ਅਸੀਂ, ਆਵਾਂਗੇ!
ਅੱਜ ਪੈਰਾਂ ਨੂੰ ਅਸਾਡੇ ਹਾਣੀਆਂ
ਰਾਹ ਦਿੱਤੇ ਸਾਗਰਾਂ ਦੇ ਪਾਣੀਆਂ
ਜੰਨ ਲੈ ਕੇ ਚੰਨ ਉੱਤੇ ਢੁੱਕਣਾ
ਇਹ ਦਲੀਲਾਂ ਸਾਡੇ ਦਿਲ ਨੇ ਠਾਣੀਆਂ
ਰਾਹ ਦਿੱਤੇ ਸਾਗਰਾਂ ਦੇ ਪਾਣੀਆਂ
ਜੰਨ ਲੈ ਕੇ ਚੰਨ ਉੱਤੇ ਢੁੱਕਣਾ
ਇਹ ਦਲੀਲਾਂ ਸਾਡੇ ਦਿਲ ਨੇ ਠਾਣੀਆਂ
ਮਈ ਦਿਨ
ਰੁੱਤਾਂ ਫਿਰੀਆਂ, ਕੱਕਰ ਮੁੱਕੇ,
ਪੱਤੇ ਝੜੇ, ਪਪੀਸੇ ਫੁੱਟੇ,
ਪੌਣਾਂ ਦੇ ਸਾਹ ਨਿੱਘੇ ਹੋਏ
ਧੁੰਦਾਂ ਵਿਚੋਂ ਕਿਰੀਆਂ- ਕਿਰਨਾਂ ਰੱਤੀਆਂ।
ਠਾਰਾਂ ਸੌ, ਉੱਤੇ ਛਿਆਸੀ
ਈਸਾ ਵਾਲਾ ਸੰਮਤ ਹੈ ਸੀ,
ਪਹਿਲੀ ਮਈ, ਸ਼ਿਕਾਗੋ ਅੰਦਰ
ਵਾਪਰੀਆਂ ਤਾਰੀਖ਼ 'ਚ ਨਵੀਆਂ ਹੋਣੀਆਂ।
ਪਹਿਲੀ ਵਾਰ ਸ੍ਰਿਸ਼ਟੀ ਉੱਤੇ,
ਜਾਗੇ ਕਾਮੇ ਸਦੀਆਂ ਸੁੱਤੇ,
ਪਹਿਲੀ ਮਈ ਕਿ ਯੂਰਪ ਸਾਰੇ
ਹੋ ਗਈਆਂ ਹੜਤਾਲਾਂ- ਮੰਗਾਂ ਉੱਠੀਆਂ।
ਕੁੱਲ ਕਾਮਿਆਂ ਮਤਾ ਪਕਾਇਆ,
ਸੁੱਟੇ ਸੰਦ, ਨ ਹੱਥ ਛੁਹਾਇਆ,
ਜਿੰਦ ਮਸ਼ੀਨਾਂ ਵਿਚ ਨ ਧੜਕੀ
ਦਿਲ ਨਫਿਆਂ ਦਾ ਡਿੱਗਾ- ਆਈਆਂ ਤੌਣੀਆਂ।
ਜੀਣ ਥੀਣ ਦੀਆਂ ਕਿਸ ਨੂੰ ਸਾਰਾਂ?
ਕੰਮ ਦੇ ਘੰਟੇ ਠਾਰਾਂ ਠਾਰਾਂ,
''ਹੇ ਇਨਸਾਫ਼, ਤੂੰ ਕਿਥੇ ਲੁਕਿਐਂ?''
ਹੱਕ ਦੀਆਂ ਇਹ ਵਾਜਾਂ- ਸਾਰੇ ਧੁੰਮੀਆਂ।
ਵਰ੍ਹਿਆਂ ਦੀ ਧੁਖਦੀ ਚੰਗਿਆੜੀ,
ਸੁਲ੍ਹਗ ਰਹੀ ਸੀ ਮਾੜੀ ਮਾੜੀ,
ਭੜਕ ਪਈ ਓੜਕ ਬਣ ਭਾਂਬੜ
ਚਾਰ ਚੁਫੇਰੇ ਲਾਟਾਂ- ਜਿਸ ਦੀਆਂ ਸ਼ੂਕੀਆਂ।
ਯੂਰਪ ਦੀ ਸਰਮਾਇਆਦਾਰੀ
ਰੱਤ ਕਿਰਤਾਂ ਦੀ ਚੂਸਣਹਾਰੀ,
ਅੰਤ ਨੂੰ ਜਾ ਕੇ ਡਿੱਗਣ ਲੱਗੀ
ਜਿਉਂ ਸਿਖਰਾਂ ਨੂੰ ਪੁਜ- ਦੁਪਹਿਰਾਂ ਢਲਦੀਆਂ।
ਕਾਮੇ, ਕੁਲੀਆਂ ਤੇ ਮਜ਼ਦੂਰਾਂ,
ਹੱਕ ਲਈ ਲੜਦੇ ਮਨਸੁਰਾਂ,
ਮੁੱਕੇ ਵੱਟ ਕੇ ਨਾਹਰਾ ਲਾਇਆ:
''ਬੰਦ ਕਰੋ ਧੰਨਵਾਨੋ- ਲੁੱਟਾਂ ਅੰਨ੍ਹੀਆਂ!
ਸਾਰੀ ਦੁਨੀਆਂ ਦੇ ਮਜ਼ਦੂਰੋ,
ਹੱਕ ਲਈ ਲੜਦੇ ਮਨਸੂਰੋ,
ਏਕੇ ਦੀ ਬਿਜਲੀ ਬਣ ਚਮਕੋ
ਕਰ ਦਿਓ ਲੀਰਾਂ ਲੀਰਾਂ- ਰਾਤਾਂ ਕਾਲੀਆਂ।''
ਜਦੋਂ ਹੱਕ ਦਾ ਨਾਹਰਾ ਲੱਗਾ,
ਸਾਮਰਾਜ ਸੁਣ ਹੋਇਆ ਬੱਗਾ,
ਤਖ਼ਤ ਡੋਲ ਗਏ ਧਨਵਾਨਾਂ ਦੇ
ਪੈਰਾਂ ਹੇਠੋਂ ਗਈਆਂ ਨਿੱਕਲ ਧਰਤੀਆਂ।
ਇਸ ਏਕੇ ਦੀ ਨ੍ਹੇਰੀ ਅੰਦਰ,
ਪੂੰਜੀਵਾਦ ਦਾ ਕੁਲ ਅਡੰਬਰ,
ਉਡ ਜਾਣਾ ਹੈ ਤੀਲਾ ਤੀਲਾ
ਜਾਣ ਗਏ ਸਭ ਗੱਲਾਂ- ਹੋ ਕੇ ਰਹਿਣੀਆਂ।
ਠਾਰਾਂ ਸੌ, ਉੱਤੇ ਛੇਆਸੀ
ਈਸਾ ਵਾਲ ਸੰਮਤ ਹੈ ਸੀ
ਪਹਿਲੀ ਮਈ, ਸ਼ਿਕਾਗੋ ਅੰਦਰ
ਵਾਪਰੀਆਂ ਤਾਰੀਖ਼ 'ਚ- ਨਵੀਆਂ ਹੋਣੀਆਂ।
ਆਏ ਜਥੇ ਜੁੜ ਚੌਕ ਵਿਚਾਲੇ,
ਜਿਉਂ ਸਾਗਰ ਵਲ ਨਦੀਆਂ, ਨਾਲੇ,
ਜਾਗ ਪਈਆਂ ਤੂਫ਼ਾਨੀ ਲਹਿਰਾਂ
ਸਾਂਝੀ ਸ਼ਕਤੀ ਵਿਚੋਂ- ਉੱਗਣ ਬਿਜਲੀਆਂ।
ਜੁੜ ਗਏ ਕਾਮੇ ਘਣੇ, ਘਣੇਰੇ,
ਸਿਰ 'ਤੇ ਬੰਨ੍ਹ ਕਿਰਨਾਂ ਦੇ ਸਿਹਰੇ,
ਤੁਰ ਪਏ ਛੈਲ ਛਬੀਲੇ ਗਭਰੂ
ਜਿੱਕਣ ਹੁੰਮ ਹੁਮਾ ਕੇ- ਜੰਨਾਂ ਚੜ੍ਹਦੀਆਂ।
ਤੱਕ ਜਲੂਸ 'ਤੇ ਜੋਬਨ ਆਇਆ,
ਹਾਕਮ-ਟੋਲਾ ਸੀ ਘਬਰਾਇਆ,
ਆ ਗਈ ਫੌਜ ''ਅਮਨ'' ਦੀ ਰਾਖੀ
ਤਣ ਗਈਆਂ ਬੰਦੂਕਾਂ- ਕਿਰਚਾਂ ਲਿਸ਼ਕੀਆਂ।
ਵਧੇ ਜਾਣ ਜ਼ਿੰਦਗੀ ਦੇ ਲਾੜੇ,
ਰੋਕਣ ਰਸਤੇ ਰਾਕਸ਼, ਗਾੜ੍ਹੇ,
ਚਾਨਣ ਅੱਗੇ ਅੜਨ ਹਨੇਰੇ
ਕਿਸ ਨੇ ਡੱਕ ਰਖਾਈਆਂ- ਪਹੁਆਂ ਫੁਟਦੀਆਂ?
ਦੀਵਾ ਜਦ ਬੁੱਝਣ 'ਤੇ ਆਂਦਾ,
ਅੰਤ ਘੜੀ ਹੈ ਲਟਲਟਾਂਦਾ,
ਮੌਤ ਵੀ ਇਕ ਸੰਭਾਲਾ ਲੈਂਦੀ
ਹੋਣ ਗੂੜ੍ਹੀਆਂ ਰਾਤਾਂ- ਮੁੱਕਣ ਲੱਗੀਆਂ।
ਦਿਨ ਜਦ ਹੋਣ ਪਾਪ ਦੇ ਮੁੱਕੇ,
ਆਉਂਦਾ ਜਬਰ, ਤਸ਼ੱਦਦ ਉੱਤੇ,
ਵਹਿਸ਼ੀ ਚੀਕਣ, ਝੱਲ ਖਿਲਾਰਨ
ਜਿਉਂ, ਮੜ੍ਹੀਆਂ ਵਿਚ ਗਿਰਝਾਂ- ਮਾਰਨ ਚਾਂਘਰਾਂ।
ਲੱਗੀ ਵਰ੍ਹਨ ਜਲੂਸ 'ਤੇ ਗੋਲੀ,
ਖੇਡਣ ਦੈਂਤ ਖ਼ੂਨ ਦੀ ਹੋਲੀ,
ਢਹਿ ਢਹਿ ਪੈਣ ਸਜੀਲੇ ਗਭਰੂ
ਗੜ੍ਹੇਮਾਰ ਜਿਉਂ ਭੰਨਦੀ- ਫਸਲਾਂ ਪੱਕੀਆਂ।
ਧੀਆਂ, ਭੈਣਾਂ, ਵਹੁਟੀਆਂ, ਮਾਵਾਂ,
ਧੂੜ ਤਿਨ੍ਹਾਂ ਦੀ ਮੱਥੇ ਲਾਵਾਂ,
ਮੋਢੇ ਜੋੜ ਬਰਾਬਰ ਭਿੜੀਆਂ,
ਹਿੱਕੜੀਆਂ 'ਤੇ ਸਹੀਆਂ- ਕਿਰਚਾਂ, ਗੋਲੀਆਂ!
ਵਗ ਪਏ ਲਹੂਆਂ ਦੇ ਪਰਨਾਲੇ,
ਜਿੱਕਣ ਸਾਡੇ ਜਲ੍ਹਿਆਂਵਾਲੇ,
ਸਾਂਝੀ ਰੱਤ ਸ਼ਹੀਦਾਂ ਡੋਲ੍ਹੀ
ਇੱਕਣ ਵਿਚ ਸ਼ਿਕਾਗੋ- ਸੜਕਾਂ ਭਿੱਜੀਆਂ!
ਗੱਭਰੂ ਇੱਕ ਲਹੂ ਵਿਚ ਭਿੱਜਾ,
ਜਿਸ ਫੜਿਆ ਸੀ ਝੰਡਾ ਚਿੱਟਾ,
ਅੰਤਮ ਸਾਹ, ਘਾਇਲ, ਪਰ ਹੱਸੇ
ਕਰਨ ਮੌਤ ਨੂੰ ਠਿਲ੍ਹਾਂ- ਅਣਖਾਂ ਉੱਚੀਆਂ!
ਗਭਰੂ ਛੈਲ ਲਹੂ ਵਿਚ ਭਿੱਜੇ,
ਨਾਲ ਜਬਰ ਦੇ ਏਦਾਂ ਸਿੱਝੇ,
ਪੁੱਤਰ, ਪਤੀ, ਪਿਤਾ ਤੇ ਪ੍ਰੇਮੀ
ਸਾਥੀ ਜੁੜੇ ਦੁਆਲੇ- ਸ਼ਾਮਾਂ ਲੱਥੀਆਂ!
ਭਾਵੇਂ ਹੋਵਣ ਨਿੰਮੋਝੂਣੇ,
ਪਰ ਨਹੀਂ ਹੁੰਦੇ ਲੋਕ ਨਿਗੂਣੇ,
ਵਾਜ ਉੱਭਰੀ ਚੀਰ ਹਨੇਰੇ:
''ਵਧੋ ਕਿ ਛੁਹੀਏ ਮੰਜ਼ਲਾਂ- ਸੂਹੀਆਂ ਸਰਘੀਆਂ।''
ਇੱਕ ਕਮੀਜ਼ ਲਹੂ ਵਿਚ ਰੰਗੀ,
ਇੱਕ ਸੋਟੀ ਦੇ ਉੱਤੇ ਟੰਗੀ,
ਝੁੱਲਿਆ ਝੰਡਾ ਉੱਚ-ਅਣਖਾਂ ਦਾ
ਦਿਤੀਆਂ ਜਿਨੂੰ ਸ਼ਹੀਦਾਂ- ਰੱਤਾਂ ਸੁੱਚੀਆਂ।
ਇਸ ਝੰਡੇ ਦੀ ਤੁਰੀ ਕਹਾਣੀ,
ਸੁਣ ਸੁਣ ਖ਼ਲਕਤ ਹੋਈ ਸਿਆਣੀ,
ਇਸ ਝੰਡੇ ਦੀ ਛਾਇਆ ਥੱਲੇ
ਲਾੜਿਆਂ ਨੇ ਪਰਨਾਈਆਂ- ਜਿੱਤਾਂ ਲਾੜੀਆਂ।
ਧਰਤੀ ਦੀ ਹਰ ਨੁੱਕਰ ਜਾਗੀ,
ਪਹਿਲੀ ਮਈ ਦਾ ਦਿਵਸ ਮਨਾਂਦੀ,
ਥਾਂ ਥਾਂ ਇਸ ਦਿਨ ਯਾਦ ਕਰੇਂਦੇ:
ਹੱਕ ਲਈ ਸਨ ਹੋਈਆਂ- ਵਾਜਾਂ ਉੱਚੀਆਂ।
(''ਪੱਤਝੜੇ ਪੁਰਾਣੇ'' ਵਿਚੋਂ
ਜਦੋਂ ਅਸੀਂ ਆਵਾਂਗੇ)
ਜਦੋਂ ਅਸੀਂ ਆਵਾਂਗੇ
ਡਿੱਗਾਂਗੇ ਅਸੀਂਸੂਰਜ ਦੀਆਂ ਕਿਰਨਾਂ ਵਾਂਗ
ਸਲ੍ਹਾਬੀਆਂ ਹੋਈਆਂ ਥਾਵਾਂ 'ਤੇ
ਕਾਲੇ, ਤਰੱਕੇ ਹੋਏ, ਅੰਧ ਵਿਸ਼ਵਾਸ਼ ਦੇ ਚਿੱਕੜ
ਬੁਨਿਆਦਵਾਦ ਦੀਆਂ ਨਾਲੀਆਂ
ਜਿਥੋਂ ਜਨਮ ਲੈਂਦੇ ਹਨ
ਮੱਛਰ, ਸਪੋਲੀਏ, ਠੂੰਹੇਂ, ਜ਼ਹਿਰੀਲੇ ਨਾਗ
ਅਸੀਂ ਇਹਨਾਂ ਸਾਰਿਆਂ ਦੇ
ਗੰਦ ਨੂੰ ਚੁਗ ਦਿਆਂਗੇ
ਖ਼ੁਸ਼ਕ ਕਰ ਦਿਆਂਗੇ
ਇਹ ਗੰਦਗੀ ਦੇ ਸੋਮੇ
ਜਦੋਂ ਅਸੀਂ ਆਵਾਂਗੇ
ਸੂਰਜ ਦੀਆਂ ਕਿਰਨਾਂ ਵਾਂਗ।
ਜਦੋਂ ਅਸੀਂ ਆਵਾਂਗੇ
ਆਕਾਸ਼ ਉਤੇ ਬਾਜ਼ ਵੀ ਉਡਣਗੇ
ਚਿੜੀਆਂ ਦੇ ਝੁੰਡ ਵੀ
ਪਰ ਧਰਤੀ ਉਤੇ
ਜਾਬਰ ਅਤੇ ਮਜਬੂਰ ਨਹੀਂ ਹੋਣਗੇ
ਅਸੀਂ ਰਹਿਣ ਨਹੀਂ ਦਿਆਂਗੇ
ਸ਼ਕਤੀਆਂ ਦੀ ਵੰਡ ਵਾਲਾ
ਆਦਿ ਕਾਲ ਦਾ
ਚਿੜੀਆਂ ਅਤੇ ਬਾਜ਼ਾਂ ਦਾ ਮੁਹਾਵਰਾ
ਕਿਉਂਕਿ ਇਸ ਮੁਹਾਵਰੇ ਦੀ
ਲੋੜ ਹੀ ਨਹੀਂ ਰਹੇਗੀ।
ਸਾਡੀ ਇਸ ਜ਼ਮੀਨ ਉਤੇ
ਸ਼ੇਰ ਵੀ ਹੋਵੇਗਾ, ਬੱਕਰੀ ਵੀ
ਪਰ ਇਹ ਕਹਿਣ ਦੀ ਲੋੜ
ਸਾਨੂੰ ਕਦੇ ਨਹੀਂ ਹੋਵੇਗੀ
ਕਿ ਸ਼ੇਰ ਅਤੇ ਬੱਕਰੀ
ਇਕੋ ਘਾਟ ਪਾਣੀ ਪੀਣਗੇ
ਕਿਉਂਕਿ ਉਹ ਤਾਂ ਪੀਣਗੇ ਹੀ
ਪਸ਼ੂ ਪੀਣ, ਨਾ ਪੀਣ
ਮਨੁੱਖ ਜ਼ਰੂਰ ਪੀਣਗੇ
ਮਨੁੱਖ ਲਈ
ਸ਼ੇਰ ਅਤੇ ਬੱਕਰੀ ਦੀ ਉਪਮਾ
ਅਸੀਂ ਜੀਵਨ ਵਿਚੋਂ ਕੱਢ ਦਿਆਂਗੇ
ਇਹ ਮਨੁੱਖ ਦੀ ਹੱਤਕ ਹੈ
ਮਨੁੱਖਤਾ ਦੀ ਹੱਤਕ।
ਜਦੋਂ ਅਸੀਂ ਆਵਾਂਗੇ
ਸਾਡਾ ਇਤਿਹਾਸ ਵੀ ਹੋਵੇਗਾ
ਗੌਰਵਮਈ ਮਿਥਿਹਾਸ ਵੀ
ਪਰ ਇਹ ਸਾਨੂੰ ਦੇਖਦੇ ਸਾਰ
ਫੁੱਟ ਫੁੱਟ ਰੋ ਪੈਣਗੇ
ਜਿਵੇਂ ਕੋਈ ਜ਼ਖ਼ਮੀ ਜਾਂ ਦੁਖੇ ਹੋਏ ਦਿਲਾਂ ਵਾਲੇ
ਆਪਣਿਆਂ ਪਿਆਰਿਆਂ ਨੂੰ
ਦੇਖ ਕੇ ਰੋ ਪੈਂਦੇ ਹਨ
ਅਸੀਂ ਇਹਨਾਂ ਦੇ ਟੁੱਟੇ ਹੋਏ
ਅੰਗ ਤੇ ਹੱਡੀਆਂ ਜੋੜਾਂਗੇ
ਮੁਹਾਂਦਰੇ ਸੰਵਾਰਾਂਗੇ
ਤੇ ਇਨ੍ਹਾਂ ਨੂੰ ਪੂਰੀ ਕੌਮ ਦੇ
ਵਿਚਕਾਰ ਰੱਖ ਦਿਆਂਗੇ
ਰੌਸ਼ਨੀ ਲਈ
ਮਹਿਕ ਲਈ
ਭਵਿੱਖ ਵਲ ਪੈਰ ਪੁੱਟਣ ਲਈ
ਗੌਰਵ ਲਈ
ਵਿਕਾਸ ਲਈ
ਮਨੁੱਖ ਦੇ ਬੰਧਨ ਕੱਟਣ ਲਈ
ਸਦੀਆਂ ਤੋਂ ਇਹ ਦੁਸ਼ਮਣਾਂ ਦੀਆਂ
ਕਤਲਗਾਹਾਂ ਵਿਚ ਰਹੇ ਹਨ।
ਜਦੋਂ ਅਸੀਂ ਆਵਾਂਗੇ
ਚੁੱਲ੍ਹੇ ਵਿਚ ਪੱਕ ਰਹੀ
ਰੋਟੀ ਦੀ ਖ਼ੁਸ਼ਬੋਈ
ਸਾਰੇ ਘਰ ਵਿਚ ਫੈਲੀ ਹੋਵੇਗੀ
ਕਰਜ਼ਿਆਂ ਦੇ ਭਾਰ ਹੇਠ
ਇਹ ਦੱਬੀ ਨਹੀਂ ਹੋਵੇਗੀ,
ਤੀਰਾਂ ਦੀਆਂ ਨੋਕਾਂ ਨਾਲ
ਇਕ ਦੂਜੇ ਦੇ ਸੀਨੇ
ਲਹੂ ਲੁਹਾਨ ਨਹੀਂ ਹੋਣਗੇ
ਸਗੋਂ, ਤੀਰਾਂ ਦੀਆਂ ਨੋਕਾਂ ਨਾਲ
ਕਵੀ ਕਵਿਤਾ ਲਿਖਣਗੇ
ਤਲਵਾਰ, ਲਹੂ ਵਿਚ ਭਿੱਜਣ ਨਾਲ
ਸ਼ਰਮ ਮਹਿਸੂਸ ਕਰੇਗੀ
ਅਤੇ, ਉਹ ਹਲ ਦੀ ਮਦਦ ਲਈ-
ਧਰਤੀਆਂ ਨੂੰ ਫ਼ਸਲਾਂ
ਅਤੇ ਫੁੱਲਾਂ ਨਾਲ ਮਹਿਕਾਣ ਲਈ-
ਖੇਤਾਂ ਵਿਚ ਪੁੱਜ ਜਾਵੇਗੀ
ਜਦੋਂ ਅਸੀਂ ਆਵਾਂਗੇ
ਜਦੋਂ ਅਸੀਂ ਆਵਾਂਗੇ।
(10 ਫਰਵਰੀ 1986
''ਜਦੋਂ ਅਸੀਂ ਆਵਾਂਗੇ'' ਵਿਚੋਂ)
ਦੋ ਜਿੰਦਾਂ ਨਿਰਦੋਸੀਆਂ
(ਰੋਜ਼ਨਬਰਗ ਅਮਰੀਕੀ ਜੋੜੇ ਦੀ ਸ਼ਹਾਦਤ 'ਤੇ)
ਸੋਆਂ ਆਈਆਂ ਉੱਡ ਕੇ- ਨਾਗ ਸ਼ੂਕਦੇ ਜ਼ਹਿਰ!
''ਕਹਿਰ ਵੇ ਲੋਕਾ, ਕਹਿਰ!''
ਸੁਣ ਤੜਫ਼ੀ ਮਾਨੁੱਖਤਾ :
ਉਂਨੀਂ ਸੌ ਤਿਰਵੰਜਵਾਂ, ਸੰਨ, ਤੇ ਉੱਨੀਂ ਜੂਨ।
ਧਰਤੀ ਉੱਤੋਂ ਵਾਰਿਆ, ਦੋ ਜਿੰਦਾਂ ਨੇ ਖ਼ੂਨ।
ਦੋ ਜਿੰਦਾਂ ਚੋਂ ਲਹਿਰ ਗਈ ਬਿਜਲੀ ਦੀ ਝਰਨਾਟ।
ਲੰਘ ਗਈ ਸਾਰੇ ਜੱਗ ਦੇ ਸੀਨੇ ਵਿਚੋਂ ਲਾਟ।
ਦੋ ਜਿੰਦਾਂ ਨਿਰਦੋਸੀਆਂ- ਮਾਨੁੱਖਤਾ ਦਾ ਮਾਣ।
ਇਕ ਧਰਤੀ ਵਿਸ਼ਵਾਸ਼ ਦੀ, ਇਕ ਅਣਖਾਂ ਦਾ ਅਸਮਾਨ।
'ਜੂਲੇ' ਰੱਖਿਆ ਮਰਦ ਦੇ ਸਿਰ ਅਣਖਾਂ ਦਾ ਤਾਜ।
ਰਖ ਲਈ 'ਈਥਲ' ਨਾਰ ਨੇ ਕੁਲ ਨਾਰੀ ਦੀ ਲਾਜ।
ਸੋਆਂ ਆਈਆਂ ਉੱਠ ਕੇ, ਸੱਤ ਸਮੁੰਦਰੋਂ ਦੂਰ:
ਸੂਲੀ ਚਾੜ੍ਹੇ ਹੱਕ ਲਈ, ਫਿਰ ਈਸਾ ਮਨਸੂਰ।
ਬੁਲ੍ਹ ਹਿੰਸਾ ਦੇ ਲਿੱਬੜੇ, ਲਹੂ ਨਿਦੋਸੇ ਨਾਲ।
ਜ਼ਖ਼ਮੀ ਹੋ ਕੇ ਤੜਫਿਆ, ਬੁਧ, ਨਾਨਕ ਦਾ ਖ਼ਿਆਲ।
ਸੱਚ ਦਾ ਚੰਨ ਦਿਖਾਣ ਲਈ, ਵਿਚ ਮੱਸਿਆ ਦੀ ਰਾਤ।
ਭਰ ਕੇ ਪਿਆਲਾ ਜ਼ਹਿਰ ਦਾ, ਮੁੜ ਪੀਤਾ ਸੁਕਰਾਤ।
ਅਜ ਮਨ 'ਤੇ ਚੜ੍ਹਿਆ ਭਗਤ ਸਿੰਘ, ਕਰਤਾਰ-ਸਰਾਭਾ ਜੁਆਨ।
ਮੁੜ ਕੇ ਬਜ ਬਜ ਘਾਟ ਨੂੰ, ਹੈ ਗੋਲੀਆਂ ਦਿੱਤਾ ਛਾਣ।
ਅਜ ਅੱਖਾਂ ਅੱਗੇ ਆ ਗਏ, ਜੇਲ੍ਹੀਂ ਸੜਦੇ ਵੀਰ।
ਡਾਂਗਾਂ ਭੰਨੇ ਗ਼ਦਰੀਏ- ਲਾਸਾਂ-ਵਿੜ੍ਹੇ ਸਰੀਰ।
ਟਿਕਟਿਕੀਆਂ ਨੇ ਲੱਗੀਆਂ, ਗੋਰੇ ਭਰੇ ਜਨੂਨ।
ਮੁੜ ਜੱਲ੍ਹਿਆਂਵਾਲੇ ਬਾਗ ਦੇ ਹੈ ਮੂੰਹ 'ਤੇ ਵਗਿਆ ਖ਼ੂਨ।
ਸੋਆਂ ਆਈਆਂ ਉੱਡ ਕੇ, ਸੱਤ ਸਮੁੰਦਰੋਂ ਪਾਰ:
ਫੜ ਕੇ ਪਾਏ ਪਿੰਜਰੇ, ਪੰਛੀ ਭਰੇ ਪਿਆਰ।
ਇਹ ''ਸਿੰਗ ਸਿੰਗ''* ਦਾ ਪਿੰਜਰਾ, ਜਿੱਥੇ ਕਸ਼ਟ ਹਜ਼ਾਰ।
ਡੱਕੇ ਵੱਖੋ ਵੱਖਰੇ ਪਤਨੀ ਤੇ ਭਾਤਾਰ।
ਸਾਮਰਾਜ ਦੀ ਛਾਂ ਵਿਚ- ਜੀਣ, ਮੌਤ ਵਿਚਕਾਰ।
ਜਾਲੀਆਂ ਪਿੱਛੇ ਝੂਰਦੇ ਨੈਣ ਵਿਚਾਰੇ ਚਾਰ।
ਇਕ ਪ੍ਰੇਮੀ, ਇੱਕ ਪ੍ਰੇਮਿਕਾ- ਇਕ ਗਭਰੂ, ਇਕ ਨਾਰ।
ਦੇਖੋ, ਮਿਲ ਨਹੀਂ ਸਕਦੇ, ਇਕ ਪਲ ਜਾਂਦੀ ਵਾਰ!
ਪੰਛੀ ਪਾਏ ਪਿੰਜਰੇ, ਉਡਦੇ ਖੰਭ ਖਿਲਾਰ।
ਖੁਲ੍ਹੇ, ਨੀਲੇ ਅੰਬਰੋਂ ਵਰਜੀ ਕਿਉਂ ਉਡਾਰ?
ਇਸ ਵਿਚ ਲੋਕਾ, ਭੋਲਿਆ, ਲੁਕਵੀਂ ਨਾ ਕੋਈ ਸਾਰ।
ਸੀ ਜੋੜੇ ਨੇ ਸੋਚਿਆ- ਹੱਕ ਸੋਚਣ ਦਾ ਇਕਸਾਰ।
ਅਮਨ, ਅਜ਼ਾਦੀ, ਉੱਨਤੀ ਹੋਵੇ ਵਿਚ ਸੰਸਾਰ।
ਮੁੱਕੇ ਪਤਝੜ ਚੰਦਰੀ- ਆਵੇ ਸਦਾ ਬਹਾਰ।
ਇਹ ਸੋਚਣ ਦੇ ਦੋਸ ਤੋਂ, ਘੜ ਲਏ ਝੂਠੇ ਦੋਸ਼।
ਸਾਮਰਾਜੀਏ, ਭੂਤਨੇ, ਗੁਆ ਕੇ ਬੈਠੇ ਹੋਸ਼।
ਹਾ ਦਾ ਨਾਹਰਾ ਮਾਰਦੇ, ਸਾਰੇ ਲੋਕ ਮਹਾਨ।
''ਇਹ ਜਿੰਦਾਂ ਨਿਰਦੋਸੀਆਂ'' ਆਖੇ ਕੁਲ ਜਹਾਨ।
ਆਈਜ਼ਨਹਾਵਰ ਚੰਦਰੇ ਸੁਣੀ ਨਾ ਇੱਕ ਪੁਕਾਰ।
ਕਰਦੇ ਨਿਕੇ ਬੱਚੜੇ, ਭਾਵੇਂ ਉਸਦੀ ਨਾਰ।
ਸੀ ਡਾਲਰ ਦੇ ਦੈਂਤ ਦੇ ਸਿਰ 'ਤੇ ਲਹੂ ਸਵਾਰ।
ਲੋਕ-ਰਾਏ ਨੂੰ ਮਿਧ ਕੇ ਲੰਘ ਗਿਆ ਹੰਕਾਰ।
ਦੋ ਜਿੰਦਾਂ ਨੂੰ ਲੂਹ ਗਈ, ਛੁਹ ਬਿਜਲੀ ਦੀ ਤਾਰ।
ਚੋਈ ਰੱਤ ਨਿਆਉਂ ਦੀ, ਮਿਰਕਣ ਦੇ ਦਰਬਾਰ।
............................................................................
(*ਸਿੰਗ ਸਿੰਗ ਜੇਲ੍ਹ ਦਾ ਨਾਮ ਹੈ)
ਰੋਜ਼ਨਬਰਗੋ, ਸਾਥੀਓ, ਮੈਂ ਹਾਂ ਤੁਹਾਡੇ ਨਾਲ।
ਵਗ ਪਈ ਤੁਹਾਡੇ ਲਹੁ ਦੀ ਮੂੰਹ 'ਤੇ ਮੇਰੇ ਘਰਾਲ।
ਖ਼ਬਰ ਤੁਹਾਡੀ ਮੌਤ ਦੀ ਗਈ ਹਿਮਾਲਾ ਚੀਰ।
ਗੰਗਾ, ਜਮਨਾ, ਰਾਵੀਆਂ ਹੋ ਗਈਆਂ ਦਿਲਗੀਰ।
ਈਥਲ- ਭੈਣੇ ਮੇਰੀਏ! ਜੂਲੇ- ਮੇਰੇ ਵੀਰ!
ਤੁਸੀਂ ਹੋ ਮੇਰੇ ਆਪਣੇ- ਇਕ ਰਾਂਝਾ, ਇੱਕ ਹੀਰ।
ਅਸੀਂ ਨਾ ਧੋਣੀ, ਸਾਥੀਓ, ਰੋ ਰੋ ਖਾਰੇ ਨੀਰ-
ਡੋਲ੍ਹ ਪਵਿੱਤ੍ਰ ਲਹੂ ਜੋ ਖਿੱਚੀ ਤੁਸੀਂ ਲਕੀਰ:
ਇਕ ਅਮਰੀਕਾ ਚੰਦਰਾ, ਜਿਥੇ ਵਸੇ ਹੰਕਾਰ।
ਇਕ ਅਮਰੀਕਾ ਪਿਆਰੜਾ, ਜਿਨੂੰ ਸਾਰੇ ਜਗ ਦਾ ਪਿਆਰ।
ਇਕ ਅਮਰੀਕਾ ਤ੍ਰੱਕਿਆ- ਵਸਦੇ ਨੇ ਸ਼ੈਤਾਨ।
ਇਕ ਅਮਰੀਕਾ ਮਹਿਕਦਾ- ਸਾਇੰਸ, ਹੁਨਰ, ਗਿਆਨ।
ਇੱਕ ਅਮਰੀਕਾ ਸੜ ਰਿਹਾ- ਵਸਦੇ ਕਾਲੇ ਨਾਗ।
ਇਕ ਅਮਰੀਕਾ ਟਹਿਕਦਾ- ਕਵਿਤਾ, ਨਾਟਕ, ਰਾਗ।
ਇਕ ਅਮਰੀਕਾ ਕਰ ਰਿਹਾ ਐਟਮ ਬੰਬ ਤਿਆਰ।
ਇਕ ਅਮਰੀਕਾ ਜਨਮਦਾ ਅਮਨਾਂ ਦੇ ਅਵਤਾਰ।
ਇਕ ਅਮਰੀਕਾ ਮਰ ਰਿਹਾ, ਜਿਉਂ ਪਾਣੀ 'ਤੇ ਲੀਕ।
ਇਕ ਨੇ ਜੀਊਣਾ, ਸਾਥੀਓ, ਰਹਿੰਦੀ ਦੁਨੀਆਂ ਤੀਕ।
ਆਂਚ ਨ ਕੋਈ ਸੱਚ ਨੂੰ, ਝੂਠ ਨ ਹੁੰਦੇ ਪੈਰ।
ਹੈ ਜਬਰਾਂ ਲਈ ਜਾਗਿਆ ਦਿਲਾਂ ਦਿਲਾਂ ਚੋਂ ਵੈਰ।
ਓੜਕ ਹੋਣੇ ਫ਼ੈਸਲੇ, ਦੁੱਧੋਂ ਪਾਣੀ ਛਾਣ।
ਚੰਨ ਦੇ ਉੱਤੇ ਥੁੱਕਿਆ, ਮੂੰਹ 'ਤੇ ਪੈਂਦਾ ਆਣ।
ਅਸੀਂ ਨ ਰੋਈਏ ਸਾਥੀਓ, ਨਾ ਹੋਈਏ ਦਿਲਗੀਰ।
ਬਦਲਾ ਤੁਹਾਡੇ ਲਹੂ ਦਾ, ਲੈਣਾ ਅਸੀਂ ਅਖ਼ੀਰ।
ਭਾਵੇਂ ਪੂਰਬ ਰੁਮਕਿਆ, ਯਾ ਪੱਛਮ ਦਾ ਸਾਹ।
ਭਾਵੇਂ ਉੱਤਰ, ਦੱਖਣੋਂ- ਵਗਦੀ ਇੱਕ ਹਵਾ।
ਕਿਸੇ ਦਿਸ਼ਾ ਤੋਂ ਵਗਦੀ- ਵਗਦੀ ਇੱਕੋ ਪੌਣ।
ਫਿਰ ਹੋਣੀ ਨੂੰ ਹੋਣ ਤੋਂ, ਰੋਕਣ ਵਾਲਾ ਕੌਣ?
ਹਥ ਹੋਣੀ ਦੇ ਰੱਤੜੇ, ਸੱਜ-ਵਿਆਹੀ ਵਾਂਗ।
ਪਲ ਪਲ ਗੂਹੜੀ ਹੋ ਰਹੀ, ਅਜ ਧਰਤੀ ਦੀ ਮਾਂਗ।
ਨਿਤ ਨਿਤ ਖੇਡਣ ਸੂਰਮੇ, ਹੋਲੀ ਲਹੂਆਂ ਨਾਲ।
ਕਿਉਂ ਨਾ ਓੜਕ ਹੋਇਗੀ ਸਾਰੀ ਧਰਤੀ ਲਾਲ?
(''ਪੱਤਝੜੇ ਪੁਰਾਣੇ'' ਵਿਚੋਂ)
ਏਸ਼ੀਆ
ਪਹੁ ਫੁਟੀ ਮੱਥੇ 'ਤੇ ਮੇਰੇ,ਨੂਰ ਸਰਘੀ ਨੇ ਵਰ੍ਹਾਇਆ।
ਰੱਤੀਆਂ ਕਿਰਨਾਂ ਨੇ ਆ ਕੇ,
ਮੇਰੇ ਨੈਣਾਂ ਨੂੰ ਜਗਾਇਆ।
ਦੂਰ ਹੋਈਆਂ ਆਲਸਾਂ,
ਮੈਂ ਉੱਠਿਆ- ਤੂਫ਼ਾਨ ਆਇਆ।
ਜਾਪਿਆ ਫ਼ੌਲਾਦ ਵਰਗਾ ਮੇਰਾ ਅਪਣਾ ਤਾਣ ਮੈਨੂੰ।
ਆਪਣੇ ਹੀ ਢਿਡ ਅੰਦਰ
ਕਿਸ ਨੇ ਕਾਤੀ ਹੈ ਖੁਭਾਈ?
ਏਸ਼ੀਆਈਆਂ ਨਾਲ ਹੈ ਨਹੀਂ
ਏਸ਼ੀਆਈਆਂ ਦੀ ਲੜਾਈ।
ਹੈ ਉਨ੍ਹਾਂ ਦੇ ਨਾਲ ਮੇਰੀ,
ਜਿਹਨਾਂ ਏਥੇ ਲੁੱਟ ਪਾਈ।
ਸੱਭਿਤਾ ਲਹੂਆਂ 'ਤੇ ਪਲਦੀ ਆਏ ਜੋ ਸਿਖਲਾਣ ਮੈਨੂੰ।
ਜਾਗ ਉੱਠੇ ਮੇਰੇ ਕੱਲਰ,
ਵਾਦੀਆਂ, ਮੈਦਾਨ, ਝੱਲਾਂ।
ਨੀਲ, ਗੰਗਾ, ਵਾਲਗਾ,
ਯੰਗਸੀ, ਝਨਾ ਨੂੰ ਪੈਣ ਛੱਲਾਂ।
ਕਰਨ ਮੇਰੇ ਰਾਹ ਦੇ ਕਿਣਕੇ,
ਤਾਰਿਆਂ ਦੇ ਨਾਲ ਗੱਲਾਂ।
ਅੰਬਰਾਂ ਨੂੰ ਛੋਹ ਕੇ ਪਰਬਤ ਮੇਰੇ ਉਚਿਆਣ ਮੈਨੂੰ।
ਜਦੋਂ ਤੀਕਰ ਧਰਤੀਆਂ ਨੇ,
ਘੁੰਮਣਾ ਸੂਰਜ ਦੁਆਲੇ।
ਤੁੰਬਦੀ ਬਿਜਲੀ ਹੈ ਬੱਦਲ
ਜਿਸ ਤਰ੍ਹਾਂ ਘਨਘੋਰ ਕਾਲੇ।
ਰਹਿਣਗੇ ਭਿੜਦੇ ਜਬਰ ਦੇ
ਨਾਲ ਬੰਦੇ ਅਣਖ ਵਾਲੇ।
ਲੀਕ ਹੈ ਪੱਥਰ 'ਤੇ, ਐਵੇਂ ਜਾਣ ਨਾ ਅਣਜਾਣ ਮੈਨੂੰ।
ਹੁੰਦੀਆਂ ਨੇ ਸਰਘੀਆਂ ਨਿਤ,
ਨ੍ਹੇਰਿਆਂ ਦੀ ਕੁੱਖ ਵਿਚੋਂ।
ਜਾਗਣਾ ਹੈ ਕ੍ਰਾਂਤੀਆਂ ਨੇ,
ਹਰ ਕਿਸੇ ਦੀ ਭੁੱਖ ਵਿਚੋਂ।
ਸਿਰਜਣਾ ਨਵ-ਜੁਗ ਦੀ ਹੋਣੀ,
ਸਰਬ-ਸਾਂਝੇ ਦੁੱਖ ਵਿਚੋਂ।
ਜਿੰਦਗੀ ਦੀ ਮੱਸਿਆ 'ਤੇ ਚੰਨ ਨਜ਼ਰੀਂ ਆਣ ਮੈਨੂੰ।
(ਲੰਮੀ ਕਵਿਤਾ ਵਿਚੋਂ ਕੁਝ ਅੰਸ਼)
''ਪੱਤਝੜੇ ਪੁਰਾਣੇ'' ਵਿਚੋਂ
ਨਿਸਚਾ
ਉੱਡਿਆ ਪਹੁ-ਹੰਸਖੰਭਾਂ ਨੂੰ ਖਿਲਾਰ
ਨ੍ਹੇਰ-ਕਾਗਾਂ ਦੇ ਪਰੀਂ
ਸੌਂ ਗਈ ਉਡਾਰ,
ਛਣ ਰਹੀ ਹੈ
ਕੂੜ-ਕਾਲੀ ਮੱਸਿਆ,
ਦੇਖ ਸਾਥੀ, ਦੇਖ
ਮੰਜ਼ਲ ਦੀ ਨੁਹਾਰ।
ਰਾਮ, ਈਸਾ, ਬੁੱਧ,
ਨਾਨਕ ਦੀ ਉਮੰਗ,
ਧੜਕ ਪਈ ਚਹੁੰ ਕੂੰਟ
ਬਣ ਜੀਵਨ ਦੀ ਮੰਗ,
ਪਿਆਰ, ਮਿੱਤਰਤਾ,
ਸਦੀਵੀ ਸ਼ਾਂਤੀ,
ਲੋਚਦੇ ਧਰਤੀ ਦੇ
ਪੀੜੋ-ਪੀੜ ਅੰਗ।
ਅੱਜ ਨਿੰਮੋਝੂਣ
ਹੋਈਆਂ ਦੂਰੀਆਂ,
ਧਰਤ-ਟੋਟੇ ਦੇਖ
ਹੱਦਾਂ ਝੂਰੀਆਂ,
ਅੱਜ ਨਾ ਰਸਤੇ
ਹਿਮਾਲੇ ਰੋਕਦੇ,
ਅੱਜ ਤਾਂ ਸਾਂਝਾਂ ਨੂੰ
ਉੱਠਣ ਲੂਹਰੀਆਂ।
ਮਾਸਕੋ ਦਾ ਚੌਕ
ਲਹੂਆਂ-ਰੱਤੜਾ,
ਜਲ੍ਹਿਆਂਵਾਲੇ ਨੂੰ
ਪੁੱਛੇ ਦੁੱਖੜਾ,
ਪੀੜ ਦਿੱਲੀ ਨੂੰ
ਤਾਂ ਪੀਕਿੰਗ ਹੂੰਗਰੇ,
ਦਿਸ ਪਿਆ ਹੋਣੀ ਦਾ
ਉੱਜਲ ਮੁੱਖੜਾ।
ਕਹਿ ਰਹੀ ਧਰਤੀ
ਰਬੜ ਤੇ ਟੀਨ ਦੀ,
ਤੇ ਸ਼ਹੀਦਾਂ ਦੀ ਪਹਾੜੀ
ਚੀਨ ਦੀ,
ਇਸ਼ਕ ਸਾਡਾ ਸੁਰਖ਼ਰੂ
ਹੋਇਆ ਜਦੋਂ,
ਰੀਤ ਨਾ ਧਰਤੀ 'ਤੇ ਰਹਿਣੀ
ਈਨ ਦੀ।
ਦੇਖ, ਹਰ ਕਿਣਕੇ 'ਚੋਂ
ਸੁਰਜ ਲਿਸ਼ਕਿਆ,
ਦੇਖ, ਹਰ ਕਤਰਾ
ਸਮੁੰਦਰ ਬਣ ਰਿਹਾ,
ਜਾਗ ਉੱਠੀ ਜਨਤਾ
ਬਲ ਧਾਰ ਕੇ, ਦੇਖ ਫਿਰ ਗਗਨੀਂ
ਦਮਾਮਾ ਵੱਜਿਆ।
ਅੱਜ, ਪੈਰਾਂ ਨੂੰ ਅਸਾਡੇ
ਹਾਣੀਆਂ!
ਰਾਹ ਦਿੱਤੇ ਸਾਗਰਾਂ ਦੇ ਪਾਣੀਆਂ,
ਜੰਨ ਲੈ ਕੇ
ਚੰਨ ਉਤੇ ਢੁੱਕਣਾ,
ਇਹ ਦਲੀਲਾਂ
ਸਾਡੇ ਦਿਲ ਨੇ ਠਾਣੀਆਂ।
ਉੱਡਿਆ ਪਹੁ-ਹੰਸ
ਖੰਭਾਂ ਨੂੰ ਖਿਲਾਰ,
ਨ੍ਹੇਰ-ਕਾਗਾਂ ਦੇ ਪਰੀਂ
ਸੌਂ ਗਈ ਉਡਾਰ,
ਛਣ ਰਹੀ ਹੈ
ਕੂੜ-ਕਾਲੀ ਮੱਸਿਆ,
ਦੇਖ ਸਾਥੀ, ਦੇਖ
ਮੰਜ਼ਲ ਦੀ ਨੁਹਾਰ।
(ਮਾਰਚ 1956
''ਬਿਰਹੜੇ'' ਵਿਚੋਂ)
ਉਠ ਰਿਹੈ ਮਿਲ ਕੇ ਕਦਮ ਇਨਸਾਨ ਦਾ!
ਕੰਬੀਆਂ, ਜੱਦੀ ਜਗੀਰਾਂ, ਕੰਬੀਆਂ,ਕੰਬੀਆਂ, ਜਨਮਾਂ ਦੀਆਂ ਮਲਕੀਅਤਾਂ,
ਕੰਬੀਆਂ ਆਕਾਸ਼ ਦੀ ਛਾਤੀ 'ਚ ਖੁਭੀਆਂ ਚਿਮਨੀਆਂ,
ਚੂਸ ਕੇ ਰੱਤਾ ਲਹੂ ਇਨਸਾਨ ਦਾ,
ਭਸਮ ਕਰ ਕੇ ਆਂਦਰਾਂ,
ਜੋ ਅੰਬਰਾਂ ਵਿਚ,
ਬੱਦਲਾਂ ਦੇ ਪਰਦਿਆਂ ਦੇ ਉਹਲਿਆਂ ਵਿਚ ਛਡਦੀਆਂ।
ਤੇ ਗੁਨਾਹ ਦੇ ਕੰਬਦੇ ਕਾਲੇ ਸਿਆਹ ਅਹਿਸਾਸ ਨੂੰ,
ਇਕ ਜ਼ਮਾਨੇ ਦੀ ਸਿਆਹ ਕਰਤੁਤ ਨੂੰ,
ਇਨਸਾਫ ਦੀ ਅੱਖੋਂ ਛੁਪਾਵਣ ਵਾਸਤੇ,
ਬੱਦਲਾਂ ਦੇ ਪਰਦਿਆਂ ਦੇ ਉਹਲਿਆਂ ਵਿਚ ਛੱਡਦੀਆਂ,
ਕੰਬੀਆਂ, ਆਕਾਸ਼ ਦੀ ਛਾਤੀ 'ਚ ਖੁਭੀਆਂ ਚਿਮਨੀਆਂ,
ਉਠ ਰਿਹੈ ਮਿਲ ਕੇ ਕਦਮ ਇਨਸਾਨ ਦਾ।
ਵਧ ਰਿਹੈ ਮਿਲ ਕੇ ਕਦਮ ਇਨਸਾਨ ਦਾ!
ਡੋਲੀਆਂ ਨੀਹਾਂ ਸ਼ਹਿਨਸ਼ਾਹੀ ਦੀਆਂ,
ਡੋਲੀਆਂ, ਮਾਸੂਮ ਧਰਤੀ ਦੀ ਕੁਆਰੀ ਹਿੱਕ 'ਤੇ
ਜੰਮੀਆਂ ਹੋਈਆਂ ਜੁਗ-ਜੁਗਾਂ ਤੋਂ ਚੌਕੀਆਂ ਚਾਂਦੀ ਦੀਆਂ,
ਡੋਲੀਆਂ ਨੇ ਬੁਰਜੀਆਂ ਕਿਲਿਆਂ ਦੀਆਂ, ਮਹਿਲਾਂ ਦੀਆਂ,
ਕੰਬੀਆਂ ਹਨ ਕਿੰਗਰੀਆਂ ਤੇ ਕਲਗੀਆਂ ਤਾਜਾਂ ਦੀਆਂ,
ਜਾਗ ਪਏ ਰਾਹਾਂ ਦੇ ਕਿਣਕੇ, ਬਣ ਵਰੋਲੇ ਉੱਡਦੇ,
ਵਧ ਰਿਹੈ ਮਿਲ ਕੇ ਕਦਮ ਇਨਸਾਨ ਦਾ!
ਤੇਜ਼ ਹੁੰਦਾ ਜਾ ਰਿਹੈ ਮਿਲ ਕੇ ਕਦਮ ਇਨਸਾਨ ਦਾ!
ਮੌਤੇ ਨੇੜੇ ਢੁੱਕਦੀ ਮਹਿਸੂਸਦਾ ਹੈ ਸਾਮਰਾਜ,
ਅੰਤਲੇ ਸਾਹਾਂ ਤੇ ਠੰਡਾ ਹੋ ਰਿਹਾ ਇਕ-ਪੁਰਖ-ਰਾਜ,
ਰਾਜ ਦਹਿਲੇ, ਰਾਜ-ਪਰਮੁਖ ਦਹਿਲ ਗਏ,
ਦਹਿਲੀਆਂ ਜਨਮਾਂ ਦੀਆਂ ਮਲਕੀਅਤਾਂ,
ਦਹਿਲ ਗਈਆਂ 'ਬਾਕੀਆਂ' ਬੈਂਕਾਂ ਦੀਆਂ,
ਚੋਰ ਦਹਿਲੇ,
ਦਹਿਲ ਗਈਆਂ ਮੰਡੀਆਂ ਚੋਰਾਂ ਦੀਆਂ,
ਮਾਇਆਵਾਦੀ ਅਨਸਰਾਂ ਦੇ ਮੂੰਹ 'ਤੇ ਮਿੱਟੀ ਪੈ ਰਹੀ
ਜਿਉਂ ਕਬਰ ਵਿਚ ਲਾਸ਼ ਲੁਕਦੀ ਜਾ ਰਹੀ
ਤੇਜ਼ ਹੁੰਦਾ ਜਾ ਰਿਹੈ ਮਿਲ ਕੇ ਕਦਮ ਇਨਸਾਨ ਦਾ!
ਮੰਜ਼ਲ ਦੇ ਨੇੜੇ ਹੋ ਰਿਹੈ ਮਿਲ ਕੇ ਕਦਮ ਇਨਸਾਨ ਦਾ!
ਅਰਬਾਂ ਦਿਲਾਂ ਦੇ ਖ਼ੂਨ ਦੀ ਲਾਲੀ 'ਚ ਡੁੱਬੇ ਨੇ ਅਕਾਸ਼,
ਕਰਦੀਆਂ ਸੁਆਗਤ ਜੁਆਨਾਂ ਦਾ ਸਵੇਰਾਂ ਸੁੱਚੀਆਂ,
ਡੁਲ੍ਹੀਆਂ ਰਾਹਾਂ 'ਚ ਕਿਰਨਾਂ ਕੇਸਰੀ ਤੇ ਕੁਆਰੀਆਂ।
ਦੇਖ ਅਪਣੇ ਮਹਿਰਮਾਂ ਨੂੰ ਮੁਸਕ੍ਰਾਈਆਂ ਧਰਤੀਆਂ,
ਦੇਖ ਅਪਣੇ ਹਾਣੀਆਂ ਨੂੰ ਲਹਿਲਹਾਈਆਂ ਪੈਲੀਆਂ,
ਦੇਖ ਅਪਣੇ ਲਾੜਿਆਂ ਨੂੰ ਲਚਕ ਪਈਆਂ ਬੱਲੀਆਂ,
ਰੁਮਕ ਪਈ ਸਜਰੀ ਹਵਾ,
ਔਹ ਰਲ ਕੇ ਚਿੜੀਆਂ ਚਹਿਕੀਆਂ:
''ਅਜ ਸਾਡੀ, ਕੱਲ੍ਹ ਸਾਡੀ, ਕੱਲ੍ਹ ਦੀ ਵੀ ਕੱਲ੍ਹ ਸਾਡੀ-
ਗਏ ਹਨੇਰੇ ਰਾਤ ਦੇ,
ਹੁਣ ਨੂਰ ਹੈ ਪਰਭਾਤ ਦਾ।
ਮੰਜ਼ਲ ਦੇ ਨੇੜੇ ਹੋ ਰਿਹੈ ਮਿਲ ਕੇ ਕਦਮ ਇਨਸਾਨ ਦਾ।''
(''ਪੱਤਝੜੇ ਪੁਰਾਣੇ'' ਵਿਚੋਂ)
ਸਨਮਾਨ
ਕਿੰਨਾ ਵੱਡਾ ਸਨਮਾਨ ਹੈ ਇਹਜਿਹੜੇ ਆਕਾਸ਼ ਦੀ ਛੱਤ ਥੱਲੇ ਸੌਂਦੇ ਹਨ
ਧਰਤੀ ਦੇ ਵਿਛੌਣੇ ਉਤੇ
ਉਨ੍ਹਾਂ ਦੇ ਨਾਲ ਹੋਣਾ
ਤੇ ਉਹਨਾਂ ਦੀਆਂ ਅੱਖਾਂ ਵਿਚੋਂ
ਇਸ ਸੰਸਾਰ ਨੂੰ ਦੇਖਣਾ।
ਕਿੰਨਾ ਵੱਡਾ ਸਨਮਾਨ ਹੈ ਇਹ
ਬਾਨਰਾਂ ਦੀ ਸੈਨਾ ਨਾਲ
ਲੰਕਾ ਵਲ ਜਾਣਾ
ਤੇ ਪਾਵੇ ਨਾਲ ਬੱਝੇ ਹੋਏ
ਕਾਲ ਨੂੰ ਛੁਡਾਣਾ।
ਕਿੰਨਾ ਵੱਡਾ ਸਨਮਾਨ ਹੈ ਇਹ
ਸਾਰੀ ਰਾਤ ਜਾਗਣਾ
ਲੋਕਾਂ ਨੂੰ ਜਗਾਣਾ
ਆਪ, ਆਪਣੀ ਮਰਜ਼ੀ ਨਾਲ
ਪਹਿਰੂਆ ਬਣ ਜਾਣਾ
ਤੇ ਸਾਰੀ ਰਾਤ ਹੋਕੇ ਲਾਣਾ।
ਕਿੰਨਾ ਵੱਡਾ ਸਨਮਾਨ ਹੈ ਇਹ
ਹੱਦਾਂ ਅਤੇ ਬੰਨਿਆਂ ਤੋਂ
ਉੱਚਾ ਉਠ ਜਾਣਾ
ਤੇ ਚੰਨਾਂ ਅਤੇ ਸੂਰਜਾਂ ਦੇ
ਨਾਲ ਸਾਂਝ ਪਾਣਾ।
ਕਿੰਨਾ ਵੱਡਾ ਸਨਮਾਨ ਹੈ ਇਹ
ਗੁਰੂ ਨਾਨਕ ਦਾ ਸਿੱਖ ਹੋਣਾ
ਲੈਨਿਨ ਦਾ ਸਿਪਾਹੀ ਹੋਣਾ।
(18 ਨਵੰਬਰ 1983
''ਜਦੋਂ ਅਸੀਂ ਆਵਾਂਗੇ'' ਵਿਚੋ)
ਅੰਜੇਲਾ
(ਇਕ ਪ੍ਰਸਿਧ ਨੀਗਰੋ ਦੇਸ਼ ਭਗਤ ਲੜਕੀ ਜਿਸ ਨੂੰ ਅਮਰੀਕੀ ਸਾਮਰਾਜੀ ਖ਼ਤਮ ਕਰ ਦੇਣਾ ਚਾਹੁੰਦੇ ਸਨ।)
ਇਕ ਬੁਲਬੁਲਚਿੱਟੇ ਘਰ ਦੀ ਕੰਧ ਉਤੇ ਬੈਠੀ
ਤੇ ਲਾਲ ਗੀਤ ਗਾਉਣ ਲਗੀ :
ਹਾਂ, ਮੈਂ ਸਿਪਾਹੀ ਹਾਂ
ਮੈਂ ਲਾਲ ਝੰਡੇ ਵਾਲੀ ਹਾਂ
ਮੈਂ ਸੰਗਲਾਂ ਨੂੰ ਕੱਟਾਂਗੀ
ਮੈਂ ਜੇਲ਼ਖ਼ਾਨੇ ਤੋੜਾਂਗੀ
ਮੈਂ ਲੜਾਂਗੀ
ਮੈਂ ਜੂਝਾਂਗੀ
ਮੈਂ ਸਾਰਾ ਤਾਣ ਲਾਵਾਂਗੀ
ਮੈਂ ਕਾਲੇ ਅਤੇ ਗੋਰੇ ਦੀ
ਤਹਿਜ਼ੀਬ ਨੂੰ ਮਿਟਾਵਾਂਗੀ।
ਮੈਂ ਡਾਲ ਡਾਲ ਉੱਡਾਂਗੀ
ਮੈਂ ਪੱਤੇ ਪੱਤੇ ਜਾਵਾਂਗੀ
ਮੈਂ ਮੁਰਦਿਆਂ ਨੂੰ ਝੂਣਾਂਗੀ
ਮੈਂ ਮਿੱਟੀ ਨੂੰ ਜਗਾਵਾਂਗੀ
ਮੈਂ ਲਾਲ ਝੰਡੇ ਵਾਲੀ ਹਾਂ
ਮੈਂ ਲਾਲ ਗੀਤ ਗਾਵਾਂਗੀ।
ਚਿੱਟੇ ਘਰ ਦੀ ਕੰਧ ਉਤੇ
ਮੱਸਿਆ ਦੀ ਰਾਤ ਛਾਈ
''ਲਾਲ ਗੀਤ! ਲਾਲ ਝੰਡਾ!''
ਬਾਜ਼ਾਂ ਨੂੰ ਤਰੇਲੀ ਆਈ
(''ਸੰਜੀਵਨੀ'' ਵਿਚੋਂ
28 ਨਵੰਬਰ 1971)
ਉਠੋ ਕਾਮਰੇਡ!
ਉਠੋ ਕਾਮਰੇਡ !ਛੱਡੋ ਹੁਣ ਹਾਸ਼ੀਏ ਨੂੰ
ਯੁੱਧ ਦੇ ਮੈਦਾਨ ਵਿਚ ਆਈਏ,
ਲਹੂ ਨਾਲ ਭਿੱਜਿਆ
ਸ਼ਿਕਾਗੋ ਵਾਲਾ ਝੰਡਾ
ਲੰਘ ਗਈ ਸਦੀ ਦੇ
ਪੰਜਾਹਵਿਆਂ ਦੇ ਦਿਨਾਂ ਵਾਂਗ
ਸਾਈਕਲਾਂ ਦੇ ਅੱਗੇ ਲਹਿਰਾਈਏ,
ਕੱਖਾਂ ਦੀਆਂ ਕੁੱਲੀਆਂ ਨੂੰ
ਢਾਰਿਆਂ ਤੇ ਝੁੱਗੀਆਂ ਨੂੰ
ਸਮੇਂ ਦਾ ਸੁਨੇਹਾ ਦੇਣ ਜਾਈਏ।
ਉਠੋ ਕਾਮਰੇਡ !
ਗਗਨ ਦਾ ਦਮਾਮਾ ਵੱਜੇ
ਯੁੱਧ ਦੇ ਮੈਦਾਨ ਨੂੰ ਭਖਾਈਏ,
ਗਗਨ ਦਾ ਦਮਾਮਾ ਸਾਨੂੰ
ਆਖਦਾ ਏ ਜੂਝਣੇ ਨੂੰ
ਲੋਹ-ਕੋਟ ਤਨ 'ਤੇ ਸਜਾਈਏ,
ਸਮੇਂ ਨੂੰ ਨਕੇਲ ਪਾ ਕੇ
ਵਾਗਾਂ ਹੱਥ ਸਾਂਭੀਏ
ਧਰਤੀ ਦੇ ਰਿਣ ਨੂੰ ਚੁਕਾਈਏ।
ਉਠੋ ਕਾਮਰੇਡ !
ਅੱਗ ਨੂੰ ਟਟੋਲੀਏ
ਸੁੱਤੀ ਪਈ ਕਲਾ ਨੂੰ ਜਗਾਈਏ,
ਬਬਰਾਂ ਦੀ ਚਾਲ ਨਾਲ
ਝੂਮ-ਝੂਮ ਚੱਲੀਏ
ਯੋਧਿਆਂ ਦੀ ਸ਼ਾਨ ਉਚਿਆਈਏ,
ਭਖਿਆ ਮੈਦਾਨ ਸਾਨੂੰ
ਵਾਜਾਂ ਪਿਆ ਮਾਰਦਾ
ਫ਼ੈਸਲੇ ਦੀ ਘੜੀ ਨਾ ਖੁੰਝਾਈਏ।
ਯੁੱਧ ਦੇ ਮੈਦਾਨ ਵਿਚ ਆਈਏ।
(31 ਮਈ, 2004
''ਝੱਖੜ ਝੁੱਲਣ'' ਵਿਚੋਂ)
No comments:
Post a Comment