ਸਦਾ ਜਗਦੀ ਜੋਤ ਨੂੰ ਸਲਾਮ!
ਪੌਣੇ ਛੇ ਸਾਲਾਂ ਦੇ ਵਕਫ਼ੇ ਪਿੱਛੋਂ ਗੁਰਸ਼ਰਨ ਸਿੰਘ ਦੀ ਜੀਵਨ-ਘਾਲਣਾ ਨੂੰ ਸਮਰਪਤ 'ਸਲਾਮ' ਦਾ ਦੂਸਰਾ ਅੰਕ ਅਸੀਂ ਭਰੇ ਮਨ ਨਾਲ ਜਾਰੀ ਕਰ ਰਹੇ ਹਾਂ। ਪਹਿਲਾ ਅੰਕ 11 ਜਨਵਰੀ 2006 ਨੂੰ ਪਿੰਡ ਕੁੱਸਾ 'ਚ ਗੁਰਸ਼ਰਨ ਸਿੰਘ ਨੂੰ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਵੱਲੋਂ ਭੇਟ ਕੀਤੇ ਗਏ ''ਇਨਕਲਾਬੀ ਨਿਹਚਾ ਸਨਮਾਨ'' ਸਮੇਂ ਜਾਰੀ ਕੀਤਾ ਗਿਆ ਸੀ। ਪੰਜਾਬ ਦੇ ਸਾਹਿਤ ਅਤੇ ਕਲਾ ਜਗਤ ਦੀਆਂ ਅਨੇਕਾਂ ਸਖਸ਼ੀਅਤਾਂ ਵੱਲੋਂ ਭਾਵਪੂਰਤ ਟਿੱਪਣੀਆਂ ਦੀ ਛਹਿਬਰ ਨੇ 'ਸਲਾਮ' ਨੂੰ ਕੁੱਸਾ ਦੇ ਇਤਿਹਾਸਕ ਸਮਾਰੋਹ ਵਾਂਗ ਹੀ ਇੱਕ ਯਾਦਗਾਰੀ ਦਸਤਾਵੇਜ ਬਣਾ ਦਿੱਤਾ ਸੀ।
ਗੁਰਸ਼ਰਨ ਸਿੰਘ ਦੇ ਸਦਾ ਲਈ ਤੁਰ ਜਾਣ ਦੇ ਝੰਜੋੜੇ ਨੇ ਭਾਵਨਾਵਾਂ, ਵਲਵਲਿਆਂ ਅਤੇ ਸੋਚਾਂ ਦੀਆਂ ਤਰੰਗਾਂ ਦੀ ਵੱਡੀ ਫੁਹਾਰ ਨੂੰ ਜਨਮ ਦਿੱਤਾ ਹੈ। ਇਸ ਨੂੰ ਰੂਪਮਾਨ ਕਰ ਸਕਣਾ ਕਿਸੇ ਇੱਕ ਸੰਸਥਾ ਜਾਂ ਪ੍ਰਕਾਸ਼ਨਾ ਦੇ ਵਸ ਦੀ ਗੱਲ ਨਹੀਂ ਹੈ। ਗੁਰਸ਼ਰਨ ਸਿੰਘ ਦੀ ਪਰੇਰਨਾ ਦਾ ਝੰਡਾ ਬੁਲੰਦ ਰੱਖਣ ਦੇ ਵਡੇਰੇ ਲੋਕ ਹੰਭਲੇ ਦੇ ਅੰਗ ਵਜੋਂ ''ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਗਮ ਕਮੇਟੀ'' ਵੱਲੋਂ 'ਸਲਾਮ' ਦਾ ਦੂਸਰਾ ਅੰਕ ਜਾਰੀ ਕੀਤਾ ਜਾ ਰਿਹਾ ਹੈ। ਕੁੱਸਾ ਸਮਾਗਮ ਲਈ ਬਣੀ ''ਗੁਰਸ਼ਰਨ ਸਿੰਘ ਇਨਕਲਾਬੀ ਸਨਮਾਨ ਸਮਾਰੋਹ ਕਮੇਟੀ, ਪੰਜਾਬ'' ਵੱਲੋਂ ਇਸ ਸਮਾਗਮ ਤੋਂ ਪਿੱਛੋਂ ਵੀ ਇੱਕ ਜਾਂ ਦੂਜੀ ਸ਼ਕਲ 'ਚ ਪੰਜਾਬੀ ਸਾਹਿਤ ਅਤੇ ਕਲਾ ਜਗਤ ਦੀ ਲੋਕ-ਪੱਖੀ ਧਾਰਾ ਨੂੰ ਸਮਰਪਤ ਸਲਾਮ ਹੰਭਲੇ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਸੀ। ਸਲਾਮ ਪ੍ਰਕਾਸ਼ਨ ਦੀ ਸ਼ੁਰੂਆਤ ਇਹਨਾਂ ਹੰਭਲਿਆਂ ਦਾ ਹੀ ਹਿੱਸਾ ਹੈ, ਜਿਸ ਵੱਲੋਂ ਵਿਛੜ ਗਏ ਉੱਘੇ ਲੋਕ ਪੱਖੀ ਸਾਹਿਤਕਾਰ ਸੰਤੋਖ ਸਿੰਘ ਧੀਰ ਦੀਆਂ ਚੋਣਵੀਆਂ ਰਚਨਾਵਾਂ ਛਾਪ ਕੇ ਪੰਜਾਬੀ ਸਾਹਿਤ ਦੀ ਲੋਕ-ਪੱਖੀ ਧਾਰਾ ਨੂੰ ਸਲਾਮ ਭੇਟ ਕੀਤੀ ਗਈ ਹੈ।
ਗੁਰਸ਼ਰਨ ਸਿੰਘ ਲੋਕਾਂ ਦੀ ਕਲਾ ਅਤੇ ਲੋਕ ਹੱਕਾਂ ਦੀ ਲਹਿਰ ਦੇ ਸੱਚੇ-ਸੁੱਚੇ ਸਜਿੰਦ ਰਿਸ਼ਤੇ ਦੀ ਕੱਦਾਵਰ ਸਾਕਾਰ ਮੂਰਤ ਹੋ ਕੇ ਵਿਚਰੇ। ਉਹਨਾਂ ਦੇ ਤੁਰ ਜਾਣ ਪਿੱਛੋਂ ਇੱਕ ਪਾਸੇ ਸਾਹਿਤ ਅਤੇ ਕਲਾ ਜਗਤ ਦੇ ਸੁਹਿਰਦ ਕਾਮਿਆਂ ਦੀ ਅਤੇ ਦੂਜੇ ਪਾਸੇ ਹੱਕੀ ਸੰਘਰਸ਼ਾਂ ਦੇ ਘੁਲਾਟੀਆਂ ਦੀ ਜੁੰਮੇਵਾਰੀ ਹੋਰ ਵਧ ਗਈ ਹੈ। ਸਾਹਿਤ, ਕਲਾ ਅਤੇ ਲੋਕ ਲਹਿਰ ਦਾ ਰਿਸ਼ਤਾ ਹੋਰ ਗੂੜ•ਾ ਕਰਨਾ ਅਤੇ ਨਵੀਆਂ ਬੁਲੰਦੀਆਂ 'ਤੇ ਲਿਜਾਣਾ ਸਾਡਾ ਟੀਚਾ ਹੋਣਾ ਚਾਹੀਦਾ ਹੈ। ਇਹੋ ਗੁਰਸ਼ਰਨ ਸਿੰਘ ਦੀ ਘਾਲਣਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਅਹਿਸਾਸ ਨਾਲ ਅਸੀਂ ਗੁਰਸ਼ਰਨ ਸਿੰਘ ਨੂੰ ਸ਼ਰਧਾਂਜਲੀ ਵਜੋਂ 'ਸਲਾਮ' ਦਾ ਦੂਸਰਾ ਅੰਕ ਜਾਰੀ ਕਰ ਰਹੇ ਹਾਂ ਅਤੇ ਆਉਂਦੇ ਸਮੇਂ 'ਚ ਵੀ ਕੋਸ਼ਿਸ਼ ਕਰਦੇ ਰਹਾਂਗੇ ਕਿ ਕਲਾ ਅਤੇ ਜਿੰਦਗੀ ਦੇ ਉਸ ਰਿਸ਼ਤੇ ਦੀ ਗੂੰਜ ਨੂੰ ਉੱਚੀ ਕਰੀਏ, ਜਿਹੜੀ ਸਦੀਆਂ ਪਹਿਲਾਂ ''ਏਤੀ ਮਾਰ ਪਈ ਕੁਰਲਾਣੈ'' ਅਤੇ ''ਰਾਜੇ ਸੀਂਹ ਮੁਕੱਦਮ ਕੁੱਤੇ'' ਵਰਗੇ ਬੋਲਾਂ ਰਾਹੀਂ ਪ੍ਰਗਟ ਹੋਈ ਸੀ।
ਸਲਾਮ ਦੇ ਇਸ ਅੰਕ 'ਚ ਮੁੱਖ ਤੌਰ 'ਤੇ ਸਮੱਗਰੀ ਦੀਆਂ ਦੋ ਵੰਨਗੀਆਂ ਸ਼ਾਮਲ ਹਨ। ਇੱਕ ਵੰਨਗੀ ਉਹਨਾਂ ਲਿਖਤਾਂ ਅਤੇ ਤਕਰੀਰਾਂ ਦੀ ਹੈ ਜੋ ਇਤਿਹਾਸਕ ''ਇਨਕਲਾਬੀ ਨਿਹਚਾ ਸਨਮਾਨ'' ਨਾਲ ਸਬੰਧਤ ਹਨ। ਦੂਜੀ ਵੰਨਗੀ ਉਹਨਾਂ ਲਿਖਤਾਂ ਦੀ ਹੈ, ਜਿਹੜੀਆਂ 27 ਸਤੰਬਰ ਨੂੰ ਗੁਰਸ਼ਰਨ ਸਿੰਘ ਦੇ ਸਦੀਵੀ ਵਿਛੋੜੇ ਪਿੱਛੋਂ ਉਹਨਾਂ ਨੂੰ ਸ਼ਰਧਾਂਜਲੀ ਵਜੋਂ ਲਿਖੀਆਂ ਗਈਆਂ ਹਨ।
ਆਓ! ਗੁਰਸ਼ਰਨ ਸਿੰਘ ਦੀ ਬੁਲੰਦ ਆਵਾਜ਼ 'ਚ ਗੂੰਜਦੇ ਰਹੇ ਪੰਜਾਬੀ ਲੋਕਾਂ ਦੇ ਵਿਰਸੇ ਦਾ ਝੰਡਾ ਹੋਰ ਉੱਚਾ ਕਰੀਏ ਅਤੇ ਗੁਰਸ਼ਰਨ ਸਿੰਘ ਦੀ ਜੀਵਨ-ਘਾਲਣਾ ਦੀ ਸਦਾ ਜਗਦੀ ਜੋਤ ਨੂੰ ਅਮਲੀ ਸਲਾਮ ਭੇਟ ਕਰਨ ਰਾਹੀਂ ਹੋਰ ਗੂੜ•ੀ ਕਰੀਏ!
-ਜਸਪਾਲ ਜੱਸੀ
ਗੁਰਸ਼ਰਨ ਸਿੰਘ ਦੀਆਂ ਪੈੜਾਂ 'ਤੇ
''ਇਨਕਲਾਬੀ ਨਿਹਚਾ ਸਨਮਾਨ'' ਤੋਂ ਸ਼ਰਧਾਂਜਲੀ ਸਮਾਗਮ ਤੱਕ
—ਜਸਪਾਲ ਜੱਸੀ
''ਤੂੰ ਜੋ ਉਮਰ ਭਰ ਜਗਾਏ, ਤੇ ਦਰੀਂ ਘਰੀਂ ਟਿਕਾਏ
ਤੇਰੇ ਚੇਹਰੇ ਉੱਤੇ ਅੱਜ ਵੀ, ਉਨ•ਾਂ ਦੀਵਿਆਂ ਦੀ ਲੋਅ ਹੈ''
—ਸੁਰਜੀਤ ਪਾਤਰ
ਗੁਰਸ਼ਰਨ ਸਿੰਘ ਆਪਣੇ ਆਖਰੀ ਸਾਹਾਂ ਤੱਕ ਅਣਗਿਣਤ ਦੀਵਿਆਂ ਦੀ ਲੋਅ 'ਚ ਜਗਮਗਾਉਂਦੇ ਚਿਹਰੇ ਨਾਲ ਲੋਕ-ਲਹਿਰ ਦੀ ਬੁੱਕਲ ਵਿੱਚ ਵਿਚਰਿਆ। ਲੋਕ-ਪੱਖੀ, ਅਗਾਂਹਵਧੂ ਅਤੇ ਇਨਕਲਾਬੀ ਰੰਗਮੰਚ ਦੇ ਵਿਹੜੇ 'ਚ ਉਸਦੀ ਹਾਜ਼ਰੀ ਅਸਧਾਰਨ ਵਰਤਾਰਾ ਹੋ ਨਿੱਬੜੀ। ਉਸਨੇ ਨਵੇਕਲੇ ਰੰਗਮੰਚ ਦੀ ਉਸਾਰੀ ਕੀਤੀ। ਭਾਈ ਲਾਲੋਆਂ ਦਾ ਇਹ ਰੰਗਮੰਚ ਉਸਨੇ ਆਪਣੇ ਸਾਹਾਂ ਨਾਲ ਉਸਾਰਿਆ। ਹੱਕ, ਇਨਸਾਫ ਅਤੇ ਬਰਾਬਰੀ ਲਈ ਮਹਾਨ ਸੰਗਰਾਮ ਨੂੰ ਸਮਰਪਤ ਉਸਦੀ ਸ਼ਾਨਦਾਰ ਕਰਨੀ ਅਤੇ ਘਾਲਣਾ ਨੇ ਉਸਨੂੰ ਇੱਕ ਲੋਕ-ਆਗੂ ਬਣਾ ਦਿੱਤਾ। ਲੋਕ-ਪੱਖੀ ਰੰਗਮੰਚ ਦੇ ਪਿੜ ਦੇ ਅੰਦਰ ਅਤੇ ਬਾਹਰ, ਜੀਵਨ ਦੇ ਰੰਗਮੰਚ 'ਤੇ ਆਪਣੀਆਂ ਪੈੜਾਂ ਦੇ ਅਮਿੱਟ ਨਿਸ਼ਾਨਾਂ ਸਦਕਾ ਗੁਰਸ਼ਰਨ ਸਿੰਘ ਨੇ ਜਿਉਂਦੇ ਜੀਅ ਮੌਤ 'ਤੇ ਫਤਿਹ ਹਾਸਲ ਕਰ ਲਈ ਸੀ। 11 ਜਨਵਰੀ 2006 ਨੂੰ ਮੋਗਾ ਨੇੜੇ ਪਿੰਡ ਕੁੱਸਾ 'ਚ ''ਇਨਕਲਾਬੀ ਨਿਹਚਾ ਸਨਮਾਨ'' ਸਮਾਗਮ ਦੌਰਾਨ ਜਿੰਦਗੀ, ਮੌਤ ਅਤੇ ਗੁਰਸ਼ਰਨ ਸਿੰਘ ਦੇ ਰਿਸ਼ਤੇ ਬਾਰੇ ਇਹ ਸਤਰਾਂ ਕਹੀਆਂ ਗਈਆਂ ਸਨ:
ਸਾਡੇ ਕਰਮਾਂ ਦੀਆਂ ਪੈੜਾਂ ਨੇ
ਜੀਵਨ ਦੀ ਧਾਰਾ ਹੋ ਜਾਣਾ
ਜਿਉਂਦੇ ਰੰਗ ਦੀਆਂ ਤਰੰਗਾਂ ਨੇ
ਕੱਲ• ਦਾ ਲਿਸ਼ਕਾਰਾ ਹੋ ਜਾਣਾ
ਮਿਹਨਤ ਦੇ ਕੂਚ ਨਗਾਰੇ ਦਾ
ਜੇਤੂ ਧਮਕਾਰਾ ਹੋ ਜਾਣਾ
ਸਾਡੀ ਉਮਰੋਂ ਪਾਰ ਜਿਉਣੇ ਦੀ
ਸਿੱਕ ਦਾ ਝਲਕਾਰਾ ਹੋ ਜਾਣਾ
ਅਸੀਂ ਢਲਦੇ ਤਨ ਦੇ ਫਿਕਰਾਂ ਨੂੰ
ਸੀਨੇ ਚਿਪਕਾ ਕੇ ਕੀ ਲੈਣਾ
ਸਾਹਾਂ ਵਿੱਚ ਰਚ ਕੇ ਜ਼ਿੰਦਗੀ ਦੇ
ਅਸੀਂ ਸਦਾ ਸਦਾ ਲਈ ਜੀਅ ਰਹਿਣਾ
ਗੁਰਸ਼ਰਨ ਸਿੰਘ ਦੀ ਹੋਂਦ ਦੇ ਇਉਂ ''ਜਿੰਦਗੀ ਦੇ ਸਾਹਾਂ 'ਚ'' ਰਚੇ ਹੋਣ ਦਾ ਇਜ਼ਹਾਰ ਉਹਨਾਂ ਨੂੰ ਅੰਤਮ ਵਿਦਾਇਗੀ ਸਮੇਂ ਅਤੇ ਫਿਰ 2 ਅਕਤੂਬਰ ਨੂੰ ਚੰਡੀਗੜ• ਜਨਤਕ ਸ਼ਰਧਾਂਜਲੀ ਸਮਾਗਮ ਦੌਰਾਨ ਕਈ ਦਿਲ ਟੁੰਬਵੀਆਂ ਝਲਕਾਂ ਰਾਹੀਂ ਹੋਇਆ। ਦੂਰ-ਦੁਰਾਡੇ ਪਿੰਡਾਂ ਦੇ ਵਿਹੜਿਆਂ 'ਚ ਗੁਰਸ਼ਰਨ ਸਿੰਘ ਦੀ ਗੂੰਜਦੀ ਆਵਾਜ਼ ਨੇ ਦਿਲਾਂ 'ਤੇ ਜੋ ਨਿਸ਼ਾਨ ਛੱਡੇ ਹਨ, ਉਹਨਾਂ ਦਾ ਇੱਕ ਪ੍ਰਭਾਵਸ਼ਾਲੀ ਪ੍ਰਗਟਾਵਾ ਲੰਮਾ ਪੈਂਡਾ ਝਾਗ ਕੇ ਸ਼ਰਧਾਂਜਲੀ ਸਮਾਗਮ 'ਚ ਝੰਡਿਆਂ ਸਮੇਤ ਪੁੱਜੀਆਂ ਖੇਤ ਮਜ਼ਦੂਰ ਔਰਤਾਂ ਦੇ ਜਜ਼ਬਾਤਾਂ ਰਾਹੀਂ ਹੋਇਆ। ਇਹਨਾਂ ਔਰਤਾਂ ਦੇ ਕਾਫਲੇ ਸ਼ਰਧਾਂਜਲੀ ਸਮਾਗਮ ਤੋਂ ਪਿੱਛੋਂ ਰਾਤ ਭਰ ਚੰਡੀਗੜ• ਦੇ ਗੁਰਦੁਆਰਿਆਂ 'ਚ ਠਹਿਰੇ ਅਤੇ ਸਵੇਰੇ ਹੁਸੈਨੀਵਾਲਾ ਜਾ ਰਹੇ ਗੁਰਸ਼ਰਨ ਸਿੰਘ ਦੀਆਂ ਅਸਥੀਆਂ ਦੇ ਕਾਫਲੇ ਵਿੱਚ ਸ਼ਾਮਲ ਹੋਏ।
ਚੰਡੀਗੜ• ਸਮਾਗਮ ਦੌਰਾਨ ਇਹ ਸੰਕੇਤ ਵੀ ਸਾਹਮਣੇ ਆਏ ਕਿ ਗੁਰਸ਼ਰਨ ਸਿੰਘ ਲਈ ਸਤਿਕਾਰ ਅਤੇ ਪਿਆਰ ਦੀਆਂ ਛੱਲਾਂ ਦੇ ਵੇਗ ਨੂੰ ਕਿਸੇ ਇੱਕ ਸਮਾਗਮ ਦੀ ਬੁੱਕਲ ਨਹੀਂ ਸਾਂਭ ਸਕਦੀ। ਸਟੇਜ ਤੋਂ ਆਉਣ ਵਾਲੇ ਦਿਨਾਂ 'ਚ ਵੱਖ ਵੱਖ ਥਾਈਂ ਹੋਣ ਜਾ ਰਹੇ ਕਿੰਨੇ ਹੀ ਛੋਟੇ ਵੱਡੇ ਸ਼ਰਧਾਂਜਲੀ ਸਮਾਗਮਾਂ ਦੇ ਐਲਾਨ ਹੋਏ। ਅਗਲੇ ਵਰ•ੇ ਤੋਂ 27 ਸਤੰਬਰ ਨੂੰ ਗੁਰਸ਼ਰਨ ਸਿੰਘ ਦੀ ਬਰਸੀ ਇਨਕਲਾਬੀ ਪੰਜਾਬੀ ਰੰਗਮੰਚ ਦਿਵਸ ਵਜੋਂ ਮਨਾਈ ਜਾਇਆ ਕਰੇਗੀ। ਜਾਪਦਾ ਹੈ ਕਿ ਗੁਰਸ਼ਰਨ ਸਿੰਘ ਨੂੰ ਸਮਰਪਤ ਸ਼ਰਧਾਂਜਲੀ ਸਰਗਰਮੀਆਂ ਪਹਿਲੀ ਬਰਸੀ ਤੱਕ ਇੱਕ ਜਾਂ ਦੂਜੀ ਸ਼ਕਲ ਵਿੱਚ ਜਾਰੀ ਰਹਿਣਗੀਆਂ ਅਤੇ ਇਹ ਪੂਰਾ ਵਰ•ਾ ਗੁਰਸ਼ਰਨ ਸਿੰਘ ਸ਼ਰਧਾਂਜਲੀ ਵਰ•ਾ ਹੋ ਨਿੱਬੜੇਗਾ।
ਇਸੇ ਲੜੀ 'ਚ ਇੱਕ ਵੱਡਾ ਜਨਤਕ ਸਮਾਗਮ 9 ਅਕਤੂਬਰ ਨੂੰ ਪਿੰਡ ਕੁੱਸਾ ਵਿੱਚ ਹੋ ਰਿਹਾ ਹੈ। 11 ਜਨਵਰੀ 2006 ਨੂੰ ਇਸੇ ਪਿੰਡ 'ਚ 20 ਹਜ਼ਾਰ ਲੋਕਾਂ ਦੀ ਇਕੱਤਰਤਾ 'ਚ ਗੁਰਸ਼ਰਨ ਸਿੰਘ ਨੂੰ ''ਇਨਕਲਾਬੀ ਨਿਹਚਾ ਸਨਮਾਨ'' ਨਾਲ ਸਤਿਕਾਰਿਆ ਗਿਆ ਸੀ। ਇਹ ਲੋਕ ਪੰਜਾਬ ਦੇ ਕੋਨੇ ਕੋਨੇ 'ਚੋਂ ਆਏ ਸਨ। ਬਹੁਤ ਵੱਡੀ ਗਿਣਤੀ ਪੇਂਡੂ ਲੋਕਾਂ ਦੀ ਸੀ। ਖੇਤ ਮਜ਼ਦੂਰ ਜਨਤਾ ਅਤੇ ਪੇਂਡੂ ਮਿਹਨਤਕਸ਼ ਔਰਤਾਂ ਦੀ ਭਰਵੀਂ ਸ਼ਮੂਲੀਅਤ ਨਿਵੇਕਲਾ ਅਤੇ ਧਿਆਨ ਖਿੱਚਣ ਵਾਲਾ ਪੱਖ ਸੀ। ਇਹ ਸਮਾਗਮ ਪੰਜਾਬ ਦੇ ਪਿੰਡਾਂ-ਕਸਬਿਆਂ 'ਚ ਚੱਲੀ ਮਹੀਨਾ ਭਰ ਲੰਮੀ ''ਗੁਰਸ਼ਰਨ ਸਿੰਘ ਸਲਾਮ ਅਤੇ ਸਨਮਾਨ ਜਨਤਕ ਮੁਹਿੰਮ'' ਦੇ ਸਿਖਰ 'ਤੇ ਕੀਤਾ ਗਿਆ ਸੀ, ਜਿਸ ਦੌਰਾਨ ਗੁਰਸ਼ਰਨ ਸਿੰਘ ਦੇ ਇਨਕਲਾਬੀ ਸਮਾਜਿਕ ਰੋਲ ਦੀ ਚਰਚਾ ਲੁੱਟੇ, ਦਬਾਏ ਅਤੇ ਲਤਾੜੇ ਲੱਖਾਂ ਲੋਕਾਂ ਦੇ ਦਰਾਂ ਤੱਕ ਪੁੱਜੀ ਸੀ। ਨਤੀਜੇ ਵਜੋਂ ਲੋਕ ਦੂਰੋਂ ਦੂਰੋਂ ਗੁਰਸ਼ਰਨ ਸਿੰਘ ਨੂੰ ਸਤਿਕਾਰਨ ਪਿੰਡ ਕੁੱਸਾ 'ਚ ਆਏ ਸਨ। ਇਸ ਸਮਾਗਮ 'ਚ ਇੱਕ ਪਾਸੇ ਲੋਕਾਂ ਦੇ ਹੱਕਾਂ ਦੀ ਲਹਿਰ ਦੀਆਂ ਬਹੁਤ ਹੀ ਮਕਬੂਲ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ ਅਤੇ ਦੂਜੇ ਪਾਸੇ ਪੰਜਾਬੀ ਸਾਹਿਤ ਅਤੇ ਕਲਾ ਜਗਤ ਦੀਆਂ ਸਿਰਕੱਢ ਹਸਤੀਆਂ ਸ਼ਾਮਲ ਹੋਈਆਂ। ਗੁਰਸ਼ਰਨ ਸਿੰਘ ਨੂੰ ਲੋਕਾਂ ਦੀ ਕਲਾ ਅਤੇ ਲੋਕ-ਹੱਕਾਂ ਦੀ ਲਹਿਰ ਦੀ ਆਪਸੀ ਸਾਂਝ ਦੇ ਉੱਚੇ ਲਹਿਰਾਉਂਦੇ ਪਰਚਮ ਵਜੋਂ ਸਨਮਾਨਿਆ ਗਿਆ।
ਇਉਂ ਜਨਤਾ ਵੱਲੋਂ ਆਪਣੇ ਕਲਾਕਾਰਾਂ ਅਤੇ ਸਾਹਿਤਕਾਰਾਂ ਨੂੰ ਪਲਕਾਂ 'ਤੇ ਬਿਠਾਉਣ ਦੀ ਇੱਕ ਨਿਵੇਕਲੀ ਪਿਰਤ ਦੀ ਸ਼ੁਰੂਆਤ ਹੋਈ।
ਮਰਹੂਮ ਕਹਾਣੀਕਾਰ ਅਤੇ ਕਵੀ ਸੰਤੋਖ ਸਿੰਘ ਧੀਰ ਨੇ ਟਿੱਪਣੀ ਕੀਤੀ ਕਿ ''ਇਨਕਲਾਬ ਤੋਂ ਪਹਿਲਾਂ'' ਲੋਕਾਂ ਦੇ ਕਿਸੇ ਕਲਾਕਾਰ ਦਾ ਏਨਾ ਵੱਡਾ ਸਨਮਾਨ ਵੇਖ ਕੇ ''ਮੇਰੀ ਕਲਪਨਾ ਝੂਠੀ ਪੈ ਗਈ ਹੈ।.. ..ਗੁਰਸ਼ਰਨ ਸਿੰਘ ਜਿਸ ਕਿਸਮ ਦੇ ਸਨਮਾਨ ਦੇ ਯੋਗ ਸਨ, ਉਸੇ ਕਿਸਮ ਦਾ ਸਨਮਾਨ ਹੋ ਰਿਹਾ ਹੈ। ਇਹ ਸਨਮਾਨ ਇੱਕ ਇਤਿਹਾਸ ਬਣੇਗਾ।''
ਸਿਰਕੱਢ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਨੇ ਕਿਹਾ, ''ਮੇਰਾ ਖਿਆਲ ਹੈ ਕਿ ਪੰਜਾਬੀ ਸਾਹਿਤ ਦੇ ਸਮੁੱਚੇ ਇਤਿਹਾਸ ਵਿੱਚ ਕਿਸੇ ਵੀ ਸਾਹਿਤਕਾਰ ਦੇ ਮਾਣ ਨੂੰ ਐਡਾ ਵੱਡਾ ਸਨਮਾਨ ਅਜੇ ਤੱਕ ਕਿਸੇ ਨੂੰ ਨਹੀਂ ਮਿਲਿਆ।.. ..ਕੁੱਸੇ ਦੀ ਧਰਤੀ 'ਤੇ ਇੱਕ ਬਹੁਤ ਲੰਮੀ, ਇੱਕ ਬਹੁਤ ਸੋਹਣੀ ਕਵਿਤਾ ਲਿਖੀ ਗਈ ਹੈ। ਮੈਂ ਐਨੀ ਲੰਮੀ, ਐਨੀ ਸੋਹਣੀ ਕਵਿਤਾ ਕਦੇ ਨਹੀਂ ਪੜ•ੀ।.. ..ਇਸ ਸਨਮਾਨ ਨੇ ਦੱਸ ਦਿੱਤਾ ਕਿ ਅਸੀਂ ਡੱਬਿਆਂ ਵਿੱਚ ਕੈਦ ਨਹੀਂ ਹੋਏ।.. ..ਅਸੀਂ ਅਜੇ ਘਰਾਂ ਵਿੱਚ ਕੈਦ ਨਹੀਂ ਹੋਏ। ਸਾਡੇ ਵਿੱਚ ਕੋਈ ਤੜਪ ਜਿੰਦਾ ਹੈ ਅਤੇ ਇਥੇ ਕੁਝ ਹੋਰ ਬਹੁਤ ਸੋਹਣਾ ਮੁਮਕਿਨ ਹੈ।''
ਨਾਮਵਰ ਪੰਜਾਬੀ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ''ਲੋਕਾਂ ਵਿੱਚ ਬੈਠੇ ਗੁਰੂ ਨੇ ਸੌ ਕਦਮ ਅੱਗੇ ਆ ਕੇ ਹਜ਼ਾਰਾਂ ਬਾਹਵਾਂ ਖੋਲ• ਕੇ ਉਹਨਾਂ ਨੂੰ ਆਪਣੇ ਗਲ ਲਾ ਕੇ ਦੱਸਿਆ ਹੈ.. ..ਗੁਰਸ਼ਰਨ ਸਿੰਘ ਤੂੰ ਸਾਡਾ ਏਂ। ਅਸੀਂ ਤੇਰੇ ਹਾਂ।''
ਉੱਘੇ ਨਾਟਕਕਾਰ ਅਤੇ ਨਿਰਦੇਸ਼ਕ ਪ੍ਰੋ. ਅਜਮੇਰ ਸਿੰਘ ਔਲਖ ਨੇ ਆਪਣੀ ਤਕਰੀਰ ਦੌਰਾਨ ਕਿਹਾ, ''ਕਿਸੇ ਰੰਗ ਕਰਮੀ ਨੂੰ, ਕਿਸੇ ਨਾਟਕਕਾਰ ਨੂੰ ਐਡੇ ਭਾਰੀ ਇਕੱਠ ਵਿੱਚ ਕਦੇ ਇਸ ਤਰ•ਾਂ ਦਾ ਸਨਮਾਨ ਨਹੀਂ ਦਿੱਤਾ ਗਿਆ। ਇਹ ਅੱਗੋਂ ਵਾਸਤੇ ਸਾਨੂੰ ਰੰਗ ਕਰਮੀਆਂ ਨੂੰ ਪ੍ਰੇਰਨਾ ਦਿੰਦਾ ਰਹੇਗਾ ਕਿ ਅਸੀਂ ਗੁਰਸ਼ਰਨ ਸਿੰਘ ਦਾ ਪੱਲਾ ਫੜ ਕੇ ਅੱਗੇ ਜਾਈਏ।''
ਨਾਵਲਕਾਰ ਗੁਰਦਿਆਲ ਸਿੰਘ ਨੇ ਸਨਮਾਨ ਸਮਾਰੋਹ ਲਈ ਭੇਜੇ ਆਪਣੇ ਵਿਸ਼ੇਸ਼ ਸੰਦੇਸ਼ 'ਚ ਕਿਹਾ, ''ਅੱਜ ਦੇ ਦਿਨ ਜਿਹੜੀਆਂ ਲੋਕ-ਹਿਤੈਸ਼ੀ ਸੰਸਥਾਵਾਂ ਭਾਅ ਜੀ ਗੁਰਸ਼ਰਨ ਸਿੰਘ ਦਾ ਸਨਮਾਨ ਕਰ ਰਹੀਆਂ ਹਨ, ਦਰਅਸਲ ਉਹ ਭਾਅ ਜੀ ਦੀ ਅੱਧੀ ਸਦੀ ਦੀ ਘਾਲਣਾ ਦਾ ਰਿਣ ਚੁਕਾ ਰਹੀਆਂ ਹਨ ਅਤੇ ਆਪਣੇ ਇਸ ਉੱਦਮ ਸਦਕਾ ਸਾਡੇ ਸਭ ਦੇ ਧੰਨਵਾਦ ਦੀਆਂ ਪਾਤਰ ਹਨ।.. ..ਅਸੀਂ ਸਾਰੇ ਆਪਣੇ ਮਹਾਨ ਨਾਟਕਕਾਰ ਅਤੇ ਰੰਗਕਰਮੀ ਤੋਂ ਉਤਸ਼ਾਹ ਲੈ ਕੇ ਅੱਗੇ ਵਧਣ ਲਈ ਤੇ ਲੋਕ ਹਿਤੈਸ਼ੀ ਸਮਾਜ ਦੀ ਸਿਰਜਣਾ ਲਈ ਉਤਸ਼ਾਹਤ ਹੋਏ ਹਾਂ।''
ਗੁਰਸ਼ਰਨ ਸਿੰਘ ਨੇ ਇਸ ਸਨਮਾਨ ਸਮਾਰੋਹ ਦੇ ਦੂਰ-ਰਸ ਅਰਥਾਂ ਬਾਰੇ ਇਸ ਸਮਾਗਮ ਵਿੱਚ ਟਿੱਪਣੀ ਕਰਦਿਆਂ ਕਿਹਾ, ''ਮੈਂ ਸਮਝਨਾਂ ਕਿ ਮਿਹਨਤਕਸ਼ ਲੋਕਾਂ ਦੀ ਤਾਕਤ, ਬੁੱਧੀਜੀਵੀਆਂ ਦੀ ਤਾਕਤ, ਲੇਖਕਾਂ, ਨਾਟਕਕਾਰਾਂ, ਕਵੀਆਂ ਦੀ ਤਾਕਤ, ਇਹ ਸਾਰੀ ਤਾਕਤ ਇਕੱਠੀ ਹੋਵੇਗੀ.. ..ਹੁਣ ਤਾਕਤ ਵਧੇਗੀ। ਤੁਹਾਡਾ ਇਹ ਸਨਮਾਨ ਦੇਣ ਲਈ ਬਹੁਤ ਬਹੁਤ ਧੰਨਵਾਦ।'' ਇਉਂ ਗੁਰਸ਼ਰਨ ਸਿੰਘ ਨੇ ''ਦਾਤੀਆਂ, ਕਲਮਾਂ ਅਤੇ ਹਥੌੜਿਆਂ'' ਦੇ ਉਸ ਸੰਗਮ ਦੇ ਚਮਕਦੇ ਨਿਸ਼ਾਨ ਵਜੋਂ, ਉਸ ''ਤ੍ਰਿਸ਼ੂਲ'' ਦੇ ਸਾਕਾਰ ਰੂਪ ਵਜੋਂ ਇਨਕਲਾਬੀ ਨਿਹਚਾ ਸਨਮਾਨ ਹਾਸਲ ਕੀਤਾ, ਜਿਸ ''ਤ੍ਰਿਸ਼ੂਲ'' ਦੀ ਸਿਰਜਣਾ ਦਾ ਸੁਨੇਹਾ ਕਦੇ ਪ੍ਰੋ. ਮੋਹਣ ਸਿੰਘ ਨੇ ਆਪਣੀ ਕਵਿਤਾ ਰਾਹੀਂ ਦਿੱਤਾ ਸੀ।
ਇਸ ਸਨਮਾਨ ਸਮਾਰੋਹ ਤੋਂ ਬਾਅਦ ਗੁਰਸ਼ਰਨ ਸਿੰਘ ਦੀ ਜੀਵਨ ਸਾਥਣ ਸ੍ਰੀਮਤੀ ਕੈਲਾਸ਼ ਕੌਰ ਨੇ ਕਿਹਾ ਕਿ ਇਹ ਸਨਮਾਨ ''ਮੇਰੀ ਜਿੰਦਗੀ ਦੀ ਸਭ ਤੋਂ ਵੱਡੀ ਯਾਦਗਾਰੀ ਘਟਨਾ ਹੈ।''
ਉੱਘੀ ਰੰਗਕਰਮੀ ਅਨੀਤਾ-ਸ਼ਬਦੀਸ਼ ਨੇ ਆਪਣੀ ਲਿਖਤ ''ਪੰਜਾਬ ਨੇ ਰਚਿਆ ਇਤਿਹਾਸ'' 'ਚ ਇਸ ਸਨਮਾਨ ਸਮਾਰੋਹ ਦਾ ਵਰਨਣ ਇਹਨਾਂ ਸ਼ਬਦਾਂ 'ਚ ਕੀਤਾ, ''11 ਜਨਵਰੀ 2006. ਇਹ ਦਿਨ ਮੇਰੇ ਚੇਤੇ ਵਿੱਚ ਖੁਣਿਆ ਗਿਆ ਹੈ। ਸ਼ਾਇਦ ਉਹਨਾਂ ਸਾਰਿਆਂ ਦੇ ਚੇਤਿਆਂ ਵਿੱਚ ਵੀ ਰਹੇਗਾ, ਜਿਹਨਾਂ ਨੇ ਉਸ ਦਿਨ ਲੋਕਤਾ ਦੇ ਵਿਸ਼ਾਲ ਸਮੁੰਦਰ ਨੂੰ ਤੱਕਿਆ ਹੈ, ਜੋ ਗੁਰਸ਼ਰਨ ਭਾਅ ਜੀ ਦਾ ਸਨਮਾਨ ਕਰਨ ਲਈ ਮਾਲਵੇ ਦੇ ਪ੍ਰਸਿੱਧ ਪਿੰਡ ਕੁੱਸਾ ਵਿੱਚ ਪਹੁੰਚੇ ਸਨ।.. ..ਇਹ ਦਿਨ ਰੰਗਮੰਚ ਇਤਿਹਾਸ ਲਈ ਮਹਾਨ ਘਟਨਾ ਸੀ, ਇਸ ਨੂੰ ਸਮੁੱਚੇ ਸਾਹਿਤ ਦੇ ਇਤਿਹਾਸ ਲਈ ਵੀ ਮਹੱਤਵਪੂਰਨ ਮੰਨਿਆ ਜਾਣਾ ਚਾਹੀਦਾ ਹੈ, ਕਿਉਂਕਿ ਇਸ ਦਿਨ ਪਹਿਲੀ ਵਾਰ ਏਨੀ ਭਰਵੀਂ ਸ਼ਮੂਲੀਅਤ ਵਿੱਚ ਸਨਮਾਨ ਹੋ ਰਿਹਾ ਸੀ।''
ਇਸ ਇਨਕਲਾਬੀ ਸਨਮਾਨ ਸਮਾਰੋਹ ਨੇ ਗਵਾਹੀ ਦੇ ਦਿੱਤੀ ਸੀ ਕਿ ਗੁਰਸ਼ਰਨ ਸਿੰਘ ਲੋਕਾਂ ਦੇ ਦਿਲਾਂ 'ਚ ਕਿਵੇਂ ਘਰ ਕਰ ਚੁੱਕਿਆ ਹੈ ਅਤੇ ਕਲਿਆਣਕਾਰੀ ਸਮਾਜ ਲਈ ਜੂਝ ਰਹੀਆਂ ਲੋਕ ਜਥੇਬੰਦੀਆਂ ਗੁਰਸ਼ਰਨ ਸਿੰਘ ਦੇ, ਉਸਦੀ ਅਗਵਾਈ ਹੇਠਲੀ ਰੰਗਮੰਚ ਲਹਿਰ ਦੇ ਅਤੇ ਪੰਜਾਬੀ ਸਾਹਿਤ ਦੀ ਸ਼ਾਨਦਾਰ ਲੋਕ-ਪੱਖੀ ਧਾਰਾ ਦੇ ਮਹੱਤਵ ਬਾਰੇ ਕਿਸ ਹੱਦ ਤੱਕ ਸੁਚੇਤ ਹਨ।
''ਇਨਕਲਾਬੀ ਨਿਹਚਾ ਸਨਮਾਨ'' ਸਮਾਗਮ ਤੋਂ ਪਿੱਛੋਂ ਵੀ ਸਮਾਗਮ ਕਮੇਟੀ ਨੇ ਗੁਰਸ਼ਰਨ ਸਿੰਘ ਨੂੰ ਸਮਰਪਤ ਸਰਗਰਮੀਆਂ ਦੀ ਲਗਾਤਾਰਤਾ ਬਣਾਈ ਰੱਖੀ ਹੈ। ਉਹਨਾਂ ਦੇ ਸਤਿਕਾਰ ਵਜੋਂ ਹੀ ਇੱਕ ਵਿਸ਼ੇਸ਼ ਪ੍ਰਕਾਸ਼ਨ ''ਸਲਾਮ ਪ੍ਰਕਾਸ਼ਨ'' ਦੇ ਨਾਂ ਹੇਠ ਚੱਲ ਰਿਹਾ ਹੈ, ਜਿਸ ਦਾ ਮਕਸਦ ਗੁਰਸ਼ਰਨ ਸਿੰਘ ਦੀ ਪਾਈ ਪਿਰਤ ਅਨੁਸਾਰ ਉੱਤਮ ਲੋਕ-ਪੱਖੀ ਸਾਹਿਤ ਨੂੰ ਸਸਤੀਆਂ ਦਰਾਂ 'ਤੇ ਲੋਕਾਂ ਤੱਕ ਪੁੱਜਦਾ ਕਰਨਾ ਹੈ।
9 ਅਕਤੂਬਰ ਨੂੰ ਪੰਜਾਬ ਦੇ ਵੱਖ ਵੱਖ ਕੋਨਿਆਂ ਤੋਂ ਆਏ ਦੱਬੇ-ਕੁਚਲੇ ਅਤੇ ਲਤਾੜੇ ਲੋਕ, ਰੰਗਕਰਮੀ, ਕਲਾਕਾਰ, ਸਾਹਿਤਕਾਰ ਅਤੇ ਬੁੱਧੀਜੀਵੀ ਮਿਲ ਕੇ ਇੱਕ ਵਾਰ ਫੇਰ ਪਿੰਡ ਕੁੱਸਾ 'ਚ ਗੁਰਸ਼ਰਨ ਸਿੰਘ ਦੇ ਸ਼ਾਨਦਾਰ ਜੀਵਨ ਦੇ ਉੱਜਲੇ ਵਰਕਿਆਂ ਦੇ ਰੂ-ਬ-ਰੂ ਹੋਣਗੇ। ਗੁਰਸ਼ਰਨ ਸਿੰਘ ਦੇ ਸ਼ਾਨਦਾਰ ਸੰਗਰਾਮੀ ਜੀਵਨ ਸਫਰ 'ਚ ਪਿੰਡ ਕੁੱਸਾ 'ਚ ਰਚੇ ਗਏ ਇਤਿਹਾਸ ਦੇ ਵਿਸ਼ੇਸ਼ ਮਹੱਤਵ ਕਰਕੇ, ਇਹ ਕਦਮ ਐਨ ਵਾਜਬ ਅਤੇ ਢੁੱਕਵਾਂ ਹੈ ਕਿ ਗੁਰਸ਼ਰਨ ਸਿੰਘ ਨੂੰ ਸ਼ਰਧਾਂਜਲੀ ਅਰਪਣ ਕਰਨ ਲਈ ਹੋ ਰਹੇ ਇਸ ਵਿਸ਼ੇਸ਼ ਸਮਾਗਮ ਦਾ ਮਾਣ ਇਸੇ ਪਿੰਡ ਨੂੰ ਦਿੱਤਾ ਜਾਵੇ। ਆਸ ਕੀਤੀ ਜਾਂਦੀ ਹੈ ਕਿ ਇਨਕਲਾਬੀ ਰੰਗਮੰਚ ਲਹਿਰ ਦੇ ਸ਼੍ਰੋਮਣੀ ਉਸਰੱਈਏ ਅਤੇ ਇਸਦੀ ਮਾਣਮੱਤੀ ਕਲਗੀ ਦੀ ਯਾਦ 'ਚ ਹੋ ਰਿਹਾ ਇਹ ਸ਼ਰਧਾਂਜਲੀ ਸਮਾਗਮ ਵੀ ਉਸ ਨੂੰ ਸਤਿਕਾਰਨ ਲਈ ਪੰਜ ਵਰ•ੇ ਪਹਿਲਾਂ ਹੋਏ ਇਨਕਲਾਬੀ ਸਨਮਾਨ ਸਮਾਰੋਹ ਵਾਂਗ ਹੀ ਇੱਕ ਯਾਦਗਾਰੀ ਘਟਨਾ ਬਣੇਗਾ।
ਇਨਕਲਾਬੀ ਨਾਟਕ ਲਹਿਰ ਦੇ ਸ਼ਰੋਮਣੀ ਉਸਰੱਈਏ ਗੁਰਸ਼ਰਨ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਲਈ
2 ਅਕਤੂਬਰ ਨੂੰ ਚੰਡੀਗੜ• ਅਤੇ 9 ਅਕਤੂਬਰ ਨੂੰ ਪਿੰਡ ਕੁੱਸਾ 'ਚ ਪੁੱਜਣ ਦਾ ਸੱਦਾ
''ਗੁਰਸ਼ਰਨ ਸਿੰਘ ਇਨਕਲਾਬੀ ਸਨਮਾਨ ਸਮਾਰੋਹ ਕਮੇਟੀ'' ਦੇ ਕਨਵੀਨਰ ਅਤੇ ਇਸ ਕਮੇਟੀ ਵੱਲੋਂ ਸ਼੍ਰੀ ਗੁਰਸ਼ਰਨ ਸਿੰਘ ਦੇ ਸਨਮਾਨ 'ਚ ਚੱਲ ਰਹੇ ''ਸਲਾਮ ਪ੍ਰਕਾਸ਼ਨ'' ਦੇ ਸੰਚਾਲਕ ਜਸਪਾਲ ਜੱਸੀ ਨੇ 2 ਅਕਤੂਬਰ ਨੂੰ ਗੁਰਸ਼ਰਨ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਚੰਡੀਗੜ• ਦੇ ਸੈਕਟਰ-34 ਵਿੱਚ ਹੋ ਰਹੇ ਸਮਾਗਮ ਵਿੱਚ ਪੁੱਜਣ ਦਾ ਸੱਦਾ ਦਿੱਤਾ ਹੈ।
ਪ੍ਰੈੱਸ ਦੇ ਨਾਂ ਜਾਰੀ ਕੀਤੇ ਬਿਆਨ ਵਿੱਚ ਜਸਪਾਲ ਜੱਸੀ ਨੇ ਸਨਮਾਨ ਕਮੇਟੀ ਵੱਲੋਂ ਐਲਾਨ ਕੀਤਾ ਕਿ ਪੰਜਾਬ ਦੇ ਪਿੰਡਾਂ 'ਚ ਗੁਰਸ਼ਰਨ ਸਿੰਘ ਲਈ ਅਥਾਹ ਸਤਿਕਾਰ ਅਤੇ ਲੋਕਾਂ ਦੀ ਜ਼ੋਰਦਾਰ ਮੰਗ ਨੂੰ ਧਿਆਨ 'ਚ ਰੱਖਦਿਆਂ 2 ਅਕਤੂਬਰ ਦੇ ਚੰਡੀਗੜ• ਸ਼ਰਧਾਂਜਲੀ ਸਮਾਗਮ ਤੋਂ ਬਾਅਦ 9 ਅਕਤੂਬਰ ਨੂੰ ਮੋਗਾ ਨੇੜੇ ਪਿੰਡ ਕੁੱਸਾ 'ਚ ਇੱਕ ਹੋਰ ਵੱਡਾ ਸ਼ਰਧਾਂਜਲੀ ਸਮਾਗਮ ਕੀਤਾ ਜਾ ਰਿਹਾ ਹੈ।
ਚੇਤੇ ਰਹੇ ਕਿ 11 ਜਨਵਰੀ 2006 ਨੂੰ ਪਿੰਡ ਕੁੱਸਾ ਵਿੱਚ ਗੁਰਸ਼ਰਨ ਸਿੰਘ ਨੂੰ 20 ਹਜ਼ਾਰ ਲੋਕਾਂ ਦੇ ਇਕੱਠ 'ਚ ''ਇਨਕਲਾਬੀ ਨਿਹਚਾ ਸਨਮਾਨ'' ਦੇ ਕੇ ਸਤਿਕਾਰਿਆ ਗਿਆ ਸੀ। ਇਹ ਸਨਮਾਨ ਸਮਾਰੋਹ ਪੰਜਾਬ ਦੀ ਇਨਕਲਾਬੀ ਰੰਗਮੰਚ ਲਹਿਰ ਅਤੇ ਲੋਕ ਲਹਿਰ ਅੰਦਰ ਇੱਕ ਯਾਦਗਾਰੀ ਘਟਨਾ ਹੋ ਨਿੱਬੜਿਆ ਸੀ।
9 ਅਕਤੂਬਰ ਦੇ ਸ਼ਰਧਾਂਜਲੀ ਸਮਾਗਮ ਲਈ ਕੁੱਸਾ ਸਨਮਾਨ ਕਮੇਟੀ ਦਾ ਵਿਸਥਾਰ ਕਰਕੇ ''ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਗਮ ਕਮੇਟੀ'' ਕਾਇਮ ਕੀਤੀ ਗਈ ਹੈ। ਪੰਜਾਬੀ ਰੰਗਮੰਚ ਦੀਆਂ ਕਈ ਸਿਰਕੱਢ ਅਤੇ ਉੱਘੀਆਂ ਸਖਸ਼ੀਅਤਾਂ ਦੇ ਇਸ ਕਮੇਟੀ 'ਚ ਸ਼ਾਮਲ ਹੋ ਜਾਣ ਨਾਲ ਕੁੱਸਾ ਸਮਾਗਮ ਦੇ ਉੱਦਮ ਨੂੰ ਜ਼ੋਰਦਾਰ ਹੁਲਾਰਾ ਮਿਲਿਆ ਹੈ। ਇਹਨਾਂ ਸਖਸ਼ੀਅਤਾਂ 'ਚ ਪ੍ਰੋ. ਅਜਮੇਰ ਸਿੰਘ ਔਲਖ, ਡਾ. ਆਤਮਜੀਤ, ਕੇਵਲ ਧਾਲੀਵਾਲ, ਪਾਲੀ ਭੁਪਿੰਦਰ, ਡਾ. ਸਾਹਿਬ ਸਿੰਘ, ਸ਼ਬਦੀਸ਼ ਅਤੇ ਰਾਮ ਸਵਰਨ ਸਿੰਘ ਲੱਖੇਵਾਲੀ ਸ਼ਾਮਲ ਹਨ। ਸੁਰਜੀਤ ਪਾਤਰ ਅਤੇ ਪੰਜਾਬੀ ਸਾਹਿਤ ਜਗਤ ਦੀਆਂ ਕਈ ਹੋਰ ਸਖਸ਼ੀਅਤਾਂ ਵੀ ਕੁੱਸਾ ਸ਼ਰਧਾਂਜਲੀ ਸਮਾਗਮ ਵਿੱਚ ਸ਼ਿਰਕਤ ਕਰਨਗੀਆਂ।
ਜਸਪਾਲ ਜੱਸੀ ਨੇ ਦੱਸਿਆ ਕਿ ਕੁੱਸਾ ਸ਼ਰਧਾਂਜਲੀ ਸਮਾਗਮ ਵਿੱਚ ਗੁਰਸ਼ਰਨ ਸਿੰਘ ਨੂੰ ਸਮਰਪਤ ਪਹਿਲੇ ਇਨਕਲਾਬੀ ਪੰਜਾਬੀ ਰੰਗਮੰਚ ਦਿਵਸ (27 ਸਤੰਬਰ 2012) ਦੀ ਮੁਹਿੰਮ ਖਾਤਰ ਮਜ਼ਦੂਰਾਂ, ਕਿਸਾਨਾਂ ਵੱਲੋਂ ਵਿਸ਼ੇਸ਼ ਯੋਗਦਾਨ ਦਾ ਐਲਾਨ ਕੀਤਾ ਜਾਵੇਗਾ।
ਪ੍ਰੈੱਸ ਲਈ:
ਹੁਣ ਕੁੱਸਾ ਪਿੰਡ 'ਚ ਜਗਮਗਾਵੇਗੀ ਗੁਰਸ਼ਰਨ ਸਿੰਘ ਦੀ ਯਾਦ
ਉੱਘੇ ਲੋਕ ਆਗੂਆਂ ਅਤੇ ਰੰਗਮੰਚ ਹਸਤੀਆਂ ਵੱਲੋਂ
9 ਅਕਤੂਬਰ ਦੇ ਸ਼ਰਧਾਂਜਲੀ ਸਮਾਗਮ 'ਚ ਪੁੱਜਣ ਦਾ ਸੱਦਾ
ਵਿੱਛੜ ਗਏ ਇਨਕਲਾਬੀ ਨਾਟਕਕਾਰ ਸ਼੍ਰੀ ਗੁਰਸ਼ਰਨ ਸਿੰਘ ਪ੍ਰਤੀ ਲੋਕਾਂ ਦੇ ਸਤਿਕਾਰ ਅਤੇ ਵਿਗੋਚੇ ਦੀਆਂ ਭਾਵਨਾਵਾਂ ਦਾ ਵੇਗ ਥੰਮ•ਣ ਦਾ ਨਾਂ ਨਹੀਂ ਲੈ ਰਿਹਾ। 2 ਅਕਤੂਬਰ ਨੂੰ ਚੰਡੀਗੜ• ਦੇ 34 ਸੈਕਟਰ ਵਿੱਚ ਗੁਰਸ਼ਰਨ ਸਿੰਘ ਨੂੰ ਸਮਰਪਤ ਜਨਤਕ ਸ਼ਰਧਾਂਜਲੀ ਸਮਾਗਮ ਤੋਂ ਬਾਅਦ ਇਹ ਲੋੜ ਮਹਿਸੂਸ ਕੀਤੀ ਗਈ ਹੈ ਕਿ ਗੁਰਸ਼ਰਨ ਸਿੰਘ ਦੀ ਜੀਵਨ-ਘਾਲਣਾ ਨੂੰ ਸਿਜਦਾ ਕਰਨ ਲਈ ਤਤਪਰ ਪਿੰਡਾਂ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਪੇਂਡੂ ਖੇਤਰ 'ਚ ਇੱਕ ਹੋਰ ਵੱਡਾ ਜਨਤਕ ਸ਼ਰਧਾਂਜਲੀ ਸਮਾਗਮ ਕੀਤਾ ਜਾਵੇ।
ਇਸ ਮਕਸਦ ਲਈ ਉਸ ''ਗੁਰਸ਼ਰਨ ਸਿੰਘ ਇਨਕਲਾਬੀ ਸਨਮਾਨ ਸਮਾਰੋਹ ਕਮੇਟੀ'' ਦਾ ਵਿਸਥਾਰ ਕੀਤਾ ਗਿਆ ਹੈ, ਜਿਸ ਵੱਲੋਂ 11 ਜਨਵਰੀ 2006 ਨੂੰ ਪਿੰਡ ਕੁੱਸਾ ਵਿੱਚ ਸ਼੍ਰੀ ਗੁਰਸ਼ਰਨ ਸਿੰਘ ਨੂੰ ''ਇਨਕਲਾਬੀ ਨਿਹਚਾ ਸਨਮਾਨ'' ਨਾਲ ਸਤਿਕਾਰਿਆ ਗਿਆ ਸੀ। ਇਉਂ ਹੋਂਦ 'ਚ ਆਈ, ਲੋਕ-ਆਗੂਆਂ ਅਤੇ ਰੰਗਮੰਚ ਹਸਤੀਆਂ ਦੀ ਸਾਂਝੀ ''ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਗਮ ਕਮੇਟੀ'' ਵੱਲੋਂ ਅੱਜ ਲੋਕਾਂ ਅਤੇ ਕਲਾਕਾਰਾਂ ਨੂੰ 9 ਅਕਤੂਬਰ ਨੂੰ ਮੋਗਾ ਨੇੜੇ ਪਿੰਡ ਕੁੱਸਾ 'ਚ ਪਹੁੰਚ ਕੇ ਸ਼ਰਧਾਂਜਲੀ ਭੇਟ ਕਰਨ ਦਾ ਸੱਦਾ ਦਿੱਤਾ ਗਿਆ।
ਸੱਦਾ ਦੇਣ ਵਾਲੀਆਂ ਸਖਸ਼ੀਅਤਾਂ 'ਚ ਗੁਰਸ਼ਰਨ ਸਿੰਘ ਦੀ ਜੀਵਨ-ਸਾਥਣ ਸ਼੍ਰੀਮਤੀ ਕੈਲਾਸ਼ ਕੌਰ ਤੋਂ ਇਲਾਵਾ ਪ੍ਰੋ. ਅਜਮੇਰ ਸਿੰਘ ਔਲਖ, ਡਾ. ਆਤਮਜੀਤ, ਕੇਵਲ ਧਾਲੀਵਾਲ, ਪਾਲੀ ਭੁਪਿੰਦਰ, ਡਾ. ਸਾਹਿਬ ਸਿੰਘ, ਸ਼ਬਦੀਸ਼, ਅਤਰਜੀਤ, ਰਾਮ ਸਵਰਨ ਸਿੰਘ ਲੱਖੇਵਾਲੀ, ਅਮੋਲਕ ਸਿੰਘ, ਝੰਡਾ ਸਿੰਘ ਜੇਠੂਕੇ, ਗੁਰਦਿਆਲ ਸਿੰਘ ਭੰਗਲ, ਜ਼ੋਰਾ ਸਿੰਘ ਨਸਰਾਲੀ, ਯਸ਼ਪਾਲ, ਡਾ. ਪ੍ਰਮਿੰਦਰ ਸਿੰਘ, ਹਰਜਿੰਦਰ ਸਿੰਘ, ਦਰਸ਼ਨ ਸਿੰਘ ਕੂਹਲੀ, ਪੁਸ਼ਪ ਲਤਾ, ਪਵੇਲ ਕੁੱਸਾ ਅਤੇ ਜਸਪਾਲ ਜੱਸੀ (ਕਨਵੀਨਰ) ਸ਼ਾਮਲ ਹਨ।
ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਨਵੀਨਰ ਜਸਪਾਲ ਜੱਸੀ ਨੇ ਦੱਸਿਆ ਕਿ 9 ਅਕਤੂਬਰ ਦੇ ਸ਼ਰਧਾਂਜਲੀ ਸਮਾਗਮ ਲਈ ਮੁਹਿੰਮ ਬਾਕਾਇਦਾ ਸ਼ੁਰੂ ਹੋ ਚੁੱਕੀ ਹੈ। ਬੀਤੀ ਰਾਤ ਪਿੰਡ ਕੁੱਸਾ 'ਚ ਭਾਰੀ ਜਨਤਕ ਇਕੱਤਰਤਾ 'ਚ ਇਲਾਕੇ 'ਚ ਸ਼ਰਧਾਂਜਲੀ ਸਮਾਗਮ ਮੁਹਿੰਮ ਦੀ ਸ਼ੁਰੂਆਤ ਦਾ ਐਲਾਨ ਕੀਤਾ ਗਿਆ। ਗੁਰਸ਼ਰਨ ਸਿੰਘ ਦੇ ਜੀਵਨ ਨਾਲ ਸਬੰਧਤ ਭਾਵਪੂਰਤ ਫਿਲਮਾਂ ਨੂੰ ਨੌਜੁਆਨਾਂ ਅਤੇ ਔਰਤਾਂ ਦੀ ਭਾਰੀ ਗਿਣਤੀ ਸਮੇਤ ਪਿੰਡ ਦੇ ਲੋਕਾਂ ਨੇ ਵੇਖਿਆ। ਸ਼ਰਧਾਂਜਲੀ ਸਮਾਗਮ ਕਮੇਟੀ ਦੇ ਮੈਂਬਰ ਪਵੇਲ ਕੁੱਸਾ ਅਤੇ ਖੇਤ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਨੇ ਇਸ ਮੁਹਿੰਮ ਨੂੰ ਘਰ ਘਰ ਲੈ ਜਾਣ ਦਾ ਸੱਦਾ ਦਿੱਤਾ।
ਮੀਟਿੰਗਾਂ, ਜਨਤਕ ਇਕੱਤਰਤਾਵਾਂ, ਕਾਫਲਾ ਮਾਰਚਾਂ, ਪ੍ਰਭਾਤਫੇਰੀਆਂ, ਮਸ਼ਾਲ ਮਾਰਚਾਂ, ਨੁੱਕਰ ਨਾਟਕਾਂ ਅਤੇ ਹੋਰਨਾਂ ਸ਼ਕਲਾਂ 'ਚ ਸ਼੍ਰੀ ਗੁਰਸ਼ਰਨ ਸਿੰਘ ਦੀ ਜੀਵਨ-ਘਾਲਣਾ ਨੂੰ ਸਿਜਦਾ ਕਰਨ ਦੀ ਇਹ ਮੁਹਿੰਮ 8 ਅਕਤੂਬਰ ਰਾਤ ਤੱਕ ਜਾਰੀ ਰਹੇਗੀ ਅਤੇ 9 ਅਕਤੂਬਰ ਨੂੰ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਵਿਦਿਆਰਥੀਆਂ, ਮੁਲਾਜ਼ਮਾਂ, ਔਰਤਾਂ, ਰੰਗ ਕਰਮੀਆਂ, ਸਾਹਿਤਕਾਰਾਂ, ਬੁੱਧੀਜੀਵੀਆਂ ਅਤੇ ਲੋਕ ਪੱਖੀ ਪੱਤਰਕਾਰਾਂ ਦਾ ਭਾਰੀ ਇਕੱਠ ਗੁਰਸ਼ਰਨ ਸਿੰਘ ਨੂੰ ਸ਼ਰਧਾਂਜਲੀ ਭੇਟ ਕਰੇਗਾ ਅਤੇ ਉਹਨਾਂ ਦੇ ਆਦਰਸ਼ ਨੂੰ ਬੁਲੰਦ ਕਰਨ ਦਾ ਹਲਫ਼ ਲਵੇਗਾ। ਸੁਰਜੀਤ ਪਾਤਰ ਅਤੇ ਸਾਹਿਤਕ ਜਗਤ ਦੀਆਂ ਹੋਰ ਉੱਘੀਆਂ ਹਸਤੀਆਂ ਇਸ ਸਮਾਗਮ 'ਚ ਸ਼ਿਰਕਤ ਕਰਨਗੀਆਂ।
9 ਅਕਤੂਬਰ ਦੇ ਸ਼ਰਧਾਂਜਲੀ ਸਮਾਗਮ ਲਈ ਵਰਿਆਮ ਸਿੰਘ ਸੰਧੂ ਦਾ ਸੰਦੇਸ਼
ਬਹੁਤ ਪਿਆਰੇ ਦੋਸਤੋ!
ਸਾਡੇ ਸਮਿਆਂ ਦੇ ਸਭ ਤੋਂ ਵੱਡੇ ਸਭਿਆਚਾਰਕ ਸਤੰਭ ਅਤੇ ਰੌਸ਼ਨ ਮੀਨਾਰ ਭਾ ਜੀ ਗੁਰਸ਼ਰਨ ਸਿੰਘ ਦੀ ਰੌਸ਼ਨੀ ਦੇ ਅਚਨਚੇਤ ਅਲੋਪ ਹੋ ਜਾਣ ਦਾ ਸਾਨੂੰ ਸਭ ਨੂੰ ਡਾਢਾ ਵਿਗੋਚਾ ਤਾਂ ਹੈ। ਪਰ ਜੇ ਆਪਾਂ ਆਪਣੇ ਅੰਦਰ ਝਾਤੀ ਮਾਰ ਕੇ ਵੇਖੀਏ ਤਾਂ ਪਤਾ ਚੱਲੇਗਾ ਕਿ ਭਾ ਜੀ ਦੀ ਬਦੌਲਤ ਉਹਨਾਂ ਦੇ ਰੌਸ਼ਨ ਹਿੱਸੇ ਦਾ ਕੋਈ ਨਾ ਕੋਈ ਛੋਟਾ ਜਿਹਾ ਟੋਟਾ ਸਾਡੇ ਅੰਦਰ ਵੀ ਜਗ ਰਿਹਾ ਹੈ। ਗੁਰਸ਼ਰਨ ਸਿੰਘ ਬੁਝਿਆ ਨਹੀਂ ਸਗੋਂ ਅਜੇ ਵੀ ਜਗ ਰਿਹੈ, ਸਾਡੀਆਂ ਰੂਹਾਂ ਵਿਚ, ਸਾਡੀਆਂ ਸੋਚਾਂ ਵਿਚ। ਗੁਰਸ਼ਰਨ ਸਿੰਘ ਵਰਗੀਆਂ ਹਸਤੀਆਂ ਨਾ ਕਦੀ ਮਰਦੀਆਂ ਨੇ ਨਾ ਬੁਝਦੀਆਂ ਨੇ ਬਸ਼ਰਤੇ ਕਿ ਅਸੀਂ ਖ਼ੁਦ ਉਹਨਾਂ ਦੀ ਸੋਚ ਅਤੇ ਚੇਤਨਾ ਨੂੰ ਬੁਝਣ ਅਤੇ ਮਰਨ ਨਾ ਦਈਏ।
ਉਹਨਾਂ ਦਾ ਸਦੀਵੀ ਵਿਛੋੜਾ ਨਿਸਚੈ ਹੀ ਪੂਰੇ ਪੰਜਾਬੀ ਭਾਈਚਾਰੇ ਲਈ ਅਣਪੂਰਿਆ ਜਾਣ ਵਾਲਾ ਘਾਟਾ ਹੈ; ਪਰ ਮੇਰੇ ਲਈ, ਤੁਹਾਡੇ ਵਿਚੋਂ ਹੋਰ ਬਹੁਤ ਸਾਰਿਆਂ ਵਾਂਗ, ਨਿੱਜੀ ਘਾਟਾ ਵੀ ਹੈ। ਪਾਸ਼, ਸੰਤ ਸੰਧੂ ਤੋਂ ਪਿੱਛੋਂ ਉਹਨਾਂ ਨੇ ਮੇਰਾ ਪਹਿਲਾ ਕਹਾਣੀ ਸੰਗ੍ਰਹਿ 'ਲੋਹੇ ਦੇ ਹੱਥ' ਛਾਪ ਕੇ ਮੈਨੂੰ ਪੰਜਾਬੀ ਪਾਠਕਾਂ ਦੇ ਰੂਬਰੂ ਕਰਕੇ ਕਹਾਣੀ ਮਾਰਗ 'ਤੇ ਪੱਕੇ ਪੈਰੀਂ ਤੁਰਨ ਦੀ ਤਾਕਤ ਦਿੱਤੀ ਸੀ। ਪਤਾ ਨਹੀਂ ਸਾਹਮਣੇ ਬੈਠੇ ਤੁਹਾਡੇ ਵਿਚੋਂ, ਮੇਰੇ ਵਾਂਗ ਹੀ, ਕਿੰਨੇ ਲੋਕਾਂ ਦੇ ਸਿਰ ਉੱਤੇ ਉਹਨਾਂ ਵੱਲੋਂ ਕੀਤੇ ਅਹਿਸਾਨ ਦਾ ਭਾਰ ਹੋਵੇਗਾ। ਜੇ ਅਸੀਂ ਸਾਰੇ ਇਹ ਭਾਰ ਲਾਹੁਣਾ ਚਾਹੁੰਦੇ ਹਾਂ ਤਾਂ ਆਓ! ਭਾ ਜੀ ਦੇ ਸਪੁਨਿਆਂ ਦਾ ਸੰਸਾਰ ਵਸਾਉਣ ਲਈ ਹੋਰ ਵੀ ਸਾਬਤ ਕਦਮੀ ਨਾਲ ਉਹਨਾਂ ਰਾਹਾਂ 'ਤੇ ਅਮਲੀ ਤੌਰ 'ਤੇ ਤੁਰਨ ਦਾ ਪ੍ਰਣ ਕਰੀਏ ਜਿਨ•ਾਂ ਰਾਹਵਾਂ ਉੱਤੇ ਭਾ ਜੀ ਸਾਰੀ ਉਮਰ, ਬੇਖ਼ਟਕ, ਬੇਰੋਕ, ਬੇਲੋਚ ਤੇ ਬੇਖ਼ੌਫ਼ ਹੋ ਕੇ ਤੁਰਦੇ ਰਹੇ।
ਇਹਨੀਂ ਦਿਨੀਂ ਕਨੇਡਾ ਬੈਠਾ ਹੋਣ ਕਰ ਕੇ ਅੱਜ ਦੇ ਇਕੱਠ ਵਿਚ ਮੈਨੂੰ ਤੁਹਾਡੇ ਸਭ ਨਾਲ ਮਿਲ ਬੈਠ ਕੇ ਭਾ ਜੀ ਨੂੰ ਨਤਮਸਤਕ ਹੋਣ ਦਾ ਮੌਕਾ ਨਸੀਬ ਨਹੀਂ ਹੋ ਰਿਹਾ ਪਰ ਤੁਹਾਡੇ ਨਾਲ ਇਹ ਸੂਚਨਾ ਜ਼ਰੂਰ ਸਾਂਝੀ ਕਰਨੀ ਚਾਹੁੰੰਦਾ ਹਾਂ ਕਿ ਏਥੇ ਟਰਾਂਟੋ ਏਰੀਏ ਵਿਚ ਵੀ ਭਾ ਜੀ ਦੀ ਸੋਚ ਦੇ ਪੈਰੋਕਾਰ ਲੋਕ ਤੁਹਾਡੇ ਵਾਂਗ ਹੀ ਭਾ ਜੀ ਦੀ ਦੇਣ ਨੂੰ ਚਿਤਵਣ ਤੇ ਨਤਮਸਤਕ ਹੋਣ ਲਈ 16 ਅਕਤੂਬਰ ਵਾਲੇ ਦਿਨ ਭਾਰੀ ਗਿਣਤੀ ਵਿਚ ਇਕੱਠੇ ਹੋ ਰਹੇ ਹਨ। ਇਸ ਸ਼ਰਧਾਂਜਲੀ ਸਮਾਗਮ ਨੂੰ ਮਨਾਉਣ ਲਈ ਏਥੋਂ ਦੀਆਂ ਸਾਰੀਆਂ ਅਗਾਂਹਵਧੂ ਧਿਰਾਂ, ਗਰੁੱਪ, ਸਾਹਿਤਕ ਤੇ ਸਭਿਆਚਾਰਕ ਸੰਸਥਾਵਾਂ ਸਾਂਝੇ ਤੌਰ 'ਤੇ ਕਾਰਜਸ਼ੀਲ ਹਨ।
ਇਸ ਸਾਂਝੇ ਯਤਨ ਨੂੰ ਸਿਰੇ ਚਾੜ•ਣ ਲਈ 'ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ਼ ਉਨਟੈਰੀਓ', ਗ਼ਦਰ ਹੈਰੀਟੇਜ਼ ਆਰਗੇਨਾਈਜ਼ੇਸ਼ਨ, ਦੇਸ਼ ਭਗਤ ਸਪੋਰਟਸ ਐਂਡ ਕਲਚਰਲ ਕਲੱਬ, ਗੁਰੂਕੁਲ ਅਕੈਡਮੀ, ਚੇਤਨਾ ਆਰਟਸ ਟੋਰਾਂਟੋ, ਯੂਨਾਈਟਡ ਐਸੋਸੀਏਟਡ ਨੈੱਟਵਰਕ, ਵਿਰਾਸਤ ਪੀਸ ਸੰਸਥਾ, ਪ੍ਰੋ. ਮੋਹਨ ਸਿੰਘ ਮੈਮੋਰੀਅਲ ਫ਼ਾਊਂਡੇਸ਼ਨ ਕੈਨੇਡਾ, ਇੰਡੋ-ਕੈਨੇਡੀਅਨ ਪੋਲਿਟੀਕਲ ਕੌਂਸਲ, ਪੰਜਾਬੀ ਆਰਟਸ ਐਸੋਸੀਏਸ਼ਨ, ਮਸ਼ਾਲ ਆਰਟਸ ਟੋਰਾਂਟੋ, ਪੰਜਾਬੀ ਪ੍ਰੈੱਸ ਕਲੱਬ, ਸਾਊਥ ਏਸ਼ੀਅਨ ਪ੍ਰੈੱਸ ਕਲੱਬ, ਸੀਰਤ ਐਂਟਰਟੇਨਮੈਂਟ ਇੰਕ, ਆਦਿ ਸੰਸਥਾਵਾਂ ਸਮੇਤ ਭਾਅ ਜੀ ਨਾਲ ਲੰਬਾ ਸਮਾਂ ਜੁੜੇ ਰਹਿਣ ਵਾਲੇ ਟੋਰਾਂਟੋ ਅਧਾਰਿਤ ਰੰਗਕਰਮੀ/ਨਿਰਦੇਸ਼ਕ ਆਦਿ ਮੈਂਬਰ ਸ਼ਾਮਿਲ ਹਨ। ਮੈਂ ਇਹਨਾਂ ਸਾਰੀਆਂ ਸੰਸਥਾਵਾਂ ਵੱਲੋਂ ਬਣੀ ਤਿੰਨ ਮੈਂਬਰੀ ਐਡਹਾਕ ਕਮੇਟੀ ਦਾ 'ਕੋ-ਕੋਆਰਡੀਨੇਟਰ' ਹੋਣ ਦੀ ਨਿਮਾਣੀ ਹੈਸੀਅਤ ਵਿਚ ਇਹਨਾਂ ਸਭ ਸੰਸਥਾਵਾਂ ਦਾ ਸੁਨੇਹਾ ਤੁਹਾਡੇ ਨਾਲ ਸਾਂਝਾ ਕਰਦਿਆਂ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਕਨੇਡਾ ਵਾਸੀ ਸਾਹਿਤਕ ਤੇ ਸਭਿਆਚਾਰਕ ਕਾਮੇ ਭਾ ਜੀ ਦੀ ਯਾਦ ਨੂੰ ਸਦਾ ਜਿਊਂਦਾ ਤੇ ਤਾਜ਼ਾ ਰੱਖਣ ਲਈ ਤੁਹਾਡੇ ਨਾਲ ਹਮੇਸ਼ਾਂ ਕੰਧ ਬਣਕੇ ਖਲੋਣ ਦਾ ਵਚਨ ਦਿੰਦੇ ਹਾਂ।
ਭਾਵਨਾਵਾਂ ਭਿੱਜੇ ਇਹਨਾਂ ਪਲਾਂ ਵਿਚ ਤੁਹਾਡਾ ਸਭ ਦਾ ਆਪਣਾ ਸੰਗੀ-ਸਾਥੀ
-ਵਰਿਆਮ ਸਿੰਘ ਸੰਧੂ
ਗੁਰਸ਼ਰਨ ਸਿੰਘ ਤੋਂ ਪਿੱਛੋਂ- ਸਰੋਕਾਰਾਂ ਦੇ ਰੂ-ਬ-ਰੂ
—ਜਸਪਾਲ ਜੱਸੀ
ਗੁਰਸ਼ਰਨ ਸਿੰਘ ਚਲੇ ਗਏ! ਕੁਦਰਤ ਦੇ ਅਟੱਲ ਨੇਮਾਂ ਅਨੁਸਾਰ ਇੱਕ ਦਿਨ ਉਹਨਾਂ ਜਾਣਾ ਹੀ ਸੀ। ਫ਼ਖ਼ਰਯੋਗ, ਮਾਣਮੱਤੀ, ਸੰਵੇਦਨਸ਼ੀਲ, ਸੰਗਰਾਮੀ, ਇਨਕਲਾਬੀ ਜ਼ਿੰਦਗੀ ਦੀ ਧੜਕਣ ਨੇ ਇੱਕ ਦਿਨ ਖਾਮੋਸ਼ ਹੋ ਜਾਣਾ ਸੀ। ਅਸੀਂ ਸਾਰੇ ਇਹ ਗੱਲ ਜਾਣਦੇ ਸਾਂ। ਜਦੋਂ 11 ਜਨਵਰੀ 2006 ਨੂੰ ਕੁੱਸੇ ਪਿੰਡ ਦੀ ਧਰਤੀ 'ਤੇ ਹਜ਼ਾਰਾਂ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੇ ਉਹਨਾਂ ਦੀ ਜੀਵਨ-ਘਾਲਣਾ ਨੂੰ ਜਨਤਕ ਸਲਾਮ ਭੇਟ ਕੀਤੀ ਅਤੇ ਉਹਨਾਂ ਨੂੰ ''ਇਨਕਲਾਬੀ ਨਿਹਚਾ ਸਨਮਾਨ'' ਦੇ ਕੇ ਸਤਿਕਾਰਿਆ, ਉਦੋਂ ਵੀ ਨੇੜੇ ਢੁਕ ਰਹੀ ਇਸ ਅਟੱਲ ਹੋਣੀ ਦੇ ਫਿਕਰ ਭਰੇ ਸੰਕੇਤ ਚਰਚਾ ਵਿੱਚ ਆਏ ਸਨ। ਉਹਨਾਂ ਦੇ ਲੰਮੇ ਜੀਵਨ ਲਈ ਸ਼ੁਭ ਕਾਮਨਾਵਾਂ ਭੇਟ ਹੋਈਆਂ ਸਨ। ਇਹ ਜ਼ਿਕਰ ਹੋਇਆ ਸੀ ਕਿ ਮੌਤ ਅਜਿਹੇ ਇਨਸਾਨ ਦੀ ਕਰਨੀ ਅਤੇ ਘਾਲਣਾ ਨੂੰ ਸਮਾਜਿਕ ਜੀਵਨ 'ਚੋਂ ਖਾਰਜ ਨਹੀਂ ਕਰ ਸਕਦੀ।
ਗੁਰਸ਼ਰਨ ਸਿੰਘ ਦੇ ਹਿੱਸੇ 82 ਵਰ•ੇ ਦੀ ਲੰਮੀ ਅਰਥ-ਭਰਪੂਰ ਜਿੰਦਗੀ ਆਈ। ਪਰ ਇਸ ਦੇ ਬਾਵਜੂਦ ਉਹਨਾਂ ਦੇ ਤੁਰ ਜਾਣ ਦੀ ਘੜੀ, ਜਦੋਂ ਵੀ ਆਉਣੀ ਸੀ, ਇੱਕ ਸਦਮਾ ਬਣ ਕੇ ਆਉਣੀ ਸੀ। ਗੁਰਸ਼ਰਨ ਸਿੰਘ ਨੇ, ਤੁਰ ਜਾਣ ਪਿੱਛੋਂ ਵੀ ਆਪਣੀ ਹੋਂਦ ਅਣਗਿਣਤ ਨੈਣਾਂ ਦੀ ਬੇਕਾਬੂ ਛਲਕ ਰਾਹੀਂ ਦਰਸਾਉਣੀ ਸੀ!
28 ਸਤੰਬਰ ਨੂੰ ਜਦੋਂ ਚੰਡੀਗੜ• ਦੇ 25 ਸੈਕਟਰ 'ਚ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਜਾ ਰਹੀ ਸੀ ਤਾਂ ਇਹ ਨਾਹਰਾ ਵਾਰ ਵਾਰ ਗੂੰਜ ਰਿਹਾ ਸੀ, ''ਗੁਰਸ਼ਰਨ ਸਿੰਘ ਕਿਤੇ ਨਹੀਂ ਗਏ, ਗੁਰਸ਼ਰਨ ਸਿੰਘ ਸਾਡੇ ਦਿਲਾਂ 'ਚ ਨੇ''!
ਉਹਨਾਂ ਦੀ ਮ੍ਰਿਤਕ ਦੇਹ ਕੋਲ ਖਲੋ ਕੇ ਉਹੀ ਬੋਲ ਇੱਕ ਵਾਰੀ ਫੇਰ ਦੁਹਰਾਏ ਜਾ ਰਹੇ ਸਨ, ਜੋ 11 ਜਨਵਰੀ 2006 ਨੂੰ ਕੁੱਸੇ ਦੀ ਧਰਤੀ 'ਤੇ ਹਜ਼ਾਰਾਂ ਲੋਕਾਂ ਵੱਲੋਂ ਗੁਰਸ਼ਰਨ ਸਿੰਘ ਦੇ ਸਤਿਕਾਰ 'ਚ ਖੜ•ੇ ਹੋ ਕੇ ਸਾਂਝੇ ਤੌਰ 'ਤੇ ਉਚਾਰੇ ਗਏ ਸਨ। ਗੁਰਸ਼ਰਨ ਸਿੰਘ ਨੂੰ ਭੇਟ ਕੀਤੇ ਸਨਮਾਨ ਪੱਤਰ ਦੇ ਇਹ ਸ਼ਬਦ ਰਤਾ ਕੁ ਤਬਦੀਲੀ ਨਾਲ ਹੁਣ ਸ਼ਰਧਾਂਜਲੀ ਅਹਿਦਨਾਮੇ 'ਚ ਵਟ ਗਏ ਸਨ।
ਗੁਰਸ਼ਰਨ ਸਿੰਘ ਦੇ ਤੁਰ ਜਾਣ ਪਿੱਛੋਂ ਵੀ ਉਸਦੀ ਹੋਂਦ ਦੇ ਇਸ ਜਿਉਂਦੇ ਜਾਗਦੇ ਧੜਕਦੇ ਅਹਿਸਾਸ ਦੇ ਬਾਵਜੂਦ ਸੱਖਣੇਪਣ ਦੀ ਇੱਕ ਡੂੰਘੀ ਭਾਵਨਾ ਮੌਜੂਦ ਸੀ। ਇਹ ਸੱਖਣਾਪਣ ਨੈਣਾਂ 'ਚ ਉਮਡ ਰਿਹਾ ਸੀ, ਪਲਕਾਂ 'ਤੇ ਛਲਕ ਰਿਹਾ ਸੀ, ਉਦਰੇਵੇਂ ਭਰੀਆਂ ਆਪਸੀ ਗਲਵੱਕੜੀਆਂ ਰਾਹੀਂ ਪ੍ਰਗਟ ਹੋ ਰਿਹਾ ਸੀ ਅਤੇ ਮ੍ਰਿਤਕ ਦੇਹ ਨੂੰ ਅੰਤਿਮ ਵਿਦਾਇਗੀ ਦੇਣ ਪਿੱਛੋਂ ਚੁੱਪ ਚਾਪ ਬੈਠੇ ਇਕੱਠ ਦੀ ਖਾਮੋਸ਼ੀ 'ਚ ਬਿਰਾਜਮਾਨ ਸੀ।
ਇਹ ਸੱਖਣਾਪਣ ਸਿਰਫ ਗੁਰਸ਼ਰਨ ਸਿੰਘ ਦੀ ਹਾਜ਼ਰੀ ਦੀ ਵਿਲੱਖਣ ਛੋਹ ਗੁਆਚ ਜਾਣ ਦਾ ਨਤੀਜਾ ਨਹੀਂ ਸੀ। ਜਜ਼ਬਾਤਾਂ ਅਤੇ ਭਾਵਨਾਵਾਂ ਨੇ ਇਹ ਛੋਹ ਦਹਾਕਿਆਂ-ਬੱਧੀ ਮਾਣੀ ਹੈ। ਇਸ ਦਾ ਅਲੋਪ ਹੋ ਜਾਣਾ ਉਦਾਸੀ ਪੈਦਾ ਕਰਦਾ ਹੈ। ਤਾਂ ਵੀ ਅਜਿਹੇ ਖਲਾਅ ਨੂੰ ਮਨ ਕੁਝ ਅਰਸੇ 'ਚ ਪੂਰ ਲੈਂਦੇ ਹਨ, ਸਾਵੇਂ ਹੋ ਜਾਂਦੇ ਹਨ ਅਤੇ ਜਿੰਦਗੀ ਆਪਣੀ ਤੋਰ ਤੁਰ ਪੈਂਦੀ ਹੈ।
ਪਰ ਗੁਰਸ਼ਰਨ ਸਿੰਘ ਦੇ ਤੁਰ ਜਾਣ ਨਾਲ ਪੈਦਾ ਹੋਏ ਸੱਖਣੇਪਣ ਦੇ ਅਰਥ ਇਸ ਨਾਲੋਂ ਕਿਤੇ ਵੱਡੇ ਹਨ। ਇਹ ਹਕੀਕੀ ਸੱਖਣਾਪਣ ਹੈ, ਜਿਹੜਾ ਇਨਕਲਾਬੀ ਪੰਜਾਬੀ ਰੰਗਮੰਚ ਦੇ ਅਸਲੀ ਥੰਮ• ਦੇ ਅਲੋਪ ਹੋ ਜਾਣ ਨਾਲ ਪੈਦਾ ਹੋਇਆ ਹੈ। ਇਸਦਾ ਪੂਰਾ ਅਹਿਸਾਸ ਆਉਂਦੇ ਦਿਨਾਂ 'ਚ ਅਮਲੀ ਤਜਰਬੇ ਰਾਹੀਂ ਹੋਵੇਗਾ। ਗੁਰਸ਼ਰਨ ਸਿੰਘ ਦੇ ਤੁਰ ਜਾਣ ਦਾ ਪੰਜਾਬੀਆਂ ਦੀ ਇਨਕਲਾਬੀ ਰੰਗਮੰਚ ਲਹਿਰ 'ਤੇ ਕੀ ਅਸਰ ਪੈਂਦਾ ਹੈ, ਇਸ ਦਾ ਪੂਰਾ ਪਤਾ ਵੀ ਆਉਂਦੇ ਦਿਨਾਂ 'ਚ ਲੱਗਣਾ ਹੈ। ਪੰਜਾਬ ਦੇ ਰੰਗਮੰਚ 'ਤੇ ਗੁਰਸ਼ਰਨ ਸਿੰਘ ਦੀ ਹਾਜ਼ਰੀ ਅਸਾਧਾਰਨ ਹੋ ਨਿੱਬੜੀ ਹੈ। ਉਹਨਾਂ ਨੇ ਇਨਕਲਾਬੀ ਨਾਟਕ ਲਹਿਰ ਦੇ ਸ਼੍ਰੋਮਣੀ ਉਸਰੱਈਏ ਦਾ ਰੋਲ ਅਦਾ ਕੀਤਾ ਅਤੇ ਫੇਰ ਇਸ ਉੱਸਰੀ ਹੋਈ ਲਹਿਰ ਦੇ ਇਨਕਲਾਬੀ ਤੰਤ ਅਤੇ ਜੁੱਸੇ ਦੀ ਰਾਖੀ ਕਰਨ 'ਚ ਅਹਿਮ ਰੋਲ ਅਦਾ ਕੀਤਾ। ਤਿਲ•ਕਣਾਂ ਅਤੇ ਕਮਜ਼ੋਰੀਆਂ ਦੇ ਪਰਛਾਵੇਂ ਇਸ ਸ਼ਾਨਦਾਰ ਇਨਕਲਾਬੀ ਰੰਗਮੰਚ ਲਹਿਰ ਦੇ ਆਲੇ-ਦੁਆਲੇ ਮੰਡਲਾਉਂਦੇ ਰਹੇ ਹਨ। ਅਜਿਹੀ ਹਾਲਤ 'ਚ ਗੁਰਸ਼ਰਨ ਸਿੰਘ ਦੇ ਇਨਕਲਾਬੀ ਸਮਰਪਣ ਦਾ ਜਲੌਅ ਕਈ ਨਾਟਕ ਮੰਡਲੀਆਂ ਅਤੇ ਕਲਾਕਾਰਾਂ ਦੇ ਡੋਲਦੇ ਥਿੜਕਦੇ ਕਦਮਾਂ ਨੂੰ ਬੋਚ ਲੈਂਦਾ ਰਿਹਾ ਹੈ। ਗੁਰਸ਼ਰਨ ਸਿੰਘ ਦੀ ਕਲਾ-ਪ੍ਰਤਿਭਾ ਦੀ ਛੋਹ ਹੇਠ ਸਮਰੱਥ ਕਲਾਕਾਰਾਂ ਦੇ ਪੂਰਾਂ ਦੇ ਪੂਰ ਉੱਭਰੇ। ਇਹ ਬਹੁਤ ਵੱਡੀ ਅਤੇ ਲਾਮਿਸਾਲ ਪ੍ਰਾਪਤੀ ਸੀ। ਪਰ ਇਸ ਤੋਂ ਵੀ ਵੱਡੀ ਪ੍ਰਾਪਤੀ ਇਹਨਾਂ ਕਲਾਕਾਰਾਂ ਦੀ ਵੱਡੀ ਗਿਣਤੀ ਨੂੰ ਇੱਕ ਜਾਂ ਦੂਜੇ ਢੰਗ ਨਾਲ ਇਨਕਲਾਬੀ, ਲੋਕ-ਪੱਖੀ ਰੰਗਮੰਚ ਦੀ ਬੁੱਕਲ 'ਚ ਰੱਖ ਸਕਣਾ ਸੀ।
ਗੁਰਸ਼ਰਨ ਸਿੰਘ ਰੰਗਮੰਚ ਦੇ ਖੇਤਰ 'ਚ ਉੱਚੀ ਪ੍ਰਤਿਭਾ ਵਾਲੀ ਸਖਸ਼ੀਅਤ ਸਨ। ਉਹ ਲੋਕ-ਪੱਖੀ ਰੰਗਮੰਚ ਦੇ ''ਬਾਬਾ ਬੋਹੜ'' ਵਜੋਂ ਸਤਿਕਾਰੇ ਜਾਂਦੇ ਸਨ। ਪਰ ਉਹਨਾਂ ਨੇ ਪ੍ਰਤਿਭਾ ਨੂੰ ਕਦੇ ਵੀ ਨਿੱਜੀ ਜਾਇਦਾਦ ਨਹੀਂ ਸਮਝਿਆ। ਪ੍ਰਤਿਭਾ ਨੂੰ 'ਪੇਟੈਂਟ' ਕਰਵਾ ਲੈਣ ਦੀ ਰੁਚੀ ਕਦੇ ਵੀ ਉਹਨਾਂ ਦੇ ਨੇੜੇ ਨਹੀਂ ਫਟਕੀ। ਉਹਨਾਂ ਨੇ ਪੁੰਗਰਦੀ ਅਤੇ ਖਿੜਦੀ ਹਰ ਨਵੀਂ ਪ੍ਰਤਿਭਾ ਦਾ ਅਣਮਿਉਂਦੇ ਜੋਸ਼ ਅਤੇ ਉਤਸ਼ਾਹ ਨਾਲ ਸੁਆਗਤ ਕੀਤਾ। ਲੋਕ-ਪੱਖੀ ਰੰਗਮੰਚ ਦੀ ਆਭਾ 'ਚ ਵਾਧਾ ਕਿਸੇ ਵੱਲੋਂ ਵੀ ਹੋਵੇ, ਭਾਵੇਂ ਉਹਨਾਂ ਦੀ ਬੁੱਕਲ 'ਚ ਪਲੇ ਕਿਸੇ ਸ਼ਾਗਿਰਦ ਵੱਲੋਂ ਹੋਵੇ ਜਾਂ ਕਿਸੇ ਪ੍ਰਬੀਨ ਸਮਕਾਲੀ ਰੰਗਕਰਮੀ ਵੱਲੋਂ ਉਹ ਅਥਾਹ ਖੁਸ਼ੀ ਮਹਿਸੂਸ ਕਰਦੇ ਸਨ। ਉਹਨਾਂ ਦੀ ਖੁਸ਼ੀ ਦੂਣੀ-ਚੌਣੀ ਹੋ ਜਾਂਦੀ ਸੀ, ਜਦੋਂ ਉਹਨਾਂ ਨੂੰ ਇਹ ਯਕੀਨ ਹੋ ਜਾਂਦਾ ਸੀ ਕਿ ਰੰਗਮੰਚ ਦੇ ਖੇਤਰ 'ਚ ਪੁੰਗਰ ਅਤੇ ਖਿੜ ਰਹੀ ਕਿਸੇ ਜਾਹੋ-ਜਲਾਲ ਵਾਲੀ ਪ੍ਰਤਿਭਾ ਦਾ ਲੋਕ-ਹਿੱਤਾਂ ਦੇ ਲੇਖੇ ਲੱਗਣਾ ਯਕੀਨੀ ਹੈ। ਕਿਸੇ ਵੀ ਅਸਾਧਾਰਨ ਯੋਗਤਾ ਨੂੰ ਲੋਕਾਂ ਲਈ ਉਪਯੋਗਤਾ 'ਚ ਬਦਲ ਦੇਣਾ ਹਮੇਸ਼ਾ ਗੁਰਸ਼ਰਨ ਸਿੰਘ ਦਾ ਸਭ ਤੋਂ ਵੱਡਾ ਸਰੋਕਾਰ ਬਣਿਆ ਰਹਿੰਦਾ ਸੀ।
ਅਜਮੇਰ ਔਲਖ ਨੇ ਇਹ ਦਰੁਸਤ ਟਿੱਪਣੀ ਕੀਤੀ ਸੀ ਕਿ ਪੰਜਾਬ ਦੇ ਪਿੰਡਾਂ 'ਚ ਪੰਜਾਬੀ ਰੰਗਮੰਚ ਦੀਆਂ ਕੰਕਰੀਟ ਦੀਆਂ ਪੱਕੀਆਂ ਕੰਧਾਂ ਗੁਰਸ਼ਰਨ ਸਿੰਘ ਨੇ ਉਸਾਰੀਆਂ ਹਨ। ਇਪਟਾ ਰਾਹੀਂ ਸ਼ੁਰੂ ਹੋਈ ਰੰਗਮੰਚ ਲਹਿਰ ਨੂੰ ਕਲਾ-ਮਿਆਰਾਂ ਪੱਖੋਂ ਕਿਤੇ ਉੱਚੇ ਪੱਧਰ 'ਤੇ ਲੈ ਜਾਣ ਦੀ ਭੂਮਿਕਾ ਵੀ ਗੁਰਸ਼ਰਨ ਸਿੰਘ ਨੇ ਨਿਭਾਈ। ਪਰ ਸਭ ਤੋਂ ਵੱਧ ਇਹ ਗੁਰਸ਼ਰਨ ਸਿੰਘ ਦੀ ਇਨਕਲਾਬੀ ਨਿਹਚਾ ਅਤੇ ਸਮਰਪਣ ਹੀ ਸੀ, ਜਿਸ ਨੇ ਉਹਨਾਂ ਨੂੰ ਇਨਕਲਾਬੀ ਨਾਟਕ ਲਹਿਰ ਦੀ ਬੇਜੋੜ ਸ਼ਖਸ਼ੀਅਤ ਬਣਾਇਆ।
ਨਿਰਦੇਸ਼ਨਾ ਅਤੇ ਅਦਾਕਾਰੀ ਦੀਆਂ ਰੌਸ਼ਨ ਮਿਸਾਲਾਂ ਪੱਖੋਂ ਹੁਣ ਵੀ ਪੰਜਾਬੀ ਰੰਗਮੰਚ ਦੀ ਝੋਲੀ ਸੱਖਣੀ ਨਹੀਂ ਹੈ, ਸਗੋਂ ਭਾਗਾਂ ਭਰੀ ਹੈ। ਪਰ ਇਨਕਲਾਬੀ ਨਿਹਚਾ ਅਤੇ ਸਮਰਪਣ ਦੀ ਭਾਵਨਾ ਪੱਖੋਂ ਗੁਰਸ਼ਰਨ ਸਿੰਘ ਦੇ ਮਿਆਰਾਂ ਨੂੰ ਛੋਹਣ ਖਾਤਰ ਇਨਕਲਾਬੀ ਰੰਗਮੰਚ ਲਹਿਰ ਅਜੇ ਸਮਾਂ ਲਵੇਗੀ। ਗੁਰਸ਼ਰਨ ਸਿੰਘ ਦੀ ਹਾਜ਼ਰੀ, ਕਲਾਕਾਰਾਂ ਅੰਦਰ ਮੌਜੂਦ ਲੋਕਾਂ ਪ੍ਰਤੀ ਸਮਰਪਣ ਦੀ ਭਾਵਨਾ ਦੀ ਹਰ ਚਿਣਗ ਨੂੰ ਇੱਕ ਲੜੀ 'ਚ ਪਰੋਅ ਲੈਣ ਦਾ ਰੋਲ ਅਦਾ ਕਰਦੀ ਰਹੀ ਹੈ। ਇਨਕਲਾਬੀ ਪੰਜਾਬੀ ਰੰਗਮੰਚ ਦੀ ਬੱਝਵੀਂ ਹੋਂਦ ਨੂੰ ਖੋਰੇ ਅਤੇ ਖਿੰਡਾਅ ਦੇ ਕਿਸੇ ਵੀ ਖਤਰੇ ਖਿਲਾਫ ਗੁਰਸ਼ਰਨ ਸਿੰਘ ਦੀ ਸਖਸ਼ੀਅਤ ਆਪਣੇ ਆਪ 'ਚ ਹੀ ਢਾਲ ਦਾ ਕੰਮ ਕਰਦੀ ਸੀ। ਈਰਖਾਵਾਂ, ਮੁਕਾਬਲੇਬਾਜ਼ੀ ਅਤੇ ਸੌੜੀ ਧੜੇਬੰਦੀ ਦੀਆਂ ਰੁਚੀਆਂ ਨੂੰ ਕੰਟਰੋਲ ਕਰਨ 'ਚ ਇਸ ਪੱਖ ਨੇ ਅਹਿਮ ਰੋਲ ਅਦਾ ਕੀਤਾ।
ਇਹਨਾਂ ਪੱਖਾਂ ਕਰਕੇ ਗੁਰਸ਼ਰਨ ਸਿੰਘ ਦਾ ਤੁਰ ਜਾਣਾ ਇਨਕਲਾਬੀ ਰੰਗਮੰਚ ਲਹਿਰ ਦੇ ਖੇਤਰ 'ਚ ਇੱਕ ਚੁਣੌਤੀ ਵਰਗੀ ਘਟਨਾ ਹੈ। ਬਿਨਾ ਸ਼ੱਕ, ਗੁਰਸ਼ਰਨ ਸਿੰਘ ਵੱਲੋਂ ਘਾਲੀ ਘਾਲਣਾ ਨਿਹਫਲ ਨਹੀਂ ਜਾਵੇਗੀ। ਉਹਨਾਂ ਵੱਲੋਂ ਅਦਾ ਕੀਤਾ ਰੋਲ ਪਰੇਰਨਾ ਬਣਦਾ ਰਹੇਗਾ। ਇਨਕਲਾਬੀ ਰੰਗਮੰਚ ਲਹਿਰ ਦੀ ਕਦਮ-ਤਾਲ ਨੂੰ ਸਾਵੀਂ ਰੱਖਣ 'ਚ ਆਪਣਾ ਰੋਲ ਅਦਾ ਕਰਦਾ ਰਹੇਗਾ। ਤਾਂ ਵੀ ਕਾਫੀ ਕੁਝ ਗੁਰਸ਼ਰਨ ਸਿੰਘ ਤੋਂ ਪਰੇਰਨਾ ਲੈਣ ਦੇ ਸੁਚੇਤ ਅਤੇ ਸੁਹਿਰਦ ਯਤਨਾਂ 'ਤੇ ਨਿਰਭਰ ਕਰੇਗਾ। ਗੁਰਸ਼ਰਨ ਸਿੰਘ ਵਰਗੇ ਅਕੀਦੇ, ਘਾਲਣਾ ਅਤੇ ਸਮਰਪਣ ਨੂੰ ਲਗਾਤਾਰ ਪਾਲਣ-ਪੋਸਣ ਦੀ ਲੋੜ ਹੋਵੇਗੀ। ਪੰਜਾਬੀ ਰੰਗਮੰਚ ਦੀ ਧਰਤੀ 'ਤੇ ਗੁਰਸ਼ਰਨ ਸਿੰਘ ਦੀ ਵਰਾਸਤ ਦੇ ਬੀਜ ਖਿਲਰੇ ਹੋਏ ਹਨ। ਪਰ ਇਹਨਾਂ ਬੀਜਾਂ ਨੂੰ ਸਿੰਜਣ ਦੀ ਲੋੜ ਹੋਵੇਗੀ। ਇਹਨਾਂ ਬੀਜਾਂ ਦੀ ਫਸਲ ਦੀ ਲਗਾਤਾਰ ਗੋਡੀ ਕਰਨ ਦੀ ਲੋੜ ਹੋਵੇਗੀ, ਕਿਉਂਕਿ ਜਗੀਰੂ-ਸਾਮਰਾਜੀ ਸੱਭਿਆਚਾਰਕ ਹਮਲੇ ਦਾ ਨਦੀਣ ਆਸੇ-ਪਾਸੇ ਪੁੰਗਰ ਰਿਹਾ ਹੈ।
ਬਰਾਬਰੀ ਅਧਾਰਤ ਸਮਾਜ ਗੁਰਸ਼ਰਨ ਸਿੰਘ ਦਾ ਟੀਚਾ ਸੀ। ਮਨੁੱਖੀ ਬਰਾਬਰੀ ਉਹਨਾਂ ਲਈ ਸਿਰਫ ਇੱਕ ਸਿਧਾਂਤ ਨਹੀਂ ਸੀ। ਨਿਰਾ ਵਿਚਾਰ ਜਾਂ ਨਾਹਰਾ ਨਹੀਂ ਸੀ। ਬਰਾਬਰੀ ਦੀ ਇਹ ਭਾਵਨਾ ਉਹਨਾਂ ਦੇ ਕਦਰ-ਪ੍ਰਬੰਧ 'ਚ ਰਚੀ ਹੋਈ ਸੀ। ਉਹਨਾਂ ਦਾ ਸਭਿਆਚਾਰ ਬਣੀ ਹੋਈ ਸੀ। ਜਾਤ-ਹੰਕਾਰ ਅਤੇ ਮਰਦ-ਹੰਕਾਰ ਦੀ ਬਿਰਤੀ ਨੂੰ ਉਹ ਦਿਲ ਦੀਆਂ ਡੂੰਘਾਈਆਂ 'ਚੋਂ ਸਖਤ ਨਫਰਤ ਕਰਦੇ ਸਨ। ਦਬਾਈਆਂ ਹੋਈਆਂ ਜਾਤਾਂ ਅਤੇ ਔਰਤਾਂ ਪ੍ਰਤੀ ਉਹਨਾਂ ਦਾ ਰਵੱਈਆ ਤਰਸ ਦੀ ਭਾਵਨਾ ਵਾਲਾ ਨਹੀਂ ਸੀ। ਉਹਨਾਂ ਦੀਆਂ ਤਕਰੀਰਾਂ, ਨਾਟਕ ਅਤੇ ਤਰਜ਼ੇ-ਜਿੰਦਗੀ ਇਹਨਾਂ ਸਮਾਜਿਕ ਪਰਤਾਂ ਅੰਦਰ ਅੰਗੜਾਈ ਲੈਂਦੀ ਸਵੈ-ਮਾਣ ਦੀ ਭਾਵਨਾ ਨਾਲ ਇੱਕਮਿੱਕ ਸਨ। ਇਸ ਪੱਖ ਦੀ ਇੱਕ ਉੱਘੜਵੀਂ ਮਿਸਾਲ ''ਨਵਾਂ ਜਨਮ'' ਨਾਟਕ ਸੀ। ਗੁਰਸ਼ਰਨ ਸਿੰਘ ਦੀ ਸਖਸ਼ੀਅਤ ਆਪਣੇ ਆਪ ਵਿੱਚ ਹੀ ਇਸ ਗਲਤ ਪ੍ਰਭਾਵ ਦਾ ਖੰਡਨ ਸੀ ਕਿ ਕਮਿਊਨਿਸਟ, ਇਨਕਲਾਬੀ ਅਤੇ ਅਗਾਂਹਵਧੂ ਲਹਿਰ ਜਾਤ-ਹੰਕਾਰ ਅਤੇ ਮਰਦ-ਹੰਕਾਰ ਤੋਂ ਮੁਕਤ ਮਨੁੱਖੀ ਭਾਵਨਾਵਾਂ ਸਿਰਜਣ ਅਤੇ ਸਥਾਪਤ ਕਰਨ ਦੇ ਸਮਰੱਥ ਨਹੀਂ ਹੈ।
ਸਾਮਰਾਜੀ ਸਭਿਆਚਾਰਕ ਹਮਲੇ ਖਿਲਾਫ ਉਹਨਾਂ ਨੇ ਹਮੇਸ਼ਾ ਗਰਜਵੀਂ ਆਵਾਜ਼ ਬੁਲੰਦ ਕੀਤੀ। ਪਰ ਗੁਰਸ਼ਰਨ ਸਿੰਘ ਉਹਨਾਂ 'ਚੋਂ ਨਹੀਂ ਸਨ, ਜੋ ਸਭਿਆਚਾਰਕ ਖੇਤਰ ਦੀ ਲੜਾਈ ਨੂੰ ਪੰਜਾਬੀ ਸਭਿਆਚਾਰ ਬਨਾਮ ਪੱਛਮੀ ਸਭਿਆਚਾਰ ਵਜੋਂ ਵੇਖਦੇ ਹਨ। ਉਹ ਪੱਛਮੀ ਸਭਿਆਚਾਰ ਦੇ ਨਿੱਘਰੇ ਸਾਮਰਾਜੀ ਪਹਿਲੂ ਦੇ ਬੇਕਿਰਕ ਅਲੋਚਕ ਸਨ। ਪਰ ਉਹਨਾਂ ਨਰੋਈਆਂ ਕਦਰਾਂ-ਕੀਮਤਾਂ ਨੂੰ ਮਹੱਤਵ ਦਿੰਦੇ ਸਨ, ਜੋ ਜਗੀਰੂ ਪ੍ਰਬੰਧ ਖਿਲਾਫ ਮਹਾਨ ਜਾਗਰਤੀ ਅਤੇ ਇਨਕਲਾਬਾਂ ਦੇ ਦੌਰ 'ਚ ਪੱਛਮੀ ਮੁਲਕਾਂ 'ਚ ਉੱਭਰੀਆਂ ਅਤੇ ਸਥਾਪਤ ਹੋਈਆਂ। ਦੂਜੇ ਪਾਸੇ ''ਪੰਜਾਬੀ ਸਭਿਆਚਾਰ'' ਬਾਰੇ ਵੀ ਉਹਨਾਂ ਦਾ ਜਮਾਤੀ ਨਜ਼ਰੀਆ ਸੀ। ਪੰਜਾਬੀ ਸਭਿਆਚਾਰ ਦੇ ਨਾਂ ਹੇਠ ਜਗੀਰੂ ਕਦਰਾਂ-ਕੀਮਤਾਂ ਦੇ ਗੁਣ-ਗਾਣ ਨਾਲ ਉਹਨਾਂ ਨੂੰ ਸਖਤ ਨਫਰਤ ਸੀ। ਔਰਤਾਂ ਪ੍ਰਤੀ ਤ੍ਰਿਸਕਾਰ ਦੀ ਜਗੀਰੂ ਭਾਵਨਾ ਵਿਸ਼ੇਸ਼ ਕਰਕੇ ਉਹਨਾਂ ਦੀ ਸਖਤ ਨੁਕਤਾਚੀਨੀ ਦੀ ਮਾਰ ਹੇਠ ਆਉਂਦੀ ਸੀ। ਜਮਹੂਰੀ ਰਵੱਈਆ ਅਤੇ ਕਦਰਾਂ-ਕੀਮਤਾਂ ਗ੍ਰਹਿਣ ਕਰਨ ਪੱਖੋਂ ਸਭਨਾਂ ਲੇਖਕਾਂ, ਕਲਾਕਾਰਾਂ ਅਤੇ ਇਨਕਲਾਬੀ ਕਾਰਕੁਨਾਂ ਦੀ ਹਾਲਤ ਸਾਵੀਂ ਨਹੀਂ ਹੈ। ਇਸ ਪੱਖੋਂ ਗੁਰਸ਼ਰਨ ਸਿੰਘ ਦੀ ਸਖਸ਼ੀਅਤ ਤੋਂ ਪ੍ਰੇਰਨਾ ਲੈਣ ਦੀ ਵਿਸ਼ੇਸ਼ ਅਹਿਮੀਅਤ ਹੈ।
ਇਨਕਲਾਬੀ ਪੰਜਾਬੀ ਰੰਗਮੰਚ ਅਤੇ ਲੋਕਾਂ ਦੀ ਲਹਿਰ ਨੂੰ ਗੁਰਸ਼ਰਨ ਸਿੰਘ ਦੀ ਗੂੰਜਦੀ ਆਵਾਜ਼ ਦਾ ਵਿਗੋਚਾ ਅਤੇ ਖਲਾਅ ਕਾਫੀ ਚਿਰ ਮਹਿਸੂਸ ਹੁੰਦਾ ਰਹੇਗਾ। ਪੰਜਾਬੀ ਸ਼ਾਇਰ ਸੁਰਜੀਤ ਪਾਤਰ ਨੇ ਕਿਸੇ ਸ਼ੇਅਰ ਰਾਹੀਂ ਸੁਝਾਇਆ ਹੈ ਕਿ ਸੱਖਣੇਪਣ ਅੰਦਰ ਗੂੰਜ ਪੈਦਾ ਕਰਨ ਲਈ ''ਆਂਦਰਾਂ ਨੂੰ ਤਾਰਾਂ ਵਾਂਗ'' ਕਸ ਲੈਣ ਦੀ ਜ਼ਰੂਰਤ ਹੁੰਦੀ ਹੈ। ਰੰਗਮੰਚ ਦੇ ਉਹਨਾਂ ਸੰਗਰਾਮੀਆਂ ਨੂੰ ਜਿਹੜੇ ਗੁਰਸ਼ਰਨ ਸਿੰਘ ਦੇ ਖਲਾਅ ਨੂੰ ਪੂਰਨ ਲਈ ''ਜਿੰਦਗੀ ਦਾ ਸਾਜ਼'' ਬਣ ਕੇ ਥਰਕਣਾ ਚਾਹੁੰਦੇ ਹਨ, ਇਹੋ ਕਰਨਾ ਪੈਣਾ ਹੈ।
.................................................................................................................................
ਗੁਰਸ਼ਰਨ ਭਾਅ ਜੀ ਨਮਿੱਤ ਸ਼ਰਧਾਂਜਲੀ ਸਮਾਗਮ
ਉੱਘੇ ਨਾਟਕਕਾਰ ਗੁਰਸ਼ਰਨ ਸਿੰਘ ਦੇ 9 ਅਕਤੂਬਰ ਨੂੰ ਮੋਗਾ ਜ਼ਿਲ•ੇ ਦੇ ਪਿੰਡ ਕੁੱਸਾ ਵਿਖੇ ਹੋ ਰਹੇ ਸ਼ਰਧਾਂਜਲੀ ਸਮਾਗਮ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਕਾਰਕੁਨ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ।
ਜਥੇਬੰਦੀ ਨੇ ਪਿੰਡ ਰੱਲਾ ਵਿਖੇ ਬਾਬਾ ਜੋਗੀ ਪੀਰ ਦੇ ਸਥਾਨ 'ਤੇ ਮਾਨਸਾ ਅਤੇ ਸੰਗਰੂਰ ਜ਼ਿਲਿ•ਆਂ ਨਾਲ ਸਬੰਧਤ ਜਥੇਬੰਦੀ ਦੇ ਆਗੂਆਂ ਨਾਲ ਮੀਟਿੰਗ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ (ਏਕਤਾ) ਉਗਰਾਹਾਂ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਜਥੇਬੰਦੀ ਕਿਸਾਨਾਂ, ਮਜ਼ਦੂਰ, ਔਰਤਾਂ ਅਤੇ ਪਿੰਡਾਂ ਵਿੱਚ ਬਣੇ ਕਲੱਬਾਂ ਤੱਕ ਪਹੁੰਚ ਕਰਕੇ ਕਾਫ਼ਲਿਆਂ ਦੇ ਰੂਪ ਵਿੱਚ ਜਨਤਾ ਨੂੰ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਪ੍ਰੇਰੇਗੀ। ਇਸ ਮੌਕੇ ਹਰਦੀਪ ਸਿੰਘ ਟੱਲੇਵਾਲ, ਇੰਦਰਜੀਤ ਸਿੰਘ ਝੱਬਰ, ਰਾਮ ਸਿੰਘ ਭੈਣੀਬਾਘਾ ਅਤੇ ਜਸਵੰਤ ਸਿੰਘ ਤੋਲਾਵਾਲ ਨੇ ਵੀ ਸੰਬੋਧਨ ਕੀਤਾ।
(ਪੰਜਾਬੀ ਟ੍ਰਿਬਿਊਨ)
ਸਵੈ-ਕਥਨ:
ਮੇਰੀ ਨਾਟ ਸੰਵੇਦਨਾ ਦੇ ਬੀਜ
-ਗੁਰਸ਼ਰਨ ਸਿੰਘ
ਮੇਰਾ ਜਨਮ 16 ਸਤੰਬਰ, 1929 ਦਾ ਹੈ। ਇਹ ਸਕੂਲ ਵਿੱਚ ਦਾਖਲ ਹੋਣ ਸਮੇਂ, ਜਿਵੇਂ ਅੱਜ ਵੀ ਆਮ ਪਰਿਵਾਰਾਂ ਵਿੱਚ ਅਕਸਰ ਹੋ ਜਾਂਦਾ ਹੈ, ਅੰਦਾਜ਼ਨ ਲਿਖਵਾਈ ਗਈ ਤਰੀਖ ਨਹੀਂ ਹੈ। ਇਹ ਬਾਕਾਇਦਾ ਨੋਟ ਕੀਤੀ ਤਾਰੀਖ ਹੈ, ਕਿਉਂਕਿ ਸਾਡਾ ਪਰਿਵਾਰ ਆਮ ਨਹੀਂ ਸੀ, ਸਗੋਂ ਖਾਸ ਸੀ। ਇਹ ਦੱਸਣ ਲਈ ਢੇਰ ਸਾਰੀਆਂ ਯਾਦਾਂ ਦਾ ਖਜ਼ਾਨਾ ਹੈ, ਪਰ ਇਹ ਮੈਂ ਇਹ ਗੱਲ ਇੱਕ ਤਸਵੀਰ ਦੇ ਹਵਾਲੇ ਨਾਲ ਸ਼ੁਰੂ ਕਰਦਾ ਹਾਂ, ਜਿਸ ਤੋਂ ਪਰਿਵਾਰ ਦੀ ਸਮਾਜ ਅੰਦਰ ਹੋਂਦ ਤੇ ਹੈਸੀਅਤ ਦਾ ਸਹੀ-ਸਹੀ ਅੰਦਾਜ਼ਾ ਹੋ ਜਾਏਗਾ। ਇਹ ਤਸਵੀਰ 1935-36 ਦੀ ਹੈ, ਜਦੋਂ ਮੈਂ 6-7 ਸਾਲਾਂ ਦਾ ਬਾਲ ਸਾਂ। ਇਹ ਬਾਕਾਇਦਾ ਇੱਕ ਫੋਟੋ ਸਟੂਡੀਓ ਵਿੱਚ ਜਾ ਕੇ ਖਿਚਵਾਈ ਗਈ ਸੀ। ਇਸ ਵਿੱਚ ਮਾਂ-ਬਾਪ ਦੇ ਨਾਲ ਸਾਰੇ ਦੇ ਸਾਰੇ ਭੈਣ-ਭਾਈ ਸ਼ਾਮਲ ਹਾਂ। ਇਸ ਸਮੇਂ ਤੱਕ ਸ੍ਰੀ ਗੁਰਬਖਸ਼ ਸਿੰਘ ਦਾ ਪਰਚਾ 'ਪ੍ਰੀਤ ਲੜੀ' ਆ ਚੁੱਕਾ ਸੀ ਤੇ ਮੈਨੂੰ ਨਹੀਂ ਪਤਾ ਕਿ ਉਸ ਸਮੇਂ ਤੱਕ ਦੇ ਅੰਕਾਂ ਵਿੱਚ ਸੱਜਣ-ਫੱਬਣ ਬਾਬਤ ਲੇਖ ਸ਼ੁਰੂ ਹੋਏ ਸਨ ਕਿ ਨਹੀਂ, ਪਰ ਇਸ ਤਸਵੀਰ ਵਿੱਚ ਇਸੇ ਤਰ•ਾਂ ਦਾ ਪਰਿਵਾਰ ਨਜ਼ਰ ਆ ਰਿਹਾ ਹੈ। ਇਹ ਖਾਂਦੇ-ਪੀਂਦੇ ਸਿੱਖ ਪਰਿਵਾਰ ਦੀ ਤਸਵੀਰ ਹੈ, ਜਿਸ ਵਿੱਚ ਮੇਰੇ ਵਰਗਾ ਛੋਟਾ ਜਿਹਾ ਬਾਲ ਵੀ ਨੰਗੇ ਸਿਰ ਨਹੀਂ ਹੈ, ਹਾਲਾਂਕਿ ਮੇਰੀ ਨਿੱਕੀ ਜਿੰਨੀ ਪੱਗ ਮੇਰੀ ਆਪਣੀ ਬੰਨ•ੀਂ ਹੋਈ ਨਹੀਂ ਹੈ। ਮੈਂ ਭਰੋਸੇ ਨਾਲ ਤਾਂ ਨਹੀਂ ਆਖ ਸਕਦਾ, ਤਾਂ ਵੀ ਸੱਚ ਇਹੀ ਹੋਵੇਗਾ ਕਿ ਉਹ ਮੇਰੇ ਵੱਡੇ ਭਰਾ ਸ੍ਰੀ. ਅਵਤਾਰ ਸਿੰਘ ਨੇ ਬੰਨ•ੀ ਹੋਵੇਗੀ। ਸਾਡੇ ਸਾਰੇ ਭਰਾਵਾਂ ਵਿੱਚ ਪੱਗ ਬੰਨ•ਣ ਦੀ ਮੁਹਾਰਤ ਓਸੇ ਨੂੰ ਸੀ, ਜੋ ਪਿੱਛੋਂ ਵੀ ਮੇਰੇ ਕੰਮ ਆਈ ਹੈ, ਜਿਹਨਾਂ ਦਿਨਾਂ ਬਾਰੇ ਭਰੋਸੇ ਨਾਲ ਦੱਸ ਸਕਦਾ ਹਾਂ।
ਇਹ ਸ਼ਾਹਾਨਾ ਕਿਸਮ ਦੇ ਸਿੱਖ ਪਰਿਵਾਰ ਦੀ ਤਸਵੀਰ ਹੈ, ਜਿਸ ਵਿਚੱੋਂ ਦੇਸ਼ ਭਗਤੀ ਦੀ ਤਾਲਾਸ਼ ਨਹੀਂ ਹੋ ਸਕਦੀ। ਉਸ ਸਮੇਂ ਸ਼ਾਹਾਨਾ ਸਿੱਖ ਸਮਾਜ ਆਮ ਤੌਰ 'ਤੇ ਅੰਗਰੇਜ਼ੀ ਰਾਜ ਦੀਆਂ ਬਰਕਤਾਂ ਦਾ ਵਖਿਆਨ ਕਰਦਾ ਸੀ ਤੇ ਉਸੇ ਤਰ•ਾਂ ਦੀ ਜੀਵਨ-ਜਾਚ ਵਿੱਚ ਢਲਣ ਦਾ ਕਾਇਲ ਸੀ। ਇਸ ਤਸਵੀਰ ਵਿੱਚੋਂ ਵੀ ਅੰਗਰੇਜ਼ਾਂ ਦੇ ਆਧੁਨਿਕ ਜੀਵਨ ਦਾ ਅਸਰ ਉੱਭਰਦਾ ਹੈ। ਇਥੇ ਸਾਰਾ ਪਰਿਵਾਰ ਸਿੱਖ ਸਰੂਪ ਵਿੱਚ ਹੈ ਤੇ ਇਹਦੇ ਨਾਲ ਹੀ ਅਧੁਨਿਕਤਾ ਦੇ ਰੰਗ ਵਿੱਚ ਵੀ ਹੈ। ਮੇਰੀ ਭੈਣ, ਜੋ ਮੇਰੇ ਤੋਂ ਥੋੜ•ੀ ਵੱਡੀ ਹੈ, ਅਜੋਕੇ ਕਾਨਵੈਂਟ ਸਕੂਲ ਵਰਗੀ ਵਰਦੀ ਪਾਈ ਨਜ਼ਰ ਆ ਰਹੀ ਹੈ। ਮੇਰੇ ਦਾਦਾ ਸ. ਨਾਰਾਇਣ ਸਿੰਘ ਹੀ ਨਹੀਂ ਸਗੋਂ ਪਿਤਾ ਡਾ. ਗਿਆਨ ਸਿੰਘ ਵੀ ਅੰਗਰੇਜ਼ ਨੂੰ ਸਭਿਅਕ ਕੌਮ ਮੰਨਦੇ ਸਨ ਤੇ ਤਿੰਨੋਂ ਵੱਡੇ ਭਰਾ ਵੀ ਇਸੇ ਤਰਜ਼ ਉੱਤੇ 'ਸਭਿਅਕ ਮਨੁੱਖ' ਬਣਨਾ ਲੋਚਦੇ ਸਨ। ਸਾਡੇ ਘਰ ਵਿੱਚ ਡਾਈਨਿੰਗ ਟੇਬਲ ਉੱਤੇ ਬੈਠ ਕੇ ਛੁਰੀ-ਕਾਂਟੇ ਨਾਲ ਖਾਣ ਦਾ ਰੁਝਾਨ ਮੇਰੇ ਜਨਮ ਤੋਂ ਪਹਿਲਾਂ ਦਾ ਹੈ ਤੇ ਬਰੇਕ ਫਾਸਟ ਵਿੱਚ 'ਕਾਰਨ ਫਲੈਕਸ ਕਲਚਰ' ਵੀ ਪੁਰਾਣਾ ਹੈ। ਪਰਾਂਠਾ ਕਲਚਰ ਤਾਂ ਸਾਡੇ ਘਰ ਵਿੱਚ ਹੁਣ ਵੀ ਨਹੀਂ ਹੈ। ਇਹ ਅੰਗਰੇਜ਼ਾਂ ਦੇ ਬਖਸੇ 'ਮੈਨਰਜ਼' ਹੀ ਤਾਂ ਹਨ। ਮੈਂ ਘਰ ਤੋਂ ਬਾਹਰ, ਆਪਣੀ ਲਹਿਰ ਦੇ ਲੋਕਾਂ ਨਾਲ ਹੋਵਾਂ ਤਾਂ ਕੁਝ ਵੀ ਖਾ ਲੈਂਦਾ ਹਾਂ, ਪਰ ਘਰ ਵਿੱਚ ਬਟਰ-ਟੋਸਟ ਟਾਈਪ ਬਰੇਕ ਫਾਸਟ ਹੀ ਚੱਲਦਾ ਹੈ। ਇਸੇ ਲਈ ਮੇਰੀ ਦੋਹਤੀ ਮੈਨੂੰ 'ਕੱਪੜਿਆਂ ਵੱਲੋਂ ਗਰੀਬਾਂ ਦਾ ਬੰਦਾ, ਪਰ ਖਾਣ-ਪੀਣ ਵੱਲੋਂ ਰਾਈਸ' ਆਖਦੀ ਹੈ। ਉਸਦੀ ਮਾਂ, ਮੇਰੀ ਛੋਟੀ ਬੇਟੀ, ਡਾ. ਅਰੀਤ ਕੌਰ ਸ਼ਾਦੀ ਤੋਂ ਬਾਅਦ ਸਹੁਰੇ ਘਰ ਜਾਂਦੀ ਹੈ, ਤਾਂ ਉਸਦੇ ਸਾਹਮਣੇ ਸਵਾਲ ਖੜ•ਾ ਹੁੰਦਾ ਹੈ- 'ਇਹ ਸਵੇਰ-ਸਾਰ ਪਰਾਂਉਂਠੇ ਖਾਣ ਦਾ ਕੀ ਮਤਲਬ ਹੈ.. ..?' ਇਹਦੇ ਜਵਾਬ ਵਿੱਚ ਸਹੁਰੇ ਪਰਿਵਾਰ ਦਾ ਸਵਾਲ ਹੈ- 'ਹੋਰ ਬਰੇਕ ਫਾਸਟ ਵਿੱਚ ਕੀ ਖਾਣਾ ਹੁੰਦਾ ਹੈ.. ..?' ਇਸ ਤਰ•ਾਂ ਸਾਡੇ ਪਰਿਵਾਰ ਵਿੱਚ ਕਈ ਚੀਜ਼ਾਂ ਲਗਾਤਾਰ ਚਲੀਆਂ ਆ ਰਹੀਆਂ ਹਨ।
ਇਸ ਕਿਸਮ ਦੇ ਆਧੁਨਿਕ ਸਰੋਕਾਰਾਂ ਵਾਲੇ ਪਰਿਵਾਰ ਵਿੱਚ ਸਿੱਖੀ ਸੰਕਲਪ ਸੰਕੀਰਨ ਨਹੀਂ ਸਨ, ਸਗੋਂ ਪ੍ਰਗਤੀਸ਼ੀਲਤਾ ਵਾਲੇ ਸਨ। ਸਾਡੇ ਪਰਿਵਾਰ ਉੱਤੇ ਅੰਗਰੇਜ਼ੀ ਸਦਕਾ ਆ ਰਹੇ ਸਾਹਿਤ ਤੇ ਅੰਗਰੇਜ਼ੀ ਫਿਲਮਾਂ ਦਾ ਖਾਸਾ ਅਸਰ ਸੀ। ਇਸਦੀ ਬਦੌਲਤ ਹੀ ਸਾਡੇ ਅੰਦਰ ਸਮਾਜ ਨਾਲ ਜੁੜਨ ਦੀ ਚਾਹਤ ਵੀ ਸੀ। ਹਰ ਕੋਈ ਆਪੋ ਆਪਣੇ ਢੰਗ ਨਾਲ ਸਮਾਜ ਸੇਵਾ ਦਾ ਰਸਤਾ ਅਖਤਿਆਰ ਕਰ ਰਿਹਾ ਸੀ। ਦਾਦਾ ਜੀ ਖਾਲਸਾ ਕਾਲਜ ਸਕੂਲ ਵਿੱਚ ਵਿਦਿਅਕ ਖੇਤਰ ਵਿੱਚ ਸੇਵਾ ਨਿਭਾ ਰਹੇ ਸਨ, ਤਾਂ ਪਿਤਾ ਜੀ ਮੈਡੀਕਲ ਸੇਵਾਵਾਂ ਦੀ ਬਿਹਤਰ ਵਰਤੋਂ ਵਿੱਚ ਲੀਨ ਸਨ। ਮੇਰੇ ਤਿੰਨੋਂ ਵੱਡੇ ਭਰਾ ਵੀ ਇਸੇ ਪਰੰਪਰਾ ਦੇ ਬੰਦੇ ਸਨ। ਸ੍ਰੀ. ਅਵਤਾਰ ਸਿੰਘ ਨੇ ਸੈਨਾ ਦੀ ਚੋਣ ਕਰ ਲਈ ਤੇ ਸੁਤੰਤਰਤਾ ਬਾਅਦ ਕਰਨਲ ਵਜੋਂ ਸੇਵਾ ਮੁਕਤ ਹੋਏ ਸਨ। ਇਹ ਪ੍ਰਗਤੀਸ਼ੀਲਤਾ ਅੰਗਰੇਜ਼ੀ ਹਕੂਮਤ ਦੀ ਖਿਲਾਫਤ ਵਾਲੀ ਨਹੀਂ ਸੀ। ਉਸ ਤਰ•ਾਂ ਦੇ ਪ੍ਰਗਤੀਵਾਦੀ ਵਿਚਾਰ ਤਾਂ ਮੇਰੇ ਵੱਡੇ ਭਰਾ ਡਾ. ਇੰਦਰਜੀਤ ਸਿੰਘ ਸਦਕਾ ਪਰਿਵਾਰ ਅੰਦਰ ਪ੍ਰਵੇਸ਼ ਕਰਦੇ ਹਨ। ਉਹਨਾਂ ਦੇ ਨਵੇਂ ਵਿਚਾਰਾਂ ਦਾ ਵਿਰੋਧ ਤਾਂ ਨਹੀਂ ਸੀ ਹੁੰਦਾ, ਪਰ ਮੇਰੇ ਤੋਂ ਸਿਵਾ ਕੋਈ ਹੋਰ ਭਰਾ ਉਹਨਾਂ ਨੂੰ ਸਵੀਕਾਰ ਵੀ ਨਹੀਂ ਕਰਦਾ। ਸਾਡੇ ਵਰਗੇ ਪਰਿਵਾਰ ਵਿੱਚ ਇਹ ਕੋਈ ਸੌਖੀ ਗੱਲ ਵੀਨਹੀਂ ਸੀ। ਅੰਗਰੇਜ਼ ਤਾਂ ਉਸ ਸਮੇਂ ਸਾਡੇ ਵਰਗੇ ਲੋਕਾਂ ਲਈ ਮਾਈ-ਬਾਪ ਸਨ। ਉਹ ਬਸਤੀਵਾਦੀ ਹੁਕਮਰਾਨ ਹਨ, ਗੁਲਾਮ ਦੇਸ਼ ਦੀ ਦੌਲਤ ਲੁੱਟ ਕੇ ਬਰਤਾਨੀਆ ਲਿਜਾ ਰਹੇ ਅਤੇ ਭਾਰਤੀ ਲੋਕਾਂ ਨੂੰ ਆਪੋ-ਵਿਚੀਂ ਲੜਾ ਵੀ ਰਹੇ ਹਨ- ਇਸ ਤਰ•ਾਂ ਦੀ ਸੋਚ ਸਾਡੇ ਪਰਿਵਾਰ ਵਿੱਚ ਅਸਲੋਂ ਨਹੀਂ ਸੀ। ਇਥੇ ਇੱਕੋ ਚੇਤਨਾ ਸੀ ਕਿ ਅਸ਼ੀਂ ਪੜ•-ਲਿਖ ਕੇ ਅੰਗਰੇਜ਼ਾਂ ਵਰਗੇ ਸਭਿਅਕ ਮਨੁੱਖ ਬਣਨਾ ਹੈ। ਪੜ•ਾਈ-ਲਿਖਾਈ ਅੰਗਰੇਜ਼ਾਂ ਵਰਗੇ ਸਰਵੋਤਮ ਸ਼ਹਿਰੀ ਬਣਨ ਦਾ ਜ਼ਰੀਆ ਸੀ। ਹਿੰਦੂ-ਸਿੱਖ ਸਮਾਜ ਅੰਦਰ ਆਰੀਆ ਸਮਾਜ ਤੋਂ ਬਾਅਦ ਸਿੰਘ ਸਭਾ ਲਹਿਰ ਆ ਗਈ ਸੀ। ਚੀਫ ਖਾਲਸਾ ਦੀਵਾਨ ਵੀ ਬਣ ਗਿਆ ਸੀ। ਮੇਰੇ ਦਾਦਾ ਜੀ ਇਸਦੇ ਮੋਹਰੀਆਂ ਵਿੱਚ ਸਨ। ਇਹ ਲਹਿਰਾਂ ਹੀ ਸਨ, ਜਿਹਨਾਂ ਅੰਗਰੇਜ਼ ਲਈ 'ਮਾਈ-ਬਾਪ' ਸ਼ਬਦ ਪ੍ਰਚਲਿਤ ਕੀਤਾ ਸੀ। ਪੰਜਾਬੀ ਮੁਸਲਮਾਨਾਂ ਅੰਦਰ ਇਸ ਤਰ•ਾਂ ਦੀ ਕੋਈ ਖਾਸ ਲਹਿਰ ਨਹੀਂ ਸੀ, ਪਰ ਉਸ ਵੇਲੇ ਮੁਸਲਿਮ ਅਮੀਰਜ਼ਾਦੇ ਵੀ ਮਾਈ-ਬਾਪ ਵਾਲੇ ਖਿਆਲਾਤ ਨਾਲ ਇਤਫਾਕ ਰੱਖਦੇ ਸਨ।
ਇਸ ਤਰ•ਾਂ ਦੇ ਪਰਿਵਾਰ ਵਿੱਚ ਮੇਰਾ ਬਚਪਨ ਮੁਲਤਾਨ ਸ਼ਹਿਰ ਅੰਦਰ ਬੀਤਦਾ ਹੈ। ਉਹਨੀਂ ਦਿਨੀਂ ਮੁਲਤਾਨ ਵਿੱਚ ਇੱਕ ਹੀ ਸਕੂਲ ਸੀ, ਜਿਥੇ ਗੁਰਮੁਖੀ ਦੀ ਪੜ•ਾਈ ਦਾ ਪ੍ਰਬੰਧ ਸੀ। ਇਹ ਸਕੂਲ ਮਿਊਂਸਪੈਲਟੀ ਅਧੀਨ ਸੀ ਤੇ ਸ਼ਹਿਰ ਦੇ ਐਨ ਵਿਚਕਾਰ, ਕੁੱਪ ਬਾਜ਼ਾਰ ਵਿੱਚ ਲੱਗਦਾ ਸੀ। ਸਕੂਲ ਦੇ ਦੋ-ਤਿੰਨ ਕਮਰਿਆਂ ਦੀ ਛੱਤ ਉੱਤੇ ਪਾਪੜ-ਵੜੀਆਂ ਸੁੱਕਦੀਆਂ ਸਨ ਤੇ ਹੇਠਾਂ ਕਲਾਸਾਂ ਲੱਗਦੀਆਂ ਸਨ। ਹੁਣ ਵਰਗੇ ਹਾਲਾਤ ਤਾਂ ਹੁੰਦੇ ਨਹੀਂ ਸਨ ਕਿ ਹਰ ਆਦਮੀ ਵਿਦਿਆ ਪ੍ਰਤੀ ਘੱਟ ਜਾਂ ਵੱਧ ਚੇਤਨ ਹੋਵੇ। ਅਸੀਂ ਬੱਸ 10-12 ਵਿਦਿਆਰਥੀ ਹੁੰਦੇ ਸਾਂ। ਇਹ ਗੱਲਾਂ ਜ਼ਰੂਰ ਕਦੇ-ਕਦਾਈਂ ਸੁਣਨ ਨੂੰ ਮਿਲਦੀਆਂ ਸਨ, ''ਇਹ ਡਾ. ਗਿਆਨ ਸਿੰਘ ਨੂੰ ਪਤਾ ਨੀ ਕੀ ਸੁੱਝੀ ਐ, ਜੋ ਗੁਰਸ਼ਰਨ ਨੂੰ ਐਹੇ ਜੇ ਸਕੇ ਪੜ•ਨੇ ਪਾ ਛੱਡਿਆ ਏ.. ..?''
ਇਹ ਸਵਾਲ ਉੱਠਣਾ ਸੁਭਾਵਿਕ ਸੀ, ਕਿਉਂਕਿ ਮੈਂ ਘਰ ਦਾ ਪਹਿਲਾ ਬੱਚਾ ਸਾਂ, ਜਿਸਨੂੰ ਗੁਰਮੁਖੀ ਪੜ•ਨ ਖਾਤਰ ਇਸ ਸਕੁਲ ਵਿੱਚ ਭੇਜਿਆ ਗਿਆ ਸੀ। ਉਸ ਸ਼ਹਿਰ ਦੇ ਚੰਗੇ ਮੰਨੇ ਜਾਂਦੇ ਸਕੂਲ, ਜਿਹਨਾਂ ਵਿੱਚ ਗੁਰਮੁਖੀ ਨਹੀਂ ਸੀ, ਸਿਵਲ ਲਾਈਨਜ਼ ਖੇਤਰ ਵਿੱਚ ਸਨ। ਇਹਨਾਂ ਵਿੱਚ ਡੀ.ਏ.ਵੀ. ਸਕੂਲ, ਸਨਾਤਨ ਧਰਮ ਸਕੂਲ ਤੇ ਇਸਲਾਮੀਆ ਸਕੂਲ ਸ਼ਾਮਲ ਸਨ। ਪਹਿਲੇ ਦੋ ਵਿੱਚੋਂ ਕਿਸੇ ਇੱਕ ਵਿੱਚ ਮੇਰੇ ਵੱਡੇ ਭਰਾ ਪੜ• ਰਹੇ ਸਨ। ਇਸਲਾਮੀਆ ਸਕੂਲ ਵਿੱਚ ਪੜ•ਨ ਦੀ ਗੱਲ ਸੋਚੀ ਵੀ ਨਹੀਂ ਸੀ ਜਾ ਸਕਦੀ। ਉਸ ਸਮੇਂ ਆਮ ਤੌਰ 'ਤੇ ਹਿੰਦੂ-ਮੁਸਲਮਾਨ ਪਛਾਣ ਹੀ ਨਜ਼ਰ ਆਉਂਦੀ ਸੀ ਅਤੇ ਬਾਲਾਂ ਲਈ ਸਕੂਲ ਵੀ ਇਸੇ ਨਜ਼ਰੀਏ ਨਾਲ ਚੁਣੇ ਜਾਂਦੇ ਸਨ। ਹਿੰਦੂ ਤੇ ਸਿੱਖ ਪਛਾਣ ਵੀ ਵੱਖੋ-ਵੱਖ ਹੋਣ ਦੇ ਰਸਤੇ ਹੋ ਤੁਰੀ ਸੀ, ਜਿਸਨੇ ਆਰੀਆ ਸਮਾਜ ਤੇ ਸਿੰਘ ਸਭਾ ਦੀ ਸ਼ਕਲ ਵਿੱਚ ਲਹਿਰਾਂ ਵੀ ਬਣਾ ਲਈਆਂ ਸਨ। ਸਾਡੇ ਪਰਿਵਾਰ ਉੱਤੇ ਸਿੰਘ ਸਭਾਈ ਸਿੱਖੀ ਦੀ ਸੰਕੀਰਨਤਾ ਦਾ ਅਸਰ ਨਹੀਂ ਸੀ। ਫਿਰ ਵੀ ਇਹ ਮੁਸਲਿਮ ਪਛਾਣ ਦੇ ਸਾਹਮਣੇ ਹਿੰਦੂ-ਸਿੱਖ ਭਾਈਚਾਰੇ ਦੀ ਰਵਾਇਤੀ ਸੋਚ ਦੇ ਕਾਫੀ ਕਰੀਬ ਸੀ। ਮੁਸਲਮਾਨ ਮੁਆਸ਼ਰੇ ਨਾਲ ਰਵਾਇਤੀ ਜਿਹਾ ਸੰਬੰਧ ਸੀ, ਟਕਰਾਅ ਨਹੀਂ ਸੀ, ਪਰ ਹਿੰਦੂ-ਸਿੱਖ ਵਰਗੀ ਸਾਂਝ ਵੀ ਨਹੀਂ ਸੀ। ਉਸ ਸਮੇਂ ਹਰ ਕਿਸੇ ਕੋਲ ਧਾਰਮਿਕ ਪਛਾਣ ਸੀ। ਪੰਜਾਬੀ ਕੌਮੀਅਤ ਦੀ ਪਛਾਣ ਵਰਗੀ ਕੋਈ ਗੱਲ ਨਹੀਂ ਸੀ। ਇਸੇ ਲਈ ਤਾਂ ਅਮਨ-ਅਮਾਨ ਨਾਲ ਰਹਿ ਰਹੇ ਲੋਕੀਂ ਜ਼ਰਾ ਕੁ ਜਿੰਨੀ ਚੁੰਝਕੜੀ ਛਿੜਦੇ ਹੀ ਭੜਕ ਉੱਠਦੇ ਸਨ ਤੇ ਦੰਗੇ ਹੋ ਜਾਂਦੇ ਸਨ। ਉਸ ਸਮੇਂ ਹਿੰਦੂ-ਸਿੱਖ ਅਤੇ ਮੁਸਲਮਾਨ ਫਸਾਦਾਂ ਲਈ 'ਬਲਵਾ' ਸ਼ਬਦ ਵਰਤਿਆ ਜਾਂਦਾ ਸੀ। ਇਹ ਅਕਸਰ ਤਾਜ਼ੀਆ ਨਿਕਲਣ ਸਮੇਂ ਹੋਈ ਨਿੱਕੀ-ਮੋਟੀ ਸ਼ਰਾਰਤ ਨਾਲ ਹੀ ਹੋ ਜਾਂਦਾ ਸੀ। ਸਕੂਲ ਬੰਦ ਹੋ ਜਾਂਦੇ ਸਨ, ਬਾਲਾਂ ਨੂੰ ਘਰਾਂ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ ਤੇ 'ਬਲਵਾ' ਉਹਨਾਂ ਦੇ ਮਨਾਂ ਅੰਦਰ ਅਟਕ ਜਾਂਦਾ ਸੀ। ਮੇਰੇ ਚੇਤੇ ਵਿੱਚ ਇਹ ਸ਼ਬਦ ਇਸੇ ਤਰ•ਾਂ ਟਿਕ ਗਿਆ ਹੈ। ਕਰਾੜ ਤੇ ਮੁਸੱਲੀ ਸ਼ਬਦ ਵੀ ਮੇਰੇ ਜ਼ਿਹਨ ਅੰਦਰ ਉਸੇ ਸਮੇਂ ਤੋਂ ਚਲੇ ਆ ਰਹੇ ਹਨ।
ਜਦੋਂ ਮੁਲਤਾਨ ਸ਼ਹਿਰ ਵਿੱਚ ਬਲਵਾ ਹੁੰਦਾ ਸੀ, ਉਦੋਂ ਹਿੰਦੂ-ਸੁਮਸਲਮਾਨ ਤਬਕੇ ਦੇ ਗੁੰਡਾ ਅਨਸਰ ਦਾ ਰਾਜ ਹੋ ਜਾਂਦਾ ਸੀ। ਸਿੱਖ ਹੋਣਾ ਉਸ ਖੇਤਰ ਵਿੱਚ ਬਹੁਤਾ ਮਾਅਨੇ ਨਹੀਂ ਸੀ ਰੱਖਦਾ। ਇੱਕ ਤਾਂ ਇਹਨਾਂ ਦੀ ਆਬਾਦੀ ਬਹੁਤ ਘੱਟ ਸੀ ਤੇ ਦੂਜਾ ਇਹ ਜ਼ਿਆਦਾਤਰ ਮਿਲਟਰੀ ਲਈ ਲੋੜੀਂਦੀ ਸਮੱਗਰੀ ਦੀ ਠੇਕੇਦਾਰੀ ਕਰਨ ਵਾਲੇ ਵਪਾਰਕ ਵਰਗ ਦੇ ਬੰਦੇ ਸਨ। ਇਹਨਾਂ ਦਾ ਹਿੰਦੂ ਤੇ ਮੁਸਲਮਾਨ ਭਾਈਚਾਰੇ ਨਾਲ ਸਬੰਧ ਵੀ ਅਨਾਜ ਵਗੈਰਾ ਦੀ ਖਰੀਦੋ-ਫਰੋਖਤ ਕਰਨ ਵਾਲੇ ਵਪਾਰਕ ਤਬਕੇ ਜਾਂ ਸਪਲਾਈ ਲਈ ਕਾਮੇ ਲੈਣ ਤੱਕ ਸੀ। ਇਹਨਾਂ ਲਈ ਬਲਵੇ ਸਮੇਂ ਚੌਕਸੀ ਵੀ ਹਿੰਦੂ-ਸਿੱਖ ਨੂੰ ਇੱਕੋ ਮੰਨੇ ਜਾਣ ਦੀ ਸਚਾਈ ਕਰਕੇ ਸੀ। ਆਮ ਹਾਲਾਤ ਵਿੱਚ ਮੁਸਲਮਾਨ ਭਾਈਚਾਰੇ ਨਾਲ ਵੀ ਸੁਖਾਵੇਂ ਸੰਬੰਧ ਬਣੇ ਰਹਿੰਦੇ ਸਨ। ਹਾਂ, ਇੱਕ-ਦੂਜੇ ਦੇ ਘਰ ਦਾ ਖਾਣਾ ਖਾ ਸਕਣਾ ਸੰਭਵ ਨਹੀਂ ਸੀ। ਉਸ ਸਮੇਂ ਝਟਕਾ ਤੇ ਹਲਾਲ ਭਾਰੀ ਕੁਰਹਿਤ ਸਨ। ਇਹ 'ਹਿੰਦੂ ਪਾਣੀ, ਮੁਸਲਿਮ ਪਾਣੀ' ਦਾ ਜ਼ਮਾਨਾ ਸੀ। ਹਰ ਅਹਿਮ ਜਗਾਹ, ਖਾਸ ਕਰਕੇ ਸਟੇਸ਼ਨਾਂ ਉੱਤੇ ਵੱਖ ਵੱਖ ਪਾਣੀ ਦੇ ਮਟਕੇ ਹੁੰਦੇ ਸਨ। ਕਿਸੇ ਹਿੰਦੂ-ਸਿੱਖ ਨੂੰ ਕਿੰਨੀ ਵੀ ਪਿਆਸ ਲੱਗੀ ਹੋਵੇ, ਜਾਨ ਨਿਕਲਣ ਉੱਤੇ ਵੀ ਕਿਉਂ ਨਾ ਆਈ ਹੋਵੇ, ਉਹ 'ਮੁਸਲਿਮ ਪਾਣੀ' ਨਹੀਂ ਸੀ ਪਾ ਸਕਦਾ। ਇਹੀ ਹਾਲ 'ਹਿੰਦੂ ਪਾਣੀ' ਲਈ ਮੁਸਲਮਾਨਾਂ ਦਾ ਸੀ। ਇੱਕ ਵਜਾਹ ਤਾਂ ਸਮਾਜ ਦਾ ਪਛੜੇਵਾਂ ਸੀ, ਜੋ ਹਿੰਮਤ ਹੀ ਨਹੀਂ ਸੀ ਕਰਨ ਦਿੰਦਾ ਤੇ ਦੂਜੀ ਇਸ ਤੋਂ ਵੀ ਵੱਧ ਖਤਰਨਾਕ ਸਚਾਈ ਇਹ ਸੀ ਕਿ ਪਾਣੀ ਦੇ 'ਭਿੱਟੇ ਜਾਣ' ਕਾਰਨ ਬਲਵੇ ਹੋ ਜਾਂਦੇ ਸਨ, ਪਾਣੀ ਲਈ ਖੂਨ ਦੀਆਂ ਨਦੀਆਂ ਵਹਿ ਜਾਂਦੀਆਂ ਸਨ।
ਪੰਜਾਬੀ ਦੀ ਪੜ•ਾਈ
ਮੇਰੇ ਪਿਤਾ ਜੀ ਨੇ 1936 ਤੱਕ 'ਪ੍ਰੀਤਲੜੀ' ਦਾ ਚੰਦਾ ਭਰ ਦਿੱਤਾ ਸੀ ਤੇ ਹਰ ਪੰਜਾਬੀ ਅਖਬਾਰ ਜਾਂ ਪਰਚਾ, ਜੋ ਵੀ ਗੁਰਮੁਖੀ ਵਿੱਚ ਪ੍ਰਕਾਸ਼ਤ ਹੁੰਦਾ ਸੀ, ਘਰ ਆ ਰਿਹਾ ਸੀ। ਉਸ ਸਮੇਂ ਗੁਰਮੁਖੀ ਪੜ•ਨ ਦਾ ਅਰਥ ਸਿੱਖ ਪਛਾਣ ਨਾਲ ਨਾਤਾਬੱਧ ਹੋਣਾ ਸੀ ਤੇ ਮੇਰੇ ਪਿਤਾ ਜੀ ਇਸ ਪੱਖ ਤੋਂ ਬਹੁਤ ਸੁਚੇਤ ਸਨ। ਇਹ ਖਾਂਦੇ-ਪੀਂਦੇ ਵਰਗ ਦੀ ਸਿੱਖ ਚੇਤਨਾ ਸੀ, ਜਿਸਨੂੰ ਗੁਰਮੁਖੀ ਦਾ ਮੋਹ ਸੀ। ਇਸਦੇ ਅਸਲ ਕਾਰਨ ਤਾਂ ਧਾਰਮਿਕ ਸਨ, ਤਾਂ ਵੀ ਇਹ ਗਲਤ ਨਹੀਂ ਸੀ। ਉਸ ਸਮੇਂ ਇਹਨਾਂ ਵਰਗਾਂ ਦੀ ਮਾਤ-ਭਾਸ਼ਾ ਲਈ ਚਿੰਤਾ ਸਹੀ ਸੀ, ਪਰ ਸੀ ਇਹ ਤਾਂ ਹੀ, ਕਿਉਂਕਿ ਉਹਨਾਂ ਸਾਹਮਣੇ ਭੁੱਖ ਦਾ ਮਸਲਾ ਨਹੀਂ ਸੀ। ਇਸੇ ਲਈ ਧਰਮ ਲਈ ਗੁਰਮੁਖੀ ਅਪਣਾ ਰਹੇ ਸਨ। ਹੁਣ ਹਾਲਾਤ ਉਲਟੇ ਹਨ। ਹਰ ਬੰਦਾ, ਉਹ ਹਿੰਦੂ ਹੈ ਜਾਂ ਸਿੱਖ, ਜੇ ਭੁੱਖ ਤੋਂ ਅੱਗੇ ਸੋਚਦਾ ਹੈ, ਤਾਂ ਸਭ ਤੋਂ ਪਹਿਲਾ ਕਾਟਾ ਮਾਤ-ਭਾਸ਼ਾ ਉੱਤੇ ਮਾਰਦਾ ਹੈ। ਇਹ ਮੇਰੇ ਵਰਗੇ ਬੰਦੇ ਲਈ ਭਾਰੀ ਚਿੰਤਾ ਦਾ ਵਿਸ਼ਾ ਹੈ। ਇਸ ਵਰਤਾਰੇ ਨੂੰ ਸੂਝਵਾਨ ਲੋਕ ਬਸਤੀਵਾਦੀ ਤੇ ਗੁਲਾਮ ਮਾਨਸਿਕਤਾ ਆਖਦੇ ਹਨ ਤੇ ਗਲਤ ਵੀ ਨਹੀਂ ਹੈ, ਪਰ ਮੈਂ ਉਸ ਦੌਰ ਬਾਬਤ ਸੋਚਦਾ ਹਾਂ, ਜਦੋਂ ਇਸ ਦੇਸ਼ ਵਿੱਚ ਅੰਗਰੇਜ਼ਾਂ ਨੂੰ 'ਮਾਈ-ਬਾਪ' ਮੰਨਣ ਵਾਲੇ ਵੀ ਗੁਰਮੁਖੀ (ਉਦੋਂ ਪੰਜਾਬੀ ਲਈ ਇਹੀ ਸ਼ਬਦ ਵਰਤਦੇ ਸਨ।) ਦੇ ਵਿਕਾਸ ਲਈ ਸੋਚ ਰਹੇ ਸਨ। ਇਸਦੇ ਵਿਕਾਸ ਲਈ ਅੰਗਰੇਜ਼ੀ ਹਕੂਮਤ ਦਾ ਵਿਰੋਧ ਕਰਨ ਵਾਲੇ ਵੀ ਲੱਗੇ ਹੋਏ ਸਨ। ਇਸੇ ਲਈ ਤਾਂ 'ਕਿਰਤੀ' ਵਰਗੇ ਪਰਚੇ ਨਿਕਲ ਰਹੇ ਹਨ। ਹੀਰਾ ਸਿੰਘ ਦਰਦ ਦਾ 'ਫੁੱਲਵਾੜੀ' ਤਾਂ ਬਹੁਤ ਹੀ ਸੁਚੇਤ ਸੀ ਤੇ ਇਹੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਸਥਾਪਨਾ ਲਈ ਸਹਾਈ ਹੁੰਦਾ ਹੈ। ਇਸ ਸਮੇਂ ਤੱਕ ਗੁਰਬਖਸ਼ ਸਿੰਘ 'ਪ੍ਰੀਤਲੜੀ' ਲੋਕਾਈ ਦੀ ਸੋਚ ਬਦਲਦਾ ਹੋਇਆ ਆਪ ਵੀ ਕਮਊਨਿਸਜ਼ਮ ਦੇ ਫਲਸਫੇ ਦਾ ਧਾਰਨੀ ਹੋ ਗਿਆ ਸੀ। ਉਸ ਸਮੇਂ ਦੇ ਪ੍ਰਮੁੱਖ ਪਰਚੇ ਪੰਜਾਬੀ ਸਮਾਜ ਦਾ ਮੁਹਾਣ ਮੋੜਨ ਵਿੱਚ ਕਿਸ ਕਦਰ ਸਹਾਈ ਹੋ ਰਹੇ ਸਨ- ਇਹ ਅੱਜ ਸੋਚਣ ਦੀ ਘੜੀ ਹੈ, ਜਦੋਂ ਢੇਰ ਸਾਰੇ ਪੰਜਾਬੀ ਪਰਚੇ ਕੋਈ ਵੀ ਪ੍ਰਭਾਵ ਪਾਏ ਬਿਨਾ ਨਿਕਲੀ ਜਾ ਰਹੇ ਹਨ। ਕਈ ਵਾਰ ਲੱਗਦਾ ਹੈ, ਉਹ ਪ੍ਰਭਾਵ ਪਾ ਨਹੀਂ ਰਹੇ, ਸਗੋਂ ਜਿਸ ਵਰਤਾਰੇ ਵਿਰੁੱਧ ਲੜਨਾ ਸੀ, ਉਸੇ ਦੇ ਪ੍ਰਭਾਵ ਹੇਠ ਆ ਗਏ ਹਨ ਤੇ ਜੇ ਕੋਈ ਅਸਰ ਪਾ ਰਹੇ ਹਨ, ਤਾਂ ਉਹ ਉਹੀ ਹੈ, ਜਿਸਨੂੰ ਸਮਾਜ ਪਹਿਲਾਂ ਹੀ ਗ੍ਰਹਿਣ ਕਰ ਰਿਹਾ ਹੈ।............
ਬੁਧੂਆ ਯਾਦ ਆਉਂਦਾ ਹੈ
ਸਕੂਲੀ ਦਿਨਾਂ 'ਤੇ ਝਾਤ ਮਾਰਦਾ ਹਾਂ, ਤਾਂ ਬੁਧੂਆ ਯਾਦ ਆਉਂਦਾ ਹੈ। ਉਹ ਗਰੀਬ ਦਲਿਤ ਪਰਿਵਾਰ ਦਾ ਬੱਚਾ ਸੀ। ਇਹ 'ਦਲਿਤ' ਤਾਂ ਅੱਜ ਦਾ ਲਫਜ਼ ਹੈ। ਉਸ ਸਮੇਂ ਤਾਂ 'ਚੂਹੜਾ-ਚਮਾਰ' ਜਾਂ ਇਸੇ ਤਰ•ਾਂ ਦੇ ਹੀਣਤਾ ਭਰੇ ਸ਼ਬਦ ਚੱਲਦੇ ਸਨ। ਇਸ 'ਦਲਿਤ' ਅੰਦਰ ਹਮਦਰਦੀ ਵਰਗੀ ਭਾਵਨਾ ਹੈ ਜਾਂ ਉਹ ਭਾਵਨਾ ਹੈ, ਜਿਵੇਂ ਦਲਿਤ ਲੋਕ 'ਗੌਰਵ' ਦੀ ਗੱਲ ਕਰਦੇ ਹਨ, ਪਰ ਉਸ ਸਮੇਂ ਸ਼ੂਦਰ-ਅਛੂਤ ਲਈ ਵਰਤੇ ਜਾਂਦੇ ਸਨ। ਸਾਡਾ ਪਰਿਵਾਰ ਜਾਤੀਵਾਦੀ ਨਹੀਂ ਸੀ। ਇਸੇ ਲਈ ਨਾਂ ਨਾਲ ਵੀ ਜਾਤ-ਗੋਤ ਤੋਂ ਗੁਰੇਜ਼ ਸੀ। ਮੇਰੇ ਪਿਤਾ ਅੰਗਰੇਜ਼ੀ ਪ੍ਰਭਾਵ ਵਾਲੇ ਸਭਿਅਕ ਵਿਚਾਰਾਂ ਵਾਲੇ ਡਾਕਟਰ ਸਨ। ਇਸੇ ਲਈ ਘਰ ਵਿੱਚ ਗਰੀਬ ਬੰਦੇ ਲਈ ਹਮਦਰਦੀ ਦਾ ਭਾਵ ਸੀ। ਮੇਰੇ ਬਾਲ-ਮਨ 'ਤੇ ਹੋਵੇਗਾ, ਤਾਂ ਹੀ ਮੈਨੂੰ ਬੁਧੂਆ ਚੰਗਾ ਸੱਗਦਾ ਸੀ। ਉਹ ਸਭ ਤੋਂ ਲਾਇਕ ਵਿਦਿਆਰਥੀ ਸੀ, ਪਰ ਤੀਜੀ ਕਲਾਸ ਤੋਂ ਅੱਗੇ ਨਾ ਜਾ ਸਕਿਆ। ਅਧਿਆਪਕ ਖੁਸ਼ਖਤ ਫੱਟੀ ਲਿਖਣ ਲਈ ਉਸਦੀ ਮਿਸਾਲ ਦਿੰਦੇ ਸਨ। ਫਿਰ ਉਹ ਕਲਾਸ ਲਈ ਬੱਸ ਯਾਦ ਕਰਨ ਵਾਲਾ ਪਾਤਰ ਬਣਕੇ ਰਹਿ ਗਿਆ। ਇਸੇ ਸਮੇਂ ਅਸੀਂ ਅੰਮ੍ਰਿਤਸਰ ਆ ਗਏ।
ਮੇਰੀ ਸਕੂਲੀ ਪੜ•ਾਈ ਕਈ ਸ਼ਹਿਰਾਂ ਵਿੱਚ ਹੋਈ ਹੈ। ਇਹ ਸਾਲ-ਛਿਮਾਈ ਤੱਕ ਵੀ ਰਹੀ ਹੈ। ਮੇਰੇ ਪਿਤਾ ਜੀ ਰੀਜ਼ਰਵ ਫੋਰਸ ਵਿੱਚ ਡਾਕਟਰ ਸਨ ਤੇ ਅਕਸਰ ਇਧਰ-ਓਧਰ ਬਦਲੀ ਹੋ ਜਾਂਦੀ ਸੀ। ਮੈਨੂੰ ਯਾਦ ਹੈ, ਮੈਂ ਫਿਰੋਜ਼ਪੁਰ ਦੇ ਲਾਲ ਚੰਦ ਮੈਮੋਰੀਅਲ ਸਕੂਲ ਵੀ ਪੜ•ਦਾ ਰਿਹਾ ਹਾਂ। ਇਹ ਜੈਨੀਆਂ ਦਾ ਸਕੂਲ ਸੀ। ਇਸ ਸ਼ਹਿਰ ਦੀ ਹਰਨ ਪਾਰਕ ਗਰਾਊਂਡ ਵਿੱਚ ਧਿਆਨ ਚੰਦ ਹਾਕੀ ਵੀ ਖੇਡਦਾ ਰਿਹਾ ਹਾਂ।
ਕਈ ਸਾਲਾਂ ਬਾਅਦ ਮੁੜ ਮੁਲਤਾਨ ਜਾਂਦਾ ਹਾਂ। ਇਹ 1945-46 ਦੀ ਗੱਲ ਹੈ। ਮੈਂ ਐਮਰਸਨ ਕਾਲਜ ਦਾ ਵਿਦਿਆਰਥੀ ਸਾਂ। ਇੱਕ ਦਿਨ ਸਾਈਕਲ 'ਤੇ ਜਾ ਰਿਹਾ ਸਾਂ। ਉਸ ਸਮੇਂ ਸਾਈਕਲ ਹੋਣਾ ਵੀ ਵੱਡੀ ਗੱਲ ਸੀ। ਮੇਰੇ ਸਾਹਮਣੇ ਕੋਈ ਮੇਰੀ ਉਮਰ ਦਾ ਨੌਜਵਾਨ ਸੀ। ਉਸਨੇ ਮੇਰੇ ਵੱਲ ਵੇਖਿਆ ਤੇ ਮੈਂ ਵੀ, ਪਰ ਮੈਂ ਉਸਦੇ ਕੋਲ ਦੀ ਗੁਜ਼ਰ ਗਿਆ। ਇੱਕਦਮ ਪਿੱਛੋਂ ਆਵਾਜ਼ ਆਈ, ''ਕਾਕਾ ਜੀ.. ..!''
ਇਹ ਆਵਾਜ਼ ਉਸਨੇ ਹੀ ਮਾਰੀ ਸੀ। ਉਸ ਸਮੇਂ ਮੈਨੂੰ ਮੁਲਤਾਨ ਦੇ ਬਹੁਤ ਲੋਕ 'ਕਾਕਾ ਜੀ' ਆਖ ਕੇ ਹੀ ਬੁਲਾਉਂਦੇ ਸਨ। ਮੈਂ ਸਾਈਕਲ ਰੋਕ ਕੇ ਪਿਛਾਂਹ ਆਇਆ, ਤਾਂ ਇੱਕ ਦੁਖਦਾਈ ਯਾਦ ਮਨ ਮਸਤਕ 'ਤੇ ਉੱਕਰੀ ਗਈ। ਉਹ 'ਤੇ ਬੁਧੂਆ ਸੀ। ਜਿਸ ਸੜਕ 'ਤੇ ਮੇਰਾ ਸਾਈਕਲ ਦੌੜ ਰਿਹਾ ਸੀ, ਬੁਧੂਆ ਉਸੇ 'ਤੇ ਜਮਾਂਦਾਰ ਸੀ। ਹੁਣ ਤੱਕ ਉਸਦੀ ਖੁਸ਼ਖਤ ਲਿਖੀ ਫੱਟੀ ਯਾਦ ਕਰਦਾ ਸਾਂ, ਉਸ ਦਿਨ ਤੋਂ ਬਾਅਦ ਜਮਾਂਦਾਰ ਬੁਧੂਆ ਦੀ ਝਾਕੀ ਮੇਰੇ ਮਨ-ਮੰਚ ਤੋਂ ਕਦੇ ਅਲੋਪ ਨਹੀਂ ਹੋਈ। ਉਹ ਫੱਟੀ ਪੋਚਣ ਦਾ ਵੀ ਉਸਤਾਦ ਸੀ ਅਤੇ ਗੁਰਮੁਖੀ ਵਰਣਮਾਲਾ ਤੇ ਉਰਦੂ ਰਸਮੁਲਖਤ ਲਿਖਣ ਵਿੱਚ ਵੀ ਲਾਮਿਸਾਲ ਮੁਹਾਰਤ ਸੀ। ਉਸ ਸਮੇਂ ਜ਼ਿਆਦਾਤਰ ਉਰਦੂ ਦੀ ਪੜ•ਾਈ ਹੁੰਦੀ ਸੀ। ਕਈ ਸਕੂਲਾਂ ਵਿੱਚ ਹਿੰਦੀ ਦੀ ਪੜ•ਾਈ ਲਈ ਦੇਵਨਾਗਰੀ ਵੀ ਚੱਲਦੀ ਸੀ। ਸਾਡੇ ਸਕੂਲ ਵਿੱਚ, ਜਿਵੇਂ ਪਹਿਲਾਂ ਦੱਸਿਆ ਹੈ, ਗੁਰਮੁਖੀ ਵੀ ਪੜ•ਾਈ ਜਾਂਦੀ ਸੀ ਅਤੇ ਬੁਧੂਆ ਦੋਵਾਂ ਦੀ ਮੋਤੀਆਂ ਵਰਗੀ ਲਿਖਾਈ ਲਈ ਮਿਸਾਲੀ ਵਿਦਿਆਰਥੀ ਸੀ। ਉਸ ਕੋਲੋਂ ਕਲਮ ਛੁੱਟ ਗਈ ਤੇ ਝਾੜੂ ਆ ਗਿਆ। ਇਹ ਉਸਦੇ ਜੀਵਨ ਦੀ ਹੀ ਨਹੀਂ, ਸਮਾਜ ਦੀ ਤ੍ਰਾਸਦੀ ਸੀ ਤੇ ਲੱਗਦਾ ਸੀ, ਆਜ਼ਾਦ ਭਾਰਤ ਅਜਿਹੀਆਂ ਸਮਾਜੀ ਤ੍ਰਾਸਦੀਆਂ ਤੋਂ ਮੁਕਤ ਹੋਵੇਗਾ ਅਤੇ ਸਮਾਜਵਾਦੀ ਰਾਜ ਵਿੱਚ ਲੋਕ ਇਤਿਹਾਸ ਹੋ ਗਈਆਂ ਸਚਾਈਆਂ ਬਾਰੇ ਹੈਰਾਨੀ ਨਾਲ ਪੜ•ਨਗੇ। ਇਸ ਸਮੇਂ ਤੱਕ ਮਾਰਕਸਵਾਦ ਦਾ ਅਸਰ ਹੋ ਗਿਆ ਸੀ ਅਤੇ ਇੱਕ ਨੌਜਵਾਨ ਕਮਿਊਨਿਸਟ ਹੋਣ ਦੇ ਨਾਤੇ ਇਸ ਅਨਹੋਣੀ ਨੂੰ 'ਭਾਣਾ' ਮੰਨ ਕੇ ਵਾਹਿਗੁਰੂ ਦਾ ਸ਼ੁਕਰ ਅਦਾ ਕਰਨਾ ਮੇਰੇ ਲਈ ਸੰਭਵ ਨਹੀਂ ਸੀ। ਮੇਰੀ ਗਰੀਬ ਬੰਦੇ ਵੱਲ ਹਮਦਰਦੀ ਦੀ ਨਿਗਾਹ ਤਾਂ ਬਾਬਾ ਨਾਨਕ ਦੀ ਬਾਣੀ ਤੇ ਜੀਵਨ-ਜਾਚ ਨੇ ਤਹਿ ਕੀਤੀ ਸੀ, ਪਰ ਸਮਝ ਗਿਆ ਸਾਂ ਕਿ ਜਮਾਤੀ ਸਮਾਜ ਦੇ ਦੁੱਖ ਦਾ ਇਲਾਜ ਸਿੱਖੀ ਦੇ ਆਦਰਸ਼ ਜੀਵਨ ਕੋਲ ਨਹੀਂ, ਸਗੋਂ ਮਾਰਕਸਵਾਦ ਕੋਲ ਹੈ। ਉਸ ਦਿਨ ਅਹਿਸਾਸ ਹੋਇਆ ਕਿ ਮੈਂ ਇੱਕ ਖਾਂਦੇ-ਪੀਂਦੇ ਘਰ ਦਾ ਬੱਚਾ ਹਾਂ ਤੇ ਕਾਲਜ ਪੜ• ਰਿਹਾ ਹਾਂ, ਜਦਕਿ ਬੁਧੂਆ ਜਮਾਂਦਾਰ ਕਹੇ ਜਾਂਦੇ ਪਰਿਵਾਰ ਦਾ ਬਾਲ ਸੀ ਤੇ ਸੜਕ 'ਤੇ ਝਾੜੂ ਮਾਰ ਰਿਹਾ ਸੀ। ਮੈਂ ਮਾਰਕਸਵਾਦ ਦਾ ਸਬਕ ਤਾਂ ਆਪਣੇ ਵੱਡੇ ਭਰਾ ਡਾ. ਇੰਦਰਜੀਤ ਤੋਂ ਸਿੱਖ ਗਿਆ ਸਾਂ, ਪਰ ਮੇਰੇ ਮਨ ਅੰਦਰ ਕਮਿਊਨਿਜ਼ਮ ਦੇ ਸਿਧਾਂਤ ਦੀਆਂ ਜੜ•ਾਂ ਮੇਰੇ ਅਹਿਸਾਸ ਵਿੱਚ ਹਨ। ਜਦੋਂ ਵੀ ਮੈਂ ਬਰਾਬਰੀ ਦੇ ਸਮਾਜ ਦਾ ਸੰਦੇਸ਼ ਦੇ ਰਿਹਾ ਹੁੰਦਾ ਹਾਂ, ਉਸ ਸਮੇਂ ਬੁਧੂਆ ਨਾਲ ਮੇਲ ਦਾ ਸੀਨ ਮੇਰੇ ਹਿਰਦੇ 'ਚ ਹੁੰਦਾ ਹੈ।
ਸਭਿਆਚਾਰਕ ਖੇਤਰ ਦੀ ਹਲਚਲ
ਮੈਂ ਜਵਾਨੀ 'ਚ ਕਦਮ ਧਰ ਰਿਹਾ ਸਾਂ, ਜਦੋਂ ਬੰਗਾਲ ਦੇ ਅਕਾਲ ਨੇ ਸਾਰੇ ਦੇਸ਼ ਨੂੰ ਹਲੂਣ ਕੇ ਰੱਖ ਦਿੱਤਾ ਸੀ। ਉਸਦੇ ਸ਼ਿਕਾਰ ਹੋਣ ਵਾਲੇ ਲੋਕਾਂ ਲਈ ਸਾਰੇ ਮੁਲਕ ਅੰਦਰ ਹਮਦਰਦੀ ਸੀ ਅਤੇ ਸਹਾਇਤਾ ਕਰਨ ਦਾ ਅਮਲ ਵੀ ਚੱਲ ਰਿਹਾ ਸੀ। ਇਸ ਸਮੇਂ ਕਮਿਊਨਿਸਟ ਪਾਰਟੀ ਨੇ ਸਭਿਆਚਾਰਕ ਸਮਾਗਮਾਂ ਦੀ ਲੜੀ ਚਲਾਈ ਤੇ ਸਹਾਇਤਾ ਲਈ ਯਤਨ ਆਰੰਭ ਹੋਏ। ਇਸ ਮਕਸਦ ਲਈ ਪਾਰਟੀ ਦੇ ਪ੍ਰਮੁੱਖ ਆਗੂ ਪੀ.ਸੀ. ਜੋਸ਼ੀ ਦੇ ਯਤਨਾ ਸਦਕਾ ਸਭਿਆਚਾਰਕ ਸਰਗਰਮੀ ਹਿੱਤ ਕੇਂਦਰੀ ਪੱਧਰ 'ਤੇ ਟੀਮ ਬਣਾਈ ਗਈ। ਇਸ ਨੂੰ, ਮਿਲੇ ਹੁੰਗਾਰੇ 'ਚੋਂ ਹੀ ਇਪਟਾ ਦਾ ਜਨਮ ਹੁੰਦਾ ਹੈ। ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਮੰਚ ਵਕਤੀ ਲੋੜ 'ਚੋਂ ਪੈਦਾ ਹੁੰਦਾ ਹੈ, ਤਾਂ ਵੀ ਕੁਲੱ ਹਿੰਦ ਪੱਧਰ ਦੀ ਲੋਕ-ਪੱਖੀ ਕਲਾ ਦੇ ਸਭਿਆਚਾਰਕ ਇਤਿਹਾਸ ਦਾ ਸੁਨਹਿਰੀ ਅਧਿਆਏ ਸਾਬਤ ਹੁੰਦਾ ਹੈ, ਜਿਸ ਵਿੱਚ ਹਰ ਤਰ•ਾਂ ਦੀ ਪ੍ਰਦਰਸ਼ਨੀ ਕਲਾ ਤੇ ਪੇਂਟਿੰਗ ਵਰਗੀ ਸੂਖਮ ਕਲਾ ਵੀ ਸ਼ਾਮਲ ਸੀ। ਇਹ ਸਭ ਰਲਕੇ ਸਹੀ ਅਰਥਾਂ 'ਚ ਰੰਗਮੰਚ ਬਣ ਗਿਆ ਸੀ। ਇਹ ਭਾਰਤੀ ਕਮਿਊਨਿਸਟ ਪਾਰਟੀ ਦੇ ਸੁਚੇਤ ਯਤਨਾਂ ਸਦਕਾ ਹੋਂਦ ਵਿੱਚ ਆਇਆ ਸਭਿਆਚਾਰਕ ਮੰਚ ਸੀ, ਜਿਸਨੇ ਗੈਰ ਪਾਰਟੀ ਪ੍ਰਗਤੀਸ਼ੀਲ ਅੰਸ਼ਾਂ ਨੂੰ ਵੀ ਭਾਰੀ ਗਿਣਤੀ ਵਿੱਚ ਪ੍ਰਭਾਵਿਤ ਕੀਤਾ ਸੀ।
ਇਪਟਾ ਦੇਸ਼ ਭਰ ਅੰਦਰ ਦਰਸ਼ਨੀ ਕਲਾਵਾਂ ਦਾ ਸਾਂਝਾ ਮੰਚ ਸੀ, ਜਿਸਨੇ ਪੰਜਾਬ ਵਿੱਚ ਸਭਿਆਚਾਰਕ ਲਹਿਰ ਦੇ ਮਹਾਨ ਇਤਿਹਾਸ ਦੀ ਸਿਰਜਣਾ ਕੀਤੀ। ਇਸਨੇ ਤੇਰਾ ਸਿੰਘ ਚੰਨ ਵਰਗਾ ਓਪੇਰਾ ਸਿਰਜਕ ਤੇ ਜਥੇਬੰਦਕ ਨੇਤਾ ਅਤੇ ਪੰਜਾਬ ਦੀ ਸਟੇਜ ਦਾ ਬਾਦਸ਼ਾਹ ਜੋਗਿੰਦਰ ਬਾਹਰਲਾ ਦਿੱਤਾ ਸੀ। ਤੇਰਾ ਸਿੰਘ ਚੰਨ ਦਾ ਓਪੇਰਾ 'ਲੱਕੜ ਦੀ ਲੱਤ' ਅਮਨ ਲਹਿਰ ਦੇ ਦੌਰ ਦੀ ਮਹਾਨ ਰਚਨਾ ਹੈ। ਉਸਦੇ ਸਿਰਜਣ ਸੰਸਾਰ ਵਿੱਚ 'ਅਮਰ ਪੰਜਾਬ' ਵਰਗਾ ਓਪੇਰਾ ਵੀ ਸ਼ਾਮਲ ਹੈ, ਜਿਸ ਦੀਆਂ ਪੇਸ਼ਕਾਰੀਆਂ ਇਪਟਾ ਦਾ ਸਿਖਰਲਾ ਦੌਰ ਗੁਜ਼ਰਨ ਤੋਂ ਬਾਅਦ ਵੀ ਹੁੰਦੀਆਂ ਰਹੀਆਂ ਹਨ। ਇਸ ਦੀਆਂ ਪਹਿਲ ਪਲੇਠੀਆਂ ਪੇਸ਼ਕਾਰੀਆਂ ਵਿੱਚੋਂ ਇੱਕ ਦੀ ਰਿਹਰਸਲ ਸਾਡੇ ਘਰ ਹੋਈ ਸੀ। ਸਾਡੇ ਭਾਈਆ ਜੀ ਦੇ ਡਾਈਨਿੰਗ ਰੂਮ ਦੇ ਇਕਦਮ ਸਾਹਮਣੇ, ਖੁੱਲ•ੇ ਵਿਹੜੇ ਵਿੱਚ। ਉਸ ਸਾਡੇ ਵਿਚਾਰਾਂ ਦੇ ਭਾਈਵਾਲ ਨਹੀਂ ਸਨ। ਸਾਨੂੰ 'ਰੂਸੀ ਖਿਆਲਾਤ ਵਾਲੇ' ਆਖਦੇ ਸਨ, ਤਾਂ ਵੀ ਟਕਰਾਅ ਕੋਈ ਨਹੀਂ ਸੀ। ਮੇਰੇ ਵੱਡੇ ਭਰਾ ਡਾ. ਇੰਦਰਜੀਤ ਸਿੰਘ, ਜੋ ਇੱਕ ਸਮਾਂ ਪਾਰਟੀ ਹੋਲ ਟਾਈਮਰ ਵੀ ਰਹੇ ਅਤੇ ਬੀ.ਟੀ. ਰੰਧੀਵੇ ਦੀ ਸਖਤ ਕਿਸਮ ਦੀ ਲਾਈਨ ਆਉਣ 'ਤੇ ਆਪਣੇ ਪੇਸ਼ਾਗਤ ਕਾਰਜ ਵਿੱਚ ਮਸ਼ਰੂਫ ਹੋ ਗਏ, ਨਾਲ ਸੋਹਨ ਸਿੰਘ ਜੋਸ਼ ਅਕਸਰ ਘਰ ਆ ਜਾਂਦੇ ਸਨ।
ਪੰਜਾਬੀ ਲੋਕ-ਪੱਖੀ ਓਪੇਰਾ ਇਪਟਾ ਦੀ ਲਹਿਰ ਸਦਕਾ ਰੰਗਮੰਚ 'ਤੇ ਆਉਂਦਾ ਹੈ ਤੇ ਇਹਦੇ ਨਾਲ ਹੀ ਵਿਦਾ ਹੋ ਜਾਂਦਾ ਹੈ।......
ਅਪ੍ਰੇਸ਼ਨ ਗਰੀਨ ਹੰਟ
......ਮੈਂ ਅਜੋਕੇ ਭਾਰਤ ਵਿੱਚ ਸਾਮਰਾਜੀ ਵਿਸ਼ਵੀਕਰਨ 'ਤੇ ਟਿਕੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਵਿਦੇਸ਼ ਨੀਤੀ ਤੇ ਕੌਮਾਂਤਰੀ ਹਰਮਨਪਿਆਰਤਾ ਵੇਖਦਾ ਹਾਂ, ਤਾਂ ਕਸ਼ਮੀਰ ਦੇ ਹਾਲਾਤ ਦੀ ਨਕਸਲੀ ਅੰਦੋਲਨ ਵਰਗੀ ਸਥਿਤੀ ਦਾ ਅਹਿਸਾਸ ਹੁੰਦਾ ਹੈ। ਉਸ ਸਮੇਂ ਹਿੰਦੁਤਵਵਾਦੀ ਕਾਂਗਰਸੀ ਸਰਕਾਰ ਦੇ ਗ੍ਰਹਿ ਮੰਤਰੀ ਨਾਲ ਹਮਦਰਦੀ ਰੱਖਦੇ ਹਨ, ਅੱਜ ਉਹ ਨਕਸਲਵਾਦ ਨਾਲ ਨਜਿੱਠਣ ਦੇ ਨਾਂ ਹੇਠ ਆਦਿਵਾਸੀ ਖੇਤਰ ਵਿੱਚ ਬਹੁ-ਕੌਮੀ ਕਾਰਪੋਰੇਸ਼ਨਾਂ ਨੂੰ ਖਣਿਜ ਖਜ਼ਾਨਾ ਲੁਟਾਉਣ ਵਾਲੇ ਗ੍ਰਹਿ ਮੰਤਰੀ ਪੀ. ਚਿਦੰਬਰਮ ਦੀ ਖੁੱਲ• ਕੇ ਹਮਾਇਤ ਕਰ ਰਹੇ ਹਨ। ਇਹ ਸਭ ਕੁਝ 'ਗਰੀਨ ਹੰਟ ਅਪ੍ਰੇਸ਼ਨ' ਦੇ ਨਾਂ ਹੇਠ ਵਾਪਰ ਰਿਹਾ ਹੈ। ਸਰਕਾਰ ਵੱਲੋਂ ਤਾਇਨਾਤ ਅਰਧ-ਸੈਨਿਕ ਬਲਾਂ ਦਾ ਜ਼ੁਲਮ ਤਾਂ ਹੋਣਾ ਹੀ ਹੈ, ਇਹ ਹਰ ਖੇਤਰ ਵਿੱਚ ਹੋਇਆ ਹੈ, ਜਿਥੇ ਵੀ ਅੰਦੋਲਨ ਸਾਹਮਣੇ ਆਏ ਹਨ, ਪਰ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਛਤੀਸਗੜ• ਸਰਕਾਰ ਨੇ 'ਸਲਵਾ ਜੁਦਮ' ਨਾਂ ਦੀ ਮੁਹਿੰਮ ਤਹਿਤ ਤਨਖਾਹਦਾਰ ਆਦਿਵਾਸੀ ਨਕਸਲੀਆਂ ਖਿਲਾਫ ਖੜ•ੇ ਕਰਕੇ ਸਿਵਲ ਵਾਰ ਦੇ ਹਾਲਾਤ ਪੈਦਾ ਕਰ ਦਿੱਤੇ ਹਨ। ਮੈਂ ਇਹਦੇ ਵਿਰੁੱਧ ਪੰਜਾਬ ਭਰ ਅੰਦਰ ਚੱਲਦੇ ਅੰਦੋਲਨ ਦੇ ਨਾਲ ਖੜ• ਹਾਂ। ਜਿਸ ਤਰ•ਾਂ ਦੇ ਹਾਲਤ ਚੱਲ ਰਹੇ ਹਨ, ਕਦੇ ਵੀ ਪੁਲਸ ਮੇਰੇ ਤੱਕ ਆ ਸਕਦੀ ਹੈ। ਉਹ ਗ੍ਰਿਫਤਾਰ ਨਾ ਵੀ ਕਰੇ, ਪੁੱਛ-ਪੜਤਾਲ ਤਾਂ ਕਰ ਸਕਦੀ ਹੈ। ਮੈਂ ਜਿਸਮਾਨੀ ਪੱਧਰ 'ਤੇ ਸੰਘਰਸ਼ ਦਾ ਸਾਥੀ ਨਹੀਂ ਹਾਂ। ਜੇ ਮੇਰੇ ਤਨ-ਬਦਨ ਵਿੱਚ ਪਹਿਲਾਂ ਵਰਗੀ ਤਾਕਤ ਹੁੰਦੀ ਜਾਂ ਘੱਟੋ-ਘੱਟ ਖੁਦ ਤੁਰਨ-ਫਿਰਨ ਲਾਇਕ ਬੁਢਾਪਾ ਵੀ ਹੁੰਦਾ, ਤਾਂ ਮੈਂ ਘਰ ਬੈਠ ਕੇ ਹਮਾਇਤ ਨਾ ਕਰਦਾ। ਮੈਂ ਕਮਜ਼ੋਰ ਤਨ ਲੈ ਕੇ ਵੀ ਲੜ ਰਹੇ ਲੋਕਾਂ ਦਾ ਝੰਡਾ ਉਠਾ ਲੈਂਦਾ। ਮੇਰੇ ਮਨ ਕੋਈ ਦੁਬਿੱਧਾ ਨਹੀਂ, ਕੋਈ ਡਰ ਨਹੀਂ। ਜੇ ਪੁਲਸ ਪੁੱਛ-ਪੜਤਾਲ ਲਈ ਆਏਗੀ, ਮੈਂ ਸਾਫ ਆਖਾਂਗਾ, ''ਮੈਂ ਨਕਸਲਬਾੜੀ ਕਮਿਊਨਿਸਟ ਹਾਂ, ਹਾਲਾਂ ਕਿ ਕਦੇ ਵੀ ਹਥਿਆਰ ਹੱਥ ਵਿੱਚ ਫੜ ਕੇ ਨਹੀਂ ਵੇਖਿਆ। ਹਾਂ, ਇਸ ਤਰ•ਾਂ ਦੇ ਝੂਠੇ ਮੁਕੱਦਮੇ ਭੁਗਤ ਚੁੱਕਾ ਹਾਂ।'') ........
(ਸੰਖੇਪ, ਸੁਚੇਤਕ 'ਚੋਂ ਧੰਨਵਾਦ ਸਹਿਤ)
ਅੰਤਿਮ ਵਿਦਾਇਗੀ ਸਮੇਂ, ਸ਼ਰਧਾਂਜਲੀ, ਸਲਾਮ, ਅਹਿਦ
''ਅਸੀਂ ਪੰਜਾਬ ਦੇ ਲੋਕਾਂ ਦੀ ਇਨਕਲਾਬੀ ਲਹਿਰ ਵੱਲੋਂ ਗੁਰਸ਼ਰਨ ਸਿੰਘ ਦੀ ਇਨਕਲਾਬੀ ਜੀਵਨ-ਘਾਲਣਾ ਨੂੰ ਆਪਣਾ ਸਲਾਮ ਭੇਟ ਕਰਦੇ ਹਾਂ।
ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਗੁਰਸ਼ਰਨ ਸਿੰਘ ਦੀ ਰਹਿਨੁਮਾਈ ਹੇਠ ਉੱਸਰੇ ਪੰਜਾਬ ਦੇ ਰੰਗਮੰਚ 'ਤੇ ਸਾਡੇ ਸੁਪਨਿਆਂ ਦੀ ਲੋਅ ਜਗਦੀ ਹੈ, ਸਾਡੇ ਵਿਰਸੇ ਦਾ ਸੂਰਜ ਚਮਕਦਾ ਹੈ, ਸਾਡੇ ਸੰਘਰਸ਼-ਨਗਾਰੇ ਦੀ ਧਮਕ ਗੂੰਜਦੀ ਹੈ, ਸਾਡੇ ਭਵਿੱਖ ਦਾ ਝੰਡਾ ਲਹਿਰਾਉਂਦਾ ਹੈ ਅਤੇ ਲਹਿਰਾਉਂਦਾ ਰਹੇਗਾ।
ਸਾਨੂੰ ਮਾਣ ਹੈ ਕਿ ਗੁਰਸ਼ਰਨ ਸਿੰਘ ਦੀ ਕਲਾ ਦੀ ਪ੍ਰੇਰਨਾ ਸਾਡੇ ਦਿਲਾਂ 'ਚ ਧੜਕਦੀ ਹੈ, ਸਾਡੇ ਮੱਥਿਆਂ 'ਚ ਜਗਦੀ ਹੈ, ਸਾਡੇ ਨੈਣਾਂ 'ਚ ਬਲਦੀ ਹੈ, ਤਣੇ ਹੋਏ ਮੁੱਕਿਆਂ 'ਚ ਲਹਿਰਾਉਂਦੀ ਹੈ ਅਤੇ ਲਹਿਰਾਉਂਦੀ ਰਹੇਗੀ।''.. ..
''ਸਾਨੂੰ ਮਾਣ ਹੈ ਕਿ ਸਾਡਾ ਗੁਰਸ਼ਰਨ ਸਿੰਘ, ਜਿੰਦਗੀ-ਭਰ ਸਾਡਾ ਹੋ ਕੇ ਜਿਉਂਇਆ ਹੈ। ਲਟ ਲਟ ਬਲਦੀ ਇਨਕਲਾਬੀ ਨਿਹਚਾ ਦੀ ਇਸ ਮੂਰਤ ਨੂੰ ਅਸੀਂ ਆਪਣੀਆਂ ਪਲਕਾਂ 'ਤੇ ਬਿਠਾ ਕੇ ਰੱਖਾਂਗੇ।
ਅਸੀਂ ਅਹਿਦ ਕਰਦੇ ਹਾਂ ਕਿ ਅਸੀਂ ਗੂੜ•ੀ ਲੋਅ ਨਾਲ ਚਮਕਦੇ ਲੋਕਾਂ ਦੀ ਲਹਿਰ ਦੇ ਇਸ ਸਿਤਾਰੇ ਦੀ ਘਾਲਣਾ ਨੂੰ ਕਦੇ ਵੀ ਨਹੀਂ ਭੁੱਲਾਂਗੇ। ਨਿਹਫਲ ਨਹੀਂ ਜਾਣ ਦਿਆਂਗੇ। ਲੋਕਾਂ ਦੀ ਲਹਿਰ ਅਤੇ ਲੋਕਾਂ ਦੀ ਕਲਾ ਦੇ ਰਿਸ਼ਤੇ ਨੂੰ ਹੋਰ ਗੂੜ•ਾ ਕਰਾਂਗੇ। ਲੋਕ-ਸੰਗਰਾਮਾਂ ਦਾ ਕਾਫ਼ਲਾ ਹੋਰ ਵੱਡਾ ਕਰਾਂਗੇ। ਇਸ ਨੂੰ ਨਵੇਂ ਸਮਾਜ ਦੀ ਮੰਜ਼ਲ ਤੱਕ ਲੈ ਕੇ ਜਾਵਾਂਗੇ।''
(28 ਸਤੰਬਰ ਨੂੰ ਚੰਡੀਗੜ• ਦੇ ਸੈਕਟਰ 25 'ਚ ਅੰਤਿਮ ਵਿਦਾਇਗੀ ਸਮੇਂ ਅਮੋਲਕ ਸਿੰਘ ਵੱਲੋਂ ਪੜਿ•ਆ ਗਿਆ ਅਤੇ ਸਮੁੱਚੇ ਇਕੱਠ ਵੱਲੋਂ ਦੁਹਰਾਇਆ ਗਿਆ।)
ਪੰਜਾਬ ਨੇ ਰਚਿਆ ਇਤਿਹਾਸ
-ਅਨੀਤਾ ਸ਼ਬਦੀਸ਼
11 ਜਨਵਰੀ 2006.
ਇਹ ਦਿਹੁ ਮੇਰੇ ਚੇਤੇ ਵਿਚ ਖੁਣਿਆ ਗਿਆ ਹੈ। ਸ਼ਾਇਦ ਉਹਨਾਂ ਸਾਰਿਆਂ ਦੇ ਚੇਤਿਆਂ ਵਿੱਚ ਵੀ ਰਹੇਗਾ, ਜਿਹਨਾਂ ਨੇ ਉਸ ਦਿਨ ਲੋਕਤਾ ਦੇ ਵਿਸ਼ਾਲ ਸਮੁੰਦਰ ਨੂੰ ਤੱਕਿਆ ਹੈ, ਜੋ ਗੁਰਸ਼ਰਨ ਭਾਅ ਜੀ ਦਾ ਸਨਮਾਨ ਕਰਨ ਲਈ ਮਾਲਵੇ ਦੇ ਪ੍ਰਸਿੱਧ ਪਿੰਡ ਕੁੱਸਾ ਵਿੱਚ ਪਹੁੰਚੇ ਸਨ। ਮੈਨੂੰ ਯਾਦ ਨਹੀਂ ਕਿ ਮੈਂ ਕਦੇ ਇਸ ਪਿੰਡ ਵਿੱਚ ਭਾਅ ਜੀ ਨਾਲ ਨਾਟਕ ਕੀਤਾ ਹੈ ਜਾਂ ਨਹੀਂ, ਪਰ ਇਸ ਇਲਾਕੇ ਵਿੱਚ ਅਨੇਕਾਂ ਵਾਰ ਸ਼ੋਅ ਕੀਤੇ ਹਨ। ਉਹਨਾਂ ਹੀ ਪਿੰਡਾਂ ਵਿੱਚੋਂ ਗੁਜ਼ਰਨਾ ਉਸ ਦਿਨ ਬਿਲਕੁੱਲ ਹੀ ਵੱਖੀ ਕਿਸਮ ਦੇ ਅਹਿਸਾਸ ਵਿੱਚੋਂ ਗੁਜ਼ਰਨਾ ਸੀ। ਪਹਿਲਾਂ ਜਦੋਂ ਜਾਂਦੇ ਸਾਂ ਤਾਂ ਗੱਡੀ ਵਿੱਚ ਹੀ ਸਕ੍ਰਿਪਟ ਯਾਦ ਕਰਨੀ ਜਾਂ ਕਿਸੇ ਵੀ ਨਾਟਕ ਦੀ ਇੱਕ ਵਾਰ ਰੀਡਿੰਗ ਕਰ ਲੈਣਾ ਜ਼ਰੂਰੀ ਹੁੰਦਾ ਸੀ। ਇਸ ਲਈ ਆਲੇ-ਦੁਆਲੇ ਵੱਲ ਕਦੇ ਧਿਆਨ ਹੀ ਨਹੀਂ ਸੀ ਜਾਂਦਾ। ਉਸ ਦਿਨ ਹਰ ਗੱਡੀ ਜਿਵੇਂ ਭਾਅ ਜੀ ਦੇ ਸਨਮਾਨ ਲਈ ਹੀ ਆਈ ਪ੍ਰਤੀ ਹੁੰਦੀ ਸੀ ਤੇ ਇਹ ਗੱਲ ਸੱਚ ਵੀ ਸੀ। ਸਮਾਗਮ ਵਾਲੀ ਜਗ•ਾ 'ਤੇ ਹਜ਼ਾਰਾਂ ਦਾ ਇੱਕਠ ਸੀ ਤੇ ਉਧਰ ਮੇਨ ਸਜ਼ਕ ਤੋਂ ਕੱਸਾ ਤੱਕ ਆਉਂਦੀ ਸੜਕ 'ਤੇ ਗੱਡੀਆਂ ਹੀ ਗੱਡੀਆਂ ਸਨ। ਪੈਦਲ ਲੋਕਾਂ ਦੀ ਭੀੜ ਵੱਖਰੀ। ਇਹ ਸਭ ਲੋਕ-ਪੱਖੀ ਨਾਟਕਕਾਰ ਤੇ ਰੰਗਰਮੀ ਦੇ ਸਨਮਾਨ ਲਈ ਆ ਰਹੇ ਸਨ। ਇਸ ਪੱਖੋਂ ਇਹ ਦਿਨ ਰੰਗਮੰਚ ਇਤਿਹਾਸ ਲਈ ਮਹਾਨ ਘਟਨਾ ਸੀ। ਇਸ ਨੂੰ ਸਮੁੱਚੇ ਸਾਹਿਤ ਦੇ ਇਤਿਹਾਸ ਲਈ ਵੀ ਮਹੱਤਵਪੂਰਨ ਮੰਨਿਆ ਜਾਣਾ ਚਾਹੀਦਾ ਹੈ, ਕਿਉਂਕਿ ਇਸ ਦਿਨ ਪਹਿਲੀ ਵਾਰ ਕਿਸੇ ਕਲਾਕਾਰ ਦਾ ਏਨੀ ਭਰਵੀਂ ਸ਼ਮੂਲੀਅਤ ਵਿੱਚ ਸਨਮਾਨ ਹੋ ਰਿਹਾ ਸੀ।
ਇਹ ਇਕੱਠ ਖੱਬੇਪੱਖੀ ਜਨਤਕ ਜਥੇਬੰਦੀਆਂ ਦਾ ਸੀ। ਫਿਰ ਵੀ ਇਸ ਵਿੱਚ ਲੇਖਕਾਂ/ਕਲਾਕਾਰਾਂ ਦੀ ਸ਼ਮੂਲੀਅਤ ਹੀ ਅਹਿਮ ਮੰਨੀ ਗਈ। ਜਨਤਕ ਨੇਤਾਵਾਂ ਨੇ ਅਵਾਮ ਨੂੰ ਇਕੱਠਿਆਂ ਕੀਤਾ ਤੇ ਉਸ ਦਾ ਹਿੱਸਾ ਹੋ ਗਏ। ਮੰਚ ਉੱਤੇ ਹਾਜ਼ਰ ਸਨ- ਸੰਤੋਖ ਸਿੰਘ ਧੀਰ, ਸੁਰਜੀਤ ਪਾਤਰ, ਵਰਿਆਮ ਸਿੰਘ ਸੰਧੂ,ਅਜਮੇਰ ਔਲਖ ਤੇ ਹੋਰ ਕਈ ਸਖਸ਼ੀਅਤਾਂ।
ਇਸ ਸਮਾਗਮ ਦੌਰਾਨ ਹਰ ਕਿਸੇ ਦੇ ਚਿਹਰੇ ਉੱਤੇ ਅਨੋਖਾ ਉਤਸ਼ਾਹ ਸੀ। ਆਮ ਲੋਕ ਜਿਹਨਾਂ ਦੀ ਸੂਝ ਬੂਝ ਬਾਰੇ ਅਕਸਰ ਘਟਾ ਕੇ ਸੋਚਿਆ ਜਾਂਦਾ ਹੈ, ਜਦੋਂ ਲੇਖਕਾਂ ਦੇ ਕਹੇ ਜਾਂਦੇ ਲਫਜ਼ਾਂ ਉੱਤੇ ਉਤਸ਼ਾਹ ਵਜੋਂ ਤਾੜੀਆਂ ਮਾਰ ਰਹੇ ਸਨ ਜਾਂ ਨਾਅਰੇ ਲਗਾ ਰਹੇ ਸਨ ਤਾਂ ਹੋਰ ਵੀ ਤਸੱਲੀ ਹੋ ਰਹੀ ਸੀ। ਇਹ ਭਾਅ ਜੀ ਦੀ ਸਖਸ਼ੀਅਤ ਦਾ ਜਲੌਅ ਵੀ ਸੀ ਤੇ ਉਹਨਾਂ ਵੱਲੋਂ ਖੇਡੇ ਗਏ ਨਾਟਕਾਂ ਦਾ ਅਸਰ ਵੀ ਸੀ ਕਿ ਆਮ ਲੋਕ ਲੇਖਕਾਂ-ਕਲਾਕਾਰਾਂ ਦੀ ਭਾਸ਼ਾ ਨੂੰ ਚੰਗੀ ਤਰ•ਾਂ ਸਮਝ ਰਹੇ ਸਨ। ਗੁਰਸ਼ਰਨ ਸਿੰਘ ਲੋਕਾਂ ਅੰਦਰ ਕਲਾ ਅਤੇ ਸਾਹਿਤ ਪ੍ਰਤੀ ਪੈਦਾ ਕੀਤੀ ਰੁਚੀ ਲਈ ਵੀ ਹਮੇਸ਼ਾਂ ਜਾਣੇ ਜਾਂਦੇ ਰਹਿਣਗੇ।
ਗੁਰਸ਼ਰਨ ਭਾਅ ਜੀ ਦੇ ਨਾਟਕਾਂ ਨੂੰ ਬਹੁਤ ਹੀ 'ਸਿਆਣੇ ਵਿਦਵਾਨ' ਨਾਅਰੇਬਾਜ਼ੀ ਆਖਦੇ ਸਨ ਤੇ ਉਹ ਖੁਦ ਵੀ ਆਪਣੇ ਨਾਟਕ ਵਿੱਚ ਨਾਅਰੇਬਾਜ਼ੀ ਨੂੰ ਪਸੰਦ ਕਰਦੇ ਹਨ। ਉਸ ਦਿਨ ਨਾਅਰੇਬਾਜ਼ੀ ਵਾਲੇ ਨਾਟਕ ਦੇਖਣ ਵਾਲੇ ਜਿੰਨੀ ਅਮਨ-ਸ਼ਾਂਤੀ ਨਾਲ ਲੇਖਕਾਂ-ਵਿਦਵਾਨਾਂ ਦੇ ਵਿਚਾਰ ਸੁਣ ਰਹੇ ਸਨ, ਉਸ ਤੋਂ ਜ਼ਾਹਰ ਹੋ ਰਿਹਾ ਸੀ ਕਿ ਲੋਕਾਂ ਲਈ ਆਪਣੀ ਜ਼ਿੰਦਗੀ ਨਾਲ ਜੁੜੇ ਸਿੱਧੇ ਸਾਦੇ ਨਾਟਕ ਕਿੰਨੇ ਜ਼ਰੂਰੀ ਹਨ। ਮੈਂ ਕਲਾਤਮਕ ਨਾਟਕਾਂ ਦਾ ਵਿਰੋਧ ਨਹੀਂ ਕਰਦੀ, ਸਗੋਂ ਲੋਕ-ਪੱਖੀ ਨਾਟਕ ਨੂੰ ਹੋਰ ਕਲਾਤਮਕ ਬਣਾਉਣ ਦੀ ਇੱਛਾ ਰੱਖਦੀ ਹਾਂ, ਪਰ ਕੁੱਸਾ ਦੀ ਧਰਤੀ 'ਤੇ ਭਾਅ ਜੀ ਦੇ ਸਨਮਾਨ ਵਾਲੇ ਦਿਨ ਇਹ ਵੀ ਮਹਿਸੂਸ ਹੋਇਆ ਕਿ ਅਜੇ ਸਾਡੇ ਆਮ ਲੋਕਾਂ ਨੂੰ ਕਿਸ ਕਿਸਮ ਦੇ ਨਾਟਕਾਂ ਦੀ ਲੋੜ ਹੈ? ਇਹ ਨਾਟਕ ਵਿਖਾ ਕੇ ਹੀ ਜਨਤਾ ਨੂੰ ਕਲਾ ਦੀ ਸਿਖਰ ਛੂੰਹਦੇ ਨਾਟਕਾਂ ਤੱਕ ਲਿਜਾਇਆ ਜਾ ਸਕਦਾ ਹੈ।
ਮੈਂ ਜਦੋਂ ਬਾਕੀ ਡਾਇਰੈਕਟਰਾਂ ਨਾਲ ਨਾਟਕ ਕੀਤੇ ਤਾਂ ਕਈ ਵਾਰ ਮੈਨੂੰ ਇਹ ਵੀ ਸੁਣਨਾ ਪੈਂਦਾ ਕਿ 'ਗੁਰਸ਼ਰਨ ਸਿੰਘ ਸਟਾਇਲ ਛੱਡ ਦੇ।' ਮੈਨੂੰ ਬਹੁਤ ਗੱਸਾ ਵੀ ਆਉਂਦਾ, ਪਰ ਇੱਕ ਕਲਾਕਾਰ ਵਜੋਂ ਮੈਂ ਆਪਣੇ ਆਪ ਨੂੰ ਉਹਨਾਂ ਮੁਤਾਬਕ ਢਾਲ ਲੈਂਦੀ। ਅੱਜ ਮੈਨੂੰ ਮਾਣ ਹੈ ਇਸ ਗੱਲ ਦਾ ਕਿ ਮੈਂ ਗੁਰਸ਼ਰਨ ਸਿੰਘ ਨਾਲ ਲੋਕ ਪੱਖੀ ਰੰਗਮੰਚ ਦੀ ਸ਼ੁਰੂਆਤ ਕੀਤੀ ਤੇ ਮੇਰੇ ਅੰਦਰ ਉਹ ਸਟਾਇਲ ਬਚਿਆ ਹੋਇਆ ਹੈ। ਉਸ ਦਿਨ ਦੇ ਸਮਾਗਮ ਤੋਂ ਬਾਅਦ ਤਾਂ ਮੈਨੂੰ ਮਹਿਸੁਸ ਹੋ ਰਿਹਾ ਹੈ ਕਿ ਜੇ ਲੋਕਾਂ ਲਈ ਨਾਟਕ ਕਰਨਾ ਹੈ ਤਾਂ ਗੁਰਸ਼ਰਨ ਸਿੰਘ ਦੀ ਸ਼ੈਲੀ ਨੂੰ ਬਚਾਉਣ ਦੀ ਬਹੁਤ ਲੋੜ ਹੈ। ਅਸਲ ਵਿੱਚ ਲੋਕਾਂ ਅਤੇ ਸਾਡੇ ਨਾਟਕਾਂ ਦੇ ਦਰਸ਼ਕਾਂ ਵਿਚਲੀ ਸਾਫ਼ ਸਾਫ਼ ਲਕੀਰ ਵੀ ਮੈਨੂੰ ਉਸ ਦਿਨ ਹੀ ਨਜ਼ਰ ਆਈ। ਕਾਸ਼! ਇਹ ਲੋਕ ਵੀ ਨਾਟਕ ਦੇ ਦਰਸ਼ਕ ਹੋ ਜਾਣ ਤੇ ਨਾਟਕ ਦਾ ਮਿਆਰ ਬਹੁਤ ਉੱਚਾ ਹੋ ਜਾਵੇ। ਜਦੋਂ ਇਹ ਕਲਪਨਾ ਸੱਚ ਹੋਵੇਗੀ, ਉਦੋਂ ਗੁਰਸ਼ਰਨ ਸਿੰਘ ਦੀ ਸ਼ੈਲੀ ਹੋਰ ਵੀ ਚੰਗੀ ਤਰ•ਾਂ ਸਮਝ ਆਵੇਗੀ। ਉਹਨਾਂ ਨੇ ਉਸ ਸਮੇਂ ਪਿੰਡਾਂ ਵਿੱਚ ਨਾਟਕ ਕਰਨਾ ਸ਼ੁਰੂ ਕੀਤਾ, ਜਦੋਂ ਪੇਂਡੂ ਬਾਬੇ ਨਾਟਕ ਨੂੰ 'ਕੰਜਰਖਾਨਾ' ਹੀ ਸਮਝਦੇ ਸਨ। ਉਸ ਦਿਨ ਦੇ ਇਕੱਠ ਵਿੱਚ ਅਨੇਕਾਂ ਬਜ਼ੁਰਗ ਸਨ। ਸਪੱਸ਼ਟ ਹੋ ਗਿਆ ਕਿ ਹੁਣ ਤਾਂ ਬਜ਼ੁਰਗ ਵੀ ਨਾਟਕ ਦਾ ਸਨਮਾਨ ਕਰਨ ਲਈ ਆ ਰਹੇ ਸਨ। ਇਹ ਗੁਰਸ਼ਰਨ ਸਿੰਘ ਦੀ ਪੰਜਾਬੀ ਨਾਟਕ ਨੂੰ ਦੇਣ ਹੈ। ਉਹਨਾਂ ਦੀ ਸ਼ੈਲੀ ਨੂੰ ਨਾਪਸੰਦ ਕਰਨ ਵਾਲੇ ਵੀ ਇਸ ਸੱਚ ਨੂੰ ਸਵੀਕਾਰ ਕਰ ਰਹੇ ਹਨ। ਇਹ ਨਾਟਕ ਵਾਲੇ ਬਾਬੇ ਦੇ ਲਗਾਤਾਰ ਬੋਲਣ ਦਾ ਹੀ ਅਸਰ ਹੈ।
ਮੈਨੂੰ ਯਾਦ ਆ ਰਿਹਾ ਹੈ ਕਿ ਜਦੋਂ ਭਾਅ ਜੀ ਨਾਲ ਨਾਟਕ ਕਰਨ ਇੱਕ ਪਿੰਡ ਵਿੱਚ ਗਈ ਤਾਂ ਇੱਕ ਬਜ਼ੁਰਗ ਔਰਤ ਨੇ ਮੈਨੂੰ ਪੁੱਛਿਆ, 'ਧੀਏ, ਤੂੰ ਇਕੱਲੀ ਆਈ ਐਂ'। ਮੈਂ ਕਿਹਾ, 'ਮੇਰੇ ਨਾਲ ਮੇਰੀ ਟੀਮ ਹੈ' ਪਰ ਉਹਨਾਂ ਮੈਨੂੰ ਫਿਰ ਉਹੀ ਸਵਾਲ ਕੀਤਾ। ਮੈਂ ਫਿਰ ਕਿਹਾ, 'ਮੇਰੇ ਨਾਲ ਭਾਅ ਜੀ ਵੀ ਹਨ।'
'ਘਰੋਂ ਤਾਂ ਇਕੱਲੀ ਆਈ ਹੈਂ ਨਾ?' ਉਸ ਨੇ ਫਿਰ ਆਖਿਆ ਸੀ।
11 ਜਨਵਰੀ ਵਾਲੇ ਸਮਾਗਮ ਵਿੱਚ ਔਰਤਾਂ ਦੀ ਵੀ ਭਰਵੀਂ ਹਾਜ਼ਰੀ ਸੀ। ਮੈਨੂੰ ਉਸ ਦਿਨ ਮਹਿਸੂਸ ਹੋਇਆ ਕਿ ਉਹ ਦਿਨ ਜ਼ਰੂਰ ਆਏਗਾ ਜਦੋਂ ਪਿੰਡਾਂ ਦੀਆਂ ਸਾਰੀਆਂ ਬਜ਼ੁਰਗ ਔਰਤਾਂ ਅਜਿਹਾ ਸਵਾਲ ਕਰਨ ਦੀ ਥਾਂ ਪਿਆਰ ਨਾਲ ਉਹਨਾਂ ਦਾ ਸਿਰ ਪਲੋਸਿਆ ਕਰਨਗੀਆਂ, ਜੋ ਕੁੜੀਆਂ ਨਾਟਕ ਕਰਦੀਆਂ ਹਨ। ਉਹ ਰੰਗਮੰਚ ਨੂੰ ਗੁਰਸ਼ਰਨ ਸਿੰਘ ਦੀ ਦੇਣ ਹੋਵੇਗੀ।
ਜਦੋਂ ਭਾਅ ਜੀ ਨੂੰ ਕਾਲੀਦਾਸ ਸਨਮਾਨ ਮਿਲਿਆ ਸੀ ਤਾਂ ਬਹੁਤ ਖੁਸ਼ੀ ਹੋਈ। ਇਹਦੇ ਨਾਲ ਹੀ ਮਨ ਵਿੱਚ ਇੱਕ ਸਵਾਲ ਵੀ ਆਇਆ ਸੀ ਕਿ ਅਸੀਂ ਕਲਾਕਾਰਾਂ ਨੇ ਉਹਨਾਂ ਲਈ ਕੁਝ ਵੀ ਨਹੀਂ ਕੀਤਾ, ਜਦੋਂ ਕਿ ਅਸੀਂ ਉਹਨਾਂ ਦੀ ਬਦੌਲਤ ਹੀ ਪ੍ਰਾਪਤੀਆਂ ਕਰ ਰਹੇ ਹਾਂ। ਇਸ ਵਿੱਚੋਂ ਹੀ ਸੁਚੇਤਕ ਰੰਗਮੰਚ (ਰਜਿ.) ਮੋਹਾਲੀ ਵੱਲੋਂ ਸਾਲਾਨਾ ਗੁਰਸ਼ਰਨ ਸਿੰਘ ਨਾਟ-ਉਤਸਵ ਸ਼ੁਰੂ ਹੋਇਆ। ਅਸੀਂ ਕੋਸ਼ਿਸ਼ ਕੀਤੀ ਕਿ ਗੁਰਸ਼ਰਨ ਸਿੰਘ ਨਾਲ ਜਿਹਨਾਂ ਵੀ ਕਲਾਕਾਰਾਂ ਨੇ ਕੰਮ ਕੀਤਾ, ਉਹਨਾਂ ਨੂੰ ਇੱਕ ਸਟੇਜ 'ਤੇ ਇਕੱਠਾ ਕੀਤਾ ਜਾ ਸਕੇ। ਅਸੀਂ ਕਾਫੀ ਹੱਦ ਤੱਕ ਕਾਮਯਾਬ ਰਹੇ। 255 ਕਲਾਕਾਰਾਂ ਨੇ ਜਤਿੰਦਰ ਬਰਾੜ ਜੀ ਦੀ ਅਗਵਾਈ ਵਿੱਚ ਗੁਰਸ਼ਰਨ ਭਾਅ ਜੀ ਦਾ ਸਨਮਾਨ ਕੀਤਾ। 'ਗੁਰਸ਼ਰਨ ਸਿੰਘ ਨਾਟ-ਉਤਸਵ' ਨੂੰ ਭਰਵਾਂ ਹੁੰਗਾਰਾ ਮਿਲਿਆ। ਸਾਡੇ ਮਨ ਵਿੱਚ ਭਾਰੀ ਉਤਸ਼ਾਹ ਸੀ ਤੇ ਅਸੀਂ ਇਹ ਫੈਸਲਾ ਕੀਤਾ ਕਿ ਦੂਜੇ ਨਾਟ ਉਤਸਵ 'ਤੇ ਟੈਗੋਰ ਥੀਏਟਰ ਵਿੱਚ ਭਾਅ ਜੀ ਦਾ ਸਨਮਾਨ ਉਹਨਾਂ ਪ੍ਰਤੀਨਿਧਾਂ ਵੱਲੋਂ ਕੀਤਾ ਜਾਵੇ ਜੋ ਪਿੰਡਾਂ ਵਿੱਚ ਨਾਟਕ ਕਰਵਾਉਂਦੇ ਹਨ। ਸਾਡੇ ਸਮਾਗਮ ਦੀ ਤਿਆਰੀ ਤੋਂ ਪਹਿਲਾਂ ਹੀ ਕੁੱਸਾ ਵਾਲੇ ਜਨਤਕ ਸਮਾਰੋਹ ਦਾ ਐਲਾਨ ਹੋ ਚੁੱਕਿਆ ਸੀ। ਇਹ ਪ੍ਰਤੀਨਿਧਾਂ ਤੋਂ ਵੀ ਅੱਗੇ ਜਾ ਕੇ ਆਮ ਲੋਕਾਂ ਵੱਲੋਂ ਸਨਮਾਨ ਸੀ, ਜਿਸਦਾ ਅਸੀਂ ਵੀ ਇੱਕ ਹਿੱਸਾ ਸਾਂ। ਮੈਨੂੰ ਨਹੀਂ ਪਤਾ ਕਿ ਪੰਜਾਬ ਦੀਆਂ ਸਾਹਿਤਕ-ਸਭਿਆਚਾਰਕ ਪ੍ਰਾਪਤੀਆਂ ਨੂੰ ਸੰਸਾਰ ਭਰ ਵਿੱਚ ਕਿਵੇਂ ਲਿਆ ਜਾਂਦਾ ਹੈ, ਪਰ ਗੁਰਸ਼ਰਨ ਸਿੰਘ ਵਰਗੇ ਮਹਾਨ ਕਲਾਕਾਰ ਦਾ ਜਨਤਕ ਸਨਮਾਨ ਕਰਕੇ ਪੰਜਾਬ ਸੰਸਾਰ ਇਤਿਹਾਸ 'ਚ ਆਪਣਾ ਨਾਮ ਦਰਜ ਕਰਵਾ ਗਿਆ ਹੈ। ਇਸ ਸਮਾਗਮ ਦੀ ਸਮੁੱਚੀ ਸਨਮਾਨ ਕਮੇਟੀ ਵਧਾਈ ਦੀ ਹੱਕਦਾਰ ਹੈ, ਜਿਸ ਨੇ ਲੋਕ ਕਲਾ ਦਾ ਸਨਮਾਨ ਕੀਤਾ ਹੈ। ਇਹ 'ਲੋਕ ਕਲਾ ਜ਼ਿੰਦਾਬਾਦ' ਨਾਅਰੇ ਦਾ ਅਮਲੀ ਪ੍ਰਗਟਾਵਾ ਹੈ। ਸ਼ਾਲਾ! ਇਸ ਤਰ•ਾਂ ਦੇ ਲੋਕ ਕਲਾਕਾਰ ਪੰਜਾਬ ਦੀ ਧਰਤੀ ਨੂੰ ਮਿਲਦੇ ਰਹਿਣ ਤੇ ਉਹਨਾਂ ਨੂੰ ਇਸੇ ਤਰ•ਾਂ ਲੋਕਾਂ ਦਾ ਪਿਆਰ ਮਿਲਦਾ ਰਹੇ।
ਗੁਰਸ਼ਰਨ ਸਿੰਘ ਦੀ ਇਨਕਲਾਬੀ ਜੀਵਨ-ਘਾਲਣਾ ਦਾ ਮਹੱਤਵ
—ਜਸਪਾਲ ਜੱਸੀ
(ਇਹ ਲਿਖਤ ਜਨਵਰੀ 2006 'ਚ ਹੋਏ ਗੁਰਸ਼ਰਨ ਸਿੰਘ ਇਨਕਲਾਬੀ ਨਿਹਚਾ ਸਨਮਾਨ ਸਮਾਰੋਹ ਦੇ ਪ੍ਰਸੰਗ 'ਚ ਸਨਮਾਨ ਸਮਾਰੋਹ ਕਮੇਟੀ ਵੱਲੋਂ ਜਾਰੀ ਕੀਤੀ ਗਈ ਸੀ।)
ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਵੱਲੋਂ ਉੱਘੀ ਅਤੇ ਹਰਮਨਪਿਆਰੀ ਬਜ਼ੁਰਗ ਇਨਕਲਾਬੀ ਸਖਸ਼ੀਅਤ, ਸ਼੍ਰੀ ਗੁਰਸ਼ਰਨ ਸਿੰਘ ਦੀ ਇਨਕਲਾਬੀ ਜੀਵਨ ਘਾਲਣਾ ਨੂੰ ਸਲਾਮ ਕਰਨ ਲਈ ਇੱਕ ਵਿਸ਼ੇਸ਼ ਜਨਤਕ ਹੰਭਲਾ ਜੁਟਾਇਆ ਜਾ ਰਿਹਾ ਹੈ। 11 ਜਨਵਰੀ ਨੂੰ, ਸਵੇਰੇ 11 ਵਜੇ ਪੰਜਬ ਦੇ ਵੱਖ ਵੱਖ ਕੋਨਿਆਂ 'ਚੋਂ ਹਜ਼ਾਰਾਂ ਮਜ਼ਦੂਰ, ਕਿਸਾਨ, ਮੁਲਾਜ਼ਮ, ਵਿਦਿਆਰਥੀ, ਨੌਜੁਆਨ, ਔਰਤਾਂ, ਕਲਾਕਾਰ, ਜਮਹੂਰੀ ਹੱਕਾਂ ਦੇ ਕਾਰਕੁੰਨ ਅਤੇ ਬੁੱਧੀਜੀਵੀ ਮੋਗਾ ਨੇੜੇ ਪਿੰਡ ਕੁੱਸਾ ਵਿੱਚ ਇਕੱਤਰ ਹੋਣਗੇ ਅਤੇ ਸ੍ਰੀ ਗੁਰਸ਼ਰਨ ਸਿੰਘ ਨੂੰ ''ਇਨਕਲਾਬੀ ਨਿਹਚਾ ਸਨਮਾਨ'' ਨਾਲ ਸਤਿਕਾਰਨਗੇ। ਇਸ ਮਕਸਦ ਲਈ ਇਨਕਲਾਬੀ ਜਮਹੂਰੀ ਲਹਿਰ ਦੇ ਵੱਖ ਵੱਖ ਖੇਤਰਾਂ ਨਾਲ ਸਬੰਧਤ ਉੱਭਰਵੀਆਂ ਸਖਸ਼ੀਅਤਾਂ 'ਤੇ ਅਧਾਰਤ ''ਸ਼੍ਰੀ ਗੁਰਸ਼ਰਨ ਸਿੰਘ ਇਨਕਲਾਬੀ ਸਨਮਾਨ ਸਮਾਰੋਹ ਕਮੇਟੀ'' ਬਣਾਈ ਗਈ ਹੈ। ਇਸ ਕਮੇਟੀ ਵਿੱਚ ਜਸਪਾਲ ਜੱਸੀ (ਕਨਵੀਨਰ), ਅਮੋਲਕ ਸਿੰਘ, ਝੰਡਾ ਸਿੰਘ ਜੇਠੂਕੇ, ਗੁਰਦਿਆਲ ਸਿੰਘ ਭੰਗਲ, ਜ਼ੋਰਾ ਸਿੰਘ ਨਸਰਾਲੀ, ਯਸ਼ਪਾਲ, ਡਾ. ਪਰਮਿੰਦਰ ਸਿੰਘ, ਅਤਰਜੀਤ, ਦਰਸ਼ਨ ਸਿੰਘ ਕੂਹਲੀ, ਹਰਜਿੰਦਰ ਸਿੰਘ, ਪੁਸ਼ਪ ਲਤਾ ਅਤੇ ਪਵੇਲ ਕੁੱਸਾ ਸ਼ਾਮਲ ਹਨ। 11 ਜਨਵਰੀ ਨੂੰ ਹੋ ਰਿਹਾ ਇਨਕਲਾਬੀ ਸਨਮਾਨ ਸਮਾਰੋਹ ਇੱਕ ਲੰਮੀ ''ਸਲਾਮ ਅਤੇ ਸਨਮਾਨ ਜਨਤਕ ਮੁਹਿੰਮ'' ਦਾ ਸਿਖਰ ਹੋਵੇਗਾ। ਇਹ ਮੁਹਿੰਮ ਪੰਜਾਬ ਦੇ ਵੱਖ ਵੱਖ ਭਾਗਾਂ ਵਿੱਚ ਮੀਟਿੰਗਾਂ, ਰੈਲੀਆਂ, ਜਨ-ਇਕਤੱਰਤਾਵਾਂ ਅਤੇ ਜਨ-ਸੰਪਰਕ ਮੁਹਿੰਮਾਂ ਦੀ ਸ਼ਕਲ ਵਿੱਚ ਚਲਾਈ ਜਾ ਰਹੀ ਹੈ। ਭਾਰੀ ਗਿਣਤੀ ਵਿੱਚ ਇਸ਼ਤਿਹਾਰ, ਹੱਥ-ਪਰਚੇ ਅਤੇ ਪੈਂਫਲਟ ਜਾਰੀ ਕੀਤੇ ਜਾ ਰਹੇ ਹਨ ਤਾਂ ਜੋ ਸ੍ਰੀ ਗੁਰਸ਼ਰਨ ਸਿੰਘ ਦੀ ਇਨਕਲਾਬੀ ਜੀਵਨ ਘਾਲਣਾ ਅਤੇ ਰੋਲ ਦਾ ਮਹੱਤਵ ਲੋਕਾਂ ਵਿੱਚ ਡੂੰਘੀ ਤਰ•ਾਂ ਉਜਾਗਰ ਕੀਤਾ ਜਾਵੇ। 11 ਜਨਵਰੀ ਨੂੰ ਹੋਣ ਵਾਲੀ ਹਜ਼ਾਰਾਂ ਲੋਕਾਂ ਦੀ ਇਕੱਤਰਤਾ ਲੋਕ ਲਹਿਰ ਦੇ ਉਹਨਾਂ ਵਿਸ਼ਾਲ ਹਿੱਸਿਆਂ ਦੀਆਂ ਭਾਵਨਾਵਾਂ ਅਤੇ ਸਰੋਕਾਰਾਂ ਦੀ ਪ੍ਰਤੀਕ ਅਤੇ ਤਰਜਮਾਨ ਹੋਵੇਗੀ, ਜਿਹੜੇ ਸ਼੍ਰੀ ਗੁਰਸ਼ਰਨ ਸਿੰਘ ਦੇ ਰੋਲ ਨੂੰ ਇਨਕਲਾਬੀ ਪ੍ਰੇਰਨਾ ਅਤੇ ਉਤਸ਼ਾਹ ਦੇ ਸਰੋਤ ਵਜੋਂ ਉਚਿਆਉਂਦੇ ਅਤੇ ਬੁਲੰਦ ਕਰਦੇ ਹਨ।
ਸ਼੍ਰੀ ਗੁਰਸ਼ਰਨ ਸਿੰਘ ਦੇ ਇਸ ਇਨਕਲਾਬੀ ਸਨਮਾਨ ਸਮਾਰੋਹ ਦਾ ਕਈ ਪੱਖਾਂ ਤੋਂ ਵਿਸ਼ੇਸ਼ ਮਹੱਤਵ ਹੈ। ਸ਼੍ਰੀ ਗੁਰਸ਼ਰਨ ਸਿੰਘ ਨੂੰ ਨਾ ਸਿਰਫ ਪੰਜਾਬ ਅੰਦਰ ''ਇਨਕਲਾਬੀ ਨਾਟਕ ਲਹਿਰ ਦੇ ਸ਼੍ਰੋਮਣੀ ਉਸਰੱਈਏ ਅਤੇ ਇਸਦੀ ਮਾਣ-ਮੱਤੀ ਕਲਗੀ'' ਵਜੋਂ ਸਤਿਕਾਰਿਆ ਜਾ ਰਿਹਾ ਹੈ, ਸਗੋਂ ਇਸ ਨਾਲੋਂ ਵੀ ਵੱਧ ਇੱਕ ਨਿਹਚਾਵਾਨ ਇਨਕਲਾਬੀ ਸਮਾਜਿਕ ਸੰਗਰਾਮੀਏ— ਵਜੋਂ ਸਨਮਾਨ ਦਿੱਤਾ ਜਾ ਰਿਹਾ ਹੈ। ਸਨਮਾਨ ਸਮਾਰੋਹ ਕਮੇਟੀ ਵੱਲੋਂ ਜਾਰੀ ਕੀਤੇ ਗਏ ਇਸ਼ਤਿਹਾਰ ਦੀ ਸਿਖਰਲੀ ਪੱਟੀ ਵਿੱਚ ਇਸ ਸਨਮਾਨ ਸਮਾਰੋਹ ਦੇ ਇਨਕਲਾਬੀ ਜਮਾਤੀ ਤੱਤ ਵੱਲ ਸਪਸ਼ਟ ਸੰਕੇਤ ਕੀਤਾ ਗਿਆ ਹੈ, ''ਜੋਕਾਂ ਆਪਣੇ ਝੋਲੀ ਚੁੱਕਾਂ ਨੂੰ ਵਡਿਆਉਂਦੀਆਂ ਹਨ, ਲੋਕ ਆਪਣੇ ਸੰਗਰਾਮੀਆਂ ਨੂੰ ਸਤਿਕਾਰਦੇ ਹਨ।'' ਇਉਂ ਇਹ ਸਨਮਾਨ ਸਮਾਰੋਹ ਇਨਕਲਾਬੀ ਲੋਕਾਂ ਦੇ ਕੈਂਪ ਦੀ ਤਰਫੋਂ ਕੀਤਾ ਜਾ ਰਿਹਾ ਹੈ ਅਤੇ ਲੋਕ ਦੁਸ਼ਮਣ ਜਮਾਤੀ ਸਿਆਸੀ ਸ਼ਕਤੀਆਂ ਨਾਲੋਂ ਨਿਖੇੜੇ ਦੀ ਲਕੀਰ ਖਿੱਚ ਕੇ ਕੀਤਾ ਜਾ ਰਿਹਾ ਹੈ। ਸਨਮਾਨ ਸਮਾਰੋਹ ਕਮੇਟੀ ਸੁਚੇਤ ਹੈ ਕਿ ਜਿੱਥੋਂ ਤੱਕ ਮਿਹਨਤਕਸ਼ ਅਤੇ ਦੱਬੇ ਕੁਚਲੇ ਲੋਕਾਂ ਦੀ ਸਮੁੱਚੀ ਇਨਕਲਾਬੀ ਧਿਰ ਦਾ ਸਵਾਲ ਹੈ, ਸ਼੍ਰੀ ਗੁਰਸ਼ਰਨ ਸਿੰਘ ਇੱਕ ਸਰਬ-ਸਾਂਝੀ ਇਨਕਲਾਬੀ ਸਖਸ਼ੀਅਤ ਹਨ। ਪਰ ਜਿੱਥੋਂ ਤੱਕ ਲੋਕ ਦੁਸ਼ਮਣ ਸ਼ਕਤੀਆਂ ਅਤੇ ਲੋਕਾਂ ਦੀ ਧਿਰ ਦੇ ਆਪਸੀ ਰਿਸ਼ਤੇ ਦਾ ਸਵਾਲ ਹੈ, ਸ੍ਰੀ ਗੁਰਸ਼ਰਨ ਸਿੰਘ ਇੱਕ ਸਰਬ ਸਾਂਝੀ ਸਖਸ਼ੀਅਤ ਨਹੀਂ ਹਨ, ਕਿਉਂਕਿ ਉਹਨਾਂ ਨੇ ਆਪਣੇ ਹੱਥਾਂ ਵਿੱਚ ਲੋਕ-ਇਨਕਲਾਬ ਅਤੇ ਸਮਾਜਵਾਦੀ ਆਦਰਸ਼ਾਂ ਦਾ ਝੰਡਾ ਚੁੱਕਿਆ ਹੋਇਆ ਹੈ। ਇਹਨਾਂ ਆਦਰਸ਼ਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਲੁਟੇਰੀਆਂ ਅਤੇ ਪਿਛਾਂਹਖਿੱਚੂ ਹਾਕਮ ਜਮਾਤਾਂ ਖਿਲਾਫ ਇਨਕਲਾਬੀ ਜਮਾਤੀ ਘੋਲ ਦਾ ਝੰਡਾ ਚੁੱਕਿਆ ਹੋਇਆ ਹੈ। ਇਹ ਆਦਰਸ਼ ਅਤੇ ਇਹਨਾਂ ਲਈ ਸੰਗਰਾਮ ਹੀ ਸ਼੍ਰੀ ਗੁਰਸ਼ਰਨ ਸਿੰਘ ਦੀ ਸਮਾਜਿਕ ਜੀਵਨ ਸਰਗਰਮੀ ਦੀ ਪ੍ਰੇਰਨਾ ਹੈ।
ਸ਼੍ਰੀ ਗੁਰਸ਼ਰਨ ਸਿੰਘ ਦੇ ਨਾਟਕ ''ਧਮਕ ਨਗਾਰੇ ਦੀ'' ਦੇ ਨਾਇਕ ਦੀ ਇੱਕ ਟਿੱਪਣੀ ਇਸ ਪੱਖੋਂ ਮਹੱਤਵਪੂਰਨ ਹੈ। ਇਹ ਨਾਇਕ ਜਗੀਰੂ ਸੱਤਾ ਦੇ ਚਿੰਨ• ਬਾਦਸ਼ਾਹ ਨੂੰ ਸੰਬੋਧਤ ਹੋ ਕੇ ਕਹਿੰਦਾ ਹੈ ਕਿ ''ਤੇਰਾ ਵਸੇਬਾ ਹੀ ਸਾਡਾ ਉਜਾੜਾ ਹੈ।'' ਜ਼ਾਲਮ ਅਤੇ ਮਜ਼ਲੂਮ ਜਮਾਤਾਂ ਦੇ ਅਜਿਹੇ ਸਮਝੌਤਾ ਰਹਿਤ ਟਕਰਾ ਦੀ ਅਸਲੀਅਤ-ਮੁਖੀ ਧਾਰਨਾ ਸ਼੍ਰੀ ਗੁਰਸ਼ਰਨ ਸਿੰਘ ਦੀ ਜੀਵਨ ਸਰਗਰਮੀ ਵਿੱਚ ਵਸੀ ਹੋਈ ਹੈ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਆਪਣੇ ਅਜਿਹੇ ਇਨਕਲਾਬੀ ਜਮਾਤੀ ਤੱਤ ਕਰਕੇ ਸ਼੍ਰੀ ਗੁਰਸ਼ਰਨ ਸਿੰਘ ਦੀ ਸਰਗਰਮੀ ਜਿਥੇ ਲੋਕ ਸ਼ਕਤੀਆਂ ਦੀ ਅਥਾਹ ਪ੍ਰਸ਼ੰਸਾ ਅਤੇ ਸਤਿਕਾਰ ਹਾਸਲ ਕਰਦੀ ਰਹੀ ਹੈ, ਉਥੇ ਲੋਕ ਦੁਸ਼ਮਣ ਤਾਕਤਾਂ ਨੂੰ ਇਸਦੀ ਤਿੱਖੀ ਰੜਕ ਮਹਿਸੂਸ ਹੁੰਦੀ ਰਹੀ ਹੈ। ਇਹ ਸਰਗਰਮੀ ਰਾਜ ਸੱਤਾ ਅਤੇ ਫਿਰਕੂ ਫਾਸ਼ੀ ਤਾਕਤਾਂ ਦੇ ਗੁੱਸੇ ਅਤੇ ਬੰਦਸ਼ਾਂ ਦਾ ਨਿਸ਼ਾਨਾ ਬਣਦੀ ਰਹੀ ਹੈ। ਐਮਰਜੈਂਸੀ ਦੌਰਾਨ ਸ੍ਰੀ ਗੁਰਸ਼ਰਨ ਸਿੰਘ ਨੂੰ ਜੇਲ• ਦੀਆਂ ਸ਼ੀਖਾਂ ਪਿੱਛੇ ਡੱਕਿਆ ਗਿਆ ਅਤੇ ਫਿਰਕੂ ਫਾਸ਼ੀ ਦਹਿਸ਼ਤਗਰਦੀ ਦੀ ਚੜ•ਤ ਦੇ ਦੌਰ ਵਿੱਚ ਉਹਨਾਂ ਨੂੰ ਪਰਿਵਾਰਕ ਜੀਵਨ ਵਿੱਚ ਗੰਭੀਰ ਉਖੇੜੇ ਦਾ ਸਾਹਮਣਾ ਕਰਨਾ ਪਿਆ। ਸ਼੍ਰੀ ਗੁਰਸ਼ਰਨ ਸਿੰਘ ਨੇ ਖਤਰਿਆਂ, ਮੁਸ਼ਕਲਾਂ ਅਤੇ ਖੱਜਲਖੁਆਰੀ ਦੇ ਇਹ ਦੌਰ ਉੱਚੇ ਇਨਕਲਾਬੀ ਮਨੋਬਲ ਨਾਲ ਪਾਰ ਕੀਤੇ ਹਨ।
ਕੁਦਰਤੀ ਹੀ, ਲੋਕਾਂ ਦੇ ਇਨਕਲਾਬੀ ਜਮਾਤੀ ਹਿੱਤਾਂ ਦੀ ਝੰਡਾਬਰਦਾਰ ਅਜਿਹੀ ਸਖਸ਼ੀਅਤ ਨੂੰ ਸਲਾਮ ਕਰਨ ਲਈ ਹੋ ਰਿਹਾ ਇਹ ਸਮਾਰੋਹ ਹਾਕਮ ਜਮਾਤੀ ਅਤੇ ਰਵਾਇਤੀ ਸਨਮਾਨ ਸਮਾਰੋਹਾਂ ਨਾਲ ਟਕਰਾਵੇਂ ਲੱਛਣਾਂ ਵਾਲੀ ਮੁਕਾਬਲੇ ਦੀ ਸਰਗਰਮੀ ਹੀ ਹੋ ਸਕਦਾ ਹੈ। ਇਹ ਹਾਕਮ ਜਮਾਤਾਂ ਦੀ ਖਿੜਕੀ ਵਿੱਚ ਸਾਹ ਵਰੋਲਦੇ ਕਿਸੇ ਡਾਲੋਂ ਟੁੱਟੇ ਮੁਰਝਾਉਂਦੇ ਫੁੱਲ ਦਾ ਕਸੀਦਾ ਨਹੀਂ ਹੈ। ਲੋਕ ਲਹਿਰ ਦੀ ਬਗੀਚੀ ਵਿੱਚ ਜਾਹੋ-ਜਲਾਲ ਨਾਲ ਟਹਿਕਦੇ ਸੂਹੇ ਫੁੱਲ ਦਾ ਸਤਿਕਾਰ ਹੈ।
ਕਲਾ ਅਤੇ ਸਭਿਆਚਾਰ ਦੇ ਖੇਤਰ ਵਿੱਚ ਵਿਚਰਦਿਆਂ ਸ਼੍ਰੀ ਗੁਰਸ਼ਰਨ ਸਿੰਘ ਹਮੇਸ਼ਾ ਕਲਾ ਨੂੰ ਮਿਹਨਤਕਸ਼ ਅਤੇ ਦੱਬੇ ਕੁਚਲੇ ਲੋਕਾਂ ਦੀ ਮੁਕਤੀ ਦੇ ਇਨਕਲਾਬੀ ਹਥਿਆਰ ਵਜੋਂ ਲੈ ਕੇ ਚੱਲੇ ਹਨ। ਉਹ ਲੋਕਾਂ ਦੇ ਹਿੱਤਾਂ ਪ੍ਰਤੀ ਵਫਾਦਾਰ ਪ੍ਰਤੀਬੱਧ ਇਨਕਲਾਬੀ ਨਾਟਕ ਲਹਿਰ ਦੇ ਉਸਰੱਈਏ ਹਨ। ਲੋਕਾਂ ਦੀ ਚੇਤਨਾ ਨੂੰ ਇਨਕਲਾਬੀ ਜਾਗ ਲਾਉਣ ਅਤੇ ਹਲੂਣਾ ਦੇਣ ਵਿੱਚ ਆਪਣੇ ਰੋਲ ਸਦਕਾ, ਇਹ ਨਾਟਕ ਲਹਿਰ ਇਨਕਲਾਬੀ ਜਮਾਤੀ ਸਿਆਸੀ ਲਹਿਰ ਦੀ ਪੂਰਕ ਬਣੀ ਆ ਰਹੀ ਹੈ। ਜਮਾਤੀ ਸੰਘਰਸ਼ਾਂ ਰਾਹੀਂ ਹਾਸਲ ਹੋ ਰਹੀ ਸੋਝੀ ਦੇ ਅਸਰਾਂ ਨੂੰ ਗੂੜ•ੇ ਅਤੇ ਪੱਕੇ ਕਰਨ ਵਿੱਚ ਇਸਦਾ ਅਹਿਮ ਰੋਲ ਹੈ। ਕਈ ਨਾਜ਼ੁਕ ਅਤੇ ਅਹਿਮ ਮੋੜਾਂ 'ਤੇ ਇਹ ਨਾਟਕ ਲਹਿਰ ਵਿਸ਼ੇਸ਼ ਅਤੇ ਮਹੱਤਵਪੂਰਨ ਰੋਲ ਅਖਤਿਆਰ ਕਰ ਲੈਂਦੀ ਰਹੀ ਹੈ। ਐਮਰਜੈਂਸੀ ਦੇ ਕਾਲੇ ਦੌਰ ਵਿੱਚ, ਇਸ ਨਾਟਕ ਲਹਿਰ ਨੇ ਔਖੀਆਂ ਹਾਲਤਾਂ ਵਿੱਚ ਇਨਕਲਾਬੀ ਜਨਤਕ ਸਰਗਰਮੀ ਜਾਰੀ ਰੱਖਣ ਅਤੇ ਭੇਸ ਬਦਲਵੀਆਂ ਸੰਕੇਤਕ ਸ਼ਕਲਾਂ ਵਿੱਚ ਜਮਹੂਰੀ ਹੱਕਾਂ ਦੀ ਰਾਖੀ ਦਾ ਅਤੇ ਇਨਕਲਾਬੀ ਸੰਦੇਸ਼ ਉਭਾਰਨ ਵਿੱਚ ਸਹਾਇਤਾ ਕੀਤੀ। ਫਿਰਕੂ ਫਾਸ਼ੀ ਦਹਿਸ਼ਤਗਰਦੀ ਅਤੇ ਹਕੂਮਤੀ ਦਹਿਸ਼ਤਗਰਦੀ ਦੇ ਜੁੜਵੇਂ ਹੱਲੇ ਦੇ ਕਾਲੇ ਦੌਰ ਵਿੱਚ, ਸ਼੍ਰੀ ਗੁਰਸ਼ਰਨ ਸਿੰਘ ਦੀ ਸਰਪ੍ਰਸਤੀ ਹੇਠ ਇਨਕਲਾਬੀ ਨਾਟਕ ਲਹਿਰ ਦੀ ਪ੍ਰਭਾਵਸ਼ਾਲੀ ਹੋਂਦ ਸਦਕਾ, ਸਭਿਆਚਾਰਕ ਮੋਰਚਾ ਪਿਛਾਖੜੀ ਦਹਿਸ਼ਤਗਰਦੀ ਖਿਲਾਫ ਨਾਬਰੀ ਅਤੇ ਇਸਨੂੰ ਐਲਾਨੀਆ ਸਿਆਸੀ ਚੁਣੌਤੀ ਦੇ ਵਿਸ਼ੇਸ਼ ਖੇਤਰ ਵਜੋਂ ਉੱਭਰਿਆ। ਇਨਕਲਾਬੀ ਅਤੇ ਲੋਕ ਪੱਖੀ ਕਲਾ ਸਿਰਜਣਾ ਬਦਲੇ, ਫਿਰਕੂ ਫਾਸ਼ੀ ਦਹਿਸ਼ਤਗਰਦਾਂÎ ਦੀਆਂ ਗੋਲੀਆਂ ਦਾ ਨਿਸ਼ਾਨਾ ਬਣਨ ਵਾਲੀਆਂ ਸਖਸ਼ੀਅਤਾਂ ਨੂੰ ਇਸ ਮੋਰਚੇ ਤੋਂ ਸਿਰਫ ਸ਼ੋਕ ਸ਼ਰਧਾਂਜਲੀਆਂ ਹੀ ਭੇਟ ਨਹੀਂ ਕੀਤੀਆਂ ਜਾਂਦੀਆਂ ਰਹੀਆਂ, ਸਗੋਂ ਲੋਕਾਂ ਦੀ ਇਨਕਲਾਬੀ ਅਤੇ ਹੱਕੀ ਵਿਰੋਧ ਲਹਿਰ ਦੇ ਜੁਝਾਰ ਸੰਗਰਾਮੀ ਸ਼ਹੀਦਾਂ ਵਜੋਂ ਉਚਿਆਇਆ ਜਾਂਦਾ ਰਿਹਾ ਹੈ।
ਸ਼੍ਰੀ ਗੁਰਸ਼ਰਨ ਸਿੰਘ ਦੀ ਸਰਪਰਸਤੀ ਹੇਠਲੀ ਲੋਕ-ਮੁਖੀ ਨਾਟਕ ਲਹਿਰ ਦੀ ਸਭਿਆਚਾਰਕ ਦੇਣ ਵੱਡਮੁੱਲੀ ਹੈ। ਇਸ ਨੇ ਜਨ-ਸਾਧਾਰਨ ਦੀ ਮਾਨਸਿਕ ਤ੍ਰਿਪਤੀ ਦੀ ਰਵਾਇਤੀ ਲਛਮਣ ਰੇਖਾ ਨੂੰ ਤੋੜਦਿਆਂ, ਅਧੁਨਿਕ ਮਿਆਰੀ ਅਤੇ ਗੰਭੀਰ ਨਾਟਕ ਨੂੰ (ਵਿਸ਼ੇਸ਼ ਕਰਕੇ ਪੇਂਡੂ ਜਨਤਾ 'ਚ) ਮਕਬੂਲ ਬਣਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਹੈ। ਸ਼੍ਰੀ ਗੁਰਸ਼ਰਨ ਸਿੰਘ ਦੀ ਪ੍ਰਤਿਭਾ ਦੀ ਛੋਹ ਨਾਲ ਹੀ ਕਮਿਊਨਿਸਟ ਲਹਿਰ ਨਾਲ ਜੁੜੀ ਓਪੇਰਾ ਮੁਖੀ ਸਾਧਾਰਨ ਅਤੇ ਰਵਾਇਤੀ ਨਾਟਕ ਸਰਗਰਮੀ ਨੂੰ ਨਵੀਂ ਕਰਵਟ ਮਿਲੀ ਸੀ। ਇਸਨੇ ਕਲਾ ਮਿਆਰਾਂ ਪੱਖੋਂ ਵੀ ਅਤੇ ਤੱਤ ਪੱਖੋਂ ਵੀ ਸਿਫਤੀ ਛੜੱਪਾ ਮਾਰਿਆ ਸੀ ਅਤੇ ਇਹ ਪੰਜਾਬ ਅੰਦਰ ਬੇਹਤਰੀਨ ਅਤੇ ਮਕਬੂਲ ਨਾਟਕ ਕਲਾ ਨਮੂਨਿਆਂ ਨੂੰ ਪ੍ਰਗਟਾਉਣ ਦਾ ਸਾਧਨ ਬਣਨ ਲੱਗੀ ਸੀ। ਉਹਨਾਂ ਦੇ ਯਤਨਾਂ ਸਦਕਾ ਹੀ ਇਨਕਲਾਬੀ ਜਮਾਤਾਂ ਦੀ ਕਲਾ ਦੇ ਸੰਸਾਰ ਪ੍ਰਸਿੱਧ ਨਮੂਨੇ ਪੰਜਾਬ ਦੇ ਇਨਕਲਾਬੀ ਰੰਗ ਮੰਚ ਦਾ ਸ਼ਿੰਗਾਰ ਬਣਨਾ ਸ਼ੁਰੂ ਹੋਏ। ਇਹ ਕ੍ਰਿਸ਼ਮਾ ਸੀਮਤ ਸਾਧਨਾਂ ਆਸਰੇ ਕੀਤਾ ਗਿਆ ਸੀ। ਲਗਨ, ਘਾਲਣਾ, ਲੋਕ-ਹਿੱਤਾਂ ਨਾਲ ਵਫਾਦਾਰੀ ਅਤੇ ਸਮਰਪਣ ਦੀ ਭਾਵਨਾ ਆਸਰੇ ਕੀਤਾ ਗਿਆ। ਇਸ ਵਿਸ਼ਵਾਸ਼ ਆਸਰੇ ਕੀਤਾ ਗਿਆ ਕਿ ਇਨਕਲਾਬੀ ਜਾਗਰਿਤੀ ਦੇ ਨਾਲ ਨਾਲ ਨਰੋਏ ਸੁਹਜ-ਸੁਆਦ ਦੀਆਂ ਚਿਣਗਾਂ ਵੀ ਜਨ-ਸਾਧਾਰਨ ਦੀ ਅਣਸਰਦੀ ਲੋੜ ਹਨ। ਅਸਰਦਾਰ, ਇਨਕਲਾਬੀ ਸੰਦੇਸ਼ ਇਸ ਨਾਟਕ ਸਰਗਰਮੀ ਦਾ ਧੁਰਾ ਅਤੇ ਇਸਦੀ ਸਾਰਥਿਕਤਾ ਦਾ ਬੁਨਿਆਦੀ ਪੈਮਾਨਾ ਰਿਹਾ ਹੈ। ਇਸ ਦੀ ਸ਼ੈਲੀ ਅਤੇ ਸ਼ਕਲਾਂ ਮੁੱਖ ਤੌਰ 'ਤੇ ਜਨ-ਸਾਧਾਰਨ ਨਾਲ ਅਸਰਦਾਰ ਇਨਕਲਾਬੀ ਸੰਵਾਦ ਰਚਾਉਣ ਦੀਆਂ ਲੋੜਾਂ ਅਤੇ ਲੋਕਾਂ ਦੀ ਲਹਿਰ ਦੇ ਵਿੱਤ ਅਤੇ ਵਸੀਲਿਆਂ ਦੇ ਪੈਮਾਨੇ ਅਨੁਸਾਰ ਨਿਰਧਾਰਤ ਹੁੰਦੀਆਂ ਰਹੀਆਂ ਹਨ। ਇਨਕਲਾਬੀ ਕਲਾ ਦੇ ਖੇਤਰ ਵਿੱਚ ਇਉਂ ਪੈਰ ਗੱਡ ਕੇ ਖੜ•ਨਾ ਹਰ ਕਿਸੇ ਦੇ ਵਸ ਦਾ ਰੋਗ ਨਹੀਂ ਸੀ। ਅਜਿਹਾ ਲੋਕਾਂ ਦੇ ਹਿੱਤਾਂ ਨਾਲ ਪ੍ਰਤੀਬੱਧਤਾ ਦੇ ਸਿਰ 'ਤੇ ਹੀ ਸੰਭਵ ਹੈ। ਇਸ ਸਪਸ਼ਟ ਸੋਝੀ ਆਸਰੇ ਹੀ ਸੰਭਵ ਹੈ ਕਿ ਆਪਣੇ ਪ੍ਰਗਟਾਵੇ ਲਈ ਦੁਸ਼ਮਣ ਜਮਾਤੀ ਵਸੀਲਿਆਂ ਦੀ ਮੁਥਾਜ ਅਤੇ ਕੈਦੀ ਹੋਈ ਇਨਕਲਾਬੀ ਕਲਾ ਪ੍ਰਤਿਭਾ ਅਖੀਰ ਨੂੰ ਆਪਣੀ ਪ੍ਰੇਰਨਾ ਦੇ ਅਸਲ ਸਰੋਤ ਅਤੇ ਪ੍ਰਗਟਾਵੇ ਦੇ ਅਸਲ ਖੇਤਰ ਨਾਲੋਂ ਵਿਜੋਗੇ ਜਾਣ, ਆਪਣੀ ਆਭਾ ਗੁਆ ਲੈਣ ਅਤੇ ਨਿਰਜਿੰਦ ਹੋ ਜਾਣ ਲਈ ਸਰਾਪੀ ਜਾਂਦੀ ਹੈ।
ਇਨਕਲਾਬੀ, ਅਗਾਂਹਵਧੂ ਅਤੇ ਵਿਗਿਆਨਕ ਸੱਭਿਆਚਾਰਕ ਕਦਰਾਂ-ਕੀਮਤਾਂ ਦੇ ਸੰਚਾਰ ਅਤੇ ਸਥਾਪਤੀ ਲਈ ਜੱਦੋਜਹਿਦ ਸ਼੍ਰੀ ਗੁਰਸ਼ਰਨ ਸਿੰਘ ਦੀ ਜੁਝਾਰ ਕਲਾ ਸਰਗਰਮੀ ਦਾ ਅਨਿੱਖੜਵਾਂ ਅੰਗ ਰਹੀ ਹੈ। ਵੇਲਾ ਵਿਹਾਅ ਚੁੱਕੀਆਂ ਅਤੇ ਇਨਕਲਾਬੀ ਜਮਾਤੀ ਸੰਗਰਾਮਾਂ ਦੇ ਰਾਹ ਦਾ ਅੜਿੱਕਾ ਬਣਨ ਵਾਲੀਆਂ ਪਿਛਾਂਹਖਿੱਚੂ ਕਦਰਾਂ-ਕੀਮਤਾਂ ਅਤੇ ਸਮਾਜਿਕ ਸੰਸਥਾਵਾਂ ਸ਼੍ਰੀ ਗੁਰਸ਼ਰਨ ਸਿੰਘ ਦੀ ਕਲਾ ਸਰਗਰਮੀ ਦੇ ਬੇਕਿਰਕ ਹਮਲੇ ਦਾ ਨਿਸ਼ਾਨਾ ਹਨ। ਪਿਤਾ-ਪੁਰਖੀ ਜਗੀਰੂ ਅਤੇ ਔਰਤ ਵਿਰੋਧੀ ਪਰਿਵਾਰ ਪ੍ਰਬੰਧ, ਧਰਮ, ਸਿਆਸਤ ਅਤੇ ਰਾਜਸੱਤਾ ਦਾ ਗੱਠਜੋੜ, ਜਾਤਪਾਤੀ ਸਮਾਜਿਕ ਸੰਸਥਾ ਅਤੇ ਅੰਨ•ਾ ਕੌਮ ਹੰਕਾਰ ਉਹਨਾਂ ਦੀ ਕਲਾ ਦੇ ਵਿਅੰਗ ਦੀ ਤਿੱਖੀ ਵਾਛੜ ਹੇਠ ਰਹਿੰਦੇ ਹਨ। ਉਹਨਾਂ ਨੇ ਹਮੇਸ਼ਾਂ ਕਿਰਤ ਅਤੇ ਕਿਰਤੀ ਲੋਕਾਂ ਦੇ ਸਮੂਹਿਕ ਸਵੈ-ਮਾਨ ਦੀ ਭਾਵਨਾ ਅਤੇ ਕਿਰਤ ਦੀ ਸਰਦਾਰੀ ਦੀ ਤਾਂਘ ਨੂੰ ਸਮਾਜਿਕ ਮਨੁੱਖੀ ਤਰੱਕੀ ਦੀ ਸੁਭਾਵਿਕ ਲੋੜ ਵਜੋਂ ਉਚਿਆਇਆ ਹੈ।
ਇਸ ਤੋਂ ਇਲਾਵਾ ਉਹਨਾਂ ਨੇ ਇਨਕਲਾਬੀ ਚੇਤਨਾ ਉੱਦਮ ਜੁਟਾਈ ਦੀਆਂ ਕਿੰਨੀਆਂ ਹੀ ਵੰਨਗੀਆਂ ਦੇ ਸਰਪਰਸਤ, ਸੰਸਥਾਪਕ ਜਾਂ ਸੰਚਾਲਕ ਦਾ ਰੋਲ ਨਿਭਾਇਆ ਹੈ। ਇਨਕਲਾਬੀ ਸਾਹਿਤ ਪੱਤਰਕਾਰੀ, ਇਨਕਲਾਬੀ ਪੁਸਤਕ ਪ੍ਰਕਾਸ਼ਨ, ਇਨਕਲਾਬੀ ਗੀਤ ਸੰਗੀਤ ਕੈਸਟ ਲੜੀਆਂ, ਇਨਕਲਾਬੀ ਨਾਟਕ ਵਰਕਸ਼ਾਪਾਂ ਅਤੇ ਮੇਲਿਆਂ ਦੀ ਲਹਿਰ ਉਸਾਰਨ ਵਿੱਚ ਉਹਨਾਂ ਦੀ ਭੂਮਿਕਾ ਕਿਸੇ ਟਿੱਪਣੀ ਦੀ ਮੁਥਾਜ ਨਹੀਂ ਹੈ। ਇਨਕਲਾਬੀ ਸਾਹਿਤਕ ਸਿਆਸੀ ਚਰਚਾ ਅਤੇ ਬਹਿਸ-ਵਿਚਾਰ ਲਈ ਉਹਨਾਂ ਵੱਲੋਂ ਪਰਚਿਆਂ ਰਾਹੀਂ ਮੁਹੱਈਆ ਕੀਤੇ ਜਾਂਦੇ ਪਲੇਟਫਾਰਮਾਂ ਦਾ ਇਨਕਲਾਬੀ ਲਹਿਰ ਦੇ ਸਰੋਕਾਰਾਂ ਨੂੰ ਉਭਾਰਨ ਵਿੱਚ ਅਹਿਮ ਰੋਲ ਰਹਿੰਦਾ ਰਿਹਾ ਹੈ।
ਸ਼੍ਰੀ ਗੁਰਸ਼ਰਨ ਸਿੰਘ ਦਾ ਇਨਕਲਾਬੀ ਯੋਗਦਾਨ ਸਿਰਫ ਸਮਾਜਿਕ ਸਰਗਰਮੀ ਦੇ ਸਭਿਆਚਾਰਕ ਖੇਤਰ ਤੱਕ ਹੀ ਸੀਮਤ ਨਹੀਂ ਹੈ। ਸਿਆਸੀ ਖੇਤਰ ਦੇ ਸੰਗਰਾਮੀਏ ਵਜੋਂ ਪੰਜਾਬ ਦੀ ਇਨਕਲਾਬੀ ਲਹਿਰ ਅੰਦਰ ਉਹਨਾਂ ਦੀ ਅਹਿਮ ਭੂਮਿਕਾ ਹੈ। ਹਾਕਮ ਜਮਾਤਾਂ ਖਿਲਾਫ ਸਿਆਸੀ ਭੇੜ ਦੇ ਚੁਣੌਤੀ ਭਰੇ ਦੌਰਾਂ ਵਿੱਚ ਉਹ ਸਰਗਰਮ ਅਤੇ ਅਹਿਮ ਭੂਮਿਕਾ ਨਿਭਾਉਣ ਲਈ ਦ੍ਰਿੜ•ਤਾ ਨਾਲ ਮੈਦਾਨ ਵਿੱਚ ਨਿੱਤਰਦੇ ਰਹੇ ਹਨ। ਸੱਤਰਵਿਆਂ ਦੇ ਸ਼ੁਰੂ ਵਿੱਚ ਕਮਿਊਨਿਸਟ ਇਨਕਲਾਬੀ ਲਹਿਰ ਅਤੇ ਇਨਕਲਾਬੀ ਸਭਿਆਚਾਰਕ ਸਰਗਰਮੀਆਂ ਖਿਲਾਫ ਰਾਜਸੱਤਾ ਦੇ ਕਸਾਈ ਜਾਬਰ ਹੱਲੇ ਸਮੇਂ ਵੀ, ਐਮਰਜੈਂਸੀ ਦੇ ਕਾਲੇ ਦੌਰ ਵਿੱਚ ਵੀ, ਫਿਰਕੂ ਫਾਸ਼ੀ ਦਹਿਸ਼ਤਗਰਦੀ ਵੱਲੋਂ ਸੇਵੇਵਾਲਾ ਕਾਂਡ ਵਰਗੀਆਂ ਖੂਨੀ ਚੁਣੌਤੀਆਂ ਸਮੇਂ ਵੀ ਅਤੇ ਕਮਿਊਨਿਸਟ ਇਨਕਲਾਬੀ ਲਹਿਰ ਦੇ ਸ਼ਹੀਦਾਂ ਦੀ ਵਿਰਾਸਤ ਅਤੇ ਸਿਆਸਤ ਨੂੰ ਬੁਲੰਦ ਕਰਨ ਦੇ ਹੰਭਲਿਆਂ ਸਮੇਂ ਵੀ ਉਹਨਾਂ ਨੇ ਇਨਕਲਾਬੀ ਲਹਿਰ ਦੀਆਂ ਠੋਸ ਮੰਗਾਂ ਦਾ ਦਲੇਰਾਨਾ ਅਤੇ ਸਰਗਰਮ ਹੁੰਗਾਰਾ ਭਰਿਆ ਹੈ।
ਸ਼੍ਰੀ ਗੁਰਸ਼ਰਨ ਸਿੰਘ ਬਹੁਤ ਲੰਮੇ ਅਰਸੇ ਤੋਂ ਲੋਕਾਂ ਦੀ ਇਨਕਲਾਬੀ ਲਹਿਰ ਦੇ ਵਿਹੜੇ 'ਚ ਵਿਚਰਦੇ ਆ ਰਹੇ ਹਨ। 1944 ਵਿੱਚ ਜਦੋਂ ਉਹਨਾਂ ਨੇ ਭਾਰਤੀ ਕਮਿਊਨਿਸਟ ਪਾਰਟੀ ਦੇ ਮੈਂਬਰ ਬਣ ਕੇ ਇਸ ਲਹਿਰ ਦੇ ਵਿਹੜੇ ਪੈਰ ਧਰਿਆ ਉਹ ਉਸ ਸਮੇਂ 15 ਵਰਿ•ਆਂ ਦੇ ਸਨ। ਇਨਕਲਾਬੀ ਜਜ਼ਬਿਆਂ ਭਰੀ ਇਹ ਅੱਲੜ•-ਵਰੇਸ, ਲੋਹੇ ਵਰਗੀ ਜੁਆਨੀ ਹੰਢਾ ਕੇ, ਹੁਣ ਸਫੈਦ ਚਾਂਦੀ ਵਿੱਚ ਵਟ ਚੁੱਕੀ ਹੈ। ਇਹਨਾਂ ਫੈਲੇ ਹੋਏ ਦਹਾਕਿਆਂ ਵਿੱਚ ਮਿਹਨਤਕਸ਼ ਅਤੇ ਦੱਬੇ ਕੁਚਲੇ ਲੋਕਾਂ ਦੀ ਇਨਕਲਾਬੀ ਲਹਿਰ, ਅਨੇਕਾਂ ਸੰਕਟਾਂ, ਉਤਰਾਵਾਂ-ਚੜ•ਾਵਾਂ, ਖਤਰਿਆਂ ਅਤੇ ਪਛਾੜਾਂ ਦੇ ਦੌਰਾਂ 'ਚੋਂ ਗੁਜ਼ਰੀ ਹੈ। ਇਸ ਨੂੰ ਭਾਰੀ ਕੁਰਬਾਨੀਆਂ ਨਾਲ ਹਾਸਲ ਹੋਈਆਂ ਵੱਡੀਆਂ ਇਨਕਲਾਬੀ ਪ੍ਰਾਪਤੀਆਂ ਦੇ ਖੁੱਸ ਜਾਣ ਦੇ ਸਦਮੇ ਹੰਢਾਉਣੇ ਪਏ ਹਨ। ਇਸ ਹਾਲਤ ਨੇ ਹਰ ਕਿਸੇ ਦੇ ਇਨਕਲਾਬੀ ਇਰਾਦੇ ਅਤੇ ਨਿਹਚਾ ਦੀ ਪਰਖ ਕੀਤੀ ਹੈ। ਇਨਕਲਾਬੀ ਅਤੇ ਸਮਾਜਵਾਦੀ ਆਦਰਸ਼ਾਂ ਵਿੱਚ ਬਹੁਤ ਸਾਰਿਆਂ ਦਾ ਵਿਸ਼ਵਾਸ਼ ਤਿੜਕਿਆ ਅਤੇ ਮਧੋਲਿਆ ਗਿਆ ਹੈ। ਕਈਆਂ ਲਈ ਇਹ ਹਾਲਤ ਇਨਕਲਾਬੀ ਆਦਰਸ਼ਾਂ ਤੋਂ ਮੁਖ ਮੋੜ ਲੈਣ, ਇਨਕਲਾਬੀ ਸਰਗਰਮੀ ਤੋਂ ਕਿਨਾਰਾਕਸ਼ੀ ਕਰ ਜਾਣ ਅਤੇ ਇਥੋਂ ਤੱਕ ਕਿ ਇਨਕਲਾਬੀ ਵਿਚਾਰਧਾਰਾ ਅਤੇ ਸਿਆਸਤ ਦਾ ਚੋਲਾ ਲਾਹ ਕੇ ਹਾਕਮ ਜਮਾਤੀ ਵਿਚਾਰਧਾਰਾ ਅਤੇ ਸਿਆਸਤ ਦਾ ਚੋਲਾ ਪਹਿਨ ਲੈਣ ਦੀ ਵਜਾਹ ਜਾਂ ਬਹਾਨਾ ਬਣੀ ਹੈ। ਪਰ ਸ਼੍ਰੀ ਗੁਰਸ਼ਰਨ ਸਿੰਘ ਦੀ ਇਨਕਲਾਬੀ ਨਿਹਚਾ ਇਹਨਾਂ ਸਮਿਆਂ ਵਿੱਚ ਸਦਾ ਜਗਮਗਾਉਂਦੀ ਅਤੇ ਲਟ ਲਟ ਬਲਦੀ ਰਹੀ ਹੈ। ਹੁਣ ਵੀ ਢਲਦੀ ਜਾ ਰਹੀ ਉਮਰ ਦੇ ਬਾਵਜੂਦ ਉਹ ਇਨਕਲਾਬੀ ਚੜ•ਦੀ ਕਲਾ ਦਾ ਨਮੂਨਾ ਬਣ ਕੇ ਵਿਚਰ ਰਹੇ ਹਨ ਅਤੇ ਇਨਕਲਾਬੀ ਜਾਗਰਿਤੀ, ਪ੍ਰੇਰਨਾ ਅਤੇ ਉਤਸ਼ਾਹ ਦਾ ਭਖਦਾ ਸਰੋਤ ਬਣੇ ਹੋਏ ਹਨ।
ਰੂਸੀ ਕਮਿਊਨਿਸਟ ਸੰਗਰਾਮੀਏ ਅਤੇ ''ਸੂਰਮੇ ਦੀ ਸਿਰਜਣਾ'' (‘’How the Steel was Tempered’’) ਦੇ ਲੇਖਕ ਨਿਕੋਲਾਈ ਆਸਤਰੋਵਸਕੀ ਨੇ ਆਪਣੇ ਮੁੱਖ ਪਾਤਰ ਰਾਹੀਂ ਮਨੁੱਖੀ ਜੀਵਨ ਦੇ ਮਨੋਰਥ ਬਾਰੇ ਟਿੱਪਣੀ ਕੀਤੀ ਹੈ ''ਮਨੁੱਖ ਦੀ ਸਭ ਤੋਂ ਪਿਆਰੀ ਜਾਇਦਾਦ ਉਹਦਾ ਜੀਵਨ ਹੈ, ਜਿਹੜਾ ਉਸ ਨੂੰ ਕੇਵਲ ਇੱਕ ਵਾਰ ਮਿਲਦਾ ਹੈ। ਅਤੇ ਬੰਦਾ ਜੀਵੇ! ਜ਼ਰੂਰ ਜੀਵੇ! ਇਸ ਅੰਦਾਜ਼ ਨਾਲ ਜੀਵੇ ਕਿ ਦਿਲ ਜਿੰਦਗੀ ਦੇ ਫਜੂਲ ਗੁਆਏ ਸਾਲਾਂ ਕਾਰਨ ਵਿੰਨ•ਵੇਂ ਪਛਤਾਵੇ ਵਿੱਚ ਨਾ ਤੜਫੇ, ਕਿ ਨਿੱਕੇ ਨਿਗੂਣੇ ਬੀਤੇ ਦੀ ਲੂੰਹਦੀ ਸ਼ਰਮਿੰਦਗੀ ਕਦੇ ਵੀ ਬੰਦੇ ਦੇ ਨੇੜੇ ਨਾ ਫਟਕੇ। ਮਨੁੱਖ ਇਉਂ ਜੀਵੇ ਕਿ ਅੰਤ ਸਮੇਂ ਕਹਿ ਸਕੇ, ''ਮੈਂ ਆਪਣਾ ਸਾਰਾ ਜੀਵਨ, ਆਪਣੀ ਸਾਰੀ ਤਾਕਤ, ਦੁਨੀਆਂ ਦੇ ਸਭ ਤੋਂ ਉੱਤਮ ਕਾਜ ਦੇ ਲੇਖੇ ਲਾਈ ਹੈ, ਮਨੁੱਖਤਾ ਦੀ ਆਜ਼ਾਦੀ ਲਈ ਸੰਗਰਾਮ ਦੇ ਲੇਖੇ ਲਾਈ ਹੈ।''
ਬਿਨਾ ਸ਼ੱਕ ਸ਼੍ਰੀ ਗੁਰਸ਼ਰਨ ਸਿੰਘ ਨੇ ਆਪਣਾ ਸਾਰਾ ਜੀਵਨ ਅਤੇ ਸਾਰੀ ਸ਼ਕਤੀ ਮਨੁੱਖਤਾ ਦੀ ਆਜ਼ਾਦੀ ਲਈ ਸੰਗਰਾਮ ਦੇ ਇਸ ਸਰਬ-ਉੱਤਮ ਕਾਜ ਦੇ ਲੇਖੇ ਲਾਏ ਹਨ। ਇਸ ਅਮਲ ਦੌਰਾਨ ਉਹ ਇੱਕ ਸੰਸਥਾ-ਨੁਮਾ ਬਹੁ-ਪੱਖੀ ਇਨਕਲਾਬੀ ਸਖਸ਼ੀਅਤ ਬਣ ਕੇ ਉੱਭਰੇ ਅਤੇ ਸਥਾਪਤ ਹੋਏ ਹਨ। ਇਨਕਲਾਬੀ ਸਭਿਆਚਾਰਕ ਲਹਿਰ ਸਮੇਤ, ਪੰਜਾਬ ਦੀ ਇਨਕਲਾਬੀ ਲਹਿਰ ਦੀਆਂ ਕਈ ਨਰੋਈਆਂ ਹਾਂ-ਪੱਖੀ ਸਿਫਤਾਂ ਸ਼੍ਰੀ ਗੁਰਸ਼ਰਨ ਸਿੰਘ ਦੀ ਸਖਸ਼ੀਅਤ ਰਾਹੀਂ ਝਲਕਦੀਆਂ ਅਤੇ ਰੂਪਮਾਨ ਹੁੰਦੀਆਂ ਹਨ। ਇਨਕਲਾਬੀ ਕਾਜ਼ ਅਤੇ ਇਸ ਖਾਤਰ ਅਵਾਮੀ ਜੰਗ ਦੀ ਅਟੱਲ ਜਿੱਤ ਵਿੱਚ ਅਥਾਹ ਯਕੀਨ 'ਚੋਂ ਉਪਜੀ ''ਇਨਕਲਾਬੀ ਨਿਹਚਾ'' ਇਹਨਾਂ ਸਿਫਤਾਂ ਵਿੱਚ ਸਭ ਤੋਂ ਉਪਰ ਹੈ। ਸ਼੍ਰੀ ਗੁਰਸ਼ਰਨ ਸਿੰਘ ਨੂੰ ''ਇਨਕਲਾਬੀ ਨਿਹਚਾ ਸਨਮਾਨ'' ਨਾਲ ਸਤਿਕਾਰ ਕੇ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਆਪਣੇ ਹੀ ਨਰੋਏ ਇਨਕਲਾਬੀ ਤੰਤ ਅਤੇ ਸ਼ਕਤੀ ਨੂੰ ਸਨਮਾਨਤ ਕਰ ਰਹੀ ਹੈ।
No comments:
Post a Comment