਗਦਾ ਜਿਹੜੇ ਹੁਣ ਹਿੰਦੋਸਤਾਨ ਦੇ ਕਿਰਤੀਆਂ ਦਾ ਕੀ ਬਣੇਗਾ? ਹੁਣ ਹਿੰਦੋਸਤਾਨ ਦੇ ਮਜ਼ਦੂਰਾਂ ਦਾ ਕੀ ਬਣੇਗਾ? ਇਹ ਸੀ ਕਿ ਕਿਉਂਕਿ ਪੁਲੀਟੀਕਲ ਫਰੰਟ 'ਤੇ ਤਾਂ ਐਨਾ ਕੁੱਝ ਨਹੀਂ ਸੀ ਕਰ ਸਕਦੇ, ਉਥੋਂ ਤਾਂ ਅਸੀਂ ਕੁੱਝ ਹਾਸਲ ਨਹੀਂ ਸੀ ਕਰ ਸਕਦੇ, ਉਥੋਂ ਸਾਨੂੰ ਜੋ ਕੁੱਝ ਮਿਲਿਐ, ਉਹ ਕੁੱਝ ਅਸੀਂ ਗੁਰਸ਼ਰਨ ਸਿੰਘ ਭਾਅ ਜੀ ਤੋਂ ਲਿਐ। ਇਹਨਾਂ ਨੇ ਦਿੱਤਾ ਔਰ ਉਸ ਦੇ ਖਿਲਾਫ ਜਿਹੜਾ ਆਪਣੇ ਆਪ ਨੂੰ ਵਧੀਆ ਕਿਸਮ ਦਾ ਰੰਗਮੰਚ ਕਹਾਉਂਦਾ ਉਹ ਸਾਰੀਆਂ ਲਾਈਟਾਂ ਨਾਲ ਖੇਡਿਆ ਜਾਂਦਾ ਐ, ਇਹ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਰੰਗਮੰਚ ਦੋ ਬੰਦਿਆਂ ਨਾਲ ਵੀ ਕੀਤਾ ਜਾ ਸਕਦੈ। ਰੰਗਮੰਚ ਪੰਜ ਬੰਦਿਆਂ ਨਾਲ ਵੀ ਕੀਤਾ ਜੈ ਸਕਦੈ। ਰੰਗਮੰਚ ਬਿਨਾ ਕਿਸੇ ਵੱਡੇ ਵੱਡੇ ਸੈੱਟਾਂ ਦੇ ਵੀ ਕੀਤਾ ਜਾ ਸਕਦਾ ਐ। ਉਹਨਾਂ ਨੇ ਲੋਕਾਂ ਦੀ ਕਲਪਨਾ ਨੂੰ ਵਰਤਿਆ, ਕਮੇਡੀ ਥੀਏਟਰ ਨੂੰ ਵਰਤਿਆ ਔਰ ਸਾਡੇ ਰੰਗਮੰਚ 'ਤੇ ਇਥੇ ਸਾਡੀ ਸਟੇਜ ਦੇ ਉੱਤੇ ਬੜੇ ਤਕੜੇ ਤਕੜੇ ਨਾਟਕ ਖੇਡੇ, ਜਿਹਨਾਂ ਨੇ ਲੋਕਾਂ ਦੇ ਵਿੱਚ ਨਵੀਂ ਚੇਤਨਤਾ ਪੈਦਾ ਕੀਤੀ। ਔਰ ਸਾਨੂੰ ਸਿਖਾਇਆ ਕਿ ਇਹ ਇਕੱਲੀਆਂ ਪੁਲੀਟੀਕਲ ਪਾਰਟੀਆਂ ਈ ਨਹੀਂ, ਇਕੱਲੀਆਂ ਇਨਕਲਾਬੀ ਪਾਰਟੀਆਂ ਈ ਨਹੀਂ, ਬਲਕਿ ਸਭਿਆਚਾਰ ਐ ਜਿਹੜਾ, ਲੋਕਾਂ ਦੀ ਚੇਤਨਾ ਨੂੰ ਪੈਦਾ ਕਰਨ ਦੇ ਵਿੱਚ ਇੱਕ ਇਤਿਹਾਸਕ ਰੋਲ ਅਦਾ ਕਰ ਸਕਦਾ ਐ। ਇੱਕ ਵੱਡਾ ਰੋਲ ਅਦਾ ਕਰ ਸਕਦੈ। ਔਰ ਅਜਿਹੀ ਚੇਤਨਾ ਪੈਦਾ ਕਰਨ ਵਾਲੇ ਇਸ ਰੰਗਕਰਮੀ ਯੋਧੇ ਨੂੰ ਮੈਂ ਸਤਿਕਾਰ ਨਾਲ ਆਪਣਾ ਸਿਰ ਝੁਕਾਉਂਦਾ ਹਾਂ। ਔਰ ਇਸ ਮੌਕੇ 'ਤੇ ਇਹ ਜਿਹੜਾ ਸਨਮਾਨ ਕੀਤੈ ਆਪਾਂ ਸਾਰਿਆਂ ਨੇ, ਮੈਂ ਇਸਦੇ ਪ੍ਰਬੰਧਕਾਂ ਨੂੰ ਵਧਾਈ ਦਿੰਦਾ ਹੋਇਆ ਇਸ ਇਕੱਠ ਦਾ ਦਿਲੋਂ ਇਹ ਇਤਿਹਾਸਕ ਇਕੱਠ ਐ, ਇਸ ਤੋਂ ਪਹਿਲਾਂ ਹੋਰ ਬੰਦਿਆਂ ਦਾ ਤਾਂ ਇਸ ਤਰ•ਾਂ ਸਤਿਕਾਰ ਕੀਤਾ ਗਿਐ ਪਰ ਕਿਸੇ ਰੰਗਕਰਮੀ ਦਾ ਕਿਸੇ ਨਾਟਕਕਾਰ ਕਰਨ ਵਾਲੇ ਨੂੰ ਐਡੇ ਭਾਰੀ ਇਕੱਠ ਵਿੱਚ ਕਦੇ ਇਸ ਤਰ•ਾਂ ਦਾ ਸਨਮਾਨ ਨਹੀਂ ਦਿੱਤਾ ਗਿਆ। ਔਰ ਇਹ ਅੱਗੋਂ ਵਾਸਤੇ ਸਾਨੂੰ ਪ੍ਰੇਰਨਾ ਦਿੰਦਾ ਰਹੇਗਾ ਸਾਨੂੰ ਰੰਗ ਕਰਮੀਆਂ ਨੂੰ, ਇਹ ਸੱਦਾ ਦਿੰਦਾ ਹਾਂ ਕਿ ਅਸੀਂ ਗੁਰਸ਼ਰਨ ਸਿੰਘ ਦਾ ਪੱਲਾ ਫੜ ਕੇ ਅੱਗੇ ਜਾਈਏ, ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ।
''ਸਭ ਤੋਂ ਵੱਡੀ ਦੇਣ, ਲੋਕਾਂ ਨੂੰ ਸੰਘਰਸ਼ ਵਾਸਤੇ ਤਿਆਰ ਕਰਨਾ ਹੈ''
-ਡਾ. ਪ੍ਰਮਿੰਦਰ ਸਿੰਘ ਅੰਮ੍ਰਿਤਸਰ
ਭਾਅ ਜੀ, ਗੁਰਸ਼ਰਨ ਜੀ ਅਤੇ ਪੰਡਾਲ ਵਿੱਚ ਸੁਸ਼ੋਭਤ ਵੱਖ ਵੱਖ ਸਖਸ਼ੀਅਤਾਂ ਤੇ ਪੂਰੇ ਪੰਜਾਬ ਦੇ ਮੇਰੇ ਭੈਣੋ ਤੇ ਭਰਾਵੋ ਅਤੇ ਬਜ਼ੁਰਗੋ! ਅੱਜ ਅਸੀਂ ਇਸ ਇਤਿਹਾਸਕ ਦਿਨ 'ਚ, ਇਸ ਪਿੰਡ ਵਿੱਚ ਉਸ ਸਖਸ਼ੀਅਤ ਨੂੰ, ਮਾਣ ਦੇਣ ਵਾਸਤੇ, ਉਹਨਾਂ ਨੇ ਜੋ ਘਾਲਣਾ ਘਾਲੀਆਂ, ਉਹਨਾਂ ਦੇ ਮਾਣ ਦੇ ਵਿੱਚ ਅਸੀਂ ਇਕੱਠੇ ਹੋਏ ਆਂ, ਮੈਨੂੰ ਵਕਤ ਦਾ ਬਹੁਤ ਧਿਆਨ ਐ, ਪਹਿਲਾਂ ਹੀ ਪਛੜੇ ਆਂ ਵਕਤ ਤੋਂ ਅਸੀਂ। ਅਸੀਂ ਕੁਝ ਗੱਲਾਂ ਇੱਕ-ਦੂਜੇ ਨਾਲ ਵੰਡ ਕੇ ਕਰ ਰਹੇ ਹਾਂ। ਮੈਂ ਤੁਹਾਡੇ ਨਾਲ, ਸਿਰਫ ਚੰਦ, ਉਹ ਗੱਲਾਂ ਸਾਂਝੀਆਂ ਕਰਨੀਆਂ ਚਾਹੂੰਗਾ, ਜਿਹਨਾਂ ਦਾ ਸਬੰਧ ਭਾਅ ਜੀ ਦੀ ਸਖਸ਼ੀਅਤ ਨਾਲ ਹੈ, ਉਸ ਇਨਸਾਨੀਅਤ ਨਾਲ ਹੈ, ਜਿਸ ਸਖਸ਼ੀਅਤ ਨੇ- ਇਨਸਾਨੀਅਤ ਨੇ ਸਾਡੇ ਸਾਰਿਆਂ ਦੇ ਮਨਾਂ ਵਿੱਚ ਖਿੱਚ ਪਾਈ ਰੱਖੀ ਐ, ਪਿਛਲੇ ਕਿੰਨੇ ਈ ਬਰਸਾਂ ਤੋਂ, ਪਿਛਲੇ 20-25 ਸਾਲਾਂ ਤੋਂ, ਉਸ ਸਖਸ਼ੀਅਤ ਨੇ ਜੋ ਰੰਗ ਭਰਿਆ ਐ, ਪੰਜਾਬੀ ਰੰਗਮੰਚ ਦੇ ਵਿੱਚ, ਤੇ ਉਸਦੇ ਦੁਆਰਾ, ਜਿਵੇਂ ਪੰਜਾਬ ਦੇ ਵਿੱਚ ਇਨਕਲਾਬੀ ਜਮਹੂਰੀ ਲਹਿਰ ਮਜਬੂਤ ਹੋਈ ਐ, ਉਸਦੇ ਸਬੰਧ ਵਿੱਚ ਸਿਰਫ ਮੈਂ ਕੁੱਝ ਗੱਲਾਂ ਕਹਿਣੀਆਂ ਚਾਹੂੰਗਾ। ਮੈਨੂੰ ਯਾਦ ਐ ਉਹ ਦਿਨ! ਜਦੋਂ ਪਹਿਲੀ ਵਾਰ ਅਸੀਂ ਭਾਅ ਜੀ ਦਾ ਉਹ ਡਰਾਮਾ ਵੇਖਿਆ- ਡੱਬਵਾਲੀ ਵਿਖੇ। ਜਾਂ ਉਸ ਤੋਂ ਪਿੱਛੋਂ ਬਹੁਤ ਵਾਰੀ ਵੇਖਿਆ, ਤਾਂ ਸਾਨੂੰ ਭਾਅ ਜੀ ਦੇ ਕੁਛ ਖਾਸ ਲੁਕਸ (ਅੰਦਾਜ਼) ਸਟੇਜ 'ਤੇ ਨਜ਼ਰ ਆਉਂਦੇ ਆ। ਭਾਅ ਜੀ ਹੱਸਦੈ ਐ, ਭਾਅ ਜੀ ਹਸਾਉਂਦੇ ਐ। ਭਾਅ ਜੀ ਰੋਂਦੇ ਆ, ਭਾਅ ਜੀ ਰੁਆਉਂਦੇ ਐ। ਭਾਅ ਜੀ ਗੁੱਸਾ ਖਾਂਦੇ ਐ, ਗੁੱਸਾ ਦੁਆਉਂਦੇ ਆ। ਇਹ ਉਹ ਗੱਲਾਂ ਹੈਗੀਆਂ, ਭਾਅ ਜੀ ਦੀ ਸਖਸ਼ੀਅਤ ਦੀਆਂ ਜਿਹੜੀਆਂ ਗੱਲਾਂ ਸਾਡੇ ਮਨ ਦੇ ਵਿੱਚ, ਸਾਡੇ ਲੋਕਾਂ ਪ੍ਰਤੀ, ਸਾਡੇ ਆਮ ਬੰਦਿਆਂ ਦੇ ਪ੍ਰਤੀ, ਔਰਤਾਂ ਦੇ ਪ੍ਰਤੀ, ਸਾਡੇ ਬੱਚਿਆਂ ਦੇ ਪ੍ਰਤੀ, ਸਾਡੇ ਸਮਾਜ ਦੇ ਪ੍ਰਤੀ, ਸਾਡੀ ਇਸ ਲੁਕਾਈ ਦੇ ਪ੍ਰਤੀ। ਸਾਡੇ ਵਿਰਸੇ ਦੇ ਪ੍ਰਤੀ। ਇੱਕ ਆਸ ਵੀ ਜਗਾਉਂਦੀ ਐ ਤੇ ਨਾਲ ਇਹ ਵੀ ਜਗਾਉਂਦੀ ਐ ਕਿ ਜੋ ਕੁਛ ਬੁਰਾ ਹੋ ਰਿਹੈ, ਉਸ ਨੂੰ ਬਦਲਣ ਦੀ ਲੋੜ ਐ। ਡਰਾਮਿਆਂ ਵਿੱਚ ਆ, ਜਦੋਂ ਕੋਈ ਕਲਾਕਾਰ ਸਟੇਜ 'ਤੇ ਪੇਸ਼ਕਾਰੀ ਕਰ ਰਿਹਾ ਹੁੰਦਾ ਐ ਤਾਂ ਭਾਅ ਜੀ ਸਟੇਜ 'ਤੇ ਪਿੱਛੇ ਬੈਠ ਕੇ ਮੁਸਕਰਾ ਰਹੇ ਹੁੰਦੇ ਐ। ਭਾਅ ਜੀ ਦੀਆਂ ਅੱਖਾਂ ਵਿੱਚ ਚਮਕ ਹੁੰਦੀ ਐ, ਉਹ ਚਮਕ, ਜਿਹੜੀ ਚਮਕ ਨਾ ਸਿਰਫ ਡਰਾਮੇ ਦੇਖ ਕੇ ਹੁੰਦੀ ਹੈ, ਇਹ ਚਮਕ ਉਹ ਚਮਕ ਹੁੰਦੀ ਐ, ਜਿਹੜੀ ਭਾਅ ਜੀ ਦੀਆਂ ਅੱਖਾਂ ਦੇ ਵਿੱਚ, ਜੋ ਦਰਸਾਉਂਦੀ ਐ ਕਿ ਉਹ ਠੀਕ ਸੁਨੇਹਾ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਨੇ। ਮੈਨੂੰ ਇੱਕ ਨਿੱਕੀ ਜਿਹੀ ਘਟਨਾ ਯਾਦ ਐ, ਡੱਬਵਾਲੀ ਵਿੱਚ ਜਦੋਂ ਭਾਅ ਜੀ ਨੇ ਇੱਕ ਡਰਾਮਾ ਕੀਤਾ, ਜਿਹੜਾ ਪਾਰਟੀਸ਼ਨ (ਦੇਸ਼ ਦੀ ਵੰਡ) ਨਾਲ ਸਬੰਧਤ ਸੀ। ਡਰਾਮਾ ਕਾਲਜ ਵਿੱਚ ਹੋ ਰਿਹਾ ਸੀ, ਕੁਛ ਮੁੰਡਿਆਂ ਨੇ ਵਿੱਚੋਂ ਕੁਝ ਇਹੋ ਜਿਹੀ ਗੱਲ ਕਹੀ, ਜਿਹੜੀ ਨਹੀਂ ਕਹਿਣੀ ਚਾਹੀਦੀ ਸੀ। ਭਾਅ ਜੀ ਨੇ ਡਰਾਮਾ ਰੋਕਿਆ। ਤੇ ਬੱਚਿਆਂ ਨੂੰ ਸਮਝਾਉਣ ਦੇ ਰੌਂਅ ਵਿੱਚ ਅੱਖਾਂ ਭਰ ਕੇ ਭਾਅ ਜੀ ਬੋਲੇ ਕਿ ਜੇ ਕਰ ਤੁਸੀਂ ਐਨੇ ਸਾਲਾਂ ਵਿੱਚ ਅਹਿ ਬਣਾਇਆ- ਤਾਂ ਜਿਹਨਾਂ ਨੇ ਬਣਾਇਆ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਐ। ਉਹਨਾਂ ਦਾ ਇਹ ਦਿਖਾਉਣਾ ਆਮ ਲੋਕਾਂ ਦੇ ਵਿੱਚ ਕਿ ਜੋ ਕੁਝ ਸੰਤਾਲੀ ਤੋਂ ਪਹਿਲਾਂ ਤੇ ਸੰਤਾਲੀ ਤੋਂ ਪਿੱਛੋਂ ਹੁੰਦਾ ਰਿਹੈ ਉਹ ਐਨਾ ਗਲਤ ਹੋਇਐ, ਉਹਦਾ ਲੋਕਾਂ ਵਿੱਚ ਐਨਾ ਵਿਰੋਧ ਐ। ਕਿ ਉਹਦੇ ਪ੍ਰਤੀ ਗੁੱਸਾ ਜਗਾਉਣਾ ਤੇ ਗੁੱਸੇ ਤੋਂ ਬਾਅਦ ਲੋਕਾਂ ਨੂੰ, ਇੱਕ ਸੰਘਰਸ਼ ਦੇ ਵਾਸਤੇ- ਇੱਕ ਲੜਾਈ ਦੇ ਵਾਸਤੇ ਤਿਆਰ ਕਰਨਾ ਭਾਅ ਜੀ ਦੇ ਡਰਾਮਿਆਂ ਦੀ, ਭਾਅ ਜੀ ਦੀ ਸਖਸ਼ੀਅਤ ਦੀ ਇਹ ਸਭ ਤੋਂ ਵੱਡੀ ਦੇਣ ਐ। ਇਹਦੇ ਅੱਗੇ ਅਸੀਂ ਸਾਰੇ, ਜਿਹੜੇ ਇਥੇ ਇਕੱਠੇ ਹੋਏ ਆਂ, ਉਹ, ਆਪਣਾ ਸਿਰ ਝੁਕਾਉਂਦੇ ਆਂ। ਤੇ ਅਖੀਰਲੀ ਗੱਲ ਮੈਂ ਕਹਿਣੀ ਚਾਹੂੰਗਾ ਕਿ ਜੇ ਤੁਸੀਂ ਖਾਸ ਤੌਰ 'ਤੇ ਸੱਤਰਵਿਆਂ ਤੋਂ ਲੈ ਕੇ ਭਾਅ ਜੀ ਦੇ ਡਰਾਮਿਆਂ ਨੂੰ ਦੇਖਦੇ ਹੁੰਦੇ ਓ, ਇਤਿਹਾਸ ਸਾਨੂੰ ਨਜ਼ਰ ਆਉਂਦੈ ਕਿ ਜੋ ਕੁੱਝ ਪੰਜਾਬ ਦੇ ਵਿੱਚ ਜੋ ਕੁੱਝ ਹਿੰਦੋਸਤਾਨ ਦੇ ਵਿੱਚ ਹੁੰਦਾ ਰਿਹੈ, ਇੱਕ ਉਹ ਜ਼ਮਾਨਾ ਸੀ, ਜਦੋਂ 68-70 ਤੋਂ ਬਾਅਦ ਪੰਜਾਬ ਦੇ ਵਿੱਚ ਪੁਲਸ ਦੇ ਧੱਕੇ ਦੀ, ਪੁਲਸ ਦੇ ਜ਼ੁਲਮ ਦੀ ਬੜੀ ਹਨੇਰੀ ਚੱਲੀ ਸੀ, ਜਦੋਂ ਇਥੇ ਪਹਿਲੀ ਵਾਰ ਪੰਜਾਬ ਵਿੱਚ ਝੂਠੇ ਪੁਲਸ ਮੁਕਾਬਲਿਆਂ ਵਿੱਚ ਲੋਕਾਂ ਨੂੰ ਮਾਰਿਆ ਗਿਆ ਸੀ। ਉਹਨਾਂ ਸੂਰਬੀਰਾਂ ਨੂੰ ਮਾਰਿਆ ਗਿਆ ਸੀ, ਜਿਹੜੇ ਸੂਰਬੀਰ ਇਸ ਧਰਤੀ ਨੂੰ ਬਦਲ ਕੇ, ਇਸ ਨਿਜ਼ਾਮ ਨੂੰ ਬਦਲ ਕੇ ਇੱਕ ਨਵਾਂ ਨਿਜ਼ਾਮ ਸਥਾਪਤ ਕਰਨਾ ਚਾਹੁੰਦੇ ਸੀ ਤਾਂ ਉਦੋਂ ਭਾਅ ਜੀ ਦੇ ਡਰਾਮਿਆਂ ਦੀ ਧੁੱਸ ਸੀ, ਜੋ ਸੇਧ ਸੀ, ਉਹ ਪੁਲਸ ਜਬਰ ਦੇ ਖਿਲਾਫ ਸੀ, ਜਿਹਾ ਪੁਲਸ ਜਬਰ ਸਾਡੀ ਜੁਆਨੀ ਸਾਡੇ ਨੌਜੁਆਨ ਵਰਕਰਾਂ ਨੂੰ ਤਬਾਹ ਕਰ ਰਿਹਾ ਸੀ। ਇੱਕ ਓਹ ਵੇਲਾ ਆਇਆ ਜਦੋਂ ਇਸ ਪੰਜਾਬ ਦੇ ਵਿੱਚ, ਫਿਰਕੂ ਖਾਲਿਸਤਾਨੀ ਦਹਿਸ਼ਤਗਰਦੀ ਦਾ ਨ•ੇਰ ਝੁੱਲਿਆ, ਜਿਹੜੇ ਉਹਨਾਂ ਲੋਕਾਂ ਨਾਲ ਧੱਕੇ ਕੀਤੇ ਤੇ ਉਹਨਾਂ ਨੇ ਲੋਕ ਸ਼ਹੀਦ ਕੀਤੇ, ਮਾਰੇ ਤੇ ਉਹਦੇ ਨਾਲ ਨਾਲ ਪੁਲਸ ਜਬਰ ਸ਼ੁਰੂ ਹੋਇਆ ਤੇ ਭਾਅ ਜੀ, ਉਸ ਹਾਲਾਤ ਤੋਂ ਪ੍ਰਭਾਵਿਤ ਹੋ ਕੇ ਆਪਣੇ ਡਰਾਮੇ ਲੈ ਕੇ ਆਏ। ਇੱਕ ਕੁਰਸੀ ਇੱਕ ਮੋਰਚਾ। ਇਹਦੇ ਨਾਲ ਹੋਰ ਡਰਾਮੇ ਸ਼ਾਮਲ ਕਰ ਸਕਦੇ ਆ। ਉਸ ਤੋਂ ਬਾਅਦ ਵਿੱਚ ਇਹ ਦੌਰ ਆਇਆ ਤੇ ਫਿਰ ਕਿਸ ਤਰੀਕੇ ਦੇ ਨਾਲ ਇਹ ਹਾਲਾਤ ਇਥੇ ਬਦਲਦੇ ਗਏ ਆ, ਲੋਕਾਂ ਦੇ ਸੰਘਰਸ਼ ਵਾਸਤੇ, ਲੋਕਾਂ ਦੇ ਸੰਘਰਸ਼ ਅੱਗੇ ਲਿਜਾਣ ਦੇ ਵਾਸਤੇ, ਇਥੇ ਜਮਹੂਰੀ ਲਹਿਰ ਦੀ ਮਜਬੂਤੀ ਵਾਸਤੇ, ਭਾਅ ਜੀ ਹਮੇਸ਼ਾਂ ਆਪਣੇ ਡਰਾਮਿਆਂ ਰਾਹੀਂ ਲੋਕਾਂ ਵਿੱਚ ਐਕਟਿਵ ਰਹੇ ਐ। ਅੱਜ ਅਸੀਂ ਉਸ ਸਖਸ਼ੀਅਤ ਦਾ, ਉਹਨਾਂ ਡਰਾਮਿਆਂ ਦਾ ਮਾਣ ਕਰਨ ਵਾਸਤੇ ਇਕੱਠੇ ਹੋਏ ਆਂ, ਤੇ ਸਾਨੂੰ ਇਹ ਮਾਣ ਐ ਕਿ ਸਾਡੀ ਧਰਤੀ ਨੇ ਭਾਅ ਜੀ ਵਰਗੇ ਸਪੂਤ ਨੂੰ ਪੈਦਾ ਕੀਤੈ। ਤੇ ਇਹਦੇ ਨਾਲ ਨਾਲ ਉਹਨਾਂ ਇਥੇ ਸਾਡੇ ਵਿੱਚ ਜੋ ਸੋਝੀ ਜਗਾਈ ਐ, ਜੋ ਸਾਨੂੰ ਪਿਆਰ ਕੀਤੈ, ਅੱਜ ਅਸੀਂ ਉਹਦੇ ਮਾਣ ਵਿੱਚ ਇਥੇ ਇਕੱਠੇ ਹੋਏ ਆਂ। ਤੁਹਾਡੀ ਬਹੁਤ ਬਹੁਤ ਮਿਹਰਬਾਨੀ।
''ਉਨ•ਾਂ ਨੇ ਜਜ਼ਬਾਤ ਦੀ ਅਗਵਾਈ ਕੀਤੀ ਹੈ''
-ਗੰਧਰਵ ਸੇਨ ਕੋਛੜ
ਗੁਰਸ਼ਰਨ ਸਿੰਘ ਜੀ ਦੇ ਸਨਮਾਨ ਸਮਾਰੋਹ ਦੇ ਵਿੱਚ ਇਕੱਠੇ ਹੋਏ ਸਾਥੀਓ, ਪ੍ਰਬੰਧਕੋ, ਤੁਸੀਂ ਵਧਾਈ ਦੇ ਪਾਤਰ ਹੋ। ਗੁਰਸ਼ਰਨ ਸਿੰਘ ਹੋਰਾਂ ਨੇ, ਆਪਣੀ ਜ਼ਿੰਦਗੀ ਦੀ ਜਦੋਜਹਿਦ ਦੇ ਵਿੱਚ ਜੋ ਰੰਗਮੰਚ ਦੇ ਜਰੀਏ ਜੋ ਇਸ ਦੇਸ਼ ਦੇ ਦੱਬੇ ਕੁਚਲੇ ਲੋਕਾਂ ਦੇ ਲਈ ਉਹਨਾਂ ਦੇ ਦਿਲ ਵਿੱਚ ਦਰਦ ਸੀ, ਉਸਨੇ ਜੋ ਉਹਨਾਂ ਨੂੰ ਸੂਝ ਦਿੱਤੀ ਬਈ ਕਿੱਦਾਂ ਲੜਿਆ ਜਾ ਸਕਦਾ ਹੈ, ਇਸਦੇ ਖਿਲਾਫ। ਇਸ ਨੂੰ ਤਬਦੀਲ ਕਰਕੇ, ਕਿਸ ਤਰ•ਾਂ ਦਾ ਨਿਜ਼ਾਮ ਬਣਾਇਆ ਜਾ ਸਕਦਾ ਹੈ, ਇਹ ਕਿ ਲੋਕਾਂ 'ਤੇ ਜ਼ੁਲਮ ਨਾ ਹੋਣ। ਨਾ-ਬਰਾਬਰੀ ਨਾ ਹੋਵੇ, ਲੋਕ ਆਪਣੀ ਮਿਹਨਤ ਦਾ ਫਲ ਆਪ ਲੈ ਸਕਣ। ਉਸ ਤਰ•ਾਂ ਦਾ ਰਾਜ ਵੇਖਣ ਦੇ ਲਈ, ਉਹਨਾਂ ਨੇ ਇਹ ਰਸਤਾ ਚੁਣਿਆ। ਔਰ ਬਹੁਤ ਅੱਛਾ ਔਰ ਇਹ ਬਹੁਤ ਕਾਰਗਰ ਸਾਬਤ ਹੋਇਐ। ਉਹ ਤੁਹਾਡੇ ਇਸ ਇਕੱਠ ਤੋਂ ਲੱਗਦੈ। ਉਹਨਾਂ ਨੇ ਤੁਹਾਡੇ ਜਜ਼ਬਾਤ ਦੀ ਅਗਵਾਈ ਕੀਤੀ ਐ। ਔਰ ਉਸ ਦੇ ਵਿੱਚ ਉਹ ਕਾਮਯਾਬ ਹੋਏ ਨੇ। ਸਾਡੇ ਉਹ ਬਹੁਤ ਮੁਅੱਜਜ਼ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਵੀ ਨੇ ਗੁਰਸ਼ਰਨ ਸਿੰਘ ਜੀ। ਉਥੇ ਵੀ ਅਸੀਂ ਜੋ ਗਦਰੀ ਬਾਬਿਆਂ ਦਾ ਮੇਲਾ ਆਯੋਜਿਤ ਕਰਦੇ ਆਂ, ਹਰ ਸਾਲ, ਉਸ ਦੇ ਰੰਗਮੰਚ ਲਈ, ਬਾਕੀ ਸਭਿਆਚਾਰ ਲਈ ਉਹਨਾਂ ਦਾ ਕਾਫੀ ਯੋਗਦਾਨ ਹੁੰਦੈ। ਉਹਨਾਂ ਜਿਸ ਢੰਗ ਨਾਲ ਲੋਕਾਂ ਦੇ ਵਿੱਚ ਜਾਗਰਤੀ ਲਿਆਂਦੀ ਐ, ਇਨਕਲਾਬੀ ਜਮਹੂਰੀ ਲਹਿਰ ਲਈ, ਉਹ ਬਹੁਤ ਕਾਰਗਰ ਢੰਗ ਐ। ਕੁੱਝ ਦਿਨ ਹੋਏ, ਅਸੀਂ ਉਥੇ ਦੇਸ਼ ਭਗਤ ਯਾਦਗਾਰ ਹਾਲ ਬੈਠੇ ਸੀ, ਗੁਰਸ਼ਰਨ ਸਿੰਘ ਜੀ ਆਏ ਸਾਡੇ ਕੋਲ, ਉਹਨਾਂ ਨੇ ਇੱਕ ਖਾਸ ਗੱਲ ਕੀਤੀ। ਆਪਾਂ ਸਾਰੇ ਜਾਣਦੇ ਹੀ ਆਂ, ਸਮਾਜ ਦੇ ਵਿੱਚ 80 ਫੀਸਦੀ ਲੋਕ ਐਸੇ ਨੇ ਜਿਹੜੇ ਦੱਬੇ ਕੁਚਲੇ ਨੇ, ਜ਼ਰੂਰਤਮੰਦ ਨੇ, ਜਿਹੜੇ ਲੁੱਟਣ ਵਾਲਿਆਂ....ਔਰ ਇਸਦੇ ਵਿੱਚ ਸਮਾਜ ਦਾ ਅੱਧਾ ਹਿੱਸਾ ਔਰਤ ਹੈ, ਉਹ ਹੋਰ ਵੀ ਦੱਬੀ ਕੁਚਲੀ ਐ। ਉਹਨਾਂ ਇਹ ਉੱਦਮ ਕੀਤਾ ਹੈ ਕਿ ਮੈਂ ਸਾਰੀ ਜ਼ਿੰਦਗੀ ਇਸ ਲਹਿਰ ਦੇ ਲਈ, ਔਰਤ ਨੂੰ ਜਾਗਰਤ ਕਰਨ ਦੇ ਲਈ, ਉਹਨਾਂ ਨੂੰ ਚੇਤਨਾ ਦੇਣ ਲਈ, ਉਸ ਨੂੰ ਆਪਣੇ ਅਧਿਕਾਰਾਂ ਦੇ ਲਈ ਖੜ•ੇ ਕਰਨ ਦੇ ਲਈ, ਔਰ ਉਸਦੇ ਲਈ ਜੱਦੋਜਹਿਦ ਕਰਨ ਦੇ ਲਈ, ਪਰੇਰਨੈ, ਸੂਝ ਦੇਣੀ ਐ। ਔਰ ਉਸ ਨੂੰ ਇਕੱਠੇ ਕਰਨ ਦੇ ਵਿੱਚ ਯੋਗਦਾਨ ਪਾਉਣੈ, ਔਰ ਉਹਦੇ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਵੀ ਇਸ ਦਾ ਇੱਕ ਕੇਂਦਰ ਬਣੀ। ਉਹਨਾਂ ਨੇ ਆਪਣੀ ਔਲਾਦ ਨਵਸ਼ਰਨ ਨੂੰ ਖਾਸ ਤੌਰ 'ਤੇ ਇਹੀ ਸੂਝ ਦਿੱਤੀ ਐ, ਉਹ ਵੀ ਸਾਡੇ ਕੋਲ ਆਈ ਪਿਛਲੇ ਦਿਨਾਂ ਦੇ ਵਿੱਚ, ਉਹਦੇ ਵਿਚਾਰ ਅਸੀਂ ਸੁਣੇ ਉਤਸ਼ਾਹਤ ਹੋਏ, ਜਿੰਨਾ ਉਹ ਗਹਿਰਾਈ ਤਾਈਂ ਜਾ ਕੇ ਔਰਤ ਦੀ ਪੀੜਾ ਨੂੰ ਸਮਝ ਸਕੀ ਐ। ਉਹਦੇ ਅੱਗੇ ਜੋ ਦਰਪੇਸ਼ ਮਸਾਇਲ ਨੇ, ਉਹਨਾਂ ਲਈ ਹਾਲੇ ਕੀ ਕੁੱਝ ਕਰਨਾ ਚਾਹੀਦਾ ਹੈ, ਇਹ ਸਾਨੂੰ ਉਹਨਾਂ ਨੇ ਦਿੱਤਾ ਐ। ਇਹ ਗੁਰਸ਼ਰਨ ਸਿੰਘ ਹੋਰਾਂ ਦੀ ਦੇਣ ਐ, ਆਪਣੀ ਔਲਾਦ ਨੂੰ। ਜਿਹੜਾ ਇਨਸਾਨ ਜਿਸ ਰਾਹ 'ਤੇ ਚੱਲਦਾ ਹੋਵੇ, ਜੇ ਉਹ ਅੱਛਾ ਸਮਝ ਕੇ ਆਪਣੀ ਔਲਾਦ ਨੂੰ ਵੀ ਉਸੇ ਰਾਹ ਚਲਾਏ, ਉਹੀ ਇਨਸਾਨ ਸਮਝਿਆ ਜਾਣਾ ਚਾਹੀਦੈ ਕਿ ਇਸ ਨੂੰ ਲੋਕਾਂ ਦਾ ਦਰਦ ਹੈ ਜੋ ਮੈਂ ਇਹਨਾਂ ਦੇ ਵਿੱਚ ਦੇਖਿਆ। ਇਹ ਪਿਛਲੇ ਦਿਨਾਂ ਦੀ ਗੱਲ ਐ.. ..
''ਖੁੱਭਿਆ ਗੱਡਾ ਕੱਢਣ ਵਾਲਾ ਬਲਦ''
-ਮਹਿੰਦਰ ਸਿੰਘ ਸੇਲਬਰਾਹ
ਗੁਰਸ਼ਰਨ ਭਾਅ ਜੀ ਤੇ ਉਹਨਾਂ ਦਾ ਪਰਿਵਾਰ, ਸਤਿਕਾਰਯੋਗ ਪ੍ਰਧਾਨਗੀ ਮੰਡਲ ਤੇ ਪੰਜਾਬ ਦੇ ਕੋਨੇ ਕੋਨੇ ਤੋਂ ਆਏ ਮੇਰੇ ਲੋਕੋ, ਮੈਂ ਸਿਰਫ ਤੇ ਸਿਰਫ ਇੱਕ ਮਿੰਟ ਈ ਤੁਹਾਡੇ ਨਾਲ ਗੱਲ ਕਰਨੀ ਐ। ਅਨਪੜ•, ਇੱਕ ਕਿਸਾਨ ਜੱਟ ਹੋਣ ਦੇ ਨਾਤੇ, ਮੈਂ ਜੱਟ ਰੂਪਾਂ 'ਚ ਗੱਲ ਕਰਨੀ ਐ, ਕਿ ਸਾਡੇ ਪਿੰਡਾਂ ਦੇ ਵਿੱਚ ਅਸੀਂ ਬਲਦ ਪਾਲਦੇ ਆਂ, ਟੱਲੀ ਪਾਉਂਦੇ ਸੀ, ਉਹਦੇ ਗਲ ਵਿੱਚ। ਕਹਿੰਦੇ ਇਹ ਖੁੱਭਿਆ ਹੋਇਆ ਗੱਡਾ ਕੱਢ ਦੂ। ਉਹ ਵੜੇਵੇਂ ਖਾਈ ਜਾਂਦਾ, ਦਾਣਾ ਖਾਈ ਜਾਂਦਾ। ਪਰ ਜਦੋਂ ਗੱਡਾ ਖੁਭ ਜਾਂਦਾ ਤਾਂ ਉਹ ਗੱਡਾ ਦੇਖ ਕੇ ਮੋਕ ਮਾਰ ਜਾਂਦਾ। ਉਹ ਸਾਡੇ ਇਹ ਰਜਵਾੜੇ ਸਾਡੇ ਸਿਆਸੀ ਆਗੂ ਇਹੋ ਜਿਹੇ ਬਲਦ ਹਨ।
ਪੰਜਾਬ ਦੇ ਜੀਵਨ ਦਾ ਗੱਡਾ ਜਦੋਂ ਖੁਭਿਆ ਤਾਂ ਉਹ ਗੱਡਾ ਕੀਹਨਾਂ ਨੇ ਕੱਢਿਆ? ਜਿਹੜੇ ਰੋਜ਼ ਗੱਡੇ ਨੂੰ ਜੁੜਦੇ ਸੀ, ਰੋਜ਼ ਗੱਡੇ ਨੂੰ ਖਿੱਚਦੇ ਸੀ। ਉਹ ਸਾਡੇ ਭਾਅ ਜੀ ਗੁਰਸ਼ਰਨ ਸਿੰਘ ਹੋਰੀਂ ਨੇ। ਜਿਹਨਾਂ ਨੇ ਲੋਕਾਂ ਦਾ ਸਾਥ ਨਹੀਂ ਛੱਡਿਆ। ਹੱਥ ਦੇ ਵਿੱਚ ਕਲਮ ਲੈ ਕੇ ਲੋਕਾਂ ਨੂੰ ਇੱਕ ਰਾਹ ਵਿਖਾਈ। ਮੈਂ ਐਨਾ ਕਹਿੰਦਾ ਹੋਇਆ ਤੁਹਾਡਾ ਧੰਨਵਾਦ ਕਰਦਾਂ। ਧੰਨਵਾਦ।
''ਪ੍ਰਚੰਡ ਜੋਤ ਵਿਹੜਿਆਂ 'ਚ ਲੈ ਜਾਓ''
-ਅਤਰਜੀਤ ਸਿੰਘ
ਲੋਕ ਅਖਾੜਿਆਂ ਦੀ ਮਘਦੀ ਜੋਤ ਗੁਰਸ਼ਰਨ ਸਿੰਘ ਹੋਰਾਂ ਨੂੰ ਸਲਾਮ ਕਰਨ ਆਏ ਮੇਰੇ ਪਿਆਰੇ ਲੋਕੋ। ਮੈਂ ਤੁਹਾਡਾ ਸਾਰਿਆਂ ਦਾ ਬੇਹੱਦ ਧੰਨਵਾਦ ਕਰਦਾਂ ਤੇ ਤੁਹਾਨੂੰ ਵੀ ਲਾਲ ਸਲਾਮ ਕਹਿੰਨਾ, ਸਲੂਟ ਦਿੰਨਾ ਕਿ ਤੁਸੀਂ ਪੰਜਾਬ ਦੇ ਕੋਨੋ ਕੋਨੇ ਤੋਂ ਇਥੇ ਆਏ। ਤਮਾਮ ਬੁੱਧੀਜੀਵੀ ਤੇ ਵਿਦਵਾਨ ਕਲਮਾਂ ਇਥੇ ਆਈਆਂ, ਮੈਂ ਉਹਨਾਂ ਨੂੰ ਵੀ ਧੰਨਵਾਦ ਕਹਿੰਨਾ ਕਿ ਤੁਸੀਂ ਉਸ ਇਨਕਲਾਬੀ ਸੁਰ ਨੂੰ ਲੈ ਕੇ ਆਏ ਓ। ਤੁਹਾਡਾ ਬਹੁਤ ਬਹੁਤ ਧੰਨਵਾਦ। ਆਓ ਆਪਾਂ ਇਸ ਪ੍ਰਚੰਡ ਜੋਤ ਨੂੰ ਆਪਣੇ ਘਰਾਂ ਵਿੱਚ ਹੀ ਨਹੀਂ ਵਿਹੜਿਆਂ ਵਿੱਚ ਲੈ ਜਾਈਏ।
ਅਮੋਲਕ ਸਿੰਘ ਦੇ ਬੋਲਾਂ ਰਾਹੀਂ ਯਾਦਗਾਰੀ ਪਲਾਂ ਦੀ ਝਲਕ
ਪੰਜਾਬ ਦੀਆਂ ਅਣਗਿਣਤ ਕਲਮਾਂ ਦੇ ਕਾਫਲੇ ਨੇ, ਸਲਾਮ ਨਾਂ ਦਾ ਇੱਕ ਸੰਗ੍ਰਹਿ ਤਿਆਰ ਕੀਤਾ ਹੈ। ਪੰਜਾਬ ਦੇ ਰੰਗ ਕਰਮੀਆਂ ਦੇ ਉਹਦੇ ਵਿੱਚ ਸੁਨੇਹੇ ਨੇ, ਖੂਬਸੂਰਤ ਇੱਕ ਨਿਸ਼ਾਨੀ ਤੁਹਾਡੇ ਸਾਰਿਆਂ ਵਾਸਤੇ ਐ। ਅਸੀਂ ਆਸ ਕਰਾਂਗੇ ਕਿ ਤੁਹਾਡਾ ਕੋਈ ਇੱਕ ਵੀ ਘਰ ਇਸ ਤੋਂ ਖਾਲੀ ਨਾ ਰਹੇ , ਹਰ ਘਰ ਦੀ ਲਾਇਬਰੇਰੀ ਵਿੱਚ, ਹਰ ਘਰ ਦੇ ਕਮਰੇ ਦੇ ਅੰਦਰ ਜਿਥੇ ਉਹਨਾਂ ਦੇ ਬਾਲਾਂ ਨੇ ਬੈਠਣਾ, ਨਵੇਂ ਬੱਚਿਆਂ ਨੇ ਬੈਠਣਾ, ਉਥੇ ਇਹ ਸਲਾਮ ਹੋਵੇ। ਉਥੇ ਇਹ ਪਰਚਾ ਜ਼ਰੂਰ ਪਹੁੰਚੇ। ਜਿਹਾ ਪਰਚਾ ਅੱਜ ਪੰਜਾਬ ਦੀਆਂ ਨਾਮਵਰ ਸਖਸ਼ੀਅਤਾਂ, ਸਭਿਆਚਾਰਕ, ਸਾਹਿਤਕ ਵਿਦਵਾਨਾਂ ਤੇ ਇਸ ਖੇਤਰ ਦੀਆਂ ਉਹ ਹਸਤੀਆਂ ਤੁਹਾਡੀ ਝੋਲੀ ਪਾਉਣ ਜਾ ਰਹੀਆਂ ਨੇ। ਬਿਨਾ ਕਿਸੇ ਦੇਰੀ ਤੋਂ ਮੈਂ ਬੇਨਤੀ ਕਰ ਰਿਹਾਂ ਕਿ ਸਾਡੀ ਕਮੇਟੀ ਦੇ ਕਨਵੀਨਰ ਜਸਪਾਲ ਜੱਸੀ ਜੀ ਤੇ ਸਮੁੱਚੇ ਕਮੇਟੀ ਮੈਂਬਰ ਕਿਰਪਾ ਕਰਕੇ ਅੱਗੇ ਆਉਣ। ਔਰ ਆਪਣੇ ਨਾਲ ਅੱਜ ਦਾ ਇਹ ਜਿਹੜਾ ਪਰਚਾ ਰਲੀਜ਼ ਕੀਤਾ ਜਾਣੈ, ਜਿਹੜਾ ਗੁਰਸ਼ਰਨ ਸਿੰਘ ਜੀ ਦੀ ਉਸ ਗੱਲ ਨੂੰ ਸਮਰਪਤ ਹੈ, ਜੋ ਉਹਨਾਂ ਦੀ ਕੰਟਰੀਬਿਊਸ਼ਨ ਹੈ, ਉਹਨੂੰ ਰਲੀਜ਼ ਕਰਨੈ ਗੰਧਰਵ ਸੇਨ ਜੀ ਹੋਰਨਾਂ ਨੇ। ਤੇ ਜਿਹੜੇ ਸਾਡੇ ਮਹਿਮਾਨ ਨੇ ਮੰਚ ਦੇ ਉੱਤੇ, ਉਹਨਾਂ ਵਾਸਤੇ ਇੱਕ ਇੱਕ ਕਾਪੀ ਪਹੁੰਚਦੀ ਕਰ ਦਿੱਤੀ ਜਾਵੇ। ਜਦੋਂ ਇਹ ਪਰਚਾ ਰਲੀਜ਼ ਹੋ ਜਾਵੇਗਾ ਤਾਂ ਤੁਰੰਤ ਉਸੇ ਵੇਲੇ ਖੱਬੇ ਹੱਥ ਸਾਡੇ ਕੋਲ ਚੋਟੀ ਦੇ ਨਾਟਕਕਾਰ ਪਾਲੀ ਭੁਪਿੰਦਰ ਜੀ, ਬਲਦੇਵ ਜੀ ਤੇ ਹੋਰ ਸਾਹਿਤਕਾਰ ਸੈਂਕੜਿਆਂ ਦੀ ਗਿਣਤੀ ਵਿੱਚ ਬੈਠੇ ਨੇ ਤੇ ਐਡਾ ਵੱਡਾ ਇਕੱ ਕਿ ਜੇ ਕੋਈ ਯਤਨ ਕਰਦਾ ਹੋਵੇ ਤਾਂ ਉਹਦੇ ਕੋਲੋਂ ਸਰੋਤਿਆਂ ਦਾ ਓਨਾ ਇਕੱਠ ਨਹੀਂ ਹੋ ਸਕਦਾ ਜਿੱਡਾ ਵੱਡਾ ਇਕੱਠ ਅੱਜ ਲੋਕਾਂ ਨਾਲ ਗੱਲਾਂ ਕਰਨ ਵਾਲੇ ਤੇ ਲੋਕਾਂ ਦੇ ਦਿਲਾਂ ਦੀ ਬਾਤ ਪਾਉਣ ਵਾਲੀਆਂ ਕਲਮਾਂ ਦਾ ਇਕੱਠ ਹੋਇਆ ਹੋਇਐ। ਉਹ ਸਾਰੇ ਆਰਟ ਗੈਲਰੀ ਦੇ ਵਿੱਚ ਸਾਡੇ ਵਾਲੰਟੀਅਰ ਲੈ ਕੇ ਜਾਣਗੇ, ਉਹਨਾਂ ਨੂੰ ਭੇਟ ਕੀਤਾ ਜਾਊਗਾ ਤੇ ਸਾਰੇ ਪੰਡਾਲ ਨੂੰ ਬੇਨਤੀ ਐ ਕਿ ਉਸੇ ਵੇਲੇ ਜਦੋਂ ਪਰਚਾ ਰਲੀਜ਼ ਹੋਣਾ ਤਾਂ ਤੁਰੰਤ ਸਟਾਲ ਦੇ ਉੱਤੇ ਉਹ ਪਰਚਾ ਪਹੁੰਚ ਜਾਵੇਗਾ ਤੇ ਤੁਸੀਂ ਜਾਣ ਮੌਕੇ ਆਪਣੇ ਘਰ ਲਈ ਹਰ ਹਾਲਤ ਇਸ ਮੇਲੇ ਵਿਚੱੋਂ, ਇਸ ਸਨਮਾਨ ਸਮਾਰੋਹ ਵਿਚੋਂ, ਇਹ ਕਲਮਾਂ ਦੇ ਕੁੰਭ ਦੇ ਮੇਲੇ ਦੇ ਵਿੱਚੋਂ ਉਹ ਨਿਸ਼ਾਨੀ ਆਪਣੇ ਘਰ ਦੇ ਵਿੱਚ ਰੱਖਣ ਵਾਸਤੇ ਲੈ ਕੇ ਜਾਣੀ ਐ। ਉਹ ਪਰਚਾ ਤੁਹਾਨੂੰ ਉਥੇ ਮਿਲੇਗਾ। ਲਓ, ਇਹ ਰਸਮ ਅਸੀਂ ਬਕਾਇਦਗੀ ਨਾਲ ਸ਼ੁਰੂ ਕਰਨ ਲੱਗੇ ਹਾਂ। ਜੋ ਕਿ ਪਰਮਿੰਦਰ ਸਿੰਘ ਜੀ ਹੋਰੀਂ ਬਾਕਾਇਦਾ ਕਾਮਰੇਡ ਗੰਧਰਵ ਸੇਨ ਜੀ ਹੋਰਾਂ ਨੂੰ ਕਾਪੀ ਦੇ ਰਹੇ ਹਨ, ਔਰ ਅਜਮੇਰ ਔਲਖ, ਸੰਤੋਖ ਸਿੰਘ ਧੀਰ ਜੀ ਹੋਰੀਂ, ਸੁਰਜੀਤ ਪਾਤਰ ਜੀ ਕਿਰਪਾ ਕਰੇ ਅੱਗੇ ਆਉਣ, ਪ੍ਰੋਫੈਸਰ ਸਾਡੇ ਡਾਕਟਰ ਵਰਿਆਮ ਸੰਧੂ ਜੀ, ਪਿਤਾ ਜੀ ਸਾਡੇ ਮਹਿੰਦਰ ਸਿੰਘ ਜੀ ਸੇਲਬਰਾਹ। ਭਾਅ ਗੁਰਸ਼ਰਨ ਸਿੰਘ ਹੋਰਾਂ ਨੂੰ ਕਾਪੀ ਭੇਟ ਕੀਤੀ ਜਾ ਰਹੀ ਐ।
ਕਿਰਪਾ ਕਰਕੇ ਸਾਡੇ ਮੁੱਖ ਮਹਿਮਾਨ, ਪੰਚ ਦਾ ਪ੍ਰਧਾਨਗੀ ਮੰਡਲ ਕਿਰਪਾ ਕਰਕੇ ਇਥੇ ਹੀ ਰਹਿਣ ਅਤੇ ਇਹਨਾਂ ਈ ਪਲਾਂ ਦੇ ਵਿੱਚ ਨਾਲ ਹੀ ਸਾਡੇ ਕਨਵੀਨਰ ਨੇ, ਗੁਰਸ਼ਰਨ ਭਾਅ ਜੀ ਹੋਰਨਾਂ ਨੂੰ ਮੁਮੈਂਟੋ ਦੇਣਾ ਹੈ, ਨਿਸ਼ਾਨੀ ਦੇਣੀ ਐ। ਉਸ ਤੋਂ ਪਹਿਲਾਂ ਤੁਸੀਂ ਸਾਰਿਆਂ ਨੇ, ਉਸ ਨਿਸ਼ਾਨੀ ਨੂੰ ਜਦੋਂ ਦਿੱਤਾ ਜਾਣੈ, ਤੇ ਉਸ ਤੋਂ ਪਹਿਲਾਂ ਜਿਹੜਾ ਸਨਮਾਨ ਦਿੱਤਾ ਜਾਣੈ ਤੇ ਸਲੂਟ ਮਾਰਿਆ ਜਾਣੈ, ਆਪਣੇ ਸਾਰਿਆਂ ਦੇ ਵੱਲੋਂ ਉਸ ਨੂੰ ਬਾਕਾਇਦਗੀ ਦੇ ਨਾਲ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਆਂ। ਗੁਰਸ਼ਰਨ ਭਾਅ ਜੀ ਹੋਰਨਾਂ ਨੂੰ ਜਿਸ ਮੌਕੇ ਸਨਮਾਨ, ਸਲਾਮ ਦਿੱਤਾ ਜਾ ਰਿਹੈ ਅਤੇ ਆਪਣੇ ਵੱਲੋਂ ਅਹਿਦ ਕੀਤਾ ਜਾ ਰਿਹੈ। ਲਓ ਕਿਰਪਾ ਕਰਕੇ ਆਪਣਾ ਸਾਰਾ ਧਿਆਨ ਆਪਣੇ ਅੰਤਰ-ਮਨ ਵੱਲ ਲੈ ਕੇ ਜਾਓ। ਆਪਣੇ ਨਾਲ ਗੱਲ ਕਰਨ ਵੱਲ ਲੈ ਕੇ ਜਾਓ। ਉਸ ਮਹਾਨ ਬੁੱਢੇ ਜਰਨੈਲ ਨੇ ਪੰਜਾਬ ਦੀ ਹਵਾ ਦਾ ਰੰਗ ਬਦਲਿਆ ਹੈ, ਆਪਣੇ ਬੋਲਾਂ ਨਾਲ ਆਪਣੀ ਕਰਨੀ ਨਾਲ। ਉਹਨਾਂ ਦੀ ਇਸ ਧਰੋਹਰ ਨੂੰ ਆਪਾਂ ਨੇ ਸੰਭਾਲਣਾ ਹੈ। ਆਉਣ ਵਾਲੀਆਂ ਪੀੜ•ੀਆਂ ਨੂੰ ਦੇਣਾ ਹੈ, ਜਿੱਦਾਂ ਰਿਲੇਅ ਰੇਸ ਹੁੰਦੀ ਐ। ਪੁਸਤਕ ਸਭਿਆਚਾਰ ਨੂੰ, ਲੋਕ ਰੰਗਮੰਚ ਨੂੰ, ਉਹਨਾਂ ਕਲਮਾਂ ਨੂੰ ਚੁਣੌਤੀਆਂ ਅੱਗੇ ਬਹੁਤ ਵੱਡੀਆਂ ਨੇ। ਤੇ ਉਹਨਾਂ ਚੁਣੌਤੀਆਂ ਨੂੰ ਸਰ ਵੀ ਅੱਜ ਪੰਜਾਬ ਦੇ ਜਾਇਆਂ ਨੇ, ਇਸ ਧਰਤੀ ਦੇ ਜਾਇਆਂ ਨੇ ਕਰਨੈ। ਤੇ ਇਹ ਸਨਮਾਨ ਦੁਨੀਆਂ ਭਰ ਦੇ ਕਿਰਤੀ ਕਾਮਿਆਂ ਵੱਲੋਂ, ਦੁਨੀਆਂ ਭਰ ਦੇ ਰੰਗਕਰਮੀਆਂ ਵੱਲੋਂ, ਜਿਹੜੀ ਚਾਹੇ ਸਫਦਰ ਹਾਸ਼ਮੀ ਵਰਗੇ ਨਾਟਕ ਕਰਦੇ ਕਰਦੇ ਪਹਿਲੀ ਜਨਵਰੀ ਨੂੰ ਦਿੱਲੀ ਦੀਆਂ ਸੜਕਾਂ 'ਤੇ ਸ਼ਹੀਦ ਕਰ ਦਿੱਤੇ ਜਾਂਦੇ ਨੇ, ਭਾਵੇਂ ਸੁਖਦੇਵ ਪ੍ਰੀਤ ਹੈ, ਭਾਵੇਂ ਉਹ ਪਾਸ਼ ਹੈ ਤੇ ਭਾਵੇਂ ਦੁਨੀਆਂ ਭਰ ਦੇ ਲੋਕ ਨੇ, ਇਹ ਉਹਨਾਂ ਨੂੰ ਵੀ ਯਾਦ ਕਰਦੇ ਆਂ ਅਸੀਂ ਜਦੋਂ ਉਹਨਾਂ ਨੂੰ ਪੁਰਸਕਾਰ ਦਿੱਤੇ ਜਾਂਦੇ ਅਮਰੀਕਾਂ ਦੇ ਜਾਬਰਾਂ, ਸਾਮਰਾਜੀਆਂ ਨੂੰ ਲਲਕਾਰਦੇ ਨੇ ਕਿ ਤੁਸੀਂ ਇਰਾਕ 'ਤੇ ਹਮਲਾ ਕਿਉਂ ਕਰਦੇ ਓਂ। ਪਿਛਲੇ ਦਿਨਾਂ ਵਿੱਚ ਦੁਨੀਆਂ ਦੇ ਇਸ ਰੰਗਮੰਚ 'ਤੇ ਵਾਪਰਿਐ।
ਸੋ ਆਓ ਕਿਰਪਾ ਕਰਕੇ ਸਾਰੇ ਈ ਮੰਚ ਦੇ ਵੱਲੋਂ ਬੇਨਤੀ ਹੈ ਕਿ ਮੈਂ ਕੁੱਝ ਸ਼ਬਦ ਬੋਲਿਆ ਕਰਾਂਗਾ, ਤੁਸੀਂ ਉਸਦੇ ਨਾਲ ਬੋਲਣੈ, ਕਿਰਪਾ ਕਰਕੇ ਉੱਠੋ ਇੱਕ ਵਾਰੀ ਸਲੂਟ ਮਾਰੀਏ- ਗੁਰਸ਼ਰਨ ਭਾਅ ਜੀ ਹੋਰਾਂ ਨੂੰ। ਸਾਰਿਆਂ ਨੇ ਖੜ•ੇ ਹੋਣੈ ਇਸੇ ਤਰ•ਾਂ ਦੇ ਨਾਲ। ਮੈਂ ਸ਼ਬਦਾਂ ਬੋਲਾਂਗਾ, ਉਹ ਤੁਸੀਂ ਪਿੱਛੇ ਨਾਲ ਨਾਲ ਉਹਨਾਂ ਸ਼ਬਦਾਂ ਨੂੰ ਬੋਲਣੈ, ਕੋਸ਼ਿਸ਼ ਹੋਏਗੀ ਕਿ ਇੱਕ ਬਾਕਾਇਦਾ ਰਵਾਨਗੀ ਦੇ ਨਾਲ ਘੱਟ ਤੋਂ ਘੱਟ ਇੱਕ ਧੀਮੀ ਗਤੀ ਦੇ ਬੁਲਿਟਨ ਦੇ ਹਿਸਾਬ ਦੇ ਨਾਲ ਤੁਹਾਡੇ ਨਾਲ ਇਹ ਸਨਮਾਨ ਅਤੇ ਅਹਿਦ ਸਾਂਝਾ ਕੀਤਾ ਜਾਵੇਗਾ।
ਇੱਕ ਵਾਰ ਫੇਰ ਜਿਹੜਾ ਜਿਹੜਾ ਸਲਾਮ, ਸਨਮਾਨ ਅਤੇ ਅਹਿਦ ਭੇਟ ਕਰਨ ਲੱਗੇ ਆਂ, ਤੁਹਾਡੇ ਸਾਰਿਆਂ ਦੇ ਵਲੋਂ ਐ, ਤੁਹਾਡੇ ਸਾਰਿਆਂ ਦੀ ਹਾਜ਼ਰੀ ਵੱਲੋਂ ਐ, ਜਿਹੜੇ ਪੰਡਾਲ ਵਿੱਚ ਨਹੀਂ ਪਹੁੰਚ ਸਕੇ, ਉਹਨਾਂ ਵੱਲੋਂ ਵੀ ਐ। ਇਹ ਅਹਿਦ, ਮਹਿਜ਼ ਇੱਕ ਰਸਮ ਨਾ ਰਹੇ, ਆਪਣੇ ਮਨਾਂ ਦੇ ਨਾਲ ਇੱਕ ਗੱਲ ਕਰਨ ਦਾ, ਇੱਕ ਅਕੀਦਾ ਕਰਨ ਦਾ, ਉਹਨਾਂ ਸੁਪਨਿਆਂ ਨੂੰ ਸਾਕਾਰ ਕਰਨ ਦਾ ਕੁੱਝ ਪਲੈੱਜ ਲਈ ਜਾਣੀ ਐ। ਸਹੁੰ ਚੁੱਕੀ ਜਾਣੀ ਐ। ਉਹ ਤੁਹਾਡੇ ਨਾਲ ਹੁਣ ਸਾਂਝੀ ਕਰਨ ਲੱਗੇ ਆਂ।
ਸਲਾਮ, ਸਨਮਾਨ ਅਤੇ ਅਹਿਦ.................
ਹੁਣ ਸਾਡੇ ਕਨਵੀਨਰ ਉਹ ਮੁਮੈਂਟੋ ਗੁਰਸ਼ਰਨ ਸਿੰਘ ਜੀ ਨੂੰ ਭੇਟ ਕਰਨਗੇ, ਜਿਹੜਾ ਤੁਸੀਂ ਪਿੱਛੇ ਪਰਦੇ 'ਤੇ ਲੱਗਿਆ ਦੇਖ ਰਹੇ ਓ। ਇਸ ਉੱਤੇ ਲਿਖਿਆ ਹੈ, ਕਲਾ ਲੋਕਾਂ ਦੀ ਮੁਕਤੀ ਲਈ। ਇਹ ਸਨਮਾਨ ਚਿੰਨ• ਪਹਿਲੀਆਂ ਰਵਾਇਤਾਂ ਤੋਂ, ਗੁਰਸ਼ਰਨ ਸਿੰਘ ਭਾਅ ਜੀ ਹੋਰਨਾਂ ਨੇ ਜੋ ਘਾਲਣਾ ਕੀਤੀ ਐ ਅਸੀਂ ਯਤਨ ਕੀਤੈ ਸੁਖਵੰਤ ਆਰਟਿਸਟ ਦੀ ਇਸ ਵਿੱਚ ਕਲਾਕਾਰੀ ਐ। ਇਹਦੇ ਵਿੱਚ ਬਹੁਤ ਸਾਰੇ ਬੁੱਧੀਮਾਨ ਲੋਕਾਂ ਦਾ ਯੋਗਦਾਨ ਐ। ਇਸ ਬਣੀ ਹੋਈ ਤਸਵੀਰ ਦੇ ਵਿੱਚ ਪੰਜਾਬ ਦਾ ਰੰਗਮੰਚ ਵੀ ਤੇ ਤੁਹਾਡੇ ਚਲਦੇ ਹੋਏ ਘੋਲ ਵੀ, ਕਵੀਆਂ ਦੇ ਬਲਦੇ ਬੋਲ ਵੀ। ਲੋਕਾਂ ਦਾ ਰੰਗਮੰਚ ਵੀ। ਸਤਰੰਗੀ ਪੀਂਘ ਵੀ ਉਹ ਸੱਤ ਰੰਗ ਵੀ, ਉਹ ਸੱਤ ਸੁਰਾਂ ਵੀ, ਉਹ ਪੰਜ ਦਰਿਆਵਾਂ ਦੀ ਧਰਤੀ ਵੀ ਇਹਦੇ 'ਚ ਸਮੋਈ ਹੈ। ਇਹਦੇ ਵਿੱਚ ਸਮੋਏ ਹੋਏ ਨੇ ਉਹ ਸਾਰੇ ਸੱਤ ਸਾਗਰਾਂ ਤੋਂ ਦੂਰ ਵਸਤੇ ਸਾਡੇ ਲੋਕ ਉਹਨਾਂ ਸਭਨਾਂ ਦੇ ਵੱਲੋਂ, ਤੁਹਾਡੇ ਸਭਨਾਂ ਦੇ ਵੱਲੋਂ, ਇਹ ਸਨਮਾਨ ਚਿੰਨ• ਦਿੱਤਾ ਜਾ ਰਿਹੈ, ਇਹ ਸਨਮਾਨ ਚਿੰਨ• ਇਸ ਗੱਲ ਵਾਸਤੇ ਐ, ਕਿ ਆਉਣ ਵਾਲੇ ਸਮੇਂ ਦੇ ਅੰਦਰ ਲੋਕ ਸਭਿਆਚਾਰਕ ਮੋਰਚੇ ਦੇ ਇਤਿਹਾਸਕਾਰਾਂ ਨੇ ਸਭਿਆਚਾਰਕ ਕਾਮਿਆਂ ਨੇ ਤੇ ਲੋਕ ਸੰਗਰਾਮੀਆਂ ਨੇ ਇੱਕ-ਦੂਜੇ ਨੂੰ ਸਮਝਣਾ ਹੈ। ਇੱਕ-ਦੂਜੇ ਦੀ ਮੱਦਦ ਕਰਨੀ ਹੈ। ਇੱਕ-ਦੂਜੇ ਨੂੰ ਹੁਲਾਰਾ ਦੇਣ ਹੈ।.........
ਸਨਮਾਨ, ਸਲਾਮ ਅਤੇ ਅਹਿਦ
ਅਸੀਂ ਪੰਜਾਬ ਦੇ ਲੋਕਾਂ ਦੀ ਇਨਕਲਾਬੀ ਲਹਿਰ ਵੱਲੋਂ, ਗੁਰਸ਼ਰਨ ਸਿੰਘ ਦੀ ਇਨਕਲਾਬੀ ਜੀਵਨ ਘਾਲਣਾ ਨੂੰ ਆਪਣਾ ਸਲਾਮ ਭੇਟ ਕਰਦੇ ਹਾਂ।
ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਗੁਰਸ਼ਰਨ ਸਿੰਘ ਦੀ ਰਹਿਨੁਮਾਈ ਹੇਠ, ਪੰਜਾਬ ਦੇ ਰੰਗਮੰਚ 'ਤੇ, ਸਾਡੇ ਸੁਪਨਿਆਂ ਦੀ ਲੋਅ ਜਗਦੀ ਹੈ, ਸਾਡੇ ਵਿਰਸੇ ਦਾ ਸੂਰਜ ਚਮਕਦਾ ਹੈ, ਸਾਡੇ ਸੰਘਰਸ਼-ਨਗਾਰੇ ਦੀ ਧਮਕ ਗੂੰਜਦੀ ਹੈ ਅਤੇ ਸਾਡੇ ਭਵਿੱਖ ਦਾ ਝੰਡਾ ਲਹਿਰਾਉਂਦਾ ਹੈ।
ਸਾਨੂੰ ਮਾਣ ਹੈ ਕਿ ਗੁਰਸ਼ਰਨ ਸਿੰਘ ਦੀ ਕਲਾ ਦੀ ਪ੍ਰੇਰਨਾ ਸਾਡੇ ਦਿਲਾਂ ਵਿੱਚ ਧੜਕਦੀ ਹੈ, ਸਾਡੇ ਮੱਥਿਆਂ ਵਿੱਚ ਜਗਦੀ ਹੈ, ਸਾਡੇ ਨੈਣਾਂ 'ਚ ਬਲਦੀ ਹੈ ਅਤੇ ਸਾਡੇ ਤਣੇ ਹੋਏ ਮੁੱਕਿਆਂ 'ਚ ਲਹਿਰਰਾਉਂਦੀ ਹੈ।
ਸਾਨੂੰ ਮਾਣ ਹੈ ਕਿ ਸਾਡੇ ਗੁਰਸ਼ਰਨ ਸਿੰਘ ਨੇ ਜਿਸ ਇਨਕਲਾਬੀ ਭਾਵਨਾ ਦਾ ਝੰਡਾ ਰੰਗਮੰਚ 'ਤੇ ਉੱਚਾ ਕੀਤਾ ਹੈ, ਉਹੀ ਝੰਡਾ ਫੜ ਕੇ ਲੋਕਾਂ ਦੀ ਸੰਗਰਾਮੀ ਲਹਿਰ ਦਾ ਮੋਰਚਾ ਮੱਲਿਆ ਹੈ।
ਗੁਰਸ਼ਰਨ ਸਿੰਘ ਦੇ ਸਿਦਕ, ਨਿਹਚਾ, ਈਮਾਨ ਅਤੇ ਲੋਕ ਹਿੱਤਾਂ ਨਾਲ ਵਫਾਦਾਰੀ ਦੀ, ਲੋਕਾਂ ਦੇ ਦੁਸ਼ਮਣਾਂ ਨੇ ਵਾਰ ਵਾਰ ਪਰਖ ਕੀਤੀ ਹੈ। ਲਾਲਚ ਪਰੋਸ ਕੇ ਕੀਤੀ ਹੈ, ਜੇਲ• ਦੀਆਂ ਸੀਖਾਂ ਪਿੱਛੇ ਡੱਕ ਕੇ ਕੀਤੀ ਹੈ, ਸਟੇਨਾਂ ਲਹਿਰਾ ਕੇ ਕੀਤੀ ਹੈ ਅਤੇ ਲੋਕ ਇਨਕਲਾਬ ਦੇ ਸੁਪਨੇ ਦਾ ਮਜ਼ਾਕ ਉਡਾ ਕੇ ਕੀਤੀ ਹੈ। ਪਰ ਸਾਡੇ ਗੁਰਸ਼ਰਨ ਸਿੰਘ ਨੇ ਸਿਦਕ ਨਹੀਂ ਛੱਡਿਆ, ਯਕੀਨ ਨਹੀਂ ਹਾਰਿਆ, ਈਮਾਨ ਨਹੀਂ ਵੇਚਿਆ, ਵਫਾਦਾਰੀ ਨਹੀਂ ਬਦਲੀ।
ਸਾਨੂੰ ਮਾਣ ਹੈ ਕਿ ਸਾਡਾ ਗੁਰਸ਼ਰਨ ਸਿੰਘ ਸਦਾ-ਸਦਾ ਲਈ ਸਾਡਾ ਹੈ। ਲਟ-ਲਟ ਬਲਦੀ ਇਨਕਲਾਬੀ ਨਿਹਚਾ ਦੀ ਇਸ ਮੂਰਤ ਨੂੰ ਅੱਜ ਅਸੀਂ ਆਪਣੀਆਂ ਪਲਕਾਂ 'ਤੇ ਬਿਠਾਉਣ ਆਏ ਹਾਂ।
ਅਸੀਂ ਅਹਿਦ ਕਰਦੇ ਹਾਂ ਕਿ ਅਸੀਂ ਗੂੜ•ੀ ਲੋਅ ਨਾਲ ਚਮਕਦੇ ਲੋਕਾਂ ਦੀ ਲਹਿਰ ਦੇ ਇਸ ਸਿਤਾਰੇ ਦੀ ਘਾਲਣਾ ਨੂੰ ਕਦੇ ਨਹੀਂ ਭੁੱਲਾਂਗੇ। ਨਿਹਫਲ ਨਹੀਂ ਜਾਣ ਦਿਆਂਗੇ। ਲੋਕਾਂ ਦੀ ਲਹਿਰ ਅਤੇ ਲੋਕਾਂ ਦੀ ਕਲਾ ਦੇ ਰਿਸ਼ਤੇ ਨੂੰ ਹੋਰ ਗੂੜ•ਾ ਕਰਾਂਗੇ। ਲੋਕ ਸੰਗਰਾਮ ਦਾ ਕਾਫ਼ਲਾ ਹੋਰ ਵੱਡਾ ਕਰਾਂਗੇ। ਇਸ ਨੂੰ ਨਵੇਂ ਸਮਾਜ ਦੀ ਮੰਜ਼ਲ ਤੱਕ ਲੈ ਕੇ ਜਾਵਾਂਗੇ।
ਗੁਰਸ਼ਰਨ ਸਿੰਘ ਜ਼ਿੰਦਾਬਾਦ!
ਇਨਕਲਾਬ ਜ਼ਿੰਦਾਬਾਦ!!
No comments:
Post a Comment