ਸਦਾ ਨਾ ਰਹਿੰਦੀ ਰਾਤ
ਰਾਤ ਹਨੇਰੀ ਮੁੱਕਣੀ
ਮੁੱਕਣ ਲੱਗੀ ਤਾਂਘ
ਹੋਣੀ ਅੱਜ ਮਨੁੱਖ ਦੀ
ਚੜ੍ਹਦੇ ਸੂਰਜ ਵਾਂਗ
ਮੁੱਕਣ ਲੱਗੀ ਤਾਂਘ
ਹੋਣੀ ਅੱਜ ਮਨੁੱਖ ਦੀ
ਚੜ੍ਹਦੇ ਸੂਰਜ ਵਾਂਗ
ਪੈਲੀਆਂ
ਸਿਲ੍ਹੀਆਂ ਸਿਲ੍ਹੀਆਂ ਧਰਤੀਆਂ, ਪਿੰਡੋਂ ਬਾਹਰਵਾਰ।ਹਾਲੀਆਂ ਨੇ ਹਲ ਜੋੜ ਲਏ, ਲੀਕਣ ਲਗੇ ਸਿਆੜ।
ਦਾਣਾ ਦਾਣਾ ਕੇਰਿਆ, ਲੈ ਕੇ ਰੱਬ ਦਾ ਨਾਂ।
ਫੁੱਟਣ ਤੂਈਆਂ ਮੋਤੀਆ, ਨਜ਼ਰੀਂ ਪੈਣ ਮਸਾਂ।
ਤੂਈਆਂ ਵਧ ਕੇ ਹੋ ਗਈਆਂ ਉਂਗਲ ਦੋ ਦੋ ਚਾਰ
ਹਰੀਆਂ ਝਲਕਾਂ ਪੈਂਦੀਆਂ ਫਿਰ ਗਈ ਜਿਵੇਂ ਬਹਾਰ।
ਕਣੀਆਂ ਵਰ੍ਹੀਆਂ ਅੰਬਰੋਂ, ਸੂਰਜ ਡੋਲ੍ਹੀ ਧੁੱਪ।
ਸੰਝਾਂ ਵਾਰਨ ਲਾਲੀਆਂ, ਰਾਤਾਂ ਨ੍ਹੇਰੇ ਘੁੱਪ।
ਚੰਨੇ ਦਿੱਤੀ ਚਾਨਣੀ ਤਾਰਿਆਂ ਦਿੱਤੀ ਲੋਅ।
ਮੋਤੀ ਦਿੱਤੇ ਤ੍ਰੇਲ ਨੇ, ਲੂੰ ਲੂੰ ਵਿਚ ਪਰੋ।
ਪਹੁ-ਫੁਟਾਲੇ ਦੁਧੀਆ ਧੋਵਣ ਆਕੇ ਮੁੱਖ।
ਸੋਨ-ਸਵੇਰਾਂ ਸੁੱਚੀਆਂ ਪੁੱਛਣ ਆ ਕੇ ਦੁੱਖ।
ਸੀਤ ਫਰਾਟੇ ਪੌਣ ਦੇ ਝੱਲਾਂ ਦੇਂਦੇ ਆਣ।
ਗੋਡੇ ਗੋਡੇ ਪੈਲੀਆਂ ਝੂਮ ਹਿਲੋਰੇ ਖਾਣ।
ਗੋਡੇ ਗੋਡੇ ਪੈਲੀਆਂ, ਹੋਰ ਨਿਸਾਰੇ ਲੈਣ।
ਲੱਕਾਂ ਨੂੰ ਜਦ ਛੁੰਹਦੀਆਂ ਬੂਰ ਤਦੋਂ ਆ ਪੈਣ।
ਪੱਕਣ ਦੀ ਰੁਤ ਆ ਗਈ, ਲੈਂਦੀ ਨਿੱਘੇ ਸਾਹ।
ਰੰਗ ਵਟਾਇਆ ਪੈਲੀਆਂ, ਪੀਲੀ ਪੀਲੀ ਭਾਹ।
ਤੁਰੀਆਂ ਦੇ ਵਿਚ ਭਰ ਗਏ ਦਾਣੇ ਮੋਤੀਆਂ ਵਾਂਗ।
ਦਿਲਾਂ ਦਿਲਾਂ 'ਚੋਂ ਲੰਘ ਗਈ ਖੁਸ਼ੀਆਂ ਦੀ ਇੱਕ ਕਾਂਗ।
ਖੜਕਣ ਸਿੱਟੇ ਝੂਲਦੇ ਪੌਣ-ਹਿਲੋਰਾਂ ਨਾਲ।
ਟਸਰੀ ਟਸਰੀ ਪੈਲੀਆਂ ਪਕ ਪਕ ਹੋਈਆਂ ਲਾਲ।
ਭਰੀਆਂ ਭਰੀਆਂ ਪੈਲੀਆਂ ਲੱਕੋਂ ਮੁਚ ਮੁਚ ਪੈਣ।
ਸਾਗਰ ਠਾਠਾਂ ਮਾਰਦੇ ਹੋ ਹੋ ਕੇ ਬੇ-ਚੈਨ।
ਸੁਣ ਕੁੱਕੜ ਦੀ ਬਾਂਗ ਨੂੰ ਜਾਗ ਪਏ ਕਿਰਸਾਨ।
ਹੱਥੀ ਦੰਦਲ-ਦਾਤੀਆਂ, ਖੇਤਾਂ ਦੇ ਵਲ ਜਾਣ।
ਚਿੜੀ ਚੂਕਦੀ ਟਾਹਣੀਏਂ, ਨੈਣਾਂ ਵਿਚ ਖ਼ਮਾਰ।
ਸਾਂ ਸਾਂ ਕਰਦੀ ਸਿਰਾਂ ਤੋਂ ਉਡ ਜਾਂਦੀ ਕੋਈ ਡਾਰ।
ਰਾਹਾਂ ਦੇ ਵਿਚ ਫੁੱਟਿਆ ਸੁੱਚਾ ਸੁੱਚਾ ਨੂਰ।
ਪੈਰਾਂ ਦੇ ਵਿਚ ਉਡਦੀ ਨਿੱਕੀ ਨਿੱਕੀ ਧੂੜ।
ਖੇਤੀਂ ਪਈਆਂ ਦਾਤੀਆਂ ਪਹੁ-ਫੁੱਟਣ ਦੇ ਨਾਲ।
ਵੱਢਾਂ ਦੇ ਵਿਚ ਵਿਛ ਗਈ ਸੱਥਰੀਆਂ ਦੀ ਪਾਲ।
ਸੋਨ-ਸੁਨਹਿਰੀ ਕਰਚਿਆਂ ਦੇ ਵੱਢਾਂ ਵਿਚਕਾਰ।
ਫਲ੍ਹਿਆਂ ਥੱਲੇ ਟੁੱਟਦੇ ਨਵੀਂ ਫਸਲ ਦੇ ਭਾਰ।
ਉੱਲਰ ਪਈਆਂ ਤ੍ਰਾਂਗਲਾਂ, ਨ੍ਹਿਮੀ ਪੂਰੇ ਦੀ ਵਾ।
ਪੱਛਮ ਦੇ ਵਲ ਰੁਮਕਿਆ ਖਲਵਾੜੇ ਦਾ ਸਾਹ।
ਪੰਗ ਸੁਨਹਿਰੀ ਉੱਡਦੇ ਝੱਲੇ ਹੋ ਹੋ ਜਾਣ।
ਚਮਕਣ ਤੂੜੀ-ਤੀਲੀਆਂ, ਕਿਰਨਾਂ ਦਾ ਪਰਮਾਣ।
ਛੱਜਾਂ ਉੱਤੋਂ ਝਾਰ ਕੇ ਧੜਾਂ ਉਡਾਈਆਂ ਜਾਣ।
ਮੀਂਹ ਸੋਨੇ ਦਾ ਵੱਸਦਾ, ਜੀਵੇ ਕੁੱਲ ਜਹਾਨ।
ਲੱਗੇ ਬੋਹਲ ਅੰਨ ਦੇ, ਪਿੜ ਨੂੰ ਲੱਗੇ ਭਾਗ।
ਦਿਨ ਖਲਵਾੜੇ ਚੜ੍ਹ ਗਿਆ, ਆਸਾਂ ਪਈਆਂ ਜਾਗ।
ਬੋਹਲ ਦੇ ਵਿਚ ਤੱਕੜੀ, ਹੋ ਗਏ ਪੂਰੇ ਤੋਲ।
ਦਿਲ ਕਿਰਤਾਂ ਦਾ ਫੱਟਿਆ, ਬੋਲ ਨੀ ਧਰਤੀ ਬੋਲ!
ਬੋਲ ਨੀ ਧਰਤੀ: ਪੈਲੀਆਂ ਪਏ ਉਗਾਉਂਦੇ ਹੋਰ।
ਬਣੀ ਬਣਾਈ ਸਾਂਭ ਕੇ ਵੰਡੀਆਂ ਪਾਉਂਦੇ ਹੋਰ!
ਬੋਲ ਨੀ ਧਰਤੀ ਸੱਚੀਏ: ਲੁਕੇ ਘਰਾਂ ਵਿਚ ਚੋਰ!
ਘਰ ਦੇ ਮਾਲਕ ਜਾਗ ਪਏ- ਜਾਗ ਪਏ ਅਜ ਖੋਰ!
ਬੋਲ ਨੀ ਅਣਖਾਂ ਵਾਲੀਏ: ਹੁਣ ਨਹੀਂ ਚੱਲਣੇ ਜ਼ੋਰ!
ਹੁਣ ਨਹੀਂ ਚੱਲਣੇ ਜ਼ੋਰ ਵੇ- ਦੇਖ ਸਮੇਂ ਦੀ ਤੋਰ!
(''ਪੱਤਝੜੇ ਪੁਰਾਣੇ'' ਵਿਚੋਂ)
ਰਾਜਿਆ ਰਾਜ ਕਰੇਂਦਿਆ
ਰਾਜਿਆ ਰਾਜ ਕਰੇਂਦਿਆ!ਤੇਰੇ ਮਹਿਲਾਂ 'ਤੇ ਪੈ ਗਈ ਰਾਤ।
ਨਵਾਂ ਨੂਰ ਹੈ ਸੁੱਟਦਾ
ਝੁੱਗੀਆਂ ਅੰਦਰ ਝਾਤ।
ਰਾਜਿਆ ਰਾਜ ਕਰੇਂਦਿਆ!
ਤੇਰੇ ਚਾਰੇ ਪਾਸੇ ਨ੍ਹੇਰ।
ਤੇਰੇ ਦੱਖਣ ਫਾਹੀਆਂ ਗੱਡੀਆਂ,
ਤੇਰੇ ਉੱਤਰ ਜੇਲ੍ਹਾਂ ਢੇਰ।
ਤੇਰੇ ਪੱਛਮ ਕੰਡੇ ਖਿੱਲਰੇ,
ਤੇਰਾ ਪੂਰਬ ਬਿਨਾਂ ਸਵੇਰ।
ਰਾਜਿਆ ਰਾਜ ਕਰੇਂਦਿਆ!
ਤੇਰੇ ਜ਼ੁਲਮਾਂ ਦਾ ਇਹ ਹਾਲ:
ਗਿਆਰਾਂ ਵਰ੍ਹੇ ਦੇ ਬਾਲ ਨੂੰ
ਕੈਦ ਛਿਆਲੀ ਸਾਲ।
ਰਾਜਿਆ ਰਾਜ ਕਰੇਂਦਿਆ!
ਤੇਰਾ ਤਖ਼ਤ ਰਿਹਾ ਹੈ ਡੋਲ।
ਜਦ ਜ਼ੁਲਮਾਂ ਨੇ ਪੀੜੀ ਲੋਕਤਾ
ਅਤੇ ਸ਼ਾਇਰ ਸਕੇ ਨਾ ਬੋਲ।
ਰਾਜਿਆ ਰਾਜ ਕਰੇਂਦਿਆ!
ਤੇਰੀ ਨਗਰੀ 'ਚ ਵਸਦੇ ਚੋਰ।
ਜਿਥੇ ਭੁੱਖਾਂ ਖਾਣ ਕਿਸਾਨ ਨੂੰ,
ਅਤੇ ਕਣਕਾਂ ਨੂੰ ਖਾਂਦੇ ਢੋਰ।
ਰਾਜਿਆ ਰਾਜ ਕਰੇਂਦਿਆ!
ਤੇਰੀ ਦੇਖ ਲਈ ਜਮਹੂਰ;
ਜਿਥੇ ਅੱਜ ਵੀ ਹੱਕ ਦੇ ਵਾਸਤੇ
ਸੂਲੀ ਚੜ੍ਹਨ ਮਨਸੂਰ।
ਰਾਜਿਆ ਰਾਜ ਕਰੇਂਦਿਆ!
ਤੇਰਾ ਤਕ ਲਿਆ ਨਵਾਂ ਕਨੂੰਨ।
ਜਿਹੜਾ ਧਨੀਆਂ ਨੂੰ ਆਖੇ ਪੀਣ ਲਈ
ਮਜ਼ਦੂਰਾਂ ਦਾ ਖ਼ੂਨ।
ਜਿਹੜਾ ਮਲਕੀਅਤ ਨੂੰ ਆਖਦਾ:
ਤੈਨੂੰ ਕੋਈ ਨਾ ਸਕਦਾ ਮਾਰ।
ਅਤੇ ਹਲ ਨੂੰ ਆਖੇ ਘੂਰ ਕੇ:
ਤੇਰੇ ਕੁਝ ਨਹੀਂ ਲਗਦੇ ਸਿਆੜ।
ਜੋ ਮਨੁੱਖਤਾ ਦੀ 'ਕਲ੍ਹ' ਨੂੰ
ਰਿਹਾ ਧਨੀਆਂ ਹਥ ਫੜਾ।
ਜੋ ਦਿਨ ਧੌਲੇ ਵਿਚ ਕਿਰਤ ਨੂੰ
ਰਿਹਾ ਚੋਰਾਂ ਹੱਥ ਲੁਟਾ।
ਰਾਜਿਆ ਰਾਜ ਕਰੇਂਦਿਆ!
ਤੈਨੂੰ ਲੱਖ ਮਿਰਕਣ ਦਾ ਮਾਣ।
ਤੈਨੂੰ ਲੱਖ ਗਰਬ ਅੰਗਰੇਜ਼ ਦਾ,
ਤੇਰੇ ਪੱਖ ਵਿਚ ਲੱਖ ਧਨਵਾਨ;
ਪਰ ਹੁਣ ਜਾਗੇ ਹੋਏ ਲੋਕ ਤੋਂ
ਤੇਰੀ ਲੁਕ ਨਹੀਂ ਸਕਦੀ ਜਾਨ।
ਰਾਜਿਆ ਰਾਜ ਕਰੇਂਦਿਆ!
ਤੈਨੂੰ ਕਿਸੇ ਨਾ ਦੇਣੀ ਓਟ।
ਤੂੰ ਜਿਹਨਾਂ ਨੂੰ ਪਰਬਤ ਜਾਣਿਆ,
ਇਹ ਹਨ ਰੇਤੇ ਦੇ ਕੋਟ।
ਰਾਜਿਆ ਰਾਜ ਕਰੇਂਦਿਆ!
ਅਜ ਧਨ ਦਾ ਖ਼ਤਮ ਨਜ਼ਾਮ।
ਅਜ ਉਡਣ ਫਰੇਰੇ ਰੱਤੜੇ
ਵਿਚ ਚੀਨ ਅਤੇ ਵਿਤਨਾਮ।
ਅਜ ਤੁਰੀ ਮਸ਼ਾਲਾਂ ਬਾਲ ਕੇ
ਕਿਤੇ ਮੱਸ-ਫੁਟਿਆਂ ਦੀ ਲਾਮ।
ਕਿਤੇ ਰੇਲ-ਮਜ਼ੂਰਾਂ ਦੀ ਭੁੱਖ ਨੇ,
ਕੀਤਾ ਰੇਲ ਦਾ ਪਹੀਆ ਜਾਮ।
ਅੱਜ ਪੜ੍ਹਾਕੂ ਸਿਰਾਂ 'ਚੋਂ
ਕੋਈ ਇਲਮ ਪਿਆ ਹੈ ਜਾਗ।
ਅਜ ਉੱਡ ਪਏ ਵਾਰਸ 'ਕਲ੍ਹ' ਦੇ,
ਹਥ ਫੜ ਕੇ ਸਮੇਂ ਦੀ ਵਾਗ।
ਅਜ ਹਰੀਆਂ ਫਸਲਾਂ ਗਾਉਂਦੀਆਂ
ਤਿਲੰਗਾਨਾ ਦੇ ਗੀਤ।
ਅਜ ਮੁੜ ਮੁੜ ਜੀਊਂਦੇ ਹੋ ਰਹੇ,
ਕਿਸ਼ਨ-ਗੜ੍ਹੀ ਗਭਰੀਟ।
ਰਾਜਿਆ ਰਾਜ ਕਰੇਂਦਿਆ!
ਤੈਨੂੰ ਕਵੀ ਕਹੇ ਲਲਕਾਰ:
ਤੈਨੂੰ ਭਰਮ ਹੈ ਤਪ ਤੇ ਤੇਜ ਦਾ,
ਤੇਰੀ ਨਗਰੀ 'ਚ ਮਾਰੋ ਮਾਰ।
ਰਾਜਿਆ ਰਾਜ ਕਰੇਂਦਿਆ!
ਤੈਨੂੰ ਕਵੀ ਕਹੇ ਲਲਕਾਰ:
ਤੇਰੇ ਧੌਲਰ ਤ੍ਰੇੜਾਂ ਖਾ ਰਹੇ
ਸੁਣ ਲੋਕਾਂ ਦੀ ਵੰਗਾਰ।
(''ਪੱਤਝੜੇ ਪੁਰਾਣੇ'' ਵਿਚੋਂ)
ਤੇਰੀ ਨਗਰੀ ਵਿਚ ਹਨੇਰਾ ਘੋਰ ਹੈ
ਕਹਿਣ, ''ਦੀਵੇ ਜਗਣ ਨਾ ਸੱਪਾਂ ਦੇ ਕੋਲ''
ਪਰ, ਲੁਕੇ ਸੱਪਾਂ ਨੂੰ ਦੀਵੇ ਲੈਣ ਟੋਲ,
ਕੰਮ ਸੱਪਾਂ ਦਾ ਸਦਾ ਹੈ ਡੰਗਣਾ,
ਕੰਮ ਡੰਡੇ ਦਾ ਹੈ ਸਿਰੀਆਂ ਭੰਨਣਾ,
ਦੇਖ ਲਈ ਤੇਰੀ ਵਲਾਵੀਂ ਤੋਰ ਹੈ-
ਤੇਰੀ ਨਗਰੀ ਵਿਚ ਹਨੇਰਾ ਘੋਰ ਹੈ।
ਦੇਖ ਲਈ ਤੇਰੀ ਅਜ਼ਾਦੀ ''ਕਹਿਣ'' ਦੀ
ਵਲਗਣਾਂ ਦੇ ਵਿਚ ਵਲ ਕੇ ਰਹਿਣ ਦੀ,
ਲਹੂ ਡੁੱਲ੍ਹੇ ਬਿਨ ਲਿਆਂਦੀ ਦੇਖ ਲਈ,
ਦੇਖ ਲਈ ਅਰਥੀ ਨਿਆਂ ਦੀ, ਦੇਖ ਲਈ,
ਖੰਭ ਲਾ ਕੇ ਕਾਂ ਨਾ ਬਣਦਾ ਮੋਰ ਹੈ-
ਤੇਰੀ ਨਗਰੀ ਵਿਚ ਹਨੇਰਾ ਘੋਰ ਹੈ।
ਕੋਟ ਰੇਤੇ ਦੇ ਉਸਾਰਨ ਵਾਲਿਆ
ਹਵਾ ਵਿਚ ਤਲਵਾਰਾਂ ਮਾਰਨ ਵਾਲਿਆ
ਸੂਰਜਾਂ ਨੂੰ ਦਾਗ਼ ਲਾਵਣ ਵਾਲਿਆ
ਗਲ਼ ਸਮੇਂ ਦੇ ਫਾਹੀਆਂ ਪਾਵਣ ਵਾਲਿਆ
ਤੇਰੀ ਆਪਣੀ ਉਮਰ ਕੱਚੀ ਡੋਰ ਹੈ
ਤੇਰੀ ਨਗਰੀ ਵਿਚ ਹਨੇਰਾ ਘੋਰ ਹੈ।
ਹੁਣ ਤੇਰੀ ਚਤੁਰਾਈ ਪੁਗ ਸਕਣੀ ਨਹੀਂ,
ਹੱਥਾਂ ਉੱਤੇ ਸਰ੍ਹੋਂ ਉਗ ਸਕਣੀ ਨਹੀਂ,
ਧੁੰਦ ਮਾਇਆ ਦੀ ਨੇ ਹੁਣ ਰਹਿਣਾ ਨਹੀਂ,
ਲੋਕਤਾ ਨੇ ਜਬਰ ਹੁਣ ਸਹਿਣਾ ਨਹੀਂ,
ਧਰਤ ਤੋਂ ਆਕਾਸ਼ ਤੀਕਰ ਸ਼ੋਰ ਹੈ-
ਤੇਰੀ ਨਗਰੀ ਵਿਚ ਹਨੇਰਾ ਘੋਰ ਹੈ।
ਸਾਡੀ ਨਗਰੀ ਜਿੰਦਾਂ ਗੁਟਕਣ ਨਿੱਕੀਆਂ,
ਤੇਰੀ ਨਗਰੀ ਹੋਣ ਛੁਰੀਆਂ ਤਿੱਖੀਆਂ,
ਸਾਡੀ ਮੰਜ਼ਲ ਹੈ ਭਵਿੱਖਾਂ ਤੋਂ ਪਰੇ,
ਤੇਰੀ ਮੰਜ਼ਲ ਜੁੱਗੜੇ ਬੀਤੇ ਹੋਏ,
ਰਾਹ ਸਾਡਾ ਹੋਰ, ਤੇਰਾ ਹੋਰ ਹੈ-
ਤੇਰੀ ਨਗਰੀ ਵਿਚ ਹਨੇਰਾ ਘੋਰ ਹੈ।
(ਲੰਮੀ ਕਵਿਤਾ ਵਿਚੋਂ ਕੁਝ ਅੰਸ਼)
(''ਪੱਤਝੜੇ ਪੁਰਾਣੇ'' ਵਿਚੋਂ)
ਓ ਸਮੇਂ ਦੇ ਹਾਕਮਾਂ
ਓ ਸਮੇਂ ਦੇ ਹਾਕਮਾਂ!ਹੋ ਰਹੀਆਂ ਅਜ ਹੋਣੀਆਂ. ਅਨ-ਹੋਣੀਆਂ.
ਦੇਖ ਕੁਦਰਤ ਦਾ ਨਜ਼ਾਮ-
ਚੜ੍ਹ ਰਹੀ ਹੈ ਇਕ ਸਵੇਰ,
ਢਲ ਰਹੀ ਹੈ ਇੱਕ ਸ਼ਾਮ।
ਜਾਗ ਪਈਆਂ ਕੁੱਲੀਆਂ ਦੀਆਂ ਅੱਖੀਆਂ,
ਸੌਣ ਲੱਗੀਆਂ ਧੌਲਰਾਂ ਦੀਆਂ ਕਿਸਮਤਾਂ,
ਪੁੱਟਦਾ ਹੈ ਕਬਰ ਅਪਣੀ ਆਪ ਹੀ, ਬੁੱਢਾ ਨਜ਼ਾਮ।
ਦੇਖ, ਸੂਹੇ ਚਾਨਣਾਂ ਵਿਚ ਆ ਰਿਹਾ:
ਜਿਸ ਦੇ ਪੈਰਾਂ ਵਿਚ ਬਿਆਈਆਂ ਪਾਟੀਆਂ,
ਧੂੜ ਜਿਸ ਦੇ ਗੋਡਿਆਂ ਤਕ ਚੜ੍ਹ ਰਹੀ,
ਜਿਸ ਦੇ ਗਲ ਵਿਚ ਮਹਿਕਦੇ ਸੂਹੇ ਗੁਲਾਬ-
ਸੱਜਰੇ ਜ਼ਖ਼ਮਾਂ ਦੇ ਹਾਰ।
ਜਿਸ ਦੇ ਹੱਥਾਂ ਵਿਚ ਅੱਟਣ ਕਿਰਤ ਦੇ,
ਜਿਸ ਦੇ ਪੈਰਾਂ ਹੇਠ ਧਰਤੀ ਲਿਫ ਕੇ ਪੱਧਰ ਹੋ ਰਹੀ,
ਜਿਸ ਨੇ ਸਿਰ 'ਤੇ ਪਹਿਨਿਆ ਕੰਡਿਆਂ ਦਾ ਤਾਜ,
ਦੇਖ, ਸੂਹੇ ਚਾਨਣਾਂ ਵਿਚ ਆ ਰਿਹਾ:
ਔਣ ਵਾਲੀ ਕਲ੍ਹ ਦਾ ਕੋਈ ਤਾਜਦਾਰ।
ਓ ਸਮੇਂ ਦੇ ਹਾਕਮਾ!
ਅੱਖੀਆਂ ਤੇ ਚਾ।
ਦੇਖ, ਡੂੰਘੇ ਨ੍ਹੇਰਿਆਂ ਵਿਚ ਜਾ ਰਿਹਾ:
ਜਿਸ ਦੇ ਪੈਰੀਂ ਜੁੱਤੀਆਂ ਮਖ਼ਮਲ ਦੀਆਂ,
ਗੋਡਿਆਂ ਤਕ ਜਿਸ ਨੂੰ ਧਰਤੀ ਫੜ ਰਹੀ,
ਜਿਸ ਦੇ ਗਲ ਵਿਚ ਦਮਕਦੇ ਲਾਲਾਂ ਦੇ ਹਾਰ,
ਜਿਸ ਨੂੰ ਧੋਖਾ ਦੇ ਗਈਆਂ,
ਹਥ-ਰੇਖਾਂ ਰਾਜ ਦੀਆਂ, ਧਨ ਦੀਆਂ,
ਜਿਸਦੇ ਪੈਰਾਂ ਹੇਠ ਧਰਤੀ ਥੱਕਦੀ ਤੇ ਡੋਲਦੀ,
ਜਿਸਦੇ ਸਿਰ ਤੋਂ ਡਿਗ ਰਿਹਾ ਹੈ ਹੀਰਿਆਂ, ਲਾਲਾਂ ਦਾ ਤਾਜ,
ਦੇਖ, ਡੂੰਘੇ ਨ੍ਹੇਰਿਆਂ ਵਿਚ ਜਾ ਰਿਹਾ:
ਬੀਤ ਚੁੱਕੀ ਕਲ੍ਹ ਦਾ ਕੋਈ ਤਾਜਦਾਰ।
ਓ ਸਮੇਂ ਦੇ ਹਾਕਮਾ!
ਹੋ ਰਹੀਆਂ ਅੱਜ ਹੋਣੀਆਂ, ਅਨ-ਹੋਣੀਆਂ,
ਦੇਖ ਕੁਦਰਤ ਦਾ ਨਜ਼ਾਮ-
ਚੜ੍ਹ ਰਹੀ ਹੈ ਇਕ ਸਵੇਰ,
ਢਲ ਰਹੀ ਹੈ ਇੱਕ ਸ਼ਾਮ।
(''ਪੱਤਝੜੇ ਪੁਰਾਣੇ'' ਵਿਚੋਂ)
ਸਦਾ ਨਾ ਰਹਿੰਦੀ ਰਾਤ
ਟੀਸੀ ਉੱਤੇ ਪੁੱਜਿਆਅਜ ਪਾਪਾਂ ਦਾ ਰਾਜ।
ਦਿਨ ਧੌਲੇ ਹੈ ਲੁੱਟਦੀ
ਗਊ ਗ਼ਰੀਬ ਦੀ ਲਾਜ।
ਉਹਲੇ ਬਹਿ ਕੇ ਧਰਮ ਦੇ
ਪਲਦਾ ਹੈ ਵਿਭਚਾਰ।
ਖੱਲ ਭੇਡਾਂ ਦੀ ਚਿੱਟੜੀ
ਪਾ ਬੈਠੇ ਬਘਿਆੜ।
ਪੰਛੀ ਉਡਿਆ ਧਰਮ ਦਾ,
ਹਾਕਮ ਬਣੇ ਜੱਲਾਦ।
ਹੱਥੀਂ ਫੜੀਆਂ ਕਾਤੀਆਂ,
ਕੌਣ ਸੁਣੇ ਫ਼ਰਿਆਦ?
ਟੋਟੇ ਟੋਟੇ ਧਰਤੀਆਂ,
ਟੁਕੜੇ ਟੁਕੜੇ ਦੇਸ।
ਖਿੰਡੀਆਂ ਪੁੰਡੀਆਂ ਬੋਲੀਆਂ,
ਲੀਰਾਂ ਲੀਰਾਂ ਵੇਸ।
ਰਾਤ ਹਨੇਰੀ, ਸੰਘਣੀ,
ਹੱਥ ਨਾ ਲਭੇ ਹੱਥ।
ਕੱਠੇ ਹੋ ਕੇ ਤਾਰਿਆਂ
ਜੋੜ ਲਈ ਪਰ ਸੱਥ।
ਸਦਾ ਨਾ ਰਹਿੰਦੇ ਪਾਪ ਨੇ,
ਸਦਾ ਨਾ ਰਹਿੰਦੀ ਰਾਤ।
ਹੋਣ ਘਟਾਂ ਲੱਖ ਕਾਲੀਆਂ,
ਲੁਕਦੀ ਨਾ ਪਰਭਾਤ।
ਪਹੁ-ਫੁਟਾਲੇ ਦੁਧੀਆ
ਪਲ ਪਲ ਹੁੰਦੇ ਲਾਲ।
ਪਲ ਪਲ ਜਾਗਣ ਧਰਤੀਆਂ
ਚੰਗੇ ਸ਼ਗਨਾਂ ਨਾਲ।
ਕੌਣ ਸਮੇਂ ਦੀ ਤੋਰ ਨੂੰ
ਹੈ ਰੋਕਣ ਦੇ ਤੁੱਲ?
ਹਿਕ ਪੱਥਰ ਦੀ ਚੀਰ ਕੇ
ਉੱਗਣ ਸੂਹੇ ਫੁੱਲ।
ਕੌਣ ਹਵਾ ਦੇ ਵੇਗ ਨੂੰ
ਸਕਦਾ ਏ ਖਲ੍ਹਿਆਰ?
ਕੌਣ, ਜੋ ਮੋੜੇ ਵਹਿਣ ਤੋਂ
ਸ਼ਹੁ-ਦਰਿਆ ਦੀ ਧਾਰ?
ਹੋਣੀ ਵਾਜਾਂ ਮਾਰਦੀ:
''ਲੋਕਾ, ਪੱਗ ਸੰਭਾਲ!
ਚਿੜੀਆਂ ਦਾ ਹੈ ਟਾਕਰਾ
ਅਜ ਬਾਜ਼ਾਂ ਦੇ ਨਾਲ।''
ਸੂਤੀ ਨਵੇਂ ਮਨੁੱਖ ਨੇ
ਏਕੇ ਦੀ ਤਲਵਾਰ।
ਰਾਤ ਹਨੇਰੀ ਵਿਚ ਜਿਉਂ
ਬਿਜਲੀ ਦਾ ਚਮਕਾਰ।
ਰਾਤ ਹਨੇਰੀ ਮੁੱਕਣੀ,
ਮੁੱਕਣ ਲੱਗੀ ਤਾਂਘ।
ਹੋਣੀ ਅਜ ਮਨੁੱਖ ਦੀ
ਚੜ੍ਹਦੇ ਸੂਰਜ ਵਾਂਗ।
(''ਪੱਤਝੜੇ ਪੁਰਾਣੇ' ਵਿਚੋਂ)
ਹੱਕ ਦੀ ਆਵਾਜ਼
ਚੰਨ ਦਾ ਵੀ ਪੰਧ ਨ ਕੋਈ ਦੂਰ ਹੈ,ਪਹੁੰਚਣਾ ਮੰਜ਼ਲ 'ਤੇ ਜਦ ਮਨਜ਼ੂਰ ਹੈ।
ਇਹ ਹੈ ਮੇਰੇ ਇਸ਼ਕ ਦੀ ਇਕੋ ਚਿਣਗ,
ਇਹ ਜੁ ਲੱਖਾਂ ਸੂਰਜਾਂ ਦਾ ਨੂਰ ਹੈ।
ਇਸ਼ਕ ਨੂੰ ਫ਼ਤਵਾ ਕੁਰਾਹੀਏ ਹੋਣ ਦਾ,
ਖ਼ੂਬ ਤੇਰੇ ਸ਼ਹਿਰ ਦਾ ਦਸਤੂਰ ਹੈ।
ਗੂੰਜ ਉੱਠੀ ਹੱਕ ਦੀ ਆਵਾਜ਼ ਫਿਰ,
ਸ਼ੋਰ ਜਿਸ ਦਾ ਵਲਗਣਾਂ ਤੋਂ ਦੂਰ ਹੈ।
ਕੰਬ ਉੱਠੀ ਹੈ ਤਿਰੀ ਸੂਲੀ ਦੀ ਦੇਹ,
ਆ ਰਿਹਾ ਕੋਈ ਝੂਲਦਾ ਮਨਸੂਰ ਹੈ।
ਥੱਕ ਗਏ ਜੱਲਾਦ? ਮੁੜ ਗਏ ਘੁੰਡ? ਬੱਸ?
ਇਹ ਤਾਂ ਸਿਰ-ਲੱਥਾਂ ਦਾ ਪਹਿਲਾ ਪੂਰ ਹੈ।
ਅੰਤ ਉਸ ਮਜਨੂੰ ਦੀ ਲੈਲਾ ਹੋਇਗੀ,
ਰੱਤ ਦਾ ਕਾਸਾ ਜਿਦ੍ਹਾ ਭਰਪੂਰ ਹੈ।
(12 ਮਾਰਚ 1959
''ਬਿਰਹੜੇ'' ਵਿਚੋਂ)
ਸਾਡੇ ਤਾਂ ਰਾਹ ਰੌਸ਼ਨ
ਝੂਟਾ ਜਿਹਾ ਹੈ ਖਾਧਾ,ਮਹਿਲਾਂ-ਮੁਨਾਰਿਆਂ ਨੇ,
ਅੱਜ ਬਦਲਿਆ ਹੈ ਪਾਸਾ,
ਛੰਨਾਂ ਤੇ ਢਾਰਿਆਂ ਨੇ।
ਛਣਦੀ ਹੀ ਜਾ ਰਹੀ ਹੈ,
ਮੱਸਿਆ ਦੀ ਰਾਤ ਕਾਲੀ,
ਸਿੰਨ੍ਹੇ ਨੇ ਤੀਰ ਲੱਖਾਂ,
ਰਲ ਕੇ ਸਿਤਾਰਿਆਂ ਨੇ।
ਲਾਹਿਆ ਹੈ ਘੁੰਡ ਮੁੱਖੋਂ,
ਪੂਰਬ ਦੀ ਵਹੁਟੜੀ ਨੇ,
ਸਮਿਆਂ ਦੇ ਦਿਓਰ ਟੁੰਬੇ,
ਰੰਗਲੇ ਨਜ਼ਾਰਿਆਂ ਨੇ।
ਭੰਵਰਾਂ ਦੇ ਪਾਣੀਆਂ ਵਿਚ,
ਠੇਲ੍ਹੀ ਅਸੀਂ ਹੈ ਬੇੜੀ,
ਫੜ-ਫੜ ਬਥੇਰਾ ਰੱਖਿਆ,
ਭਾਵੇਂ ਕਿਨਾਰਿਆਂ ਨੇ।
ਟਹਿਕੇ ਗੁਲਾਬ ਵਾਂਗੂੰ
ਖਿੜ-ਖਿੜ ਕੇ ਸੂਹੇ ਹੋਣਾ,
ਸਾਨੂੰ ਸਿਖਾਇਆ, ਸਾਥੀ,
ਭਖਦੇ ਅੰਗਾਰਿਆਂ ਨੇ।
ਸਾਡੇ ਤਾਂ ਰਾਹ ਰੌਸ਼ਨ,
ਸਾਡੇ ਤਾਂ ਲੰਮੇ ਜੇਰੇ,
ਸਾਨੂੰ ਹੈ ਕੀ ਸਤਾਉਣਾ,
ਹੁਸਨਾਂ ਦੇ ਲਾਰਿਆਂ ਨੇ।
ਹੇ ਇਸ਼ਕ! ਤੇਰੀ ਖ਼ਾਤਰ,
ਬਣ ਗਏ ਅਸੀਂ ਕਹਾਣੀ,
ਰਾਤਾਂ ਨੂੰ ਜਿਸ ਨੂੰ ਸੁਣਿਆ,
ਹਿਸ-ਹਿਸ ਕੇ ਤਾਰਿਆਂ ਨੇ।
ਹੇ ਇਸ਼ਕ! ਤੇਰੀ ਖ਼ਾਤਰ,
ਬਣ ਗਏ ਅਸੀਂ ਕਹਾਣੀ,
ਮੁੱਕਣ ਨਾ ਜਿਸ ਨੂੰ ਦਿੱਤਾ,
ਜੱਗ ਦੇ ਹੁੰਗਾਰਿਆਂ ਨੇ।
(ਫਰਵਰੀ 1957
''ਬਿਰਹੜੇ'' ਵਿਚੋਂ)
No comments:
Post a Comment